ਇੱਕ ਨੌਜਵਾਨ ਖੇਤੀ-ਪ੍ਰੇਨਿਓਰ ਦੀ ਕਹਾਣੀ, ਜੋ ਹਾਲੈਂਡ ਗਲੇਡੀਓਲਸ ਦੀ ਖੇਤੀ ਨਾਲ ਪੰਜਾਬ ਵਿੱਚ ਫੁੱਲਾਂ ਦੇ ਵਪਾਰ ਵਿੱਚ ਅੱਗੇ ਵਧਿਆ
ਇਹ ਕਿਹਾ ਜਾਂਦਾ ਹੈ ਕਿ ਸਫ਼ਲਤਾ ਅਸਾਨੀ ਨਾਲ ਨਹੀਂ ਮਿਲਦੀ, ਤੁਹਾਨੂੰ ਅਸਫ਼ਲਤਾ ਦਾ ਸਵਾਦ ਕਾਫੀ ਵਾਰ ਚੱਖਣਾ ਪੈ ਸਕਦਾ ਹੈ, ਤਾਂ ਹੀ ਤੁਸੀਂ ਸਫ਼ਲਤਾ ਦੇ ਅਸਲੀ ਸਵਾਦ ਦਾ ਮਜ਼ਾ ਲੈ ਸਕਦੇ ਹੋ। ਅਜਿਹਾ ਹੀ ਗੁਰਵਿੰਦਰ ਸਿੰਘ ਸੋਹੀ ਜੀ ਨਾਲ ਵੀ ਹੋਇਆ। ਉਹ ਇੱਕ ਸਧਾਰਨ ਵਿਦਿਆਰਥੀ ਸਨ, ਜਿਨ੍ਹਾਂ ਨੇ ਖੇਤੀਬਾੜੀ ਨੂੰ ਉਸ ਸਮੇਂ ਚੁਣਿਆ, ਜਦੋਂ ਉਹ ਪੰਜਾਬ ਜੇ ਈ ਟੀ ਦੀ ਪ੍ਰੀਖਿਆ ਵਿੱਚ ਸਫ਼ਲ ਨਹੀਂ ਹੋ ਸਕੇ।
ਉਨ੍ਹਾਂ ਨੇ ਸ਼ੁਰੂ ਤੋਂ ਹੀ ਨਿਰਧਾਰਿਤ ਕੀਤਾ ਸੀ ਕਿ ਉਹ ਭੇਡ ਦੀ ਤਰ੍ਹਾਂ ਕੰਮ ਨਹੀਂ ਕਰਨਗੇ, ਨਾ ਹੀ ਆਪਣੇ ਪਰਿਵਾਰ ਦੇ ਕਾਰੋਬਾਰ ਦੀ ਤਰ੍ਹਾਂ ਕਣਕ-ਝੋਨੇ ਦੀ ਖੇਤੀ ਕਰਨਗੇ। ਇਸ ਲਈ ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ, ਪਰ ਇਸ ਵਿੱਚ ਉਹ ਸਫ਼ਲ ਨਹੀਂ ਹੋ ਸਕੇ। ਛੇਤੀ ਹੀ ਉਨ੍ਹਾਂ ਨੇ ਨਜ਼ਦੀਕੀ ਸ਼ਹਿਰ ਖਮਾਣੋਂ ਵਿੱਚ ਆਪਣੀ ਮਠਿਆਈ ਦੀ ਦੁਕਾਨ ਸਥਾਪਿਤ ਕੀਤੀ, ਪਰ ਉਹ ਸ਼ਾਇਦ ਇਸ ਲਈ ਵੀ ਨਹੀਂ ਬਣੇ ਸੀ। ਇਸ ਲਈ ਉਨ੍ਹਾਂ ਨੇ ਘੋੜਿਆਂ ਦੀ ਬ੍ਰੀਡਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣਾ ਕਾਰੋਬਾਰ ਬਦਲ ਕੇ ਜੀਪਾਂ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ।
