ਕੁਲਵਿੰਦਰ ਸਿੰਘ ਨਾਗਰਾ

ਪੂਰੀ ਕਹਾਣੀ ਪੜ੍ਹੋ

ਬਿਹਤਰ ਵਰਤਮਾਨ ਅਤੇ ਭਵਿੱਖ ਦੀ ਉਮੀਦ ਨਾਲ ਕੁਲਵਿੰਦਰ ਸਿੰਘ ਨਾਗਰਾ ਕੁਦਰਤੀ ਖੇਤੀ ਵੱਲ ਮੁੜੇ

ਉਮੀਦ ਇੱਕ ਸਕਾਰਾਤਮਕ ਭਾਵਨਾ ਹੈ ਜੋ ਕਿਸੇ ਵਿਅਕਤੀ ਨੂੰ ਭਵਿੱਖ ਬਾਰੇ ਸੋਚਣ ਦੀ ਤਾਕਤ ਦਿੰਦੀ ਹੈ, ਭਾਵੇਂ ਹੀ ਇਸ ਬਾਰੇ ਕੁੱਝ ਨਿਸ਼ਚਿਤ ਨਾ ਹੋਵੇ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਬਿਹਤਰ ਭਵਿੱਖ ਬਾਰੇ ਸੋਚਦੇ ਹਾਂ ਤਾਂ ਫਿਰ ਕੁੱਝ ਨਕਾਰਾਤਮਕ ਨਤੀਜਿਆਂ ਨੂੰ ਜਾਣਨ ਦੇ ਬਾਵਜੂਦ ਵੀ ਸਾਡੇ ਕੰਮ ਆਪਣੇ ਆਪ ਹੀ ਜਲਦੀ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਕੁੱਝ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਾਗਰਾ ਦੇ ਇੱਕ ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ ਨਾਗਰਾ ਜੀ ਨਾਲ ਹੋਇਆ, ਜਿਨ੍ਹਾਂ ਦੀ ਉਮੀਦ ਨੇ ਉਨ੍ਹਾਂ ਨੂੰ ਕੁਦਰਤੀ ਖੇਤੀ ਵੱਲ ਮੋੜਿਆ।

“ਕੁਦਰਤੀ ਖੇਤੀ ਵਿੱਚ ਜਾਣ ਤੋਂ ਪਹਿਲਾਂ ਮੈਨੂੰ ਪਤਾ ਸੀ ਕਿ ਮੈਨੂੰ ਲਗਾਤਾਰ ਦੋ ਸਾਲ ਤੱਕ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਇਸ ਸਥਿਤੀ ਨੂੰ ਸਮਝਣ ਤੋਂ ਬਾਅਦ ਵੀ ਮੈਂ ਕੁਦਰਤੀ ਢੰਗਾਂ ਨੂੰ ਅਪਨਾਉਣ ਦਾ ਫੈਸਲਾ ਕੀਤਾ, ਕਿਉਂਕਿ ਮੇਰੇ ਲਈ ਮੇਰਾ ਪਰਿਵਾਰ ਅਤੇ ਆਲੇ-ਦੁਆਲੇ ਦਾ ਵਾਤਾਵਰਨ ਪੈਸੇ ਕਮਾਉਣ ਨਾਲੋਂ ਵੱਧ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਮੈਂ ਆਪਣੇ ਪਰਿਵਾਰ ਅਤੇ ਖੁਦ ਲਈ ਕਮਾਈ ਕਰ ਰਿਹਾ ਹਾਂ, ਕੀ ਹੋਵੇਗਾ ਜੇਕਰ ਬਹੁਤ ਸਾਰਾ ਪੈਸਾ ਕਮਾਉਣ ਤੋਂ ਬਾਅਦ ਵੀ ਮੈਂ ਆਪਣੇ ਪਰਿਵਾਰ ਨੂੰ ਤੰਦਰੁਸਤ ਨਹੀਂ ਰੱਖ ਸਕਦਾ … ਤਾਂ ਸਭ ਕੁੱਝ ਵਿਅਰਥ ਹੈ।”

