ਬਬਲੂ ਸ਼ਰਮਾ

ਪੂਰੀ ਕਹਾਣੀ ਪੜ੍ਹੋ

2 ਕਨਾਲਾਂ ਤੋਂ ਕੀਤਾ ਸੀ ਸ਼ੁਰੂ ਅਤੇ ਅੱਜ 2 ਕਿੱਲਿਆਂ ਵਿੱਚ ਫੈਲ ਚੁੱਕਿਆ ਹੈ ਇਸ ਨੌਜਵਾਨ ਅਗਾਂਹਵਧੂ ਕਿਸਾਨ ਦਾ ਪਨੀਰੀ ਵੇਚਣ ਦਾ ਕੰਮ

ਕਠਿਨਾਈਆਂ ਕਿਸ ਕਿੱਤੇ ਵਿੱਚ ਨਹੀਂ ਆਉਂਦੀਆਂ, ਕੋਈ ਵੀ ਅਜਿਹਾ ਕੰਮ ਨਹੀਂ ਹੋਵੇਗਾ ਜੋ ਬਿਨਾਂ ਕਠਿਨਾਈਆਂ ਤੋਂ ਪੂਰਾ ਹੋਵੇ। ਇਸ ਲਈ ਹਰ ਇੱਕ ਇਨਸਾਨ ਨੂੰ ਚਾਹੀਦਾ ਹੈ ਉਹ ਔਕੜਾਂ ਭਰੀ ਬੇੜੀ ਵਿੱਚ ਸਵਾਰ ਹੋ ਜਾਏ ਤੇ ਬਸ ਕਿਨਾਰੇ ਲੱਗਣ ਤੱਕ ਮਿਹਨਤ ਕਰੀ ਜਾਵੇ, ਜਿਸ ਦਿਨ ਬੇੜੀ ਕਿਨਾਰੇ ਲੱਗ ਗਈ ਸਮਝੋ ਇਨਸਾਨ ਨੇ ਕਾਮਯਾਬੀ ਹਾਸਿਲ ਕਰ ਲਈ ਹੈ।

ਅਜਿਹਾ ਹੀ ਜਜ਼ਬਾ ਲੈ ਕੇ ਇੱਕ ਨੌਜਵਾਨ ਕਿਸਾਨ ਬਬਲੂ ਸ਼ਰਮਾ, ਜੋ ਪਿੰਡ ਖੂੰਨਣ ਕਲਾਂ ਜ਼ਿਲ੍ਹਾ ਮੁਕਤਸਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ ਅਜਿਹਾ ਕਿੱਤਾ ਹੱਥ ਵਿੱਚ ਲੈ ਲਿਆ ਜਿਸ ਬਾਰੇ ਥੋੜੀ ਬਹੁਤ ਹੀ ਜਾਣਕਾਰੀ ਸੀ ਤੇ ਉਹ ਥੋੜੀ-ਥੋੜੀ ਜਾਣਕਾਰੀ ਉਹਨਾਂ ਲਈ ਤਜ਼ੁਰਬੇਕਾਰ ਬਣਦੀ ਗਈ ਤੇ ਅਖੀਰ ਵਿਚ ਕਾਮਯਾਬ ਹੋ ਕੇ ਦਿਖਾਇਆ, ਉਹਨਾਂ ਨੇ ਖੁਦ ਨੂੰ ਹਿੰਮਤ ਨਹੀਂ ਹਾਰਨ ਦਿੱਤੀ, ਬਸ ਨਿਰੰਤਰ ਆਪਣੇ ਕੰਮ ਵਿੱਚ ਰੁੱਝੇ ਰਹੇ ਤੇ ਅੱਜ ਕੱਲ੍ਹ ਉਹਨਾਂ ਨੂੰ ਹਰ ਕੋਈ ਭਲੀ-ਭਾਂਤੀ ਜਾਣਦਾ ਹੈ।

ਸਾਲ 2012 ਦੀ ਗੱਲ ਹੈ ਜਦੋਂ ਬਬਲੂ ਸ਼ਰਮਾ ਕੋਲ ਕੋਈ ਨੌਕਰੀ ਬਗੈਰਾ ਨਹੀਂ ਸੀ ਤੇ ਉਹ ਇਸ ਤਰ੍ਹਾਂ ਹੀ ਕਦੇ ਕਿਸੇ ਕੋਲ ਜਾ ਕੇ ਕੋਈ ਨਾ ਕੋਈ ਨਾ ਕੰਮ ਸਿੱਖਦੇ ਰਹਿੰਦੇ ਸਨ, ਪਰ ਇਹ ਵੀ ਕਦੋਂ ਤੱਕ ਚੱਲਣਾ ਸੀ, ਇੱਕ ਨਾ ਇੱਕ ਦਿਨ ਆਪਣੇ ਪੈਰਾਂ ‘ਤੇ ਖੜੇ ਤਾਂ ਹੋਣਾ ਹੀ ਸੀ। ਸੋ ਮੁਸ਼ਕਿਲਾਂ ਨਾਲ ਲੜਦੇ ਗਏ ਤੇ ਇੱਕ ਦਿਨ ਅਚਾਨਕ ਬੈਠੇ ਹੋਏ ਸਨ ਤਾਂ ਆਪਣੇ ਪਿਤਾ ਜੀ ਨਾਲ ਗੱਲ ਛੇੜੀ ਕਿ ਪਿਤਾ ਜੀ ਅਜਿਹਾ ਕਿਹੜਾ ਕੰਮ ਹੋ ਸਕਦਾ ਹੈ, ਜੋ ਕਿ ਖੇਤੀ ਦਾ ਹੋਵੇ ਤੇ ਦੂਸਰਾ ਉੱਥੋਂ ਆਮਦਨ ਵੀ ਹੋਵੇ।ਪਿਤਾ ਜੀ ਨੂੰ ਤਾਂ ਖੇਤੀ ਵਿੱਚ ਪਹਿਲਾਂ ਹੀ ਤਜ਼ੁਰਬਾ ਸੀ ਕਿਉਂਕਿ ਉਹ ਖੇਤੀ ਕਰਦੇ ਆਏ ਹਨ ਤੇ ਹੁਣ ਵੀ ਖੇਤੀ ਕਰ ਰਹੇ ਹਨ। ਆਪਣੇ ਆਲੇ-ਦੁਆਲੇ ਦੇ ਕਿਸਾਨਾਂ ਨੂੰ ਦੇਖਦਿਆਂ ਬਬਲੂ ਨੇ ਆਪਣੇ ਪਿਤਾ ਜੀ ਨੇ ਦੀ ਸਲਾਹ ਨਾਲ ਸਬਜ਼ੀਆਂ ਦੀ ਪਨੀਰੀ ਦਾ ਕੰਮ ਸ਼ੁਰੂ ਕਰਨ ਬਾਰੇ ਸੋਚਿਆ।

ਕੰਮ ਸ਼ੁਰੂ ਤਾਂ ਕਰ ਲਿਆ ਪਰ ਪੈਸੇ ਲਗਾ ਕੇ ਵੀ ਫੇਲ ਹੋਣ ਦਾ ਚਿੰਤਾ ਵੀ ਖਾਈ ਜਾ ਰਹੀ ਸੀ- ਬਬਲੂ ਸ਼ਰਮਾ

ਪਿਤਾ ਪਵਨ ਕੁਮਾਰ ਜੀ ਨੇ ਕਿਹਾ, ਕੋਈ ਨਾ ਅੱਗੇ ਦੇਖਦੇ ਹਾਂ, ਤੂੰ ਕੰਮ ਸ਼ੁਰੂ ਕਰ, ਜਦੋਂ ਬਬਲੂ ਸ਼ਰਮਾ ਨੇ ਸਬਜ਼ੀਆਂ ਦੀ ਪਨੀਰੀ ਦਾ ਕੰਮ ਪਹਿਲੀ ਵਾਰ ਸ਼ੁਰੂ ਕੀਤਾ ਤਾਂ ਉਹਨਾਂ ਦਾ ਘੱਟੋਂ-ਘੱਟ 35000 ਦੇ ਕਰੀਬ ਖਰਚਾ ਆਇਆ ਸੀ ਜਿਸ ਵਿੱਚ ਉਹਨਾਂ ਨੇ ਪਿਆਜ਼, ਮਿਰਚ, ਟਮਾਟਰ, ਸ਼ਿਮਲਾ ਮਿਰਚ, ਬੈਂਗਣ, ਬੈਂਗਣੀ ਚੂਚ ਆਦਿ ਦੀਆਂ ਪਨੀਰੀਆਂ ਤੋਂ, ਜੋ ਕਿ 2 ਕਨਾਲ ਵਿੱਚ ਸ਼ੁਰੂ ਕੀਤਾ ਸੀ, ਪਰ ਸਾਂਭ-ਸੰਭਾਲ ਬਾਰੇ ਘੱਟ ਜਾਣਕਾਰੀ ਬਬਲੂ ਲਈ ਪਹਿਲੀ ਸਮੱਸਿਆ ਬਣ ਕੇ ਸਾਹਮਣੇ ਆਈ, ਪਰ ਉਹ ਜਿਵੇਂ-ਜਿਵੇਂ ਥੋੜਾ ਬਹੁਤ ਪਤਾ ਚੱਲਦਾ ਰਿਹਾ, ਉਹ ਉਸ ਤਰ੍ਹਾਂ ਹੀ ਖੇਤੀ ਦੇ ਵਿੱਚ ਤਰੀਕੇ ਅਪਣਾਉਂਦੇ ਰਹੇ ਤੇ ਇਸ ਵਿੱਚ ਉਹਨਾਂ ਦੇ ਪਿਤਾ ਪਵਨ ਕੁਮਾਰ ਜੀ ਨੇ ਵੀ ਬਬਲੂ ਦਾ ਪੂਰਾ ਸਾਥ ਦਿੱਤਾ।

ਜਦੋਂ ਸਮੇਂ ਅਨੁਸਾਰ ਪਨੀਰੀ ਤਿਆਰ ਹੋਈ ਤਾਂ ਉਸ ਤੋਂ ਬਾਅਦ ਜੋ ਮੁਸ਼ਕਿਲ ਉਨ੍ਹਾਂ ਸਾਹਮਣੇ ਇਹ ਆ ਕੇ ਖੜੀ ਹੋਈ ਕਿ ਇਸ ਨੂੰ ਵੇਚਾਂਗੇ ਕਿੱਥੇ ਤੇ ਕੌਣ ਇਸਨੂੰ ਖਰੀਦੇਗਾ। ਬੇਸ਼ੱਕ ਪਨੀਰੀ ਨੂੰ ਸਾਂਭ ਕੇ ਰੱਖ ਸਕਦੇ ਹਨ, ਹਾਂ ਪਰ ਥੋੜੇ ਸਮੇਂ ਲਈ ਹੀ, ਇਸ ਗੱਲ ਦੀ ਚਿੰਤਾ ਸਤਾਉਣ ਲੱਗ ਗਈ।

ਜਦੋਂ ਸ਼ਾਮ ਨੂੰ ਬਬਲੂ ਘਰ ਆਇਆ ਤਾਂ ਇਹੀ ਚਿੰਤਾ ਵਾਰ-ਵਾਰ ਦਿਮਾਗ ਖਾਈ ਜਾ ਰਹੀ ਸੀ ਕਿ ਕਿਵੇਂ ਕੀ ਕੀਤਾ ਜਾ ਸਕਦਾ ਹੈ। ਇਸ ਮੁਸ਼ਕਿਲ ਦਾ ਹੱਲ ਲੱਭਣ ਲਈ ਉਹਨਾਂ ਨੇ ਬਹੁਤ ਰਿਸਰਚ ਕੀਤੀ ਅਤੇ ਉਸ ਵਕਤ ਇੰਟਰਨੈੱਟ ਵੀ ਇੰਨਾ ਨਹੀਂ ਹੁੰਦਾ ਸੀ, ਫਿਰ ਬਹੁਤ ਸੋਚਣ ਤੋਂ ਬਾਅਦ ਦਿਮਾਗ ਵਿੱਚ ਆਇਆ ਕਿ ਕਿਉਂ ਨਾ ਖੁਦ ਹੀ ਪਿੰਡਾਂ ਵਿੱਚ ਜਾ ਕੇ ਵੇਚ ਕੇ ਆਇਆ ਕਰੀਏ।

ਇਸ ਗੱਲ ਉੱਤੇ ਪਿਤਾ ਜੀ ਨੇ ਹਾਮੀ ਭਰਦੇ ਹੋਏ ਕਿਹਾ, ਬੇਟਾ ਜਿਵੇਂ ਤੈਨੂੰ ਸਹੀ ਲੱਗਦਾ ਹੈ, ਤੂੰ ਉਸ ਤਰ੍ਹਾਂ ਹੀ ਕਰ। ਫਿਰ ਉਸ ਤੋਂ ਬਾਅਦ ਬਬਲੂ ਨੇ ਕਦੇ ਛੋਟੀਆਂ ਗੱਡੀਆਂ ਜਿਵੇਂ ਆਟੋ, ਛੋਟਾ ਹਾਥੀ ਵਿੱਚ ਪਨੀਰੀ ਰੱਖ ਕੇ ਆਪਣੇ ਪਿੰਡ ਦੇ ਨੇੜਲੇ ਲੱਗਦੇ ਪਿੰਡਾਂ ਵਿੱਚ ਹੋਕੇ ਮਾਰ-ਮਾਰ ਕੇ ਵੇਚਣ ਜਾਣ ਲੱਗ ਗਏ, ਕਦੇ ਤਾਂ ਗੁਰਦੁਆਰੇ ਦੇ ਰਾਹੀਂ ਸੰਦੇਸ਼ ਪਹੁੰਚਾਉਣਾ, ਕਦੇ ਕਿਸੇ ਹੋਰ ਤਰੀਕੇ ਨਾਲ ਪਨੀਰੀ ਵੇਚਣੀ, ਇਸ ਤਰ੍ਹਾਂ ਘੱਟੋਂ-ਘੱਟ 3 ਤੋਂ 4 ਸਾਲ ਕਰਦੇ ਰਹੇ ਤੇ ਪਨੀਰੀ ਦੀ ਮਾਰਕੀਟਿੰਗ ਹੋਣ ਲੱਗੀ, ਜਿਸ ਨਾਲ ਉਹਨਾਂ ਬਾਰੇ ਲੋਕਾਂ ਨੂੰ ਪਤਾ ਤਾਂ ਬੇਸ਼ੱਕ ਲੱਗਣ ਲੱਗ ਗਿਆ ਸੀ ਅਤੇ ਉਨ੍ਹਾਂ ਨੂੰ ਮੁਨਾਫ਼ਾ ਵੀ ਹੋਣ ਲੱਗ ਗਿਆ ਸੀ, ਪਰ ਬਬਲੂ ਖੁਸ਼ ਨਹੀਂ ਸੀ ਕਿ ਇਸ ਤਰ੍ਹਾਂ ਹੀ ਮਾਰਕੀਟਿੰਗ ਕਰਦੇ ਰਹਾਂਗੇ ਜਾਂ ਫਿਰ ਕੋਈ ਹੋਰ ਤਰੀਕਾ ਨਹੀਂ ਹੋ ਸਕਦਾ, ਜਿਸ ਨਾਲ ਲੋਕ ਉਨ੍ਹਾਂ ਕੋਲ ਪਨੀਰੀ ਖਰੀਦਣ ਲਈ ਆਵੇ ਅਤੇ ਨਰਸਰੀ ਬੈਠੇ ਹੀ ਪਨੀਰੀ ਵੇਚੀਏ।

