ਅਮਨਪ੍ਰੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਅਣਉਪਜਾਊ ਮਿੱਟੀ ਵਿੱਚ ਕਿੰਨੂੰ ਦਾ ਸਫਲ ਬਾਗ਼ ਲਗਾ ਕੇ ਕਾਮਯਾਬ ਹੋਇਆ ਇਹ ਅਗਾਂਹਵਧੂ ਕਿਸਾਨ

ਜੇਕਰ ਦੇਖਿਆ ਜਾਵੇ ਤਾਂ ਖੇਤੀ ਵੀ ਇੱਕ ਕਿਤਾਬ ਹੀ ਹੈ ਜਿਸ ਦੇ ਹਰ ਇੱਕ ਪੰਨੇ ‘ਤੇ ਕੁਝ ਨਾ ਕੁਝ ਨਵਾਂ ਪੜ੍ਹਨ ਨੂੰ ਮਿਲਦਾ ਹੈ, ਇਹ ਕਿਤਾਬ ਕੋਈ ਛੋਟੀ-ਮੋਟੀ ਨਹੀਂ ਬਲਕਿ ਬਹੁਤ ਵਿਸ਼ਾਲ ਹੈ ਜਿਸ ਵਿੱਚ ਬਹੁਤ ਸਾਰਾ ਗਿਆਨ ਛਪਿਆ ਹੋਇਆ ਹੈ, ਪਰ ਇਹ ਗਿਆਨ ਸਿਰਫ ਉਸ ਦੇ ਹੀ ਪੱਲੇ ਪੈਂਦਾ ਹੈ ਜੋ ਖੇਤੀ ਦੇ ਹਰ ਇੱਕ ਪਹਿਲੂ ਬਾਰੇ ਚੰਗੀ ਤਰ੍ਹਾਂ ਜਾਣਦਾ ਹੋਵੇ।

ਇਹ ਕਹਾਣੀ ਇੱਕ ਅਜਿਹੇ ਇਨਸਾਨ ਦੀ ਹੈ ਜਿਸ ਨੇ ਰਵਾਇਤੀ ਖੇਤੀ ਦੀ ਕਿਤਾਬ ਨੂੰ ਨਾ ਅਪਣਾਉਂਦੇ ਹੋਏ ਅਜਿਹੀ ਖੇਤੀ ਨੂੰ ਅਪਣਾਇਆ ਜੋ ਕਿ ਲੋਕਾਂ ਵਿੱਚ ਆਮ ਪ੍ਰਚਲਿਤ ਸੀ ਪਰ ਕਿਸੇ ਨੂੰ ਖੇਤੀ ਕਰਨ ਦੇ ਢੰਗਾਂ ਬਾਰੇ ਜਾਣਕਾਰੀ ਨਹੀਂ ਸੀ, ਜਿਨ੍ਹਾਂ ਦਾ ਨਾਮ ਅਮਨਪ੍ਰੀਤ ਸਿੰਘ ਜੋ ਫਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਿਨ੍ਹਾਂ ਹਮੇਸ਼ਾਂ ਹੀ ਕੁੱਝ ਨਾ ਕੁਝ ਵੱਖਰਾ ਕਰਨ ਬਾਰੇ ਸੋਚਿਆ ਅਤੇ ਕਾਮਯਾਬ ਵੀ ਹੋਏ।

