ਰਸ਼ਪਾਲ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹਾ ਕਿਸਾਨ ਜਿਸ ਦੀ ਮਸ਼ਰੂਮ ਨੇ ਕਿਸਮਤ ਤਾਂ ਬਦਲੀ ਅਤੇ ਮੰਜ਼ਿਲਾਂ ਦੇ ਰਾਹ ਉੱਤੇ ਵੀ ਪਹੁੰਚਾਇਆ

ਖੇਤੀ ਉਹ ਨਹੀਂ ਜੋ ਅਸੀਂ ਖੇਤਾਂ ਦੇ ਵਿੱਚ ਜਾ ਕੇ ਹਲ ਨਾਲ ਖੇਤ ਦੀ ਵਹਾਈ, ਬੀਜ, ਪਾਣੀ ਲਗਾਉਣ ਤੋਂ ਬਾਅਦ ਵਿੱਚ ਫਸਲ ਪੱਕਣ ‘ਤੇ ਵੱਢਦੇ ਹਨ, ਪਰ ਹਰ ਇੱਕ ਦੇ ਮਨ ਵਿੱਚ ਖੇਤੀ ਨੂੰ ਲੈ ਕੇ ਇਹੀ ਵਿਚਾਰਧਾਰਾ ਬਣੀ ਹੋਈ ਹੈ, ਪਰ ਖੇਤੀ ਵਿੱਚ ਹੋਰ ਬਹੁਤ ਤਰ੍ਹਾਂ ਦੀ ਖੇਤੀ ਆ ਜਾਂਦੀ ਹੈ ਜੋ ਕਿ ਖੇਤ ਨੂੰ ਛੱਡ ਕੇ ਬਗੀਚਾ, ਛੱਤ, ਕਮਰੇ ਵਿੱਚ ਵੀ ਖੇਤੀ ਕਰ ਸਕਦੇ ਹਨ ਪਰ ਉਸ ਲਈ ਜ਼ਮੀਨੀ ਖੇਤੀ ਤੋਂ ਥੋੜਾ ਉੱਪਰ ਉੱਠ ਕੇ ਇਨਸਾਨ ਨੂੰ ਸੋਚਣਾ ਪਵੇਗਾ ਤਾਂ ਹੀ ਖੇਤੀ ਦੇ ਅਲੱਗ-ਅਲੱਗ ਵਿਸ਼ਿਆਂ ਬਾਰੇ ਪੜ੍ਹ ਕੇ ਉਸ ਵਿੱਚ ਮੁਹਾਰਤ ਹਾਸਿਲ ਕਰ ਸਕਦੇ ਹਨ।

ਅਜਿਹੇ ਹੀ ਇੱਕ ਇਨਸਾਨ ਜੋ ਮੁੱਢ ਤੋਂ ਹੀ ਖੇਤੀ ਨਾਲ ਜੁੜੇ ਹੋਏ ਹਨ ਪਰ ਉਨ੍ਹਾਂ ਨੇ ਖੇਤੀ ਤੋਂ ਥੋੜਾ ਉੱਪਰ ਉੱਠ ਕੇ ਕੁੱਝ ਹੋਰ ਕਰਨ ਬਾਰੇ ਸੋਚਿਆ ਅਤੇ ਕਾਮਯਾਬ ਹੋ ਕੇ ਆਪਣੇ ਪਿੰਡ ਵਿੱਚ ਹੀ ਨਹੀਂ ਬਲਕਿ ਆਪਣੇ ਸ਼ਹਿਰ ਵਿੱਚ ਵੀ ਨਾਮ ਕਮਾਇਆ। ਜਿਨ੍ਹਾਂ ਨੇ ਜਿਸ ਵੀ ਕਿੱਤੇ ਨੂੰ ਕਰਨ ਬਾਰੇ ਸੋਚਿਆ ਉਹ ਕਰਕੇ ਦਿਖਾਇਆ ਜੋ ਅਸੰਭਵ ਲੱਗਦਾ ਸੀ ਪਰ ਰੱਬ ਮਿਹਨਤ ਕਰਨ ਵਾਲੇ ਦਾ ਹਮੇਸ਼ਾ ਸਾਥ ਦਿੰਦਾ ਹੈ।