ਇਸ ਵਾਰ ਜਦੋਂ ਪਹਿਲਾ ਦੀ ਤਰ੍ਹਾਂ ਬਬਲੂ ਪਨੀਰੀ ਵੇਚਣ ਗਿਆ ਤਾਂ ਇੱਕ ਥਾਂ ਤੋਂ ਉਨ੍ਹਾਂ ਨੂੰ ਕਿਸੇ ਨੇ ਸ਼ਰਮਾ ਨਰਸਰੀ ਦੇ ਨਾਮ ਤੋਂ ਬੁਲਾਇਆ, ਜਿਸ ਨੂੰ ਸੁਣ ਕੇ ਬਬਲੂ ਬਹੁਤ ਖੁਸ਼ ਹੋਇਆ ਅਤੇ ਜਦੋਂ ਉਹ ਪਨੀਰੀ ਵੇਚ ਕੇ ਵਾਪਿਸ ਆਇਆ ਤਾਂ ਉਸ ਦੇ ਮਨ ਵਿੱਚ ਓਹੀ ਗੱਲ ਵਾਰ-ਵਾਰ ਘੁੰਮਦੀ ਜਾ ਰਹੀ ਸੀ ਅਤੇ ਇਸ ਉੱਤੇ ਉਸਨੇ ਚੰਗੀ ਤਰ੍ਹਾਂ ਸੋਚ ਵਿਚਾਰ ਕੀਤੀ, ਫਿਰ ਬਬਲੂ ਨੇ ਪਿਤਾ ਜੀ ਨਾਲ ਸਲਾਹ ਕਰਕੇ ਸ਼ਰਮਾ ਨਰਸਰੀ ਦੇ ਨਾਮ ਤੋਂ ਕਾਰਡ ਬਣਾਉਣ ਬਾਰੇ ਸੋਚਿਆ। ਸ਼ਰਮਾ ਨਰਸਰੀ ਦੇ ਨਾਮ ਤੋਂ ਕਾਰਡ ਛਪਵਾਉਣ ਲਈ ਦੇ ਦਿੱਤੇ, ਉਸ ਉੱਤੇ ਹਰ ਇੱਕ ਉਹ ਜਾਣਕਾਰੀ ਦੇ ਦਿੱਤੀ ਜਿਸ ਵਿੱਚ ਉਨ੍ਹਾਂ ਦੇ ਪਿੰਡ ਦਾ ਨਾਮ, ਫੋਨ ਨੰਬਰ, ਪਨੀਰੀ ਜਿਸ ਸਬਜ਼ੀਆਂ ਦੀਆਂ ਪਨੀਰੀ ਉਹ ਲਾਉਂਦੇ ਹਨ।

ਜਦੋਂ ਫਿਰ ਉਹ ਪਨੀਰੀ ਵੇਚਣ ਲਈ ਗਏ ਤਾਂ ਉਹ ਛਪਵਾਏ ਹੋਏ ਕਾਰਡ ਆਪਣੇ ਨਾਲ ਲੈ ਗਏ। ਜਦੋਂ ਉਹ ਪਨੀਰੀ ਜਿਸ ਕਿਸਾਨ ਜਾਂ ਇਨਸਾਨ ਨੂੰ ਵੇਚ ਰਹੇ ਸਨ, ਨਾਲ-ਨਾਲ ਉਨ੍ਹਾਂ ਨੇ ਆਪਣੇ ਕਾਰਡ ਦੇਣੇ ਸ਼ੁਰੂ ਕਰ ਦਿੱਤੇ ਅਤੇ ਇਸ ਤਰ੍ਹਾਂ ਛਪਵਾਏ ਹੋਏ ਕਾਰਡ ਕਈ ਥਾਵਾਂ ‘ਤੇ ਵੰਡ ਆਏ।

ਵਾਪਿਸ ਜਦੋਂ ਘਰ ਆਏ ਤਾਂ ਉਹ ਜੋ ਕਾਰਡ ਵੰਡ ਕੇ ਆਏ ਸਨ ਉਸ ਦੇ ਇੰਤਜ਼ਾਰ ਵਿੱਚ ਸਨ ਕਿ ਕੋਈ ਨਾ ਕੋਈ ਜ਼ਰੂਰ ਕਾਰਡ ਦੇਖ ਕੇ ਫੋਨ ਕਰੂਗਾ, ਕਈ ਦਿਨ ਇੰਝ ਹੀ ਲੰਘ ਗਏ ਪਰ ਉਹ ਦਿਨ ਆ ਹੀ ਗਿਆ ਜਦੋਂ ਸਫਲਤਾ ਨੇ ਫੋਨ ‘ਤੇ ਆ ਕੇ ਦਸਤਕ ਦਿੱਤੀ। ਜਦੋਂ ਉਨ੍ਹਾਂ ਨੇ ਫੋਨ ਚੁੱਕਿਆ ਤਾਂ ਅੱਗੋਂ ਇੱਕ ਕਿਸਾਨ ਉਨ੍ਹਾਂ ਤੋਂ ਪਨੀਰੀ ਮੰਗ ਰਿਹਾ ਸੀ, ਜਿਸ ‘ਤੇ ਬਹੁਤ ਖੁਸ਼ ਹੋਏ ਅਤੇ ਹੌਲੀ-ਹੌਲੀ ਉਨ੍ਹਾਂ ਦੀ ਇੰਝ ਹੀ ਮਾਰਕੀਟਿੰਗ ਹੁੰਦੀ ਚਲੀ ਗਈ। ਉਨ੍ਹਾਂ ਨੇ ਫਿਰ ਪਿੰਡ-ਪਿੰਡ ਜਾ ਕੇ ਪਨੀਰੀ ਵੇਚਣੀ ਬੰਦ ਕਰ ਦਿੱਤੀ, ਇਸ ਦੇ ਨਾਲ ਉਨ੍ਹਾਂ ਦੇ ਛਪਵਾਏ ਹੋਏ ਕਾਰਡ ਜਦੋਂ ਪਿੰਡ ਤੋਂ ਬਾਹਰ ਸ਼ਹਿਰ ਸ਼੍ਰੀ ਮੁਕਤਸਰ ਵਿਖੇ ਕਿਸੇ ਨੂੰ ਮਿਲੇ ਤਾਂ ਓਥੋਂ ਵੀ ਲੋਕਾਂ ਨੇ ਪਨੀਰੀ ਮੰਗਵਾਉਣੀ ਸ਼ੁਰੂ ਕਰ ਦਿੱਤੀ ਜਿਸ ਨੂੰ ਉਹ ਬੱਸ ਜਾਂ ਕਿਸੇ ਗੱਡੀ ਰਾਹੀਂ ਸ਼ਹਿਰ ਵਿਖੇ ਪਹੁੰਚਾ ਦਿੰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਫੋਨ ‘ਤੇ ਹੀ ਪਨੀਰੀ ਦੇ ਲਈ ਆਰਡਰ ਆਉਣ ਲੱਗ ਗਏ ਤੇ ਫਿਰ ਉਨ੍ਹਾਂ ਨੂੰ ਇੱਕ ਮਿੰਟ ਦੀ ਵੀ ਵਿਹਲ ਵੀ ਨਹੀਂ ਮਿਲਦੀ ਅਤੇ ਅਖੀਰ ਉਨ੍ਹਾਂ ਨੂੰ 2018 ਵਿੱਚ ਸਫਲਤਾ ਹਾਸਿਲ ਹੋਈ।

ਜਦੋਂ ਉਹ ਪੂਰੀ ਤਰ੍ਹਾਂ ਸਫਲ ਹੋ ਗਏ ਅਤੇ ਕੰਮ ਕਰਦੇ-ਕਰਦੇ ਤਜ਼ੁਰਬਾ ਹੋ ਗਿਆ ਤਾਂ ਉਨ੍ਹਾਂ ਨੇ ਹੌਲੀ-ਹੌਲੀ ਕਰਦੇ 2 ਕਨਾਲਾਂ ਤੋਂ ਸ਼ੁਰੂ ਕੀਤੇ ਕੰਮ ਨੂੰ 2020 ਤੱਕ 2 ਕਿੱਲਿਆਂ ਦੇ ਵਿੱਚ ਅਤੇ ਨਰਸਰੀ ਨੂੰ ਵੱਡੇ ਪੱਧਰ ‘ਤੇ ਤਿਆਰ ਕਰ ਲਿਆ, ਜਿਸ ਵਿੱਚ ਉਹਨਾਂ ਨੇ ਬਾਅਦ ਵਿੱਚ ਕੱਦੂ, ਤੋਰੀ, ਕਰੇਲਾ, ਖੀਰਾ,ਪੇਠਾ, ਜੁਗਨੀ ਪੇਠਾ ਆਦਿ ਦੀ ਵੀ ਪਨੀਰੀ ਲਗਾ ਦਿੱਤੀ ਅਤੇ ਪਨੀਰੀ ਵਿੱਚ ਕੁਆਲਿਟੀ ਵਜੋਂ ਵੀ ਸੁਧਾਰ ਲੈ ਕੇ ਆਏ ਅਤੇ ਦੇਸੀ ਤਰੀਕੇ ਨਾਲ ਪਨੀਰੀਆਂ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਜਿਸ ਨਾਲ ਉਹਨਾਂ ਦੀ ਮਾਰਕੀਟਿੰਗ ਵਿੱਚ ਬਹੁਤ ਜ਼ਿਆਦਾ ਪ੍ਰਸਾਰ ਹੋ ਗਿਆ ਅਤੇ ਅੱਜ ਉਨ੍ਹਾਂ ਨੂੰ ਮਾਰਕੀਟਿੰਗ ਕਰਨ ਲਈ ਕੀਤੇ ਨਹੀਂ ਜਾਣਾ ਪੈਂਦਾ, ਸਗੋਂ ਫੋਨ ‘ਤੇ ਆਰਡਰ ਆ ਜਾਂਦਾ ਹੈ ਅਤੇ ਨਾਲ ਦੇ ਪਿੰਡਾਂ ਵਾਲੇ ਖੁਦ ਆ ਕੇ ਲੈ ਜਾਂਦੇ ਹਨ। ਜਿਸ ਨਾਲ ਉਨ੍ਹਾਂ ਨੂੰ ਬੈਠੇ- ਬੈਠੇ ਬਹੁਤ ਮੁਨਾਫ਼ਾ ਹਾਸਿਲ ਹੋ ਰਿਹਾ ਹੈ। ਇਸ ਕਾਮਯਾਬੀ ਦਾ ਸਾਰਾ ਧੰਨਵਾਦ ਉਹ ਆਪਣੇ ਪਿਤਾ ਪਵਨ ਕੁਮਾਰ ਜੀ ਦਾ ਕਰਦੇ ਹਨ।

ਭਵਿੱਖ ਦੀ ਯੋਜਨਾ

ਉਹ ਚਾਹੁੰਦੇ ਹਨ ਕਿ ਨਰਸਰੀ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਤੇ ਸੋਲਰ ਸਿਸਟਮ ਨਾਲ ਕੰਮ ਕਰਨਾ ਚਾਹੁੰਦੇ ਹਨ।

ਸੰਦੇਸ਼

ਕੰਮ ਹਮੇਸ਼ਾਂ ਮਿਹਨਤ ਅਤੇ ਲਗਨ ਨਾਲ ਕਰਨਾ ਚਾਹੀਦਾ ਹੈ, ਜੇਕਰ ਤੁਹਾਡੇ ਅੰਦਰ ਜ਼ਜਬਾ ਹੈ ਤਾਂ ਤੁਸੀ ਕੁੱਝ ਵੀ ਹਾਸਿਲ ਕਰ ਸਕਦੇ ਹੋ, ਜੋ ਤੁਸੀਂ ਸੋਚ ਲਿਆ ਹੈ।

ਜਸਕਰਨ ਸਿੰਘ

ਪੂਰੀ ਕਹਾਣੀ ਪੜ੍ਹੋ

ਇਸ ਕਿਸਾਨ ਨੇ ਸਾਬਿਤ ਕੀਤਾ ਕਿ ਇੱਕ ਆਮ ਕਿਸਾਨ ਵੀ ਕਰ ਸਕਦਾ ਹੈ ਕੁੱਝ ਖਾਸ, ਕੁੱਝ ਨਵੀਨ

ਭੀੜ ਵਿਚ ਤੁਰਨ ਨਾਲ ਕਦੀ ਕਿਸੇ ਦੀ ਪਹਿਚਾਣ ਨਹੀਂ ਬਣਦੀ, ਪਹਿਚਾਣ ਬਣਾਉਣ ਲਈ ਕੁੱਝ ਨਵੀਨ ਕਰਨਾ ਪੈਂਦਾ ਹੈ। ਜਿੱਥੇ ਹਰ ਕੋਈ ਇੱਕ ਦੂਸਰੇ ਦੀ ਰੀਸ ਨਾਲ ਕੰਮ ਕਰ ਰਿਹਾ ਸੀ, ਇਕ ਕਿਸਾਨ ਨੇ ਲਿਆ ਕੁੱਝ ਨਵਾਂ ਕਰਨ ਦਾ ਫੈਸਲਾ। ਇਹ ਕਿਸਾਨ ਸ. ਬਲਦੇਵ ਸਿੰਘ ਦਾ ਪੁੱਤਰ ਪਿੰਡ ਕੌਣੀ ਤਹਿਸੀਲ ਗਿੱਦੜਬਾਹਾ, ਜ਼ਿਲ੍ਹਾ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਹੈ, ਜਿਸਦਾ ਨਾਮ ਹੈ ਸ. ਜਸਕਰਨ ਸਿੰਘ।

ਸ. ਬਲਦੇਵ ਜੀ 27 ਏਕੜ ਵਿੱਚ ਰਵਾਇਤੀ ਖੇਤੀ ਕਰਦੇ ਸਨ। ਪਰਿਵਾਰਿਕ ਕਿੱਤਾ ਖੇਤੀਬਾੜੀ ਹੋਣ ਕਰਕੇ ਬਲਦੇਵ ਜੀ ਨੇ ਆਪਣੇ ਪੁੱਤਰ ਜਸਕਰਨ ਨੂੰ ਵੀ ਬਹੁਤ ਛੋਟੀ ਉਮਰ ਵਿੱਚ ਹੀ ਆਪਣੇ ਨਾਲ ਖੇਤਾਂ ਵਿੱਚ ਕੰਮ ਕਰਵਾਉਣਾ ਸ਼ੁਰੂ ਕਰ ਦਿੱਤਾ ਸੀ, ਜਿਸਦੀ ਵਜ੍ਹਾ ਨਾਲ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਪੜ੍ਹਾਈ ਵਿੱਚ ਹੀ ਰਹਿ ਗਈ। 17-18 ਸਾਲ ਦੀ ਉਮਰ ਵਿੱਚ ਜਦ ਖੇਤਾਂ ਵਿੱਚ ਪੈਰ ਰੱਖਿਆ ਤਾਂ ਮਿੱਟੀ ਨਾਲ ਇੱਕ ਅਲੌਕਿਕ ਰਿਸ਼ਤਾ ਬਣ ਗਿਆ। ਸ਼ੁਰੂ ਤੋਂ ਹੀ ਉਹਨਾਂ ਦੇ ਪਿਤਾ ਜੀ ਕਣਕ-ਝੋਨੇ ਦੀ ਰਵਾਇਤੀ ਖੇਤੀ ਕਰਦੇ ਸਨ ਪਰ ਜਸਕਰਨ ਸਿੰਘ ਜੀ ਦੇ ਮਨ ‘ਚ ਕੁੱਝ ਹੋਰ ਹੀ ਚੱਲ ਰਿਹਾ ਸੀ।

ਜਦ ਮੈਂ ਬਾਹਰ ਦੇਖਦਾ ਸੀ ਕਿ ਰਵਾਇਤੀ ਖੇਤੀ ਤੋਂ ਇਲਾਵਾ ਖੇਤੀ ਕੀਤੀ ਜਾਂਦੀ ਹੈ, ਤਾਂ ਮੇਰਾ ਮਨ ਵੀ ਚਾਹੁੰਦਾ ਸੀ ਕਿ ਕੁੱਝ ਅਲੱਗ ਕੀਤਾ ਜਾਵੇ ਕੁੱਝ ਨਵਾਂ ਕੀਤਾ ਜਾਵੇ। – ਸ. ਜਸਕਰਨ ਸਿੰਘ