ਖੇਤੀ ਦੇ ਪਿਛੋਕੜ ਨਾਲ ਸੰਬੰਧਿਤ ਕੁਲਵਿੰਦਰ ਸਿੰਘ ਨਾਗਰਾ ਜੀ ਨੇ ਵੀ ਆਪਣੇ ਪਿਤਾ ਦੇ ਦੱਸੇ ਕਦਮਾਂ ‘ਤੇ ਚੱਲਣ ਦਾ ਫੈਸਲਾ ਕੀਤਾ। 1997 ਵਿੱਚ ਆਪਣੀ ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਪਰਿਵਾਰ ਦੀਆਂ ਪੁਰਾਣੀਆਂ ਤਕਨੀਕਾਂ ਨੂੰ ਅਪਣਾ ਕੇ ਝੋਨੇ ਅਤੇ ਕਣਕ ਦੀ ਖੇਤੀ ਸ਼ੁਰੂ ਕੀਤੀ। ਸਾਲ 2000 ਤੱਕ, ਉਨ੍ਹਾਂ ਨੇ 10 ਏਕੜ ਜ਼ਮੀਨ ‘ਤੇ ਕਣਕ ਅਤੇ ਝੋਨੇ ਦੀ ਖੇਤੀ ਜਾਰੀ ਰੱਖੀ ਅਤੇ ਇੱਕ ਏਕੜ ਵਿੱਚ ਮਟਰ, ਪਿਆਜ਼, ਲਸਣ ਅਤੇ ਲੌਕੀ ਆਦਿ ਵਰਗੀਆਂ ਕੁੱਝ ਸਬਜ਼ੀਆਂ ਉਗਾਈਆਂ। ਪਰ ਉਹ ਕਣਕ ਅਤੇ ਝੋਨੇ ਤੋਂ ਸੰਤੁਸ਼ਟ ਨਹੀਂ ਸਨ। ਇਸ ਲਈ ਉਨ੍ਹਾਂ ਨੇ ਹੌਲੀ-ਹੌਲੀ ਸਬਜ਼ੀਆਂ ਦੀ ਖੇਤੀ ਦੇ ਖੇਤਰ ਨੂੰ ਇੱਕ ਏਕੜ ਤੋਂ 7 ਏਕੜ ਤੱਕ ਅਤੇ ਕਿੰਨੂ ਅਤੇ ਅਮਰੂਦ 1½ ਏਕੜ ਵਿੱਚ ਉਗਾਉਣਾ ਸ਼ੁਰੂ ਕੀਤਾ।

“ਕਿੰਨੂ ਘੱਟ ਸਫ਼ਲ ਸੀ ਪਰ ਅਮਰੂਦ ਨੇ ਵਧੀਆ ਫਾਇਦਾ ਦਿੱਤਾ ਅਤੇ ਮੈਂ ਇਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਾਂਗਾ।”

ਬਾਗ਼ਬਾਨੀ ਦੀ ਸਫ਼ਲਤਾ ਦੇ ਅਨੁਭਵ ਨੇ ਕੁਲਵਿੰਦਰ ਸਿੰਘ ਨਾਗਰਾ ਜੀ ਦੇ ਆਤਮ-ਵਿਸ਼ਵਾਸ ਨੂੰ ਵਧਾਇਆ ਅਤੇ ਤੇਜ਼ੀ ਨਾਲ ਉਨ੍ਹਾਂ ਨੇ ਆਪਣੀਆਂ ਖੇਤੀ ਦੀਆਂ ਗਤੀਵਿਧੀਆਂ ਨੂੰ ਹੋਰ ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਸਥਾਪਿਤ ਕੀਤਾ। ਉਨ੍ਹਾਂ ਸਬਜ਼ੀਆਂ ਦੀ ਖੇਤੀ ਤੋਂ ਲੈ ਕੇ ਨਰਸਰੀ ਦੀ ਤਿਆਰੀ ਤੱਕ ਸਭ ਕੁੱਝ ਕਰਨਾ ਸ਼ੁਰੂ ਕਰ ਦਿੱਤਾ। 2008-2009 ਵਿੱਚ ਉਨ੍ਹਾਂ ਨੇ ਸ਼ਾਹਬਾਦ ਮਰਕੰਡਾ, ਸਿਰਸਾ ਅਤੇ ਪੰਜਾਬ ਦੇ ਬਾਹਰ ਵੱਖ-ਵੱਖ ਕਿਸਾਨ ਮੇਲਿਆਂ ਵਿੱਚ ਮਿਰਚ, ਪਿਆਜ਼, ਕੱਦੂ, ਲੌਕੀ, ਟਮਾਟਰ ਅਤੇ ਬੇਲ ਆਦਿ ਦੀ ਤਿਆਰ ਕੀਤੀ ਨਰਸਰੀ ਵੇਚਣੀ ਸ਼ੁਰੂ ਕਰ ਦਿੱਤੀ।