ਜਿਨ੍ਹਾਂ ਦੀ ਇਸ ਸਟੋਰੀ ਰਾਹੀਂ ਗੱਲ ਕਰਨ ਜਾ ਰਹੇ ਹਾਂ ਉਹਨਾਂ ਦਾ ਨਾਮ ਰਸ਼ਪਾਲ ਸਿੰਘ, ਜੋ ਪਿੰਡ ਬੱਲੋ ਕੇ, ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਹਨ। ਰਸ਼ਪਾਲ ਜੀ ਆਪਣੇ ਪਿੰਡ ਦੇ ਇੱਕ ਅਜਿਹੇ ਇਨਸਾਨ ਜਿਸ ਨੇ ਪੜ੍ਹਾਈ ਕਰਨ ਤੋਂ ਬਾਅਦ ਘਰ ਵਿਹਲੇ ਬੈਠਣ ਦੀ ਬਜਾਏ ਸਗੋਂ ਕੁੱਝ ਨਾ ਕੁੱਝ ਕੰਮ ਕਰਨ ਬਾਰੇ ਸੋਚਦੇ ਰਹਿੰਦੇ ਸਨ ਅਤੇ ਇਸ ਦੀ ਤਿਆਰੀ ਵਿੱਚ ਜੁੱਟ ਗਏ।

ਸਾਲ 2012 ਦੀ ਗੱਲ ਹੈ ਰਸ਼ਪਾਲ ਨੂੰ ਕਈ ਵਾਰ ਬਹੁਤ ਥਾਵਾਂ ਤੋਂ ਮਸ਼ਰੂਮ ਦੀ ਖੇਤੀ ਬਾਰੇ ਸੁਨਣ ਨੂੰ ਮਿਲਦਾ ਸੀ ਪਰ ਕਦੇ ਵੀ ਇਸ ਗੱਲ ਉੱਤੇ ਗੌਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਜਦੋਂ ਇਸ ਬਾਰ ਫਿਰ ਮਸ਼ਰੂਮ ਬਾਰੇ ਸੁਣਿਆ ਤਾਂ ਮਨ ਅੰਦਰ ਇੱਕ ਸਵਾਲ ਖੜਾ ਕਰ ਗਈ ਕਿ ਇਹ ਕਿਹੜੀ ਖੇਤੀ ਹੋਈ, ਪਰ ਕੀ ਪਤਾ ਇੱਕ ਦਿਨ ਇਹ ਖੇਤੀ ਕਿਸਮਤ ਬਦਲ ਕੇ ਰੱਖ ਦੇਵੇਗੀ। ਉਸ ਤੋਂ ਬਾਅਦ ਰਸ਼ਪਾਲ ਨੇ ਮਸ਼ਰੂਮ ਦੀ ਖੇਤੀ ਬਾਰੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਕਿ ਚੱਲੋ ਪਤਾ ਤਾਂ ਕਰੀਏ ਕਿ ਅਜਿਹੀ ਕਿਹੜੀ ਸ਼ੈਅ ਹੈ। ਕਿਉਂਕਿ ਉਸ ਵਕਤ ਕਿਸੇ ਵਿਰਲੇ ਨੂੰ ਹੀ ਮਸ਼ਰੂਮ ਦੀ ਖੇਤੀ ਬਾਰੇ ਜਾਣਕਾਰੀ ਹੁੰਦੀ ਸੀ ਜਾਂ ਫਿਰ ਸੁਣੀਆਂ-ਸੁਣਾਈਆਂ ਗੱਲਾਂ ਹੀ ਹੁੰਦੀਆਂ ਸਨ ਪਰ ਉਹਨਾਂ ਦੇ ਪਿੰਡ ਬੱਲੋ ਕੇ ਲਈ ਇਹ ਬਿਲਕੁੱਲ ਨਵੀਂ ਗੱਲ ਸੀ। ਬਹੁਤ ਸਮਾਂ ਲਗਾ ਕੇ ਰਸ਼ਪਾਲ ਨੇ ਮਸ਼ਰੂਮ ਸੰਬੰਧੀ ਸਾਰੀ ਰਿਸਰਚ ਪੂਰੀ ਕੀਤੀ ਤਾਂ ਦੇਰੀ ਨਾ ਕਰਦੇ ਹੋਏ ਬੀਜ ਲੈ ਕੇ ਆਉਣ ਬਾਰੇ ਸੋਚਿਆ ਅਤੇ ਬੀਜ ਲੈਣ ਲਈ ਹਿਮਾਚਲ ਪ੍ਰਦੇਸ਼ ਵਿਖੇ ਚਲੇ ਗਏ, ਪਰ ਉੱਥੇ ਕਿਸਮਤ ਵਿੱਚ ਮਸ਼ਰੂਮ ਦੀ ਖੇਤੀ ਦੇ ਨਾਲ-ਨਾਲ ਸਟ੍ਰਾਬੇਰੀ ਦੀ ਵੀ ਖੇਤੀ ਦਾ ਨਾਮ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ।

