ਕਿਵੇਂ ਇੱਕ 26 ਸਾਲਾ ਨੌਜਵਾਨ ਲੜਕੇ ਨੇ ਸਬਜ਼ੀਆਂ ਦੀ ਕਾਸ਼ਤ ਕਰਕੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖ਼ੁਸ਼ੀ ਪ੍ਰਾਪਤ ਕੀਤੀ
ਭਾਰਤ ਕੋਲ ਵਿਸ਼ਵ ਦੀ ਦੂਜੀ ਸਭ ਤੋਂ ਵੱਡੀ ਖੇਤੀਬਾੜੀ ਵਾਲੀ ਜ਼ਮੀਨ ਹੈ ਅਤੇ ਭਾਰਤੀ ਅਰਥ ਵਿਵਸਥਾ ਉੱਤੇ ਇਸਦਾ ਪ੍ਰਭਾਵ ਬਹੁਤ ਵੱਡਾ ਹੈ, ਪਰ ਅੱਜ ਵੀ ਜੇ ਅਸੀ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛਦੇ ਹਾਂ, ਤਾਂ ਬਹੁਤ ਘੱਟ ਨੌਜਵਾਨ ਹੋਣਗੇ ਜੋ ਖੇਤੀ ਜਾਂ ਖੇਤੀਬਾੜੀ ਕਾਰੋਬਾਰ ਦਾ ਨਾਮ ਲੈਂਦੇ ਹਨ।
ਹਰਨਾਮਪੁਰਾ, ਲੁਧਿਆਣਾ ਦੇ 26 ਸਾਲ ਦੇ ਨੌਜਵਾਨ, ਖੁਸ਼ਦੀਪ ਸਿੰਘ ਬੈਂਸ, ਜਿਸਨੇ ਦੋ ਵੱਖ ਵੱਖ ਕੰਪਨੀਆਂ ਚ ਕੰਮ ਕਰਨ ਤੋਂ ਬਾਅਦ ਖੇਤੀ ਕਰਨ ਦਾ ਫੈਸਲਾ ਕੀਤਾ ਅਤੇ ਅੱਜ ਉਹ 28 ਏਕੜ ਜ਼ਮੀਨ ਤੇ ਸਬਜ਼ੀਆਂ ਦੀ ਖੇਤੀ ਕਰ ਰਹੇ ਹਨ।
ਪਰ ਕਿਉਂ, ਉਸ ਨੇ ਆਪਣੀ ਚੰਗੀ ਕਮਾਈ ਵਾਲੀ ਅਤੇ ਅਰਾਮਦਾਇਕ ਨੌਕਰੀ ਛੱਡ ਦਿੱਤੀ ਅਤੇ ਖੇਤੀ ਕਰਨਾ ਸ਼ੁਰੂ ਕਰ ਦਿੱਤਾ? ਇਹ ਖੇਤੀਬਾੜੀ ਵੱਲ ਖੁਸ਼ਦੀਪ ਦਾ ਰੁਝਾਨ ਹੀ ਸੀ।
ਖੁਸ਼ਦੀਪ ਸਿੰਘ ਬੈਂਸ ਉਸ ਪਰਿਵਾਰਿਕ ਪਿਛੋਕੜ ਤੋਂ ਆਉਂਦੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਸੁਖਵਿੰਦਰ ਸਿੰਘ ਮੁੱਖ ਤੌਰ ਤੇ ਰੀਅਲ ਐਸਟੇਟ ਏਜੰਟ ਵਜੋਂ ਕੰਮ ਕਰਦੇ ਸਨ ਅਤੇ ਘਰ ਲਈ ਛੋਟੇ ਪੱਧਰ ਤੇ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਸਨ।ਖੁਸ਼ਦੀਪ ਦੇ ਪਿਤਾ ਹਮੇਸ਼ਾ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਇਕ ਆਰਾਮਦਾਇਕ ਨੌਕਰੀ ਕਰੇ, ਜਿੱਥੇ ਉਹਨੂੰ ਕੰਮ ਸਿਰਫ਼ ਕੁਰਸੀ ਤੇ ਬੈਠ ਕੇ ਕਰਨਾ ਪਵੇ। ਉਹਨਾਂ ਨੇ ਕਦੇ ਸੋਚਿਆ ਹੀ ਨਹੀਂ ਸੀ ਕਿ ਉਹਨਾਂ ਦਾ ਪੁੱਤਰ ਧੁੱਪ ਅਤੇ ਮਿੱਟੀ ਵਿਚ ਕੰਮ ਕਰੇਗਾ। ਪਰ ਜਦੋਂ ਖੁਸ਼ਦੀਪ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਦੇ ਪਿਤਾ ਇਸ ਫੈਸਲੇ ਦੇ ਬਿਲਕੁਲ ਖਿਲਾਫ਼ ਸੀ ਕਿਉਂਕਿ ਉਨ੍ਹਾਂ ਦੇ ਵਿਚਾਰ ਅਨੁਸਾਰ, ਖੇਤੀ ਇੱਕ ਅਜਿਹਾ ਕਾਰੋਬਾਰ ਹੈ ਜਿੱਥੇ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਅਤੇ ਇਹ ਅਜਿਹਾ ਕੰਮ ਨਹੀਂ ਹੈ ਜੋ ਪੜ੍ਹੇ ਲਿਖੇ ਲੋਕਾਂ ਦੁਆਰਾ ਕਰਨਾ ਚਾਹੀਦਾ ਹੈ।
ਜਦੋਂ ਖੁਸ਼ਦੀਪ ਈਸਟਮੈਂਨ ਵਿੱਚ ਕੰਮ ਕਰਦੇ ਸਨ ਤੇ ਉੱਥੇ ਨਵੇਂ ਪੌਦੇ ਤਿਆਰ ਕੀਤੇ ਜਾਂਦੇ ਸਨ ਅਤੇ ਇਹ ਹੀ ਉਹ ਸਮਾਂ ਸੀ ਜਦ ਖੁਸ਼ਦੀਪ ਖੇਤੀ ਵੱਲ ਆਕ੍ਰਸ਼ਿਤ ਹੋਏ। 1 ਸਾਲ ਅਤੇ 8 ਮਹੀਨਿਆਂ ਲਈ ਕੰਮ ਕਰਨ ਤੋਂ ਬਾਅਦ, ਉਸਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਯੂ.ਪੀ.ਐਲ. ਪੈਸਟੀਸਾਈਡਜ਼ (UPL Pesticides) ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਆਪਣੇ ਕੰਮ ਤੋਂ ਸੰਤੁਸ਼ਟ ਨਹੀਂ ਸਨ ਅਤੇ ਉਹ ਕੁੱਝ ਹੋਰ ਕਰਨਾ ਚਾਹੁੰਦੇ ਸਨ। ਇਸ ਲਈ ਈਸਟਮੈਨ ਅਤੇ ਯੂ.ਪੀ.ਐਲ. ਪੈਸਟੀਸਾਇਡਜ਼ ਕੰਪਨੀ ਵਿਚ ਦੋ ਸਾਲ ਕੰਮ ਕਰਨ ਤੋਂ ਬਾਅਦ ਖੁਸ਼ਦੀਪ ਨੇ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕਰਨ ਦਾ ਫੈਸਲਾ ਕੀਤਾ।
ਉਨ੍ਹਾਂ ਨੇ ਕੀੜੇਮਾਰ ਦਵਾਈਆਂ ਦੀ ਵਰਤੋਂ ਕੀਤੀ ਅਤੇ ਆਪਣੀ ਕਲਪਨਾ ਨਾਲੋਂ ਵੱਧ ਫ਼ਸਲਾਂ ਦਾ ਝਾੜ ਲਿਆ। ਹੌਲੀ-ਹੌਲੀ ਉਹਨਾਂ ਨੇ ਆਪਣੇ ਖੇਤੀ ਦੇ ਖੇਤਰ ਨੂੰ ਵਧਾ ਦਿੱਤਾ ਅਤੇ ਹੋਰ ਕਿਸਮਾਂ ਦੀਆਂ ਸਬਜ਼ੀਆਂ ਲਾਉਣੀਆਂ ਸ਼ੁਰੂ ਕੀਤੀਆਂ। ਉਹਨਾਂ ਨੇ ਹਰ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ, ਚਾਹੇ ਮੌਸਮੀ ਹੋਣ ਜਾਂ ਬੇ-ਮੌਸਮੀ।