ਆਪਣੇ ਪਿਤਾ ਦੇ ਕੇਲੇ ਦੀ ਖੇਤੀ ਦੇ ਪੇਸ਼ੇ ਨੂੰ ਜਾਰੀ ਰੱਖਦਿਆਂ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰ ਰਹੇ ਦੋ ਭਰਾਵਾਂ ਦੀ ਕਹਾਣੀ
ਕਿਹਾ ਜਾਂਦਾ ਹੈ ਕਿ ਜੇਕਰ ਪਰਿਵਾਰ ਦਾ ਸਾਥ ਹੋਵੇ ਤਾਂ ਇਨਸਾਨ ਸਭ ਕੁੱਝ ਕਰ ਸਕਦਾ ਹੈ, ਫਿਰ ਚਾਹੇ ਉਹ ਕੁੱਝ ਨਵਾਂ ਕਰਨ ਬਾਰੇ ਹੋਵੇ ਜਾਂ ਫਿਰ ਪਹਿਲੇ ਤੋਂ ਸ਼ੁਰੂ ਕੀਤੇ ਕਿਸੇ ਕੰਮ ਨੂੰ ਸਫਲਤਾ ਦੀਆਂ ਬੁਲੰਦੀਆਂ ‘ਤੇ ਲੈ ਕੇ ਜਾਣ ਦੀ ਗੱਲ ਹੋਵੇ।
ਇਹੋ ਜਿਹੀ ਹੀ ਇੱਕ ਕਹਾਣੀ ਹੈ ਦੋ ਭਰਾਵਾਂ ਦੀ ਜਿਹਨਾਂ ਨੇ ਵਿਰਾਸਤ ਵਿੱਚ ਮਿਲੀ ਕੇਲੇ ਦੀ ਖੇਤੀ ਨੂੰ ਸਫਲਤਾ ਦੇ ਮੁਕਾਮ ਤੱਕ ਪਹੁੰਚਾਉਣ ਲਈ ਖ਼ੂਬ ਮਿਹਨਤ ਕੀਤੀ ਅਤੇ ਆਪਣੀ ਇੱਕ ਅਲੱਗ ਪਹਿਚਾਣ ਬਣਾਈ। ਆਪਣੇ ਪਿਤਾ ਹਰੀ ਸਹਾਏ ਤ੍ਰਿਪਾਠੀ ਵੱਲੋਂ ਸ਼ੁਰੂ ਕੀਤੀ ਕੇਲੇ ਦੀ ਖੇਤੀ ਕਰਦੇ ਹੋਏ ਦੋਵਾਂ ਭਰਾਵਾਂ ਨੇ ਆਪਣੀ ਮਿਹਨਤ ਨਾਲ ਪੂਰੇ ਸ਼ਹਿਰ ਵਿੱਚ ਆਪਣੇ ਪਿਤਾ ਦਾ ਨਾਮ ਰੌਸ਼ਨ ਕੀਤਾ।
ਉੱਤਰ ਪ੍ਰਦੇਸ਼ ਵਿੱਚ ਬੇਹਰਾਇਚ ਦੇ ਰਹਿਣ ਵਾਲੇ ਅਮਿਤੇਸ਼ ਅਤੇ ਅਰੁਣੇਸ਼ ਦੇ ਪਿਤਾ ਪਿੰਡ ਦੇ ਪ੍ਰਧਾਨ ਸਨ ਅਤੇ ਆਪਣੀ 65 ਬਿੱਘੇ ਜ਼ਮੀਨ ਵਿੱਚ ਉਹ ਰਵਾਇਤੀ ਖੇਤੀ ਦੇ ਨਾਲ-ਨਾਲ ਕੇਲੇ ਦੀ ਖੇਤੀ (ਟਿਸ਼ੂ ਕਲਚਰ) ਵੀ ਕਰਦੇ ਸਨ। ਆਪਣੇ ਪਿੰਡ ਵਿੱਚ ਕੇਲੇ ਦੀ ਖੇਤੀ ਸ਼ੁਰੂ ਕਰਨ ਵਾਲੇ ਪਹਿਲੇ ਕਿਸਾਨ ਤ੍ਰਿਪਾਠੀ ਜੀ ਸਨ। ਉਸ ਸਮੇਂ ਦੋਨੋਂ ਭਰਾ (ਅਮਿਤੇਸ਼ ਅਤੇ ਅਰੁਣੇਸ਼) ਪੜ੍ਹਾਈ ਕਰਦੇ ਸਨ। ਅਮਿਤੇਸ਼ (ਵੱਡਾ ਭਰਾ) B.Sc ਐਗਰੀਕਲਚਰ ਦੀ ਪੜ੍ਹਾਈ ਕਰਕੇ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਸਨ ਅਤੇ ਅਰੁਣੇਸ਼ (ਛੋਟਾ ਭਰਾ) ਵੀ B.Sc ਬਾਇਓਲੋਜੀ ਦੀ ਪੜ੍ਹਾਈ ਦੇ ਨਾਲ SSC ਦੀ ਤਿਆਰੀ ਕਰ ਰਹੇ ਹਨ। ਇਸੇ ਸਮੇਂ ਦੌਰਾਨ ਹਰੀ ਸਹਾਏ ਤ੍ਰਿਪਾਠੀ ਜੀ ਦਾ ਦੇਹਾਂਤ ਹੋ ਗਿਆ।