ਇਹ ਸਾਰੇ ਕੰਮ ਕਰਨ ਤੋਂ ਬਾਅਦ 2008 ਵਿੱਚ ਉਨ੍ਹਾਂ ਨੂੰ ਇੱਕ ਖਬਰ ਬਾਰੇ ਪਤਾ ਲੱਗਾ ਕਿ ਪੰਜਾਬ ਬਾਗਬਾਨੀ ਵਿਭਾਗ ਹਾਲੈਂਡ ਗਲੇਡੀਓਲਸ ਦੇ ਬੀਜਾਂ ‘ਤੇ ਸਬਸਿਡੀ ਦੇ ਰਿਹਾ ਹੈ ਅਤੇ ਫਿਰ ਗੁਰਵਿੰਦਰ ਸਿੰਘ ਜੀ ਦਾ ਅਸਲ ਕਾਰੋਬਾਰੀ ਜੀਵਨ ਸ਼ੁਰੂ ਹੋਇਆ। ਉਨ੍ਹਾਂ ਨੇ 2 ਕਨਾਲ ਵਿੱਚ ਗਲੇਡੀਓਲਸ ਦੀ ਖੇਤੀ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਇਸ ਨੂੰ ਕਈ ਏਕੜ ਵਿੱਚ ਵਧਾ ਲਿਆ। ਫੁੱਲਾਂ ਦੀਆਂ ਸਥਾਨਕ ਕਿਸਮਾਂ ਦੇ ਮੁਕਾਬਲੇ ਉਨ੍ਹਾਂ ਨੂੰ ਵੱਧ ਮੁੱਲ ਮਿਲਣ ਲੱਗਾ ਅਤੇ ਇਸ ਨਾਲ ਆਮਦਨ ਵਿੱਚ ਵੀ ਵਾਧਾ ਹੋਇਆ।
ਫਿਰ ਖੇਤਰ ਵੱਧ ਕੇ 8 ਤੋਂ 18 ਏਕੜ ਹੋ ਗਿਆ, ਜਿਸ ਵਿੱਚੋਂ 9 ਉਨ੍ਹਾਂ ਦੇ ਆਪਣੇ ਹਨ ਅਤੇ 9 ਠੇਕੇ ‘ਤੇ ਹਨ। ਉਨ੍ਹਾਂ ਨੇ ਗਲੇਡੀਓਲਸ ਲਈ 10 ਏਕੜ, ਗੇਂਦੇ ਦੇ ਫੁੱਲਾਂ ਲਈ 1 ਏਕੜ ਅਤੇ ਬਾਕੀ ਖੇਤਰ ਨੂੰ ਦਾਲਾਂ, ਝੋਨਾ (ਖ਼ਾਸ ਕਰਕੇ ਬਾਸਮਤੀ), ਕਣਕ, ਮੱਕੀ ਅਤੇ ਹਰੇ ਚਾਰੇ ਲਈ ਵਰਤਿਆ। ਗਲੇਡੀਓਲਸ ਦੀ ਖੇਤੀ ਵਿੱਚ 7-8 ਮਹੀਨੇ ਦਾ ਸਮਾਂ ਲੱਗਦਾ ਹੈ। ਇਸਦੀ ਬਿਜਾਈ ਸਤੰਬਰ-ਅਕਤੂਬਰ ਅਤੇ ਕਟਾਈ ਜਨਵਰੀ ਫਰਵਰੀ ਵਿੱਚ ਕੀਤੀ ਜਾਂਦੀ ਹੈ। ਜਦਕਿ ਝੋਨੇ ਅਤੇ ਕਣਕ ਦੀ ਬਿਜਾਈ ਅਤੇ ਕਟਾਈ ਇਸਦੇ ਉਲਟ ਹੈ। ਇਸ ਲਈ ਇੱਕ ਸਾਲ ਵਿੱਚ ਇੱਕ ਹੀ ਜ਼ਮੀਨ ਤੋਂ ਕਾਫੀ ਆਮਦਨ ਹੁੰਦੀ ਹੈ। ਇਸ ਤੋਂ ਇਲਾਵਾ ਵਿਆਹ-ਸ਼ਾਦੀ ਦੇ ਦਿਨਾਂ ਵਿੱਚ ਗਲੇਡੀਓਲਸ ਦੀ ਇੱਕ ਡੰਡੀ 7 ਰੁਪਏ ਅਤੇ ਔਸਤਨ 3 ਰੁਪਏ ਵਿੱਚ ਵਿਕਦੀ ਹੈ। ਇਸ ਤਰੀਕੇ ਨਾਲ ਉਹ ਇੱਕ ਸਾਲ ਵਿੱਚ ਆਪਣੀ ਕਾਫੀ ਆਮਦਨ ਬਚਾ ਲੈਂਦੇ ਹਨ।
ਗਲੇਡੀਓਲਸ ਦੀ ਫ਼ਸਲ ਖਜ਼ਾਨਾ ਲੁੱਟਣ ਵਾਂਗ ਹੈ, ਕਿਉਂਕਿ ਹਾਲੈਂਡ ਦੇ ਬੀਜਾਂ ਦਾ ਇੱਕ ਸਮੇਂ ਵਿੱਚ 1.6 ਲੱਖ ਰੁਪਏ ਪ੍ਰਤੀ ਏਕੜ ਨਿਵੇਸ਼ ਹੁੰਦਾ ਹੈ ਅਤੇ ਬਾਅਦ ਵਿੱਚ 2 ਰੁਪਏ ਦੇ ਹਿਸਾਬ ਨਾਲ ਇੱਕ ਫੁੱਲ (ਬਲਬ) ਵਿਕਦਾ ਹੈ ਅਤੇ ਉਸੇ ਫ਼ਸਲ ਤੋਂ ਅਗਲੇ ਸਾਲ ਪੌਦੇ ਵੀ ਤਿਆਰ ਕੀਤੇ ਜਾ ਸਕਦੇ ਹਨ। ਹਾਲਾਂਕਿ ਇਹ ਇੱਕ ਸਮੇਂ ਦਾ ਨਿਵੇਸ਼ ਹੈ, ਪਰ ਬਿਜਾਈ ਤੋਂ ਲੈ ਕੇ ਬੀਜ ਕੱਢਣ ਲਈ ਅਪ੍ਰੈਲ ਤੋਂ ਮਈ ਮਹੀਨੇ ਵਿੱਚ ਜ਼ਿਆਦਾ ਮਜ਼ਦੂਰਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਦਾ ਖ਼ਰਚਾ ਲਗਭਗ 40000 ਰੁਪਏ ਪ੍ਰਤੀ ਏਕੜ ਹੁੰਦਾ ਹੈ।
ਗੇਂਦੇ ਦੀ ਫ਼ਸਲ ਵੀ ਜ਼ਿਆਦਾ ਲਾਭ ਦੇਣ ਵਾਲੀ ਫ਼ਸਲ ਹੈ ਅਤੇ ਇਸ ਤੋਂ ਹਰੇਕ ਮੌਸਮ ਵਿੱਚ ਲਗਭਗ 1.25 ਤੋਂ 1.3 ਲੱਖ ਰੁਪਏ ਤੱਕ ਮੁਨਾਫ਼ਾ ਹੁੰਦਾ ਹੈ ਅਤੇ ਇਹ ਮੁਨਾਫ਼ਾ ਕਣਕ ਅਤੇ ਝੋਨੇ ਤੋਂ ਕਿਤੇ ਵੱਧ ਹੈ। ਇਸ ਤੋਂ ਇਲਾਵਾ ਜ਼ਮੀਨ ਠੇਕੇ ‘ਤੇ ਲੈਣ, ਮਜ਼ਦੂਰਾਂ ਅਤੇ ਹੋਰ ਨਿਵੇਸ਼ ਅਤੇ ਲਾਗਤ ਖਰਚੇ ਕੁੱਲ ਮੁਨਾਫ਼ੇ ਵਿੱਚੋਂ ਕੱਢ ਕੇ ਉਨ੍ਹਾਂ ਕੋਲ ਜੋ ਵੀ ਬੱਚਦਾ ਹੈ, ਉਹ ਵੀ ਉਨ੍ਹਾਂ ਲਈ ਕਾਫੀ ਹੁੰਦਾ ਹੈ।