ਉਹਨਾਂ ਨੇ ਮਟਰ ਅਤੇ ਮੱਕੀ ਦੀ ਫ਼ਸਲ ਲਈ Pagro Foods Ltd. ਨਾਲ ਕੰਟ੍ਰੈਕਟ ਸਾਈਨ ਕੀਤਾ ਅਤੇ ਕਾਫੀ ਲਾਭ ਪ੍ਰਾਪਤ ਕੀਤਾ। ਉਹਦੇ ਤੋਂ ਬਾਅਦ 2016 ਵਿੱਚ ਉਹਨਾਂ ਨੇ ਝੋਨਾ, ਫਲੀਆਂ, ਆਲੂ. ਪਿਆਜ਼, ਲੱਸਣ, ਮਟਰ, ਸ਼ਿਮਲਾ ਮਿਰਚ, ਫੁੱਲ ਗੋਭੀ, ਮੂੰਗ ਦੀਆਂ ਫਲੀਆਂ ਅਤੇ ਬਾਸਮਤੀ ਨੂੰ ਵਾਰ-ਵਾਰ ਉਸ ਹੀ ਖੇਤ ਵਿੱਚ ਉਗਾਇਆ। ਖੇਤੀ ਦੇ ਨਾਲ, ਖੁਸ਼ਦੀਪ ਨੇ ਬੀਜ ਦੇ ਨਵੇਂ ਪੌਦੇ ਅਤੇ ਲਸਣ ਅਤੇ ਹੋਰ ਕਈ ਫ਼ਸਲਾਂ ਦੇ ਬੀਜ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਇਸ ਸਹਾਇਕ ਧੰਦੇ ਨਾਲ ਕਾਫੀ ਲਾਭ ਕਮਾਇਆ। ਪਿਛਲੇ ਤਿੰਨ ਸਾਲਾਂ ਤੋਂ, ਉਹ ਪੀ.ਏ.ਯੂ ਲੁਧਿਆਣਾ ਕਿਸਾਨ ਮੇਲੇ ਵਿੱਚ ਆਪਣੇ ਤਿਆਰ ਕੀਤੇ ਬੀਜਾਂ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਹਰ ਵਾਰ ਉਹਨਾਂ ਨੂੰ ਬਹੁਤ ਵਧੀਆ ਪ੍ਰਤੀਕਿਰਿਆ ਮਿਲਦੀ ਹੈ।
ਅੱਜ, ਖੁਸ਼ਦੀਪ ਦੇ ਪਿਤਾ ਅਤੇ ਮਾਤਾ ਦੋਵਾਂ ਨੇ ਆਪਣੇ ਪੁੱਤਰ ਦੀਆਂ ਉਪਲੱਬਧੀਆਂ ‘ਤੇ ਮਾਣ ਹੈ। ਖੁਸ਼ਦੀਪ ਆਪਣੇ ਕੰਮ ਤੋਂ ਖੁਸ਼ ਹੈ ਅਤੇ ਦੂਜੇ ਕਿਸਾਨਾਂ ਨੂੰ ਇਸ ਵੱਲ ਮੋੜਦਾ ਹੈ। ਮੌਜੂਦਾ ਸਮੇਂ, ਉਹ ਸਬਜ਼ੀਆਂ ਦੀ ਕਾਸ਼ਤ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ ਅਤੇ ਭਵਿੱਖ ਵਿੱਚ ਉਹ ਆਪਣੀ ਨਰਸਰੀ ਅਤੇ ਫੂਡ ਪ੍ਰੋਸੈਸਿੰਗ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ।
“ਕਿਸਾਨਾਂ ਨੂੰ ਮੰਡੀਕਰਨ ਲਈ ਕਿਸੇ ਦੂਜੇ ਇਨਸਾਨ ‘ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਉਹਨਾਂ ਨੂੰ ਆਪਣਾ ਕੰਮ ਆਪ ਕਰਨਾ ਚਾਹੀਦਾ ਹੈ। ਇਕ ਹੋਰ ਗੱਲ ਜਿਸਦਾ ਕਿਸਾਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ, ਉਹੀ ਕਰਨਾ ਚਾਹੀਦਾ ਹੈ, ਜੋ ਉਹ ਕਰਨਾ ਚਾਹੁੰਦੇ ਹਨ।