ਅੰਮ੍ਰਿਤ ਸਿੰਘ

ਪੂਰੀ ਕਹਾਣੀ ਪੜ੍ਹੋ

ਕੁਦਰਤੀ ਖੇਤੀ ਰਾਹੀਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਵਿੱਚ ਇਹ ਅਗਾਂਹਵਧੂ ਕਿਸਾਨ ਪਾ ਰਿਹਾ ਯੋਗਦਾਨ

ਖੇਤੀ, ਕੁਦਰਤ ਵੱਲੋਂ ਮਿਲਿਆ ਪੂਰੇ ਸੰਸਾਰ ਨੂੰ ਅਜਿਹਾ ਇੱਕ ਤੋਹਫ਼ਾ ਹੈ, ਜਿਸ ਨਾਲ ਹੀ ਪੂਰੇ ਸੰਸਾਰ ਦਾ ਵਜੂਦ ਹੈ। ਜੇਕਰ ਕੋਈ ਕਿਸਾਨ ਖੇਤੀ ਕਰਨਾ ਛੱਡ ਦੇਵੇ ਤਾਂ ਭੁੱਖਮਰੀ ਦਾ ਸੰਕਟ ਪੈਦਾ ਹੋ ਜਾਵੇਗਾ ਜਿਵੇਂ ਕਿ ਖਾਣ ਲਈ ਖਾਣਾ, ਪਹਿਨਣ ਲਈ ਕੱਪੜੇ ਆਦਿ। ਇਹ ਸਭ ਕੁੱਝ ਮਿੱਟੀ ਵਿੱਚੋਂ ਇੱਕ ਕਿਸਾਨ ਦੁਆਰਾ ਹੀ ਉਗਾਇਆ ਜਾਂਦਾ ਹੈ। ਪਰ ਅੱਜ-ਕੱਲ੍ਹ ਕੁੱਝ ਕਿਸਾਨ ਫਸਲ ਦੀ ਪੈਦਾਵਾਰ ਵਧਾਉਣ ਦੇ ਚੱਕਰ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਵਧੇਰੇ ਮਾਤਰਾ ਵਿੱਚ ਕਰ ਰਹੇ ਹਨ। ਜਿਸ ਨਾਲ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਧਰਤੀ ਵਿੱਚੋਂ ਖ਼ਤਮ ਹੋਣ ਦੇ ਨਾਲ ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ।

ਖੇਤੀ ਕਰ ਰਹੇ ਕਿਸਾਨਾਂ ਵਿੱਚੋਂ ਕੁੱਝ ਕਿਸਾਨ ਅਜਿਹੇ ਵੀ ਹਨ, ਜਿਹੜੇ ਧਰਤੀ ਮਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕੁਦਰਤ ਦੀ ਹੋਂਦ ਨੂੰ ਬਚਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।

ਇੱਕ ਅਜਿਹਾ ਹੀ ਕਿਸਾਨ ਅੰਮ੍ਰਿਤ ਸਿੰਘ ਜੋ ਪਿੰਡ ਵਾਹਿਗੁਰੂਪੁਰਾ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਹਨ। ਉਹ ਪਹਿਲਾਂ ਰਸਾਇਣਿਕ ਖੇਤੀ ਕਰਦੇ ਸਨ ਪਰ ਘਰ ਵਿੱਚ ਇੱਕ ਅਜਿਹੀ ਘਟਨਾ ਹੋਈ ਜਿਸ ਨਾਲ ਪੂਰੇ ਪਰਿਵਾਰ ਨੂੰ ਧੱਕਾ ਲੱਗਿਆ। ਫਿਰ ਅੰਮ੍ਰਿਤ ਨੇ ਰਸਾਇਣਿਕ ਖਾਦਾਂ ਨੂੰ ਛੱਡ ਕੇ ਕੁਦਰਤੀ ਖੇਤੀ ਕਰਨ ਦਾ ਟੀਚਾ ਮਿੱਥਿਆ। ਬੇਸ਼ੱਕ ਪੈਦਾਵਾਰ ਘੱਟ ਹੋਵੇ ਪਰ ਕੁਦਰਤੀ ਖੇਤੀ ਜ਼ਰੂਰ ਕਰਾਂਗਾ।

ਸਾਲ 2011 ਵਿੱਚ ਜਦੋਂ ਅੰਮ੍ਰਿਤ ਪ੍ਰਾਈਵੇਟ ਨੌਕਰੀ ਕਰਨ ਦੇ ਨਾਲ-ਨਾਲ ਖੇਤੀਬਾੜੀ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਸਨ, ਪਰ ਉਸ ਦੌਰਾਨ ਉਨ੍ਹਾਂ ਦਾ ਕੁਦਰਤੀ ਖੇਤੀ ਕਰਨ ਦਾ ਕੋਈ ਇਰਾਦਾ ਵੀ ਨਹੀਂ ਸੀ। ਇੱਕ ਅਜਿਹਾ ਸਮਾਂ ਆਇਆ ਜਦੋਂ ਉਨ੍ਹਾਂ ਦੇ ਪਿਤਾ ਜੀ ਨੂੰ ਸਿਹਤ ਵਿਗੜਨ ਕਰਕੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦਵਾਈਆਂ ਦਾ ਸੇਵਨ ਕਰਨਾ ਪਿਆ। ਬਹੁਤਾ ਇਲਾਜ ਕਰਵਾਉਣ ਤੋਂ ਬਾਅਦ ਜਦੋਂ ਪਿਤਾ ਜੀ ਦੀ ਸਿਹਤ ਵਿੱਚ ਫਰਕ ਪਿਆ, ਤਾਂ ਅੰਮ੍ਰਿਤ ਬਿਮਾਰ ਹੋਣ ਦਾ ਕਾਰਨ ਪੁੱਛਣ ਦੇ ਲਈ ਡਾਕਟਰ ਕੋਲ ਗਏ।

ਅੰਮ੍ਰਿਤ ਵੱਲੋਂ ਸਵਾਲ ਪੁੱਛਣ ਦੇ ਦੌਰਾਨ ਡਾਕਟਰ ਨੇ ਦੱਸਿਆ ਕਿ ਅਸੀਂ ਫਸਲਾਂ ਵਿੱਚ ਜਿਹਨਾਂ ਖਾਦਾਂ ਦਾ ਇਸਤੇਮਾਲ ਕਰਦੇ ਹਨ, ਉਹ ਸਾਡੇ ਸਿਹਤ ਲਈ ਨੁਕਸਾਨਦਾਇਕ ਹਨ।

ਰਸਾਇਣਿਕ ਖਾਦਾਂ ਦੀ ਅਸਲੀਅਤ ਜਾਣ ਕੇ ਅੰਮ੍ਰਿਤ ਦੰਗ ਰਹਿ ਗਿਆ ਕਿ ਅਸੀਂ ਫਸਲਾਂ ਨਹੀਂ ਸਗੋਂ ਜ਼ਹਿਰ ਉਗਾ ਰਹੇ ਹਨ। ਘਰ ਆ ਕੇ ਉਸਨੇ ਪਿਤਾ ਜੀ ਨਾਲ ਸਲਾਹ ਕਰਨ ਤੋਂ ਬਾਅਦ ਕੁਦਰਤੀ ਖੇਤੀ ਕਰਨ ਦਾ ਫੈਸਲਾ ਕੀਤਾ।

ਉਸ ਦੌਰਾਨ ਅੰਮ੍ਰਿਤ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਪੂਰਾ ਧਿਆਨ ਖੇਤੀ ਵੱਲ ਹੀ ਲਗਾ ਦਿੱਤਾ। ਬੇਸ਼ੱਕ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਹਰ ਰੋਜ਼ ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਇਸ ਦੇ ਨਾਲ ਰਵਾਇਤੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਸਬਜ਼ੀਆਂ ਦੀ ਕਾਸ਼ਤ ਕਰਨੀ ਵੀ ਸ਼ੁਰੂ ਕੀਤੀ ਅਤੇ ਕੁਦਰਤੀ ਖੇਤੀ ਕਰਨ ਦੇ ਤਰੀਕਿਆਂ ਬਾਰੇ ਰਿਸਰਚ ਕਰਨ ਲੱਗੇ। ਜਿਵੇਂ-ਜਿਵੇਂ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਪਤਾ ਲੱਗਦਾ ਗਿਆ, ਉਸ ਤਰ੍ਹਾਂ ਹੀ ਉਹ ਉਸਦਾ ਪ੍ਰਯੋਗ ਆਪਣੇ ਖੇਤਾਂ ਵਿੱਚ ਆ ਕੇ ਕਰਦੇ।

ਥੋੜ੍ਹੇ ਸਮੇਂ ਬਾਅਦ ਸਾਲ 2013 ਵਿੱਚ ਵਰਮੀ ਕੰਪੋਸਟ ਦੇ ਬੈੱਡ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ। ਲਗਾਤਾਰ 2 ਸਾਲ ਕੰਮ ਕਰਨ ਤੋਂ ਬਾਅਦ ਵੀ ਅੰਮ੍ਰਿਤ ਨੂੰ ਕੋਈ ਮੁਨਾਫ਼ਾ ਨਹੀਂ ਹੋਇਆ, ਜਿਸ ਦਾ ਮੁੱਖ ਕਾਰਨ ਰਸਾਇਣਿਕ ਤਰੀਕੇ ਨਾਲ ਕੀਤੀ ਖੇਤੀ ਨੇ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਖਤਮ ਹੀ ਕਰ ਦਿੱਤਾ ਸੀ। ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਮੁੜ ਤੋਂ ਸੁਰਜੀਤ ਕਰਨਾ ਅੰਮ੍ਰਿਤ ਲਈ ਬਹੁਤ ਹੀ ਵੱਡੀ ਗੱਲ ਸੀ, ਪਰ ਉਨ੍ਹਾਂ ਨੇ ਹਾਰ ਨਾ ਮੰਨਜ਼ੂਰ ਕੀਤੀ। ਸਾਲ 2016 ਵਿੱਚ ਅੰਮ੍ਰਿਤ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਦੀ ਹੋਂਦ ਨੂੰ ਬਚਾਉਣ ਵਿੱਚ ਸਫਲ ਹੋ ਗਏ।

ਅੰਮ੍ਰਿਤ ਨੇ ਉਹਨਾਂ ਫਸਲਾਂ ਦੀ ਵੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਜਿਹਨਾਂ ਦਾ ਇਸਤੇਮਾਲ ਰੋਜ਼ਾਨਾ ਘਰ ਵਿੱਚ ਜਿਵੇਂ ਮਿਰਚ, ਮੇਥੇ, ਮਸਾਲੇ ਆਦਿ ਖਾਣਾ ਬਣਾਉਣ ਦੇ ਲਈ ਕੀਤਾ ਜਾਂਦਾ ਹੈ। ਜਦੋਂ ਫਸਲ ਪੱਕ ਕੇ ਤਿਆਰ ਹੋਈ, ਤਾਂ ਖੁਦ ਪ੍ਰੋਸੈਸਿੰਗ ਕਰਕੇ ਮਾਰਕੀਟਿੰਗ ਕਰਨ ਲਈ ਦੋਸਤਾਂ ਅਤੇ ਰਿਸ਼ਤੇਦਾਰਾਂ ਵਿੱਚ ਕੁਦਰਤੀ ਖੇਤੀ ਦੀ ਅਹਿਮੀਅਤ ਬਾਰੇ ਸਮਝਾਉਣ ਲੱਗੇ। ਜਿਸ ਨਾਲ ਤਿਆਰ ਕੀਤੇ ਹੋਏ ਉਤਪਾਦਾਂ ਦੀ ਵਿਕਰੀ ਹੋ ਸਕੇ।

ਜਦੋਂ ਅੰਮ੍ਰਿਤ ਜੀ ਦੇ ਬਣਾਏ ਉਤਪਾਦ ਉਨ੍ਹਾਂ ਦੇ ਦੋਸਤ ਅਤੇ ਰਿਸ਼ਤੇਦਾਰ ਪ੍ਰਯੋਗ ਕਰਨ ਲੱਗੇ, ਤਾਂ ਉਨ੍ਹਾਂ ਦੀ ਕਮਾਈ ਵਿੱਚ ਹੌਲੀ-ਹੌਲੀ ਵਾਧਾ ਹੋਣ ਲੱਗਿਆ। ਅੰਮ੍ਰਿਤ ਨੂੰ ਇਹ ਦੇਖ ਕੇ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਉਨ੍ਹਾਂ ਦੇ ਉਤਪਾਦਾਂ ਦੀ ਮਾਰਕੀਟ ਵਿੱਚ ਮੰਗ ਵਧਣੀ ਸ਼ੁਰੂ ਹੋਈ।

ਫਿਰ ਅੰਮ੍ਰਿਤ ਨੇ ਆਪਣੇ ਇਸ ਕੰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨ ਬਾਰੇ ਸੋਚਿਆ, ਜਿਸ ਦੀ ਸ਼ੁਰੂਆਤ ਸਬਜ਼ੀਆਂ, ਗੰਨੇ, ਬਾਸਮਤੀ ਆਦਿ ਹੋਰਨਾਂ ਫਸਲਾਂ ਨਾਲ ਕੀਤੀ ਜੋ ਜੈਵਿਕ ਤਰੀਕੇ ਨਾਲ ਉਗਾਈਆਂ ਜਾਂਦੀਆਂ ਹਨ। ਅੰਮ੍ਰਿਤ ਨੇ ਇਹ ਸਾਬਿਤ ਕਰ ਦਿੱਤਾ ਕਿ ਖੇਤੀ ਬਿਨਾਂ ਰਸਾਇਣਿਕ ਛਿੜਕਾਅ ਤੋਂ ਵੀ ਕੀਤੀ ਜਾ ਸਕਦੀ ਹੈ।

ਅੱਜ ਉਹ ਸਬਜ਼ੀਆਂ ਦੇ ਬੀਜ, ਪਨੀਰੀ, ਜੈਵਿਕ ਖਾਦ ਅਤੇ ਤਿਆਰ ਕੀਤੇ ਹੋਏ ਉਤਪਾਦਾਂ ਦੀ ਮਾਰਕੀਟਿੰਗ ਕਰਨ ਦੇ ਨਾਲ ਬਹੁਤ ਸਾਰੇ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੂਕ ਕਰ ਰਹੇ ਹਨ।

ਸਨਮਾਨ ਚਿੰਨ੍ਹ

  • 2018 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ।
  • 2019 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ‘ਤੇ ਸਕਾਊਟ(Scout) ਦੇ ਤੌਰ ‘ਤੇ ਸਨਮਾਨਿਤ ਕੀਤਾ।
  • ਨਾਭਾ ਫਾਉਂਡੇਸ਼ਨ ਵੱਲੋਂ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੂਕ ਕਰਨ ਸੰਬੰਧੀ ਟਿਕਾਊ ਖੇਤੀ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ।
  • 2019 ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸੰਗਰੂਰ ਵਿੱਚ ਜ਼ਿਲ੍ਹਾ ਪੱਧਰ ਵੱਲੋਂ ਕਰਵਾਏ ਕਿਸਾਨ ਸਿਖਲਾਈ ਕੈਂਪ ਵਿੱਚ ਸਨਮਾਨਿਤ ਕੀਤਾ।
  • 2019-20 ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਰਨਾਲਾ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਸਨਮਾਨਿਤ ਕੀਤਾ।
  • 2021 ਵਿੱਚ ਖੇਤੀ ਵਿਰਾਸਤ ਮਿਸ਼ਨ ਵੱਲੋਂ ਕੁਦਰਤੀ ਪੱਖੀ ਢੰਗਾਂ ਨਾਲ ਪਰਾਲੀ ਦੀ ਸਾਂਭ-ਸੰਭਾਲ ਲਈ ਸਨਮਾਨ ਪੱਤਰ ਪ੍ਰਾਪਤ ਕੀਤਾ।

ਅਵਾਰਡ

  • 2020 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਕਿਸਾਨ ਮੇਲੇ ਦੌਰਾਨ ਫਸਲੀ ਵਿਭਿੰਨਤਾ ਵਿਸ਼ੇ ਉੱਤੇ ਅਗਾਂਹਵਧੂ ਕਿਸਾਨ ਪੁਰਸਕਾਰ ਪ੍ਰਾਪਤ ਕੀਤਾ।

ਭਵਿੱਖ ਦੀ ਯੋਜਨਾ

ਉਹ ਭਵਿੱਖ ਵਿੱਚ ਇੱਕ ਕਿਸਾਨ ਹੱਟ ਖੋਲ ਕੇ ਖੁਦ ਹੀ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਸੰਦੇਸ਼

ਅਜਿਹੀ ਖੇਤੀ ਕਰਨੀ ਚਾਹੀਦੀ ਹੈ ਜਿਸ ਨਾਲ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਬਿਮਾਰੀਆਂ ਨੂੰ ਵੀ ਵਧਣ ਤੋਂ ਰੋਕਿਆ ਜਾ ਸਕੇ। ਇਸ ਲਈ ਕੁਦਰਤੀ ਖੇਤੀ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ।

ਅਮਨਦੀਪ ਸਿੰਘ

ਪੂਰੀ ਕਹਾਣੀ ਪੜ੍ਹੋ

ਸ਼ਹਿਰ ਵਿਖੇ ਸਬਜ਼ੀਆਂ ਦਾ ਇੱਕ ਸਫਲਤਾਪੂਰਵਕ ਆਊਟਲੈੱਟ ਚਲਾਉਣ ਵਾਲਾ ਇਹ ਨੌਜਵਾਨ ਅਗਾਂਹਵਧੂ ਕਿਸਾਨ

ਖੇਤੀਬਾੜੀ ਹਰ ਇੱਕ ਦੀ ਜ਼ਿੰਦਗੀ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੀ ਹੈ ਜਿਸ ਬਾਰੇ ਹਰ ਕੋਈ ਭਲੀ-ਭਾਂਤੀ ਜਾਣਦਾ ਹੈ। ਜੇਕਰ ਕਿਸਾਨ ਖੇਤੀ ਕਰਨ ਤੋਂ ਹੱਟ ਜਾਣਗੇ ਤਾਂ ਪੂਰੇ ਸੰਸਾਰ ਵਿੱਚ ਭੁੱਖਮਰੀ ਦਾ ਸੰਕਟ ਪੈਦਾ ਹੋ ਜਾਵੇਗਾ ਅਤੇ ਹਰ ਕੋਈ ਖਾਣ ਨੂੰ ਤਰਸੇਗਾ। ਇਹ ਖੇਤੀਬਾੜੀ ਹੀ ਇੱਕ ਇਨਸਾਨ ਨੂੰ ਸਿਖਰਾਂ ‘ਤੇ ਵੀ ਪਹੁੰਚਾਉਂਦੀ ਹੈ।

ਅਜਿਹੇ ਹੀ ਇੱਕ ਇਨਸਾਨ ਹਨ ਜਿਨ੍ਹਾਂ ਨੇ ਵਲੈਤ ਪੜ੍ਹਨ ਲਈ ਜਾਣਾ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਜਿਸ ਖੇਤੀ ਨਾਲ ਉਸਦਾ ਪਿਆਰ ਹੈ ਉਹ ਖੇਤੀ ਉਸਨੂੰ ਸਫਲ ਕਿਸਾਨਾਂ ਦੀ ਸੂਚੀ ਵਿੱਚ ਲੈ ਕੇ ਆ ਜਾਵੇਗੀ।

ਪਿੰਡ ਪਤਿਆਲਾ ਜ਼ਿਲ੍ਹਾ ਰੋਪੜ ਦੇ ਨੌਜਵਾਨ ਅਮਨਦੀਪ ਸਿੰਘ ਨੇ ਦਸਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਡਿਪਲੋਮਾ ਕਰਨ ਲਈ ਕਾਲਜ ਵਿਖੇ ਦਾਖਲਾ ਲੈ ਲਿਆ, ਪੜ੍ਹਾਈ ਵਧੀਆ ਚੱਲ ਰਹੀ ਸੀ ਪਰ ਪਰਿਵਾਰ ਖੇਤੀਬਾੜੀ ਨਾਲ ਜੁੜਿਆ ਹੋਣ ਕਰਕੇ ਉਸਨੂੰ ਆਪਣੇ ਵੱਡੇ ਭਰਾ ਨਾਲ ਖੇਤ ਭੇਜ ਦਿੰਦੇ ਸਨ। ਅਮਨਦੀਪ ਦੀ ਉਮਰ ਬੇਸ਼ੱਕ ਛੋਟੀ ਸੀ, ਪਰ ਸਮਝਦਾਰੀ ਇੰਨੀ ਕਿ ਹਰ ਇੱਕ ਗੱਲ ਨੂੰ ਝੱਟ ਸਮਝ ਜਾਂਦਾ ਸੀ।

ਸਾਲ 2011 ਦੀ ਗੱਲ ਹੈ, ਵੱਡੇ ਭਰਾ ਨੇ ਕਿਹਾ ਕਿ ਰਵਾਇਤੀ ਖੇਤੀ ਨਾਲ ਸਬਜ਼ੀਆਂ ਦੀ ਖੇਤੀ ਵੀ ਸ਼ੁਰੂ ਕਰਦੇ ਹਾਂ ਕਿਉਂਕਿ ਜ਼ਿਆਦਾਤਰ ਕਿਸਾਨ ਉਸ ਸਮੇਂ ਸਬਜ਼ੀਆਂ ਦੀ ਖੇਤੀ ਬਹੁਤ ਘੱਟ ਕਰਦੇ ਸਨ ਅਤੇ ਹਰ ਕਿਸੇ ਨੇ ਰਵਾਇਤੀ ਖੇਤੀ ਵੱਲ ਹੀ ਜ਼ੋਰ ਦਿੱਤਾ ਸੀ।

ਦੋਨਾਂ ਭਰਾਵਾਂ ਨੇ ਮਿਲ ਕੇ ਸਲਾਹ ਕੀਤੀ ਤੇ ਸਭ ਤੋਂ ਪਹਿਲਾਂ ਉਨ੍ਹਾਂ ਨੇ ਸ਼ੁਰੂਆਤ ਲਸਣ ਦੀ ਖੇਤੀ ਤੋਂ ਕੀਤੀ ਜਿਸ ਦੌਰਾਨ ਉਨ੍ਹਾਂ ਦੀ ਅੱਧੀ ਫਸਲ ਖਰਾਬ ਹੋ ਗਈ ਕਿਉਂਕਿ ਉਦੋਂ ਖੇਤੀਬਾੜੀ ਦਾ ਇੰਨਾ ਤਜ਼ੁਰਬਾ ਨਹੀਂ ਸੀ ਉਪਰੋਂ ਮੁਸ਼ਕਿਲਾਂ ਤਾਂ ਹਰ ਇੱਕ ਕੰਮ ਵਿੱਚ ਆਉਂਦੀਆਂ ਹੀ ਹਨ।

ਨੁਕਸਾਨ ਨੂੰ ਦੇਖਦੇ ਹੋਏ ਦੋਨੋਂ ਭਰਾ ਖੇਤੀ ਦੇ ਵਿੱਚ ਫਿਰ ਤੋਂ ਜੁੱਟ ਗਏ ਅਤੇ ਲਗਾਤਾਰ ਇੱਕ ਸਾਲ ਮਿਹਨਤ ਕਰਨ ਤੋਂ ਬਾਅਦ ਜਦੋਂ ਲਸਣ ਨੂੰ ਮੰਡੀ ਵਿੱਚ ਲੈ ਕੇ ਗਏ ਤਾਂ ਮੁਨਾਫ਼ਾ ਵੀ ਹੋਇਆ ਜਿਸ ਨਾਲ ਖੁਸ਼ ਹੋ ਗਏ, ਪਰ ਇੱਥੇ ਰੁਕਣ ਵਾਲੇ ਕਿੱਥੇ ਸਨ, ਉਨ੍ਹਾਂ ਨੇ ਸੋਚਿਆ ਇੱਕ ਪੋਲੀ ਹਾਊਸ ਲਗਾ ਕੇ ਸ਼ਿਮਲਾ ਮਿਰਚ ਦੀ ਕਾਸ਼ਤ ਵੱਲ ਵੀ ਧਿਆਨ ਦਿੱਤਾ ਜਾਵੇ ਅਤੇ ਖੇਤੀ ਦੇ ਨਾਲ-ਨਾਲ ਅਮਨਦੀਪ ਆਪਣੀ ਪੜ੍ਹਾਈ ਵੱਲ ਵੀ ਧਿਆਨ ਦੇ ਰਹੇ ਸਨ ਕਿਉਂਕਿ ਪੜ੍ਹਾਈ ਵੀ ਜ਼ਰੂਰੀ ਹੈ। ਜੇਕਰ ਇੱਕ ਪੜ੍ਹਿਆ ਲਿਖਿਆ ਨੌਜਵਾਨ ਖੇਤੀ ਵੱਲ ਜਾਵੇਗਾ ਤਾਂ ਉਹ ਖੇਤੀ ਦੀ ਨਵੇਂ ਤਰੀਕਿਆਂ ਨਾਲ ਖੇਤੀ ਦੀ ਨੁਹਾਰ ਬਦਲ ਕੇ ਰੱਖ ਦੇਵੇਗਾ।

ਜਦੋਂ ਸ਼ਿਮਲਾ ਮਿਰਚ ਹੋਈ ਤਾਂ ਆਪਣੇ ਅਸਲੀ ਆਕਾਰ ਨਾਲੋਂ ਕਿਤੇ ਜ਼ਿਆਦਾ ਵੱਡੀ ਸੀ ਅਤੇ ਦੇਖਣ ਵਿੱਚ ਬਾਕਮਾਲ ਲੱਗ ਰਹੀ ਸੀ ਜਿਸ ਨੂੰ ਦੇਖਣ ਲਈ ਬਹੁਤ ਸਾਰੇ ਲੋਕ ਆਉਣ ਲੱਗੇ ਅਤੇ ਜਿਸ ਨਾਲ ਉਨ੍ਹਾਂ ਦੀ ਮੰਡੀ ਵਿੱਚ ਜਾਂਦੇ ਹੀ ਸਬਜ਼ੀਆਂ ਦੀ ਵਿਕਰੀ ਹੋ ਜਾਂਦੀ।

ਇਹ ਸਬਜ਼ੀਆਂ ਦੀ ਖਰੀਦ ਦਾ ਸਿਲਸਿਲਾ ਉਨ੍ਹਾਂ ਦਾ ਲਗਾਤਾਰ 2011 ਤੋਂ ਲੈ ਕੇ 2018 ਤੱਕ ਲਗਾਤਾਰ ਚੱਲਦਾ ਰਿਹਾ ਜਿਸ ਵਿੱਚ ਉਹਨਾਂ ਨੇ ਸਬਜ਼ੀਆਂ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਸੀ, ਜੋ ਕਿ ਬ੍ਰੋਕਲੀ, ਬੀਜ ਰਹਿਤ ਖੀਰਾ, ਤਰਬੂਜ਼ ਪੀਲਾ ਅਤੇ ਲਾਲ ਆਦਿ ਹੋਰ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਸੀ। ਪਰ ਅਮਨਦੀਪ ਨੇ ਇਸ ਨੂੰ ਪੱਕੇ ਤੌਰ ‘ਤੇ ਕਰਨ ਬਾਰੇ ਨਹੀਂ ਸੋਚਿਆ ਸੀ ਕਿਉਂਕਿ ਪਰਿਵਾਰ ਵਾਲਿਆਂ ਦੇ ਜ਼ੋਰ ਦੇਣ ਮਗਰੋਂ ਕਿ ਤੂੰ ਖੇਤੀ ਨਹੀਂ ਕਰਨੀ, ਤੈਨੂੰ ਵਲੈਤ ਭੇਜਣਾ ਹੈ, ਜਿਸ ਬਾਬਤ ਅਮਨਦੀਪ ਨੇ ਆਈਲੈਟਸ ਕਰ ਲਈ ਸੀ ਅਤੇ ਪਾਸਪੋਰਟ ਸਭ ਕੁਝ ਬਣ ਕੇ ਤਿਆਰ ਸੀ ਪਰ ਕਿਸਮਤ ਨੂੰ ਕੁਝ ਹੋਰ ਹੀ ਮੰਨਜ਼ੂਰ ਸੀ। ਜਦੋਂ ਉਨ੍ਹਾਂ ਦਾ ਪਾਸਪੋਰਟ ਵੀਜ਼ਾ ਲੱਗਣ ਲਈ ਗਿਆ ਤਾਂ ਅੱਗੋਂ ਇਮੀਗਰੇਸ਼ਨ ਕੰਸਲਟੈਂਟ ਅਧਿਕਾਰੀ ਦੀ ਗਲਤੀ ਕਰਕੇ ਉਨ੍ਹਾਂ ਨੂੰ 5 ਸਾਲ ਲਈ ਪ੍ਰਤਿਬੰਧ ਲਗਾ ਦਿੱਤਾ ਸੀ ਕਿ ਉਹ ਕੈਨੇਡਾ 5 ਸਾਲ ਲਈ ਜਾ ਨਹੀਂ ਸਕਦੇ ਤੇ ਪਰਿਵਾਰ ਵਾਲਿਆਂ ਨੇ ਕਿਹਾ ਤੂੰ ਕਿਸੇ ਹੋਰ ਦੇਸ਼ ਚਲਾ ਜਾ, ਪਰ ਅਮਨਦੀਪ ਦਾ ਮਨ ਨਹੀਂ ਕਰ ਰਿਹਾ ਸੀ ਕਿਉਂਕਿ ਖੇਤੀਬਾੜੀ ਵਿੱਚ ਉਨ੍ਹਾਂ ਦਾ ਰੁਝਾਨ ਇੰਨਾ ਜ਼ਿਆਦਾ ਵੱਧ ਚੁੱਕਾ ਸੀ ਉਹ ਖੇਤੀਬਾੜੀ ਨੂੰ ਪਹਿਲ ਦੇ ਆਧਾਰ ‘ਤੇ ਰੱਖਣਾ ਚਾਹੁੰਦੇ ਸਨ ਤੇ ਜਿਸ ਉੱਤੇ ਵੱਡੇ ਭਰਾ ਨੇ ਕਿਹਾ ਕਿ ਆਪਾਂ ਦੋਨੋਂ ਮਿਲ ਕੇ ਇੱਥੇ ਹੀ ਖੇਤੀ ਅਤੇ ਮਾਰਕੀਟਿੰਗ ਕਰਦੇ ਹਨ।

ਅਮਨਦੀਪ ਵੱਲੋਂ ਹਾਂ ਜਤਾਉਂਦੇ ਹੋਏ ਜਿਵੇਂ ਉਹ ਬ੍ਰੋਕਲੀ ਉਦੋਂ ਨਵੀਂ-ਨਵੀਂ ਆਈ ਸੀ ਤਾਂ ਜਦੋਂ ਉਹ ਮੰਡੀ ਵਿਖੇ ਜਾਂਦੇ ਤਾਂ ਗ੍ਰਾਹਕ ਉਹਨਾਂ ਕੋਲ ਖਰੀਦਣ ਦੇ ਲਈ ਆਉਣ ਲੱਗੇ ਇਸ ਤਰ੍ਹਾਂ ਉਨ੍ਹਾਂ ਦੀ ਹੋਰ ਬਹੁਤ ਸਾਰੀਆਂ ਸਬਜ਼ੀਆਂ ਦੀ ਮੰਗ 2018 ਤੱਕ ਇੰਨੀ ਜ਼ਿਆਦਾ ਵੱਧ ਗਈ ਕਿ ਉਨ੍ਹਾਂ ਨੂੰ ਸਬਜ਼ੀਆਂ ਦੇ ਲਈ ਆਰਡਰ ਆਉਣ ਲੱਗ ਗਏ ਜਿਸ ਨਾਲ ਉਨ੍ਹਾਂ ਦੀ ਮਾਰਕੀਟਿੰਗ ਦਾ ਰਾਹ ਖੁੱਲ ਗਿਆ ਅਤੇ ਮੁਨਾਫ਼ਾ ਕਮਾਉਣ ਲੱਗੇ ਜੋ ਕਿ ਦੋਨਾਂ ਭਰਾਵਾਂ ਦੀ ਸਖਤ ਮਿਹਨਤ ਕਰਕੇ ਸੰਭਵ ਹੋਇਆ ਸੀ।

ਸਾਲ 2018 ਵਿੱਚ ਕਾਮਯਾਬ ਹੋਣ ਮਗਰੋਂ ਉਨ੍ਹਾਂ ਨੇ ਰੋਪੜ ਵਿਖੇ ਆਪਣਾ ਸਿਟੀ ਫਰੈਸ਼ ਨਾਮ ਆਊਟਲੈੱਟ ਵੀ ਖੋਲਿਆ ਹੋਇਆ ਹੈ ਜਿਸ ਉੱਤੇ ਹਰ ਕੋਈ ਆ ਕੇ ਸਬਜ਼ੀਆਂ ਦੀ ਖਰੀਦ ਕਰਦਾ ਹੈ ਅਤੇ ਅਮਨਦੀਪ ਮਾਰਕੀਟਿੰਗ ਦਾ ਕੰਮ ਸੰਭਾਲਦੇ ਹਨ ਜਦੋਂ ਕਿ ਵੱਡਾ ਭਰਾ ਸਾਰਾ ਖੇਤੀ ਦਾ ਕੰਮ ਸੰਭਾਲਦੇ ਹਨ। ਉਹ 30 ਤੋ ਵੱਧ ਵੱਖ-ਵੱਖ ਸਬਜੀਆਂ ਹਰ ਸਾਲ ਆਪਣੇ ਫਾਰਮ ‘ਤੇ ਖੇਤਾਂ ਨੂੰ ਛੋਟੇ ਛੋਟੇ ਹਿੱਸਿਆ ਵਿੱਚ ਵੰਡ ਕੇ ਉਗਾਉਂਦੇ ਹਨ।

ਇਸ ਸੰਬੰਧੀ ਉਨ੍ਹਾਂ ਨੂੰ ਅਵਾਰਡ ਲਈ ਨਾਮਜ਼ਦ ਵੀ ਕੀਤਾ ਜਾ ਚੁੱਕਿਆ ਹੈ। ਉਹ ਸੰਸਥਾਵਾ ਜਿਵੇਂ ਕਿ ਆਈ ਆਈ ਟੀ ਰੋਪੜ ਆਦਿ ਹੋਰ ਬਹੁਤ ਪੌਜੈਕਟਾਂ ਨਾਲ ਜੁੜੇ ਹੋਏ ਹਨ। ਖੇਤੀਬਾੜੀ ਦੇ ਵੱਖ-ਵੱਖ ਵਿਸ਼ਿਆਂ ‘ਤੇ ਉਹ ਪਾਮੇਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨਾਲ ਮਿਲ ਕੇ ਕਿਸਾਨਾਂ ਅਤੇ ਖੇਤੀਬਾੜੀ ਵਿਦਿਆਰਥੀਆ ਨੂੰ ਸਿਖਲਾਈ ਵੀ ਦੇ ਰਹੇ ਹਨ।

ਭਵਿੱਖ ਦੀ ਯੋਜਨਾ

ਉਹ ਇੱਕ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹਨ ਜਿਸ ਵਿੱਚ ਜੇਕਰ ਕੋਈ ਕਿਸਾਨ ਸਬਜ਼ੀਆਂ ਦੀ ਵਿਕਰੀ ਕਰਨ ਮਾਰਕੀਟ ਵਿਖੇ ਜਾਂਦਾ ਹੈ ਤਾਂ ਉਸਨੂੰ ਵਿਕਰੀ ਕਰਨ ਲਈ ਕਿਤੇ ਵੀ ਜਾਣ ਦੀ ਲੋੜ ਨਾ ਪਵੇ ਸਗੋਂ ਉਸਦੇ ਖੇਤਾਂ ਵਿੱਚ ਉਸਦੇ ਸਬਜ਼ੀਆਂ ਦੀ ਖਰੀਦ ਹੋ ਜਾਵੇ।

ਸੰਦੇਸ਼

ਜੇਕਰ ਕੋਈ ਕਿਸਾਨ ਸਬਜ਼ੀਆਂ ਦੀ ਖੇਤੀ ਕਰਦਾ ਹੈ ਤਾਂ ਉਸਨੂੰ ਛੋਟੇ ਪੱਧਰ ‘ਤੇ ਹੀ ਬੇਸ਼ਕ ਖੁਦ ਹੀ ਮਾਰਕੀਟਿੰਗ ਕਰਨੀ ਚਾਹੀਦੀ ਹੈ ਜਿਸ ਨਾਲ ਉਸਨੂੰ ਤਜ਼ੁਰਬਾ ਹੋਵੇਗਾ ਅਤੇ ਜਦੋਂ ਕਦੇ ਵੀ ਆਪਣੀ ਆਊਟਲੈੱਟ ਖੋਲ੍ਹੇਗਾ ਤਾਂ ਉਸਨੂੰ ਮੁਨਾਫਾ ਹੀ ਹੋਵੇਗਾ।

ਉਡੀਕਵਾਨ ਸਿੰਘ

ਪੂਰੀ ਕਹਾਣੀ ਪੜ੍ਹੋ

ਛੋਟੀ ਉਮਰ ਵਿੱਚ ਹੀ ਔਕੜਾਂ ਦਾ ਮੁਕਾਬਲਾ ਕਰਕੇ ਕਾਮਯਾਬੀ ਦੀਆਂ ਪੌੜ੍ਹੀਆਂ ਚੜਨ ਵਾਲਾ ਇਹ 20 ਸਾਲਾਂ ਨੌਜਵਾਨ ਕਿਸਾਨ

ਛੋਟੀ ਉਮਰ ਵੱਡੀਆਂ ਪੁਲਾਂਘਾ ਕਹਾਵਤ ਹਰ ਇੱਕ ਨੇ ਸੁਣੀ ਹੀ ਹੋਣੀ ਹੈ ਪਰ ਕਦੇ ਵੀ ਕਿਸੇ ਨੇ ਉਸ ਕਹਾਵਤ ਉੱਤੇ ਵਿਚਰਨ ਦੀ ਕੋਸ਼ਿਸ਼ ਨਾ ਕੀਤੀ ਕਿ ਇਸ ਵਿੱਚ ਕਿਸ ਬਾਰੇ ਗੱਲ ਕੀਤੀ ਗਈ ਹੈ ਪਰ ਇਸ ਕਹਾਵਤ ਨੂੰ ਸੱਚ ਕਰਨ ਵਾਲੇ ਹੀਰੇ ਬਹੁਤ ਘੱਟ ਹੁੰਦੇ ਹਨ ਜੋ ਕਿ ਲੱਭਿਆ ਵੀ ਨਹੀਂ ਲੱਭਦੇ।

ਪਰ ਇੱਥੇ ਇਸ ਕਹਾਵਤ ਦੀ ਗੱਲ ਇੱਕ ਨੌਜਵਾਨ ਉੱਤੇ ਪੂਰੀ ਤਰ੍ਹਾਂ ਖਰੀ ਉਤਰਦੀ ਹੈ ਜਿਸ ਨੇ ਇਸ ਕਹਾਵਤ ਨੂੰ ਸਹੀ ਸਾਬਿਤ ਕਰਕੇ ਦਿਖਾਇਆ ਹੈ ਅਤੇ ਲੋਕਾਂ ਲਈ ਇੱਕ ਉਦਹਾਰਣ ਪੇਸ਼ ਕੀਤੀ ਹੈ ਜਿਸ ਨੇ ਠੇਕੇ ‘ਤੇ ਜ਼ਮੀਨ ਲੈ ਕੇ ਸਬਜ਼ੀਆਂ ਦੀ ਕਾਸ਼ਤ ਕੀਤੀ ਅਤੇ ਛੋਟੀ ਉਮਰ ਵਿੱਚ ਹੀ ਬੁਲੰਦੀਆਂ ਹਾਸਿਲ ਕਰਕੇ ਪਰਿਵਾਰ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ ਹੈ।

ਜਿਸ ਤਰ੍ਹਾਂ ਸਭ ਨੂੰ ਪਤਾ ਹੈ ਹਰ ਇੱਕ ਇਨਸਾਨ ਨੇ ਕੋਈ ਕੰਮ ਕਰਨ ਦਾ ਟੀਚਾ ਮਿਥਿਆ ਹੁੰਦਾ ਹੈ ਅਤੇ ਉਸ ਟੀਚੇ ਨੂੰ ਪੂਰਾ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ ਪਰ ਇਸ ਨੌਜਵਾਨ ਦਾ ਟੀਚਾ ਬਚਪਨ ਤੋਂ ਹੀ ਖੇਤੀ ਦੀ ਤਰਫ ਸੀ ਅਤੇ ਪੜ੍ਹਾਈ ਵਿੱਚ ਬਿਲਕੁਲ ਵੀ ਮਨ ਨਹੀਂ ਕਰਦਾ ਸੀ ਜਦੋਂ ਵੀ ਇਹ ਨੌਜਵਾਨ ਜਿਸਦਾ ਨਾਮ ਉਡੀਕਵਾਨ ਸਿੰਘ, ਜੋ ਪਿੰਡ ਲਾਲੇਆਣਾ, ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ, ਸਕੂਲ ਜਾਂਦਾ ਸੀ ਤਾਂ ਹਮੇਸ਼ਾ ਇਹ ਸੋਚਦਾ ਕਿ ਘਰ ਜਾ ਕੇ ਕਦੋਂ ਆਪਣੇ ਪਿਤਾ ਨਾਲ ਖੇਤਾਂ ਦਾ ਇੱਕ ਗੇੜਾ ਕੱਢ ਕੇ ਆਇਆ ਜਾਵੇ ਮਤਲਬ ਸਾਰਾ ਧਿਆਨ ਖੇਤਾਂ ਦੇ ਵਿੱਚ ਰਹਿੰਦਾ ਸੀ।

ਖੇਤਾਂ ਵਿੱਚ ਬਹੁਤ ਜ਼ਿਆਦਾ ਰੁਝਾਨ ਹੋਣ ਕਰਕੇ ਉਨ੍ਹਾਂ ਦੇ ਪਿਤਾ ਮਨਜੀਤ ਸਿੰਘ ਜੋ ਕਿ ਮੋਡਰਨ ਕ੍ਰੋਪ ਕੇਅਰ ਕੈਮੀਕਲਜ਼ ਵਿੱਚ ਖੇਤੀ ਸਲਾਹਕਾਰ ਦੇ ਵਜੋਂ ਕੰਮ ਕਰ ਰਹੇ ਹਨ ਹਮੇਸ਼ਾਂ ਹੀ ਚਿੰਤਾ ਲੱਗੀ ਰਹਿੰਦੀ ਸੀ ਕਿ ਇੱਕਲੌਤਾ ਬੇਟਾ ਹੋਣ ਕਰਕੇ ਪੜ੍ਹਾਈ ਛੱਡ ਕੇ ਖੇਤਾਂ ਵੱਲ ਹੀ ਜ਼ਿਆਦਾ ਧਿਆਨ ਦੇ ਰਿਹਾ ਹੈ, ਪਰ ਉਹ ਇਸ ਨੂੰ ਮਾੜਾ ਨਹੀਂ ਕਹਿ ਰਹੇ ਸੀ। ਉਨ੍ਹਾਂ ਦਾ ਮੰਨਣਾ ਸੀ ਕਿ “ਬੱਚਾ ਖੇਤ ਨਾਲ ਤਾਂ ਜੁੜਿਆ ਰਹੇ ਪਰ ਆਪਣੀ ਪੜ੍ਹਾਈ ਨੂੰ ਵਿਚਕਾਰ ਨਾ ਛੱਡੇ।”

ਪਰ ਪਿਤਾ ਜੀ ਨੂੰ ਕੀ ਪਤਾ ਸੀ ਇੱਕ ਦਿਨ ਇਹੀ ਬੇਟਾ ਉਨ੍ਹਾਂ ਦਾ ਨਾਮ ਰੌਸ਼ਨ ਕਰੇਗਾ। ਉਡੀਕ ਨੂੰ ਖੇਤਾਂ ਨਾਲ ਪਿਆਰ ਤਾਂ ਬਚਪਨ ਤੋਂ ਹੈ ਸੀ ਪਰ ਇਸ ਪਿਆਰ ਪਿੱਛੇ ਉਨ੍ਹਾਂ ਦੀ ਵਿਸ਼ਾਲ ਸੋਚ ਜੋ ਹਮੇਸ਼ਾਂ ਹੀ ਸਵਾਲ ਕਰਦੀ ਅਤੇ ਅੱਗੋਂ ਉਹ ਸਵਾਲ ਹੋਰਨਾਂ ਕਿਸਾਨਾਂ ਤੋਂ ਪੁੱਛਦਾ। ਜਦੋਂ ਉਸਦੇ ਪਿਤਾ ਜੀ ਖੁਦ ਖੇਤੀ ਕਰਦੇ ਹੁੰਦੇ ਸਨ ਅਤੇ ਮੰਡੀ ਦੇ ਵਿੱਚ ਫਸਲ ਵੇਚਣ ਦੇ ਲਈ ਜਾਂਦੇ ਸਨ। ਤਾਂ ਉੱਥੇ ਹੋਰ ਵੀ ਕਿਸਾਨ ਆਪਣੀ ਫਸਲ ਵੇਚਣ ਦੇ ਲਈ ਆਏ ਹੁੰਦੇ ਸਨ ਅਤੇ ਉਡੀਕ ਉਨ੍ਹਾਂ ਤੋਂ ਸਵਾਲ ਪੁੱਛਣ ਲੱਗ ਜਾਂਦਾ। ਜੇਕਰ ਇਸ ਫਸਲ ਦੀ ਬਿਜਾਈ ਇਸ ਤਰੀਕੇ ਨਾਲ ਕਰੀਏ ਕਿ ਖਰਚਾ ਵੀ ਘੱਟ ਆਵੇ ਅਤੇ ਮੁਨਾਫ਼ਾ ਵੀ ਹੋਵੇਗਾ। ਜਿਸ ਉੱਤੇ ਕਿਸਾਨ ਹੱਸਣ ਲੱਗ ਜਾਂਦੇ ਸਨ ਜੋ ਕਿ ਸਫਲਤਾ ਦਾ ਕਾਰਨ ਬਣਿਆ।

ਇਸ ਤੋਂ ਬਾਅਦ ਉਡੀਕ ਦੇ ਪਿਤਾ ਮਨਜੀਤ ਹਮੇਸ਼ਾਂ ਕੰਮ ਦੇ ਲਈ ਸਾਰਾ-ਸਾਰਾ ਦਿਨ ਬਾਹਰ ਰਹਿੰਦੇ ਸਨ ਜਿਸ ਕਰਕੇ ਖੇਤਾਂ ਦੀ ਤਰਫ ਧਿਆਨ ਘੱਟਣ ਲੱਗਾ ਪਰ ਇਸ ਨੂੰ ਦੇਖਦੇ ਹੋਏ ਉਡੀਕ ਨੇ ਆਪਣੇ ਪਿਤਾ ਦੇ ਖੇਤੀ ਦੇ ਕੰਮ ਨੂੰ ਪਿੱਛੋਂ ਸੰਭਾਲਣਾ ਤੇ ਰੋਜ਼ਾਨਾ ਖੇਤਾਂ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਵਕ਼ਤ ਉਡੀਕ ਨੂੰ ਇੰਝ ਲੱਗਿਆ ਕਿ ਹੁਣ ਸਮਾਂ ਕੁਝ ਕਰਕੇ ਦਿਖਾਉਣ ਦਾ ਆ ਗਿਆ ਹੈ, ਜਿਸ ਦਾ ਉਡੀਕ ਨੂੰ ਕਈ ਚਿਰਾਂ ਤੋਂ ਇੰਤਜ਼ਾਰ ਸੀ।

ਫਿਰ ਜਿਵੇਂ ਰੋਜ਼ਾਨਾ ਜਾ ਕੇ ਖੇਤਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ ਉਦੋਂ ਉਡੀਕ ਦੀ ਉਮਰ 17 ਸਾਲਾਂ ਦੀ ਸੀ ਜਦੋਂ ਉਸਨੇ ਖੇਤੀ ਨੂੰ ਅਪਣਾ ਲਿਆ ਅਤੇ ਛੋਟੀ ਉਮਰ ਵਿੱਚ ਵੱਡੇ ਕੰਮ ਕਰਨ ਲਈ ਤਿਆਰ ਹੋ ਗਿਆ ਸੀ ਅਤੇ ਨਾਲ-ਨਾਲ ਪਿਤਾ ਦੇ ਬੋਲੇ ਅਨੁਸਾਰ ਪੜ੍ਹਾਈ ਵੱਲ ਵੀ ਧਿਆਨ ਦੇਣਾ ਸ਼ੁਰੂ ਕਰ ਦਿੱਤਾ। ਇੱਕ ਲ ਪੂਰਾ ਉਡੀਕ ਨੇ ਪ੍ਰੰਪਰਾਗਤ ਖੇਤੀ ਕੀਤੀ ਤੇ ਉਸਨੂੰ ਸਮਝ ਆਇਆ ਕਿ ਨਹੀਂ ਕੁਝ ਹੁਣ ਵੱਖਰਾ ਕੀਤਾ ਜਾਵੇ।