ਜਦੋਂ ਮਸ਼ਰੂਮ ਦੇ ਬੀਜ ਲੈਣ ਲੱਗੇ ਤਾਂ ਅੱਗੋਂ ਕਿਸੇ ਨੇ ਆਖਿਆ “ਤੁਹਾਨੂੰ ਸਟਰਾਬੇਰੀ ਦੀ ਵੀ ਖੇਤੀ ਕਰਨੀ ਚਾਹੀਦੀ ਹੈ” ਇਸ ਉੱਤੇ ਰਸ਼ਪਾਲ ਬਹੁਤ ਹੈਰਾਨ ਹੋਇਆ ਤੇ ਸੋਚਣ ਲੱਗਾ ਇਹ ਵੀ ਇੱਕ ਨਵਾਂ ਹੀ ਕੰਮ ਹੈ ਜਿਸ ਬਾਰੇ ਵੀ ਲੋਕਾਂ ਨੂੰ ਬਹੁਤ ਘੱਟ ਪਤਾ ਸੀ, ਇਸ ਤਰ੍ਹਾਂ ਮਸ਼ਰੂਮ ਦੇ ਬੀਜ ਲੈਣ ਗਏ ਰਸ਼ਪਾਲ ਨਾਲ ਸਟਰਾਬੇਰੀ ਦੇ ਪੌਦੇ ਵੀ ਨਾਲ ਲੈ ਆਇਆ ਅਤੇ ਮਸ਼ਰੂਮ ਦੇ ਬੀਜਾਂ ਨੂੰ ਇੱਕ ਛੋਟੀ ਜਿਹੀ ਝੌਪੜੀ ਬਣਾ ਕੇ ਉਸ ਵਿੱਚ ਲਗਾ ਦਿੱਤੇ ਅਤੇ ਨਾਲ ਹੀ ਖੇਤਾਂ ਦੇ ਵਿੱਚ ਸਟ੍ਰਾਬੇਰੀ ਦੇ ਪੌਦੇ ਵੀ ਲਗਾ ਦਿੱਤੇ।

ਮਸ਼ਰੂਮ ਲਗਾਉਣ ਤੋਂ ਬਾਅਦ ਉਸ ਦੀ ਦੇਖਭਾਲ ਕਰਨ ਲੱਗੇ ਜਦੋਂ ਸਮੇਂ ਅਨੁਸਾਰ ਮਸ਼ਰੂਮ ਤਿਆਰ ਹੋਣ ਲੱਗਾ ਤਾਂ ਖੁਸ਼ ਹੋਏ ਪਰ ਇਹ ਖੁਸ਼ੀ ਜ਼ਿਆਦਾ ਸਮੇਂ ਲਈ ਨਹੀਂ ਸੀ, ਕਿਉਂਕਿ ਇੱਕ ਸਾਲ ਤੱਕ ਦਿਨ ਰਾਤ ਕਰਨ ਤੋਂ ਬਾਅਦ ਇਹ ਨਤੀਜਾ ਨਿਕਲਿਆ ਕਿ ਮਸ਼ਰੂਮ ਦੀ ਖੇਤੀ ਬਹੁਤ ਸਮਾਂ ਮੰਗਦੀ ਹੈ ਅਤੇ ਸਾਂਭ-ਸੰਭਾਲ ਵੱਲ ਜ਼ਿਆਦਾ ਧਿਆਨ ਦੇਣਾ ਪੈਂਦਾ ਹੈ। ਉਪਰੋਂ ਕੁੱਝ ਸਫਲਤਾ ਵੀ ਹਾਸਿਲ ਨਹੀਂ ਹੋ ਰਹੀ ਸੀ। ਉਹ ਬਟਨ ਮਸ਼ਰੂਮ ਦੀ ਖੇਤੀ ਕਰਦੇ ਸਨ ਅਤੇ ਅਖੀਰ ਉਨ੍ਹਾਂ ਨੇ ਸਾਲ 2013 ਵਿੱਚ ਬਟਨ ਮਸ਼ਰੂਮ ਦੀ ਖੇਤੀ ਛੱਡਣ ਦਾ ਫੈਸਲਾ ਕਰ ਲਿਆ ਅਤੇ ਬਾਅਦ ਵਿੱਚ ਸਟ੍ਰਾਬੇਰੀ ਦੀ ਖੇਤੀ ਉੱਤੇ ਹੀ ਸਾਰਾ ਧਿਆਨ ਕੇਂਦਰਿਤ ਕਰ ਲਿਆ।