ਇਹ ਹੀ ਸੋਚ ਮਨ ਵਿੱਚ ਰੱਖ ਕੇ ਜਸਕਰਨ ਜੀ ਨੇ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ। ਜਸਕਰਨ ਜੀ ਦੇ ਇਸ ਫੈਸਲੇ ਨੇ ਉਹਨਾਂ ਦੇ ਪਿਤਾ ਜੀ ਨੂੰ ਬਹੁਤ ਨਿਰਾਸ਼ ਕਰ ਦਿੱਤਾ। ਇਹ ਸੁਭਾਵਿਕ ਵੀ ਸੀ ਕਿਉਂਕਿ ਇੱਕ ਅਜਿਹੀ ਫ਼ਸਲ ਲਗਾਉਣੀ ਜਿਸਦੀ ਜਾਣਕਾਰੀ ਨਾ ਹੋਵੇ ਇੱਕ ਬਹੁਤ ਵੱਡਾ ਕਦਮ ਸੀ। ਪਰ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਸਮਝਾ ਕੇ ਆਪਣੇ 2 ਦੋਸਤਾਂ ਨਾਲ ਮਿਲ ਕੇ 8 ਏਕੜ ਵਿੱਚ ਸਟ੍ਰਾਬੇਰੀ ਦਾ ਫਾਰਮ ਲਗਾ ਲਿਆ। ਮਨ ਵਿੱਚ ਇੱਕ ਡਰ ਵੀ ਬਣਿਆ ਹੋਇਆ ਸੀ ਕਿ ਜਾਣਕਾਰੀ ਨਾ ਹੋਣ ਕਰ ਕੇ ਕਿਤੇ ਨੁਕਸਾਨ ਨਾ ਹੋ ਜਾਏ, ਪਰ ਇੱਕ ਵਿਸ਼ਵਾਸ ਵੀ ਸੀ ਕਿ ਮਿਹਨਤ ਕੀਤੀ ਕਦੇ ਵਿਅਰਥ ਨਹੀਂ ਜਾਂਦੀ। ਇਸ ਲਈ ਖੇਤੀ ਸ਼ੁਰੂ ਕਰਨ ਤੋਂ ਪਹਿਲਾ ਉਨ੍ਹਾਂ ਨੇ ਬਾਗਬਾਨੀ ਸੰਬੰਧੀ ਟ੍ਰੇਨਿੰਗ ਵੀ ਲਈ।

ਸਟ੍ਰਾਬੇਰੀ ਦੀ ਖੇਤੀ ਸ਼ੁਰੂ ਕਰਨ ਤੋਂ ਵਿੱਚ ਉਹਨਾਂ ਨੂੰ ਜ਼ਿਆਦਾ ਕੋਈ ਰੁਕਾਵਟ ਨਹੀਂ ਆਈ। ਆਪਣੇ ਦੋਸਤਾਂ ਨਾਲ ਸਲਾਹ ਕਰ ਕੇ, ਉਹਨਾਂ ਨੇ ਪਹਿਲੇ ਸਾਲ ਦਿੱਲੀ ਤੋਂ ਸਟ੍ਰਾਬੇਰੀ ਦਾ ਬੀਜ ਲਿਆ। ਮਜ਼ਦੂਰ ਜ਼ਿਆਦਾ ਲੱਗਣ ਅਤੇ ਮਿਹਨਤ ਜ਼ਿਆਦਾ ਹੋਣ ਕਾਰਣ ਕਿਸਾਨ ਇਹ ਖੇਤੀ ਕਰਨਾ ਪਸੰਦ ਨਹੀਂ ਕਰਦੇ। ਪਰ ਥੋੜ੍ਹੇ ਟਾਈਮ ਬਾਅਦ ਹੀ ਉਹਨਾਂ ਦੇ ਦੋਸਤਾਂ ਨੂੰ ਇਹ ਮਹਿਸੂਸ ਹੋਇਆ ਕਿ ਸਟ੍ਰਾਬੇਰੀ ਦੀ ਖੇਤੀ ਬਾਰੇ ਕੋਈ ਜਾਣਕਾਰੀ ਨਾ ਹੋਣ ਕੇ ਉਹਨਾਂ ਨੇ ਇੱਕ ਦੋਸਤ ਨੇ ਇਸਦੇ ਨਾਲ ਹੀ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਨਾਲ ਹੀ ਹੋਰ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੂਸਰਾ ਦੋਸਤ ਵਿਦੇਸ਼ ਜਾਣ ਦੇ ਲਈ ਕੋਸ਼ਿਸ਼ ਕਰਨ ਲੱਗ ਗਿਆ। ਪਰ ਜਸਕਰਨ ਜੀ ਨੇ ਆਪਣੇ ਮਨ ਵਿੱਚ ਪੱਕਾ ਇਰਾਦਾ ਕੀਤਾ ਹੋਇਆ ਸੀ ਕਿ ਕੁੱਝ ਵੀ ਹੋ ਜਾਵੇ ਪਰ ਉਹ ਸਟ੍ਰਾਬੇਰੀ ਦੀ ਖੇਤੀ ਜ਼ਰੂਰ ਕਰਨਗੇ।

ਬਾਹਰ ਦੀ ਰੰਗ ਬਰੰਗੀ ਦੁਨੀਆਂ ਨੌਜਵਾਨਾਂ ਨੂੰ ਬਹੁਤ ਆਕਰਸ਼ਿਤ ਕਰਦੀ ਹੈ, ਅਤੇ ਨੌਜਵਾਨ ਵੀ ਆਪਣਾ ਭਵਿੱਖ ਸੁਰੱਖਿਅਤ ਕਰਨ ਲਈ ਬਾਹਰ ਨੂੰ ਭੱਜ ਰਹੇ ਹਨ। ਮੈਂ ਚਾਹੁੰਦਾ ਸੀ ਕਿ ਵਿਦੇਸ਼ ਜਾਣ ਦੀ ਬਜਾਏ ਤੇ ਇੱਥੇ ਆਪਣੇ ਦੇਸ਼ ਵਿੱਚ ਰਹਿ ਕੇ ਹੀ ਕੁੱਝ ਅਜਿਹਾ ਕੀਤਾ ਜਾਵੇ, ਜਿਸ ਨਾਲ ਪੰਜਾਬ ਅਤੇ ਨਵੀਂ ਪੀੜ੍ਹੀ ਦੀ ਸੋਚ ਵਿੱਚ ਵੀ ਬਦਲਾਵ ਆਵੇ ਅਤੇ ਉਹ ਆਪਣਾ ਭਵਿੱਖ ਇੱਥੇ ਹੀ ਸੁਰੱਖਿਅਤ ਕਰ ਸਕਣ। – ਸ. ਜਸਕਰਨ ਸਿੰਘ

ਪਹਿਲੇ ਸਾਲ ਜਸਕਰਨ ਜੀ ਨੂੰ ਉਮੀਦ ਤੋਂ ਵੱਧ ਫਾਇਦਾ ਹੋਇਆ। ਜਿਸ ਕਾਰਣ ਉਨ੍ਹਾਂ ਨੇ ਇਸ ਖੇਤੀ ਵੱਲ ਆਪਣਾ ਸਾਰਾ ਧਿਆਨ ਕੇਂਦਰਿਤ ਕਰ ਦਿੱਤਾ। ਉਸ ਤੋਂ ਬਾਅਦ ਉਨ੍ਹਾਂ ਨੇ ਹਿਮਾਚਲ ਦੀ ਇੱਕ ਕਿਸਮ ਵੀ ਲਗਾਈ ਅਤੇ ਹੁਣ ਉਹ ਪੁਣੇ ਜਿਸਨੂੰ ਸਟ੍ਰਾਬੇਰੀ ਦਾ ਹੱਬ ਕਿਹਾ ਜਾਂਦਾ ਹੈ, ਉੱਥੋਂ ਬੀਜ ਲੈ ਕੇ ਸਟ੍ਰਾਬੇਰੀ ਲਗਾਉਂਦੇ ਹਨ। ਜਸਕਰਨ ਜੀ ਬਠਿੰਡਾ, ਮੁਕਤਸਰ ਸਾਹਿਬ ਅਤੇ ਮਲੋਟ ਦੀ ਮੰਡੀ ਵਿੱਚ ਸਟ੍ਰਾਬੇਰੀ ਵੇਚਦੇ ਹਨ।

ਸਟ੍ਰਾਬੇਰੀ ਦੇ ਨਾਲ-ਨਾਲ ਜਸਕਰਨ ਜੀ ਖਰਬੂਜ਼ਾ ਅਤੇ ਖੀਰਾ ਵੀ ਉਗਾਉਂਦੇ ਹਨ। ਹੁਣ ਉਹਨਾਂ ਨੂੰ ਸਟ੍ਰਾਬੇਰੀ ਦੀ ਖੇਤੀ ਕਰਦੇ ਹੋਏ 4-5 ਸਾਲ ਹੋ ਗਏ ਅਤੇ ਉਹ ਇਸ ਤੋਂ ਚੰਗਾ ਮੁਨਾਫ਼ਾ ਕਮਾ ਰਹੇ ਹਨ। ਆਪਣੀ ਮਿਹਨਤ ਦੇ ਸਦਕਾ ਜਸਕਰਨ ਸਿੰਘ ਜੀ ਸਟ੍ਰਾਬੇਰੀ ਦੀ ਨਰਸਰੀ ਲਗਾ ਚੁੱਕੇ ਹਨ ਅਤੇ ਇਸ ਨਰਸਰੀ ਵਿੱਚ ਉਹ ਸਬਜ਼ੀਆਂ ਉਗਾਉਂਦੇ ਹਨ।

ਹਰ ਸਾਲ ਪਾਣੀ ਦਾ ਪੱਧਰ ਹੇਠਾਂ ਜਾ ਰਿਹਾ ਹੈ। ਇਸ ਲਈ ਸਾਨੂੰ ਤੁਪਕਾ ਸਿੰਚਾਈ ਦਾ ਇਸਤੇਮਾਲ ਕਰਨਾ ਚਾਹੀਦਾ ਹੈ। – ਜਸਕਰਨ ਸਿੰਘ

ਭਵਿੱਖ ਦੀ ਯੋਜਨਾ

ਭਵਿੱਖ ਵਿੱਚ ਜਸਕਰਨ ਜੀ ਸਟ੍ਰਾਬੇਰੀ ਦੀ ਪ੍ਰੋਸੇਸਿੰਗ ਕਰ ਕੇ ਉਸ ਤੋਂ ਉਤਪਾਦ ਤਿਆਰ ਕਰਕੇ ਮਾਰਕੀਟਿੰਗ ਕਰਨਾ ਚਾਹੁੰਦੇ ਹਨ ਅਤੇ ਹੋਰ ਕਿਸਾਨਾਂ ਨੂੰ ਵੀ ਇਸ ਬਾਰੇ ਪ੍ਰੇਰਿਤ ਕਰਨਾ ਚਾਹੁੰਦੇ ਹਨ।

ਸੰਦੇਸ਼
“ਮੈਂ ਇਹ ਹੀ ਕਹਿਣਾ ਚਾਹੰਦਾ ਹਾਂ ਕੇ ਕਿਸਾਨਾਂ ਦੇ ਖਰਚੇ ਵੱਧ ਰਹੇ ਹਨ ਪਾਰ ਕਣਕ-ਝੋਨੇ ਦਾ ਮੁੱਲ ਵਿੱਚ ਕੁੱਝ ਜ਼ਿਆਦਾ ਫਰਕ ਨਹੀਂ ਆ ਰਿਹਾ ਹੈ, ਇਸ ਲਈ ਕਿਸਾਨ ਵੀਰਾਂ ਨੂੰ ਰਵਾਇਤੀ ਖੇਤੀ ਦੇ ਨਾਲ-ਨਾਲ ਕੁੱਝ ਅਲੱਗ ਕਰਨਾ ਪਵੇਗਾ। ਅੱਜ ਦੇ ਸਮੇਂ ਵਿੱਚ ਸਾਨੂੰ ਪੰਜਾਬ ਵਿੱਚ ਫ਼ਸਲੀ-ਵਿਭਿੰਨਤਾ ਲਿਆਉਣ ਦੀ ਲੋੜ ਹੈ।”

ਕੁਲਵਿੰਦਰ ਸਿੰਘ ਨਾਗਰਾ

ਪੂਰੀ ਕਹਾਣੀ ਪੜ੍ਹੋ

ਬਿਹਤਰ ਵਰਤਮਾਨ ਅਤੇ ਭਵਿੱਖ ਦੀ ਉਮੀਦ ਨਾਲ ਕੁਲਵਿੰਦਰ ਸਿੰਘ ਨਾਗਰਾ ਕੁਦਰਤੀ ਖੇਤੀ ਵੱਲ ਮੁੜੇ

ਉਮੀਦ ਇੱਕ ਸਕਾਰਾਤਮਕ ਭਾਵਨਾ ਹੈ ਜੋ ਕਿਸੇ ਵਿਅਕਤੀ ਨੂੰ ਭਵਿੱਖ ਬਾਰੇ ਸੋਚਣ ਦੀ ਤਾਕਤ ਦਿੰਦੀ ਹੈ, ਭਾਵੇਂ ਹੀ ਇਸ ਬਾਰੇ ਕੁੱਝ ਨਿਸ਼ਚਿਤ ਨਾ ਹੋਵੇ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਬਿਹਤਰ ਭਵਿੱਖ ਬਾਰੇ ਸੋਚਦੇ ਹਾਂ ਤਾਂ ਫਿਰ ਕੁੱਝ ਨਕਾਰਾਤਮਕ ਨਤੀਜਿਆਂ ਨੂੰ ਜਾਣਨ ਦੇ ਬਾਵਜੂਦ ਵੀ ਸਾਡੇ ਕੰਮ ਆਪਣੇ ਆਪ ਹੀ ਜਲਦੀ ਹੋ ਜਾਂਦੇ ਹਨ। ਇਸ ਤਰ੍ਹਾਂ ਦਾ ਹੀ ਕੁੱਝ ਜ਼ਿਲ੍ਹਾ ਸੰਗਰੂਰ ਦੇ ਪਿੰਡ ਨਾਗਰਾ ਦੇ ਇੱਕ ਅਗਾਂਹਵਧੂ ਕਿਸਾਨ ਕੁਲਵਿੰਦਰ ਸਿੰਘ ਨਾਗਰਾ ਜੀ ਨਾਲ ਹੋਇਆ, ਜਿਨ੍ਹਾਂ ਦੀ ਉਮੀਦ ਨੇ ਉਨ੍ਹਾਂ ਨੂੰ ਕੁਦਰਤੀ ਖੇਤੀ ਵੱਲ ਮੋੜਿਆ।