2009 ਵਿੱਚ, ਉਨ੍ਹਾਂ ਨੇ ਆਪਣੀਆਂ ਖੇਤੀ ਦੀਆਂ ਤਕਨੀਕਾਂ ਨੂੰ ਜੈਵਿਕ ਢੰਗ ਵਿੱਚ ਬਦਲਣ ਦਾ ਵਿਚਾਰ ਕੀਤਾ, ਇਸ ਲਈ ਉਨ੍ਹਾਂ ਨੇ ਕੁਦਰਤੀ ਖੇਤੀ ਦੀ ਸਿਖਲਾਈ ਪਿੰਗਲਵਾੜਾ ਤੋਂ ਲਈ, ਜਿੱਥੇ ਕਿਸਾਨਾਂ ਨੂੰ ਜ਼ੀਰੋ ਬਜਟ ‘ਤੇ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਸਿਖਾਇਆ ਜਾਂਦਾ ਹੈ। ਇੱਕ ਸੁਰੱਖਿਅਤ ਅਤੇ ਸਥਿਰ ਸ਼ੁਰੂਆਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਲਵਿੰਦਰ ਸਿੰਘ ਨਾਗਰਾ ਨੇ 5 ਏਕੜ ਨਾਲ ਕੁਦਰਤੀ ਖੇਤੀ ਸ਼ੁਰੂ ਕੀਤੀ।

ਉਹ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਕੀਟਨਾਸ਼ਕ ਅਤੇ ਰਸਾਇਣਕ ਪਦਾਰਥ ਜ਼ਮੀਨ ਨੂੰ ਜੈਵਿਕ ਕਿਸਮ ਵਿੱਚ ਤਬਦੀਲ ਕਰਨ ਲਈ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਉਹ ਸ਼ੁਰੂ ਵਿੱਚ ਕੋਈ ਮੁਨਾਫ਼ਾ ਨਹੀਂ ਕਮਾਉਣਗੇ। ਪਰ ਉਨ੍ਹਾਂ ਨੇ ਕਦੇ ਵੀ ਸ਼ੁਰੂਆਤ ਕਰਨ ਤੋਂ ਕਦਮ ਪਿੱਛੇ ਨਹੀਂ ਚੁੱਕਿਆ। ਉਨ੍ਹਾਂ ਨੇ ਖੇਤੀਬਾੜੀ ਦੇ ਢੰਗਾਂ ਨੂੰ ਅੱਪਗ੍ਰੇਡ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੇ ਫੂਡ ਪ੍ਰੋਸੈਸਿੰਗ, ਮਿਰਚ ਅਤੇ ਖੀਰੇ ਦੇ ਹਾਈਬ੍ਰਿਡ ਬੀਜ ਉਤਪਾਦਨ, ਸਬਜ਼ੀਆਂ ਦੀ ਨੈੱਟ ਹਾਊਸ ਵਿੱਚ ਖੇਤੀ ਅਤੇ ਗ੍ਰੀਨਹਾਊਸ ਪ੍ਰਬੰਧਨ ਆਦਿ ਲਈ ਵੱਖ-ਵੱਖ ਖੇਤਰਾਂ ਵਿੱਚ ਸਿਖਲਾਈ ਲਈ।