ਸ਼ਾਇਦ ਬਟਨ ਮਸ਼ਰੂਮ ਦੀ ਖੇਤੀ ਵਿੱਚ ਅਸਫਲਤਾ ਦਾ ਕਾਰਨ ਇਹ ਵੀ ਸੀ ਉਹਨਾਂ ਨੇ ਕਿਸੇ ਵੀ ਪ੍ਰਕਾਰ ਦੀ ਟ੍ਰੇਨਿੰਗ ਨਹੀਂ ਲਈ ਹੋਈ ਸੀ।

2013 ਤੋਂ ਬਾਅਦ ਸਟ੍ਰਾਬੇਰੀ ਦੀ ਖੇਤੀ ਨੂੰ ਲਗਾਤਾਰ ਬਕਰਾਰ ਰੱਖਦੇ ਹੋਏ “ਬੱਲੋ ਸਟ੍ਰਾਬੇਰੀ” ਨਾਮ ਦੇ ਬ੍ਰੈਂਡ ਤੋਂ ਬਰਨਾਲਾ ਵਿੱਚ ਵੱਡੇ ਪੱਧਰ ‘ਤੇ ਮਾਰਕੀਟਿੰਗ ਕਰਨ ਲੱਗ ਗਏ ਜੋ ਕਿ 2017 ਤੱਕ ਪਹੁੰਚਦੇ-ਪਹੁੰਚਦੇ ਪੂਰੇ ਪੰਜਾਬ ਵਿੱਚ ਫੈਲ ਗਈ, ਪਰ ਸਫਲ ਤਾਂ ਉਹ ਇਸ ਕੰਮ ਵਿੱਚ ਵੀ ਹੋਏ ਪਰ ਰੱਬ ਨੇ ਮੁਕੱਦਰ ਵਿੱਚ ਕੁਝ ਹੋਰ ਵੀ ਲਿਖਿਆ ਹੋਇਆ ਸੀ ਜੋ 2013 ਵਿੱਚ ਅਧੂਰਾ ਕੰਮ ਕਰਕੇ ਛੱਡਿਆ ਸੀ ਉਸ ਕੰਮ ਨੂੰ ਨੇਪਰੇ ਚਾੜਨ ਦੇ ਲਈ।