“ਕੁਦਰਤੀ ਖੇਤੀ ਵਿੱਚ ਜਾਣ ਤੋਂ ਪਹਿਲਾਂ ਮੈਨੂੰ ਪਤਾ ਸੀ ਕਿ ਮੈਨੂੰ ਲਗਾਤਾਰ ਦੋ ਸਾਲ ਤੱਕ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਇਸ ਸਥਿਤੀ ਨੂੰ ਸਮਝਣ ਤੋਂ ਬਾਅਦ ਵੀ ਮੈਂ ਕੁਦਰਤੀ ਢੰਗਾਂ ਨੂੰ ਅਪਨਾਉਣ ਦਾ ਫੈਸਲਾ ਕੀਤਾ, ਕਿਉਂਕਿ ਮੇਰੇ ਲਈ ਮੇਰਾ ਪਰਿਵਾਰ ਅਤੇ ਆਲੇ-ਦੁਆਲੇ ਦਾ ਵਾਤਾਵਰਨ ਪੈਸੇ ਕਮਾਉਣ ਨਾਲੋਂ ਵੱਧ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਮੈਂ ਆਪਣੇ ਪਰਿਵਾਰ ਅਤੇ ਖੁਦ ਲਈ ਕਮਾਈ ਕਰ ਰਿਹਾ ਹਾਂ, ਕੀ ਹੋਵੇਗਾ ਜੇਕਰ ਬਹੁਤ ਸਾਰਾ ਪੈਸਾ ਕਮਾਉਣ ਤੋਂ ਬਾਅਦ ਵੀ ਮੈਂ ਆਪਣੇ ਪਰਿਵਾਰ ਨੂੰ ਤੰਦਰੁਸਤ ਨਹੀਂ ਰੱਖ ਸਕਦਾ … ਤਾਂ ਸਭ ਕੁੱਝ ਵਿਅਰਥ ਹੈ।”

ਖੇਤੀ ਦੇ ਪਿਛੋਕੜ ਨਾਲ ਸੰਬੰਧਿਤ ਕੁਲਵਿੰਦਰ ਸਿੰਘ ਨਾਗਰਾ ਜੀ ਨੇ ਵੀ ਆਪਣੇ ਪਿਤਾ ਦੇ ਦੱਸੇ ਕਦਮਾਂ ‘ਤੇ ਚੱਲਣ ਦਾ ਫੈਸਲਾ ਕੀਤਾ। 1997 ਵਿੱਚ ਆਪਣੀ ਮੈਟ੍ਰਿਕ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਪਰਿਵਾਰ ਦੀਆਂ ਪੁਰਾਣੀਆਂ ਤਕਨੀਕਾਂ ਨੂੰ ਅਪਣਾ ਕੇ ਝੋਨੇ ਅਤੇ ਕਣਕ ਦੀ ਖੇਤੀ ਸ਼ੁਰੂ ਕੀਤੀ। ਸਾਲ 2000 ਤੱਕ, ਉਨ੍ਹਾਂ ਨੇ 10 ਏਕੜ ਜ਼ਮੀਨ ‘ਤੇ ਕਣਕ ਅਤੇ ਝੋਨੇ ਦੀ ਖੇਤੀ ਜਾਰੀ ਰੱਖੀ ਅਤੇ ਇੱਕ ਏਕੜ ਵਿੱਚ ਮਟਰ, ਪਿਆਜ਼, ਲਸਣ ਅਤੇ ਲੌਕੀ ਆਦਿ ਵਰਗੀਆਂ ਕੁੱਝ ਸਬਜ਼ੀਆਂ ਉਗਾਈਆਂ। ਪਰ ਉਹ ਕਣਕ ਅਤੇ ਝੋਨੇ ਤੋਂ ਸੰਤੁਸ਼ਟ ਨਹੀਂ ਸਨ। ਇਸ ਲਈ ਉਨ੍ਹਾਂ ਨੇ ਹੌਲੀ-ਹੌਲੀ ਸਬਜ਼ੀਆਂ ਦੀ ਖੇਤੀ ਦੇ ਖੇਤਰ ਨੂੰ ਇੱਕ ਏਕੜ ਤੋਂ 7 ਏਕੜ ਤੱਕ ਅਤੇ ਕਿੰਨੂ ਅਤੇ ਅਮਰੂਦ 1½ ਏਕੜ ਵਿੱਚ ਉਗਾਉਣਾ ਸ਼ੁਰੂ ਕੀਤਾ।

“ਕਿੰਨੂ ਘੱਟ ਸਫ਼ਲ ਸੀ ਪਰ ਅਮਰੂਦ ਨੇ ਵਧੀਆ ਫਾਇਦਾ ਦਿੱਤਾ ਅਤੇ ਮੈਂ ਇਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਾਂਗਾ।”

ਬਾਗ਼ਬਾਨੀ ਦੀ ਸਫ਼ਲਤਾ ਦੇ ਅਨੁਭਵ ਨੇ ਕੁਲਵਿੰਦਰ ਸਿੰਘ ਨਾਗਰਾ ਜੀ ਦੇ ਆਤਮ-ਵਿਸ਼ਵਾਸ ਨੂੰ ਵਧਾਇਆ ਅਤੇ ਤੇਜ਼ੀ ਨਾਲ ਉਨ੍ਹਾਂ ਨੇ ਆਪਣੀਆਂ ਖੇਤੀ ਦੀਆਂ ਗਤੀਵਿਧੀਆਂ ਨੂੰ ਹੋਰ ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਸਥਾਪਿਤ ਕੀਤਾ। ਉਨ੍ਹਾਂ ਸਬਜ਼ੀਆਂ ਦੀ ਖੇਤੀ ਤੋਂ ਲੈ ਕੇ ਨਰਸਰੀ ਦੀ ਤਿਆਰੀ ਤੱਕ ਸਭ ਕੁੱਝ ਕਰਨਾ ਸ਼ੁਰੂ ਕਰ ਦਿੱਤਾ। 2008-2009 ਵਿੱਚ ਉਨ੍ਹਾਂ ਨੇ ਸ਼ਾਹਬਾਦ ਮਰਕੰਡਾ, ਸਿਰਸਾ ਅਤੇ ਪੰਜਾਬ ਦੇ ਬਾਹਰ ਵੱਖ-ਵੱਖ ਕਿਸਾਨ ਮੇਲਿਆਂ ਵਿੱਚ ਮਿਰਚ, ਪਿਆਜ਼, ਕੱਦੂ, ਲੌਕੀ, ਟਮਾਟਰ ਅਤੇ ਬੇਲ ਆਦਿ ਦੀ ਤਿਆਰ ਕੀਤੀ ਨਰਸਰੀ ਵੇਚਣੀ ਸ਼ੁਰੂ ਕਰ ਦਿੱਤੀ।

2009 ਵਿੱਚ, ਉਨ੍ਹਾਂ ਨੇ ਆਪਣੀਆਂ ਖੇਤੀ ਦੀਆਂ ਤਕਨੀਕਾਂ ਨੂੰ ਜੈਵਿਕ ਢੰਗ ਵਿੱਚ ਬਦਲਣ ਦਾ ਵਿਚਾਰ ਕੀਤਾ, ਇਸ ਲਈ ਉਨ੍ਹਾਂ ਨੇ ਕੁਦਰਤੀ ਖੇਤੀ ਦੀ ਸਿਖਲਾਈ ਪਿੰਗਲਵਾੜਾ ਤੋਂ ਲਈ, ਜਿੱਥੇ ਕਿਸਾਨਾਂ ਨੂੰ ਜ਼ੀਰੋ ਬਜਟ ‘ਤੇ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਸਿਖਾਇਆ ਜਾਂਦਾ ਹੈ। ਇੱਕ ਸੁਰੱਖਿਅਤ ਅਤੇ ਸਥਿਰ ਸ਼ੁਰੂਆਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਲਵਿੰਦਰ ਸਿੰਘ ਨਾਗਰਾ ਨੇ 5 ਏਕੜ ਨਾਲ ਕੁਦਰਤੀ ਖੇਤੀ ਸ਼ੁਰੂ ਕੀਤੀ।

ਉਹ ਇਸ ਤੱਥ ਤੋਂ ਚੰਗੀ ਤਰ੍ਹਾਂ ਜਾਣੂ ਸਨ ਕਿ ਕੀਟਨਾਸ਼ਕ ਅਤੇ ਰਸਾਇਣਕ ਪਦਾਰਥ ਜ਼ਮੀਨ ਨੂੰ ਜੈਵਿਕ ਕਿਸਮ ਵਿੱਚ ਤਬਦੀਲ ਕਰਨ ਲਈ ਕਾਫੀ ਸਮਾਂ ਲੱਗ ਸਕਦਾ ਹੈ ਅਤੇ ਉਹ ਸ਼ੁਰੂ ਵਿੱਚ ਕੋਈ ਮੁਨਾਫ਼ਾ ਨਹੀਂ ਕਮਾਉਣਗੇ। ਪਰ ਉਨ੍ਹਾਂ ਨੇ ਕਦੇ ਵੀ ਸ਼ੁਰੂਆਤ ਕਰਨ ਤੋਂ ਕਦਮ ਪਿੱਛੇ ਨਹੀਂ ਚੁੱਕਿਆ। ਉਨ੍ਹਾਂ ਨੇ ਖੇਤੀਬਾੜੀ ਦੇ ਢੰਗਾਂ ਨੂੰ ਅੱਪਗ੍ਰੇਡ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੇ ਫੂਡ ਪ੍ਰੋਸੈਸਿੰਗ, ਮਿਰਚ ਅਤੇ ਖੀਰੇ ਦੇ ਹਾਈਬ੍ਰਿਡ ਬੀਜ ਉਤਪਾਦਨ, ਸਬਜ਼ੀਆਂ ਦੀ ਨੈੱਟ ਹਾਊਸ ਵਿੱਚ ਖੇਤੀ ਅਤੇ ਗ੍ਰੀਨਹਾਊਸ ਪ੍ਰਬੰਧਨ ਆਦਿ ਲਈ ਵੱਖ-ਵੱਖ ਖੇਤਰਾਂ ਵਿੱਚ ਸਿਖਲਾਈ ਲਈ।

“ਮਾਰਕਟਿੰਗ ਮੁੱਖ ਰੁਕਾਵਟ ਸੀ ਜਿਸ ਦਾ ਮੈਂ ਸਭ ਤੋਂ ਜ਼ਿਆਦਾ ਸਾਹਮਣਾ ਕੀਤਾ ਸੀ, ਕਿਉਂਕਿ ਮੈਂ ਅਣਜਾਣ ਸੀ। ਇਸ ਲਈ ਮੈਨੂੰ ਮੰਡੀਕਰਨ ਤਕਨੀਕਾਂ ਨੂੰ ਸਮਝਣ ਲਈ ਕੁੱਝ ਸਮਾਂ ਲੱਗ ਗਿਆ। 2012 ਵਿੱਚ ਮੈਂ ਸਹੀ ਮੰਡੀਕਰਨ ਤਕਨੀਕਾਂ ਨੂੰ ਅਪਣਾਇਆ ਅਤੇ ਫਿਰ ਸਬਜ਼ੀਆਂ ਨੂੰ ਵੇਚਣਾ ਮੇਰੇ ਲਈ ਆਸਾਨ ਹੋ ਗਿਆ।“

ਕੁਲਵਿੰਦਰ ਸਿੰਘ ਨਾਗਰਾ ਨੇ ਕੁਦਰਤ ਲਈ ਇੱਕ ਹੋਰ ਕਦਮ ਚੁੱਕਿਆ ਉਹ ਸੀ ਪਰਾਲੀ ਸਾੜਨਾ ਬੰਦ ਕਰਨਾ। ਅੱਜ ਪਰਾਲੀ ਨੂੰ ਸਾੜਨਾ ਪ੍ਰਮੁੱਖ ਸਮੱਸਿਆਵਾਂ ਵਿੱਚੋਂ ਇੱਕ ਹੈ, ਜਿਸ ਦਾ ਪੰਜਾਬ ਸਾਹਮਣਾ ਕਰ ਰਿਹਾ ਹੈ ਅਤੇ ਇਹ ਵਿਸ਼ਵ ਪੱਧਰ ਦਾ ਇੱਕ ਵੱਡਾ ਮੁੱਦਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨ ਮਜ਼ਦੂਰੀ ਅਤੇ ਪੈਸੇ ਬਚਾਉਣ ਲਈ ਪਰਾਲੀ ਸਾੜਦੇ ਹਨ, ਪਰ ਕੁਲਵਿੰਦਰ ਸਿੰਘ ਨਾਗਰਾ ਨੇ ਪਰਾਲੀ ਸਾੜਨ ਦੀ ਬਜਾਏ ਇਸ ਦੀ ਮਲਚਿੰਗ ਅਤੇ ਖਾਦ ਲਈ ਵਰਤੋਂ ਕੀਤੀ।

ਕੁਲਵਿੰਦਰ ਸਿੰਘ ਨਾਗਰਾ ਖੇਤੀਬਾੜੀ ਦੇ ਖੇਤਰ ਵਿੱਚ ਅੱਗੇ ਵਧਣ ਲਈ ਹਮੇਸ਼ਾ ਹੈਪੀ ਸੀਡਰ, ਕਿਸਾਨ, ਬੈੱਡ ਪਲਾਂਟਰ, ਹੱਲ਼, ਰੀਪਰ ਅਤੇ ਰੋਟਾਵੇਟਰ ਵਰਗੇ ਆਧੁਨਿਕ ਅਤੇ ਨਵੀਨਤਮ ਵਾਤਾਵਰਨ ਅਨੁਕੂਲ ਉਪਕਰਨਾਂ ਨੂੰ ਪਹਿਲ ਦਿੰਦੇ ਹਨ।

ਵਰਤਮਾਨ ਵਿੱਚ, ਉਹ 3 ਏਕੜ ਵਿੱਚ ਕਣਕ, 2 ਏਕੜ ਵਿੱਚ ਚਾਰੇ ਵਾਲੀਆਂ ਫ਼ਸਲਾਂ, 6 ਏਕੜ ਵਿੱਚ ਸਬਜ਼ੀਆਂ (ਮਿਰਚ, ਸ਼ਿਮਲਾ ਮਿਰਚ, ਖੀਰਾ, ਕੱਦੂ, ਤਰਬੂਜ਼, ਲੌਕੀ, ਬੈਂਗਣ, ਪਿਆਜ਼ ਅਤੇ ਲਸਣ) ਅਤੇ 1 ਏਕੜ ਵਿੱਚ ਮਟਰ, ਆਂਵਲਾ ਅਤੇ ਕਿੰਨੂ ਦੀ ਖੇਤੀ ਕਰਦੇ ਹਨ। ਉਹ ਆਪਣੇ ਖੇਤ ਵਿੱਚ ਪਾਣੀ ਦੀ ਸਹੀ ਵਰਤੋਂ ਕਰਨ ਲਈ ਡ੍ਰਿਪ ਸਿੰਚਾਈ ਦੀ ਵਰਤੋਂ ਕਰਦੇ ਹਨ।

ਉਹ ਆਪਣੀਆਂ ਖੇਤੀਬਾੜੀ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਡੇਅਰੀ ਫਾਰਮਿੰਗ ਵੀ ਕਰ ਰਹੇ ਹਨ। ਉਨ੍ਹਾਂ ਕੋਲ ਉਨ੍ਹਾਂ ਦੇ ਵਾੜੇ ਵਿੱਚ 12 ਪਸ਼ੂ ਹਨ, ਜਿਨ੍ਹਾਂ ਵਿੱਚ ਮੁਰ੍ਹਾ ਮੱਝ, ਨੀਲੀ ਰਾਵੀ ਅਤੇ ਸਾਹੀਵਾਲ ਸ਼ਾਮਲ ਹਨ। ਇਨ੍ਹਾਂ ਦਾ ਦੁੱਧ ਦਾ ਉਤਪਾਦਨ ਪ੍ਰਤੀ ਦਿਨ 90 ਤੋਂ 100 ਕਿੱਲੋ ਹੁੰਦਾ ਹੈ, ਜਿਸ ਵਿੱਚੋਂ ਉਹ ਮਾਰਕੀਟ ਵਿੱਚ 70-75 ਕਿੱਲੋ ਦੁੱਧ ਵੇਚਦੇ ਹਨ ਅਤੇ ਬਾਕੀ ਦੀ ਵਰਤੋਂ ਘਰ ਵਿੱਚ ਕਰਦੇ ਹਨ। ਹੁਣ, ਮੰਡੀਕਰਨ ਇੱਕ ਵੱਡੀ ਸਮੱਸਿਆ ਨਹੀਂ ਹੈ, ਉਹ ਸੰਗਰੂਰ, ਸੁਨਾਮ ਅਤੇ ਸਮਾਣਾ ਦੇ ਬਾਜ਼ਾਰ ਵਿੱਚ ਸਾਰੀਆਂ ਜੈਵਿਕ ਸਬਜ਼ੀਆਂ ਵੇਚਦੇ ਹਨ। ਵਪਾਰੀ ਫਲ ਖਰੀਦਣ ਲਈ ਉਨ੍ਹਾਂ ਦੇ ਫਾਰਮ ‘ਤੇ ਆਉਂਦੇ ਹਨ ਅਤੇ ਇਸ ਤਰ੍ਹਾਂ ਉਹ ਆਪਣੇ ਖੇਤੀ ਉਤਪਾਦਾਂ ਦੀ ਸਹੀ ਕੀਮਤ ਕਮਾ ਰਹੇ ਹਨ।