“ਮਾਰਕਟਿੰਗ ਮੁੱਖ ਰੁਕਾਵਟ ਸੀ ਜਿਸ ਦਾ ਮੈਂ ਸਭ ਤੋਂ ਜ਼ਿਆਦਾ ਸਾਹਮਣਾ ਕੀਤਾ ਸੀ, ਕਿਉਂਕਿ ਮੈਂ ਅਣਜਾਣ ਸੀ। ਇਸ ਲਈ ਮੈਨੂੰ ਮੰਡੀਕਰਨ ਤਕਨੀਕਾਂ ਨੂੰ ਸਮਝਣ ਲਈ ਕੁੱਝ ਸਮਾਂ ਲੱਗ ਗਿਆ। 2012 ਵਿੱਚ ਮੈਂ ਸਹੀ ਮੰਡੀਕਰਨ ਤਕਨੀਕਾਂ ਨੂੰ ਅਪਣਾਇਆ ਅਤੇ ਫਿਰ ਸਬਜ਼ੀਆਂ ਨੂੰ ਵੇਚਣਾ ਮੇਰੇ ਲਈ ਆਸਾਨ ਹੋ ਗਿਆ।“

ਕੁਲਵਿੰਦਰ ਸਿੰਘ ਨਾਗਰਾ ਨੇ ਕੁਦਰਤ ਲਈ ਇੱਕ ਹੋਰ ਕਦਮ ਚੁੱਕਿਆ ਉਹ ਸੀ ਪਰਾਲੀ ਸਾੜਨਾ ਬੰਦ ਕਰਨਾ। ਅੱਜ ਪਰਾਲੀ ਨੂੰ ਸਾੜਨਾ ਪ੍ਰਮੁੱਖ ਸਮੱਸਿਆਵਾਂ ਵਿੱਚੋਂ ਇੱਕ ਹੈ, ਜਿਸ ਦਾ ਪੰਜਾਬ ਸਾਹਮਣਾ ਕਰ ਰਿਹਾ ਹੈ ਅਤੇ ਇਹ ਵਿਸ਼ਵ ਪੱਧਰ ਦਾ ਇੱਕ ਵੱਡਾ ਮੁੱਦਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਮਜ਼ਦੂਰੀ ਅਤੇ ਪੈਸੇ ਬਚਾਉਣ ਲਈ ਪਰਾਲੀ ਸਾੜਦੇ ਹਨ, ਪਰ ਕੁਲਵਿੰਦਰ ਸਿੰਘ ਨਾਗਰਾ ਨੇ ਪਰਾਲੀ ਸਾੜਨ ਦੀ ਬਜਾਏ ਇਸ ਦੀ ਮਲਚਿੰਗ ਅਤੇ ਖਾਦ ਲਈ ਵਰਤੋਂ ਕੀਤੀ।

ਕੁਲਵਿੰਦਰ ਸਿੰਘ ਨਾਗਰਾ ਖੇਤੀਬਾੜੀ ਦੇ ਖੇਤਰ ਵਿੱਚ ਅੱਗੇ ਵਧਣ ਲਈ ਹਮੇਸ਼ਾ ਹੈਪੀ ਸੀਡਰ, ਕਿਸਾਨ, ਬੈੱਡ ਪਲਾਂਟਰ, ਹੱਲ਼, ਰੀਪਰ ਅਤੇ ਰੋਟਾਵੇਟਰ ਵਰਗੇ ਆਧੁਨਿਕ ਅਤੇ ਨਵੀਨਤਮ ਵਾਤਾਵਰਨ ਅਨੁਕੂਲ ਉਪਕਰਨਾਂ ਨੂੰ ਪਹਿਲ ਦਿੰਦੇ ਹਨ।