ਇਸ ਔਖੇ ਸਮੇਂ ਵਿੱਚ ਪਰਿਵਾਰ ਦਾ ਸਾਥ ਦੇਣ ਲਈ ਦੋਨੋਂ ਭਰਾ ਆਪਣੇ ਪਿੰਡ ਵਾਪਸ ਆ ਗਏ। ਪਿੰਡ ਦੇ ਪ੍ਰਧਾਨ ਹੋਣ ਕਾਰਨ, ਪਿੰਡ ਦੇ ਲੋਕਾਂ ਨੇ ਤ੍ਰਿਪਾਠੀ ਜੀ ਦੇ ਵੱਡੇ ਪੁੱਤਰ ਅਮਿਤੇਸ਼ ਨੂੰ ਪਿੰਡ ਦਾ ਪ੍ਰਧਾਨ ਬਣਾਉਣ ਦਾ ਫੈਸਲਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਿਤਾ ਦੁਆਰਾ ਸ਼ੁਰੂ ਕੀਤੀ ਕੇਲੇ ਦੀ ਖੇਤੀ ਨੂੰ ਵੀ ਸਾਂਭਣ ਦਾ ਫੈਸਲਾ ਕੀਤਾ। ਪਰ ਇਸ ਸਮੇਂ ਦੌਰਾਨ ਪਿੰਡ ਵਿੱਚ ਤੂਫ਼ਾਨ ਆਉਣ ਕਾਰਨ ਪਹਿਲਾ ਤੋਂ ਲੱਗੀ ਕੇਲੇ ਦੀ ਸਾਰੀ ਫ਼ਸਲ ਨੁਕਸਾਨੀ ਗਈ। ਇਸ ਮੁਸ਼ਕਿਲ ਦੀ ਘੜੀ ਵਿੱਚ ਦੋਨਾਂ ਭਰਾਵਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਕੋਸ਼ਿਸ਼ ਕਰਨ ਤੋਂ ਬਾਅਦ ਉਹਨਾਂ ਨੂੰ ਸਰਕਾਰ ਦੁਆਰਾ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਮਿਲ ਗਿਆ।
ਇਸ ਹਾਦਸੇ ਤੋਂ ਬਾਅਦ ਦੋਨਾਂ ਨੇ ਇਸ ਮੁਆਵਜ਼ੇ ਦੀ ਰਾਸ਼ੀ ਨਾਲ ਇੱਕ ਨਵੀਂ ਸ਼ੁਰੂਆਤ ਕਰਨ ਦਾ ਫੈਸਲਾ ਕੀਤਾ। ਦੋਨਾਂ ਨੇ ਆਪਣੇ ਪਿਤਾ ਵੱਲੋਂ ਲਗਾਈ ਜਾਂਦੀ ਕੇਲੇ ਦੀ G9 ਕਿਸਮ ਲਗਾਉਣ ਦਾ ਫੈਸਲਾ ਕੀਤਾ। ਉਹਨਾਂ ਨੇ ਆਪਣੀ 30 ਬਿੱਘੇ ਜ਼ਮੀਨ ਵਿੱਚ ਕੇਲੇ ਦੀ ਖੇਤੀ ਸ਼ੁਰੂ ਕੀਤੀ ਅਤੇ ਬਾਕੀ 35 ਬਿੱਘੇ ਵਿੱਚ ਰਵਾਇਤੀ ਖੇਤੀ ਜਾਰੀ ਰੱਖੀ।
ਇਸ ਦੌਰਾਨ ਜਿੱਥੇ ਵੀ ਕੋਈ ਦਿੱਕਤ ਆਈ ਅਸੀਂ ਕੇਲੇ ਦੀ ਖੇਤੀ ਦੇ ਮਾਹਿਰਾਂ ਤੋਂ ਸਲਾਹ ਲੈ ਕੇ ਮੁਸ਼ਕਿਲਾਂ ਦਾ ਹੱਲ ਕੀਤਾ। – ਅਰੁਣੇਸ਼ ਤ੍ਰਿਪਾਠੀ