ਰਸ਼ਪਾਲ ਨੇ ਦੇਰੀ ਨਾ ਕਰਦੇ ਹੋਏ 2017 ਵਿੱਚ ਆਪਣੇ ਸ਼ਹਿਰ ਦੇ ਨੇੜਲੇ ਕੇ.ਵੀ.ਕੇ ਵਿਖੇ ਮਸ਼ਰੂਮ ਦੀ ਟ੍ਰੇਨਿੰਗ ਬਾਰੇ ਪਤਾ ਕੀਤਾ ਜਿਸ ਵਿੱਚ ਮਸ਼ਰੂਮ ਦੀ ਹਰ ਕਿਸਮ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਅਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਸ ਸਮੇਂ ਉਹ ਅੋਇਸਟਰ ਮਸ਼ਰੂਮ ਦੀ ਟ੍ਰੇਨਿੰਗ ਲੈਣ ਦੇ ਲਈ ਗਏ ਸਨ ਜੋ ਕਿ 5 ਦਿਨਾਂ ਦਾ ਟ੍ਰੇਨਿੰਗ ਪ੍ਰੋਗਰਾਮ ਸੀ, ਜਦੋਂ ਉਹ ਟ੍ਰੇਨਿੰਗ ਲੈ ਰਹੇ ਸਨ ਤਾਂ ਉਸ ਵਿੱਚ ਬਹੁਤ ਸਾਰੀਆਂ ਮਸ਼ਰੂਮ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਗਈ ਪਰ ਜਦੋਂ ਉਨ੍ਹਾਂ ਨੇ ਕੀੜਾ ਜੜੀ ਮਸ਼ਰੂਮ ਬਾਰੇ ਸੁਣਿਆ ਜੋ ਕਿ ਇੱਕ ਮੈਡੀਸਿਨਲ ਮਸ਼ਰੂਮ ਹੈ ਜਿਸ ਨਾਲ ਕਈ ਤਰ੍ਹਾਂ ਮਨੁੱਖੀ ਲਾ-ਇਲਾਜ ਬਿਮਾਰੀਆਂ ਜਿਵੇਂ ਕੈਂਸਰ, ਸ਼ੂਗਰ, ਦਿਲ ਦਾ ਦੌਰਾ, ਚਮੜੀ ਆਦਿ ਦੇ ਰੋਗਾਂ ਨੂੰ ਠੀਕ ਕੀਤਾ ਜਾ ਸਕਦਾ ਹੈ। ਜਿਸ ਦੀ ਕੀਮਤ ਹਜ਼ਾਰਾਂ ਤੋਂ ਸ਼ੁਰੂ ਤੋਂ ਲੱਖਾਂ ਦੇ ਵਿੱਚ ਆ ਕੇ ਮੁੱਕਦੀ ਹੈ, ਜਿਵੇਂ 10 ਗ੍ਰਾਮ 1000 ਰੁਪਏ, 100 ਗ੍ਰਾਮ 10,000 ਰੁਪਏ ਦੇ ਹਿਸਾਬ ਨਾਲ ਵਿਕਦੀ ਹੈ।

ਜਦੋਂ ਰਸ਼ਪਾਲ ਨੂੰ ਕੀੜਾ ਜੜੀ ਮਸ਼ਰੂਮ ਦੇ ਫਾਇਦਿਆਂ ਬਾਰੇ ਪਤਾ ਲੱਗਾ ਤਾਂ ਉਸਨੇ ਮਨ ਬਣਾ ਲਿਆ ਕਿ ਹੁਣ ਕੀੜਾ ਜੜੀ ਮਸ਼ਰੂਮ ਦੀ ਹੀ ਖੇਤੀ ਕਰਨੀ ਹੈ, ਜਿਸ ਲਈ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਹੁਤ ਜ਼ਿਆਦਾ ਰਿਸਰਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਇਸ ਦੇ ਬੀਜ ਇੱਥੇ ਨਹੀਂ ਬਲਕਿ ਥਾਈਲੈਂਡ ਦੇਸ਼ ਵਿੱਚ ਮਿਲਦੇ ਹਨ, ਪਰ ਇੱਥੇ ਆ ਕੇ ਰਸ਼ਪਾਲ ਲਈ ਮੁਸ਼ਕਿਲ ਖੜੀ ਹੋ ਗਈ ਕਿਉਂਕਿ ਕੋਈ ਵੀ ਕਰੀਬੀ ਉਸਦਾ ਬਾਹਰਲੇ ਦੇਸ਼ ਨਹੀਂ ਸੀ ਜੋ ਉਸਦੀ ਮਦਦ ਕਰ ਸਕਦਾ ਸੀ। ਪਰ ਰਸ਼ਪਾਲ ਨੇ ਫਿਰ ਵੀ ਹਿੰਮਤ ਨਾ ਛੱਡੀ ਤੇ ਬਹੁਤ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਦੇ ਬਾਹਰ ਕਿਸੇ ਨਾਲ ਸੰਪਰਕ ਕੀਤਾ ਅਤੇ ਫਿਰ ਸਾਰੀ ਗੱਲਬਾਤ ਕੀਤੀ।