ਉਹ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਸ਼੍ਰੇਅ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਆਪਣੇ ਪਰਿਵਾਰ ਨੂੰ ਦਿੰਦੇ ਹਨ। ਅੱਜ, ਉਹ ਇੱਕ ਅਜਿਹੇ ਵਿਅਕਤੀ ਹਨ ਜੋ ਦੂਸਰਿਆਂ ਨੂੰ ਆਪਣੀ ਕੁਦਰਤੀ ਸਬਜ਼ੀਆਂ ਦੀ ਖੇਤੀ ਦੇ ਹੁਨਰ ਨਾਲ ਪ੍ਰੇਰਿਤ ਕਰਦੇ ਹਨ ਅਤੇ ਉਨ੍ਹਾਂ ਨੂੰ ਇਸ ਦਾ ਮਾਣ ਹੈ। ਸਬਜ਼ੀਆਂ ਦੀ ਕੁਦਰਤੀ ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਕੰਮ ਲਈ, ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਪ੍ਰਸ਼ੰਸਾ ਵੀ ਮਿਲੀ ਅਤੇ ਉਨ੍ਹਾਂ ਵਿੱਚੋਂ ਕੁੱਝ ਹਨ …

• 19 ਫਰਵਰੀ 2015 ਨੂੰ ਸੂਰਤਗੜ੍ਹ (ਰਾਜਸਥਾਨ) ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਅਗਾਂਹਵਧੂ ਕਿਸਾਨ ਦਾ ਕ੍ਰਿਸ਼ੀ ਕਰਮਣ ਪੁਰਸਕਾਰ ਹਾਸਲ ਕੀਤਾ।

• ਸੰਗਰੂਰ ਦੇ ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਰਾਹੁਲ ਦੁਆਰਾ ਬਲਾੱਕ ਲੈਵਲ ਪੁਰਸਕਾਰ ਹਾਸਲ ਕੀਤਾ।

• ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਪੁਰਸਕਾਰ ਹਾਸਲ ਕੀਤਾ।

• ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਤੋਂ ਪੁਰਸਕਾਰ ਹਾਸਲ ਕੀਤਾ।

• ਸਭ ਤੋਂ ਵਧੀਆ ਸਬਜ਼ੀ ਦੀ ਕਿਸਮ ਦੀ ਖੇਤੀ ਵਿੱਚ ਕਈ ਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।

ਇਹ ਪੁਰਸਕਾਰ ਉਨ੍ਹਾਂ ਦੀਆਂ ਉਪਲੱਬਧੀਆਂ ਦੱਸਣ ਲਈ ਕੁੱਝ ਕੁ ਹੀ ਹਨ। ਖੇਤੀ ਸਮਾਜ ਵਿੱਚ ਉਨ੍ਹਾਂ ਨੂੰ ਮੁੱਖ ਤੌਰ ‘ਤੇ ਉਨ੍ਹਾਂ ਦੇ ਕੰਮ ਲਈ ਜਾਣਿਆ ਜਾਂਦਾ ਹੈ।

ਉਹ ਖੇਤੀਬਾੜੀ ਦੇ ਖੇਤਰ ਵਿੱਚ ਮਾਰਗਦਰਸ਼ਨ ਕਰਨ ਲਈ ਅਕਸਰ ਆਪਣੇ ਫਾਰਮ ਹਾਊਸ ‘ਤੇ ਪੀ.ਏ.ਯੂ. ਅਤੇ ਕੇ.ਵੀ.ਕੇ. ਮਾਹਿਰਾਂ ਨੂੰ ਸੱਦਾ ਦਿੰਦੇ ਹਨ ਕਿ ਉਹ ਖੇਤੀਬਾੜੀ ਸੰਬੰਧੀ ਜਾਣਕਾਰੀ ਸਾਂਝੀ ਕਰਨ, ਨਾਲ ਹੀ ਕਿਸਾਨਾਂ ਨਾਲ ਗੱਲਬਾਤ ਕਰਨ ਤਾਂ ਕਿ ਕਿਸਾਨ ਇੱਕ-ਦੂਜੇ ਤੋਂ ਸਿੱਖ ਸਕਣ। ਉਨ੍ਹਾਂ ਨੇ ਵਰਮੀਕੰਪੋਸਟ ਪਲਾਂਟ ਵੀ ਸਥਾਪਿਤ ਕੀਤਾ, ਉਹ ਅੰਤਰ-ਫ਼ਸਲੀ ਅਤੇ ਲੋਅ-ਟੱਨਲ ਤਕਨੀਕ ਅਪਣਾਉਂਦੇ ਅਤੇ ਮੱਖੀ ਪਾਲਣ ਕਰਦੇ ਹਨ। ਕੁੱਝ ਖੇਤਰਾਂ ਵਿੱਚ ਕਣਕ ਦੀ ਬਿਜਾਈ ਬੈੱਡ ‘ਤੇ ਕਰਦੇ ਹਨ। ਨੋ-ਟਿਲ ਡ੍ਰਿਲ ਹੈਪੀ ਸੀਡਰ ਦੀ ਵਰਤੋਂ ਕਰਕੇ ਕਣਕ ਦੀ ਖੇਤੀ ਕਰਦੇ ਹਨ, ਝੋਨੇ ਲਾਉਣ ਤੋਂ ਪਹਿਲਾਂ ਲੇਜ਼ਰ ਲੈਵਲਿੰਗ ਨਾਲ ਜ਼ਮੀਨ ਸਮਤਲ ਕਰਦੇ ਹਨ, ਮਸ਼ੀਨੀਕਰਨ ਰੋਪਣ ਕਰਦੇ ਹਨ ਅਤੇ ਏਕੀਕ੍ਰਿਤ ਕੀਟ ਪ੍ਰਬੰਧਨ ਅਤੇ ਏਕੀਕ੍ਰਿਤ ਨਿਮਾਟੋਡ ਪ੍ਰਬੰਧਨ ਕਰਦੇ ਹਨ।

ਖੇਤੀਬਾੜੀ ਤਕਨਾਲੋਜੀ ਅਪਨਾਉਣ ਦੇ ਪ੍ਰਭਾਵ:

ਵਿਭਿੰਨ ਖੇਤੀਬਾੜੀ ਤਕਨੀਕਾਂ ਨੂੰ ਲਾਗੂ ਕਰਨ ਤੋਂ ਬਾਅਦ ਉਨ੍ਹਾਂ ਦੇ ਕਣਕ ਉਤਪਾਦਨ ਨੇ ਦੇਸ਼ ਭਰ ਵਿੱਚ ਸਭ ਤੋਂ ਵੱਧ ਕਣਕ ਪੈਦਾ ਕਰਨ ਦਾ ਰਿਕਾਰਡ ਬਣਾਇਆ ਹੈ ਜੋ ਕੁਦਰਤੀ ਖੇਤੀ ਦੇ ਤਰੀਕਿਆਂ ਨੂੰ 2014 ਵਿੱਚ ਪ੍ਰਤੀ ਹੈਕਟੇਅਰ 6456 ਕਿੱਲੋ ਸੀ ਅਤੇ ਇਸ ਉਪਲੱਬਧੀ ਲਈ ਉਨ੍ਹਾਂ ਨੂੰ ਕ੍ਰਿਸ਼ੀ ਕਰਮਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਨੇੜੇ ਰਹਿਣ ਵਾਲੇ ਕਿਸਾਨ ਲਈ ਉਹ ਪ੍ਰੇਰਕ ਹਨ ਅਤੇ ਵਾਤਾਵਰਨ ਪੱਖੀ ਤਕਨੀਕਾਂ ਨੂੰ ਅਪਣਾਉਣ ਲਈ ਕਿਸਾਨ ਅਕਸਰ ਉਨ੍ਹਾਂ ਦੀ ਸਲਾਹ ਲੈਂਦੇ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ ਕੁਲਵਿੰਦਰ ਸਿੰਘ ਨਾਗਰਾ ਸਬਜ਼ੀਆਂ ਨੂੰ ਵਿਦੇਸ਼ਾਂ ਵਿੱਚ ਭੇਜਣ ਦੀ ਯੋਜਨਾ ਬਣਾ ਰਹੇ ਹਨ।
ਸੰਦੇਸ਼
“ਜੋ ਕਿਸਾਨ ਆਪਣੇ ਕਾਰਜ ਅਤੇ ਜ਼ਿੰਮੇਵਾਰੀਆਂ ਦੇ ਬੋਝ ਤੋਂ ਰਾਹਤ ਪ੍ਰਾਪਤ ਕਰਨ ਲਈ ਆਤਮ ਹੱਤਿਆ ਦੇ ਰਾਹ ਨੂੰ ਚੁਣਦੇ ਹਨ, ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ। ਪਰਮਾਤਮਾ ਨੇ ਸਾਡੇ ਜੀਵਨ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਬਹੁਤ ਸਾਰੇ ਮੌਕੇ ਅਤੇ ਯੋਗਤਾ ਦਿੱਤੀ ਹੈ ਅਤੇ ਸਾਨੂੰ ਇਸ ਮੌਕੇ ਨੂੰ ਕਦੇ ਵੀ ਛੱਡਣਾ ਨਹੀਂ ਚਾਹੀਦਾ।”

ਵਿਪਿਨ ਯਾਦਵ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਅਤੇ ਇੱਕ ਕੰਪਿਊਟਰ ਇੰਜੀਨੀਅਰ ਵਿਪਿਨ ਯਾਦਵ ਦੀ ਕਹਾਣੀ, ਜਿਸ ਨੇ ਕ੍ਰਾਂਤੀ ਲਿਆਉਣ ਲਈ ਰਵਾਇਤੀ ਖੇਤੀ ਦੇ ਤਰੀਕੇ ਨੂੰ ਛੱਡ ਕੇ ਹਾਈਡ੍ਰੋਪੋਨਿਕ ਖੇਤੀ ਨੂੰ ਚੁਣਿਆ

ਅੱਜ ਦਾ ਯੁੱਗ ਅਜਿਹਾ ਯੁੱਗ ਹੈ ਜਿੱਥੇ ਕਿਸਾਨਾਂ ਕੋਲ ਉਪਜਾਊ ਜ਼ਮੀਨ ਜਾਂ ਜ਼ਮੀਨ ਹੀ ਨਹੀਂ ਹੈ, ਫਿਰ ਵੀ ਉਹ ਖੇਤੀ ਕਰ ਸਕਦੇ ਹਨ ਅਤੇ ਇਸ ਲਈ ਭਾਰਤੀ ਕਿਸਾਨਾਂ ਨੂੰ ਆਪਣੀ ਪਹਿਲ ਨੂੰ ਮੁੜ ਲਾਗੂ ਕਰਨਾ ਪਵੇਗਾ ਅਤੇ ਰਵਾਇਤੀ ਖੇਤੀ ਨੂੰ ਛੱਡਣਾ ਪਵੇਗਾ।

ਤਕਨਾਲੋਜੀ ਨੇ ਖੇਤੀਬਾੜੀ ਨੂੰ ਆਧੁਨਿਕ ਪੱਧਰ ‘ਤੇ ਲਿਆਂਦਾ ਹੈ ਤਾਂ ਜੋ ਕੀੜੇ ਜਾਂ ਬੀਮਾਰੀ ਵਰਗੀਆਂ ਰੁਕਾਵਟਾਂ ਫ਼ਸਲਾਂ ਦੀ ਪੈਦਾਵਾਰ ‘ਤੇ ਅਸਰ ਨਾ ਕਰ ਸਕਣ ਅਤੇ ਇਹ ਖੇਤੀਬਾੜੀ ਖੇਤਰ ਵਿੱਚ ਸਕਾਰਾਤਮਕ ਵਿਕਾਸ ਹੈ। ਕਿਸਾਨ ਨੂੰ ਤਰੱਕੀ ਤੋਂ ਦੂਰ ਰੱਖਣ ਵਾਲੀ ਇੱਕੋ ਚੀਜ਼ ਹੈ ਅਤੇ ਉਹ ਹੈ ਉਨ੍ਹਾਂ ਦਾ ਡਰ -” ਤਕਨਾਲੋਜੀ ਵਿੱਚ ਨਿਵੇਸ਼ ਗੁਆਉਣ ਦਾ ਡਰ ਅਤੇ ਜੇ ਇਹ ਕੰਮ ਵਿੱਚ ਕਾਮਯਾਬੀ ਨਹੀਂ ਮਿਲੀ ਅਤੇ ਵੱਡੇ ਘਾਟੇ ਦਾ ਡਰ।”

ਪਰ ਇਸ 20 ਸਾਲ ਦੇ ਕਿਸਾਨ ਨੇ ਖੇਤੀਬਾੜੀ ਦੇ ਖੇਤਰ ਵਿੱਚ ਤਰੱਕੀ ਲਈ ਸਮੇਂ ਦੀ ਮੰਗ ਨੂੰ ਸਮਝਿਆ ਅਤੇ ਹੁਣ ਰਵਾਇਤੀ ਖੇਤੀ ਤੋਂ ਅਲੱਗ ਕੁੱਝ ਹੋਰ ਕਰ ਰਿਹਾ ਹੈ।

ਹਾਈਡ੍ਰੋਪੋਨਿਕਸ ਵਿਧੀ ਖੇਤੀਬਾੜੀ ਦੀ ਚੰਗੀ ਵਿਧੀ ਹੈ ਕਿਉਂਕਿ ਇਸ ਵਿੱਚ ਕੋਈ ਵੀ ਬੀਮਾਰੀ ਪੌਦਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ, ਕਿਉਂਕਿ ਇਸ ਵਿਧੀ ਵਿੱਚ ਮਿੱਟੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਤੋਂ ਇਲਾਵਾ, ਅਸੀਂ ਪੌਲੀਹਾਊਸ ਵਿੱਚ ਪੌਦੇ ਤਿਆਰ ਕਰਦੇ ਹਾਂ, ਇਸ ਲਈ ਕੋਈ ਵੀ ਵਾਤਾਵਰਨ ਦੀ ਬਿਮਾਰੀ ਵੀ ਪੌਦਿਆਂ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰ ਸਕਦੀ। ਮੈਂ ਖੇਤੀ ਦੀ ਇਸ ਵਿਧੀ ਨਾਲ ਖੁਸ਼ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਦੂਜੇ ਕਿਸਾਨ ਵੀ ਹਾਈਡ੍ਰੋਪੋਨਿਕ ਤਕਨੀਕ ਅਪਨਾਉਣ। – ਵਿਪਿਨ ਯਾਦਵ