ਦੋਨਾਂ ਭਰਾਵਾਂ ਦੁਆਰਾ ਕੀਤੀ ਇਸ ਨਵੀਂ ਸ਼ੁਰੂਆਤ ਦੇ ਕਾਰਨ ਉਹਨਾਂ ਦੀ ਫ਼ਸਲ ਦਾ ਉਤਪਾਦਨ ਕਾਫੀ ਵਧੀਆ ਹੋਇਆ, ਜੋ ਕਿ ਲਗਭਗ 1 ਲੱਖ ਪ੍ਰਤੀ ਬਿੱਘਾ ਸੀ। ਉਹਨਾਂ ਦੇ ਖੇਤ ਵਿੱਚ ਤਿਆਰ ਹੋਈ ਕੇਲੇ ਦੀ ਫ਼ਸਲ ਦੀ ਗੁਣਵੱਤਾ ਕਾਫੀ ਵਧੀਆ ਸੀ, ਜਿਸ ਦੇ ਸਿੱਟੇ ਵਜੋਂ ਕਈ ਕੰਪਨੀਆਂ ਵਾਲੇ ਉਨ੍ਹਾਂ ਨਾਲ ਸਿੱਧਾ ਵਪਾਰ ਕਰਨ ਲਈ ਸੰਪਰਕ ਕਰਨ ਲੱਗੇ।
ਕੇਲਾ ਸਦਾਬਹਾਰ, ਪੋਸ਼ਟਿਕ ਫਲ ਹੈ। ਕੇਲੇ ਦੀ ਮਾਰਕੀਟਿੰਗ ਕਰਨ ਵਿੱਚ ਸਾਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ, ਕਿਉਂਕਿ ਵਪਾਰੀ ਸਿੱਧੇ ਸਾਡੇ ਖੇਤ ਵਿੱਚ ਆ ਕੇ ਕੇਲੇ ਲੈ ਜਾਂਦੇ ਹਨ। ਕੇਲੇ ਦੀ ਖੇਤੀ ਦੇ ਨਾਲ-ਨਾਲ ਅਸੀਂ ਕਣਕ ਦੀ ਪੈਦਾਵਾਰ ਵੀ ਵੱਡੇ ਪੱਧਰ ‘ਤੇ ਕਰਦੇ ਹਾਂ। – ਅਮਿਤੇਸ਼ ਤ੍ਰਿਪਾਠੀ
ਦੋਨਾਂ ਭਰਾਵਾਂ ਨੇ ਆਪਣੀ ਮਿਹਨਤ ਅਤੇ ਸੋਚ-ਸਮਝ ਦੇ ਨਾਲ ਆਪਣੇ ਪਿਤਾ ਵੱਲੋਂ ਸ਼ੁਰੂ ਕੀਤੇ ਕੇਲੇ ਦੀ ਖੇਤੀ ਦੇ ਕਾਰੋਬਾਰ ਨੂੰ ਵੱਡੇ ਪੱਧਰ ‘ਤੇ ਲੈ ਕੇ ਜਾਣ ਦੇ ਸੁਪਨੇ ਨੂੰ ਸੱਚ ਕਰ ਦਿਖਾਇਆ।
ਕਿਸਾਨ ਹੋਣ ਦੇ ਨਾਲ-ਨਾਲ ਅਮਿਤੇਸ਼ ਪਿੰਡ ਦੇ ਪ੍ਰਧਾਨ ਹੋਣ ਨਾਤੇ ਆਪਣੇ ਫ਼ਰਜ਼ਾਂ ਨੂੰ ਵੀ ਪੂਰੇ ਇਮਾਨਦਾਰੀ ਨਾਲ ਨਿਭਾ ਰਹੇ ਹਨ। ਇਸੇ ਕਾਰਨ ਪੂਰੇ ਸ਼ਹਿਰ ਦੇ ਚੰਗੇ ਕਿਸਾਨਾਂ ਵਿੱਚ ਦੋਨਾਂ ਭਰਾਵਾਂ ਦਾ ਨਾਮ ਕਾਫੀ ਮਸ਼ਹੂਰ ਹੈ।
ਆਉਣ ਵਾਲੇ ਸਮੇਂ ਵਿੱਚ ਦੋਵੇਂ ਭਰਾ ਮਿਲ ਕੇ ਆਪਣੀ ਫੈਕਟਰੀ ਲਗਾ ਕੇ ਕੇਲੇ ਦੇ ਪੌਦੇ ਆਪ ਤਿਆਰ ਕਰਨਾ ਚਾਹੁੰਦੇ ਹਨ ਅਤੇ ਆਪਣੇ ਪਿਤਾ ਵਾਂਗ ਇੱਕ ਸਫਲ ਕਿਸਾਨ ਬਣਨਾ ਚਾਹੁੰਦੇ ਹਨ।