ਵਰਤਮਾਨ ਵਿੱਚ, ਉਹ 3 ਏਕੜ ਵਿੱਚ ਕਣਕ, 2 ਏਕੜ ਵਿੱਚ ਚਾਰੇ ਵਾਲੀਆਂ ਫ਼ਸਲਾਂ, 6 ਏਕੜ ਵਿੱਚ ਸਬਜ਼ੀਆਂ (ਮਿਰਚ, ਸ਼ਿਮਲਾ ਮਿਰਚ, ਖੀਰਾ, ਕੱਦੂ, ਤਰਬੂਜ਼, ਲੌਕੀ, ਬੈਂਗਣ, ਪਿਆਜ਼ ਅਤੇ ਲਸਣ) ਅਤੇ 1 ਏਕੜ ਵਿੱਚ ਮਟਰ, ਆਂਵਲਾ ਅਤੇ ਕਿੰਨੂ ਦੀ ਖੇਤੀ ਕਰਦੇ ਹਨ। ਉਹ ਆਪਣੇ ਖੇਤ ਵਿੱਚ ਪਾਣੀ ਦੀ ਸਹੀ ਵਰਤੋਂ ਕਰਨ ਲਈ ਡ੍ਰਿਪ ਸਿੰਚਾਈ ਦੀ ਵਰਤੋਂ ਕਰਦੇ ਹਨ।

ਉਹ ਆਪਣੀਆਂ ਖੇਤੀਬਾੜੀ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਡੇਅਰੀ ਫਾਰਮਿੰਗ ਵੀ ਕਰ ਰਹੇ ਹਨ। ਉਨ੍ਹਾਂ ਕੋਲ ਉਨ੍ਹਾਂ ਦੇ ਵਾੜੇ ਵਿੱਚ 12 ਪਸ਼ੂ ਹਨ, ਜਿਨ੍ਹਾਂ ਵਿੱਚ ਮੁਰ੍ਹਾ ਮੱਝ, ਨੀਲੀ ਰਾਵੀ ਅਤੇ ਸਾਹੀਵਾਲ ਸ਼ਾਮਲ ਹਨ। ਇਨ੍ਹਾਂ ਦਾ ਦੁੱਧ ਦਾ ਉਤਪਾਦਨ ਪ੍ਰਤੀ ਦਿਨ 90 ਤੋਂ 100 ਕਿੱਲੋ ਹੁੰਦਾ ਹੈ, ਜਿਸ ਵਿੱਚੋਂ ਉਹ ਮਾਰਕੀਟ ਵਿੱਚ 70-75 ਕਿੱਲੋ ਦੁੱਧ ਵੇਚਦੇ ਹਨ ਅਤੇ ਬਾਕੀ ਦੀ ਵਰਤੋਂ ਘਰ ਵਿੱਚ ਕਰਦੇ ਹਨ। ਹੁਣ, ਮੰਡੀਕਰਨ ਇੱਕ ਵੱਡੀ ਸਮੱਸਿਆ ਨਹੀਂ ਹੈ, ਉਹ ਸੰਗਰੂਰ, ਸੁਨਾਮ ਅਤੇ ਸਮਾਣਾ ਦੇ ਬਾਜ਼ਾਰ ਵਿੱਚ ਸਾਰੀਆਂ ਜੈਵਿਕ ਸਬਜ਼ੀਆਂ ਵੇਚਦੇ ਹਨ। ਵਪਾਰੀ ਫਲ ਖਰੀਦਣ ਲਈ ਉਨ੍ਹਾਂ ਦੇ ਫਾਰਮ ‘ਤੇ ਆਉਂਦੇ ਹਨ ਅਤੇ ਇਸ ਤਰ੍ਹਾਂ ਉਹ ਆਪਣੇ ਖੇਤੀ ਉਤਪਾਦਾਂ ਦੀ ਸਹੀ ਕੀਮਤ ਕਮਾ ਰਹੇ ਹਨ।