ਕੰਪਿਊਟਰ ਸਾਇੰਸ ਵਿੱਚ ਆਪਣੀ ਇੰਜੀਨੀਅਰਿੰਗ ਡਿਗਰੀ ਪੂਰੀ ਕਰਨ ਤੋਂ ਬਾਅਦ ਨੌਕਰੀ ‘ਤੇ ਤਨਖਾਹ ਤੋਂ ਅਸੰਤੁਸ਼ਟੀ ਕਾਰਨ ਵਿਪਿਨ ਨੇ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਨਿਸ਼ਚਿਤ ਤੌਰ ‘ਤੇ ਆਪਣੇ ਪਿਤਾ ਵਾਂਗ ਨਹੀਂ, ਜੋ ਪਰੰਪਰਾਗਤ ਖੇਤੀ ਤਰੀਕਿਆਂ ਨਾਲ ਖੇਤੀ ਕਰ ਰਹੇ ਸਨ।

ਇੱਕ ਜ਼ਿੰਮੇਵਾਰ ਅਤੇ ਜਾਗਰੂਕ ਨੌਜਵਾਨ ਵਾਂਗ, ਉਸ ਨੇ Agriculture Skill Council of India, ਗੁਰੂਗ੍ਰਾਮ ਤੋਂ ਆੱਨਲਾਈਨ ਟ੍ਰੇਨਿੰਗ ਲਈ। ਸ਼ੁਰੂਆਤੀ ਆੱਨਲਾਈਨ ਯੋਗਤਾ ਟੈੱਸਟ ਪਾਸ ਕਰਨ ਤੋਂ ਬਾਅਦ ਉਹ ਗੁਰੂਗ੍ਰਾਮ ਦੇ ਮੁੱਖ ਸਿਖਲਾਈ ਕੇਂਦਰ ਵਿੱਚ ਗਏ। 20 ਉਮੀਦਵਾਰਾਂ ਵਿੱਚੋਂ ਸਿਰਫ਼ 16 ਹੀ ਹਾਈਡ੍ਰੌਪੋਨਿਕਸ ਦੀ ਪ੍ਰੈਕਟੀਕਲ ਸਿਖਲਾਈ ਹਾਸਲ ਕਰਨ ਲਈ ਪਾਸ ਹੋਏ ਅਤੇ ਵਿਪਿਨ ਯਾਦਵ ਵੀ ਉਹਨਾਂ ਵਿੱਚੋਂ ਇੱਕ ਸੀ। ਉਸਨੇ ਆਪਣੇ ਹੁਨਰ ਨੂੰ ਹੋਰ ਸੁਧਾਰਨ ਲਈ ਕੇ.ਵੀ.ਕੇ ਸ਼ਿਕੋਹਪੁਰ ਤੋਂ ਵੀ ਸੁਰੱਖਿਅਤ ਖੇਤੀ ਦੀ ਸਿਖਲਾਈ ਲਈ।

“2015 ਵਿੱਚ, ਮੈਂ ਆਪਣੇ ਪਿਤਾ ਨੂੰ ਮਿੱਟੀ-ਰਹਿਤ ਖੇਤੀ ਦੀ ਨਵੀਂ ਤਕਨੀਕ ਬਾਰੇ ਦੱਸਿਆ, ਜਦਕਿ ਖੇਤੀ ਲਈ ਮਿੱਟੀ ਹੀ ਇੱਕੋ-ਇੱਕ ਅਧਾਰ ਸੀ। – ਵਿਪਿਨ ਯਾਦਵ

ਸਿਖਲਾਈ ਦੌਰਾਨ ਉਸ ਨੇ ਜੋ ਸਿੱਖਿਆ ਉਸਨੂੰ ਲਾਗੂ ਕਰਨ ਲਈ ਉਸ ਨੇ 5000 ਤੋਂ 7000 ਰੁਪਏ ਦਾ ਨਿਵੇਸ਼ ਨਾਲ ਸਿਰਫ਼ ਦੋ ਮੁੱਖ ਕਿਸਮਾਂ ਦੇ ਛੋਟੇ ਪੌਦਿਆਂ ਵਾਲੀਆਂ ਕੇਵਲ 50 ਟ੍ਰੇਆਂ ਨਾਲ ਸ਼ੁਰੂਆਤ ਕੀਤੀ।

“ਮੈਂ ਹਾਰਡਨਿੰਗ ਯੂਨਿਟ ਲਈ 800 ਵਰਗ ਫੁੱਟ ਖੇਤਰ ਨਿਰਧਾਰਿਤ ਕੀਤਾ ਅਤੇ 1000 ਵਰਗ ਫੁੱਟ ਪੌਦੇ ਤਿਆਰ ਕਰਨ ਲਈ ਗੁਰੂਗ੍ਰਾਮ ਵਿੱਚ ਕਿਰਾਏ ‘ਤੇ ਜਗ੍ਹਾ ਲਈ ਅਤੇ ਇਸ ਵਿੱਚ ਪੋਲੀਹਾਊਸ ਵੀ ਬਣਾਇਆ। -ਵਿਪਿਨ ਯਾਦਵ

ਹਾਈਡ੍ਰੋਪੋਨਿਕਸ ਦੀਆਂ 50 ਟ੍ਰੇਆਂ ਦੇ ਪ੍ਰਯੋਗ ਤੋਂ ਉਸ ਨੂੰ ਵੱਡੀ ਸਫ਼ਲਤਾ ਮਿਲੀ, ਜਿਸ ਨੇ ਵੱਡੇ ਪੱਧਰ ‘ਤੇ ਇਸ ਵਿਧੀ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਹਾਈਡ੍ਰੋਪੋਨਿਕ ਖੇਤੀ ਸ਼ੁਰੂ ਕਰਨ ਲਈ ਉਸ ਨੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਸਹਾਇਤਾ ਨਾਲ ਅਗਲਾ ਵੱਡਾ ਨਿਵੇਸ਼ 250000 ਰੁਪਏ ਦਾ ਕੀਤਾ।

“ਇਸ ਸਮੇਂ, ਮੈਂ ਆਰਡਰ ਮੁਤਾਬਿਕ 250000 ਜਾਂ ਵੱਧ ਪੌਦੇ ਤਿਆਰ ਕਰ ਸਕਦਾ ਹਾਂ।”

ਗਰਮ ਮੌਸਮੀ ਹਾਲਤਾਂ ਦੇ ਕਾਰਨ ਅਪ੍ਰੈਲ ਤੋਂ ਅੱਧ ਜੁਲਾਈ ਤੱਕ ਹਾਈਡ੍ਰੋਪੋਨਿਕ ਖੇਤੀ ਨਹੀਂ ਕੀਤੀ ਜਾਂਦੀ, ਪਰ ਇਸ ਵਿੱਚ ਹੋਣ ਵਾਲਾ ਮੁਨਾਫ਼ਾ ਇਸ ਅੰਤਰਾਲ ਦੀ ਪੂਰਤੀ ਲਈ ਕਾਫੀ ਹੈ। ਵਿਪਿਨ ਯਾਦਵ ਆਪਣੇ ਹਾਈਡ੍ਰੋਪੋਨਿਕ ਫਾਰਮ ਵਿੱਚ ਹਰ ਤਰ੍ਹਾਂ ਦੀਆਂ ਫ਼ਸਲਾਂ ਉਗਾਉਂਦੇ ਹਨ – ਅਨਾਜ, ਤੇਲ ਬੀਜ ਫ਼ਸਲਾਂ, ਸਬਜ਼ੀਆਂ ਅਤੇ ਫੁੱਲ। ਖੇਤੀ ਨੂੰ ਆਸਾਨ ਬਣਾਉਣ ਲਈ ਸਪਰਿੰਕਲਰ ਅਤੇ ਫੌਗਰ ਵਰਗੀ ਮਸ਼ੀਨਰੀ ਵਰਤੀ ਜਾਂਦੀ ਹੈ। ਉਸ ਦੇ ਫੁੱਲਾਂ ਦੀ ਕੁਆਲਿਟੀ ਚੰਗੀ ਹੈ ਅਤੇ ਇਨ੍ਹਾਂ ਦੀ ਪੈਦਾਵਾਰ ਵੀ ਕਾਫੀ ਹੈ, ਜਿਸ ਕਾਰਨ ਇਹ ਰਾਸ਼ਟਰਪਤੀ ਸਕੱਤਰੇਤ ਨੂੰ ਵੀ ਭੇਜੇ ਗਏ ਹਨ।

ਮਿੱਟੀ ਰਹਿਤ ਖੇਤੀ ਲਈ, ਉਹ 3:1:1 ਦੇ ਅਨੁਪਾਤ ਵਿੱਚ ਤਿੰਨ ਚੀਜ਼ਾਂ ਦੀ ਵਰਤੋਂ ਕਰਦਾ ਹੈ: ਕੋਕੋ ਪੀਟ, ਪਰਲਾਈਟ ਅਤੇ ਵਰਮੀਕੁਲਾਈਟ। 35-40 ਦਿਨਾਂ ਵਿੱਚ ਪੌਦੇ ਤਿਆਰ ਹੋ ਜਾਂਦੇ ਹਨ ਅਤੇ ਫਿਰ ਇਨ੍ਹਾਂ ਨੂੰ 1 ਹਫ਼ਤੇ ਲਈ ਹਾਰਡਨਿੰਗ ਯੂਨਿਟ ਵਿੱਚ ਰੱਖਿਆ ਜਾਂਦਾ ਹੈ। NPK, ਜ਼ਿੰਕ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਪੌਦਿਆਂ ਨੂੰ ਪਾਣੀ ਦੇ ਜ਼ਰੀਏ ਦਿੱਤੇ ਜਾਂਦੇ ਹਨ। ਹਾਈਡ੍ਰੋਪੋਨਿਕਸ ਵਿੱਚ ਕੀੜੇਮਾਰ ਦਵਾਈਆਂ ਦੀ ਕੋਈ ਵਰਤੋਂ ਨਹੀਂ ਕਿਉਂਕਿ ਖੇਤੀ ਲਈ ਮਿੱਟੀ ਦੀ ਵਰਤੋਂ ਨਹੀਂ ਕੀਤੀ ਜਾਂਦੀ, ਇਸ ਤੋਂ ਇਲਾਵਾ, ਵਰਮੀ ਕੰਪੋਸਟ ਵਰਤੀ ਜਾਂਦੀ ਹੈ, ਜੋ ਆਸਾਨੀ ਨਾਲ ਘਰ ਵਿੱਚ ਤਿਆਰ ਕੀਤੀ ਜਾ ਸਕਦੀ ਹੈ।

ਭਵਿੱਖ ਦੀ ਯੋਜਨਾ:
ਮੇਰੀ ਭਵਿੱਖ ਦੀ ਯੋਜਨਾ ਹੈ ਕਿ ਕੈਕਟਸ, ਚਿਕਿਤਸਕ ਅਤੇ ਸਜਾਵਟੀ ਪੌਦਿਆਂ ਦੀਆਂ ਹੋਰ ਕਿਸਮਾਂ ਹਾਈਡ੍ਰੋਪੋਨਿਕ ਫਾਰਮ ਵਿੱਚ ਬਿਹਤਰ ਆਮਦਨੀ ਲਈ ਤਿਆਰ ਉਗਾਈਆਂ ਜਾਣ। 

ਵਿਪਿਨ ਯਾਦਵ ਇੱਕ ਉਦਾਹਰਨ ਹੈ ਕਿ ਕਿਵੇਂ ਭਾਰਤ ਦੇ ਨੌਜਵਾਨ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਖੇਤੀਬਾੜੀ ਦੇ ਭਵਿੱਖ ਨੂੰ ਬਚਾ ਰਹੇ ਹਨ।

ਸੰਦੇਸ਼
“ਖੇਤੀਬਾੜੀ ਦੇ ਖੇਤਰ ਵਿੱਚ ਕੁੱਝ ਵੀ ਨਵਾਂ ਸ਼ੁਰੂ ਕਰਨ ਤੋਂ ਪਹਿਲਾਂ, ਕਿਸਾਨਾਂ ਨੂੰ ਆਪਣੇ ਹੁਨਰ ਨੂੰ ਵਧਾਉਣ ਲਈ ਕੇ.ਵੀ.ਕੇ. ਤੋਂ ਸਿਖਲਾਈ ਲੈਣੀ ਚਾਹੀਦੀ ਹੈ ਅਤੇ ਆਪਣੇ ਆਪ ਸਿੱਖਿਅਤ ਬਣਾਉਣਾ ਚਾਹੀਦਾ ਹੈ।”
ਦੇਸ਼ ਨੂੰ ਬਿਹਤਰ ਆਰਥਿਕ ਵਿਕਾਸ ਲਈ ਖੇਤੀਬਾੜੀ ਦੇ ਖੇਤਰ ਵਿੱਚ ਉੱਦਮ ਕਰਨ ਵਾਲੇ ਹੋਰ ਨੌਜਵਾਨਾਂ ਅਤੇ ਰਚਨਾਤਮਕ ਦਿਮਾਗ਼ ਦੀ ਲੋੜ ਹੈ ਅਤੇ ਜੇਕਰ ਅਸੀਂ ਵਿਪਿਨ ਯਾਦਵ ਵਰਗੇ ਨੌਜਵਾਨ ਲੋਕਾਂ ਨੂੰ ਮਿਲਣਾ ਜਾਰੀ ਰੱਖਦੇ ਹਾਂ ਤਾਂ ਇਹ ਭਵਿੱਖ ਲਈ ਇੱਕ ਸਕਾਰਾਤਮਕ ਸੰਕੇਤ ਹੈ।

ਮਨੀ ਕਲੇਰ

ਪੂਰੀ ਕਹਾਣੀ ਪੜ੍ਹੋ

ਕਿਵੇਂ ਫੁੱਲਾਂ ਦੀ ਖਿਲਰ ਰਹੀ ਖੁਸ਼ਬੂ ਨੇ ਪੰਜਾਬ ਵਿੱਚ ਸੰਭਾਵਿਤ ਫੁੱਲਾਂ ਦੀ ਖੇਤੀ ਦੇ ਇੱਕ ਨਵੇਂ ਕੇਂਦਰ ਦੀ ਸਥਾਪਨਾ ਕੀਤੀ

ਫੁੱਲਾਂ ਦੀ ਖੇਤੀ ਵਿੱਚ ਨਿਵੇਸ਼ ਕਰਨਾ ਤਰੱਕੀ ਲਈ ਇੱਕ ਚੰਗਾ ਵਿਕਲਪ ਹੈ, ਜਿਸ ਵਿੱਚ ਕਿਸਾਨ ਵੱਧ ਦਿਲਚਸਪੀ ਲੈ ਰਹੇ ਹਨ। ਫੁੱਲਾਂ ਦੀ ਖੇਤੀ ਦੇ ਕਈ ਸਫ਼ਲ ਕਿਸਾਨ, ਜੋ ਗਲੈਡੀਓਲਸ, ਗੁਲਾਬ, ਗੇਂਦੇ ਅਤੇ ਕਈ ਹੋਰ ਫੁੱਲਾਂ ਦੀ ਖੁਸ਼ਬੂ ਫੈਲਾ ਰਹੇ ਹਨ ਅਤੇ ਪੰਜਾਬ ਵਿੱਚ ਸੰਭਾਵਿਤ ਫੁੱਲਾਂ ਦੀ ਖੇਤੀ ਦੇ ਇੱਕ ਨਵੇਂ ਕੇਂਦਰ ਦਾ ਨਿਰਮਾਣ ਕਰ ਰਹੇ ਹਨ। ਇੱਕ ਕਿਸਾਨ ਜੋ ਫੁੱਲਾਂ ਅਤੇ ਸਬਜ਼ੀਆਂ ਦੇ ਵਪਾਰ ਤੋਂ ਅਧਿਕ ਲਾਭ ਕਮਾ ਰਿਹਾ ਹੈ, ਉਹ ਹਨ – ਮਨੀ ਕਲੇਰ।