ਸਾਲ 2001 ਵਿੱਚ ਇੰਜੀਨੀਅਰਇੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਚੰਡੀਗੜ੍ਹ ਵਿਖੇ ਵਿੱਚ ਇੱਕ ਪ੍ਰਾਈਵੇਟ ਅਦਾਰੇ ਵਿੱਚ ਨੌਕਰੀ ਕਰਨ ਲੱਗ ਗਏ, ਪਰ ਥੋੜਾ ਸਮਾਂ ਹੀ ਕੰਪਨੀ ਵਿੱਚ ਕੰਮ ਕੀਤਾ ਅਤੇ ਉਸ ਤੋਂ ਬਾਅਦ ਕੰਪਨੀ ਛੱਡਣ ਦਾ ਫੈਸਲਾ ਕਰ ਲਿਆ ਕਿਉਂਕਿ ਤਨਖਾਹ ਬਹੁਤ ਘੱਟ ਮਿਲ ਰਹੀ ਸੀ ਜਿਸ ਨਾਲ ਆਪਣਾ ਖਰਚਾ ਹੀ ਬਹੁਤ ਮੁਸ਼ਕਿਲ ਨਾਲ ਪੂਰਾ ਹੋ ਰਿਹਾ ਸੀ। ਇਸ ਤੋਂ ਵਧੀਆ ਘਰ ਖੇਤੀ ਕਰਕੇ ਹੀ ਜ਼ਿਆਦਾ ਪੈਸੇ ਹੀ ਕਮਾ ਲਵਾਂਗਾ। ਇਸ ਸੋਚ ਨੂੰ ਅਪਣਾਉਂਦੇ ਹੋਏ ਅਗਲੀ ਹੀ ਸਵੇਰ ਪਹਿਲੀ ਬੱਸ ਫੜ ਕੇ ਘਰ ਫਰੀਦਕੋਟ ਆ ਗਏ ਅਤੇ ਪਰਿਵਾਰ ਵਾਲਿਆਂ ਨੂੰ ਨੌਕਰੀ ਛੱਡਣ ਦਾ ਕਾਰਨ ਦੱਸਿਆ।

ਵੈਸੇ ਤਾਂ ਅਮਨਪ੍ਰੀਤ ਕੋਲ 55 ਏਕੜ ਜ਼ਮੀਨ ਹੈ ਜਿਸ ਉੱਤੇ ਪੁਰਾਣੇ ਸਮੇਂ ਤੋਂ ਹੀ ਪਰਿਵਾਰ ਵਾਲੇ ਇਕੱਲੀ ਰਵਾਇਤੀ ਖੇਤੀ ਨੂੰ ਮਹੱਤਤਾ ਦੇ ਰਹੇ ਸਨ, ਪਰ ਇਹ ਗੱਲ ਪਸੰਦ ਨਾ ਆਈ ਅਤੇ ਸੋਚਿਆ ਕੀ ਘਰ ਰਵਾਇਤੀ ਖੇਤੀ ਕਰਨ ਆਇਆ ਸੀ? ਕੀ ਰਵਾਇਤੀ ਖੇਤੀ ਕਰਨਾ ਹੀ ਰਿਵਾਜ਼ ਹੈ? ਕੀ ਇਸਨੂੰ ਬਦਲਿਆ ਨਹੀਂ ਜਾ ਸਕਦਾ? ਇਹ ਸਾਰੇ ਸਵਾਲ ਉਸਦੇ ਮਨ ਵੱਲੋਂ ਅਮਨਪ੍ਰੀਤ ਨੂੰ ਪੁੱਛ ਰਹੇ ਸਨ ਜਿਸ ਦਾ ਸਿੱਟਾ ਜਦੋਂ ਇਸ ਬਾਰੇ ਡੂੰਘਾਈ ਵਿੱਚ ਸੋਚਣ ਲੱਗੇ ਤਾਂ ਉਨ੍ਹਾਂ ਦਾ ਅੰਦਰ ਜੋਸ਼ ਨਾਲ ਭਰ ਗਿਆ।

