ਖੁਸ਼ੀ ਰਾਮ

ਪੂਰੀ ਸਟੋਰੀ ਪੜ੍ਹੋ

ਸਿੱਖਣ ਦੇ ਚਾਹਵਾਨ ਵਿਅਕਤੀ ਲਈ ਕੋਈ ਸੀਮਾ ਨਹੀਂ

ਖੁਸ਼ੀ ਰਾਮ ਜੀ ਟਿਹਰੀ, ਉੱਤਰਾਖੰਡ ਦੇ ਰਹਿਣ ਵਾਲੇ ਹਨ, ਅਤੇ ਇਹ ਹੈ ਉਹਨਾਂ ਦਾ ਇੱਕ ਆਮ ਕਿਸਾਨ ਤੋਂ ਪ੍ਰਗਤੀਸ਼ੀਲ ਕਿਸਾਨ ਬਣਨ ਦਾ ਅਨੋਖਾ ਸਫ਼ਰ।

ਸ਼ੁਰੂਆਤ

ਉਹਨਾਂ ਦੇ ਮਾਤਾ-ਪਿਤਾ ਰਵਾਇਤੀ ਖੇਤੀ ਦਾ ਅਭਿਆਸ ਕਰਦੇ ਸਨ ਅਤੇ ਫਿਰ ਖੁਸ਼ੀ ਰਾਮ ਜੀ ਨੇ ਆਪਣੇ ਵੱਡਿਆਂ ਦੇ ਤਜ਼ਰਬੇ ਨੂੰ ਵਿਗਿਆਨਕ ਤਕਨੀਕਾਂ ਨੂੰ ਜੋੜਿਆ ਜਿਹਨਾਂ ਦੀ ਸਿਖਲਾਈ ਉਹਨਾਂ ਨੇ ਕੇ.ਵੀ.ਕੇ, ਰਾਣੀਚੌਰੀ ਤੋਂ ਲਈ। 2002 ਤੱਕ ਉਹਨਾਂ ਨੇ ਖੇਤੀ ਨੂੰ ਇੱਕ ਕਿੱਤੇ ਵਜੋਂ ਅਪਣਾਉਣ ਦੀ ਯੋਜਨਾ ਨਹੀਂ ਬਣਾਈ ਸੀ ਪਰ ਉਸਦੇ ਮਾਤਾ-ਪਿਤਾ ਦੀ  ਖ਼ਰਾਬ ਸਿਹਤ ਅਤੇ ਪੰਜ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ ਹੋਣ ਕਾਰਨ ਖੁਸ਼ੀ ਰਾਮ ਜੀ ਨੂੰ ਇਹ ਜ਼ਿੰਮੇਵਾਰੀ ਲੈਣੀ ਪਈ। ਬਾਅਦ ਵਿੱਚ ਉਹਨਾਂ ਨੂੰ ਖੇਤੀ ਪਸੰਦ ਆਉਣ ਲੱਗ ਪਾਈ ਅਤੇ ਕੁਝ ਹੀ ਸਮੇਂ ਵਿੱਚ ਉਹ ਕੁਦਰਤ ਦੇ ਦੀਵਾਨੇ ਹੋ ਗਏ ਅਤੇ ਆਪਣੇ ਖੇਤ ਵਿੱਚ ਵੱਖ-ਵੱਖ ਫ਼ਸਲਾਂ ਉਗਾਉਣ ਦਾ ਤਜਰਬਾ ਕਰਨ ਲੱਗੇ।

