ਕਿਵੇਂ ਇੱਕ ਵਿਅਕਤੀ ਨੇ ਆਪਣੇ ਜ਼ਮੀਰ ਦੀ ਆਵਾਜ਼ ਨੂੰ ਸੁਣਿਆ ਅਤੇ ਬਾਗਬਾਨੀ ਨੂੰ ਆਪਣੀ ਰਿਟਾਇਰਮੈਂਟ ਯੋਜਨਾ ਦੇ ਰੂਪ ਵਿੱਚ ਚੁਣਿਆ
ਰਾਜਸਥਾਨ ਦੀ ਸੁੱਕੀ ਜ਼ਮੀਨ ‘ਤੇ ਅਨਾਰ ਉਗਾਉਣਾ, ਇੱਕ ਅਜੀਬ ਅਤੇ ਅਸਫ਼ਲ ਵਿਚਾਰ ਲੱਗਦਾ ਹੈ, ਪਰ ਮਜ਼ਬੂਤ ਇਰਾਦੇ, ਜ਼ਿੱਦ ਅਤੇ ਉੱਚ ਘਣਤਾ ਦੀਆਂ ਖੇਤੀ ਤਕਨੀਕਾਂ ਨਾਲ ਕੈਪਟਨ ਲਲਿਤ ਨੇ ਇਸ ਨੂੰ ਸੰਭਵ ਕਰ ਦਿਖਾਇਆ।
ਕਈ ਖੇਤਰਾਂ ਵਿੱਚ ਮਾਹਿਰ ਹੋਣ ਅਤੇ ਆਪਣੇ ਜੀਵਨ ਵਿੱਚ ਕਈ ਕਾਰੋਬਾਰਾਂ ਦਾ ਅਨੁਭਵ ਕਰਨ ਤੋਂ ਬਾਅਦ, ਅਖੀਰ ਵਿੱਚ ਕੈਪਟਨ ਲਲਿਤ ਨੇ ਬਾਗਬਾਨੀ ਨੂੰ ਆਪਣੀ ਰਿਟਾਇਰਮੈਂਟ ਯੋਜਨਾ ਦੇ ਰੂਪ ਵਿੱਚ ਚੁਣਿਆ ਅਤੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਆਪਣੇ ਮੂਲ ਸਥਾਨ-11 Eea ਵਿੱਚ ਵਾਪਿਸ ਆ ਗਏ। ਪਰ ਕਈ ਸ਼ਹਿਰਾਂ ਵਿੱਚ ਰਹਿ ਰਹੇ ਲੋਕਾਂ ਲਈ, ਖੇਤੀਬਾੜੀ ਇੱਕ ਚੰਗੀ ਰਿਟਾਇਰਮੈਂਟ ਯੋਜਨਾ ਨਹੀਂ ਹੁੰਦੀ, ਪਰ ਲਲਿਤ ਜੀ ਨੇ ਆਪਣੀ ਆਤਮਾ ਦੀ ਆਵਾਜ਼ ਨੂੰ ਸਹੀ ਵਿੱਚ ਸੁਣਿਆ ਅਤੇ ਖੇਤੀਬਾੜੀ ਵਰਗੇ ਮਹਾਨ ਅਤੇ ਮੂਲ ਕਾਰੋਬਾਰ ਨੂੰ ਇੱਕ ਮੌਕਾ ਦੇਣ ਬਾਰੇ ਸੋਚਿਆ।
ਲਲਿਤ ਜੀ ਸ਼ੁਰੂ ਤੋਂ ਹੀ ਸਰਗਰਮ ਅਤੇ ਉਤਸ਼ਾਹੀ ਵਿਅਕਤੀ ਸਨ, ਉਹਨਾਂ ਨੇ ਕਾਲਜ ਵਿੱਚ ਪੜ੍ਹਦੇ ਸਮੇਂ ਹੀ ਖੁਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਆਪਣੀ ਗ੍ਰੈਜ਼ੂਏਸ਼ਨ ਪੂਰੀ ਕਰਨ ਤੋਂ ਬਾਅਦ, ਉਹਨਾਂ ਨੇ ਕੋਮਰਸ਼ਿਅਲ ਪਾਇਲੇਟ ਦਾ ਲਾਇਸੰਸ ਪ੍ਰਾਪਤ ਕੀਤਾ ਅਤੇ ਪਾਇਲੇਟ ਦਾ ਪੇਸ਼ਾ ਅਪਣਾਇਆ। ਪਰ ਉਹਨਾਂ ਨੇ ਜੋ ਕੀਤਾ, ਇਹ ਸਭ ਕੁੱਝ ਨਹੀਂ ਸੀ। ਇੱਕ ਸਮਾਂ ਸੀ ਜਦੋਂ ਕੰਪਿਊਟਰ ਦੀ ਸਿੱਖਿਆ ਭਾਰਤ ਵਿੱਚ ਹਰ ਜਗ੍ਹਾ ਸ਼ੁਰੂ ਕੀਤੀ ਗਈ ਸੀ, ਇਸ ਲਈ ਇਸ ਮੌਕੇ ਨੂੰ ਨਾ ਗਵਾਉਂਦੇ ਹੋਏ ਉਹਨਾਂ ਨੇ ਇੱਕ ਨਵਾਂ ਉੱਦਮ ਸ਼ੁਰੂ ਕੀਤਾ ਅਤੇ ਜੈਪੁਰ ਸ਼ਹਿਰ ਵਿੱਚ ਇੱਕ ਕੰਪਿਊਟਰ ਸਿੱਖਿਆ ਕੇਂਦਰ ਖੋਲ੍ਹਿਆ। ਜਲਦੀ ਹੀ ਕੁੱਝ ਸਮੇਂ ਬਾਅਦ ਉਹਨਾਂ ਨੇ ਅੋਰੇਕਲ ਟੈਸਟ ਪਾਸ ਕੀਤਾ ਅਤੇ ਇੱਕ ਅੋਰੇਕਲ ਪ੍ਰਮਾਣਿਤ ਕੰਪਿਊਟਰ ਟ੍ਰੇਨਰ ਬਣ ਗਏ। ਉਹਨਾਂ ਦਾ ਕੰਪਿਊਟਰ ਸਿੱਖਿਆ ਕੇਂਦਰ ਕੁੱਝ ਸਾਲ ਤੱਕ ਵਧੀਆ ਚੱਲਿਆ ਪਰ ਲੋਕਾਂ ਦੀ ਕੰਪਿਊਟਰ ਵਿੱਚ ਘੱਟ ਦਿਲਚਸਪੀ ਕਾਰਨ ਇਸ ਕਾਰੋਬਾਰ ਤੋਂ ਮਿਲਣ ਵਾਲਾ ਮੁਨਾਫਾ ਘੱਟ ਹੋ ਗਿਆ ਅਤੇ ਉਹਨਾਂ ਨੇ ਆਪਣੇ ਇਸ ਉੱਦਮ ਨੂੰ ਬੰਦ ਕਰ ਦਿੱਤਾ।
ਉਹਨਾਂ ਦੇ ਰੁਜ਼ਗਾਰ ਵਿੱਚ ਵਿਕਲਪਾਂ ਨੂੰ ਦੇਖਦੇ ਹੋਏ ਇਹ ਤਾਂ ਸਪੱਸ਼ਟ ਹੈ ਕਿ ਸ਼ੁਰੂਆਤ ਤੋਂ ਹੀ ਉਹ ਇੱਕ ਅਨੌਖਾ ਪੇਸ਼ਾ ਚੁਣਨ ਵਿੱਚ ਦਿਲਚਸਪੀ ਰੱਖਦੇ ਸੀ, ਜਿਸ ਵਿੱਚ ਕੁੱਝ ਨਵੀਆਂ ਚੀਜ਼ਾਂ ਸ਼ਾਮਿਲ ਹੋਣ, ਫਿਰ ਭਾਵੇਂ ਉਹ ਰੁਝਾਨ, ਤਕਨੀਕੀ ਜਾਂ ਹੋਰ ਚੀਜ਼ਾਂ ਦੇ ਬਾਰੇ ਵਿੱਚ ਹੋਵੇ। ਫਿਰ ਉਨ੍ਹਾਂ ਨੇ ਅਗਲਾ ਕੰਮ ਸ਼ੁਰੂ ਕੀਤਾ। ਉਹਨਾਂ ਨੇ ਜੈਪੁਰ ਸ਼ਹਿਰ ਵਿੱਚ ਕਿਰਾਏ ‘ਤੇ ਥੋੜ੍ਹੀ ਜ਼ਮੀਨ ਲੈ ਕੇ ਵਿਦੇਸ਼ੀ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਵਪਾਰਕ ਉਦੇਸ਼ ਲਈ ਕੀਤੀ ਅਤੇ ਕਈ ਪੰਜ ਤਾਰਾ ਹੋਟਲਾਂ ਨੇ ਉਹਨਾਂ ਦੇ ਉਤਪਾਦਨ ਨੂੰ ਖਰੀਦਿਆ।
“ਜਦੋਂ ਮੈਂ ਵਿਦੇਸ਼ੀ ਸਬਜੀਆਂ ਜਿਵੇਂ ਥਾਈਮ, ਬੇਬੀ ਮੱਕੀ, ਬਰੌਕਲੀ, ਲੈਟੱਸ ਆਦਿ ਨੂੰ ਉਗਾਇਆ, ਉਸ ਸਮੇਂ ਇਲਾਕੇ ਦੇ ਲੋਕ ਮੇਰਾ ਮਖੌਲ ਉਡਾਉਂਦੇ ਸਨ ਕਿਉਂਕਿ ਉਹਨਾਂ ਦੇ ਲਈ ਵਿਦੇਸ਼ੀ ਸਬਜ਼ੀਆਂ ਨਵੀਆਂ ਸਨ ਅਤੇ ਉਹ ਮੱਕੀ ਦੇ ਛੋਟੇ ਰੂਪ ਅਤੇ ਫੁੱਲ ਗੋਭੀ ਦੇ ਹਰੇ ਰੂਪ ਨੂੰ ਦੇਖ ਕੇ ਹੈਰਾਨ ਹੁੰਦੇ ਸਨ। ਪਰ ਅੱਜ ਉਹ ਪਿੱਜ਼ਾ, ਬਰਗਰ ਅਤੇ ਸਲਾਦ ਵਿੱਚ ਇਨ੍ਹਾਂ ਸਬਜ਼ੀਆਂ ਨੂੰ ਖਾ ਰਹੇ ਹਨ।”
ਜਦੋਂ ਉਹ ਵਿਦੇਸ਼ੀ ਸਬਜ਼ੀਆਂ ਦੀ ਖੇਤੀ ਕਰ ਰਹੇ ਸਨ, ਇਸ ਦੌਰਾਨ ਉਹਨਾਂ ਨੇ ਮਹਿਸੂਸ ਕੀਤਾ ਕਿ ਖੇਤੀਬਾੜੀ ਵਿੱਚ ਨਿਵੇਸ਼ ਕਰਨਾ ਸਭ ਤੋਂ ਚੰਗਾ ਵਿਚਾਰ ਹੈ ਅਤੇ ਇਸ ਕਾਰੋਬਾਰ ਨੂੰ ਵਧਾਉਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੇ ਕੋਲ ਪਹਿਲਾਂ ਹੀ ਆਪਣੇ ਮੂਲ ਸਥਾਨ ਵਿੱਚ ਇੱਕ ਜੱਦੀ ਜਾਇਦਾਦ (12 ਬਿੱਘਾ ਜ਼ਮੀਨ) ਸੀ। ਇਸ ਲਈ ਉਹਨਾਂ ਨੇ ਇਸ ‘ਤੇ ਕਿੰਨੂ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਹ ਕਿੰਨੂ ਦੀ ਖੇਤੀ ਸ਼ੁਰੂ ਕਰਨ ਦੇ ਵਿਚਾਰ ਨੂੰ ਲੈ ਕੇ ਆਪਣੇ ਪਿੰਡ ਵਾਪਸ ਆ ਗਏ, ਪਰ ਕਈ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਬਾਅਦ ਉਹਨਾਂ ਨੂੰ ਲੱਗਿਆ ਕਿ ਹਰੇਕ ਵਿਅਕਤੀ ਇੱਕ ਹੀ ਕੰਮ ਕਰ ਰਿਹਾ ਹੈ ਅਤੇ ਉਹਨਾਂ ਨੂੰ ਕੁੱਝ ਅਲੱਗ ਕਰਨਾ ਚਾਹੀਦਾ ਹੈ।
ਇਹ ਉਹ ਸਮਾਂ ਸੀ ਜਦੋਂ ਉਹਨਾਂ ਨੇ ਵਿਭਿੰਨ ਫਲਾਂ ‘ਤੇ ਰਿਸਰਚ ਕਰਨੀ ਸ਼ੁਰੂ ਕੀਤੀ ਅਤੇ ਵਿਭਿੰਨ ਸ਼ਹਿਰਾਂ ਵਿੱਚ ਅਲੱਗ-ਅਲੱਗ ਖੇਤਾਂ ਦਾ ਦੌਰਾ ਕੀਤਾ। ਆਪਣੀ ਰਿਸਰਚ ਤੋਂ ਉਹਨਾਂ ਨੇ ਇੱਕ ਖਾਸ ਫਲ ਅਤੇ ਇੱਕ ਆਮ ਫਲ ਉਗਾਉਣ ਸਿੱਟਾ ਕੱਢਿਆ। ਉਹਨਾਂ CISH(ਕੇਂਦਰੀ ਉਪੋਸ਼ਣ ਬਾਗਬਾਨੀ ਲਖਨਊ) ਤੋਂ ਸਲਾਹ ਲਈ ਅਤੇ 2015 ਵਿੱਚ, ਅਨਾਰ ਅਤੇ ਅਮਰੂਦ ਦੀ ਖੇਤੀ ਸ਼ੁਰੂ ਕੀਤੀ। ਉਹਨਾਂ ਨੇ 6 ਬਿੱਘਾ ਖੇਤਰ ਵਿੱਚ ਅਨਾਰ (ਸਿੰਦੂਰੀ ਕਿਸਮ) ਅਤੇ ਹੋਰ 6 ਬਿੱਘਾ ਖੇਤਰਾਂ ਵਿੱਚ ਅਮਰੂਦ ਦੀ ਖੇਤੀ ਸ਼ੁਰੂ ਕੀਤੀ। ਰਿਸਰਚ ਅਤੇ ਸਹਾਇਤਾ ਦੇ ਲਈ ਉਹਨਾਂ ਮੋਬਾਇਲ ਅਤੇ ਇੰਟਰਨੈੱਟ ਨੂੰ ਆਪਣੀ ਕਿਤਾਬ ਅਤੇ ਟੀਚਰ ਬਣਾਇਆ।
“ਸ਼ੁਰੂ ਵਿੱਚ, ਮੈਂ ਰਾਜਸਥਾਨ ਐਗਰੀਕਲਚਰ ਯੂਨੀਵਰਸਿਟੀ ਤੋਂ ਵੀ ਸਲਾਹ ਲਈ, ਪਰ ਉਹਨਾਂ ਕਿਹਾ ਕਿ ਰਾਜਸਥਾਨ ਵਿੱਚ ਅਨਾਰ ਦੀ ਖੇਤੀ ਸੰਭਵ ਨਹੀਂ ਹੈ ਅਤੇ ਮੇਰਾ ਮਖੌਲ ਉਡਾਇਆ।”