ਇਹ ਸਭ ਦੇਖਦੇ ਹੋਏ, ਅਮਨਪ੍ਰੀਤ ਨੇ ਸੋਚਿਆ ਜੋ ਮਰਜ਼ੀ ਹੋ ਜਾਏ ਪਰ ਰਵਾਇਤੀ ਖੇਤੀ ਤੋਂ ਇੱਕ ਨਾ ਇੱਕ ਦਿਨ ਜ਼ਰੂਰ ਪਿੱਛੇ ਹੱਟ ਕੇ ਰਹਿਣਾ ਹੈ। ਉਸਦੇ ਦਿਮਾਗ ਵਿੱਚ ਹੀ ਇਹੀ ਚੱਲਦਾ ਰਹਿੰਦਾ ਸੀ ਜੋ ਬਚਪਨ ਵਿੱਚ ਦੇਖਿਆ ਸੀ ਕਿ ਨਾਨਕੇ ਪਿੰਡ ਕਿੰਨੂੰ ਦੇ ਬਹੁਤਾਤ ਮਾਤਰਾ ਵਿੱਚ ਬਾਗ ਲਗਾਏ ਜਾਂਦੇ ਸਨ ਤਾਂ ਮਨ ਵਿੱਚ ਇਹ ਗੱਲ ਰੜਕਦੀ ਰਹਿੰਦੀ ਸੀ ਕਿ ਇੰਨੀ ਸਾਰੀ ਜ਼ਮੀਨ ਹੈ ਇਸ ਦਾ ਕੀ ਕਰਨਾ ਹੈ ਕਿਉਂ ਨਾ ਪਹਿਲਾ ਛੋਟੇ ਪੱਧਰ ‘ਤੇ ਕਿੰਨੂੰ ਦਾ ਬਾਗ ਲਗਾਇਆ ਜਾਵੇ, ਜਿਸ ਬਾਰੇ ਪਹਿਲਾ ਹੀ ਬਹੁਤ ਰਿਸਰਚ ਕੀਤੀ ਹੋਈ ਸੀ।

ਬਾਗ ਲਗਾਉਣ ਤੋਂ ਪਹਿਲਾ ਖੇਤ ਦੀ ਮਿੱਟੀ ਦੀ ਮਿੱਟੀ ਵਿਭਾਗ ਵਿਖੇ ਜਾਂਚ ਕਰਵਾਈ ਅਤੇ ਜਾਂਚ ਕਰਨ ਉਪਰੰਤ ਮਿੱਟੀ ਵਿਭਾਗ ਵਾਲਿਆਂ ਨੇ ਕਿਹਾ ਕਿ ਤੂੰ ਖੇਤ ਵਿੱਚ ਬਾਗ ਨਹੀਂ ਲਗਾ ਸਕਦਾ ਜੋ ਕਿ ਬਹੁਤ ਵੱਡੀ ਗੱਲ ਸੀ ਜਿਸ ਨਾਲ ਅਮਨਪ੍ਰੀਤ ਨੂੰ ਇੱਕ ਤਰ੍ਹਾਂ ਖੁੱਲੀਆਂ ਅੱਖਾਂ ਨਾਲ ਦੇਖਿਆ ਸੁਪਨਾ ਹੌਲੀ-ਹੌਲੀ ਟੁੱਟਦਾ ਨਜ਼ਰ ਆ ਰਿਹਾ ਸੀ। ਚਿਹਰੇ ‘ਤੇ ਉਦਾਸੀ ਲੈ ਕੇ ਘਰ ਪਰਤ ਆਏ ਅਤੇ ਇੱਕ ਜਗ੍ਹਾ ਬੈਠ ਕੇ ਸੋਚਣ ਲੱਗੇ ਕਿ ਇਹ ਕੀ ਹੋ ਗਿਆ, ਕੀ ਉਸਦਾ ਕੋਈ ਹੋਰ ਹੱਲ ਨਹੀਂ ਹੋ ਸਕਦਾ?

ਦਿਮਾਗ ਵਿੱਚ ਲਗਾਤਾਰ ਇਹ ਗੱਲ ਇਸ ਤਰ੍ਹਾਂ ਘੁਣ ਵਾਂਗੂ ਖਾਈ ਜਾ ਰਹੀ ਸੀ ਪਰ ਬਹੁਤ ਸੋਚਣ ਉਪਰੰਤ ਕੋਈ ਹੱਲ ਨਹੀਂ ਮਿਲ ਪਾ ਰਿਹਾ ਸੀ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਸੋਚ ਲਿਆ ਕਿ ਜੇਕਰ ਕਿੰਨੂੰ ਦਾ ਬਾਗ ਲਗਾਉਣਾ ਹੈ ਤਾਂ ਇਹੀ ਮਿੱਟੀ ਅਤੇ ਇਸ ਖੇਤ ਵਿੱਚੋਂ ਹੀ ਸਫਲ ਹੋ ਕੇ ਦਿਖਾਉਣਾ ਹੈ। ਸਮਾਂ ਨਾ ਵਿਅਰਥ ਕਰਦੇ ਹੋਏ ਅਗਲੀ ਹੀ ਸਵੇਰ 4 ਏਕੜ ਦੇ ਵਿੱਚ ਛੋਟੇ ਪੱਧਰ ‘ਤੇ ਬਾਗ ਲਗਾਉਣ ਦਾ ਫੈਸਲਾ ਕਰ ਲਿਆ।