ਫਸਲ ਉਤਪਾਦਨ ਅਤੇ ਟੈਕਨੋਲੋਜੀ

ਉਹਨਾਂ ਕੋਲ ਕੁੱਲ 4 ਏਕੜ ਜ਼ਮੀਨ ਹੈ, ਜਿਸ ਵਿੱਚ ਉਹ ਵੱਖ-ਵੱਖ ਤਰ੍ਹਾਂ ਦੇ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਕਰਦੇ ਹਨ ਜਿਹਨਾਂ ਵਿੱਚੋਂ ਟਮਾਟਰ, ਸ਼ਿਮਲਾ ਮਿਰਚ, ਖੀਰਾ, ਬੈਂਗਣ, ਖੁੰਬ, ਕਣਕ, ਰਾਜਮਾ, ਸਟ੍ਰਾਬੇਰੀ ਅਤੇ ਕੀਵੀ ਕੁਝ ਮੁੱਖ ਫ਼ਸਲਾਂ ਹਨ। ਉਹਨਾਂ ਨੇ 5 ਪੌਲੀਹਾਊਸ ਬਣਾਏ ਹਨ, ਜਿਨ੍ਹਾਂ ਵਿੱਚੋਂ ਦੋ ਪੋਲੀਹਾਊਸ ਵਿੱਚ ਉਹ ਟਮਾਟਰ ਉਗਾਉਂਦੇ ਹਨ, ਇੱਕ ਪੋਲੀਹਾਊਸ ਵਿੱਚ ਉਹਨਾਂ ਨੇ ਨਰਸਰੀ ਲਗਾਈ ਹੈ ਅਤੇ ਬਾਕੀ ਦੋ ਵਿੱਚ ਉਹ ਕ੍ਰਮਵਾਰ ਖੀਰੇ ਅਤੇ ਸ਼ਿਮਲਾ ਮਿਰਚਾਂ ਦੀ ਕਾਸ਼ਤ ਕਰਦੇ ਹਨ।
ਉਹ ਬਰੋਕਲੀ ਅਤੇ ਕੇਲ, ਪਾਰਸਲੇ ਅਤੇ ਮਿਜ਼ੁਨਾ ਦੀਆਂ ਜਾਪਾਨੀ ਕਿਸਮਾਂ ਵੀ ਉਗਾਉਂਦੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਆਪਣੀ ਜ਼ਮੀਨ ‘ਤੇ ਆੜੂ ਦੇ 350 ਪੌਦੇ ਵੀ ਲਗਾਏ ਹੋਏ ਹਨ। ਇਸ ਤੋਂ ਇਲਾਵਾ, ਉਹ ਛੋਟੇ ਪੈਮਾਨੇ ‘ਤੇ ਐਕੁਆਕਲਚਰ ਅਤੇ ਪੋਲਟਰੀ ਫਾਰਮਿੰਗ ਦਾ ਅਭਿਆਸ ਵੀ ਕਰਦੇ ਹਨ। ਉਹ ਆਮ ਤੌਰ ‘ਤੇ ਜੈਵਿਕ ਖੇਤੀ ਦਾ ਅਭਿਆਸ ਕਰਦੇ ਹਨ  ਜਿੱਥੇ ਉਹ ਆਪਣੇ ਫਾਰਮ ਵਿੱਚ ਪਸ਼ੂਆਂ ਦੇ ਮਲ-ਮੂਤਰ, ਟ੍ਰਾਈਕੋਡਰਮਾ ਅਤੇ ਸੂਡੋਮੋਨਾਸ ਵਰਗੀਆਂ ਜੈਵਿਕ ਖਾਦਾਂ ਦੀ ਵਰਤੋਂ ਕਰਦੇ ਹਨ ਪਰ ਕਈ ਵਾਰ ਉਹਨਾਂ ਨੂੰ ਕੀਟ ਪ੍ਰਬੰਧਨ ਲਈ ਲੋੜ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਵੀ ਕਰਨੀ ਪੈਂਦੀ ਹੈ।
ਖੁਸ਼ੀ ਰਾਮ ਜੀ ਅਜਿਹੇ ਇਲਾਕੇ ਵਿੱਚ ਰਹਿੰਦੇ ਹਨ ਜਿੱਥੇ ਪਾਣੀ ਦੀ ਕਮੀ ਹੈ। ਇਸ ਸਮੱਸਿਆ ਨਾਲ ਲੜਨ ਲਈ ਉਹਨਾਂ ਨੇ ਬਾਰਿਸ਼ ਦੇ ਪਾਣੀ ਦੀ ਸੰਭਾਲ, ਤੁਪਕਾ ਸਿੰਚਾਈ, ਫੁਹਾਰਾ ਸਿੰਚਾਈ, ਪਲਾਸਟਿਕ ਮਲਚਿੰਗ ਅਤੇ ਮਾਈਕ੍ਰੋ ਸਿੰਚਾਈ ਸਮੇਤ ਕਈ ਬਿਹਤਰ ਤਕਨੀਕਾਂ ਨੂੰ ਅਪਣਾਇਆ ਹੈ।
ਉਹਨਾਂ ਨੇ ਕਦੇ ਵੀ ਸਿੱਖਣਾ ਬੰਦ ਨਹੀਂ ਕੀਤਾ ਅਤੇ ਖੇਤੀਬਾੜੀ ਦੇ ਵਿਸ਼ਾਲ ਖੇਤਰ ਵਿੱਚ ਸਿੱਖਣ ਵਾਲੇ ਨਵੇਂ ਗਿਆਨ ਨਾਲ ਪ੍ਰਯੋਗ ਕਰਦੇ ਰਹੇ। ਉਹਨਾਂ ਦਾ ਮੁੱਖ ਉਦੇਸ਼ ਆਪਣੀ ਆਮਦਨ ਵਧਾਉਣਾ ਸੀ ਅਤੇ ਇਸ ਤਰ੍ਹਾਂ ਉਹਨਾਂ ਨੇ ਸ਼ੁਰੂ ਵਿੱਚ ਪੋਲਟਰੀ ਫਾਰਮਿੰਗ ਨਾਲ ਸ਼ੁਰੂਆਤ ਕੀਤੀ ਜੋ ਸਫਲ ਨਹੀਂ ਹੋ ਸਕੀ ਅਤੇ ਬਾਅਦ ਵਿੱਚ ਉਹਨਾਂ ਨੇ ਮਸ਼ਰੂਮ ਦੀ ਖੇਤੀ ਕਰਨ ਦਾ ਮਨ ਬਣਾਇਆ ਜਿਸ ਵਿੱਚ ਉਹਨਾਂ ਨੂੰ ਮੁਨਾਫਾ ਹੋਇਆ।