ਇਸ ਸੰਬੰਧੀ ਆਪਣੇ ਪਿਤਾ ਜੀ ਨਾਲ ਵਿਚਾਰ ਕੀਤਾ ਅਤੇ ਸਬਜ਼ੀਆਂ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਮੂਲ ਪੱਧਰ ‘ਤੇ ਖਾਣ ਵਾਲੀਆਂ ਸਬਜ਼ੀਆਂ ਹੀ ਨ। ਉਸ ਉੱਤੇ ਜੋ ਉਸਦੇ ਮਨ ਵਿੱਚ ਸਵਾਲ ਆਉਂਦੇ ਸੀ ਉਸ ਉੱਤੇ ਕਰਦਾ ਰਿਹਾ ਅਤੇ ਜਦੋਂ ਕਦੇ ਵੀ ਉਡੀਕ ਨੂੰ ਖੇਤੀ ਦੇ ਵਿੱਚ ਸਮੱਸਿਆ ਆਉਂਦੀ ਸੀ ਤਾਂ ਉਸਦੇ ਪਿਤਾ ਹਮੇਸ਼ਾਂ ਉਸਦੀ ਮਦਦ ਕਰਦੇ ਅਤੇ ਖੇਤੀ ਦੇ ਹੋਰ ਬਹੁਤ ਸਾਰੇ ਤਰੀਕਿਆਂ ਬਾਰੇ ਜਾਣੂ ਕਰਵਾਉਂਦੇ। ਉਹ ਹਮੇਸ਼ਾਂ ਆਪਣੇ ਤਰੀਕਿਆਂ ਦਾ ਪ੍ਰਯੋਗ ਖੇਤਾਂ ਦੇ ਵਿੱਚ ਕਰਦਾ ਜਿਸ ਦਾ ਨਤੀਜਾ ਉਸਨੂੰ ਥੋੜੇ ਸਮੇਂ ਬਾਅਦ ਮਿਲਿਆ ਜਦੋਂ ਸਬਜ਼ੀਆਂ ਪੱਕ ਕੇ ਤਿਆਰ ਹੋਈਆਂ ਅਤੇ ਘਿਆ ਕੱਦੂ ਪੂਸਾ ਜੋ18 ਤੋਂ 20 ਕਿੱਲੋ ਦੇ ਕਰੀਬ ਸੀ, ਜੋ ਕਿ ਦੇਖਣ ਵਿੱਚ ਵੀ ਵੱਡਾ ਸੀ ਜਿਸ ਦੀ ਚਰਚਾ ਉਸ ਸਮੇਂ ਬਹੁਤ ਜ਼ਿਆਦਾ ਹੋਈ ਅਤੇ ਬਾਅਦ ਵਿੱਚ ਬੀਜ ਦੇ ਲਈ ਰੱਖੇ ਸਨ, ਇੱਕ ਤਰ੍ਹਾਂ ਉਡੀਕ ਦੇ ਤਰੀਕੇ ਇਸ ਕੰਮ ਉੱਤੇ ਖਰੇ ਉਤਰਦੇ ਆ ਰਹੇ ਸਨ ਜਿਸ ਨੂੰ ਦੇਖ ਪਿਤਾ ਜੀ ਵੀ ਖੁਸ਼ ਹੋਏ।

ਇਸ ਤੋਂ ਬਾਅਦ ਉਡੀਕ ਨੇ ਸੋਚਿਆ ਕਿਉਂ ਨਾ ਖੁਦ ਹੀ ਸਬਜ਼ੀਆਂ ਮੰਡੀ ਜਾ ਕੇ ਹੀ ਵੇਚਾ ਜੋ ਉਸਨੇ ਮੂਲ ਤੌਰ ‘ਤੇ ਸਬਜ਼ੀਆਂ ਦੀ ਕਾਸ਼ਤ ਕੀਤੀ ਸੀ ਜਿਸ ਨੂੰ ਪੱਕਣ ਦੇ ਨਾਲ ਤੋੜ ਕੇ ਸਵੇਰੇ ਮੰਡੀ ਚਲਾ ਜਾਂਦਾ ਪਰ ਜਦੋਂ ਵੀ ਮੰਡੀ ਵਿਖੇ ਸਬਜ਼ੀਆਂ ਦੀ ਮਾਰਕੀਟਿੰਗ ਕਰਨ ਜਾਂਦਾ ਤਾਂ ਉਸਨੂੰ ਬਹੁਤ ਮੁਸ਼ਕਿਲ ਆਈ ਕਿਉਂਕਿ ਉਸਨੂੰ ਪਤਾ ਨਹੀਂ ਸੀ ਕਿ ਮਾਰਕੀਟਿੰਗ ਕਰਨੀ ਕਿਵੇਂ ਹੈ ਅਤੇ ਕਿਵੇਂ ਕੀਤੀ ਜਾਂਦੀ ਹੈ ਕਿਉਂਕਿ ਉਡੀਕ ਸਿਰਫ ਇੱਕ ਬੱਚਾ ਹੀ ਸੀ ਜੋ ਛੋਟੀ ਉਮਰ ਵਿਚ ਹੀ ਖੇਤੀ ਕਰਨ ਲੱਗ ਗਿਆ ਸੀ।

ਬਹੁਤ ਚਿਰ ਤਾਂ ਸਬਜ਼ੀਆਂ ਦੀ ਮਾਰਕੀਟਿੰਗ ਨਾ ਹੋਣ ਕਰਕੇ ਉਡੀਕ ਨਿਰਾਸ਼ ਹੋ ਗਿਆ ਅਤੇ ਸਬਜ਼ੀਆਂ ਨੂੰ ਮੰਡੀ ਵਿਖੇ ਨਾ ਵੇਚਣ ਦਾ ਮਨ ਬਣਾ ਕੇ ਮਾਰਕੀਟਿੰਗ ਬੰਦ ਕਰਨ ਬਾਰੇ ਸੋਚਿਆ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਡਾ. ਅਮਨਦੀਪ ਕੇਸ਼ਵ ਜੀ ਨਾਲ ਹੋਈ ਜੋ ਕਿ ਆਤਮਾ ਵਿੱਚ ਪ੍ਰੋਜੈਕਟ ਡਾਇਰੈਕਟਰ ਦੇ ਤੌਰ ‘ਤੇ ਸੇਵਾ ਨਿਭਾ ਰਹੇ ਹਨ ਜੋ ਕਿ ਕਿਸਾਨਾਂ ਨੂੰ ਖੇਤੀ ਪ੍ਰਤੀ ਬਹੁਤ ਜਾਗਰੂਕ ਅਤੇ ਮਦਦ ਕਰਦੇ ਹਨ, ਤਾਂ ਉਨ੍ਹਾਂ ਨੇ ਉਡੀਕ ਤੋਂ ਪਹਿਲਾ ਸਭ ਕੁਝ ਪੁੱਛਿਆ ਅਤੇ ਖੁਸ਼ ਵੀ ਹੋਏ ਕਿਉਂਕਿ ਕੋਈ ਹੀ ਹੋਵੇਗਾ ਜੋ ਛੋਟੀ ਉਮਰ ਵਿੱਚ ਖੇਤੀ ਪ੍ਰਤੀ ਇਹ ਗੱਲਾਂ ਸੋਚ ਸਕਦਾ ਹੈ।

ਸਾਰੀ ਗੱਲ ਸੁਣ ਕੇ ਡਾਕਟਰ ਅਮਨਦੀਪ ਨੇ ਉਡੀਕ ਨੂੰ ਮਾਰਕੀਟਿੰਗ ਦੇ ਸੰਦਰਭ ਵਿੱਚ ਕੁੱਝ ਤਰੀਕੇ ਦੱਸੇ ਅਤੇ ਖੁਦ ਉਡੀਕ ਦੀ ਸੋਸ਼ਲ ਮੀਡਿਆ ਅਤੇ ਗਰੁੱਪਾਂ ਰਾਹੀਂ ਮਦਦ ਕੀਤੀ ਜਿਸ ਨਾਲ ਉਡੀਕ ਦੀ ਮਾਰਕੀਟਿੰਗ ਦਾ ਸਿਲਸਿਲਾ ਸ਼ੁਰੂ ਹੋ ਗਿਆ ਅਤੇ ਉਡੀਕ ਵੀ ਖੁਸ਼ ਹੋ ਗਿਆ।

ਇਸ ਦੌਰਾਨ ਹੀ ਆਤਮਾ ਕਿਸਾਨ ਭਲਾਈ ਵਿਭਾਗ ਨੇ ਆਤਮਾ ਕਿਸਾਨ ਬਜ਼ਾਰ ਖੋਲਿਆ ਅਤੇ ਇਸ ਦੀ ਖਬਰ ਉਡੀਕ ਨੂੰ ਦਿੱਤੀ ਅਤੇ ਉੱਥੇ ਸਬਜ਼ੀਆਂ ਦੀ ਮਾਰਕੀਟਿੰਗ ਕਰਨ ਲਈ ਕਿਹਾ ਜੋ ਕਿ ਫਰੀਦਕੋਟ ਵਿਖੇ ਹਰ ਵੀਰਵਾਰ ਅਤੇ ਐਤਵਾਰ ਲੱਗਦਾ ਹੈ।

ਫਿਰ ਉਡੀਕ ਹਰ ਵੀਰਵਾਰ ਅਤੇ ਐਤਵਾਰ ਸਬਜ਼ੀਆਂ ਲੈ ਕੇ ਜਾਂਦਾ ਅਤੇ ਉਸਨੂੰ ਮੁਨਾਫ਼ਾ ਹੋਣ ਲੱਗ ਗਿਆ ਅਤੇ ਹਰ ਕੋਈ ਚੰਗੇ ਤਰੀਕੇ ਨਾਲ ਜਾਨਣ ਲੱਗ ਗਿਆ ਅਤੇ ਸਬਜ਼ੀਆਂ ਦੀ ਮੰਡੀ ਵਿੱਚ ਵੀ ਉਡੀਕ ਸਬਜ਼ੀਆਂ ਲੈ ਕੇ ਜਾਣ ਲੱਗਾ ਅਤੇ ਉੱਥੇ ਵੀ ਉਸਦੀ ਸਹੀ ਤਰੀਕੇ ਨਾਲ ਮਾਰਕੀਟਿੰਗ ਹੋਣ ਲੱਗੀ ਅਤੇ 2020 ਤੱਕ ਆਉਂਦੇ-ਆਉਂਦੇ ਉਨ੍ਹਾਂ ਦੀ ਸਬਜ਼ੀਆਂ ਦੀ ਮਾਰਕੀਟਿੰਗ ਵਿੱਚ ਬਹੁਤ ਜ਼ਿਆਦਾ ਪ੍ਰਸਾਰ ਹੋ ਗਿਆ ਅਤੇ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਿਹਾ ਹੈ ਜਿਸ ਪਿੱਛੇ ਉਸਦੀ ਸਫਲਤਾ ਦਾ ਰਾਜ ਉਸਦੇ ਪਿਤਾ ਮਨਜੀਤ ਸਿੰਘ ਅਤੇ ਆਤਮਾ ਕਿਸਾਨ ਭਲਾਈ ਵਿਭਾਗ ਪ੍ਰੋਜੈਕਟ ਡਾਇਰੈਕਟਰ ਡਾਕਟਰ ਅਮਨਦੀਪ ਕੇਸ਼ਵ ਅਤੇ ਡਾਕਟਰ ਭੁਪੇਸ਼ ਜੋਸ਼ੀ ਜੀ ਹਨ।

ਉਡੀਕ ਸਿੰਘ ਜਿਸਨੇ 20 ਸਾਲ ਦੀ ਉਮਰ ਵਿੱਚ ਇਹ ਸਾਬਿਤ ਕਰਕੇ ਦਿਖਾ ਦਿੱਤਾ ਕਿ ਕਾਮਯਾਬ ਹੋਣ ਲਈ ਉਮਰ ਦੀ ਲੋੜ ਨਹੀਂ ਬਸ ਲਗਨ ਤੇ ਮਿਹਨਤ ਦੀ ਹੁੰਦੀ ਹੈ ਚਾਹੇ ਉਮਰ ਛੋਟੀ ਹੀ ਕਿਉਂ ਨਾ ਹੋਵੇ। ਜਦੋਂ ਕਿ 20 ਸਾਲ ਦੀ ਉਮਰ ਵਿੱਚ ਜਾ ਕੇ ਇਹ ਸੋਚਦੇ ਹਨ ਅੱਗੇ ਕੀ ਕੀਤਾ ਜਾਵੇ।

ਉਡੀਕ ਜੀ ਹੁਣ ਘਰੇਲੂ ਵਰਤੋਂ ਅਤੇ ਖਾਣ ਵਾਲੀਆਂ ਸਬਜ਼ੀਆਂ ਦੇ ਨਾਲ-ਨਾਲ ਅੰਤਰਫਸਲੀ ਵਿਧੀ ਰਾਹੀਂ ਸਬਜ਼ੀਆਂ ਦੀ ਕਾਸ਼ਤ ਮਲਚਿੰਗ ਤਰੀਕੇ ਨਾਲ ਕਰ ਰਹੇ ਹਨ।

ਭਵਿੱਖ ਦੀ ਯੋਜਨਾ

ਉਹ ਸਬਜ਼ੀਆਂ ਦੇ ਤਦਾਦ ਵਿੱਚ ਵਾਧਾ ਕਰਕੇ ਅਤੇ ਅੰਤਰਫਸਲੀ ਵਿਧੀ ਅਪਣਾ ਕੇ ਹੋਰ ਨਵੇਂ-ਨਵੇਂ ਤਜ਼ੁਰਬੇ ਕਰਨਾ ਚਾਹੁੰਦੇ ਹਨ।

ਸੰਦੇਸ਼

ਜੇਕਰ ਕੋਈ ਇਨਸਾਨ ਸਬਜ਼ੀਆਂ ਦੀ ਖੇਤੀ ਕਰਨਾ ਚਾਹੁੰਦਾ ਹੈ ਤਾਂ ਉਹ ਸਭ ਤੋਂ ਪਹਿਲਾਂ ਮੂਲ ਪੱਧਰ ‘ਤੇ ਖਾਈਆਂ ਜਾਣ ਵਾਲਿਆਂ ਸਬਜ਼ੀਆਂ ਦੀ ਕਾਸ਼ਤ ਦੇ ਨਾਲ-ਨਾਲ ਉਸਦਾ ਮੰਡੀਕਰਨ ਵੀ ਕਰਨਾ ਚਾਹੀਦਾ ਹੈ ਜਿਸ ਨੇ ਨਾਲ ਖੇਤੀ ਦੇ ਨਾਲ-ਨਾਲ ਆਮਦਨ ਵੀ ਹੋਵੇਗੀ।

ਪਰਦੀਪ ਨੱਤ

ਪੂਰੀ ਕਹਾਣੀ ਪੜ੍ਹੋ

ਛੋਟੀ ਉਮਰ ਹੀ ਸਿਰ ਪਈਆਂ ਜ਼ਿੰਮੇਵਾਰੀਆਂ ਨੂੰ ਅਪਣਾ ਕੇ ਉਸ ਉੱਤੇ ਜਿੱਤ ਪ੍ਰਾਪਤ ਕਰਨ ਵਾਲਾ ਨੌਜਵਾਨ

ਜ਼ਿੰਦਗੀ ਦਾ ਸਫ਼ਰ ਬਹੁਤ ਹੀ ਲੰਬਾ ਹੈ ਜੋ ਕਿ ਸਾਰੀ ਜ਼ਿੰਦਗੀ ਕੰਮ ਕਰਦਿਆਂ ਹੋਏ ਵੀ ਕਦੇ ਖਤਮ ਨਹੀਂ ਹੁੰਦਾ, ਇਸ ਜ਼ਿੰਦਗੀ ਦੇ ਸਫ਼ਰ ਵਿੱਚ ਹਰ ਇੱਕ ਇਨਸਾਨ ਦਾ ਕੋਈ ਨਾ ਕੋਈ ਮੁਸਾਫ਼ਿਰ ਜਾਂ ਸਾਥੀ ਅਜਿਹਾ ਹੁੰਦਾ ਹੈ ਜੋ ਉਸ ਨਾਲ ਹਮੇਸ਼ਾਂ ਨਾਲ ਰਹਿੰਦਾ ਹੈ, ਜਿਵੇਂ ਕਿਸੇ ਲਈ ਕਿਸੇ ਦਫਤਰ ਵਿੱਚ ਮਦਦ ਕਰਨ ਵਾਲਾ ਕੋਈ ਕਰਮਚਾਰੀ, ਜਿਵੇਂ ਕਿਸੇ ਪੰਛੀ ਦੀ ਥਕਾਵਟ ਦੂਰ ਕਰਨ ਵਾਲੀ ਬੂਟੇ ਦੀ ਟਾਹਣੀ, ਇਸ ਤਰ੍ਹਾਂ ਹਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਮਹੱਤਵਪੂਰਨ ਰੋਲ ਨਿਭਾ ਰਿਹਾ ਹੈ।

ਜਿਨ੍ਹਾਂ ਦੀ ਅੱਜ ਇਸ ਸਟੋਰੀ ਵਿੱਚ ਗੱਲ ਕਰਨ ਜਾ ਰਹੇ ਹਾਂ ਉਹਨਾਂ ਦੀ ਜ਼ਿੰਦਗੀ ਦੀ ਪੂਰੀ ਕਹਾਣੀ ਇਸ ਕਥਨ ਨਾਲ ਮਿਲਦੀ-ਜੁਲਦੀ ਹੈ, ਕਿਉਂਕਿ ਜੇਕਰ ਇੱਕ ਸਾਥ ਦੇਣ ਵਾਲਾ ਇਨਸਾਨ ਜੋ ਤੁਹਾਡੇ ਚੰਗੇ ਜਾਂ ਮਾੜੇ ਸਮੇਂ ਵਿੱਚ ਤੁਹਾਡਾ ਹਮੇਸ਼ਾਂ ਸਾਇਆ ਬਣ ਕੇ ਨਾਲ ਰਹਿੰਦਾ ਸੀ, ਤਾਂ ਜੇਕਰ ਉਹ ਇੱਕੋਂ ਦਮ ਤੁਹਾਡੇ ਤੋਂ ਅਲਗਹੋ ਜਾਵੇ ਤਾਂ ਹਰ ਇੱਕ ਕੰਮ ਜੋ ਪਹਿਲਾ ਆਸਾਨ ਲੱਗਦਾ ਸੀ ਉਹ ਬਾਅਦ ‘ਚ ਇਕੱਲਿਆਂ ਕਰਨਾ ਔਖਾ ਹੋ ਜਾਂਦਾ ਹੈ, ਦੂਸਰਾ ਤੁਹਾਨੂੰ ਉਸ ਕੰਮ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ।

ਅਜਿਹੇ ਹੀ ਇੱਕ ਅਗਾਂਹਵਧੂ ਕਿਸਾਨ ਪਰਦੀਪ ਨੱਤ, ਜੋ ਪਿੰਡ ਨੱਤ ਦਾ ਰਹਿਣ ਵਾਲਾ ਹੈ, ਜਿਸ ਨੇ ਛੋਟੀ ਉਮਰ ਵਿੱਚ ਇਕੱਲਿਆਂ ਹੀ ਕਾਮਯਾਬੀ ਦੀਆਂ ਮੰਜ਼ਿਲਾਂ ਉੱਤੇ ਜਿੱਤ ਹਾਸਿਲ ਕਰਕੇ ਆਪਣੇ ਜ਼ਿਲ੍ਹੇ ਬਠਿੰਡੇ ਵਿੱਚ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਦੀ ਕਾਸ਼ਤ ਅਤੇ ਖੁਦ ਹੀ ਮਾਰਕੀਟਿੰਗ ਕਰਕੇ ਨਾਮ ਚਮਕਾਇਆ ਹੈ।

ਸਾਲ 2018 ਦੀ ਗੱਲ ਹੈ ਜਦੋਂ ਪਰਦੀਪ ਆਪਣੇ ਪਿਤਾ ਜੀ ਨਾਲ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਖੇਤੀ ਦੇ ਵਿੱਚ ਹੱਥ ਵਟਾਉਣ ਲੱਗ ਪਿਆ ਤੇ ਉਸਦਾ ਸ਼ੁਰੂ ਤੋਂ ਇਹ ਹੀ ਸੀ ਕਿ ਕਿਸੇ ਕੰਪਨੀ ਵਿੱਚ ਕਿਸੇ ਹੇਠਾਂ ਕੰਮ ਕਰਨ ਦੀ ਬਜਾਏ ਖੁਦ ਦਾ ਕੰਮ ਕਰਨਾ ਹੈ, ਇਸ ਲਈ ਖੇਤੀ ਨੂੰ ਉਸਨੇ ਆਪਣਾ ਕਿੱਤਾ ਬਣਾਉਣ ਬਾਰੇ ਸੋਚਿਆ ਅਤੇ ਹੌਲੀ-ਹੌਲੀ ਆਪਣੇ ਪਿਤਾ ਜੀ ਦੇ ਦੱਸੇ ਅਨੁਸਾਰ ਖੇਤੀ ਦੇ ਰੁਝੇਵਿਆਂ ਵਿੱਚ ਅਜਿਹਾ ਰੁੱਝ ਗਿਆ ਕਿ ਉਸਨੂੰ ਖੇਤਾਂ ਨਾਲ ਇੰਨਾ ਪਿਆਰ ਹੋ ਗਿਆ ਅਤੇ ਲੋਕ ਉਸਨੂੰ ਖੇਤਾਂ ਦਾ ਪੁੱਤ ਕਹਿਣ ਲੱਗ ਗਏ।

ਜਦੋਂ ਪਰਦੀਪ ਨੂੰ ਖੇਤੀ ਦੇ ਬਾਰੇ ਜਾਣਕਾਰੀ ਹੋ ਲੱਗੀ ਕਿ ਫਸਲ ਅਤੇ ਖਾਦ ਦੀ ਮਾਤਰਾ ਬਾਰੇ ਉਦੋਂ ਅਚਾਨਕ 2018 ਵਿੱਚ ਪਰਦੀਪ ਦੇ ਸਿਰ ਉੱਤੋਂ ਮਦਦ ਕਰਨ ਵਾਲਾ ਹੱਥ ਉੱਠ ਗਿਆ ਜੋ ਕਿ ਹਰ ਦੁੱਖ-ਸੁੱਖ ਵਿੱਚ ਉਸ ਦਾ ਸਾਇਆ ਬਣ ਕੇ ਹਮੇਸ਼ਾਂ ਨਾਲ ਰਹਿੰਦਾ ਸੀ। ਜਿਸ ਦਾ ਦੁੱਖ ਪੂਰੇ ਪਰਿਵਾਰ ਨੂੰ ਬਹੁਤ ਜ਼ਿਆਦਾ ਹੋਇਆ ਕਿਉਂਕਿ ਪੂਰੇ ਘਰ ਦੀ ਜਿੰਮੇਵਾਰੀ ਸੰਭਾਲਣ ਵਾਲੇ ਉਸ ਦੇ ਪਿਤਾ ਜੀ ਹੀ ਸਨ। ਜੋ ਕਿ ਹੁਣ ਸਾਰੀ ਜਿੰਮੇਵਾਰੀ ਪਰਦੀਪ ਦੇ ਸਿਰ ਉੱਤੇ ਆ ਗਈ ਸੀ ਅਤੇ ਉੱਤੋਂ ਪਰਦੀਪ ਦੀ ਉਮਰ ਵੀ ਛੋਟੀ ਸੀ। ਪਰ ਪਰਦੀਪ ਨੇ ਹੌਂਸਲਾ ਰੱਖਿਆ ਅਤੇ ਖੇਤੀ ਦੇ ਤਰੀਕਿਆਂ ਨੂੰ ਬਦਲਣ ਬਾਰੇ ਸੋਚਿਆ ਜਿਸ ਬਾਰੇ ਉਸਨੇ ਸੁਣਿਆ ਹੋਇਆ ਸੀ ਕਿ ਆਰਗੈਨਿਕ ਤਰੀਕੇ ਨਾਲ ਵੀ ਖੇਤੀ ਕੀਤੀ ਜਾ ਸਕਦੀ ਹੈ।

ਫਿਰ ਕੀ 2018 ਵਿੱਚ ਹੀ ਦੇਰੀ ਨਾ ਕਰਦੇ ਹੋਏ ਇੱਕ ਏਕੜ ਵਿੱਚ ਆਰਗੈਨਿਕ ਤਰੀਕੇ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਉੱਤੇ ਬਹੁਤ ਸਾਰੇ ਲੋਕਾਂ ਨੇ ਉਸਨੂੰ ਕਿਹਾ ਕਿ ਤੂੰ ਇਹ ਕੀ ਕਰ ਲਿਆ, ਤਾਂ ਉਸਨੇ ਕਿਸੇ ਦੀ ਨਾ ਮੰਨ ਕੇ ਆਪਣੀ ਹੀ ਕੀਤੀ, ਉਸਦਾ ਸੋਚਣਾ ਸੀ ਕਿ ਹੁਣ ਤੱਕ ਦਾ ਰਸਾਇਣਿਕ ਖਾਂਦੇ ਆਏ ਹਾਂ ਤੇ ਪਤਾ ਨਹੀਂ ਕਿੰਨੀਆਂ ਹੀ ਬਿਮਾਰੀਆਂ ਨੂੰ ਘਰ ਲਿਆਈ ਬੈਠੇ ਹਾਂ, ਇਸ ਨਾਲੋਂ ਸ਼ੁੱਧ ਤੇ ਆਰਗੈਨਿਕ ਖਾਈਏ, ਜਿਸ ਨਾਲ ਕਈ ਬਿਮਾਰੀਆਂ ਤੋਂ ਬਚਿਆ ਜਾ ਸਕੇ।

ਆਰਗੈਨਿਕ ਤਰੀਕੇ ਨਾਲ ਤਾਂ ਖੇਤੀ 2018 ਦੇ ਫਰਵਰੀ ਮਹੀਨੇ ਤੋਂ ਸ਼ੁਰੂ ਕਰ ਦਿੱਤੀ ਸੀ ਅਤੇ ਜਦੋਂ ਆਰਗੈਨਿਕ ਬਾਰੇ ਪੂਰੀ ਜਾਣਕਾਰੀ ਹੋ ਗਈ ਤਾਂ ਪਰਦੀਪ ਨੇ ਸੋਚਿਆ ਕਿ ਕਿਉਂ ਨਾ ਕੁੱਝ ਹੋਰ ਵੱਖਰਾ ਕੀਤਾ ਜਾਵੇ ਅਤੇ ਸਿੱਧਾ ਖਿਆਲ ਉਸਦਾ ਰਵਾਇਤੀ ਖੇਤੀ ਤੋਂ ਹੱਟ ਕੇ ਸਬਜ਼ੀਆਂ ਦੀ ਕਾਸ਼ਤ ਕਰਨ ਦਾ ਵਿਚਾਰ ਆਇਆ। ਫਿਰ ਸਤੰਬਰ ਮਹੀਨੇ ਦੇ ਚੜ੍ਹਦੇ ਸਾਰ ਹੀ ਉਸਨੇ ਥੋੜੀ ਮਾਤਰਾ ਵਿੱਚ ਭਿੰਡੀ, ਮਿਰਚ, ਸ਼ਿਮਲਾ ਮਿਰਚ, ਗੋਭੀ ਆਦਿ ਦੀ ਸਬਜੀਆਂ ਲਗਾ ਦਿੱਤੀਆਂ ਅਤੇ ਆਰਗੈਨਿਕ ਤਰੀਕੇ ਨਾਲ ਉਹਨਾਂ ਦੀ ਦੇਖਭਾਲ ਕਰਨ ਲੱਗਾ ਅਤੇ ਜਦੋਂ ਸਮੇਂ ਦੇ ਅਨੁਸਾਰ ਸਬਜ਼ੀਆਂ ਪੱਕ ਕੇ ਤਿਆਰ ਹੋਈਆਂ ਤਾਂ ਸਭ ਤੋਂ ਪਹਿਲਾ ਪਰਦੀਪ ਨੇ ਘਰ ਲੈ ਕੇ ਸਬਜ਼ੀ ਬਣਾ ਕੇ ਦੇਖੀ ਤੇ ਜਦੋ ਖਾਈ ਤਾਂ ਸਬਜ਼ੀ ਦਾ ਸਵਾਦ ਬਹੁਤ ਜ਼ਿਆਦਾ ਭਿੰਨ ਸੀ ਕਿਉਂਕਿ ਆਰਗੈਨਿਕ ਤੇ ਰਸਾਇਣਿਕ ਤਰੀਕੇ ਨਾਲ ਉਗਾਈ ਗਈ ਫਸਲ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ।

ਇਸ ਤੋਂ ਬਾਅਦ ਪਰਦੀਪ ਨੇ ਸੋਚਿਆ ਕਿ ਚੱਲੋ ਸਬਜ਼ੀਆਂ ਨੂੰ ਵੇਚ ਕੇ ਆਉਂਦੇ ਹਾਂ ਪਰ ਮਨ ਵਿੱਚ ਖਿਆਲ ਆਇਆ ਕਿ ਲੋਕ ਰਸਾਇਣਿਕ ਦੇਖ ਕੇ ਜੈਵਿਕ ਸਬਜ਼ੀ ਨੂੰ ਕਿਵੇਂ ਖ੍ਰੀਦਣਗੇ। ਫਿਰ ਪਰਦੀਪ ਨੇ ਖੁਦ ਮਾਰਕੀਟਿੰਗ ਕਰਨ ਦੀ ਯੋਜਨਾ ਬਣਾਈ ਅਤੇ ਖੁਦ ਪਿੰਡ-ਪਿੰਡ ਜਾ ਕੇ ਸਬਜ਼ੀਆਂ ਵੇਚਣ ਲੱਗਾ ਅਤੇ ਲੋਕਾਂ ਨੂੰ ਜੈਵਿਕ ਫਾਇਦੇ ਬਾਰੇ ਦੱਸਣ ਲੱਗਾ ਜਿਸ ਨਾਲ ਲੋਕਾਂ ਨੂੰ ਉਸ ਤੇ ਵਿਸ਼ਵਾਸ ਹੋਣ ਲੱਗ ਗਿਆ।

ਫਿਰ ਕੀ ਰੋਜ਼ ਪਰਦੀਪ ਨੇ ਭਲਕੇ ਜਾ ਕੇ ਸਬਜ਼ੀ ਤੋੜਨੀ ਅਤੇ ਆਪਣੀ ਮੋਟਰਸਾਈਕਲ ਨਾਲ ਬਣਾਈ ਰੇੜ੍ਹੀ ਵਿੱਚ ਰੱਖ ਕੇ ਸਬਜ਼ੀਆਂ ਵੇਚਣ ਜਾਂਦਾ ਅਤੇ ਸ਼ਾਮ ਨੂੰ ਘਰ ਵਾਪਿਸ ਆ ਜਾਂਦਾ। ਪਰ ਇਹ ਕਿੰਨਾ ਸਮਾਂ ਇਸ ਤਰ੍ਹਾਂ ਚੱਲਣਾ ਸੀ ਤੇ ਇਸ ਵਾਰ ਆਪਣੇ ਨਾਲ ਨਰਸਰੀ ਦੇ ਕਾਰਡ ਛਪਵਾ ਕੇ ਲੈ ਗਿਆ ਅਤੇ ਸਬਜ਼ੀ ਦੇ ਨਾਲ ਨਾਲ ਉਹ ਵੀ ਦੇਣ ਲੱਗਾ।

ਫਿਰ ਪਰਦੀਪ ਨੇ ਸੋਚਿਆ ਕਿ ਕਿਉਂ ਨਾ ਇੱਕ ਵਾਰ ਬਠਿੰਡੇ ਸ਼ਹਿਰ ਵਿੱਚ ਜਾ ਕੇ ਸਬਜ਼ੀਆਂ ਦੀ ਵੇਚ ਕੀਤੀ ਜਾਵੇ ਤੇ ਉਸਨੇ ਇਸ ਤਰ੍ਹਾਂ ਹੀ ਕੀਤਾ ਅਤੇ ਸ਼ਹਿਰ ਵਿੱਚ ਉਸਨੂੰ ਭਰਵਾਂ ਹੁੰਗਾਰਾ ਮਿਲਿਆ ਜਿਸ ਨਾਲ ਪ੍ਰਦੀਪ ਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਅਤੇ ਖੁਸ਼ੀ ਦੇ ਨਾਲ-ਨਾਲ ਮੁਨਾਫ਼ਾ ਵੀ ਹੋਣ ਲੱਗਾ।

ਇਸ ਤਰ੍ਹਾਂ ਪੂਰਾ 1 ਸਾਲ ਚੱਲਦਾ ਰਿਹਾ ਅਤੇ 2020 ਆਉਂਦਿਆਂ ਪਰਦੀਪ ਨੂੰ ਇਸ ਕੰਮ ਵਿੱਚ ਪੂਰੀ ਤਰ੍ਹਾਂ ਸਫਲਤਾ ਹਾਸਿਲ ਹੋਈ। ਜੋ ਪਰਦੀਪ ਨੇ 1 ਏਕੜ ਤੋਂ ਕੰਮ ਸ਼ੁਰੂ ਕੀਤਾ ਸੀ ਉਸਨੂੰ ਹੌਲੀ-ਹੌਲੀ 5 ਏਕੜ ਦੇ ਵਿੱਚ ਫ਼ੈਲਾ ਰਹੇ ਹਨ ਜਿਸ ਵਿੱਚ ਉਹਨਾਂ ਨੇ ਸਬਜ਼ੀਆਂ ਦੀ ਕਾਸ਼ਤ ਵਿੱਚ ਤਾਂ ਵਾਧਾ ਕੀਤਾ ਹੀ ਹੈ ਉਸਦੇ ਨਾਲ ਹੀ ਨਰਮੇ ਦੀ ਕਾਸ਼ਤ ਵੀ ਆਰਗੈਨਿਕ ਤਰੀਕੇ ਨਾਲ ਕਰਨੀ ਸ਼ੁਰੂ ਕੀਤੀ ਹੈ।

ਅੱਜ ਪਰਦੀਪ ਨੂੰ ਘਰ ਬੈਠੇ ਸਬਜ਼ੀ ਖਰੀਦਣ ਲਈ ਫੋਨ ਆਉਂਦਾ ਹੈ ਤੇ ਪਰਦੀਪ ਆਪਣੀ ਰੇੜ੍ਹੀ ਉੱਤੇ ਸਬਜ਼ੀ ਰੱਖ ਕੇ ਵੇਚਣ ਚਲੇ ਜਾਂਦੇ ਹਨ ਜਿਸ ਵਿੱਚ ਸਭ ਤੋਂ ਜ਼ਿਆਦਾ ਸਬਜ਼ੀ ਲਈ ਫੋਨ ਬਠਿੰਡੇ ਸ਼ਹਿਰ ਤੋਂ ਆਉਂਦੇ ਹਨ ਜਿੱਥੇ ਉਹਨਾਂ ਦੀ ਬਹੁਤ ਜ਼ਿਆਦਾ ਮਾਰਕੀਟਿੰਗ ਹੁੰਦੀ ਹੈ ਅਤੇ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਹੇ ਹਨ।

ਛੋਟੀ ਉਮਰ ਵਿੱਚ ਹੀ ਪਰਦੀਪ ਨੇ ਵੱਡੀਆਂ ਜਿੱਤਾਂ ਹਾਸਿਲ ਕੀਤੀਆਂ ਹਨ, ਹਰ ਇੱਕ ਨੂੰ ਚਾਹੀਦਾ ਹੈ ਮੁਸ਼ਕਿਲਾਂ ਨੂੰ ਦੇਖ ਕਦੇ ਵੀ ਭੱਜਣਾ ਨਹੀਂ ਚਾਹੀਦਾ, ਸਗੋਂ ਉਹਨਾਂ ਮੁਸ਼ਕਿਲਾਂ ਦਾ ਹੱਸ ਕੇ ਮੁਕ਼ਾਬਲਾ ਕਰਨਾ ਚਾਹੀਦਾ ਹੈ, ਜਿਸ ਵਿੱਚ ਉਮਰ ਕਦੇ ਵੀ ਕੋਈ ਮਾਇਨੇ ਨਹੀਂ ਰੱਖਦਾ, ਜਿਸਨੇ ਮੰਜਿਲਾਂ ਹਾਸਿਲ ਕਰਨੀਆਂ ਉਸਨੇ ਛੋਟੀ ਉਮਰੇ ਹੀ ਕਰ ਲੈਣੀਆਂ ਹਨ।

ਭਵਿੱਖ ਦੀ ਯੋਜਨਾ

ਉਹ ਹੌਲ਼ੀ ਹੌਲੀ ਆਪਣੀ ਜਿੰਨੀ ਵੀ ਜਮੀਨ ਹੈ ਉਸਨੂੰ ਪੁਰੀ ਤਰ੍ਹਾਂ ਆਰਗੈਨਿਕ ਵਿੱਚ ਬਦਲਣਾ ਚਾਹੁੰਦੇ ਹਨ ਅਤੇ ਖੇਤੀ ਦੀ ਜੀਵਨ ਸ਼ੈਲੀ ਜੋ ਰਸਾਇਣਿਕ ਖਾਦਾਂ ਨੇ ਬਰਬਾਦ ਕੀਤੀ ਹੈ ਉਸਨੂੰ ਜੈਵਿਕ ਖਾਦਾਂ ਰਾਹੀਂ ਦੁਬਾਰਾ ਤਾਕਤਵਾਰ ਬਣਾਉਣਾ ਚਾਹੁੰਦੇ ਹਨ।

ਸੰਦੇਸ਼

ਕਿਸਾਨ ਕੋਈ ਵੀ ਹੈ ਚਾਹੇ ਛੋਟਾ ਹੈ ਚਾਹੇ ਵੱਡਾ, ਹਮੇਸ਼ਾਂ ਪਹਿਲ ਜੈਵਿਕ ਖੇਤੀ ਨੂੰ ਹੀ ਦੇਣ, ਕਿਉਂਕਿ ਆਪਣੀ ਸਿਹਤ ਨਾਲੋਂ ਹੋਰ ਕੁਝ ਵੀ ਪਿਆਰਾ ਨਹੀਂ ਹੈ ਅਤੇ ਮੁਨਾਫੇ ਬਾਰੇ ਨਾ ਸੋਚ ਕੇ ਆਪਣੇ ਅਤੇ ਦੂਜਿਆਂ ਬਾਰੇ ਹੀ ਸੋਚ ਕੇ ਹੀ ਸ਼ੁਰੂ ਕਰੇ, ਆਪ ਵੀ ਸ਼ੁੱਧ ਖਾਓ ਅਤੇ ਦੂਸਰਿਆਂ ਨੂੰ ਖਵਾਓ।

ਰਾਜਵਿੰਦਰ ਸਿੰਘ ਖੋਸਾ

ਪੂਰੀ ਕਹਾਣੀ ਪੜ੍ਹੋ

ਅਪਾਹਿਜ ਹੋਣ ਦੇ ਬਾਵਜੂਦ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪਣੀ ਮਿਹਨਤ ਨਾਲ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਇਹ ਕਿਸਾਨ

ਨਵੇਂ ਰਸਤੇ ਉੱਤੇ ਚੱਲਦਿਆਂ ਰੁਕਾਵਟਾਂ ਤਾਂ ਆਉਂਦੀਆਂ ਹਨ ਪਰ ਉਹਨਾਂ ਦਾ ਹੱਲ ਵੀ ਜ਼ਰੂਰ ਹੁੰਦਾ ਹੈ।

ਅੱਜ ਜਿਸ ਕਿਸਾਨ ਦੀ ਕਹਾਣੀ ਤੁਸੀਂ ਪੜ੍ਹੋਗੇ ਉਹ ਸਰੀਰਿਕ ਪੱਖੋਂ ਅਪਾਹਿਜ ਜ਼ਰੂਰ ਹੈ, ਪਰ ਹੋਂਸਲਾ ਤੇ ਜਜ਼ਬਾ ਇੰਨਾ ਹੈ ਕਿ ਦੁਨੀਆਂ ਜਿੱਤਣ ਦਾ ਦਮ ਰੱਖਦਾ ਹੈ।

ਜ਼ਿਲ੍ਹਾ ਫਰੀਦਕੋਟ ਦੇ ਪਿੰਡ ਧੂੜਕੋਟ ਦਾ ਹਿੰਮਤੀ ਕਿਸਾਨ ਰਾਜਵਿੰਦਰ ਸਿੰਘ ਖੋਸਾ ਜਿਸਨੇ ਬਾਰਵੀਂ, ਕੰਪਿਊਟਰ, ਬੀ ਏ ਅਤੇ ਸਰਕਾਰੀ ਆਈ ਟੀ ਆਈ ਫਰੀਦਕੋਟ ਤੋਂ ਸ਼ਾਟਹੈਂਡ-ਸਟੈਨੋ ਪੰਜਾਬੀ ਟਾਇਪਿੰਗ ਦਾ ਕੋਰਸ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਸ਼ੁਰੂ ਕੀਤੀ ਪਰ ਕੀਤੇ ਵੀ ਨੌਕਰੀ ਨਾ ਮਿਲ ਸਕੀ ਅਤੇ ਥੱਕ-ਹਾਰ ਕੇ ਅਖੀਰ ਉਹ ਆਪਣੇ ਪਿੰਡ ਵਿੱਚ ਹੀ ਕਣਕ-ਝੋਨੇ ਦੀ ਹੀ ਖੇਤੀ ਕਰਨ ਲੱਗਾ।

ਇਹ ਗੱਲ ਸਾਲ 2019 ਦੀ ਹੈ ਜਦੋਂ ਰਾਜਵਿੰਦਰ ਸਿੰਘ ਖੋਸਾ ਰਵਾਇਤੀ ਖੇਤੀ ਹੀ ਕਰਦੇ ਸਨ ਅਤੇ ਇਸ ਦੇ ਨਾਲ-ਨਾਲ ਆਪਣੇ ਘਰ ਖਾਣ ਲਈ ਹੀ ਸਬਜ਼ੀਆਂ ਦੀ ਹੀ ਕਾਸ਼ਤ ਕਰਦੇ ਸਨ ਜਿਸ ਵਿੱਚ ਉਹ ਸਿਰਫ ਬਹੁਤ ਘੱਟ ਮਾਤਰਾ ਦੇ ਵਿੱਚ ਹੀ ਥੋੜੀ ਬਹੁਤ ਹੀ ਗਿਣੀਆਂ-ਚੁਣੀਆਂ ਸਬਜ਼ੀਆਂ ਹੀ ਲਗਾਉਂਦੇ ਅਤੇ ਬਹੁਤ ਵਾਰ ਜਿਵੇਂ ਪਿੰਡ ਵਾਲੇ ਆ ਕੇ ਲੈ ਜਾਂਦੇ ਸਨ ਪਰ ਉਨ੍ਹਾਂ ਨੇ ਕਦੇ ਸਬਜ਼ੀਆਂ ਦੇ ਪੈਸੇ ਤੱਕ ਨਹੀਂ ਲਏ ਸੀ।

ਬਹੁਤ ਸਮਾਂ ਤਾਂ ਇਸ ਤਰ੍ਹਾਂ ਹੀ ਚੱਲਦਾ ਰਿਹਾ ਅਤੇ ਉਹ ਸਬਜ਼ੀਆਂ ਦੀ ਕਾਸ਼ਤ ਕਰਦੇ ਰਹੇ, ਪਰ ਥੋੜੀ ਮਾਤਰਾ ਦੇ ਵਿੱਚ, ਪਰ 2019 ਵਿੱਚ ਕੋਵਿਡ ਕਰਕੇ ਲੱਗੇ ਲੌਕਡਾਊਨ ਕਾਰਨ ਦੁਨੀਆਂ ਨੂੰ ਸਰਕਾਰ ਦੇ ਹੁਕਮ ਅਨੁਸਾਰ ਆਪਣੇ ਘਰਾਂ ਵਿੱਚ ਕੈਦ ਹੋਣਾ ਪਿਆ ਅਤੇ ਖਾਣ-ਪੀਣ ਦੀ ਸਮੱਸਿਆ ਆ ਗਈ ਸੀ ਕਿ ਖਾਣਾ ਜਾਂ ਸਬਜ਼ੀ ਕਿੱਥੋਂ ਲੈ ਕੇ ਆਈਏ, ਤਾਂ ਇਸ ਨੂੰ ਦੇਖਦੇ ਹੋਏ ਜਦੋਂ ਰਾਜਵਿੰਦਰ ਖੋਸਾ ਜੀ ਘਰ ਆਏ ਉਹ ਸੋਚ ਰਹੇ ਸਨ ਕਿ ਜੇਕਰ ਸਾਰੀ ਦੁਨੀਆਂ ਇਸ ਤਰ੍ਹਾਂ ਹੀ ਘਰ ਵਿੱਚ ਬੈਠ ਗਈ ਤਾਂ ਉਹ ਖਾਣ-ਪੀਣ ਦਾ ਪ੍ਰਬੰਧ ਕਿਵੇਂ ਕਰਨਗੇ ਤੇ ਇਸ ਵਿੱਚ ਜ਼ਰੂਰੀ ਸੀ ਸਰੀਰ ਦੀ ਇਮੁਨਿਟੀ ਨੂੰ ਮਜ਼ਬੂਤ ਬਣਾਉਣਾ ਤੇ ਉਹ ਉਦੋਂ ਹੀ ਮਜ਼ਬੂਤ ਹੋ ਸਕਦੀ ਸੀ ਜਦੋਂ ਖਾਣਾ-ਪੀਣਾ ਸਹੀ ਹੋਵੇ ਅਤੇ ਇਸ ਵਿੱਚ ਸਬਜ਼ੀਆਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ।

ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਜਵਿੰਦਰ ਨੇ ਸੋਚ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਬਜ਼ੀਆਂ ਦੇ ਕੰਮ ਨੂੰ ਵਧਾਉਣ ਬਾਰੇ ਸੋਚਿਆ। ਹੌਲੀ-ਹੌਲੀ ਕਰਦੇ ਰਾਜਵਿੰਦਰ ਨੇ 12 ਮਰਲਿਆਂ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਵਿੱਚ ਜਿਵੇਂ ਭਿੰਡੀ, ਤੋਰੀ, ਕੱਦੂ, ਚੱਪਣ ਕੱਦੂ ਆਦਿ ਦੀਆਂ ਸਬਜ਼ੀਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੋ ਸਬਜ਼ੀਆਂ ਅਗੇਤੀ ਲਗਾ ਅਤੇ ਥੋੜੇ ਸਮੇਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ, ਸਭ ਤੋਂ ਪਹਿਲਾਂ ਉਨ੍ਹਾਂ ਨੇ ਉੱਥੋਂ ਸ਼ੁਰੂ ਕੀਤਾ।

ਜਦੋਂ ਸਮੇਂ ‘ਤੇ ਸਬਜ਼ੀਆਂ ਪੱਕ ਕੇ ਤਿਆਰ ਹੋਈਆਂ ਤਾਂ ਉਨ੍ਹਾਂ ਨੇ ਸੋਚਿਆ ਕਿ ਇਸ ਨੂੰ ਮੰਡੀ ਵਿੱਚ ਵੇਚ ਕੇ ਆਇਆ ਜਾਵੇ ਪਰ ਨਾਲ ਹੀ ਮਨ ਵਿੱਚ ਖਿਆਲ ਆਇਆ ਕਿਉਂ ਨਾ ਇਸ ਦਾ ਮੰਡੀਕਰਨ ਮੈਂ ਖੁਦ ਹੀ ਕਰਾਂ, ਜੋ ਪੈਸੇ ਆੜ੍ਹਤੀਏ ਕਮਾ ਰਹੇ ਹਨ ਉਹ ਪੈਸਾ ਖੁਦ ਹੀ ਕਮਾ ਲਿਆ ਜਾਵੇ।