ਬਾਗ ਲਗਾਉਣ ਤੋਂ ਪਹਿਲਾ ਉਹਨਾਂ ਨੇ ਉਸ ਸਮੇਂ ਤੁਪਕਾ ਸਿੰਚਾਈ ਵਿਧੀ ਅਪਣਾਈ ਜੋ ਕਿ ਕਿਸੇ-ਕਿਸੇ ਨੂੰ ਹੀ ਪਤਾ ਸੀ ਅਤੇ ਬਾਗਾਂ ਦੇ ਵਿੱਚ ਕੋਈ ਵਿਰਲਾ ਹੀ ਇਸ ਵਿਧੀ ਨੂੰ ਅਪਣਾਉਂਦਾ ਸੀ, ਵਿਧੀ ਅਪਣਾਉਣ ਇਕੱਲਿਆਂ ਨੇ ਖੇਤਾਂ ਵਿੱਚ 5-5 ਫੁੱਟ ਡੂੰਘੇ ਟੋਏ ਪੁੱਟ ਕੇ ਤੁਪਕਾ ਸਿੰਚਾਈ ਦਾ ਸਿਸਟਮ ਲਗਾਇਆ ਅਤੇ ਮੋਟਰ ਦੇ ਕੁਨੈਕਸ਼ਨ ਲਈ ਸੋਲਰ ਪੰਪ ਅਤੇ ਪਾਣੀ ਇਕੱਠਾ ਕਰਨ ਲਈ ਤਾਲਾਬ ਬਣਾਇਆ ਜੋ ਕਿ ਬਾਗ ਲਈ ਸਭ ਤੋਂ ਮਹੱਤਵਪੂਰਨ ਪਹਿਲੂ ਹਨ। ਜਿਸ ਵਿੱਚ ਖਰਚਾ ਬਹੁਤ ਆਇਆ ਪਰ ਖਰਚੇ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਲੋਕਾਂ ਨੂੰ ਸਾਬਿਤ ਕਰਕੇ ਦਿਖਾਉਣਾ ਸੀ।

ਫਿਰ ਉਹਨਾਂ ਨੇ ਕਿੰਨੂੰ ਦਾ ਬਾਗ ਲਗਾ ਦਿੱਤਾ ਅਤੇ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀਆਂ ਹਦਾਇਤਾਂ ਮੁਤਾਬਿਕ ਹੀ ਖਾਦਾਂ ਅਤੇ ਸਪਰੇਆਂ ਨੂੰ ਵਰਤੋਂ ਵਿੱਚ ਲੈ ਕੇ ਆਏ ਅਤੇ ਜਦੋਂ ਤੱਕ ਫਲ ਪੱਕ ਕੇ ਤਿਆਰ ਨਹੀਂ ਹੋਇਆ ਉਦੋਂ ਤੱਕ ਉਹ ਖੇਤਾਂ ਵਿੱਚ ਲਗਾਤਾਰ ਮਿਹਨਤ ਉੱਤੇ ਡੱਟੇ ਰਹਿੰਦੇ ਅਤੇ ਹਰ ਇੱਕ ਚੀਜ਼ ਦਾ ਖੁਦ ਆਪਣੇ ਪੱਧਰ ‘ਤੇ ਜਾ ਕੇ ਧਿਆਨ ਰੱਖਦੇ, ਬਸ ਫਿਰ ਕੀ ਸੀ ਮਿਹਨਤ ਨੂੰ ਰੰਗ ਲੱਗਣ ਵਾਲਾ ਸੀ, ਜਦੋਂ ਫਲ ਪੱਕ ਕੇ ਤਿਆਰ ਹੋਇਆ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਸਫਲ ਤਾਂ ਉਹ ਹੋ ਗਏ ਜੋ ਕਿਹਾ ਸੀ ਕਰ ਕੇ ਦਿਖਾ ਦਿੱਤਾ, ਪਰ ਸਫਲਤਾ ਪੂਰੀ ਤਰ੍ਹਾਂ ਹਲੇ ਵੀ ਝੋਲੀ ਨਹੀਂ ਪਈ ਸੀ।