ਇੱਕ ਮਿਸਾਲ ਕਾਇਮ ਕੀਤੀ

ਉਹਨਾਂ ਦੀ ਸਫਲਤਾ ਦੂਜਿਆਂ ਲਈ ਇੱਕ ਮਿਸਾਲ ਬਣ ਗਈ ਜਿਸਨੇ ਦੂਜੇ ਕਿਸਾਨਾਂ ਨੂੰ ਸਖਤ ਮਿਹਨਤ ਕਰਨ ਅਤੇ ਸਫਲ ਹੋਣ ਲਈ ਪ੍ਰੇਰਿਤ ਕੀਤਾ ਹੈ। ਵਾਢੀ ਦੇ ਮੌਸਮ ਵਿੱਚ ਜਦੋਂ ਕੰਮ ਦਾ ਬੋਝ ਵੱਧ ਜਾਂਦਾ ਹੈ ਤਾਂ ਉਹ ਆਪਣੇ ਪਿੰਡ ਦੀਆਂ ਔਰਤਾਂ ਦੀ ਮਦਦ ਲੈਂਦੇ ਹਨ। ਖੁਸ਼ੀ ਰਾਮ ਜੀ ਔਰਤਾਂ ਲਈ ਰੁਜ਼ਗਾਰ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਤੌਰ ‘ਤੇ ਕੰਮ ਕਰਨ ਅਤੇ ਰੋਜ਼ਗਾਰ ਕਮਾਉਣ ਲਈ ਸੁਤੰਤਰ ਬਣਾਉਦੇ ਹਨ। ਪਿਛਲੇ ਸੀਜ਼ਨ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਆਪਣੇ ਰੁਝੇਵੇਆਂ ਦੇ ਕਾਰਨ ਅਗਲੇ ਸੀਜ਼ਨ ਵਿੱਚ ਕੰਮ ਨਹੀਂ ਕਰ ਪਾਉਂਦੀਆ, ਤਾਂ ਇੱਕ ਨਵਾਂ ਗਰੁੱਪ ਆਉਂਦਾ ਹੈ ਅਤੇ ਖੁਸ਼ੀ ਰਾਮ ਜੀ ਉਨ੍ਹਾਂ ਨੂੰ ਸਿਖਲਾਈ ਦਿੰਦੇ ਹਨ ਅਤੇ ਉਹਨਾਂ ਦਾ ਮਾਰਗਦਰਸ਼ਨ ਕਰਦੇ ਹਨ।