ਜਦੋਂ ਰਸ਼ਪਾਲ ਨੂੰ ਭਰੋਸਾ ਹੋਇਆ ਤਾਂ ਅਖੀਰ ਉਸਨੇ ਥਾਈਲੈਂਡ ਤੋਂ ਬੀਜ ਮੰਗਵਾਏ ਜਿਸ ਵਿੱਚ ਉਨ੍ਹਾਂ ਦਾ ਖਰਚਾ 2 ਲੱਖ ਦੇ ਕਰੀਬ ਹੋਇਆ ਸੀ। ਫਿਰ ਕੀ ਉਹਨਾਂ ਨੇ ਰਿਸਰਚ ਤਾਂ ਕੀਤੀ ਹੋਈ ਤੇ ਸਭ ਕੁਝ ਪਹਿਲਾ ਹੀ ਤਿਆਰ ਕੀਤਾ ਹੋਇਆ ਸੀ ਜੋ ਮਸ਼ਰੂਮ ਉਗਾਉਣ ਅਤੇ ਵਧਣ-ਫੁੱਲਣ ਦੇ ਲਈ ਜ਼ਰੂਰੀ ਸੀ ਤੇ 2 ਅਲੱਗ-ਅਲੱਗ ਕਮਰੇ ਇਸ ਤਰ੍ਹਾਂ ਦੇ ਤਿਆਰ ਕੀਤੇ ਹੋਏ ਸਨ ਜਿੱਥੇ ਉਹ ਮਸ਼ਰੂਮ ਨੂੰ ਹਰ ਸਮੇਂ ਜਿੰਨਾ ਤਾਪਮਾਨ ਮਸ਼ਰੂਮ ਲਈ ਚਾਹੀਦਾ ਹੈ ਉਹ ਉਸਨੂੰ ਪੂਰਾ ਮਿਲ ਸਕੇ। ਫਿਰ ਉਨ੍ਹਾਂ ਨੇ ਮਸ਼ਰੂਮ ਨੂੰ ਡੱਬੇ ਵਿੱਚ ਪਾ ਕੇ ਹਰ ਵਕਤ ਉਸਦਾ ਧਿਆਨ ਰੱਖਦੇ।

ਰਸ਼ਪਾਲ ਜੀ ਪਹਿਲਾਂ ਹੀ ਬਟਨ ਮਸ਼ਰੂਮ ਅਤੇ ਸਟ੍ਰਾਬੇਰੀ ਦੀ ਖੇਤੀ ਕਰਦੇ ਸਨ ਜਿਸ ਦੇ ਮਗਰੋਂ ਉਨ੍ਹਾਂ ਨੇ ਕੀੜਾ ਜੜੀ ਨਾਮ ਮਸ਼ਰੂਮ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਕੀੜਾ ਜੜੀ ਮਸ਼ਰੂਮ ਪੱਕਣ ਦੀ ਅਵਸਥਾ ਵਿੱਚ ਆਈ ਤਾਂ ਨੇੜਲੇ ਪਿੰਡ ਵਾਸੀਆਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਨਜ਼ਦੀਕ ਪਿੰਡ ਵਿੱਚ ਕੋਈ ਮੈਡੀਸਿਨਲ ਮਸ਼ਰੂਮ ਦੀ ਖੇਤੀ ਕਰ ਰਿਹਾ ਹੈ, ਕਿਉਂਕਿ ਉਨ੍ਹਾਂ ਦੇ ਨਜ਼ਦੀਕ ਇਸ ਨਾਮ ਦੇ ਮਸ਼ਰੂਮ ਦੀ ਖੇਤੀ ਕੋਈ ਨਹੀਂ ਕਰ ਰਿਹਾ ਸੀ, ਜਿਸ ਕਰਕੇ ਲੋਕਾਂ ਵਿੱਚ ਇਸ ਬਾਰੇ ਜਾਨਣ ਦੀ ਉਤਸੁਕਤਾ ਪੈਦਾ ਹੋ ਗਈ, ਜਦੋਂ ਉਹ ਰਸ਼ਪਾਲ ਕੋਲ ਮਸ਼ਰੂਮ ਅਤੇ ਇਸ ਦੇ ਫਾਇਦਿਆਂ ਬਾਰੇ ਪੁੱਛਣ ਲਈ ਆਉਣ ਲੱਗ ਗਏ ਤੇ ਰਸ਼ਪਾਲ ਜੀ ਬੜੇ ਪਿਆਰ ਸਦਕਾ ਮਸ਼ਰੂਮ ਦੇ ਅਨੇਕਾਂ ਫਾਇਦਿਆਂ ਬਾਰੇ ਸਮਝਾਉਣ ਲੱਗ ਜਾਂਦੇ। ਉਂਝ ਰਸ਼ਪਾਲ ਨੇ ਸਿਰਫ ਇਸ ਮਸ਼ਰੂਮ ਦੀ ਖੇਤੀ ਘਰ ਲਈ ਹੀ ਉਗਾਈ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇੱਕ ਦਿਨ ਇਹ ਕੀੜਾ ਜੜੀ ਮਸ਼ਰੂਮ ਉਨ੍ਹਾਂ ਦਾ ਵਪਾਰ ਦਾ ਰਾਹ ਬਣ ਜਾਵੇਗੀ।