2004 ਵਿੱਚ ਜਦੋਂ ਫਲ ਪੱਕਿਆ ਤਾਂ ਸਭ ਤੋਂ ਪਹਿਲਾ ਮੰਡੀ ਲੈ ਕੇ ਗਏ ਤੇ ਆੜ੍ਹਤੀਏ ਨੂੰ ਫਲ ਵੇਚ ਕੇ ਆਏ ਉੱਥੋਂ ਮੁਨਾਫ਼ਾ ਤਾਂ ਹੋਇਆ ਪਰ ਉਸ ਸਮੇਂ ਉਹ ਖੁਸ਼ ਵੀ ਸਨ ਕਿਉਂਕਿ ਕਣਕ ਝੋਨੇ ਨਾਲੋਂ ਵਧੀਆ ਹੀ ਸੀ ਅਤੇ ਜੋ ਕਿ ਪਹਿਲੀ ਆਮਦਨ ਵੀ ਸੀ, ਇਸ ਤਰ੍ਹਾਂ ਹੌਲੀ-ਹੋਲੀ ਕਰਦੇ ਬਾਗ ਨੂੰ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਵਿਖੇ ਠੇਕੇ ‘ਤੇ ਦੇਣਾ ਸ਼ੁਰੂ ਕਰ ਦਿੱਤਾ ਅਤੇ ਮੁਨਾਫ਼ਾ ਕਮਾਉਣ ਲੱਗੇ। ਇਸ ਤਰ੍ਹਾਂ ਠੇਕੇ ਉੱਤੇ ਕਰਦਿਆਂ ਇਹ 2005 ਤੋਂ ਲੈ ਕੇ 2020 ਤੱਕ ਲਗਾਤਾਰ ਬਿਨਾ ਕਿਸੇ ਰੁਕਾਵਟ ਤੋਂ ਚੱਲਦਾ ਰਿਹਾ ਅਤੇ ਨਾਲ ਹੀ ਬਾਗ ਨੂੰ ਹੌਲੀ-ਹੌਲੀ ਕਰਦੇ ਵਧਾਉਂਦੇ ਗਏ।

ਇੱਕ ਦਿਨ ਉਹ ਬੈਠੇ ਸਨ ਤੇ ਸੋਚਣ ਲੱਗੇ ਕਿ ਕਿੰਨੂੰ ਤਾਂ ਬਹੁਤ ਵੱਡੇ ਪੱਧਰ ‘ਤੇ ਵਿਕ ਰਿਹਾ ਹੈ ਪਰ ਮੁਨਾਫ਼ਾ ਕਿਉਂ ਘੱਟ ਹੋ ਰਿਹਾ ਹੈ, ਇਸ ਉੱਤੇ ਫਿਰ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਵਾਰ ਜਦੋਂ ਕਿੰਨੂੰ ਮੰਡੀਕਰਨ ਦੇ ਲਈ ਗਿਆ ਤਾਂ ਕੀ ਦੇਖਦੇ ਹਨ ਕਿ ਆੜ੍ਹਤੀਏ 10 ਰੁਪਏ ਵਿੱਚ ਕਿੰਨੂੰ ਲੈ ਕੇ ਅੱਗੇ ਰੇੜੀਆਂ ‘ਤੇ 25 ਅਤੇ 30 ਰੁਪਏ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ।