ਸਹਾਇਕ ਥੰਮ੍ਹ

ਉਹ ਸਰਕਾਰ ਅਤੇ ਉਨ੍ਹਾਂ ਸਾਰੀਆਂ ਸਕੀਮਾਂ ਲਈ ਧੰਨਵਾਦੀ ਹਨ ਜੋ ਕਿਸਾਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਮਦਦ ਕਰਦੀਆਂ ਹਨ। ਉਹਨਾਂ ਦੇ ਸਾਰੇ ਪੋਲੀਹਾਊਸ ਅਤੇ ਖੇਤੀ ਮਸ਼ੀਨਰੀ 80% ਸਬਸਿਡੀ ਦੇ ਅਧੀਨ ਹਨ ਅਤੇ ਪ੍ਰਤੀ ਪੌਲੀਹਾਊਸ ਉਹਨਾਂ ਨੂੰ ਸਿਰਫ 24000 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਹੈ। ਕ੍ਰਿਸ਼ੀ ਵਿਗਿਆਨ ਕੇਂਦਰ, ਰਾਣੀਚੌਰੀ ਨੇ ਸ਼ੁਰੂ ਤੋਂ ਹੀ ਉਹਨਾਂ ਨੂੰ ਖੇਤੀਬਾੜੀ ਸਕੀਮਾਂ ਨੂੰ ਸਮਝਣ ਅਤੇ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਨੂੰ ਸ਼ਾਮਿਲ ਕਰਨ ਲਈ ਉਹਨਾਂ ਦੀ ਮਦਦ ਕੀਤੀ ਹੈ। ਉਹਨਾਂ ਨੇ ਬਾਗਬਾਨੀ ਵਿਭਾਗ ਦੀ ਮਦਦ ਨਾਲ ਆਪਣੇ ਫਾਰਮ ‘ਤੇ ਸੇਬਾਂ ਦੇ 500 ਉੱਚ-ਘਣਤਾ ਵਾਲੇ ਪੌਦੇ ਲਗਾਏ ਹਨ। ਉਹਨਾਂ ਦੇ ਇਲਾਕੇ ਦੇ ਵਿੱਚ ਕੁਝ ਸਾਲਾਂ ਤੋਂ ਬਰਫ ਘੱਟ ਪੈਂਦੀ ਹੈ ਜਿਸਦੇ ਕਾਰਨ ਉਹਨਾਂ ਨੇ ਸੇਬ ਦੀਆਂ M9 ਅਤੇ M26 ਕਿਸਮਾਂ ਦੀ ਖੇਤੀ ਕੀਤੀ ਹੈ, ਉਹ ਆਪਣੇ ਖੇਤਰ ਵਿੱਚ ਇਹਨਾਂ ਨੂੰ ਉਗਾਉਣ ਵਾਲੇ ਪਹਿਲੇ ਕਿਸਾਨ ਹਨ ਅਤੇ ਆਉਣ ਵਾਲੇ ਸੀਜ਼ਨ ਵਿੱਚ ਝਾੜ ਨੂੰ ਦੇਖ ਕੇ ਬਹੁਤ ਉਤਸ਼ਾਹਿਤ ਹਨ।

ਚੁਣੌਤੀਆਂ

ਸਭ ਤੋਂ ਪਹਿਲਾਂ, ਉਹਨਾਂ ਦੇ ਇਲਾਕੇ ਵਿੱਚ ਪੈਦਾਵਾਰ ਜੰਗਲੀ ਜਾਨਵਰਾਂ ਦੁਆਰਾ ਕੀਤੇ ਗਏ ਵਿਨਾਸ਼ ਦੁਆਰਾ ਪ੍ਰਭਾਵਿਤ ਹੁੰਦੀ ਹੈ। ਦਿਨ ਵੇਲੇ ਬਾਂਦਰਾਂ ਅਤੇ ਰਾਤ ਨੂੰ ਸੂਰਾਂ ਤੋਂ ਖੇਤ ਦਾ ਨਿਰੀਖਣ ਕਰਨ ਵਾਲਾ ਵਿਅਕਤੀ ਹੋਣਾ ਚਾਹੀਦਾ ਹੈ। ਇੱਕ ਹੋਰ ਚੁਣੌਤੀ ਜਿਸਦਾ ਉਸਨੂੰ ਸਾਹਮਣਾ ਕਰਨਾ ਪੈਂਦਾ ਹੈ ਉਹ ਹੈ ‘ਮਾਰਕੀਟ ਲਿੰਕੇਜ’ ਕਿਉਂਕਿ ਉਹਨਾਂ ਇਲਾਕਾ ਛੋਟਾ ਹੈ ਅਤੇ ਉਹਨਾਂ ਦਾ ਵਾਪਰ ਸਿਰਫ ਚੰਬਾ, ਰਿਸ਼ੀਕੇਸ਼ ਅਤੇ ਦੇਹਰਾਦੂਨ ਤੱਕ ਹੀ ਸੀਮਿਤ ਹੈ। ਸਲਾਨਾ ਮੁਨਾਫਾ ₹ 7 ਲੱਖ ਪ੍ਰਤੀ ਸਲਾਨਾ ਤੱਕ ਜਾਂਦਾ ਹੈ ਪਰ ਹੜ੍ਹ, ਬੱਦਲ ਫਟਣ ਆਦਿ ਵਰਗੀਆਂ ਕੁਦਰਤੀ ਆਫ਼ਤਾਂ ਕਾਰਨ ਜ਼ਿਆਦਾਤਰ ਕਮਾਈ ਨਾਲੋਂ ਵੱਧ ਨੁਕਸਾਨ ਹੁੰਦਾ ਹੈ।