ਹੋਰ ਜ਼ਿਮੀਂਦਾਰਾਂ ਦੀ ਤਰ੍ਹਾਂ, ਕਲੇਰ ਪਰਿਵਾਰ ਆਪਣੀ ਜ਼ਮੀਨ ਹੋਰਨਾਂ ਕਿਸਾਨਾਂ ਕੋਲ ਕਿਰਾਏ ‘ਤੇ ਦਿੰਦੇ ਸਨ ਅਤੇ ਜ਼ਮੀਨ ਦੇ ਇੱਕ ਛੋਟੇ ਟੁਕੜੇ ‘ਤੇ ਉਹ ਘਰੇਲੂ ਵਰਤੋਂ ਲਈ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਹਨ। ਪਰ ਜਦੋਂ ਮਨੀ ਕਲੇਰ ਜੀ ਨੇ ਆਪਣੀ ਸਿੱਖਿਆ ਪੂਰੀ ਕੀਤੀ, ਤਾਂ ਉਨ੍ਹਾਂ ਨੇ ਬਾਗਬਾਨੀ ਦੇ ਧੰਦੇ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਮਨੀ ਨੇ ਕਿਰਾਏ ‘ਤੇ ਦਿੱਤਾ ਜ਼ਮੀਨ ਦਾ ਅੱਧਾ ਹਿੱਸਾ(20 ਏਕੜ) ਵਾਪਸ ਲੈ ਲਿਆ ਅਤੇ ਉਸ ‘ਤੇ ਖੇਤੀ ਕਰਨੀ ਸ਼ੁਰੂ ਕੀਤੀ।

ਕੁੱਝ ਸਮੇਂ ਬਾਅਦ, ਇੱਕ ਰਿਸ਼ਤੇਦਾਰ ਦੀ ਸਹਾਇਤਾ ਨਾਲ ਮਨੀ ਨੂੰ RTS Flower ਦੇ ਵਪਾਰ ਬਾਰੇ ਪਤਾ ਲੱਗਾ, ਜੋ ਕਿ ਗੁਰਵਿੰਦਰ ਸਿੰਘ ਸੋਹੀ ਦੁਆਰਾ ਸਫ਼ਲਤਾਪੂਰਵਕ ਚਲਾਇਆ ਜਾਂਦਾ ਹੈ। ਇਸ ਲਈ RTS Flower ਦੇ ਮਾਲਕ ਤੋਂ ਪ੍ਰੇਰਿਤ ਹੋਣ ਤੋਂ ਬਾਅਦ ਮਨੀ ਨੇ ਵੀ ਆਖਰ ਆਪਣਾ ਫੁੱਲਾਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਅਤੇ ਪੇਟੂਨੀਆ, ਬਾਰਬਿਨਾ ਅਤੇ ਮੇਸਟੇਸਿਅਮ ਆਦਿ ਜਿਹੇ ਪੰਜ ਤੋਂ ਛੇ ਪ੍ਰਕਾਰ ਦੇ ਫੁੱਲ ਉਗਾਉਣੇ ਸ਼ੁਰੂ ਕੀਤੇ।

ਸ਼ੁਰੂਆਤ ਵਿੱਚ ਉਨ੍ਹਾਂ ਨੇ ਕਾਂਟ੍ਰੈਕਟ ਫਾਰਮਿੰਗ ਵਿੱਚ ਵੀ ਕੋਸ਼ਿਸ਼ ਕੀਤੀ, ਪਰ ਕਾਂਟ੍ਰੈਕਟਡ ਕੰਪਨੀ ਦੇ ਨਾਲ ਇੱਕ ਬੁਰੇ ਤਜ਼ਰਬੇ ਤੋਂ ਬਾਅਦ ਉਨ੍ਹਾਂ ਨੇ ਅਲੱਗ ਹੋਣ ਦਾ ਫੈਸਲਾ ਕੀਤਾ।

ਫੁੱਲਾਂ ਦੀ ਖੇਤੀ ਦੇ ਦੂਸਰੇ ਸਾਲ ਵਿੱਚ ਉਨ੍ਹਾਂ ਨੇ ਗੁਰਵਿੰਦਰ ਸਿੰਘ ਸੋਹੀ ਤੋਂ 1 ਲੱਖ ਦੇ ਬੀਜ ਖਰੀਦੇ। ਉਨ੍ਹਾਂ ਨੇ 2 ਕਨਾਲ ਵਿੱਚ ਗਲੈਡੀਓਲਸ ਦੀ ਖੇਤੀ ਸ਼ੁਰੂ ਕੀਤੀ ਅਤੇ ਅੱਜ 2 ਸਾਲ ਬਾਅਦ ਉਨ੍ਹਾਂ ਨੇ 5 ਏਕੜ ਵਿੱਚ ਫਾਰਮ ਵਧਾ ਲਿਆ ਹੈ।

ਇਸ ਸਮੇਂ ਉਹ 20 ਏਕੜ ਜ਼ਮੀਨ ‘ਤੇ ਖੇਤੀ ਕਰ ਰਹੇ ਹਨ, ਜਿਸ ਵਿੱਚੋਂ ਉਹ 4 ਏਕੜ ਸਬਜ਼ੀਆਂ ਦੀ ਲੋਅ-ਟੱਨਲ ਫਾਰਮਿੰਗ ਲਈ ਵਰਤਦੇ ਹਨ। ਇਸ ਵਿੱਚ ਉਹ ਕਰੇਲਾ, ਕੱਦੂ, ਬੈਂਗਣ, ਖੀਰਾ, ਖਰਬੂਜ਼ਾ, ਲਸਣ(1/2 ਏਕੜ) ਅਤੇ ਪਿਆਜ਼(1/2 ਏਕੜ) ਉਗਾਉਂਦੇ ਹਨ। ਘਰੇਲੂ ਲੋੜ ਲਈ ਉਹ ਕਣਕ ਅਤੇ ਝੋਨਾ ਉਗਾਉਂਦੇ ਹਨ। ਕੁੱਝ ਸਮੇਂ ਤੋਂ ਉਨ੍ਹਾਂ ਨੇ ਪਿਆਜ਼ ਦੇ ਬੀਜ ਤਿਆਰ ਕਰਨੇ ਵੀ ਸ਼ੁਰੂ ਕੀਤੇ ਹਨ।

ਸਖ਼ਤ-ਮਿਹਨਤ ਅਤੇ ਖੇਤੀ ਵਿਭਿੰਨਤਾ ਤਕਨੀਕ ਕਾਰਨ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਹੁਣ ਤੱਕ ਉਨ੍ਹਾਂ ਨੇ ਸਰਕਾਰ ਤੋਂ ਕੋਈ ਸਬਸਿਡੀ ਨਹੀਂ ਲਈ। ਉਹ ਮਾਰਕਿਟਿੰਗ ਦਾ ਪੂਰਾ ਪ੍ਰਬੰਧਨ ਖੁਦ ਕਰਦੇ ਹਨ ਅਤੇ ਫੁੱਲਾਂ ਨੂੰ ਦਿੱਲੀ ਅਤੇ ਕੁਰੂਕਸ਼ੇਤਰ ਦੀ ਮੰਡੀ ਵਿੱਚ ਵੇਚਦੇ ਹਨ। ਹਾਲਾਂਕਿ ਉਹ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਦੇ ਧੰਦੇ ਤੋਂ ਚੰਗਾ ਮੁਨਾਫ਼ਾ ਲੈ ਰਹੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਫੁੱਲਾਂ ਦੀ ਖੇਤੀ ਵਿੱਚ ਕੁੱਝ ਸਮੱਸਿਆਵਾਂ ਆਉਂਦੀਆਂ ਹਨ, ਪਰ ਉਹ ਆਪਣਾ ਹੌਂਸਲਾ ਨਹੀਂ ਟੁੱਟਣ ਦਿੰਦੇ ਅਤੇ ਹਮੇਸ਼ਾ ਮਜ਼ਬੂਤ ਇਰਾਦੇ ਨਾਲ ਆਪਣਾ ਕੰਮ ਜਾਰੀ ਰੱਖਦੇ ਹਨ।

ਮਨੀ ਦੇ ਪਰਿਵਾਰ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਜੋ ਉਹ ਕਰਨਾ ਚਾਹੁੰਦੇ ਹਨ, ਉਸ ਤੋਂ ਕਦੇ ਨਹੀਂ ਰੋਕਿਆ। ਇਸ ਸਮੇਂ ਉਹ ਆਪਣੇ ਪਿਤਾ ਮਦਨ ਸਿੰਘ ਅਤੇ ਵੱਡੇ ਭਰਾ ਰਾਜੂ ਕਲੇਰ ਨਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਏ ਧਰਿਆਣਾ ਵਿੱਚ ਰਹਿ ਰਹੇ ਹਨ। ਦੁੱਧ ਉਤਪਾਦਨ ਲਈ ਉਨ੍ਹਾਂ ਨੇ 7 ਗਾਵਾਂ ਅਤੇ 2 ਮੁੱਰ੍ਹਾ ਮੱਝਾਂ ਰੱਖੀਆਂ ਹਨ। ਉਹ ਪਸ਼ੂਆਂ ਦੀ ਦੇਖਭਾਲ ਅਤੇ ਫੀਡ ਦੇ ਨਾਲ ਕਦੇ ਕੋਈ ਸਮਝੌਤਾ ਨਹੀਂ ਕਰਦੇ। ਉਹ ਜੈਵਿਕ ਢੰਗ ਨਾਲ ਉਗਾਏ ਝੋਨੇ, ਕਣਕ ਅਤੇ ਚਾਰੇ ਦੀਆਂ ਫਸਲਾਂ ਤੋਂ ਖੁਦ ਫੀਡ ਤਿਆਰ ਕਰਦੇ ਹਨ। ਵਿਹਲੇ ਸਮੇਂ ਵਿੱਚ ਉਹ ਗੰਨੇ ਦੇ ਰਸ ਤੋਂ ਗੁੜ ਤਿਆਰ ਕਰਦੇ ਹਨ ਅਤੇ ਪਿੰਡ ਵਾਲਿਆਂ ਨੂੰ ਵੇਚਦੇ ਹਨ।

ਭਵਿੱਖ ਦੀ ਯੋਜਨਾ:
ਆਉਣ ਵਾਲੇ ਸਮੇਂ ਵਿੱਚ ਉਹ ਫੁੱਲਾਂ ਦੀ ਖੇਤੀ ਦੇ ਕਾਰੋਬਾਰ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ।

ਸੰਦੇਸ਼

ਅੱਜ-ਕੱਲ੍ਹ ਦੇ ਕਿਸਾਨ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਵਿੱਚ ਫਸੇ ਹੋਏ ਹਨ। ਜੇਕਰ ਉਹ ਚੰਗੀ ਆਮਦਨ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਇਸ ਚੱਕਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਚਾਹੀਦਾ ਹੈ।

ਅਵਤਾਰ ਸਿੰਘ ਰਤੋਲ

ਪੂਰੀ ਕਹਾਣੀ ਪੜ੍ਹੋ

53 ਸਾਲ ਦੇ ਕਿਸਾਨ – ਸਰਦਾਰ ਅਵਤਾਰ ਸਿੰਘ ਰਤੋਲ ਨਵੀਂਆਂ ਉੱਚਾਈਆਂ ਨੂੰ ਛੂਹ ਰਹੇ ਹਨ ਅਤੇ ਬਾਗਬਾਨੀ ਦੇ ਖੇਤਰ ਵਿੱਚ ਦੁੱਗਣਾ ਲਾਭ ਕਮਾ ਰਹੇ ਹਨ

ਖੇਤੀ ਸਿਰਫ ਪਸ਼ੂ-ਪਾਲਣ ਅਤੇ ਹਲ ਚਲਾਉਣ ਤੱਕ ਹੀ ਨਹੀਂ ਹੈ… ਬਲਕਿ ਇਸ ਤੋਂ ਕਿਤੇ ਵੱਧ ਹੈ!

ਅੱਜ ਖੇਤੀਬਾੜੀ ਦੇ ਖੇਤਰ ਵਿੱਚ ਕਰਨ ਦੇ ਲਈ ਕਈ ਨਵੀਆਂ ਚੀਜ਼ਾਂ ਹਨ, ਜਿਸ ਦੇ ਬਾਰੇ ਵਿੱਚ ਸ਼ਹਿਰੀ ਲੋਕਾਂ ਨੂੰ ਨਹੀਂ ਪਤਾ ਹੈ। ਬੀਜਾਂ ਦੀਆਂ ਉੱਨਤ ਕਿਸਮਾਂ ਦਾ ਰੋਪਣ ਕਰਨ ਤੋਂ ਲੈ ਕੇ ਖੇਤੀਬਾੜੀ ਦੀਆਂ ਨਵੀਂਆਂ ਤਕਨੀਕਾਂ ਨੂੰ ਲਾਗੂ ਕਰਨ ਤੱਕ, ਖੇਤੀਬਾੜੀ ਕਿਸੇ ਰਾੱਕੇਟ ਤੋਂ ਘੱਟ ਨਹੀਂ ਹੈ ਅਤੇ ਬਹੁਤ ਘੱਟ ਕਿਸਾਨ ਸਮਝਦੇ ਹਨ ਕਿ ਬਦਲਦੇ ਸਮੇਂ ਦੇ ਨਾਲ ਖੇਤੀਬਾੜੀ ਦੀ ਵਿਧੀ ਵਿੱਚ ਬਦਲਾਅ ਉਨ੍ਹਾਂ ਨੂੰ ਭਵਿੱਖ ਦੇ ਖ਼ਤਰਿਆਂ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸੇ ਤਰ੍ਹਾਂ ਹੀ ਸੰਗਰੂਰ ਜ਼ਿਲ੍ਹੇ ‘ਚ ਪੈਂਦੇ ਪਿੰਡ ਸਰੋਦ ਦੇ ਇੱਕ ਕਿਸਾਨ ਸ. ਅਵਤਾਰ ਸਿੰਘ ਰਤੋਲ ਨੇ ਸਮੇਂ ਦੇ ਨਾਲ ਬਦਲਾਅ ਦੇ ਤੱਥ ਨੂੰ ਬਹੁਤ ਵਧੀਆ ਤਰ੍ਹਾਂ ਸਮਝਿਆ।

ਇੱਕ ਕਿਸਾਨ ਲਈ 32 ਸਾਲ ਦਾ ਅਨੁਭਵ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਸ. ਅਵਤਾਰ ਸਿੰਘ ਰਤੋਲ ਨੇ ਆਪਣੇ ਬਾਗ਼ਬਾਨੀ ਦੇ ਰੁਜ਼ਗਾਰ ਨੂੰ ਸਹੀ ਦਿਸ਼ਾ ਵਿੱਚ ਅਕਾਰ ਦੇਣ ਵਿੱਚ ਇਸ ਨੂੰ ਬਹੁਤ ਵਧੀਆ ਤਰ੍ਹਾਂ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ 50 ਏਕੜ ਵਿੱਚ ਸਬਜ਼ੀਆਂ ਦੀ ਸ਼ੁਰੂਆਤ ਕੀਤੀ ਅਤੇ ਹੌਲੀ-ਹੌਲੀ ਆਪਣੇ ਖੇਤੀਬਾੜੀ ਦੇ ਖੇਤਰ ਦਾ ਵਿਸਥਾਰ ਕੀਤਾ। ਬਿਹਤਰ ਸਿੰਚਾਈ ਲਈ ਉਨ੍ਹਾਂ ਨੇ 47 ਏਕੜ ਵਿੱਚ ਭੂਮੀਗਤ ਪਾਈਪ ਲਾਈਨ ਲਗਾ ਦਿੱਤੀ, ਜਿਸ ਦਾ ਉਨ੍ਹਾਂ ਨੂੰ ਭਵਿੱਖ ਵਿੱਚ ਬਹੁਤ ਲਾਭ ਹੋਇਆ।