ਸਭ ਤੋਂ ਪਹਿਲਾਂ ਮਸ਼ਰੂਮ ਦਾ ਟ੍ਰਾਇਲ ਆਪਣੇ ਅਤੇ ਪਰਿਵਾਰ ਵਾਲਿਆਂ ਉੱਤੇ ਕੀਤਾ ਅਤੇ ਟ੍ਰਾਇਲ ਵਿੱਚ ਸਫਲ ਹੋਣ ਤੋਂ ਬਾਅਦ ਹੀ ਰਸ਼ਪਾਲ ਨੇ ਫਿਰ ਇਸਨੂੰ ਵੇਚਣ ਬਾਰੇ ਸੋਚਿਆ ਅਤੇ ਹੌਲੀ-ਹੌਲੀ ਲੋਕ ਖਰੀਦਣ ਦੇ ਲਈ ਆਉਣ ਲੱਗ ਗਏ ਜਿਸ ਦੇ ਨਤੀਜੇ ਉਸਨੂੰ ਥੋੜੇ ਸਮੇਂ ਵਿੱਚ ਉਦੋਂ ਮਿਲਣ ਲੱਗੇ, ਬਹੁਤ ਘੱਟ ਸਮੇਂ ਵਿੱਚ ਮਸ਼ਰੂਮ ਦੀ ਵਿਕਰੀ ਇਸ ਤਰ੍ਹਾਂ ਹੋਈ ਕਿ ਰਸ਼ਪਾਲ ਨੂੰ ਬੈਠਣ ਤੱਕ ਦਾ ਸਮਾਂ ਵੀ ਨਹੀਂ ਮਿਲਦਾ ਸੀ।