ਫਿਰ ਕੀ ਉਹਨਾਂ ਨੇ ਸੋਚਿਆ ਕਿ ਮੰਡੀ ਵਿੱਚ ਕਿੰਨੂੰ ਦੀ ਮਾਰਕੀਟਿੰਗ ਕਰਨ ਦੀ ਬਜਾਏ ਕਿਉਂ ਨਾ ਸਿੱਧੇ ਤੌਰ ‘ਤੇ ਖੁਦ ਹੀ ਟਰਾਲੀ ਵਿੱਚ ਪਾ ਕੇ ਕਿੰਨੂੰ ਨੂੰ ਵੇਚਿਆ ਜਾਵੇ ਅਤੇ ਕਿੰਨੂੰ ਵੇਚਣ ਦੇ ਥਾਂ ਨਿਸ਼ਚਿਤ ਕੀਤੇ। ਸਭ ਤੋਂ ਪਹਿਲਾਂ ਉਹਨਾਂ ਨੇ ਫਰੀਦਕੋਟ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਅਤੇ ਸਭ ਤੋਂ ਪਹਿਲਾਂ ਇੱਕ ਪੋਸਟਰ ਛਪਵਾਇਆ ਜਿਸ ਵਿੱਚ ਸਲੋਗਨ ਲਿਖਿਆ ਹੋਇਆ ਹੈ ਜੋ ਇਸ ਤਰ੍ਹਾਂ ਹੈ

ਸਿੱਧਾ ਸਾਡੇ ਬਾਗ ਤੋਂ ਤੁਹਾਡੇ ਘਰ ਤੱਕ

ਸਲੋਗਨ ਲਿਖਵਾਉਣ ਇਹ ਮੰਤਵ ਸੀ ਕਿ ਕਿਸੇ ਗ੍ਰਾਹਕ ਨੂੰ ਇਹ ਨਾ ਲੱਗੇ ਕਿ ਇਹ ਮੰਡੀ ਚੁੱਕ ਕੇ ਕਿੰਨੂੰ ਸਾਡੇ ਕੋਲ ਵੇਚੀ ਜਾ ਰਿਹਾ ਹੈ ਜਦੋਂ ਕਿ ਉਹ ਸਿੱਧਾ ਹੀ ਕਿੰਨੂੰ ਖੇਤੋਂ ਲਿਆ ਰਹੇ ਸਨ।

ਇਸ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਸਲੋਗਨ ਜਿਸ ਵਿੱਚ ਦੱਸਿਆ ਹੈ ਕਿ ਉਹ ਯੂਨੀਵਰਸਿਟੀ ਦੇ ਹਦਾਇਤਾਂ ਮੁਤਾਬਿਕ ਹੀ ਸਪਰੇਅ ਅਤੇ ਖਾਦਾਂ ਦੀ ਵਰਤੋਂ ਕਰਦੇ ਹਨ ਅਤੇ ਆਰਗੈਨਿਕ ਦਾ ਝੂਠਾ ਰੌਲਾ ਨਹੀਂ ਪਾਉਂਦੇ ਕਿ ਕਿੰਨੂੰ ਵਿਕ ਜਾਵੇ ਜੋ ਇਸ ਪ੍ਰਕਾਰ ਹੈ-

ਅਪ੍ਰੈਲ ਬਾਅਦ ਕੋਈ ਖਾਦ ਨਹੀਂ

ਸਤੰਬਰ ਬਾਅਦ ਕੋਈ ਸਪਰੇਅ ਨਹੀਂ

ਜਦੋਂ ਉਹਨਾਂ ਨੇ ਇਸ ਤਰ੍ਹਾਂ ਕਿੰਨੂੰ ਵੇਚਣਾ ਸ਼ੁਰੂ ਕੀਤਾ ਤਾਂ ਪਹਿਲਾ ਲੋਕਾਂ ਨੇ ਬਹੁਤ ਮਜ਼ਾਕ ਉਡਾਇਆ ਤੂੰ ਇਹ ਕੀ ਕਰਨ ਲੱਗ ਗਿਆ, ਤਾਂ ਅੱਗੋਂ ਅਮਨਪ੍ਰੀਤ ਦਾ ਕਹਿਣਾ ਸੀ