ਖੇਤੀ ਦੀ ਉਤਪਾਦਕਤਾ ਨੂੰ ਵਧਾਉਣ ਲਈ ਉਨ੍ਹਾਂ ਨੇ ਖੇਤੀਬਾੜੀ ਵਿਗਿਆਨ ਕੇਂਦਰ ਅਤੇ ਸੰਗਰੂਰ ਦੇ ਖੇਤੀ ਸਲਾਹਕਾਰ ਸੇਵਾ ਕੇਂਦਰ ਤੋਂ ਟ੍ਰੇਨਿੰਗ ਲਈ। ਟ੍ਰੇਨਿੰਗ ਦੌਰਾਨ ਮਿਲੀ ਜਾਣਕਾਰੀ ਨਾਲ ਉਨ੍ਹਾਂ ਨੇ 4000 ਵਰਗ ਫੁੱਟ ਵਿੱਚ ਦੋ ਉੱਚ-ਤਕਨੀਕੀ ਪੋਲੀਹਾਊਸਾਂ ਦਾ ਨਿਰਮਾਣ ਕੀਤਾ ਅਤੇ ਇਸ ਵਿੱਚ ਖੀਰੇ ਅਤੇ ਜਰਬੇਰਾ ਦੇ ਫੁੱਲਾਂ ਦੀ ਖੇਤੀ ਕੀਤੀ। ਉਹ ਖੀਰੇ ਅਤੇ ਜਰਬੇਰਾ ਦੀ ਖੇਤੀ ਤੋਂ ਲਗਭਗ 7.5 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਲੈ ਰਹੇ ਹਨ, ਜੋ ਕਿ ਉਨ੍ਹਾਂ ਦੇ ਖੇਤੀਬਾੜੀ ਉਤਪਾਦਾਂ ਦੇ ਪ੍ਰਬੰਧ ਲਈ ਕਾਫ਼ੀ ਹੈ।

ਸ. ਅਵਤਾਰ ਸਿੰਘ ਰਤੋਲ ਦੇ ਲਈ ਬਾਗਬਾਨੀ ਦਾ ਧੰਦਾ ਪੂਰੀ ਤਰ੍ਹਾਂ ਜਨੂੰਨ ਬਣ ਗਿਆ ਅਤੇ ਉਹ ਆਪਣੀ ਦਿਲਚਸਪੀ ਨੂੰ ਹੋਰ ਵਧਾਉਣ ਲਈ ਬਾਗਬਾਨੀ ਦੀ ਉੱਨਤ ਤਕਨੀਕਾਂ ਨੂੰ ਸਿੱਖਣ ਲਈ ਵਿਦੇਸ਼ ਗਏ। ਵਿਦੇਸ਼ ਦੌਰੇ ਨੇ ਫਾਰਮ ਦੀ ਉਤਪਾਦਕਤਾ ‘ਤੇ ਸਕਾਰਾਤਮਕ ਪ੍ਰਭਾਵ ਪਾਇਆ ਅਤੇ ਸ. ਅਵਤਾਰ ਸਿੰਘ ਰਤੋਲ ਨੇ ਆਲੂ, ਮਿਰਚ, ਤਰਬੂਜ਼, ਸ਼ਿਮਲਾ ਮਿਰਚ, ਕਣਕ ਆਦਿ ਫਸਲਾਂ ਦੀ ਖੇਤੀ ਵਿੱਚ ਸਫਲਤਾ ਪ੍ਰਾਪਤ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਬਜ਼ੀਆਂ ਦੀ ਨਰਸਰੀ ਤਿਆਰ ਕਰਨੀ ਸ਼ੁਰੂ ਕੀਤੀ ਅਤੇ ਹੋਰ ਕਿਸਾਨਾਂ ਨੂੰ ਵੇਚਣੀ ਵੀ ਸ਼ੁਰੂ ਕੀਤੀ।

ਉਪਲੱਬਧੀਆਂ ਦੀ ਗਿਣਤੀ..
ਪਾਣੀ ਬਚਾਉਣ ਦੇ ਲਈ ਤੁਪਕਾ ਸਿੰਚਾਈ ਪ੍ਰਣਾਲੀ ਨੂੰ ਅਪਨਾਉਣਾ, ਸਬਜ਼ੀਆਂ ਦੇ ਛੋਟੇ ਪੌਦੇ ਲਗਾਉਣ ਲਈ ਇੱਕ ਛੋਟਾ ਟ੍ਰਾਂਸ-ਪਲਾਂਟਰ ਵਿਕਸਤ ਕਰਨਾ ਅਤੇ ਲੋਅ-ਟੱਨਲ ਤਕਨੀਕ ਦੀ ਵਰਤੋਂ ਆਦਿ ਉਨ੍ਹਾਂ ਦੀਆਂ ਕੁੱਝ ਉਪਲਬਧੀਆਂ ਹਨ ਜਿਨ੍ਹਾਂ ਨੇ ਉਨ੍ਹਾਂ ਦੀ ਸ਼ਿਮਲਾ ਮਿਰਚ ਅਤੇ ਹੋਰ ਕਈ ਸਬਜ਼ੀਆਂ ਦੀ ਸਫਲਤਾਪੂਰਵਕ ਖੇਤੀ ਕਰਨ ਵਿੱਚ ਮਦਦ ਕੀਤੀ। ਉਨ੍ਹਾਂ ਨੂੰ ਆਪਣੇ ਫਾਰਮ ‘ਤੇ ਸਾਰੀਆਂ ਆਧੁਨਿਕ ਖੇਤੀ ਤਕਨੀਕਾਂ ਨੂੰ ਲਾਗੂ ਕਰਨ ਵਿੱਚ ਕੋਈ ਮੁਸ਼ਕਿਲ ਨਹੀਂ ਹੋਈ, ਜਿਸ ਨੇ ਉਨ੍ਹਾਂ ਨੂੰ ਹੋਰ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ।

ਪੁਰਸਕਾਰ
• “ਦਲੀਪ ਸਿੰਘ ਧਾਲੀਵਾਲ ਯਾਦਗਾਰੀ ਸਨਮਾਨ” ਨਾਲ ਸਨਮਾਨਿਤ।
• ਬਾਗ਼ਬਾਨੀ ਵਿੱਚ ਸਫਲਤਾ ਲਈ “ਮੁੱਖ ਮੰਤਰੀ ਸਨਮਾਨ” ਨਾਲ ਸਨਮਾਨਿਤ।

ਸੰਦੇਸ਼
“ਬਾਗਬਾਨੀ ਇੱਕ ਲਾਭਦਾਇਕ ਖੇਤਰ ਹੈ ਜਿਸ ਵਿੱਚ ਬਹੁਤ ਸਾਰੇ ਨਵੇਂ ਖੇਤੀ ਦੇ ਢੰਗ ਅਤੇ ਪ੍ਰਭਾਵਸ਼ਾਲੀ ਲਾਗਤ ਤਕਨੀਕਾਂ ਹਨ। ਇਸ ਖੇਤਰ ਨੂੰ ਅਪਣਾ ਕੇ ਕਿਸਾਨ ਨੂੰ ਆਪਣੀ ਆਮਦਨ ਵਿੱਚ ਚੰਗਾ ਵਾਧਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।”

 

ਸਰਦਾਰ ਗੁਰਮੇਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਗੁਰਮੇਲ ਸਿੰਘ ਨੇ ਆਪਣੇ ਆਧੁਨਿਕ ਤਕਨੀਕੀ ਉਪਕਰਨਾਂ ਦੀ ਵਰਤੋਂ ਕਰਕੇ ਸਬਜ਼ੀਆਂ ਦੀ ਖੇਤੀ ਵਿੱਚ ਮੁਨਾਫ਼ਾ ਕਮਾਇਆ

ਗੁਰਮੇਲ ਸਿੰਘ ਇੱਕ ਅਗਾਂਹਵਧੂ ਕਿਸਾਨ ਪੰਜਾਬ ਦੇ ਪਿੰਡ ਉੱਚਾਗਾਓਂ (ਪਟਿਆਲਾ) ਦੇ ਰਹਿਣ ਵਾਲੇ ਹਨ। ਉਨ੍ਹਾਂ ਕੋਲ ਘੱਟ ਜ਼ਮੀਨ ਹੋਣ ਦੇ ਬਾਵਜੂਦ ਵੀ ਉਹ ਪਿਛਲੇ 23 ਸਾਲਾਂ ਤੋਂ ਸਬਜ਼ੀਆਂ ਦੀ ਖੇਤੀ ਕਰਕੇ ਬਹੁਤ ਲਾਭ ਕਮਾ ਰਹੇ ਹਨ। ਉਨ੍ਹਾਂ ਕੋਲ 17.5 ਏਕੜ ਜ਼ਮੀਨ ਹੈ ਜਿਸ ਵਿੱਚੋਂ 11 ਏਕੜ ਜ਼ਮੀਨ ਆਪਣੀ ਅਤੇ 6.5 ਏਕੜ ਠੇਕੇ ‘ਤੇ ਲਈ ਹੋਈ ਹੈ।

ਆਧੁਨਿਕ ਖੇਤੀ ਤਕਨੀਕਾਂ ਜਿਵੇਂ ਕਿ ਤੁਪਕਾ ਸਿੰਚਾਈ, ਸਪਰੇਅ ਸਿੰਚਾਈ ਅਤੇ ਲੇਜ਼ਰ ਸੁਹਾਗਾ ਆਦਿ ਵਰਗੇ ਕਈ ਪਾਵਰ ਟੂਲਸ ਉਨ੍ਹਾਂ ਕੋਲ ਹਨ ਜੋ ਉਨ੍ਹਾਂ ਨੂੰ ਕੁਸ਼ਲ ਖੇਤੀ ਅਤੇ ਪਾਣੀ ਦੀ ਸੰਭਾਲ ਕਰਨ ਵਿੱਚ ਸਹਾਇਤਾ ਕਰਦੇ ਹਨ। ਜਦੋਂ ਗੱਲ ਕੀੜੇਮਾਰ ਦਵਾਈਆਂ ਦੀ ਆਉਂਦੀ ਹੈ, ਤਾਂ ਉਹ ਬਹੁਤ ਬੁੱਧੀਮਤਾ ਨਾਲ ਕੰਮ ਲੈਂਦੇ ਹਨ। ਉਹ ਸਿਰਫ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਿਫ਼ਾਰਿਸ਼ ਕੀਤੇ ਗਏ ਕੀਟਨਾਸ਼ਕਾਂ ਦੀ ਹੀ ਵਰਤੋਂ ਕਰਦੇ ਹਨ। ਜ਼ਿਆਦਾਤਰ ਉਹ ਵਧੀਆ ਪੈਦਾਵਾਰ ਲਈ ਆਪਣੇ ਖੇਤਾਂ ਵਿੱਚ ਹਰੀ ਕੁਦਰਤੀ ਖਾਦ ਦੀ ਵਰਤੋਂ ਕਰਦੇ ਹਨ।

ਦੂਜੀ ਆਧੁਨਿਕ ਤਕਨੀਕ, ਉਹ ਸਬਜ਼ੀਆਂ ਦੇ ਵਿਕਾਸ ਲਈ 6 ਏਕੜ ਵਿੱਚ ਛੋਟੀ ਸੁਰੰਗ ਦੀ ਸਹੀ ਵਰਤੋਂ ਕਰ ਰਹੇ ਹਨ। ਕੁੱਝ ਫ਼ਸਲਾਂ ਜਿਵੇਂ ਕਿ ਝੋਨਾ, ਕਣਕ, ਲੌਂਗ, ਗੋਭੀ, ਤਰਬੂਜ਼, ਟਮਾਟਰ, ਬੈਂਗਣ, ਖੀਰਾ, ਮਟਰ ਅਤੇ ਕਰੇਲਾ ਆਦਿ ਦੀ ਖੇਤੀ ਵਿਸ਼ੇਸ਼ ਤੌਰ ‘ਤੇ ਕਰਦੇ ਹਨ। ਆਪਣੇ ਖੇਤੀਬਾੜੀ ਦੇ ਕਾਰੋਬਾਰ ਨੂੰ ਹੋਰ ਬਿਹਤਰ ਬਣਾਉਣ ਲਈ ਉਨ੍ਹਾਂ ਨੇ ਸੋਇਆ ਦੇ ਹਾਈਬ੍ਰਿਡ ਬੀਜ ਤਿਆਰ ਕਰਨ ਅਤੇ ਹੋਰ ਸਹਾਇਕ ਗਤੀਵਿਧੀਆਂ ਜਿਵੇਂ ਕਿ ਮਧੂ-ਮੱਖੀ ਪਾਲਣ ਅਤੇ ਡੇਅਰੀ ਫਾਰਮਿੰਗ ਆਦਿ ਦੀ ਸਿਖਲਾਈ ਖੇਤੀਬਾੜੀ ਵਿਗਿਆਨ ਕੇਂਦਰ, ਪਟਿਆਲਾ ਤੋਂ ਪ੍ਰਾਪਤ ਕੀਤੀ।

ਮੰਡੀਕਰਨ
ਉਨ੍ਹਾਂ ਦੇ ਅਨੁਭਵ ਦੇ ਵੱਡੇ ਖੇਤਰ ਵਿੱਚ ਨਾ ਸਿਰਫ਼ ਵਿਭਿੰਨ ਫ਼ਸਲਾਂ ਨੂੰ ਲਾਭਦਾਇਕ ਰੂਪ ਨਾਲ ਉਗਾਉਣਾ ਸ਼ਾਮਲ ਹੈ, ਬਲਕਿ ਇਸ ਦੌਰਾਨ ਉਨ੍ਹਾ ਨੇ ਆਪਣੇ ਮੰਡੀਕਰਨ ਦੇ ਹੁਨਰ ਨੂੰ ਵੀ ਵਧਾਇਆ ਅਤੇ ਅੱਜ ਉਨ੍ਹਾਂ ਕੋਲ “ਆਤਮਾ ਕਿਸਾਨ ਹੱਟ (ਪਟਿਆਲਾ)” ਵਿੱਚ ਆਪਣਾ ਖੁਦ ਦਾ ਆਊਟਲੈੱਟ ਹੈ। ਉਨ੍ਹਾਂ ਦੇ ਪ੍ਰੋਸੈੱਸਡ ਕੀਤੇ ਉਤਪਾਦਾਂ ਦੀ ਗੁਣਵੱਤਾ ਉਨ੍ਹਾਂ ਦੀ ਵਿਕਰੀ ਨੂੰ ਦਿਨ ਪ੍ਰਤੀਦਿਨ ਵਧਾ ਰਹੀ ਹੈ। ਉਨ੍ਹਾਂ ਨੇ 2012 ਵਿੱਚ ਬ੍ਰੈਂਡ ਨਾਮ “ਸਮਾਰਟ” ਦੇ ਤਹਿਤ ਸੋਇਆ ਪਲਾਂਟ ਵੀ ਸਥਾਪਿਤ ਕੀਤਾ ਅਤੇ ਇਸ ਪਲਾਂਟ ਦੇ ਤਹਿਤ ਉਹ ਸੋਇਆਬੀਨ, ਪਨੀਰ, ਆਟਾ ਅਤੇ ਗਿਰੀਆਂ ਵਰਗੇ ਉਤਪਾਦਾਂ ਨੂੰ ਤਿਆਰ ਕਰਦੇ ਅਤੇ ਵੇਚਦੇ ਹਨ।

ਪ੍ਰਾਪਤੀਆਂ
ਇਹ ਦੂਜੇ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ CRI ਪੰਪ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

ਸੰਦੇਸ਼
“ਜੇਕਰ ਕਿਸਾਨ ਸਿਹਤਮੰਦ ਜੀਵਨ ਜਿਉਣਾ ਚਾਹੁੰਦੇ ਹਨ ਅਤੇ ਵਰਤਮਾਨ ਅਤੇ ਭਵਿੱਖ ਵਿੱਚ ਚੰਗੀ ਪੈਦਾਵਾਰ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।”