ਉਹ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸ਼੍ਰੇਅ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਪਣੇ ਪਰਿਵਾਰ ਨੂੰ ਦਿੰਦੇ ਹਨ। ਅੱਜ, ਉਹ ਇੱਕ ਅਜਿਹੇ ਵਿਅਕਤੀ ਹਨ ਜੋ ਦੂਸਰਿਆਂ ਨੂੰ ਆਪਣੀ ਕੁਦਰਤੀ ਸਬਜ਼ੀਆਂ ਦੀ ਖੇਤੀ ਦੇ ਹੁਨਰ ਨਾਲ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਮਾਣ ਹੈ। ਸਬਜ਼ੀਆਂ ਦੀ ਕੁਦਰਤੀ ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਲਈ, ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਪ੍ਰਸ਼ੰਸਾ ਵੀ ਮਿਲੀ ਅਤੇ ਉਨ੍ਹਾਂ ਵਿੱਚੋਂ ਕੁੱਝ ਹਨ …

• 19 ਫਰਵਰੀ 2015 ਨੂੰ ਸੂਰਤਗੜ੍ਹ (ਰਾਜਸਥਾਨ) ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਅਗਾਂਹਵਧੂ ਕਿਸਾਨ ਦਾ ਕ੍ਰਿਸ਼ੀ ਕਰਮਣ ਪੁਰਸਕਾਰ ਹਾਸਲ ਕੀਤਾ।

• ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਰਾਹੁਲ ਦੁਆਰਾ ਬਲਾੱਕ ਲੈਵਲ ਪੁਰਸਕਾਰ ਹਾਸਲ ਕੀਤਾ।

• ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪੁਰਸਕਾਰ ਹਾਸਲ ਕੀਤਾ।

• ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਤੋਂ ਪੁਰਸਕਾਰ ਹਾਸਲ ਕੀਤਾ।

• ਸਭ ਤੋਂ ਵਧੀਆ ਸਬਜ਼ੀ ਦੀ ਕਿਸਮ ਦੀ ਖੇਤੀ ਵਿੱਚ ਕਈ ਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।

ਇਹ ਪੁਰਸਕਾਰ ਉਨ੍ਹਾਂ ਦੀਆਂ ਉਪਲੱਬਧੀਆਂ ਦੱਸਣ ਲਈ ਕੁੱਝ ਕੁ ਹੀ ਹਨ। ਖੇਤੀ ਸਮਾਜ ਵਿੱਚ ਉਨ੍ਹਾਂ ਨੂੰ ਮੁੱਖ ਤੌਰ ‘ਤੇ ਉਨ੍ਹਾਂ ਦੇ ਕੰਮ ਲਈ ਜਾਣਿਆ ਜਾਂਦਾ ਹੈ।

ਉਹ ਖੇਤੀਬਾੜੀ ਦੇ ਖੇਤਰ ਵਿੱਚ ਮਾਰਗਦਰਸ਼ਨ ਕਰਨ ਲਈ ਅਕਸਰ ਆਪਣੇ ਫਾਰਮ ਹਾਊਸ ‘ਤੇ ਪੀ.ਏ.ਯੂ. ਅਤੇ ਕੇ.ਵੀ.ਕੇ. ਮਾਹਿਰਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਖੇਤੀਬਾੜੀ ਸੰਬੰਧੀ ਜਾਣਕਾਰੀ ਸਾਂਝੀ ਕਰਨ, ਨਾਲ ਹੀ ਕਿਸਾਨਾਂ ਨਾਲ ਗੱਲਬਾਤ ਕਰਨ ਤਾਂ ਕਿ ਕਿਸਾਨ ਇੱਕ-ਦੂਜੇ ਤੋਂ ਸਿੱਖ ਸਕਣ। ਉਨ੍ਹਾਂ ਨੇ ਵਰਮੀਕੰਪੋਸਟ ਪਲਾਂਟ ਵੀ ਸਥਾਪਿਤ ਕੀਤਾ, ਉਹ ਅੰਤਰ-ਫ਼ਸਲੀ ਅਤੇ ਲੋਅ-ਟੱਨਲ ਤਕਨੀਕ ਅਪਣਾਉਂਦੇ ਅਤੇ ਮੱਖੀ ਪਾਲਣ ਕਰਦੇ ਹਨ। ਕੁੱਝ ਖੇਤਰਾਂ ਵਿੱਚ ਕਣਕ ਦੀ ਬਿਜਾਈ ਬੈੱਡ ‘ਤੇ ਕਰਦੇ ਹਨ। ਨੋ-ਟਿਲ ਡ੍ਰਿਲ ਹੈਪੀ ਸੀਡਰ ਦੀ ਵਰਤੋਂ ਕਰਕੇ ਕਣਕ ਦੀ ਖੇਤੀ ਕਰਦੇ ਹਨ, ਝੋਨੇ ਲਾਉਣ ਤੋਂ ਪਹਿਲਾਂ ਲੇਜ਼ਰ ਲੈਵਲਿੰਗ ਨਾਲ ਜ਼ਮੀਨ ਸਮਤਲ ਕਰਦੇ ਹਨ, ਮਸ਼ੀਨੀਕਰਨ ਰੋਪਣ ਕਰਦੇ ਹਨ ਅਤੇ ਏਕੀਕ੍ਰਿਤ ਕੀਟ ਪ੍ਰਬੰਧਨ ਅਤੇ ਏਕੀਕ੍ਰਿਤ ਨਿਮਾਟੋਡ ਪ੍ਰਬੰਧਨ ਕਰਦੇ ਹਨ।