ਜੇਕਰ ਬੰਦਾ ਕੰਮ ਕਰਨ ਵਿੱਚ ਸ਼ਰਮ ਕਰਨ ਲੱਗ ਜਾਵੇਗਾ ਤਾਂ ਉਹ ਕੀ ਕਮਾਵੇਗਾ ਤੇ ਖਾਵੇਗਾ

ਜਿਨ੍ਹਾਂ ਦੀ ਇਸ ਗੱਲ ਨੇ ਬਹੁਤ ਸਾਰੇ ਲੋਕਾਂ ਨੂੰ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹ ਇਸ ਤਰ੍ਹਾਂ ਟਰਾਲੀ ਵਿੱਚ ਕਿੰਨੂੰ ਰੱਖ ਕੇ ਮਾਰਕੀਟਿੰਗ ਕਰਨ ਲੱਗੇ ਜਿਸ ਨਾਲ ਪਹਿਲੇ ਹੀ ਦਿਨ ਜਿਸ ਗੱਲ ਦੀ ਆਸ ਵੀ ਨਹੀਂ ਸੀ ਉਹ ਗੱਲ ਹੋ ਗਈ, ਉਹਨਾਂ ਦਾ ਕਿੰਨੂੰ ਲੋਕਾਂ ਨੂੰ ਇੰਨਾ ਜ਼ਿਆਦਾ ਪਸੰਦ ਆਇਆ ਕਿ ਭਰੀ ਹੋਈ ਟਰਾਲੀ ਸ਼ਾਮ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈ ਅਤੇ ਉਹ ਬਹੁਤ ਖੁਸ਼ ਹੋਏ।

ਫਿਰ ਉਹਨਾਂ ਨੇ ਅਗਲੇ ਦਿਨ ਕਿੰਨੂੰ ਟਰਾਲੀ ਦੇ ਵਿੱਚ ਰੱਖ ਕੇ ਲੈ ਗਏ ਤੇ ਕੀ ਦੇਖਦੇ ਹਨ ਕਿ ਉਹਨਾਂ ਦੇ ਗ੍ਰਾਹਕ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਉਸ ਦਿਨ ਵੀ ਉਸ ਤਰ੍ਹਾਂ ਹੀ ਹੋਇਆ ਅਤੇ ਹੌਲੀ-ਹੌਲੀ ਸਿੱਧੇ ਤੌਰ ‘ਤੇ ਮਾਰਕੀਟਿੰਗ ਕਰਨ ਦੇ ਕੁਝ ਸਥਾਨ ਨਿਸ਼ਚਿਤ ਕਰ ਲਏ ਅਤੇ ਉੱਥੇ ਜਾ ਕੇ ਕਿੰਨੂੰ ਦਾ ਮੰਡੀਕਰਨ ਕਰਦੇ ਹਨ।

ਅੱਜ ਮੰਡੀਕਰਨ ਦਾ ਪ੍ਰਸਾਰ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਜਦੋਂ ਆਪਣੇ ਸਮੇਂ ਉੱਤੇ ਘਰ ਕਿੰਨੂੰ ਵੇਚ ਕੇ ਵਾਪਿਸ ਆਉਂਦੇ ਹਨ ਤਾਂ ਲੋਕ ਰਾਸਤੇ ਵਿੱਚ ਰੋਕ ਕੇ ਕਿੰਨੂੰ ਦੀ ਮੰਗ ਕਰਦੇ ਹਨ। ਜਿਸ ਨਾਲ ਅੱਜ ਉਹ ਚੰਗਾ ਮੁਨਾਫ਼ਾ ਕਮਾ ਰਹੇ ਹਨ। ਜਿਸ ਦੀ ਮੰਗ ਵੱਡੇ-ਵੱਡੇ ਸ਼ਹਿਰ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ ਵਿਖੇ ਬਹੁਤ ਹੀ ਵੱਡੇ ਪੱਧਰ ਉੱਤੇ ਹੈ ਅਤੇ ਅੱਜ ਉਹ ਖੁਸ਼ ਵੀ ਹਨ ਜਿਨ੍ਹਾਂ ਨੇ ਕਿਹਾ ਸੀ ਕਿ ਤੂੰ ਉਸ ਜ਼ਮੀਨ ਉੱਤੇ ਬਾਗ ਨਹੀਂ ਲਗਾ ਸਕਦਾ ਉਸ ਵਿੱਚ ਵੱਡੇ ਪੱਧਰ ‘ਤੇ ਬਾਗ ਲਗਾ ਕੇ ਸਫਲਤਾ ਹਾਸਿਲ ਕੀਤੀ।