ਫਿਰ ਰਾਜਵਿੰਦਰ ਨੇ ਆਪਣੀ ਮਾਰੂਤੀ ਕਾਰ ਨੂੰ ਸਬਜ਼ੀਆਂ ਦੇ ਲੇਖੇ ਲਗਾ ਦਿੱਤਾ। ਸਬਜ਼ੀਆਂ ਕਾਰ ਵਿੱਚ ਰੱਖ ਕੇ ਫਰੀਦਕੋਟ ਸ਼ਹਿਰ ਦੇ ਨੇੜਲੇ ਲੱਗਦੀਆਂ ਨਹਿਰਾਂ ਕੋਲ ਸਵੇਰੇ ਜਾ ਕੇ ਸਬਜ਼ੀ ਵੇਚਣ ਲੱਗੇ, ਪਰ ਇੱਕ-ਦੋ ਦਿਨ ਉੱਥੇ ਬਹੁਤ ਘੱਟ ਲੋਕ ਸਬਜ਼ੀ ਖਰੀਦਣ ਦੇ ਲਈ ਆਏ ਅਤੇ ਵਾਪਿਸ ਘਰ ਨਿਰਾਸ਼ ਹੋ ਕੇ ਆ ਗਏ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਸੋਚਿਆ ਕੋਈ ਨਹੀਂ ਕੱਲ ਕਿਤੇ ਕਿਸੇ ਹੋਰ ਜਗ੍ਹਾਂ ‘ਤੇ ਲਗਾ ਕੇ ਦੇਖੀ ਜਾਵੇਗੀ, ਜਿੱਥੇ ਥੋੜੀ ਭੀੜ ਜਿਹੀ ਹੋਵੇ ਅਤੇ ਲੋਕਾਂ ਦਾ ਆਉਣਾ-ਜਾਣਾ ਵੀ ਹੋਵੇ। ਜਿਵੇਂ ਹੀ ਰਾਜਵਿੰਦਰ ਕਾਰ ਵਿੱਚ ਬੈਠ ਕੇ ਜਾਣ ਲੱਗਾ ਤਾਂ ਪਿੱਛੋਂ ਜਸਪਾਲ ਸਿੰਘ ਨਾਮ ਦੇ ਵੀਰ ਨੇ ਆਵਾਜ਼ ਮਾਰੀ, ਕਹਿੰਦੇ ਭਰਾ ਸਵੇਰੇ-ਸਵੇਰੇ ਸ਼ਹਿਰ ਦੇ ਲੋਕ ਡੇਅਰੀ ਤੋਂ ਦੁੱਧ ਅਤੇ ਦਹੀਂ ਲੈਣ ਲਈ ਆਉਂਦੇ ਹਨ ਕੀ ਪਤਾ ਸਬਜ਼ੀ ਵਾਲੀ ਕਾਰ ਵੇਖ ਤੇਰੀ ਸਬਜ਼ੀ ਹੀ ਖਰੀਦ ਲੈਣ, ਤੂੰ ਸਵੇਰ ਵੇਲੇ ਸਬਜ਼ੀ ਵੇਚ ਕੇ ਦੇਖ।

ਰਾਜਵਿੰਦਰ ਸਿੰਘ ਨੇ ਉਸਦੀ ਗੱਲ ਮੰਨਦਿਆਂ ਫਿਰ ਡੀਸੀ ਰਿਹਾਇਸ਼ ਦੇ ਕੋਲ ਡੇਅਰੀ ਦੇ ਸਾਹਮਣੇ ਸਵੇਰੇ 6 ਵਜੇ ਜਾ ਕੇ ਸਬਜ਼ੀਆਂ ਨੂੰ ਵੇਚਣ ਲੱਗਾ, ਜਿਸ ਨਾਲ ਪਹਿਲੇ ਦਿਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਤੋਂ ਸਬਜ਼ੀ ਖਰੀਦੀ। ਰਾਜਵਿੰਦਰ ਸਿੰਘ ਖੋਸਾ ਨੂੰ ਥੋੜੀ ਖੁਸ਼ੀ ਵੀ ਹੋਈ, ਇਹ ਦੇਖ ਕੇ ਅੰਦਰ ਇੱਕ ਉਮੀਦ ਦੀ ਰੋਸ਼ਨੀ ਜਾਗ ਪਈ ਅਤੇ ਅਗਲੇ ਦਿਨ ਸਵੇਰੇ 6 ਵਜੇ ਜਾ ਕੇ ਫਿਰ ਖੜ ਗਿਆ ਅਤੇ ਕੱਲ ਨਾਲੋਂ ਅੱਜ ਸਬਜ਼ੀ ਦੀ ਬਹੁਤ ਖਰੀਦ ਹੋਈ ਇਹ ਦੇਖ ਕੇ ਬਹੁਤ ਖੁਸ਼ ਹੋਏ।

ਰਾਜਵਿੰਦਰ ਨੇ ਸਵੇਰ 6 ਵਜੇ ਤੋਂ ਸਵੇਰ ਦੇ 9 ਵਜੇ ਦੇ ਵਿਚਕਾਰ ਦਾ ਸਮਾਂ ਰੱਖ ਲਿਆ ਅਤੇ ਇਸ ਸਮੇਂ ਵਿੱਚ ਹੀ ਉਹ ਸਬਜ਼ੀਆਂ ਨੂੰ ਵੇਚਦੇ ਸਨ। ਜਿਵੇਂ-ਜਿਵੇਂ ਰੋਜ਼ ਹੀ ਉਹ ਡੀਸੀ ਰਿਹਾਇਸ਼ ਦੇ ਕੋਲ ਜਾ ਕੇ ਖੜਨ ਲੱਗੇ ਉਨ੍ਹਾਂ ਦੀ ਬਹੁਤ ਸਾਰੇ ਲੋਕਾਂ ਨਾਲ ਜਾਣ-ਪਹਿਚਾਣ ਬਣ ਗਈ ਜਿਸ ਨਾਲ ਉਨ੍ਹਾਂ ਦੀ ਸਬਜ਼ੀਆਂ ਦੀ ਮਾਰਕੀਟਿੰਗ ਵਿੱਚ ਦਿਨੋਂ-ਦਿਨੀ ਪ੍ਰਸਾਰ ਹੋਣ ਲੱਗਾ।

ਰਾਜਵਿੰਦਰ ਸਿੰਘ ਨੇ ਜਿਵੇਂ ਦੇਖਿਆ ਕਿ ਮਾਰਕੀਟਿੰਗ ਵਿੱਚ ਪ੍ਰਸਾਰ ਹੋ ਰਿਹਾ ਹੈ ਤਾਂ ਅਗਸਤ 2020 ਖਤਮ ਹੁੰਦਿਆਂ ਉਨ੍ਹਾਂ ਦੇ 12 ਮਰਲਿਆਂ ਤੋਂ ਸ਼ੁਰੂ ਕੀਤੇ ਇਸ ਕੰਮ ਨੂੰ ਹੌਲੀ-ਹੌਲੀ ਇੱਕ ਕਿੱਲੇ ਦੇ ਵਿੱਚ ਫੈਲਾ ਲਿਆ ਅਤੇ ਬਹੁਤਾਤ ਵਿੱਚ ਹੋਰ ਨਵੀਆਂ ਸਬਜ਼ੀਆਂ ਲਗਾ ਦਿੱਤੀਆਂ, ਜਿਸ ਵਿੱਚ ਗੋਭੀ, ਬੰਦਗੋਭੀ, ਮਟਰ, ਮਿਰਚ, ਮੂਲੀ, ਸਾਗ, ਪਾਲਕ, ਧਨੀਆ, ਮੇਥੀ, ਮੇਥੇ, ਅਚਾਰ, ਸ਼ਹਿਦ ਆਦਿ ਦੇ ਨਾਲ-ਨਾਲ ਰਾਜਵਿੰਦਰ ਸਿੰਘ ਵਿਦੇਸ਼ੀ ਸਬਜੀਆਂ ਵੀ ਪੈਦਾ ਕਰਨ ਲੱਗੇ, ਜਿਵੇਂ ਪੇਠਾ, ਸਲਾਦ ਪੱਤਾ, ਸ਼ਲਗਮ ਅਤੇ ਹੋਰ ਕਈ ਸਬਜ਼ੀਆਂ ਲਗਾ ਦਿੱਤੀਆਂ ਅਤੇ ਉਨ੍ਹਾਂ ਦੀ ਮਾਰਕੀਟਿੰਗ ਕਰਨ ਲੱਗੇ।

ਉਂਝ ਤਾਂ ਰਾਜਵਿੰਦਰ ਸਫਲ ਤਾਂ ਉਦੋਂ ਹੀ ਹੋ ਗਏ ਸਨ ਜਦੋਂ ਉਨ੍ਹਾਂ ਕੋਲ ਇੱਕ ਭੈਣ ਸਬਜ਼ੀ ਖਰੀਦਣ ਲਈ ਆਈ ਤੇ ਕਹਿਣ ਲੱਗੀ, ਵੀਰ ਮੇਰੇ ਬੱਚੇ ਸਿਹਤਮੰਦ ਚੀਜ਼ਾਂ ਜਿਵੇਂ ਮੂਲੀਆਂ ਆਦਿ ਬਗੈਰਾ ਨਹੀਂ ਖਾਂਦੇ, ਤਾਂ ਰਾਜਵਿੰਦਰ ਨੇ ਕਿਹਾ, ਭੈਣ ਇੱਕ ਵਾਰ ਤੁਸੀਂ ਮੇਰੀ ਆਰਗੈਨਿਕ ਬਗੀਚੀ ਤੋਂ ਉਗਾਈਆਂ ਮੂਲੀਆਂ ਆਪਣੇ ਬੱਚਿਆਂ ਨੂੰ ਖਿਲਾ ਕੇ ਦੇਖੋ, ਤਾਂ ਭੈਣ ਨੇ ਉਸ ਤਰ੍ਹਾਂ ਹੀ ਕੀਤਾ। ਜੋ ਮੂਲੀਆਂ ਨੂੰ ਖਾਣਾ ਤਾਂ ਕੀ ਦੇਖਦੇ ਤੱਕ ਵੀ ਨਹੀਂ ਸਨ ਉਨ੍ਹਾਂ ਨੇ ਇਸ ਵਾਰ ਮੂਲੀਆਂ ਦਾ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਕਿੱਧਰ ਗਈਆਂ। ਤਾਂ ਜਦੋਂ ਭੈਣ ਨੇ ਦੱਸਿਆ ਤਾਂ ਰਾਜਵਿੰਦਰ ਨੂੰ ਦਿਲੋਂ ਇੰਨਾ ਜ਼ਿਆਦਾ ਸਕੂਨ ਪ੍ਰਾਪਤ ਹੋਇਆ ਕਿ ਜਿਵੇਂ ਜ਼ਿੰਦਗੀ ਵਿੱਚ ਸਭ ਕੁਝ ਹਾਸਿਲ ਕਰ ਲਿਆ ਹੋਵੇ। ਫਿਰ ਸ਼ਹਿਰ ਦੇ ਲੋਕ ਉਹਨਾਂ ਨਾਲ ਇਸ ਤਰ੍ਹਾਂ ਜੁੜੇ ਕਿ ਉਹਨਾਂ ਦੀ ਸਬਜੀਆਂ ਉਡੀਕ ਕਰਨ ਲੱਗੇ।

ਇਸ ਦੇ ਨਾਲ-ਨਾਲ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਵੀ ਕਰਦੇ ਆ ਰਹੇ ਹਨ।

ਅੱਜ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਇੰਨਾ ਜ਼ਿਆਦਾ ਪ੍ਰਸਾਰ ਹੋ ਚੁੱਕਿਆ ਹੈ ਕਿ ਫਰੀਦਕੋਟ ਦੇ ਸਫਲ ਕਿਸਾਨਾਂ ਦੀ ਸੂਚੀ ਵਿੱਚ ਰਾਜਵਿੰਦਰ ਦਾ ਨਾਮ ਵੀ ਚਮਕਦਾ ਹੈ।

ਰਾਜਵਿੰਦਰ ਖੇਤੀ ਦਾ ਸਾਰਾ ਕੰਮ ਖੁਦ ਸੰਭਾਲਦਾ ਹੈ, ਸਬਜ਼ੀਆਂ ਦੇ ਨਾਲ ਉਹ ਹੋਰ ਖੇਤੀ ਉਤਪਾਦ ਜਿਵੇਂ ਸ਼ਹਿਦ, ਆਚਾਰ ਦਾ ਖੁਦ ਮੰਡੀਕਰਨ ਕਰ ਰਿਹਾ ਹੈ, ਜਿਸ ਕਾਰਨ ਉਸਦੇ ਬਹੁਤ ਲਿੰਕ ਬਣ ਗਏ ਹਨ ਅਤੇ ਮੰਡੀਕਰਨ ਦੀ ਉਸਨੂੰ ਕੋਈ ਦਿੱਕਤ ਨਹੀਂ ਆਉਂਦੀ।

ਖਾਸ ਗੱਲ ਇਹ ਵੀ ਹੈ ਕਿ ਉਸਨੇ ਇਹ ਸਾਰੀ ਕਾਮਯਾਬੀ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪਣੀ ਮਿਹਨਤ ਦੇ ਨਾਲ ਹੀ ਹਾਸਿਲ ਕੀਤੀ ਹੈ।

ਸਿਰਫ ਸਖ਼ਤ ਮਿਹਨਤ ਹੀ ਨਹੀਂ ਰਾਜਵਿੰਦਰ ਸਿੰਘ ਖੋਸਾ ਟੈਕਨਾਲੋਜੀ ਪੱਖੋਂ ਵੀ ਪੂਰਾ ਅੱਪਡੇਟ ਰਹਿੰਦਾ ਹੈ, ਕਿਉਂਕਿ ਸੋਸ਼ਲ ਮੀਡਿਆ ਦੀ ਸਹੀ ਤਰੀਕੇ ਨਾਲ ਵਰਤੋਂ ਕਰਕੇ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਵੀ ਕਰਦਾ ਹੈ।

ਭਵਿੱਖ ਦੀ ਯੋਜਨਾ

ਉਹ ਸਬਜ਼ੀਆਂ ਦੀ ਕਾਸ਼ਤ ਤਾਂ ਕਰ ਰਹੇ ਹੀ ਹਨ ਪਰ ਉਹ ਸਬਜ਼ੀਆਂ ਦੀ ਮਾਤਰਾ ਹੋਰ ਵਧਾਉਣਾ ਚਾਹੁੰਦੇ ਹਨ ਤਾਂ ਜੋ ਲੋਕਾਂ ਨੂੰ ਸਾਫ ਤੇ ਸੁਥਰੀ ਸਬਜ਼ੀ ਜੋ ਕਿ ਜ਼ਹਿਰ ਮੁਕਤ ਪੈਦਾ ਕਰਕੇ ਸ਼ਹਿਰ ਦੇ ਲੋਕਾਂ ਨੂੰ ਪ੍ਰਦਾਨ ਕੀਤੀ ਜਾਵੇ, ਜਿਸ ਨਾਲ ਖੁਦ ਵੀ ਸਿਹਤਮੰਦ ਬਣੀਏ ਅਤੇ ਦੂਜਿਆਂ ਨੂੰ ਵੀ ਸਿਹਤਮੰਦ ਬਣਾਈਏ।

ਘੱਟ ਖਰਚੇ ਅਤੇ ਸਖ਼ਤ ਮਿਹਨਤ ਨਾਲ ਨਵੀਆਂ ਪੁਲਾਘਾਂ ਪੁੱਟਣ ਵਾਲਾ ਰਾਜਵਿੰਦਰ ਸਿੰਘ ਸੱਚਮੁੱਚ ਚੰਗੇ ਮਾਨ-ਸਨਮਾਨ ਦਾ ਹੱਕਦਾਰ ਹੈ।

ਸੰਦੇਸ਼

ਜੇਕਰ ਕੋਈ ਛੋਟਾ ਕਿਸਾਨ ਹੈ ਤਾਂ ਉਸ ਨੇ ਜੇ ਰਵਾਇਤੀ ਖੇਤੀ ਦੇ ਨਾਲ-ਨਾਲ ਕੋਈ ਹੋਰ ਛੋਟੇ ਪੱਧਰ ‘ਤੇ ਸਬਜ਼ੀਆਂ ਦੀ ਕਾਸ਼ਤ ਕਰਨੀ ਹੈ ਤਾਂ ਉਸਨੂੰ ਆਰਗੈਨਿਕ ਤਰੀਕੇ ਨਾਲ ਹੀ ਸ਼ੁਰੂ ਕਰਨੀ ਚਾਹੀਦੀ ਹੈ, ਹਾਂ ਜੇਕਰ ਹੋ ਸਕੇ ਤਾਂ ਸਬਜ਼ੀਆਂ ਨੂੰ ਮੰਡੀ ਵਿੱਚ ਵੇਚਣ ਦੀ ਬਜਾਏ ਖੁਦ ਜਾ ਕੇ ਵੇਚੇ ਤਾਂ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੈ, ਕਿਉਂਕਿ ਕਿੱਤਾ ਕੋਈ ਵੀ ਹੋਵੇ ਸਾਨੂੰ ਕੰਮ ਕਰਨ ਵਕ਼ਤ ਸ਼ਰਮ ਨਹੀਂ ਮਹਿਸੂਸ ਨਹੀਂ ਹੋਣੀ ਚਾਹੀਦੀ, ਸਗੋਂ ਆਪਣੇ ਆਪ ‘ਤੇ ਮਾਣ ਹੋਣਾ ਚਾਹੀਦਾ ਹੈ।

ਬਬਲੂ ਸ਼ਰਮਾ

ਪੂਰੀ ਕਹਾਣੀ ਪੜ੍ਹੋ

2 ਕਨਾਲਾਂ ਤੋਂ ਕੀਤਾ ਸੀ ਸ਼ੁਰੂ ਅਤੇ ਅੱਜ 2 ਕਿੱਲਿਆਂ ਵਿੱਚ ਫੈਲ ਚੁੱਕਿਆ ਹੈ ਇਸ ਨੌਜਵਾਨ ਅਗਾਂਹਵਧੂ ਕਿਸਾਨ ਦਾ ਪਨੀਰੀ ਵੇਚਣ ਦਾ ਕੰਮ

ਕਠਿਨਾਈਆਂ ਕਿਸ ਕਿੱਤੇ ਵਿੱਚ ਨਹੀਂ ਆਉਂਦੀਆਂ, ਕੋਈ ਵੀ ਅਜਿਹਾ ਕੰਮ ਨਹੀਂ ਹੋਵੇਗਾ ਜੋ ਬਿਨਾਂ ਕਠਿਨਾਈਆਂ ਤੋਂ ਪੂਰਾ ਹੋਵੇ। ਇਸ ਲਈ ਹਰ ਇੱਕ ਇਨਸਾਨ ਨੂੰ ਚਾਹੀਦਾ ਹੈ ਉਹ ਔਕੜਾਂ ਭਰੀ ਬੇੜੀ ਵਿੱਚ ਸਵਾਰ ਹੋ ਜਾਏ ਤੇ ਬਸ ਕਿਨਾਰੇ ਲੱਗਣ ਤੱਕ ਮਿਹਨਤ ਕਰੀ ਜਾਵੇ, ਜਿਸ ਦਿਨ ਬੇੜੀ ਕਿਨਾਰੇ ਲੱਗ ਗਈ ਸਮਝੋ ਇਨਸਾਨ ਨੇ ਕਾਮਯਾਬੀ ਹਾਸਿਲ ਕਰ ਲਈ ਹੈ।

ਅਜਿਹਾ ਹੀ ਜਜ਼ਬਾ ਲੈ ਕੇ ਇੱਕ ਨੌਜਵਾਨ ਕਿਸਾਨ ਬਬਲੂ ਸ਼ਰਮਾ, ਜੋ ਪਿੰਡ ਖੂੰਨਣ ਕਲਾਂ ਜ਼ਿਲ੍ਹਾ ਮੁਕਤਸਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ ਅਜਿਹਾ ਕਿੱਤਾ ਹੱਥ ਵਿੱਚ ਲੈ ਲਿਆ ਜਿਸ ਬਾਰੇ ਥੋੜੀ ਬਹੁਤ ਹੀ ਜਾਣਕਾਰੀ ਸੀ ਤੇ ਉਹ ਥੋੜੀ-ਥੋੜੀ ਜਾਣਕਾਰੀ ਉਹਨਾਂ ਲਈ ਤਜ਼ੁਰਬੇਕਾਰ ਬਣਦੀ ਗਈ ਤੇ ਅਖੀਰ ਵਿਚ ਕਾਮਯਾਬ ਹੋ ਕੇ ਦਿਖਾਇਆ, ਉਹਨਾਂ ਨੇ ਖੁਦ ਨੂੰ ਹਿੰਮਤ ਨਹੀਂ ਹਾਰਨ ਦਿੱਤੀ, ਬਸ ਨਿਰੰਤਰ ਆਪਣੇ ਕੰਮ ਵਿੱਚ ਰੁੱਝੇ ਰਹੇ ਤੇ ਅੱਜ ਕੱਲ੍ਹ ਉਹਨਾਂ ਨੂੰ ਹਰ ਕੋਈ ਭਲੀ-ਭਾਂਤੀ ਜਾਣਦਾ ਹੈ।

ਸਾਲ 2012 ਦੀ ਗੱਲ ਹੈ ਜਦੋਂ ਬਬਲੂ ਸ਼ਰਮਾ ਕੋਲ ਕੋਈ ਨੌਕਰੀ ਬਗੈਰਾ ਨਹੀਂ ਸੀ ਤੇ ਉਹ ਇਸ ਤਰ੍ਹਾਂ ਹੀ ਕਦੇ ਕਿਸੇ ਕੋਲ ਜਾ ਕੇ ਕੋਈ ਨਾ ਕੋਈ ਨਾ ਕੰਮ ਸਿੱਖਦੇ ਰਹਿੰਦੇ ਸਨ, ਪਰ ਇਹ ਵੀ ਕਦੋਂ ਤੱਕ ਚੱਲਣਾ ਸੀ, ਇੱਕ ਨਾ ਇੱਕ ਦਿਨ ਆਪਣੇ ਪੈਰਾਂ ‘ਤੇ ਖੜੇ ਤਾਂ ਹੋਣਾ ਹੀ ਸੀ। ਸੋ ਮੁਸ਼ਕਿਲਾਂ ਨਾਲ ਲੜਦੇ ਗਏ ਤੇ ਇੱਕ ਦਿਨ ਅਚਾਨਕ ਬੈਠੇ ਹੋਏ ਸਨ ਤਾਂ ਆਪਣੇ ਪਿਤਾ ਜੀ ਨਾਲ ਗੱਲ ਛੇੜੀ ਕਿ ਪਿਤਾ ਜੀ ਅਜਿਹਾ ਕਿਹੜਾ ਕੰਮ ਹੋ ਸਕਦਾ ਹੈ, ਜੋ ਕਿ ਖੇਤੀ ਦਾ ਹੋਵੇ ਤੇ ਦੂਸਰਾ ਉੱਥੋਂ ਆਮਦਨ ਵੀ ਹੋਵੇ।ਪਿਤਾ ਜੀ ਨੂੰ ਤਾਂ ਖੇਤੀ ਵਿੱਚ ਪਹਿਲਾਂ ਹੀ ਤਜ਼ੁਰਬਾ ਸੀ ਕਿਉਂਕਿ ਉਹ ਖੇਤੀ ਕਰਦੇ ਆਏ ਹਨ ਤੇ ਹੁਣ ਵੀ ਖੇਤੀ ਕਰ ਰਹੇ ਹਨ। ਆਪਣੇ ਆਲੇ-ਦੁਆਲੇ ਦੇ ਕਿਸਾਨਾਂ ਨੂੰ ਦੇਖਦਿਆਂ ਬਬਲੂ ਨੇ ਆਪਣੇ ਪਿਤਾ ਜੀ ਨੇ ਦੀ ਸਲਾਹ ਨਾਲ ਸਬਜ਼ੀਆਂ ਦੀ ਪਨੀਰੀ ਦਾ ਕੰਮ ਸ਼ੁਰੂ ਕਰਨ ਬਾਰੇ ਸੋਚਿਆ।

ਕੰਮ ਸ਼ੁਰੂ ਤਾਂ ਕਰ ਲਿਆ ਪਰ ਪੈਸੇ ਲਗਾ ਕੇ ਵੀ ਫੇਲ ਹੋਣ ਦਾ ਚਿੰਤਾ ਵੀ ਖਾਈ ਜਾ ਰਹੀ ਸੀ- ਬਬਲੂ ਸ਼ਰਮਾ

ਪਿਤਾ ਪਵਨ ਕੁਮਾਰ ਜੀ ਨੇ ਕਿਹਾ, ਕੋਈ ਨਾ ਅੱਗੇ ਦੇਖਦੇ ਹਾਂ, ਤੂੰ ਕੰਮ ਸ਼ੁਰੂ ਕਰ, ਜਦੋਂ ਬਬਲੂ ਸ਼ਰਮਾ ਨੇ ਸਬਜ਼ੀਆਂ ਦੀ ਪਨੀਰੀ ਦਾ ਕੰਮ ਪਹਿਲੀ ਵਾਰ ਸ਼ੁਰੂ ਕੀਤਾ ਤਾਂ ਉਹਨਾਂ ਦਾ ਘੱਟੋਂ-ਘੱਟ 35000 ਦੇ ਕਰੀਬ ਖਰਚਾ ਆਇਆ ਸੀ ਜਿਸ ਵਿੱਚ ਉਹਨਾਂ ਨੇ ਪਿਆਜ਼, ਮਿਰਚ, ਟਮਾਟਰ, ਸ਼ਿਮਲਾ ਮਿਰਚ, ਬੈਂਗਣ, ਬੈਂਗਣੀ ਚੂਚ ਆਦਿ ਦੀਆਂ ਪਨੀਰੀਆਂ ਤੋਂ, ਜੋ ਕਿ 2 ਕਨਾਲ ਵਿੱਚ ਸ਼ੁਰੂ ਕੀਤਾ ਸੀ, ਪਰ ਸਾਂਭ-ਸੰਭਾਲ ਬਾਰੇ ਘੱਟ ਜਾਣਕਾਰੀ ਬਬਲੂ ਲਈ ਪਹਿਲੀ ਸਮੱਸਿਆ ਬਣ ਕੇ ਸਾਹਮਣੇ ਆਈ, ਪਰ ਉਹ ਜਿਵੇਂ-ਜਿਵੇਂ ਥੋੜਾ ਬਹੁਤ ਪਤਾ ਚੱਲਦਾ ਰਿਹਾ, ਉਹ ਉਸ ਤਰ੍ਹਾਂ ਹੀ ਖੇਤੀ ਦੇ ਵਿੱਚ ਤਰੀਕੇ ਅਪਣਾਉਂਦੇ ਰਹੇ ਤੇ ਇਸ ਵਿੱਚ ਉਹਨਾਂ ਦੇ ਪਿਤਾ ਪਵਨ ਕੁਮਾਰ ਜੀ ਨੇ ਵੀ ਬਬਲੂ ਦਾ ਪੂਰਾ ਸਾਥ ਦਿੱਤਾ।