ਉਨ੍ਹਾਂ ਨੇ RTS ਫੁੱਲ ਦੇ ਨਾਮ ਨਾਲ ਸ਼ੁਰੂਆਤ ਕੀਤੀ ਅਤੇ ਇਹ ਪੰਜਾਬ ਦੇ ਕਈ ਸ਼ਹਿਰਾਂ ਜਿਵੇਂ ਕਿ ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਵਿੱਚ ਤੇਜ਼ੀ ਨਾਲ ਵਧਿਆ। ਹਾਲਾਂਕਿ ਉਨ੍ਹਾਂ ਨੇ ਉੱਚ-ਸਿੱਖਿਆ ਨਹੀਂ ਲਈ, ਪਰ ਉਹ ਸਮੇਂ-ਸਮੇਂ ‘ਤੇ ਖੁਦ ਨੂੰ ਅੱਪਡੇਟ ਕਰਦੇ ਹਨ, ਤਾਂ ਕਿ ਮੰਡੀਕਰਨ ਵਿੱਚ ਨਿਪੁੰਨ ਹੋ ਸਕਣ ਅਤੇ ਅੱਜ ਉਹ ਆਪਣੇ ਗਲੇਡੀਓਲਸ ਦੇ ਉਤਪਾਦਨ ਨੂੰ ਆਪਣੇ ਫਾਰਮ ਦੇ ਫੇਸਬੁੱਕ ਪੇਜ ਅਤੇ ਹੋਰ ਆੱਨਲਾਈਨ ਵੈੱਬਸਾਈਟਾਂ ਜਿਵੇਂ ਕਿ ਇੰਡੀਆਮਾਰਟ ਆਦਿ ਦੇ ਰਾਹੀਂ ਵੇਚ ਰਹੇ ਹਨ।
ਨਵੇਂ ਆਧੁਨਿਕ ਮਾਰਕਿਟਿੰਗ ਕੌਸ਼ਲ ਅਤੇ ਤਰੱਕੀ ਦੇ ਨਾਲ, ਗੁਰਵਿੰਦਰ ਸਿੰਘ ਜੀ ਨੇ ਖੁਦ ਨੂੰ ਐਗਰੀਮਾਰਕਿਟਿੰਗ ਦੇ ਬਾਰੇ ਵੀ ਅੱਪਡੇਟ ਕੀਤਾ ਅਤੇ ਉਨ੍ਹਾਂ ਦਾ ਕੰਮ ਫਾਰਮ ਟੂ ਫੋਰਕ ਦੇ ਸਿਧਾਂਤ ‘ਤੇ ਤਰੱਕੀ ਕਰ ਰਿਹਾ ਹੈ। ਉਨ੍ਹਾਂ ਅਤੇ ਉਨ੍ਹਾਂ ਦੇ 12 ਦੋਸਤਾਂ ਨੇ ਸਰਕਾਰੀ ਵਿਭਾਗਾਂ ਦੀ ਮਦਦ ਨਾਲ ਡ੍ਰਿਪ ਸਿੰਚਾਈ, ਸੋਲਰ ਪੰਪ ਅਤੇ ਹੋਰ ਕ੍ਰਿਸ਼ੀ ਯੰਤਰ ਸਥਾਪਿਤ ਕੀਤੇ ਹਨ ਅਤੇ ਕਿਸਾਨ ਵੈੱਲਫੇਅਰ ਕਲੱਬ ਵੀ ਸਥਾਪਿਤ ਕੀਤਾ, ਜਿਸਦੀ ਮੈਂਬਰਸ਼ਿਪ 5000 ਰੁਪਏ ਹੈ, ਤਾਂ ਕਿ ਭਵਿੱਖ ਵਿੱਚ ਹੋਰ ਮਸ਼ੀਨਰੀ ਜਿਵੇਂ ਕਿ ਰੋਟਾਵੇਟਰ, ਪਾਵਰ ਸਪਰੇਅ ਅਤੇ ਸੀਡ ਡਰਿੱਲ ਖਰੀਦ ਸਕਣ ਅਤੇ ਜੈਵਿਕ ਖੇਤੀ ਨੂੰ ਹੋਰ ਅੱਗੇ ਲਿਆਉਣ ਲਈ ਗਰੁੱਪ ਦੇ ਮੈਂਬਰਾਂ ਨੇ ਹਲਦੀ, ਦਾਲ, ਮੱਕੀ ਅਤੇ ਬਾਸਮਤੀ ਜੈਵਿਕ ਤਰੀਕੇ ਨਾਲ ਉਗਾਉਣੀ ਸ਼ੁਰੂ ਕੀਤੀ ਅਤੇ ਆਪਣੇ ਜੈਵਿਕ ਖਾਣ-ਯੋਗ ਉਤਪਾਦਾਂ ਦੀ ਮਾਰਕੀਟ ਨੂੰ ਵਧਾਉਣ ਲਈ, ਉਨ੍ਹਾਂ ਨੇ ਵੱਟਸਐਪ ਗਰੁੱਪ ਰਾਹੀਂ ਕਿਸਾਨਾਂ ਨੂੰ ਆਪਣੇ ਨਾਲ ਜੋੜਿਆ। ਉਹ ਗ੍ਰਾਹਕਾਂ ਅਤੇ ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਜੋੜਨ ਅਤੇ ਉਚਿੱਤ ਉਤਪਾਦ ਮੁਹੱਈਆ ਕਰਵਾਉਣ ਲਈ, ਮੋਹਾਲੀ ਵਿੱਚ 30 ਘਰਾਂ ਨੂੰ ਸਿੱਧੇ ਤੌਰ ‘ਤੇ ਆਪਣੇ ਉਤਪਾਦ ਵੇਚਦੇ ਹਨ ਅਤੇ ਛੇਤੀ ਹੀ ਉਹ ਵੈੱਬਸਾਈਟ ਰਾਹੀਂ ਆਪਣੀਆਂ ਸੇਵਾਵਾਂ ਸ਼ੁਰੂ ਕਰਨਗੇ।
ਕਿਸਾਨਾਂ ਲਈ ਸੰਦੇਸ਼
“ਕਿਸਾਨਾਂ ਨੂੰ ਛੋਟੇ ਸਮੂਹ ਬਣਾ ਕੇ ਮਿਲ-ਜੁਲ ਕੇ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਇਸ ਤਰੀਕੇ ਨਾਲ ਖੇਤੀਬਾੜੀ ਦੀ ਮਸ਼ੀਨਰੀ ਨੂੰ ਖਰੀਦਣਾ ਅਤੇ ਵਰਤਣਾ ਅਸਾਨ ਹੁੰਦਾ ਹੈ। ਸਮੂਹ ਵਿੱਚ ਮਸ਼ੀਨਾਂ ਦੀ ਵਰਤੋਂ ਕਰਨ ਨਾਲ ਖਰਚਾ ਘੱਟ ਹੁੰਦਾ ਹੈ, ਜੋ ਕਿ ਇੱਕ ਲਾਭਦਾਇਕ ਉੱਦਮ ਹੈ। ਮੈਂ ਵੀ ਇਸ ਤਰ੍ਹਾਂ ਹੀ ਕਰਦਾ ਹਾਂ। ਮੈਂ ਵੀ ਇੱਕ ਗਰੁੱਪ ਬਣਾਇਆ ਹੈ, ਜਿਸ ਵਿੱਚ ਗਰੁੱਪ ਦੇ ਨਾਮ ‘ਤੇ ਮਸ਼ੀਨਾਂ ਖਰੀਦੀਆਂ ਜਾਂਦੀਆਂ ਹਨ ਅਤੇ ਗਰੁੱਪ ਦੇ ਸਾਰੇ ਮੈਂਬਰ ਇਨ੍ਹਾਂ ਦੀ ਵਰਤੋਂ ਕਰ ਸਕਦੇ ਹਨ।”