ਪ੍ਰਾਪਤੀਆਂ

  • 2022 ਵਿੱਚ ICAR- ਭਾਰਤੀ ਖੇਤੀ ਖੋਜ ਸੰਸਥਾਨ, ਨਵੀਂ ਦਿੱਲੀ ਦੁਆਰਾ ਨਵੀਨਤਾਕਾਰੀ ਕਿਸਾਨ ਪੁਰਸਕਾਰ ਵਜੋਂ ਸਨਮਾਨਿਆ ਗਿਆ
  • 2022 ਵਿੱਚ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਦੁਆਰਾ ਖੁੰਬਾਂ ਦੀ ਖੇਤੀ ਦੇ ਖੇਤਰ ਵਿੱਚ ਲਗਾਤਾਰ ਯਤਨਾਂ ਲਈ ਪ੍ਰਸ਼ੰਸਾ ਕੀਤੀ ਗਈ।
  • 2019 ਵਿੱਚ ISHRD ਦੇਵ ਭੂਮੀ ਬਾਗਵਾਨੀ ਪੁਰਸਕਾਰ (2014-2018) ਨਾਲ ਸਨਮਾਨਿਤ ਕੀਤਾ ਗਿਆ।

ਕਿਸਾਨਾਂ ਨੂੰ ਸੁਨੇਹਾ

ਉਹ ਕਿਸਾਨਾਂ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਘੱਟ ਕਰਨ ਦੀ ਸਲਾਹ ਦਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਜਹਿਰਾਂ ਦੀ ਵਰਤੋਂ ਘਟਾ ਕੇ ਜਾ ਜੈਵਿਕ ਖੇਤੀ ਵੱਲ ਰੁਖ ਕਰਕੇ ਮਨੁੱਖ ਇੱਕ ਸਿਹਤਮੰਦ ਜੀਵਨ ਜੀ ਸਕਦਾ ਹੈ ।

ਭਵਿੱਖ ਦੀਆਂ ਯੋਜਨਾਵਾਂ

ਉਹਨਾਂ ਦਾ ਮੁੱਖ ਉਦੇਸ਼ ਆਪਣੇ ਉਤਪਾਦਾਂ ਨੂੰ ਹੋਰ ਬਾਜ਼ਾਰਾਂ ਤੱਕ ਪਹੁੰਚਾਉਣਾ ਹੈ ਅਤੇ ਏਕੀਕ੍ਰਿਤ ਕਿਸਾਨ ਪ੍ਰਣਾਲੀ  ਨੂੰ ਆਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨਾ ਹੈ।

ਜਪਿੰਦਰ ਵਧਾਵਨ

ਪੂਰੀ ਕਹਾਣੀ ਪੜ੍ਹੋ

ਖੇਤੀ ਮਸ਼ੀਨਰੀ ਵਿੱਚ ਰਫ਼ਤਾਰ ਦੇ ਨਾਲ ਛਾ ਰਿਹਾ ਨੌਜਵਾਨ ਇੰਜੀਨਅਰ – ਜਪਿੰਦਰ ਵਧਾਵਨ

ਕਿਹਾ ਜਾਂਦਾ ਹੈ ਕਿ ਜੇਕਰ ਕਿਸੇ ਕੰਮ ਨੂੰ ਕਰਨ ਦਾ ਪੱਕਾ ਇਰਾਦਾ ਬਣਾ ਲਿਆ ਜਾਵੇ ਤਾਂ ਫਿਰ ਸਫ਼ਲਤਾ ਅੱਗੇ – ਅੱਗੇ ਭੱਜਦੀ ਹੈ ਤੇ ਇਸੇ ਕਹਾਵਤ ਨੂੰ ਸੱਚ ਕਰ ਦਿਖਾਇਆ ਹੈ ਇੱਕ ਨੌਜਵਾਨ ਇੰਜੀਨਅਰ ਨੇ ਜਿਸਦਾ ਨਾਮ ਹੈ ਜਪਿੰਦਰ ਵਧਾਵਨ।