ਉਹਨਾਂ ਨੇ ਉੱਚ-ਗੁਣਵੱਤਾ ਅਤੇ ਉੱਚ ਮਾਤਰਾ ਵਿੱਚ ਅਨਾਰ ਦਾ ਉਤਪਾਦਨ ਕਰਨ ਲਈ ਉੱਚ ਘਣਤਾ ਵਾਲੀ ਤਕਨੀਕ ਨੂੰ ਅਪਣਾਇਆ। ਖੇਤੀਬਾੜੀ ਤਕਨੀਕ ਵਿੱਚ ਉਨ੍ਹਾਂ ਨੇ ਕੇਨੋਪੀ ਪ੍ਰਬੰਧਨ ਅਪਣਾਇਆ ਅਤੇ 20 x 20 ਮੀਟਰ ਦੇ ਖੇਤਰ ਵਿੱਚ ਅਨਾਰ ਦੇ ਪੌਦੇ ਉਗਾਏ। ਇਸ ਤਰ੍ਹਾਂ ਕਰਨ ਨਾਲ ਇੱਕ ਪੌਦਾ ਇੱਕ ਮੌਸਮ ਵਿੱਚ 20 ਕਿੱਲੋ ਫਲ ਦਿੰਦਾ ਹੈ ਅਤੇ 7 ਪੌਦੇ 140 ਕਿੱਲੋ ਫਲ ਦਿੰਦੇ ਹਨ। ਇਸ ਤਰੀਕੇ ਨਾਲ ਉਹਨਾਂ ਨੇ ਘੱਟ ਖੇਤਰ ਵਿੱਚ ਜ਼ਿਆਦਾ ਰੁੱਖ ਲਗਾਏ ਅਤੇ ਇਸ ਨਾਲ ਭਵਿੱਖ ਵਿੱਚ ਵੀ ਚੰਗਾ ਮੁਨਾਫ਼ਾ ਕਮਾਉਣਗੇ। ਇਸ ਤੋਂ ਇਲਾਵਾ, ਉੱਚ ਘਣਤਾ ਵਾਲੀ ਖੇਤੀ ਦੇ ਕਾਰਨ, ਰੁੱਖਾਂ ਦਾ ਕੱਦ ਅਤੇ ਚੌੜ੍ਹਾਈ ਘੱਟ ਹੁੰਦੀ ਹੈ, ਇਸ ਨਾਲ ਫਾਰਮ ਦੇ ਪ੍ਰਬੰਧਨ ਲਈ ਜ਼ਿਆਦਾ ਲੇਬਰ ਦੀ ਲੋੜ ਨਹੀਂ ਪੈਂਦੀ।
ਕੈਪਟਨ ਲਲਿਤ ਨੇ ਆਪਣੀ ਖੇਤੀ ਦੇ ਤਰੀਕਿਆਂ ਵਿੱਚ ਬਹੁਤ ਮਸ਼ੀਨੀਕਰਨ ਲਿਆਂਦਾ। ਵਧੀਆ ਉਪਜ ਅਤੇ ਪ੍ਰਭਾਵੀ ਨਤੀਜਿਆਂ ਲਈ, ਉਨ੍ਹਾਂ ਨੇ ਆਪ ਇੱਕ ਟੈਂਕ-ਕਮ-ਮਸ਼ੀਨ ਬਣਾਈ ਹੈ ਅਤੇ ਇਸ ਦੇ ਨਾਲ ਇੱਕ ਚਿੱਕੜ ਪੰਪ ਨੂੰ ਜੋੜਿਆ ਹੈ। ਇਸ ਦੇ ਅੰਦਰ ਘੁੰਮਣ ਦੇ ਲਈ ਇੱਕ ਸ਼ਾਫਟ ਲਗਾਈ ਹੈ, ਜਿਸ ਨਾਲ ਫਾਰਮ ਵਿੱਚ ਸਲੱਰੀ ਅਤੇ ਜੀਵ ਅੰਮ੍ਰਿਤ ਆਸਾਨੀ ਨਾਲ ਫੈਲਾ ਦਿੱਤਾ ਜਾਂਦਾ ਹੈ। ਫਾਰਮ ਦੇ ਅੰਦਰ ਇਸ ਨੂੰ ਚਲਾਉਣ ਦੇ ਲਈ ਉਹ ਇੱਕ ਛੋਟੇ ਟ੍ਰੈਕਟਰ ਦੀ ਵਰਤੋਂ ਕਰਦੇ ਹਨ। ਜਦੋਂ ਇਸ ਨੂੰ ਕਿਫਾਇਤੀ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਬਾਜ਼ਾਰ ਤੋਂ NPK ਬਾਇਓ-ਖਾਦ ਦੀ ਸਿਰਫ਼ ਇੱਕ ਬੋਤਲ ਖਰੀਦ ਕੇ ਸਾਰੀਆਂ ਖਾਦਾਂ, ਫਿਸ਼ ਅਮੀਨੋ ਐਸਿਡ ਖਾਦ, ਜੀਵਾਣੂ ਅਤੇ ਫੰਗਸ ਇਹਨਾਂ ਸਾਰਿਆਂ ਨੂੰ ਆਪਣੇ ਫਾਰਮ ‘ਤੇ ਆਪ ਤਿਆਰ ਕਰਦੇ ਹਨ। ਉਹ ਸਪਰੇਅ ਦੁਆਰਾ ਬਾਇਓ-ਕਲਚਰ ਨੂੰ ਮਿਕਸ ਕਰ ਲੈਂਦੇ ਹਨ।
ਉਹਨਾਂ ਨੇ ਰਾਠੀ ਨਸਲ ਦੀਆਂ ਦੋ ਗਾਵਾਂ ਲਿਆਂਦੀਆਂ, ਜਿਹਨਾਂ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਸੀ ਅਤੇ ਉਹ ਉਹਨਾਂ ਗਾਵਾਂ ਦੀ ਵਰਤੋਂ ਜੀਵ ਅੰਮ੍ਰਿਤ ਅਤੇ ਖਾਦ ਬਣਾਉਣ ਦੇ ਲਈ ਕਰਦੇ ਹਨ। ਇਹ ਇੱਕ ਅਹਿਮ ਚੀਜ਼ ਜਿਸ ਦੀ ਵਰਤੋਂ ਉਹ ਖਾਦ ਵਿੱਚ ਕਰਦੇ ਹਨ – “ਅਗਨੀਹੋਤਰੀ ਭਭੂਤੀ”, ਜੋ ਕਿ ਹਵਨ ‘ਚੋਂ ਪ੍ਰਾਪਤ ਕੀਤੀ ਰਾਖ ਹੁੰਦੀ ਹੈ।
“ਅਗਨੀਹੋਤਰੀ ਭਭੂਤੀ ਦੀ ਵਰਤੋਂ ਕਰਨ ਦਾ ਕਾਰਨ ਇਹ ਹੈ ਕਿ ਇਹ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਮਦਦ ਕਰਦੀ ਹੈ ਅਤੇ ਇਸ ਅਧਿਆਤਮਿਕ ਖੇਤੀ ਦਾ ਇੱਕ ਤਰੀਕਾ ਹੈ। ਅਧਿਆਤਮਿਕ ਦਾ ਅਰਥ ਹੈ ਕਿ ਖੇਤੀ ਦਾ ਉਹ ਤਰੀਕਾ ਜੋ ਪ੍ਰਮਾਤਮਾ ਨਾਲ ਸੰਬੰਧਿਤ ਹੈ।”
ਉਹਨਾਂ ਨੇ 50 x 50 ਮੀਟਰ ਦੇ ਖੇਤਰ ਵਿੱਚ ਮੀਂਹ ਦਾ ਪਾਣੀ ਬਚਾ ਕੇ ਖੇਤ ਦੀ ਸਿੰਚਾਈ ਦੇ ਤੌਰ ‘ਤੇ ਵਰਤਣ ਲਈ ਇੱਕ ਸਰੋਵਰ ਵੀ ਬਣਾਇਆ ਹੈ। ਸ਼ੁਰੂਆਤ ਵਿੱਚ ਉਹਨਾਂ ਦਾ ਫਾਰਮ ਪੂਰੀ ਤਰ੍ਹਾਂ ਵਾਤਾਵਰਨ ਲਈ ਅਨੁਕੂਲ ਸੀ, ਕਿਉਂਕਿ ਉਹ ਸਭ ਕੁੱਝ ਪ੍ਰਬੰਧਿਤ ਕਰਨ ਲਈ ਸੋਲਰ ਊਰਜਾ ਦਾ ਪ੍ਰਯੋਗ ਕਰਦੇ ਸਨ, ਪਰ ਹੁਣ ਉਹਨਾਂ ਨੂੰ ਸਰਕਾਰ ਤੋਂ ਬਿਜਲੀ ਮਿਲ ਰਹੀ ਹੈ।