ਜਦੋਂ ਸਮੇਂ ਅਨੁਸਾਰ ਪਨੀਰੀ ਤਿਆਰ ਹੋਈ ਤਾਂ ਉਸ ਤੋਂ ਬਾਅਦ ਜੋ ਮੁਸ਼ਕਿਲ ਉਨ੍ਹਾਂ ਸਾਹਮਣੇ ਇਹ ਆ ਕੇ ਖੜੀ ਹੋਈ ਕਿ ਇਸ ਨੂੰ ਵੇਚਾਂਗੇ ਕਿੱਥੇ ਤੇ ਕੌਣ ਇਸਨੂੰ ਖਰੀਦੇਗਾ। ਬੇਸ਼ੱਕ ਪਨੀਰੀ ਨੂੰ ਸਾਂਭ ਕੇ ਰੱਖ ਸਕਦੇ ਹਨ, ਹਾਂ ਪਰ ਥੋੜੇ ਸਮੇਂ ਲਈ ਹੀ, ਇਸ ਗੱਲ ਦੀ ਚਿੰਤਾ ਸਤਾਉਣ ਲੱਗ ਗਈ।

ਜਦੋਂ ਸ਼ਾਮ ਨੂੰ ਬਬਲੂ ਘਰ ਆਇਆ ਤਾਂ ਇਹੀ ਚਿੰਤਾ ਵਾਰ-ਵਾਰ ਦਿਮਾਗ ਖਾਈ ਜਾ ਰਹੀ ਸੀ ਕਿ ਕਿਵੇਂ ਕੀ ਕੀਤਾ ਜਾ ਸਕਦਾ ਹੈ। ਇਸ ਮੁਸ਼ਕਿਲ ਦਾ ਹੱਲ ਲੱਭਣ ਲਈ ਉਹਨਾਂ ਨੇ ਬਹੁਤ ਰਿਸਰਚ ਕੀਤੀ ਅਤੇ ਉਸ ਵਕਤ ਇੰਟਰਨੈੱਟ ਵੀ ਇੰਨਾ ਨਹੀਂ ਹੁੰਦਾ ਸੀ, ਫਿਰ ਬਹੁਤ ਸੋਚਣ ਤੋਂ ਬਾਅਦ ਦਿਮਾਗ ਵਿੱਚ ਆਇਆ ਕਿ ਕਿਉਂ ਨਾ ਖੁਦ ਹੀ ਪਿੰਡਾਂ ਵਿੱਚ ਜਾ ਕੇ ਵੇਚ ਕੇ ਆਇਆ ਕਰੀਏ।

ਇਸ ਗੱਲ ਉੱਤੇ ਪਿਤਾ ਜੀ ਨੇ ਹਾਮੀ ਭਰਦੇ ਹੋਏ ਕਿਹਾ, ਬੇਟਾ ਜਿਵੇਂ ਤੈਨੂੰ ਸਹੀ ਲੱਗਦਾ ਹੈ, ਤੂੰ ਉਸ ਤਰ੍ਹਾਂ ਹੀ ਕਰ। ਫਿਰ ਉਸ ਤੋਂ ਬਾਅਦ ਬਬਲੂ ਨੇ ਕਦੇ ਛੋਟੀਆਂ ਗੱਡੀਆਂ ਜਿਵੇਂ ਆਟੋ, ਛੋਟਾ ਹਾਥੀ ਵਿੱਚ ਪਨੀਰੀ ਰੱਖ ਕੇ ਆਪਣੇ ਪਿੰਡ ਦੇ ਨੇੜਲੇ ਲੱਗਦੇ ਪਿੰਡਾਂ ਵਿੱਚ ਹੋਕੇ ਮਾਰ-ਮਾਰ ਕੇ ਵੇਚਣ ਜਾਣ ਲੱਗ ਗਏ, ਕਦੇ ਤਾਂ ਗੁਰਦੁਆਰੇ ਦੇ ਰਾਹੀਂ ਸੰਦੇਸ਼ ਪਹੁੰਚਾਉਣਾ, ਕਦੇ ਕਿਸੇ ਹੋਰ ਤਰੀਕੇ ਨਾਲ ਪਨੀਰੀ ਵੇਚਣੀ, ਇਸ ਤਰ੍ਹਾਂ ਘੱਟੋਂ-ਘੱਟ 3 ਤੋਂ 4 ਸਾਲ ਕਰਦੇ ਰਹੇ ਤੇ ਪਨੀਰੀ ਦੀ ਮਾਰਕੀਟਿੰਗ ਹੋਣ ਲੱਗੀ, ਜਿਸ ਨਾਲ ਉਹਨਾਂ ਬਾਰੇ ਲੋਕਾਂ ਨੂੰ ਪਤਾ ਤਾਂ ਬੇਸ਼ੱਕ ਲੱਗਣ ਲੱਗ ਗਿਆ ਸੀ ਅਤੇ ਉਨ੍ਹਾਂ ਨੂੰ ਮੁਨਾਫ਼ਾ ਵੀ ਹੋਣ ਲੱਗ ਗਿਆ ਸੀ, ਪਰ ਬਬਲੂ ਖੁਸ਼ ਨਹੀਂ ਸੀ ਕਿ ਇਸ ਤਰ੍ਹਾਂ ਹੀ ਮਾਰਕੀਟਿੰਗ ਕਰਦੇ ਰਹਾਂਗੇ ਜਾਂ ਫਿਰ ਕੋਈ ਹੋਰ ਤਰੀਕਾ ਨਹੀਂ ਹੋ ਸਕਦਾ, ਜਿਸ ਨਾਲ ਲੋਕ ਉਨ੍ਹਾਂ ਕੋਲ ਪਨੀਰੀ ਖਰੀਦਣ ਲਈ ਆਵੇ ਅਤੇ ਨਰਸਰੀ ਬੈਠੇ ਹੀ ਪਨੀਰੀ ਵੇਚੀਏ।

ਇਸ ਵਾਰ ਜਦੋਂ ਪਹਿਲਾ ਦੀ ਤਰ੍ਹਾਂ ਬਬਲੂ ਪਨੀਰੀ ਵੇਚਣ ਗਿਆ ਤਾਂ ਇੱਕ ਥਾਂ ਤੋਂ ਉਨ੍ਹਾਂ ਨੂੰ ਕਿਸੇ ਨੇ ਸ਼ਰਮਾ ਨਰਸਰੀ ਦੇ ਨਾਮ ਤੋਂ ਬੁਲਾਇਆ, ਜਿਸ ਨੂੰ ਸੁਣ ਕੇ ਬਬਲੂ ਬਹੁਤ ਖੁਸ਼ ਹੋਇਆ ਅਤੇ ਜਦੋਂ ਉਹ ਪਨੀਰੀ ਵੇਚ ਕੇ ਵਾਪਿਸ ਆਇਆ ਤਾਂ ਉਸ ਦੇ ਮਨ ਵਿੱਚ ਓਹੀ ਗੱਲ ਵਾਰ-ਵਾਰ ਘੁੰਮਦੀ ਜਾ ਰਹੀ ਸੀ ਅਤੇ ਇਸ ਉੱਤੇ ਉਸਨੇ ਚੰਗੀ ਤਰ੍ਹਾਂ ਸੋਚ ਵਿਚਾਰ ਕੀਤੀ, ਫਿਰ ਬਬਲੂ ਨੇ ਪਿਤਾ ਜੀ ਨਾਲ ਸਲਾਹ ਕਰਕੇ ਸ਼ਰਮਾ ਨਰਸਰੀ ਦੇ ਨਾਮ ਤੋਂ ਕਾਰਡ ਬਣਾਉਣ ਬਾਰੇ ਸੋਚਿਆ। ਸ਼ਰਮਾ ਨਰਸਰੀ ਦੇ ਨਾਮ ਤੋਂ ਕਾਰਡ ਛਪਵਾਉਣ ਲਈ ਦੇ ਦਿੱਤੇ, ਉਸ ਉੱਤੇ ਹਰ ਇੱਕ ਉਹ ਜਾਣਕਾਰੀ ਦੇ ਦਿੱਤੀ ਜਿਸ ਵਿੱਚ ਉਨ੍ਹਾਂ ਦੇ ਪਿੰਡ ਦਾ ਨਾਮ, ਫੋਨ ਨੰਬਰ, ਪਨੀਰੀ ਜਿਸ ਸਬਜ਼ੀਆਂ ਦੀਆਂ ਪਨੀਰੀ ਉਹ ਲਾਉਂਦੇ ਹਨ।

ਜਦੋਂ ਫਿਰ ਉਹ ਪਨੀਰੀ ਵੇਚਣ ਲਈ ਗਏ ਤਾਂ ਉਹ ਛਪਵਾਏ ਹੋਏ ਕਾਰਡ ਆਪਣੇ ਨਾਲ ਲੈ ਗਏ। ਜਦੋਂ ਉਹ ਪਨੀਰੀ ਜਿਸ ਕਿਸਾਨ ਜਾਂ ਇਨਸਾਨ ਨੂੰ ਵੇਚ ਰਹੇ ਸਨ, ਨਾਲ-ਨਾਲ ਉਨ੍ਹਾਂ ਨੇ ਆਪਣੇ ਕਾਰਡ ਦੇਣੇ ਸ਼ੁਰੂ ਕਰ ਦਿੱਤੇ ਅਤੇ ਇਸ ਤਰ੍ਹਾਂ ਛਪਵਾਏ ਹੋਏ ਕਾਰਡ ਕਈ ਥਾਵਾਂ ‘ਤੇ ਵੰਡ ਆਏ।

ਵਾਪਿਸ ਜਦੋਂ ਘਰ ਆਏ ਤਾਂ ਉਹ ਜੋ ਕਾਰਡ ਵੰਡ ਕੇ ਆਏ ਸਨ ਉਸ ਦੇ ਇੰਤਜ਼ਾਰ ਵਿੱਚ ਸਨ ਕਿ ਕੋਈ ਨਾ ਕੋਈ ਜ਼ਰੂਰ ਕਾਰਡ ਦੇਖ ਕੇ ਫੋਨ ਕਰੂਗਾ, ਕਈ ਦਿਨ ਇੰਝ ਹੀ ਲੰਘ ਗਏ ਪਰ ਉਹ ਦਿਨ ਆ ਹੀ ਗਿਆ ਜਦੋਂ ਸਫਲਤਾ ਨੇ ਫੋਨ ‘ਤੇ ਆ ਕੇ ਦਸਤਕ ਦਿੱਤੀ। ਜਦੋਂ ਉਨ੍ਹਾਂ ਨੇ ਫੋਨ ਚੁੱਕਿਆ ਤਾਂ ਅੱਗੋਂ ਇੱਕ ਕਿਸਾਨ ਉਨ੍ਹਾਂ ਤੋਂ ਪਨੀਰੀ ਮੰਗ ਰਿਹਾ ਸੀ, ਜਿਸ ‘ਤੇ ਬਹੁਤ ਖੁਸ਼ ਹੋਏ ਅਤੇ ਹੌਲੀ-ਹੌਲੀ ਉਨ੍ਹਾਂ ਦੀ ਇੰਝ ਹੀ ਮਾਰਕੀਟਿੰਗ ਹੁੰਦੀ ਚਲੀ ਗਈ। ਉਨ੍ਹਾਂ ਨੇ ਫਿਰ ਪਿੰਡ-ਪਿੰਡ ਜਾ ਕੇ ਪਨੀਰੀ ਵੇਚਣੀ ਬੰਦ ਕਰ ਦਿੱਤੀ, ਇਸ ਦੇ ਨਾਲ ਉਨ੍ਹਾਂ ਦੇ ਛਪਵਾਏ ਹੋਏ ਕਾਰਡ ਜਦੋਂ ਪਿੰਡ ਤੋਂ ਬਾਹਰ ਸ਼ਹਿਰ ਸ਼੍ਰੀ ਮੁਕਤਸਰ ਵਿਖੇ ਕਿਸੇ ਨੂੰ ਮਿਲੇ ਤਾਂ ਓਥੋਂ ਵੀ ਲੋਕਾਂ ਨੇ ਪਨੀਰੀ ਮੰਗਵਾਉਣੀ ਸ਼ੁਰੂ ਕਰ ਦਿੱਤੀ ਜਿਸ ਨੂੰ ਉਹ ਬੱਸ ਜਾਂ ਕਿਸੇ ਗੱਡੀ ਰਾਹੀਂ ਸ਼ਹਿਰ ਵਿਖੇ ਪਹੁੰਚਾ ਦਿੰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਫੋਨ ‘ਤੇ ਹੀ ਪਨੀਰੀ ਦੇ ਲਈ ਆਰਡਰ ਆਉਣ ਲੱਗ ਗਏ ਤੇ ਫਿਰ ਉਨ੍ਹਾਂ ਨੂੰ ਇੱਕ ਮਿੰਟ ਦੀ ਵੀ ਵਿਹਲ ਵੀ ਨਹੀਂ ਮਿਲਦੀ ਅਤੇ ਅਖੀਰ ਉਨ੍ਹਾਂ ਨੂੰ 2018 ਵਿੱਚ ਸਫਲਤਾ ਹਾਸਿਲ ਹੋਈ।

ਜਦੋਂ ਉਹ ਪੂਰੀ ਤਰ੍ਹਾਂ ਸਫਲ ਹੋ ਗਏ ਅਤੇ ਕੰਮ ਕਰਦੇ-ਕਰਦੇ ਤਜ਼ੁਰਬਾ ਹੋ ਗਿਆ ਤਾਂ ਉਨ੍ਹਾਂ ਨੇ ਹੌਲੀ-ਹੌਲੀ ਕਰਦੇ 2 ਕਨਾਲਾਂ ਤੋਂ ਸ਼ੁਰੂ ਕੀਤੇ ਕੰਮ ਨੂੰ 2020 ਤੱਕ 2 ਕਿੱਲਿਆਂ ਦੇ ਵਿੱਚ ਅਤੇ ਨਰਸਰੀ ਨੂੰ ਵੱਡੇ ਪੱਧਰ ‘ਤੇ ਤਿਆਰ ਕਰ ਲਿਆ, ਜਿਸ ਵਿੱਚ ਉਹਨਾਂ ਨੇ ਬਾਅਦ ਵਿੱਚ ਕੱਦੂ, ਤੋਰੀ, ਕਰੇਲਾ, ਖੀਰਾ,ਪੇਠਾ, ਜੁਗਨੀ ਪੇਠਾ ਆਦਿ ਦੀ ਵੀ ਪਨੀਰੀ ਲਗਾ ਦਿੱਤੀ ਅਤੇ ਪਨੀਰੀ ਵਿੱਚ ਕੁਆਲਿਟੀ ਵਜੋਂ ਵੀ ਸੁਧਾਰ ਲੈ ਕੇ ਆਏ ਅਤੇ ਦੇਸੀ ਤਰੀਕੇ ਨਾਲ ਪਨੀਰੀਆਂ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਜਿਸ ਨਾਲ ਉਹਨਾਂ ਦੀ ਮਾਰਕੀਟਿੰਗ ਵਿੱਚ ਬਹੁਤ ਜ਼ਿਆਦਾ ਪ੍ਰਸਾਰ ਹੋ ਗਿਆ ਅਤੇ ਅੱਜ ਉਨ੍ਹਾਂ ਨੂੰ ਮਾਰਕੀਟਿੰਗ ਕਰਨ ਲਈ ਕੀਤੇ ਨਹੀਂ ਜਾਣਾ ਪੈਂਦਾ, ਸਗੋਂ ਫੋਨ ‘ਤੇ ਆਰਡਰ ਆ ਜਾਂਦਾ ਹੈ ਅਤੇ ਨਾਲ ਦੇ ਪਿੰਡਾਂ ਵਾਲੇ ਖੁਦ ਆ ਕੇ ਲੈ ਜਾਂਦੇ ਹਨ। ਜਿਸ ਨਾਲ ਉਨ੍ਹਾਂ ਨੂੰ ਬੈਠੇ- ਬੈਠੇ ਬਹੁਤ ਮੁਨਾਫ਼ਾ ਹਾਸਿਲ ਹੋ ਰਿਹਾ ਹੈ। ਇਸ ਕਾਮਯਾਬੀ ਦਾ ਸਾਰਾ ਧੰਨਵਾਦ ਉਹ ਆਪਣੇ ਪਿਤਾ ਪਵਨ ਕੁਮਾਰ ਜੀ ਦਾ ਕਰਦੇ ਹਨ।

ਭਵਿੱਖ ਦੀ ਯੋਜਨਾ

ਉਹ ਚਾਹੁੰਦੇ ਹਨ ਕਿ ਨਰਸਰੀ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਤੇ ਸੋਲਰ ਸਿਸਟਮ ਨਾਲ ਕੰਮ ਕਰਨਾ ਚਾਹੁੰਦੇ ਹਨ।

ਸੰਦੇਸ਼

ਕੰਮ ਹਮੇਸ਼ਾਂ ਮਿਹਨਤ ਅਤੇ ਲਗਨ ਨਾਲ ਕਰਨਾ ਚਾਹੀਦਾ ਹੈ, ਜੇਕਰ ਤੁਹਾਡੇ ਅੰਦਰ ਜ਼ਜਬਾ ਹੈ ਤਾਂ ਤੁਸੀ ਕੁੱਝ ਵੀ ਹਾਸਿਲ ਕਰ ਸਕਦੇ ਹੋ, ਜੋ ਤੁਸੀਂ ਸੋਚ ਲਿਆ ਹੈ।

ਬਲਵਿੰਦਰ ਸਿੰਘ ਸੰਧੂ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਦੀ ਕਹਾਣੀ ਜਿਸ ਨੇ ਖੇਤੀਬਾੜੀ ਦੇ ਪੁਰਾਣੇ ਢੰਗਾਂ ਨੂੰ ਛੱਡ ਕੇ ਕੁਦਰਤੀ ਤਰੀਕਿਆਂ ਨੂੰ ਅਪਣਾਇਆ

ਅੱਜ, ਕਿਸਾਨ ਹੀ ਸਿਰਫ਼ ਉਹ ਵਿਅਕਤੀ ਹੈ ਜੋ ਹੋਰਨਾਂ ਕਿਸਾਨਾਂ ਨੂੰ ਖੇਤੀਬਾੜੀ ਦੇ ਜੈਵਿਕ ਤਰੀਕਿਆਂ ਵੱਲ ਪ੍ਰੇਰਿਤ ਕਰ ਸਕਦਾ ਹੈ ਅਤੇ ਬਲਵਿੰਦਰ ਸਿੰਘ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਇੱਕ ਸਧਾਰਨ ਅਗਾਂਹਵਧੂ ਕਿਸਾਨ ਤੋਂ ਪ੍ਰੇਰਿਤ ਹੋ ਕੇ ਵਾਤਾਵਰਣ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਹਾਲ ਹੀ ਦੇ ਸਾਲਾਂ ਵਿੱਚ ਜੈਵਿਕ ਖੇਤੀ ਨੂੰ ਅਪਣਾਇਆ।

ਖੈਰ, ਜੈਵਿਕ ਖੇਤੀ ਵੱਲ ਮੁੜਨਾ ਉਨ੍ਹਾਂ ਕਿਸਾਨਾਂ ਲਈ ਆਸਾਨ ਨਹੀਂ ਹੁੰਦਾ ਜੋ ਰਵਾਇਤੀ ਢੰਗ ਨਾਲ ਖੇਤੀ ਕਰਦੇ ਅਤੇ ਉੱਚ ਪੈਦਾਵਾਰ ਪ੍ਰਾਪਤ ਕਰਦੇ ਹਨ। ਪਰ ਬਲਵਿੰਦਰ ਸਿੰਘ ਸੰਧੂ ਨੇ ਆਪਣੇ ਪੱਕੇ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਇਸ ਰੁਕਾਵਟ ਨੂੰ ਪਾਰ ਕੀਤਾ।

ਇਸ ਤੋਂ ਪਹਿਲਾਂ, 1982 ਤੋਂ 1983 ਤੱਕ ਉਹ ਕਪਾਹ, ਸਰ੍ਹੋਂ ਅਤੇ ਗੁਆਰਾ ਆਦਿ ਫ਼ਸਲਾਂ ਦੀ ਖੇਤੀ ਕਰਦੇ ਸਨ ਪਰ 1997 ਤੋਂ ਉਨ੍ਹਾਂ ਦੀ ਕਪਾਹ ਦੀ ਫ਼ਸਲ ‘ਤੇ ਅਮਰੀਕਨ ਸੁੰਡੀ ਨੇ ਹਮਲਾ ਕਰ ਦਿੱਤਾ, ਜਿਸ ਕਰਕੇ ਉਨ੍ਹਾਂ ਨੂੰ ਅੱਗੇ ਜਾ ਕੇ ਵਾਰ-ਵਾਰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਝੋਨੇ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਪਰ ਫਿਰ ਵੀ ਉਨ੍ਹਾਂ ਨੂੰ ਪਹਿਲਾਂ ਵਾਂਗ ਸੰਤੁਸ਼ਟੀ ਪ੍ਰਾਪਤ ਨਹੀਂ ਹੋਈ। ਉਨ੍ਹਾਂ ਨੇ ਜੈਵਿਕ ਖੇਤੀ ਦੀ ਸ਼ੁਰੂਆਤ 2011 ਵਿੱਚ ਕੀਤੀ। ਜਦੋਂ ਉਨ੍ਹਾਂ ਨੇ ਮਨਮੋਹਨ ਸਿੰਘ ਦੇ ਜੈਵਿਕ ਸਬਜ਼ੀ ਫਾਰਮ ਦੌਰਾ ਕੀਤਾ।

ਜੈਵਿਕ ਫਾਰਮ ‘ਤੇ ਜਾਣ ਬਾਅਦ, ਬਲਵਿੰਦਰ ਸਿੰਘ ਦੇ ਗਿਆਨ ਵਿੱਚ ਕਾਫੀ ਵਾਧਾ ਹੋਇਆ ਅਤੇ ਫਿਰ ਉਨ੍ਹਾਂ ਨੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਆਪਣੀਆਂ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਲਈ ਉਹ ਕਪਾਹ ਦੀਆਂ ਵਧੀਆ ਕਿਸਮਾਂ ਦੀ ਖਰੀਦ ਕਰਨ ਲਈ ਗੁਜਰਾਤ ਤੱਕ ਗਏ ਅਤੇ ਉੱਥੇ ਉਨ੍ਹਾਂ ਨੂੰ ਬਿਨਾਂ ਬੀਜ ਵਾਲੇ ਖੀਰੇ, ਸਟ੍ਰਾੱਬੈਰੀ ਅਤੇ ਤਰਬੂਜ਼ ਦੀ ਖੇਤੀ ਬਾਰੇ ਜਾਣਕਾਰੀ ਪ੍ਰਾਪਤ ਹੋਈ। ਉਹ ਲਗਾਤਾਰ 3 ਸਾਲ ਕੀਟਨਾਸ਼ਕਾਂ ਦੀ ਮਾਤਰਾ ਘਟਾਉਂਦੇ ਰਹੇ।