ਖੇਤੀਬਾੜੀ ਤਕਨਾਲੋਜੀ ਅਪਨਾਉਣ ਦੇ ਪ੍ਰਭਾਵ:

ਵਿਭਿੰਨ ਖੇਤੀਬਾੜੀ ਤਕਨੀਕਾਂ ਨੂੰ ਲਾਗੂ ਕਰਨ ਤੋਂ ਬਾਅਦ ਉਨ੍ਹਾਂ ਦੇ ਕਣਕ ਉਤਪਾਦਨ ਨੇ ਦੇਸ਼ ਭਰ ਵਿੱਚ ਸਭ ਤੋਂ ਵੱਧ ਕਣਕ ਪੈਦਾ ਕਰਨ ਦਾ ਰਿਕਾਰਡ ਬਣਾਇਆ ਹੈ ਜੋ ਕੁਦਰਤੀ ਖੇਤੀ ਦੇ ਤਰੀਕਿਆਂ ਨੂੰ 2014 ਵਿੱਚ ਪ੍ਰਤੀ ਹੈਕਟੇਅਰ 6456 ਕਿੱਲੋ ਸੀ ਅਤੇ ਇਸ ਉਪਲੱਬਧੀ ਲਈ ਉਨ੍ਹਾਂ ਨੂੰ ਕ੍ਰਿਸ਼ੀ ਕਰਮਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨੇੜੇ ਰਹਿਣ ਵਾਲੇ ਕਿਸਾਨ ਲਈ ਉਹ ਪ੍ਰੇਰਕ ਹਨ ਅਤੇ ਵਾਤਾਵਰਨ ਪੱਖੀ ਤਕਨੀਕਾਂ ਨੂੰ ਅਪਣਾਉਣ ਲਈ ਕਿਸਾਨ ਅਕਸਰ ਉਨ੍ਹਾਂ ਦੀ ਸਲਾਹ ਲੈਂਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ ਕੁਲਵਿੰਦਰ ਸਿੰਘ ਨਾਗਰਾ ਸਬਜ਼ੀਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਯੋਜਨਾ ਬਣਾ ਰਹੇ ਹਨ।
ਸੰਦੇਸ਼
“ਜੋ ਕਿਸਾਨ ਆਪਣੇ ਕਾਰਜ ਅਤੇ ਜ਼ਿੰਮੇਵਾਰੀਆਂ ਦੇ ਬੋਝ ਤੋਂ ਰਾਹਤ ਪ੍ਰਾਪਤ ਕਰਨ ਲਈ ਆਤਮ ਹੱਤਿਆ ਦੇ ਰਾਹ ਨੂੰ ਚੁਣਦੇ ਹਨ, ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ। ਪਰਮਾਤਮਾ ਨੇ ਸਾਡੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਸਾਰੇ ਮੌਕੇ ਅਤੇ ਯੋਗਤਾ ਦਿੱਤੀ ਹੈ ਅਤੇ ਸਾਨੂੰ ਇਸ ਮੌਕੇ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ।”