ਉਹਨਾਂ ਦਾ ਅਨਾਰ ਅਤੇ ਅਮਰੂਦ ਦੀ ਖੇਤੀ ਦਾ ਪੂਰਾ ਪ੍ਰੋਜੈੱਕਟ ਰਾਸ਼ਟਰੀ ਬਾਗਬਾਨੀ ਬੋਰਡ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਸਬਸਿਡੀ ਮਿਲਦੀ ਹੈ।
ਬਹੁਤ ਸਾਰੇ ਲੋਕਾਂ ਦੁਆਰਾ ਉਨ੍ਹਾਂ ਦੇ ਖੇਤੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਜਿਸ ਯੂਨੀਵਰਸਿਟੀ ਨੇ ਉਹਨਾਂ ਦਾ ਮਖੌਲ ਬਣਾਇਆ ਸੀ, ਉਹ ਹੁਣ ਉਹਨਾਂ ਨੂੰ ਸਮਾਰੋਹ ਵਿੱਚ ਮਹਿਮਾਨ ਦੇ ਤੌਰ ‘ਤੇ ਸੱਦਾ ਦਿੰਦੇ ਹਨ ਅਤੇ ਉਹਨਾਂ ਤੋਂ ਉੱਚ ਘਣਤਾ ਵਾਲੀ ਖੇਤੀ ਅਤੇ ਕਾਂਟ-ਛਾਂਟ ਦੀਆਂ ਤਕਨੀਕਾਂ ਦੇ ਨਾਲ-ਨਾਲ ਸਲਾਹ ਮਸ਼ਵਰਾ ਵੀ ਲੈਂਦੇ ਹਨ।
ਹੁਣ ਉਹਨਾਂ ਨੇ 12 ਬਿੱਘਾ ਖੇਤਰ ਵਿੱਚ 5000 ਪੌਦੇ ਲਾਏ ਹਨ ਅਤੇ ਪੌਦਿਆਂ ਦੀ ਉਮਰ 2 ਸਾਲ 4 ਮਹੀਨੇ ਹੈ। ਉੱਚ ਘਣਤਾ ਵਾਲੀ ਖੇਤੀ ਦੁਆਰਾ ਅਨਾਰ ਦੇ ਪੌਦਿਆਂ ਨੇ ਫਲ ਦੇਣਾ ਸ਼ੁਰੂ ਵੀ ਕਰ ਦਿੱਤਾ ਹੈ, ਪਰ ਉਹ ਅਗਲੇ ਸਾਲ ਅਸਲ ਵਪਾਰਕ ਉਪਜ ਦੀ ਉਮੀਦ ਕਰ ਰਹੇ ਹਨ।
“ਆਪਣੀ ਰਿਸਰਚ ਦੌਰਾਨ ਮੈਂ ਕੁੱਝ ਦੱਖਣੀ ਭਾਰਤੀ ਰਾਜਾਂ ਦਾ ਵੀ ਦੌਰਾ ਕੀਤਾ ਅਤੇ ਉੱਥੇ ਪਹਿਲਾਂ ਹੀ ਉੱਚ ਘਣਤਾ ਵਾਲੀ ਖੇਤੀ ਕੀਤੀ ਜਾ ਰਹੀ ਹੈ। ਉੱਤਰ ਭਾਰਤ ਦੇ ਕਿਸਾਨਾਂ ਨੂੰ ਵੀ ਇਸ ਤਕਨੀਕ ਨੂੰ ਅਪਨਾਉਣਾ ਚਾਹੀਦਾ ਹੈ, ਕਿਉਂਕਿ ਇਹ ਹਰ ਤਰ੍ਹਾਂ ਨਾਲ ਫਾਇਦੇਮੰਦ ਹੈ।”