ਉਸ ਸਾਲ, ਮਿਰਚ ਦੀ ਫ਼ਸਲ ਦੀ ਪੈਦਾਵਾਰ ਬਹੁਤ ਚੰਗੀ ਹੋਈ ਅਤੇ ਉਨ੍ਹਾਂ ਨੇ ਕੇਵਲ 2 ਏਕੜ ਤੋਂ 500000 ਰੁਪਏ ਦਾ ਲਾਭ ਕਮਾਇਆ। ਬਲਵਿੰਦਰ ਸਿੰਘ ਨੇ ਆਪਣੇ ਫਾਰਮ ਦੀ ਲੋਕੇਸ਼ਨ ਦਾ ਵੀ ਫਾਇਦਾ ਚੁੱਕਿਆ। ਉਨ੍ਹਾਂ ਦਾ ਫਾਰਮ ਸੜਕ ਦੇ ਕਿਨਾਰੇ ਸੀ, ਇਸ ਲਈ ਉਨ੍ਹਾਂ ਨੇ ਸੜਕ ਦੇ ਕਿਨਾਰੇ ਇੱਕ ਛੋਟੀ ਜਿਹੀ ਦੁਕਾਨ ਖੋਲ੍ਹ ਲਈ, ਜਿੱਥੇ ਉਨ੍ਹਾਂ ਨੇ ਸਬਜ਼ੀ ਵੇਚਣੀ ਸ਼ੁਰੂ ਕੀਤੀ। ਉਨ੍ਹਾਂ ਨੇ ਮਿਰਚ ਦੀ ਪ੍ਰੋਸੈੱਸਿੰਗ ਕਰਕੇ ਮਿਰਚ ਪਾਊਡਰ ਬਣਾਉਣਾ ਵੀ ਸ਼ੁਰੂ ਕੀਤਾ।

“ਜਦੋਂ ਮੈਂ ਮਿਰਚ ਪਾਊਡਰ ਦੀ ਪ੍ਰੋਸੈੱਸਿੰਗ ਸ਼ੁਰੂ ਕੀਤੀ ਸੀ ਤਾਂ ਇਸ ਬਾਰੇ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਸਨ ਕਿ ਤੁਹਾਡੇ ਮਿਰਚ ਪਾਊਡਰ ਦਾ ਰੰਗ ਲਾਲ ਨਹੀਂ ਹੁੰਦਾ। ਫਿਰ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮਿਰਚ ਪਾਊਡਰ ਕਦੇ ਰੰਗ ਵਿੱਚ ਲਾਲ ਨਹੀਂ ਹੁੰਦਾ, ਆਮ ਤੌਰ ‘ਤੇ ਬਾਜ਼ਾਰ ਤੋਂ ਖਰੀਦੇ ਜਾਣ ਵਾਲੇ ਪਾਊਡਰ ਵਿੱਚ ਰੰਗਾਂ ਦੀ ਮਿਲਾਵਟ ਹੁੰਦੀ ਹੈ।”

2013 ਵਿੱਚ, ਬਲਵਿੰਦਰ ਸਿੰਘ ਨੇ ਖੀਰੇ, ਟਮਾਟਰ, ਕੱਦੂ ਅਤੇ ਸ਼ਿਮਲਾ ਮਿਰਚ ਵਰਗੀਆਂ ਹੋਰ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕੀਤੀ।

“ਜ਼ਿਆਦਾ ਫ਼ਸਲਾਂ ਨੂੰ ਜ਼ਿਆਦਾ ਖੇਤਰ ਦੀ ਲੋੜ ਹੁੰਦੀ ਹੈ, ਇਸ ਲਈ ਖੇਤੀਬਾੜੀ ਖੇਤਰ ਨੂੰ ਵਧਾਉਣ ਲਈ ਮੈਂ ਆਪਣੇ ਚਚੇਰੇ ਭਰਾਵਾਂ ਅਤੇ ਸਕੇ ਭਰਾਵਾਂ ਤੋਂ ਠੇਕੇ ‘ਤੇ 40 ਏਕੜ ਜ਼ਮੀਨ ਲਈ। ਸ਼ੁਰੂਆਤ ਵਿੱਚ, ਸਬਜ਼ੀਆਂ ਦਾ ਮੰਡੀਕਰਨ ਕਰਨਾ ਇੱਕ ਵੱਡੀ ਸਮੱਸਿਆ ਸੀ, ਪਰ ਸਮੇਂ ਨਾਲ ਇਸ ਸਮੱਸਿਆ ਦਾ ਵੀ ਹੱਲ ਹੋ ਗਿਆ।”

ਵਰਤਮਾਨ ਵਿੱਚ, ਬਲਵਿੰਦਰ ਸਿੰਘ 8-9 ਏਕੜ ਵਿੱਚ ਸਬਜ਼ੀਆਂ, 1 ਏਕੜ ਵਿੱਚ ਸਟ੍ਰਾੱਬੈਰੀ ਅਤੇ ਬਾਕੀ ਦੀ ਜ਼ਮੀਨ ‘ਤੇ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਉਤਪਾਦਕਤਾ ਨੂੰ ਵਧਾਉਣ ਲਈ ਸਾਰੇ ਆਧੁਨਿਕ ਖੇਤੀਬਾੜੀ ਔਜ਼ਾਰ, ਤਕਨਾਲੋਜੀ ਅਤੇ ਵਾਤਾਵਰਨ-ਪੱਖੀ ਪ੍ਰਣਾਲੀ ਜਿਵੇਂ ਕਿ ਟ੍ਰੈਕਟਰ, ਬੈੱਡ ਪਲਾਂਟਰ, ਰੋਟਾਵੇਟਰ, ਕਲਟੀਵੇਟਰ, ਸੁਹਾਗਾ, ਸੀਡਰ, ਤੁਪਕਾ ਸਿੰਚਾਈ, ਮਲਚਿੰਗ, ਕੀਟਨਾਸ਼ਕਾਂ ਦੇ ਸਥਾਨ ‘ਤੇ ਘਰ ਵਿੱਚ ਤਿਆਰ ਖਾਦ ਅਤੇ ਖੱਟੀ ਲੱਸੀ ਦੀ ਸਪਰੇਅ ਨੂੰ ਵੀ ਅਪਣਾਇਆ।

ਪਿਛਲੇ ਚਾਰ ਵਰ੍ਹਿਆਂ ਤੋਂ ਉਹ 2 ਏਕੜ ਜ਼ਮੀਨ ‘ਤੇ ਪੂਰੀ ਤਰ੍ਹਾਂ ਨਾਲ ਜੈਵਿਕ ਖੇਤੀ ਕਰ ਰਹੇ ਹਨ ਅਤੇ ਬਾਕੀ ਦੀ ਜ਼ਮੀਨ ‘ਤੇ ਕੀਟਨਾਸ਼ਕ ਦਵਾਈਆਂ ਅਤੇ ਫੰਗਸਨਾਸ਼ੀ ਦੀ ਵਰਤੋਂ ਘੱਟ ਕਰ ਰਹੇ ਹਨ। ਬਲਵਿੰਦਰ ਸਿੰਘ ਦੀ ਸਖ਼ਤ ਮਿਹਨਤ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ, ਇੱਥੋਂ ਤੱਕ ਕਿ ਉਨ੍ਹਾਂ ਦੇ ਖੇਤਰ ਦੇ ਡੀ.ਸੀ. ਨੇ ਵੀ ਉਨ੍ਹਾਂ ਦੇ ਫਾਰਮ ਦਾ ਦੌਰਾ ਕੀਤਾ। ਵੱਖ-ਵੱਖ ਪ੍ਰਿੰਟ ਮੀਡੀਆ ਵਿੱਚ ਉਨ੍ਹਾਂ ਦੇ ਕੰਮ ਦੇ ਬਾਰੇ ਬਹੁਤ ਸਾਰੇ ਲੇਖ ਪ੍ਰਕਾਸ਼ਿਤ ਕੀਤੇ ਹਨ ਅਤੇ ਜਿਸ ਗਤੀ ਨਾਲ ਉਹ ਪ੍ਰਗਤੀ ਕਰ ਰਹੇ ਹਨ, ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਭਵਿੱਖ ਵਿੱਚ ਵੀ ਉਨ੍ਹਾਂ ਦੀ ਅਲੱਗ ਹੀ ਪਛਾਣ ਹੋਵੇਗੀ।

ਸੰਦੇਸ਼
“ਹੁਣ ਕਿਸਾਨਾਂ ਨੂੰ ਲਾਭ ਕਮਾਉਣ ਲਈ ਆਪਣੇ ਉਤਪਾਦਨ ਵੇਚਣ ਲਈ ਤੱਕੜੀ ਆਪਣੇ ਹੱਥਾਂ ਵਿੱਚ ਲੈਣੀ ਪਵੇਗੀ, ਕਿਉਂਕਿ ਜੇਕਰ ਉਹ ਆਪਣੀ ਫ਼ਸਲ ਵੇਚਣ ਲਈ ਵਿਚੋਲੇ ਜਾਂ ਡੀਲਰਾਂ ‘ਤੇ ਨਿਰਭਰ ਰਹਿਣਗੇ ਤਾਂ ਉਹ ਤਰੱਕੀ ਨਹੀਂ ਕਰ ਸਕਣਗੇ ਅਤੇ ਠੱਗਾਂ ਦੁਆਰਾ ਵਾਰ-ਵਾਰ ਧੋਖਾ ਖਾਣਗੇ। ਵਿਚੋਲੇ ਉਨ੍ਹਾਂ ਸਾਰੇ ਮੁਨਾਫ਼ਿਆਂ ਨੂੰ ਦੂਰ ਕਰ ਦਿੰਦੇ ਹਨ ਜਿਸ ਉੱਤੇ ਕਿਸਾਨਾਂ ਦਾ ਅਧਿਕਾਰ ਹੁੰਦਾ ਹੈ।”

ਮਨੀ ਕਲੇਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਫੁੱਲਾਂ ਦੀ ਖਿਲਰ ਰਹੀ ਖੁਸ਼ਬੂ ਨੇ ਪੰਜਾਬ ਵਿੱਚ ਸੰਭਾਵਿਤ ਫੁੱਲਾਂ ਦੀ ਖੇਤੀ ਦੇ ਇੱਕ ਨਵੇਂ ਕੇਂਦਰ ਦੀ ਸਥਾਪਨਾ ਕੀਤੀ

ਫੁੱਲਾਂ ਦੀ ਖੇਤੀ ਵਿੱਚ ਨਿਵੇਸ਼ ਕਰਨਾ ਤਰੱਕੀ ਲਈ ਇੱਕ ਚੰਗਾ ਵਿਕਲਪ ਹੈ, ਜਿਸ ਵਿੱਚ ਕਿਸਾਨ ਵੱਧ ਦਿਲਚਸਪੀ ਲੈ ਰਹੇ ਹਨ। ਫੁੱਲਾਂ ਦੀ ਖੇਤੀ ਦੇ ਕਈ ਸਫ਼ਲ ਕਿਸਾਨ, ਜੋ ਗਲੈਡੀਓਲਸ, ਗੁਲਾਬ, ਗੇਂਦੇ ਅਤੇ ਕਈ ਹੋਰ ਫੁੱਲਾਂ ਦੀ ਖੁਸ਼ਬੂ ਫੈਲਾ ਰਹੇ ਹਨ ਅਤੇ ਪੰਜਾਬ ਵਿੱਚ ਸੰਭਾਵਿਤ ਫੁੱਲਾਂ ਦੀ ਖੇਤੀ ਦੇ ਇੱਕ ਨਵੇਂ ਕੇਂਦਰ ਦਾ ਨਿਰਮਾਣ ਕਰ ਰਹੇ ਹਨ। ਇੱਕ ਕਿਸਾਨ ਜੋ ਫੁੱਲਾਂ ਅਤੇ ਸਬਜ਼ੀਆਂ ਦੇ ਵਪਾਰ ਤੋਂ ਅਧਿਕ ਲਾਭ ਕਮਾ ਰਿਹਾ ਹੈ, ਉਹ ਹਨ – ਮਨੀ ਕਲੇਰ।

ਹੋਰ ਜ਼ਿਮੀਂਦਾਰਾਂ ਦੀ ਤਰ੍ਹਾਂ, ਕਲੇਰ ਪਰਿਵਾਰ ਆਪਣੀ ਜ਼ਮੀਨ ਹੋਰਨਾਂ ਕਿਸਾਨਾਂ ਕੋਲ ਕਿਰਾਏ ‘ਤੇ ਦਿੰਦੇ ਸਨ ਅਤੇ ਜ਼ਮੀਨ ਦੇ ਇੱਕ ਛੋਟੇ ਟੁਕੜੇ ‘ਤੇ ਉਹ ਘਰੇਲੂ ਵਰਤੋਂ ਲਈ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਹਨ। ਪਰ ਜਦੋਂ ਮਨੀ ਕਲੇਰ ਜੀ ਨੇ ਆਪਣੀ ਸਿੱਖਿਆ ਪੂਰੀ ਕੀਤੀ, ਤਾਂ ਉਨ੍ਹਾਂ ਨੇ ਬਾਗਬਾਨੀ ਦੇ ਧੰਦੇ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਮਨੀ ਨੇ ਕਿਰਾਏ ‘ਤੇ ਦਿੱਤਾ ਜ਼ਮੀਨ ਦਾ ਅੱਧਾ ਹਿੱਸਾ(20 ਏਕੜ) ਵਾਪਸ ਲੈ ਲਿਆ ਅਤੇ ਉਸ ‘ਤੇ ਖੇਤੀ ਕਰਨੀ ਸ਼ੁਰੂ ਕੀਤੀ।

ਕੁੱਝ ਸਮੇਂ ਬਾਅਦ, ਇੱਕ ਰਿਸ਼ਤੇਦਾਰ ਦੀ ਸਹਾਇਤਾ ਨਾਲ ਮਨੀ ਨੂੰ RTS Flower ਦੇ ਵਪਾਰ ਬਾਰੇ ਪਤਾ ਲੱਗਾ, ਜੋ ਕਿ ਗੁਰਵਿੰਦਰ ਸਿੰਘ ਸੋਹੀ ਦੁਆਰਾ ਸਫ਼ਲਤਾਪੂਰਵਕ ਚਲਾਇਆ ਜਾਂਦਾ ਹੈ। ਇਸ ਲਈ RTS Flower ਦੇ ਮਾਲਕ ਤੋਂ ਪ੍ਰੇਰਿਤ ਹੋਣ ਤੋਂ ਬਾਅਦ ਮਨੀ ਨੇ ਵੀ ਆਖਰ ਆਪਣਾ ਫੁੱਲਾਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਅਤੇ ਪੇਟੂਨੀਆ, ਬਾਰਬਿਨਾ ਅਤੇ ਮੇਸਟੇਸਿਅਮ ਆਦਿ ਜਿਹੇ ਪੰਜ ਤੋਂ ਛੇ ਪ੍ਰਕਾਰ ਦੇ ਫੁੱਲ ਉਗਾਉਣੇ ਸ਼ੁਰੂ ਕੀਤੇ।

ਸ਼ੁਰੂਆਤ ਵਿੱਚ ਉਨ੍ਹਾਂ ਨੇ ਕਾਂਟ੍ਰੈਕਟ ਫਾਰਮਿੰਗ ਵਿੱਚ ਵੀ ਕੋਸ਼ਿਸ਼ ਕੀਤੀ, ਪਰ ਕਾਂਟ੍ਰੈਕਟਡ ਕੰਪਨੀ ਦੇ ਨਾਲ ਇੱਕ ਬੁਰੇ ਤਜ਼ਰਬੇ ਤੋਂ ਬਾਅਦ ਉਨ੍ਹਾਂ ਨੇ ਅਲੱਗ ਹੋਣ ਦਾ ਫੈਸਲਾ ਕੀਤਾ।

ਫੁੱਲਾਂ ਦੀ ਖੇਤੀ ਦੇ ਦੂਸਰੇ ਸਾਲ ਵਿੱਚ ਉਨ੍ਹਾਂ ਨੇ ਗੁਰਵਿੰਦਰ ਸਿੰਘ ਸੋਹੀ ਤੋਂ 1 ਲੱਖ ਦੇ ਬੀਜ ਖਰੀਦੇ। ਉਨ੍ਹਾਂ ਨੇ 2 ਕਨਾਲ ਵਿੱਚ ਗਲੈਡੀਓਲਸ ਦੀ ਖੇਤੀ ਸ਼ੁਰੂ ਕੀਤੀ ਅਤੇ ਅੱਜ 2 ਸਾਲ ਬਾਅਦ ਉਨ੍ਹਾਂ ਨੇ 5 ਏਕੜ ਵਿੱਚ ਫਾਰਮ ਵਧਾ ਲਿਆ ਹੈ।

ਇਸ ਸਮੇਂ ਉਹ 20 ਏਕੜ ਜ਼ਮੀਨ ‘ਤੇ ਖੇਤੀ ਕਰ ਰਹੇ ਹਨ, ਜਿਸ ਵਿੱਚੋਂ ਉਹ 4 ਏਕੜ ਸਬਜ਼ੀਆਂ ਦੀ ਲੋਅ-ਟੱਨਲ ਫਾਰਮਿੰਗ ਲਈ ਵਰਤਦੇ ਹਨ। ਇਸ ਵਿੱਚ ਉਹ ਕਰੇਲਾ, ਕੱਦੂ, ਬੈਂਗਣ, ਖੀਰਾ, ਖਰਬੂਜ਼ਾ, ਲਸਣ(1/2 ਏਕੜ) ਅਤੇ ਪਿਆਜ਼(1/2 ਏਕੜ) ਉਗਾਉਂਦੇ ਹਨ। ਘਰੇਲੂ ਲੋੜ ਲਈ ਉਹ ਕਣਕ ਅਤੇ ਝੋਨਾ ਉਗਾਉਂਦੇ ਹਨ। ਕੁੱਝ ਸਮੇਂ ਤੋਂ ਉਨ੍ਹਾਂ ਨੇ ਪਿਆਜ਼ ਦੇ ਬੀਜ ਤਿਆਰ ਕਰਨੇ ਵੀ ਸ਼ੁਰੂ ਕੀਤੇ ਹਨ।

ਸਖ਼ਤ-ਮਿਹਨਤ ਅਤੇ ਖੇਤੀ ਵਿਭਿੰਨਤਾ ਤਕਨੀਕ ਕਾਰਨ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਹੁਣ ਤੱਕ ਉਨ੍ਹਾਂ ਨੇ ਸਰਕਾਰ ਤੋਂ ਕੋਈ ਸਬਸਿਡੀ ਨਹੀਂ ਲਈ। ਉਹ ਮਾਰਕਿਟਿੰਗ ਦਾ ਪੂਰਾ ਪ੍ਰਬੰਧਨ ਖੁਦ ਕਰਦੇ ਹਨ ਅਤੇ ਫੁੱਲਾਂ ਨੂੰ ਦਿੱਲੀ ਅਤੇ ਕੁਰੂਕਸ਼ੇਤਰ ਦੀ ਮੰਡੀ ਵਿੱਚ ਵੇਚਦੇ ਹਨ। ਹਾਲਾਂਕਿ ਉਹ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਦੇ ਧੰਦੇ ਤੋਂ ਚੰਗਾ ਮੁਨਾਫ਼ਾ ਲੈ ਰਹੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਫੁੱਲਾਂ ਦੀ ਖੇਤੀ ਵਿੱਚ ਕੁੱਝ ਸਮੱਸਿਆਵਾਂ ਆਉਂਦੀਆਂ ਹਨ, ਪਰ ਉਹ ਆਪਣਾ ਹੌਂਸਲਾ ਨਹੀਂ ਟੁੱਟਣ ਦਿੰਦੇ ਅਤੇ ਹਮੇਸ਼ਾ ਮਜ਼ਬੂਤ ਇਰਾਦੇ ਨਾਲ ਆਪਣਾ ਕੰਮ ਜਾਰੀ ਰੱਖਦੇ ਹਨ।

ਮਨੀ ਦੇ ਪਰਿਵਾਰ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਜੋ ਉਹ ਕਰਨਾ ਚਾਹੁੰਦੇ ਹਨ, ਉਸ ਤੋਂ ਕਦੇ ਨਹੀਂ ਰੋਕਿਆ। ਇਸ ਸਮੇਂ ਉਹ ਆਪਣੇ ਪਿਤਾ ਮਦਨ ਸਿੰਘ ਅਤੇ ਵੱਡੇ ਭਰਾ ਰਾਜੂ ਕਲੇਰ ਨਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਏ ਧਰਿਆਣਾ ਵਿੱਚ ਰਹਿ ਰਹੇ ਹਨ। ਦੁੱਧ ਉਤਪਾਦਨ ਲਈ ਉਨ੍ਹਾਂ ਨੇ 7 ਗਾਵਾਂ ਅਤੇ 2 ਮੁੱਰ੍ਹਾ ਮੱਝਾਂ ਰੱਖੀਆਂ ਹਨ। ਉਹ ਪਸ਼ੂਆਂ ਦੀ ਦੇਖਭਾਲ ਅਤੇ ਫੀਡ ਦੇ ਨਾਲ ਕਦੇ ਕੋਈ ਸਮਝੌਤਾ ਨਹੀਂ ਕਰਦੇ। ਉਹ ਜੈਵਿਕ ਢੰਗ ਨਾਲ ਉਗਾਏ ਝੋਨੇ, ਕਣਕ ਅਤੇ ਚਾਰੇ ਦੀਆਂ ਫਸਲਾਂ ਤੋਂ ਖੁਦ ਫੀਡ ਤਿਆਰ ਕਰਦੇ ਹਨ। ਵਿਹਲੇ ਸਮੇਂ ਵਿੱਚ ਉਹ ਗੰਨੇ ਦੇ ਰਸ ਤੋਂ ਗੁੜ ਤਿਆਰ ਕਰਦੇ ਹਨ ਅਤੇ ਪਿੰਡ ਵਾਲਿਆਂ ਨੂੰ ਵੇਚਦੇ ਹਨ।

ਭਵਿੱਖ ਦੀ ਯੋਜਨਾ:
ਆਉਣ ਵਾਲੇ ਸਮੇਂ ਵਿੱਚ ਉਹ ਫੁੱਲਾਂ ਦੀ ਖੇਤੀ ਦੇ ਕਾਰੋਬਾਰ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼

ਅੱਜ-ਕੱਲ੍ਹ ਦੇ ਕਿਸਾਨ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਵਿੱਚ ਫਸੇ ਹੋਏ ਹਨ। ਜੇਕਰ ਉਹ ਚੰਗੀ ਆਮਦਨ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਇਸ ਚੱਕਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਚਾਹੀਦਾ ਹੈ।

ਸਤਵੀਰ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਸਫ਼ਲ ਐਗਰੀਪ੍ਰੇਨਿਓਰ ਦੀ ਕਹਾਣੀ, ਜੋ ਸਮਾਜ ਵਿੱਚ ਹੋਰਨਾਂ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਹੈ

ਇਹ ਕਿਹਾ ਜਾਂਦਾ ਹੈ ਕਿ ਮਹਾਨ ਚੀਜ਼ਾਂ ਕਈ ਵਾਰ ਆਰਾਮ ਵਾਲੇ ਖੇਤਰਾਂ ਤੋਂ ਨਹੀਂ ਮਿਲਦੀਆਂ ਅਤੇ ਜੇਕਰ ਕੋਈ ਵਿਅਕਤੀ ਅਸਲ ਵਿੱਚ ਕੁੱਝ ਅਜਿਹਾ ਕਰਨਾ ਚਾਹੁੰਦਾ ਹੈ, ਜੋ ਉਸਨੇ ਪਹਿਲਾਂ ਕਦੇ ਨਹੀਂ ਕੀਤਾ ਤਾਂ ਉਸਨੂੰ ਆਪਣਾ ਆਰਾਮ ਵਾਲਾ ਖੇਤਰ ਛੱਡਣਾ ਪਵੇਗਾ। ਅਜਿਹੇ ਇੱਕ ਵਿਅਕਤੀ ਹਨ, ਸਤਵੀਰ ਸਿੰਘ, ਜਿਨ੍ਹਾਂ ਨੇ ਆਪਣੀ ਆਸਾਨ ਜੀਵਨ-ਸ਼ੈਲੀ ਨੂੰ ਛੱਡ ਦਿੱਤਾ ਅਤੇ ਵਾਪਿਸ ਪੰਜਾਬ, ਭਾਰਤ ਆ ਕੇ ਆਪਣੇ ਲਕਸ਼ ਦਾ ਪਿੱਛਾ ਕੀਤਾ।

ਅੱਜ ਸਤਵੀਰ ਸਿੰਘ ਇੱਕ ਸਫ਼ਲ ਐਗਰੀਪ੍ਰੇਨਿਓਰ ਹਨ ਅਤੇ ਕਣਕ-ਝੋਨੇ ਦੀ ਤੁਲਨਾ ਵਿੱਚ ਦੋ ਗੁਣਾ ਜ਼ਿਆਦਾ ਲਾਭ ਕਮਾ ਰਹੇ ਹਨ। ਉਨ੍ਹਾਂ ਨੇ ਸਧਾਣਾ ਪਿੰਡ ਵਿੱਚ ਸਤਵੀਰ ਫਾਰਮ ਦੇ ਨਾਮ ਨਾਲ ਆਪਣਾ ਫਾਰਮ ਵੀ ਸਥਾਪਿਤ ਕੀਤਾ ਹੈ। ਉਹ ਮੁੱਖ ਤੌਰ ‘ਤੇ ਖੁਦ ਦੀ 7 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੀ ਦੋ ਏਕੜ ਜ਼ਮੀਨ ਕਿਰਾਏ ‘ਤੇ ਦਿੱਤੀ ਹੈ।

ਸਤਵੀਰ ਸਿੰਘ ਨੇ ਜੀਵਨ ਦੇ ਇਸ ਪੱਧਰ ਤੱਕ ਪਹੁੰਚਣ ਲਈ ਜਿਸ ਰਸਤੇ ਨੂੰ ਚੁਣਿਆ, ਉਹ ਆਸਾਨ ਨਹੀਂ ਸੀ। ਉਨ੍ਹਾਂ ਦੇ ਜੀਵਨ ਵਿੱਚ ਬਹੁਤ ਉਤਰਾਅ-ਚੜ੍ਹਾਅ ਆਏ, ਪਰ ਫਿਰ ਵੀ ਲਗਾਤਾਰ ਯਤਨਾਂ ਅਤੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਆਪਣੀ ਦਿਲਚਸਪੀ ਨੂੰ ਅੱਗੇ ਵਧਾਇਆ ਅਤੇ ਇਸ ਵਿੱਚ ਸਫ਼ਲਤਾ ਹਾਸਲ ਕੀਤੀ। ਇਹ ਸਭ ਉਸ ਵੇਲੇ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ ਅਤੇ ਚਾਰ ਸਾਲ ਬਾਅਦ ਨੌਕਰੀ ਲਈ ਦੁਬਈ ਚਲੇ ਗਏ। ਪਰ ਕੁੱਝ ਸਮੇਂ ਬਾਅਦ ਉਹ ਭਾਰਤ ਵਾਪਿਸ ਆ ਗਏ ਅਤੇ ਉਨ੍ਹਾਂ ਨੇ ਖੇਤੀਬਾੜੀ ਕਰਨ ਦਾ ਫੈਸਲਾ ਕੀਤਾ ਅਤੇ ਵਾਪਿਸ ਦੁਬਈ ਜਾਣ ਦਾ ਵਿਚਾਰ ਛੱਡ ਦਿੱਤਾ। ਸ਼ੁਰੂ ਵਿੱਚ ਉਨ੍ਹਾਂ ਨੇ ਕਣਕ-ਝੋਨੇ ਦੀ ਖੇਤੀ ਸ਼ੁਰੂ ਕੀਤੀ, ਪਰ ਆਪਣੇ ਦੋਸਤਾਂ ਨਾਲ ਇੱਕ ਸਬਜ਼ੀ ਫਾਰਮ ਦਾ ਦੌਰਾ ਕਰਨ ਤੋਂ ਬਾਅਦ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਸਬਜ਼ੀ ਦੀ ਖੇਤੀ ਵੱਲ ਆਕਰਸ਼ਿਤ ਹੋ ਗਏ।

ਕਰੀਬ 7 ਸਾਲ ਪਹਿਲਾਂ (2010 ਵਿੱਚ) ਉਨ੍ਹਾਂ ਨੇ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਫੁੱਲ-ਗੋਭੀ ਪਹਿਲੀ ਸਬਜ਼ੀ ਸੀ, ਜੋ ਉਨ੍ਹਾਂ ਨੇ ਆਪਣੇ 1.5 ਏਕੜ ਖੇਤ ਵਿੱਚ ਉਗਾਈ ਸੀ ਅਤੇ ਇੱਕ ਗੰਭੀਰ ਨੁਕਸਾਨ ਦਾ ਸਾਹਮਣਾ ਕੀਤਾ। ਪਰ ਫਿਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਸਬਜ਼ੀ ਦੀ ਖੇਤੀ ਕਰਦੇ ਰਹੇ। ਹੌਲੀ-ਹੌਲੀ ਉਨ੍ਹਾਂ ਨੇ ਆਪਣੇ ਸਬਜ਼ੀ ਖੇਤਰ ਦਾ ਵਿਸਥਾਰ 7 ਏਕੜ ਤੱਕ ਕਰ ਦਿੱਤਾ ਅਤੇ ਕੱਦੂ, ਲੌਕੀ, ਬੈਂਗਣ, ਪਿਆਜ਼ ਅਤੇ ਵੱਖ-ਵੱਖ ਕਿਸਮਾਂ ਦੀਆਂ ਮਿਰਚਾਂ ਅਤੇ ਕਰੇਲਿਆਂ ਦੀ ਖੇਤੀ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਨਵੇਂ ਪੌਦੇ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਣਾ ਸ਼ੁਰੂ ਕੀਤਾ। ਹੌਲੀ-ਹੌਲੀ ਉਨ੍ਹਾਂ ਦੇ ਕੰਮ ਵਿੱਚ ਤੇਜ਼ੀ ਆਈ ਅਤੇ ਉਨ੍ਹਾਂ ਨੇ ਇਸ ਤੋਂ ਚੰਗਾ ਮੁਨਾਫ਼ਾ ਲਿਆ।

ਫੁੱਲ-ਗੋਭੀ ਦੇ ਗੰਭੀਰ ਨੁਕਸਾਨ ਦਾ ਸਾਹਮਣਾ ਕਰਨ ਤੋਂ ਬਾਅਦ, ਭਵਿੱਖ ਵਿੱਚ ਅਜਿਹੇ ਹਾਲਾਤਾਂ ਤੋਂ ਬਚਣ ਲਈ ਸਤਵੀਰ ਸਿੰਘ ਜੀ ਨੇ ਸਬਜ਼ੀ ਦੀ ਖੇਤੀ ਬਹੁਤ ਹੀ ਬੁੱਧੀਮਾਨੀ ਅਤੇ ਯੋਜਨਾ ਬਣਾ ਕੇ ਕੀਤੀ। ਪਹਿਲਾਂ ਉਹ ਗ੍ਰਾਹਕ ਅਤੇ ਮੰਡੀ ਦੀ ਮੰਗ ਨੂੰ ਸਮਝਦੇ ਹਨ ਅਤੇ ਉਸਦੇ ਅਨੁਸਾਰ ਉਹ ਸਬਜ਼ੀ ਦੀ ਖੇਤੀ ਕਰਦੇ ਹਨ। ਉਨ੍ਹਾਂ ਨੇ ਪੀ.ਏ.ਯੂ. ਦੇ ਸਮਾਰੋਹਾਂ ਵਿੱਚ ਵੀ ਹਿੱਸਾ ਲਿਆ, ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਫਾਰਮ ਦੇਖਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੈੱਟ ਹਾਊਸ ਫਾਰਮਿੰਗ ਦੀ ਤਕਨੀਕ ਵੀ ਸਿੱਖੀ ਅਤੇ ਇਸ ਵੇਲੇ ਉਹ ਆਪਣੀਆਂ ਸਬਜ਼ੀਆਂ ਨੂੰ ਸੁਰੱਖਿਅਤ ਵਾਤਾਵਰਨ ਦੇਣ ਲਈ ਇਸ ਢੰਗ ਦਾ ਪ੍ਰਯੋਗ ਕਰਦੇ ਹਨ। ਉਨ੍ਹਾਂ ਨੇ ਥੋੜ੍ਹਾ ਸਮਾਂ ਪਹਿਲਾਂ ਟੂਟੂਮਾ ਚੱਪਣ ਕੱਦੂ ਦੀ ਖੇਤੀ ਕੀਤੀ ਅਤੇ ਦਸੰਬਰ ਵਿੱਚ ਸਹੀ ਸਮੇਂ ‘ਤੇ ਉਪਲੱਬਧ ਕਰਵਾਇਆ। ਇਸ ਤੋਂ ਪਹਿਲਾਂ ਇਸੇ ਸਬਜ਼ੀ ਦਾ ਸਟੌਕ ਗੁਜਰਾਤ ਤੋਂ ਬਜ਼ਾਰ ਤੱਕ ਪਹੁੰਚਦਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਸਬਜ਼ੀ ਦੇ ਉਤਪਾਦਨ ਨੂੰ ਬਜ਼ਾਰ ਵਿੱਚ ਵਧੀਆ ਕੀਮਤ ‘ਤੇ ਵੇਚਿਆ। ਇਸ ਤੋਂ ਇਲਾਵਾ, ਉਹ ਹਰ ਵਾਰ ਆਪਣੇ ਉਤਪਾਦ ਨੂੰ ਵੇਚਣ ਲਈ ਮੰਡੀ ਵਿੱਚ ਖੁਦ ਜਾਂਦੇ ਹਨ ਅਤੇ ਕਿਸੇ ‘ਤੇ ਵੀ ਨਿਰਭਰ ਨਹੀਂ ਹਨ।

ਸਰਦੀਆਂ ਵਿੱਚ ਉਹ ਪੂਰੀ 7 ਏਕੜ ਜ਼ਮੀਨ ਵਿੱਚ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਗਰਮੀਆਂ ਵਿੱਚ ਇਸਨੂੰ ਘੱਟ ਕਰਕੇ 3.5 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਅਤੇ ਬਾਕੀ ਜ਼ਮੀਨ ‘ਤੇ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਪੂਰੇ ਪਿੰਡ ਵਿੱਚ ਕੇਵਲ ਉਨ੍ਹਾਂ ਦਾ ਖੇਤ ਹੀ ਸਬਜ਼ੀਆਂ ਨਾਲ ਭਰਿਆ ਹੁੰਦਾ ਹੈ ਅਤੇ ਬਾਕੀ ਸਾਰੇ ਪਾਸੇ ਕਣਕ-ਝੋਨਾ ਦਿਖਾਈ ਦਿੰਦਾ ਹੈ। ਆਪਣੀਆਂ ਕੁਸ਼ਲ ਖੇਤੀ ਤਕਨੀਕਾਂ ਅਤੇ ਮੰਡੀਕਰਣ ਨੀਤੀਆਂ ਲਈ, ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਚਾਰ ਪੁਰਸਕਾਰ ਹਾਸਲ ਹੋਏ। ਉਨ੍ਹਾਂ ਦੀ ਅਨੇਕ ਉਪਲੱਬਧੀਆਂ ‘ਚੋਂ ਇੱਕ ਇਹ ਹੈ ਕਿ ਉਨ੍ਹਾਂ ਨੇ ਕੱਦੂ ਦੀ ਇੱਕ ਨਵੀਂ ਕਿਸਮ ਤਿਆਰ ਕੀਤੀ ਅਤੇ ਉਸਦਾ ਨਾਮ ਆਪਣੇ ਬੇਟੇ ਦੇ ਨਾਮ ਤੋਂ ਕਬੀਰ ਪੰਪਕਿਨ ਰੱਖਿਆ।

ਇਸ ਵੇਲੇ ਉਹ ਆਪਣੇ ਪਰਿਵਾਰ(ਮਾਤਾ, ਪਿਤਾ, ਪਤਨੀ, ਦੋ ਪੁੱਤਰਾਂ) ਨਾਲ ਪਿੰਡ ਸਧਾਣਾ ਵਿੱਚ ਰਹਿ ਰਹੇ ਹਨ, ਜੋ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਉਨ੍ਹਾਂ ਦੇ ਵੱਡੇ ਭਰਾ ਅਤੇ ਭਾਬੀ ਸਿੰਗਾਪੁਰ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਮੁੱਖ ਪ੍ਰੇਰਣਾ ਉਨ੍ਹਾਂ ਦੇ ਪਿਤਾ ਜੀ ਸਨ, ਜਿਨ੍ਹਾਂ ਨੇ ਖੇਤੀਬਾੜੀ ਕਿੱਤੇ ਵਿੱਚ ਸ਼ੁਰੂਆਤ ਕੀਤੀ, ਪਰ ਹੁਣ ਉਨ੍ਹਾਂ ਦੇ ਪਿਤਾ ਖੇਤ ਵਿੱਚ ਜ਼ਿਆਦਾ ਨਹੀਂ ਜਾਂਦੇ। ਉਹ ਕੇਵਲ ਘਰ ਰਹਿੰਦੇ ਹਨ ਅਤੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹਨ। ਅੱਜ ਸਤਵੀਰ ਜੀ ਦੇ ਸਫ਼ਲਤਾਪੂਰਵਕ ਅਨੁਭਵ ਪਿੱਛੇ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਸਹਿਯੋਗ ਹੈ ਅਤੇ ਉਹ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਦੇ ਸਿਰ ਸਜਾਉਂਦੇ ਹਨ।

ਸਤਵੀਰ ਸਿੰਘ ਆਪਣੇ ਖੇਤ ਦਾ ਪ੍ਰਬੰਧਨ ਕੇਵਲ ਇੱਕ ਸਥਾਈ ਕਰਮਚਾਰੀ ਦੀ ਮਦਦ ਨਾਲ ਕਰਦੇ ਹਨ ਅਤੇ ਕਦੇ-ਕਦੇ ਮਜ਼ਦੂਰਾਂ ਨੂੰ ਸਬਜ਼ੀਆਂ ਚੁਣਨ ਲਈ ਕੰਮ ‘ਤੇ ਰੱਖ ਲੈਂਦੇ ਹਨ। ਸਬਜ਼ੀਆਂ ਦੀ ਕੀਮਤ ਦੇ ਆਧਾਰ ‘ਤੇ ਉਹ ਇੱਕ ਏਕੜ ‘ਚੋਂ ਇੱਕ ਮੌਸਮ ਵਿੱਚ ਲਗਭੱਗ 1-2 ਲੱਖ ਰੁਪਏ ਕਮਾਉਂਦੇ ਹਨ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਉਹ ਜੈਵਿਕ ਖੇਤੀ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਵਰਮੀ-ਕੰਪੋਸਟ ਬਣਾਉਣ ਲਈ ਉਨ੍ਹਾਂ ਨੇ 3 ਦਿਨ ਦੀ ਟ੍ਰੇਨਿੰਗ ਵੀ ਲਈ ਹੈ। ਉਹ ਲੋਕਾਂ ਨੂੰ ਜੈਵਿਕ ਅਤੇ ਰਸਾਇਣਿਕ ਸਬਜ਼ੀਆਂ ਅਤੇ ਖਾਣ-ਯੋਗ ਉਤਪਾਦਾਂ ਵਿੱਚਲੇ ਅੰਤਰ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ। ਉਹ ਇਹ ਵੀ ਚਾਹੁੰਦੇ ਹਨ ਕਿ ਸਬਜ਼ੀਆਂ ਵੀ ਕਰਿਆਨੇ ਦੇ ਬਾਕੀ ਸਮਾਨ ਵਾਂਗ ਪੈਕਟ ਵਿੱਚ ਆਉਣੀਆਂ ਚਾਹੀਦਆਂ ਹਨ, ਤਾਂ ਕਿ ਲੋਕ ਸਮਝ ਸਕਣ ਕਿ ਉਹ ਕਿਹੜੇ ਖੇਤ ਅਤੇ ਕਿਹੜੇ ਬਰੈਂਡ ਦੀ ਸਬਜ਼ੀ ਖਰੀਦ ਰਹੇ ਹਨ।


ਕਿਸਾਨਾਂ ਲਈ ਸੰਦੇਸ਼

“ਮੈਂ ਆਪਣੇ ਗਿਆਨ ਵਿੱਚ ਕਮੀ ਹੋਣ ਦੇ ਕਾਰਨ ਸ਼ੁਰੂ ਵਿੱਚ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ। ਪਰ ਹੋਰ ਕਿਸਾਨ ਜੋ ਕਿ ਸਬਜ਼ੀਆਂ ਦੀ ਖੇਤੀ ਵਿੱਚ ਦਿਲਚਸਪੀ ਰੱਖਦੇ ਹਨ, ਉਹ ਮੇਰੀ ਤਰ੍ਹਾਂ ਗਲਤੀ ਨਾ ਕਰਨ ਅਤੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲੈਣ ਅਤੇ ਸਬਜ਼ੀਆਂ ਦੀ ਮੰਡੀ ਦੀ ਜਾਂਚ ਵੀ ਕਰਨ। ਇਸ ਤੋਂ ਇਲਾਵਾ, ਜਿਨ੍ਹਾਂ ਕਿਸਾਨਾਂ ਕੋਲ ਲੋੜ ਅਨੁਸਾਰ ਸਾਧਨ ਹਨ, ਉਨ੍ਹਾਂ ਨੂੰ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਬਾਜ਼ਾਰ ਵਿੱਚ ਖਰੀਦਣ ਦੀ ਬਜਾਏ ਖੁਦ ਪੂਰਾ ਕਰਨਾ ਚਾਹੀਦਾ ਹੈ।”

 

ਸਰਦਾਰ ਗੁਰਮੇਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਗੁਰਮੇਲ ਸਿੰਘ ਨੇ ਆਪਣੇ ਆਧੁਨਿਕ ਤਕਨੀਕੀ ਉਪਕਰਨਾਂ ਦੀ ਵਰਤੋਂ ਕਰਕੇ ਸਬਜ਼ੀਆਂ ਦੀ ਖੇਤੀ ਵਿੱਚ ਮੁਨਾਫ਼ਾ ਕਮਾਇਆ

ਗੁਰਮੇਲ ਸਿੰਘ ਇੱਕ ਅਗਾਂਹਵਧੂ ਕਿਸਾਨ ਪੰਜਾਬ ਦੇ ਪਿੰਡ ਉੱਚਾਗਾਓਂ (ਪਟਿਆਲਾ) ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਉਹ ਪਿਛਲੇ 23 ਸਾਲਾਂ ਤੋਂ ਸਬਜ਼ੀਆਂ ਦੀ ਖੇਤੀ ਕਰਕੇ ਬਹੁਤ ਲਾਭ ਕਮਾ ਰਹੇ ਹਨ। ਉਨ੍ਹਾਂ ਕੋਲ 17.5 ਏਕੜ ਜ਼ਮੀਨ ਹੈ ਜਿਸ ਵਿੱਚੋਂ 11 ਏਕੜ ਜ਼ਮੀਨ ਆਪਣੀ ਅਤੇ 6.5 ਏਕੜ ਠੇਕੇ ‘ਤੇ ਲਈ ਹੋਈ ਹੈ।

ਆਧੁਨਿਕ ਖੇਤੀ ਤਕਨੀਕਾਂ ਜਿਵੇਂ ਕਿ ਤੁਪਕਾ ਸਿੰਚਾਈ, ਸਪਰੇਅ ਸਿੰਚਾਈ ਅਤੇ ਲੇਜ਼ਰ ਸੁਹਾਗਾ ਆਦਿ ਵਰਗੇ ਕਈ ਪਾਵਰ ਟੂਲਸ ਉਨ੍ਹਾਂ ਕੋਲ ਹਨ ਜੋ ਉਨ੍ਹਾਂ ਨੂੰ ਕੁਸ਼ਲ ਖੇਤੀ ਅਤੇ ਪਾਣੀ ਦੀ ਸੰਭਾਲ ਕਰਨ ਵਿੱਚ ਸਹਾਇਤਾ ਕਰਦੇ ਹਨ। ਜਦੋਂ ਗੱਲ ਕੀੜੇਮਾਰ ਦਵਾਈਆਂ ਦੀ ਆਉਂਦੀ ਹੈ, ਤਾਂ ਉਹ ਬਹੁਤ ਬੁੱਧੀਮਤਾ ਨਾਲ ਕੰਮ ਲੈਂਦੇ ਹਨ। ਉਹ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਿਫ਼ਾਰਿਸ਼ ਕੀਤੇ ਗਏ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਦੇ ਹਨ। ਜ਼ਿਆਦਾਤਰ ਉਹ ਵਧੀਆ ਪੈਦਾਵਾਰ ਲਈ ਆਪਣੇ ਖੇਤਾਂ ਵਿੱਚ ਹਰੀ ਕੁਦਰਤੀ ਖਾਦ ਦੀ ਵਰਤੋਂ ਕਰਦੇ ਹਨ।

ਦੂਜੀ ਆਧੁਨਿਕ ਤਕਨੀਕ, ਉਹ ਸਬਜ਼ੀਆਂ ਦੇ ਵਿਕਾਸ ਲਈ 6 ਏਕੜ ਵਿੱਚ ਛੋਟੀ ਸੁਰੰਗ ਦੀ ਸਹੀ ਵਰਤੋਂ ਕਰ ਰਹੇ ਹਨ। ਕੁੱਝ ਫ਼ਸਲਾਂ ਜਿਵੇਂ ਕਿ ਝੋਨਾ, ਕਣਕ, ਲੌਂਗ, ਗੋਭੀ, ਤਰਬੂਜ਼, ਟਮਾਟਰ, ਬੈਂਗਣ, ਖੀਰਾ, ਮਟਰ ਅਤੇ ਕਰੇਲਾ ਆਦਿ ਦੀ ਖੇਤੀ ਵਿਸ਼ੇਸ਼ ਤੌਰ ‘ਤੇ ਕਰਦੇ ਹਨ। ਆਪਣੇ ਖੇਤੀਬਾੜੀ ਦੇ ਕਾਰੋਬਾਰ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਸੋਇਆ ਦੇ ਹਾਈਬ੍ਰਿਡ ਬੀਜ ਤਿਆਰ ਕਰਨ ਅਤੇ ਹੋਰ ਸਹਾਇਕ ਗਤੀਵਿਧੀਆਂ ਜਿਵੇਂ ਕਿ ਮਧੂ-ਮੱਖੀ ਪਾਲਣ ਅਤੇ ਡੇਅਰੀ ਫਾਰਮਿੰਗ ਆਦਿ ਦੀ ਸਿਖਲਾਈ ਖੇਤੀਬਾੜੀ ਵਿਗਿਆਨ ਕੇਂਦਰ, ਪਟਿਆਲਾ ਤੋਂ ਪ੍ਰਾਪਤ ਕੀਤੀ।

ਮੰਡੀਕਰਨ
ਉਨ੍ਹਾਂ ਦੇ ਅਨੁਭਵ ਦੇ ਵੱਡੇ ਖੇਤਰ ਵਿੱਚ ਨਾ ਸਿਰਫ਼ ਵਿਭਿੰਨ ਫ਼ਸਲਾਂ ਨੂੰ ਲਾਭਦਾਇਕ ਰੂਪ ਨਾਲ ਉਗਾਉਣਾ ਸ਼ਾਮਲ ਹੈ, ਬਲਕਿ ਇਸ ਦੌਰਾਨ ਉਨ੍ਹਾ ਨੇ ਆਪਣੇ ਮੰਡੀਕਰਨ ਦੇ ਹੁਨਰ ਨੂੰ ਵੀ ਵਧਾਇਆ ਅਤੇ ਅੱਜ ਉਨ੍ਹਾਂ ਕੋਲ “ਆਤਮਾ ਕਿਸਾਨ ਹੱਟ (ਪਟਿਆਲਾ)” ਵਿੱਚ ਆਪਣਾ ਖੁਦ ਦਾ ਆਊਟਲੈੱਟ ਹੈ। ਉਨ੍ਹਾਂ ਦੇ ਪ੍ਰੋਸੈੱਸਡ ਕੀਤੇ ਉਤਪਾਦਾਂ ਦੀ ਗੁਣਵੱਤਾ ਉਨ੍ਹਾਂ ਦੀ ਵਿਕਰੀ ਨੂੰ ਦਿਨ ਪ੍ਰਤੀਦਿਨ ਵਧਾ ਰਹੀ ਹੈ। ਉਨ੍ਹਾਂ ਨੇ 2012 ਵਿੱਚ ਬ੍ਰੈਂਡ ਨਾਮ “ਸਮਾਰਟ” ਦੇ ਤਹਿਤ ਸੋਇਆ ਪਲਾਂਟ ਵੀ ਸਥਾਪਿਤ ਕੀਤਾ ਅਤੇ ਇਸ ਪਲਾਂਟ ਦੇ ਤਹਿਤ ਉਹ ਸੋਇਆਬੀਨ, ਪਨੀਰ, ਆਟਾ ਅਤੇ ਗਿਰੀਆਂ ਵਰਗੇ ਉਤਪਾਦਾਂ ਨੂੰ ਤਿਆਰ ਕਰਦੇ ਅਤੇ ਵੇਚਦੇ ਹਨ।

ਪ੍ਰਾਪਤੀਆਂ
ਇਹ ਦੂਜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ CRI ਪੰਪ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਸੰਦੇਸ਼
“ਜੇਕਰ ਕਿਸਾਨ ਸਿਹਤਮੰਦ ਜੀਵਨ ਜਿਉਣਾ ਚਾਹੁੰਦੇ ਹਨ ਅਤੇ ਵਰਤਮਾਨ ਅਤੇ ਭਵਿੱਖ ਵਿੱਚ ਚੰਗੀ ਪੈਦਾਵਾਰ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।”