ਜਪਿੰਦਰ ਜੀ ਨੇ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਨੂੰ ਖੇਤੀ ਦੇ ਖੇਤਰ ਨਾਲ ਜੋੜਿਆ, ਕਿਉਂਕਿ ਕਿਸਾਨ ਤੇ ਖੇਤੀਬਾੜੀ ਦਾ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਹੈ। ਖੇਤੀ ਲਈ ਮਸ਼ੀਨਰੀ ਦੀ ਲੋੜ ਵੀ ਸਮੇਂ ਸਮੇਂ ਤੇ ਬਦਲਦੀ ਰਹਿੰਦੀ ਹੈ। ਨਵੀ ਮਸ਼ੀਨਰੀ ਨਾਲ ਫ਼ਸਲ ਬੀਜਣ ਤੋਂ ਲੈ ਕੇ ਪ੍ਰੋਸੈਸਿੰਗ ਤੱਕ ਦੇ ਸਾਰੇ ਕੰਮ ਆਸਾਨੀ ਨਾਲ ਅਤੇ ਘੱਟ ਸਮੇਂ ਵਿੱਚ ਹੋ ਜਾਂਦੇ ਹਨ। ਪਰ ਇਹ ਮਹਿੰਗੀਆਂ ਮਸ਼ੀਨਾਂ ਖਰੀਦਣੀਆਂ ਹਰ ਕਿਸਾਨ ਦੇ ਵੱਸ ਵਿੱਚ ਨਹੀਂ ਹੁੰਦਾ। ਕਿਸਾਨਾਂ ਦੀ ਇਸ ਮੁਸ਼ਕਿਲ ਨੂੰ ਸਮਝਿਆ ਨੌਜਵਾਨ ਇੰਜੀਨੀਅਰ ਜਪਿੰਦਰ ਵਧਾਵਨ ਨੇ, ਜਿਹਨਾਂ ਨੂੰ ਰਫ਼ਤਾਰ ਇੰਜੀਨੀਅਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਮੋਹਾਲੀ ਦੇ ਰਹਿਣ ਵਾਲੇ ਇਸ ਨੌਜਵਾਨ ਇੰਜੀਨੀਅਰ ਦਾ ਨਾਮ, ਘੱਟ ਪੈਸੇ ਵਿੱਚ ਤੇ ਕਿਸਾਨ ਦੀ ਲੋੜ ਅਤੇ ਮੰਗ ਅਨੁਸਾਰ ਮਸ਼ੀਨਾ ਤਿਆਰ ਕਰਨ ਲਈ ਵੱਖਰੇ ਤੌਰ ਤੇ ਮਸ਼ਹੂਰ ਹੈ।

ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਵਾਲੇ ਜਪਿੰਦਰ ਵਧਾਵਨ ਪਹਿਲਾਂ ਖੇਤੀ ਖੇਤਰ ਦੇ ਬਾਰੇ ਬਿਲਕੁਲ ਅਣਜਾਣ ਸਨ। ਉਹਨਾਂ ਨੇ ਪਹਿਲਾਂ ਅਸਿਸਟੈਂਟ ਪ੍ਰੋਫੈਸਰ ਅਤੇ ਮੇਨਟੇਨੈੱਸ ਇੰਜੀਨੀਅਰ ਦੇ ਤੌਰ ‘ਤੇ ਨੌਕਰੀ ਕੀਤੀ। ਅਚਾਨਕ ਹੀ ਸਬੱਬ ਨਾਲ ਉਹਨਾਂ ਨੂੰ ਦਿੱਲੀ ਵਿਖੇ ਹੋਏ ਮੇਕ ਇਨ ਇੰਡੀਆ ਇਵੇਂਟ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਇਸ ਇਵੇਂਟ ਵਿੱਚ ਉਹਨਾਂ ਦੀ ਮੁਲਾਕਾਤ ਇੱਕ ਕਿਸਾਨ ਸ. ਹਰਪਾਲ ਸਿੰਘ ਗਰੇਵਾਲ ਜੀ ਨਾਲ ਹੋਈ, ਜੋ ਉੱਥੇ ਰੋਟਾਵੇਟਰ ਲੈਣ ਲਈ ਆਏ ਸਨ। ਜਪਿੰਦਰ ਜੀ ਨੇ ਕਿਸਾਨ ਦੀ ਲੋੜ ਨੂੰ ਸਮਝਦੇ ਹੋਏ ਉਹਨਾਂ ਨੂੰ 10 ਫੁੱਟਾ ਰੋਟਾਵੇਟਰ ਤਿਆਰ ਕਰਕੇ ਦੇਣ ਦਾ ਵਾਅਦਾ ਕਰ ਦਿੱਤਾ। ਹਰਪਾਲ ਜੀ ਨੇ ਮਸ਼ੀਨ ਤਿਆਰ ਕਰਨ ਲਈ ਜਪਿੰਦਰ ਦੇ ਬੈਂਕ-ਅਕਾਊਂਟ ਵਿੱਚ 40000 ਰੁਪਏ ਵੀ ਪਵਾ ਦਿੱਤੇ। ਪਰ ਜਪਿੰਦਰ ਨੇ ਕਦੇ ਵੀ ਇਸ ਤਰ੍ਹਾਂ ਦੀ ਕੋਈ ਮਸ਼ੀਨ ਤਿਆਰ ਨਹੀਂ ਕੀਤੀ ਸੀ, ਪਰ ਉਹ ਆਪਣਾ ਕੀਤਾ ਹੋਇਆ ਵਾਅਦਾ ਵੀ ਨਹੀਂ ਤੋੜਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਰੋਟਾਵੇਟਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ।

ਆਪਣੀ ਮਿਹਨਤ ਦੇ ਸਦਕਾ ਉਹਨਾਂ ਨੇ ਆਪਣੇ ਸਹਿਯੋਗੀਆਂ ਦੇ ਨਾਲ ਮਿਲ ਕੇ ਇੱਕ ਮਹੀਨੇ ਦੇ ਵਿੱਚ ਹੀ ਰੋਟਾਵੇਟਰ ਤਿਆਰ ਕਰ ਦਿੱਤਾ। ਜਪਿੰਦਰ ਦੀ ਇਹ ਪਹਿਲੀ ਕੋਸ਼ਿਸ਼ ਹੀ ਸਫ਼ਲ ਰਹੀ ਅਤੇ ਉਹਨਾਂ ਨੂੰ ਕਿਸਾਨਾਂ ਵੱਲੋਂ ਕਾਫੀ ਉਤਸ਼ਾਹਿਤ ਵੀ ਕੀਤਾ ਗਿਆ। ਇਸ ਤੋਂ ਬਾਅਦ ਜਪਿੰਦਰ ਨੇ ਆਪਣੇ ਵਿਹਲੇ ਸਮੇਂ ਵਿੱਚ ਕਿਸਾਨਾਂ ਨੂੰ ਮਿਲਣਾ ਅਤੇ ਉਹਨਾਂ ਨੂੰ ਪ੍ਰੋਸੈਸਿੰਗ ਦੇ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਸੰਬੰਧੀ ਪੇਸ਼ ਆਉਂਦੀਆਂ ਮੁਸ਼ਕਿਲਾਂ ਦੇ ਬਾਰੇ ਜਾਣਨਾ ਸ਼ੁਰੂ ਕੀਤਾ।

ਇਸ ਦੌਰਾਨ ਜਪਿੰਦਰ ਦੀ ਮੁਲਾਕਾਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤੀ ਵਪਾਰ ਵਿਸ਼ੇ ਦੇ ਮਾਹਿਰ ਤੇ ਪ੍ਰੋਫੈਸਰ ਡਾ. ਰਮਨਦੀਪ ਸਿੰਘ ਅਤੇ ਅਗਾਂਹਵਧੂ ਕਿਸਾਨ ਸੁੱਖੀ ਲੌਂਗੀਆ ਜੀ ਨਾਲ ਹੋਈ। ਇਨ੍ਹਾਂ ਸਖਸੀਅਤਾਂ ਤੋਂ ਜਪਿੰਦਰ ਨੇ ਕਿਸਾਨਾਂ ਨੂੰ ਪ੍ਰੋਸੈਸਿੰਗ ਵਿੱਚ ਆਉਣ ਵਾਲੀਆਂ ਦਿੱਕਤਾਂ ਬਾਰੇ ਹੋਰ ਬਾਰੀਕੀ ਨਾਲ ਜਾਣਿਆ ਅਤੇ ਅੱਗੇ ਵੱਧਣ ਦਾ ਹੋਂਸਲਾ ਵੀ ਮਿਲਿਆ।