ਇਹ ਸਭ ਸ਼ੁਰੂ ਕਰਨ ਤੋਂ ਪਹਿਲਾਂ, ਉਹਨਾਂ ਨੂੰ ਉੱਚ ਘਣਤਾ ਵਾਲੀ ਖੇਤੀ ਬਾਰੇ ਸਿਧਾਂਤਿਕ ਗਿਆਨ ਸੀ, ਪਰ ਉਹਨਾਂ ਦੇ ਕੋਲ ਵਿਵਹਾਰਿਕ ਅਨੁਭਵ ਨਹੀਂ ਸੀ। ਪਰ ਹੌਲੀ-ਹੌਲੀ ਸਮੇਂ ਦੇ ਨਾਲ ਉਹ ਇਸ ਨੂੰ ਵੀ ਪ੍ਰਾਪਤ ਕਰ ਰਹੇ ਹਨ। ਉਹਨਾਂ ਦੇ ਕੋਲ 2 ਕਰਮਚਾਰੀ ਹਨ ਜਿਹਨਾਂ ਦੀ ਸਹਾਇਤਾ ਨਾਲ ਉਹ ਆਪਣੇ ਫਾਰਮ ਦਾ ਪ੍ਰਬੰਧਨ ਕਰਦੇ ਹਨ।
ਜਦੋਂ ਇੱਕ ਕਿਸਾਨ ਖੇਤੀਬਾੜੀ ਕਰਨੀ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਉਦਯੋਗ ਦੀ ਤਰ੍ਹਾਂ ਨਿਵੇਸ਼ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ, ਤਦ ਹੀ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਦੇ ਇਲਾਵਾ ਜੇਕਰ ਕਿਸਾਨ ਖੇਤੀ ਵਿੱਚ ਕੁਸ਼ਲਤਾ ਹਾਸਲ ਕਰਨਾ ਚਾਹੁੰਦੇ ਹਨ ਤਾਂ ਅੱਜ ਹਰ ਕਿਸਾਨ ਨੂੰ ਮਸ਼ੀਨੀਕਰਨ ਵੱਲ ਆਉਣ ਦੀ ਜ਼ਰੂਰਤ ਹੈ।
“ਜਦੋਂ ਤੱਕ ਕਿਸਾਨ ਰਵਾਇਤੀ ਖੇਤੀ ਕਰਨਾ ਨਹੀਂ ਛੱਡਦੇ ਤੱਦ ਤੱਕ ਉਹ ਮਜ਼ਬੂਤ ਅਤੇ ਸੁਤੰਤਰ ਨਹੀਂ ਹੋ ਸਕਦੇ। ਖਾਸ ਤੌਰ ‘ਤੇ ਉਹ ਕਿਸਾਨ ਜਿਹਨਾਂ ਕੋਲ ਘੱਟ ਜ਼ਮੀਨ ਹੈ, ਉਹਨਾਂ ਨੂੰ ਖੁਦ ਪਹਿਲ ਕਰਨੀ ਪਵੇਗੀ ਅਤੇ ਉਹਨਾਂ ਨੂੰ ਬਾਗਬਾਨੀ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਉਹਨਾਂ ਨੂੰ ਸਿਰਫ਼ ਸਹੀ ਦਿਸ਼ਾ ਦੀ ਪਾਲਣਾ ਕਰਨੀ ਚਾਹੀਦੀ ਹੈ।“