ਜਿਸ ਨਾਲ ਮਾਰਕੀਟਿੰਗ ਵਿੱਚ ਇੰਨੀ ਜਲਦੀ ਨਾਲ ਪ੍ਰਸਾਰ ਹੋ ਗਿਆ, ਫਿਰ ਉਨ੍ਹਾਂ ਨੇ ਮਾਰਕੀਟਿੰਗ ਕਰਨ ਦੇ ਤਰੀਕੇ ਨੂੰ ਬਦਲਣ ਬਾਰੇ ਸੋਚਿਆ ਅਤੇ ਮਸ਼ਰੂਮ ਨੂੰ ਇੱਕ ਬ੍ਰੈਂਡ ਦੇ ਤਹਿਤ ਵੇਚਣ ਬਾਰੇ ਸੋਚਿਆ ਜਿਸ ਨੂੰ Barnala Cordyceps ਦੇ ਬ੍ਰੈਂਡ ਨਾਮ ਤੋਂ ਰਜਿਸਟਰਡ ਕਰਵਾ ਕੇ, ਖੁਦ ਪ੍ਰੋਸੈਸਿੰਗ ਕਰਕੇ ਅਤੇ ਪੈਕਿੰਗ ਕਰਕੇ ਮਾਰਕੀਟਿੰਗ ਕਰਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਲੋਕ ਹੋਰ ਜੁੜਨ ਲੱਗੇ ਅਤੇ ਮਾਰਕੀਟਿੰਗ ਬਰਨਾਲਾ ਸ਼ਹਿਰ ਤੋਂ ਸ਼ੁਰੂ ਹੋਈ ਪੂਰੇ ਪੰਜਾਬ ਵਿੱਚ ਫੈਲ ਗਈ ਜਿਸ ਨਾਲ ਥੋੜੇ ਸਮੇਂ ਮੁਨਾਫ਼ਾ ਪ੍ਰਾਪਤ ਹੋਣ ਲੱਗ ਗਿਆ। ਜਿਸ ਵਿੱਚ ਉਹ 10 ਗ੍ਰਾਮ 1000 ਰੁਪਏ ਦੇ ਹਿਸਾਬ ਨਾਲ ਮਸ਼ਰੂਮ ਵਿਕਣ ਲੱਗੀ।

ਉਨ੍ਹਾਂ ਨੇ ਜਿੱਥੋਂ ਮਸ਼ਰੂਮ ਉਤਪਾਦਨ ਦੀ ਸ਼ੁਰੂਆਤ 10×10 ਤੋਂ ਕੀਤੀ ਸੀ ਇਸ ਤਰ੍ਹਾਂ ਕਰਦੇ ਉਹ 2017 ਵਿੱਚ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹ ਗਏ ਅੱਜ ਉਨ੍ਹਾਂ ਦੇ ਮਸ਼ਰੂਮ ਦੀ ਇੰਨੀ ਮੰਗ ਹੈ ਕਿ ਫੋਨ ਉੱਤੇ ਫੋਨ ਆਉਂਦੇ ਹਨ ਅਤੇ ਵਿਹਲ ਨਹੀਂ ਮਿਲਦੀ।ਜ਼ਿਆਦਾਤਰ ਮਸ਼ਰੂਮ ਖਿਡਾਰੀਆਂ ਵੱਲੋਂ ਖਰੀਦੀ ਜਾਂਦੀ ਹੈ।

ਉਨ੍ਹਾਂ ਨੂੰ ਇਸ ਕੰਮ ਦੇ ਲਈ ਆਤਮਾ, ਕੇ. ਵੀ. ਕੇ. ਅਤੇ ਹੋਰ ਬਹੁਤ ਸਾਰੇ ਸੰਸਥਾਵਾਂ ਵੱਲੋਂ ਇਨਾਮ ਵੀ ਪ੍ਰਾਪਤ ਹੋ ਚੁੱਕੇ ਹਨ।

ਭਵਿੱਖ ਦੀ ਯੋਜਨਾ

ਉਹ 2 ਕਮਰਿਆਂ ਤੋਂ ਸ਼ੁਰੂ ਕੀਤੇ ਇਸ ਕੰਮ ਨੂੰ ਹੋਰ ਵੱਡੇ ਪੱਧਰ ਉੱਤੇ ਕਰਕੇ ਵੱਖ-ਵੱਖ ਕਮਰੇ ਤਿਆਰ ਕਰਕੇ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਸੰਦੇਸ਼

ਜੇਕਰ ਕਿਸੇ ਛੋਟੇ ਕਿਸਾਨ ਨੇ ਕੀੜਾ ਜੜੀ ਮਸ਼ਰੂਮ ਦੀ ਖੇਤੀ ਕਰਨੀ ਹੈ ਤਾਂ ਪੈਸੇ ਲਗਾਉਣ ਤੋਂ ਪਹਿਲਾਂ ਉਸ ਉੱਪਰ ਚੰਗੇ ਤਰੀਕੇ ਨਾਲ ਰਿਸਰਚ ਅਤੇ ਟ੍ਰੇਨਿੰਗ ਲੈ ਹੀ ਕੰਮ ਨੂੰ ਸ਼ੁਰੂ ਕਰਨ ਚਾਹੀਦਾ ਹੈ।