ਇਸ ਤਰ੍ਹਾਂ 2020 ਦੇ ਵਿੱਚ ਉਹ ਕਾਮਯਾਬ ਹੋਏ ਜਿੱਥੇ ਮੁਨਾਫ਼ਾ ਕਮਾ ਰਹੇ ਹਨ।

ਇਸ ਦੇ ਨਾਲ ਉਨ੍ਹਾਂ ਨੂੰ 2018 ਦੇ ਵਿੱਚ ਸਰਦਾਰ ਸਵਰਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਜੋ ਕਿ ਸਰਦਾਰ ਬਲਦੇਵ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ (VC) ਵੱਲੋਂ ਜ਼ਿਲ੍ਹੇ ਦੇ ਵਿੱਚ ਘੱਟ ਏਕੜ ਵਿੱਚ ਜਿਆਦਾ ਮੁਨਾਫ਼ਾ ਕਮਾਉਣ ਵਜੋਂ ਨਿਵਾਜਿਆ ਗਿਆ ਸੀ।

ਇਸ ਦੇ ਨਾਲ ਉਹਨਾਂ ਨੇ ਇਕ ਹੋਰ ਕੰਮ ਵਿਚ ਸਫਲਤਾ ਹਾਸਿਲ ਕੀਤੀ ਹੈ, 2020 ਵਿੱਚ ਉਹਨਾਂ ਨੇ ਜਦੋਂ ਕਿੰਨੂੰ ਨੂੰ ਟਰਾਲੀ ਦੇ ਵਿੱਚ ਰੱਖ ਕੇ ਲੈ ਕੇ ਜਾਣਾ ਸ਼ੁਰੂ ਕੀਤਾ ਸੀ ਤਾਂ ਘਰ ਉਸ ਸਾਲ ਮੱਕੀ ਹੋਈ ਸੀ ਤਾਂ ਉਸ ਦਾ ਆਟਾ ਪੀਸਾ ਕੇ ਟਰਾਲੀ ਦੇ ਵਿੱਚ ਰੱਖ ਲਿਆ ਅਤੇ ਉਹ ਵੀ ਨਾਲ ਨਾਲ ਵੇਚਣ ਲੱਗੇ।

ਭਵਿੱਖ ਦੀ ਯੋਜਨਾ

ਉਹ ਰਵਾਇਤੀ ਖੇਤੀ ਤੋਂ ਪੂਰੀ ਤਰ੍ਹਾਂ ਪਿੱਛਾ ਛੁਡਾ ਕੇ ਪੂਰੀ ਜ਼ਮੀਨ ਦੇ ਵਿੱਚ ਜੋ ਕਿ ਉਨ੍ਹਾਂ ਕੋਲ ਪੰਜਾਬ ਅਤੇ ਰਾਜਸਥਾਨ ਵਿਖੇ ਹੈ, ਹੋਰ ਵੱਡੇ ਪੱਧਰ ਉੱਤੇ ਬਾਗ ਲਗਾਉਣਾ ਚਾਹੁੰਦੇ ਹਨ।

ਸੰਦੇਸ਼

ਹਰ ਇੱਕ ਕਿਸਾਨ ਨੂੰ ਚਾਹੀਦਾ ਹੈ ਜੇਕਰ ਉਹ ਖੇਤੀ ਕਰ ਕਰਦਾ ਹੈ ਤਾਂ ਉਸਨੂੰ ਖੁਦ ਹੀ ਆਪਣੇ ਪੱਧਰ ‘ਤੇ ਸਿੱਧੇ ਤੌਰ ਉੱਤੇ ਜਾ ਕੇ ਮਾਰਕੀਟਿੰਗ ਕਰਨੀ ਚਾਹੀਦੀ ਹੈ, ਤਾਂ ਹੀ ਇੱਕ ਕਿਸਾਨ ਆਪਣੀ ਫਸਲ ਦਾ ਸਹੀ ਮੁੱਲ ਪ੍ਰਾਪਤ ਕਰ ਸਕਦਾ ਹੈ।