“ਅੱਜ ਸਾਡੇ ਦੇਸ਼ ਵਿੱਚ ਬਹੁਤ ਸਾਰੇ ਕਿਸਾਨ ਖੁਦਖੁਸ਼ੀ ਕਰ ਰਹੇ ਹਨ, ਜੋ ਕਿ ਸਾਡੇ ਦੇਸ਼ ਲਈ ਇੱਕ ਸ਼ਰਮ ਵਾਲੀ ਗੱਲ ਹੈ। ਖੁਦਖੁਸ਼ੀ ਦਾ ਇੱਕ ਬੜਾ ਕਾਰਣ ਹੈ ਖੇਤੀ ਮਸ਼ੀਨਾਂ ਦੇ ਮਹਿੰਗੇ ਮੁੱਲ। ਇਹ ਮਹਿੰਗੀਆਂ ਮਸ਼ੀਨਾਂ ਬਹੁਤ ਘੱਟ ਗਿਣਤੀ ਕਿਸਾਨ ਹੀ ਖਰੀਦਦੇ ਹਨ। ਸੋ, ਅਸੀਂ ਕਿਸਾਨ ਲਈ ਉਹਨਾਂ ਦੀ ਲੋੜ ਨੂੰ ਸਮਝਦੇ ਹੋਏ ਘੱਟ ਮੁੱਲ ਵਿੱਚ ਮਸ਼ੀਨਾਂ ਤਿਆਰ ਕਰਨ ਦੀ ਕੋਸ਼ਿਸ਼ ਕਰਦੇ ਹਾਂ” – ਜਪਿੰਦਰ ਵਧਾਵਨ

ਜਪਿੰਦਰ ਨੂੰ ਦੂਜਾ ਪ੍ਰੋਜੈਕਟ ਮਿਲਿਆ ਹਲਦੀ ਉਬਾਲਣ ਵਾਲੀ ਮਸ਼ੀਨ ਦਾ। ਇਹ ਪ੍ਰੋਜੈਕਟ ਵੀ ਉਹਨਾਂ ਨੂੰ ਸਬੱਬ ਨਾਲ ਹੀ ਮਿਲਿਆ। ਇੱਕ ਬੱਸ ਵਿੱਚ ਉਹਨਾਂ ਦੀ ਮੁਲਾਕਾਤ ਇੱਕ ਕਿਸਾਨ ਨਾਲ ਹੋਈ, ਜੋ ਕਿ ਹਲਦੀ ਬਾਇਲਰ ਮਸ਼ੀਨ ਬਣਾਉਣਾ ਚਾਹੁੰਦੇ ਹਨ। ਇੱਕ ਮਹੀਨੇ ਦੇ ਅੰਦਰ-ਅੰਦਰ ਜਪਿੰਦਰ ਨੇ ਹਲਦੀ ਬਾਇਲਰ ਤਿਆਰ ਕਰ ਦਿੱਤਾ। ਇਸ ਤੋਂ ਬਾਅਦ ਜਪਿੰਦਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹਨਾਂ ਨੂੰ ਕਿਸਾਨਾਂ ਵੱਲੋਂ ਜੋ ਵੀ ਪ੍ਰੋਜੈਕਟ ਮਿਲੇ ਉਹਨਾਂ ਨੇ ਆਪਣੀ ਮਿਹਨਤ ਦੇ ਸਦਕਾ ਕਿਸਾਨਾਂ ਦੀ ਉਮੀਦਾਂ ‘ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਉਹ ਇਸ ਕੰਮ ਵਿੱਚ ਸਫ਼ਲ ਵੀ ਹੋਏ।

ਇਨ੍ਹਾਂ ਪ੍ਰੋਜੈਕਟਾਂ ਵਿੱਚ ਮਿਲੀ ਸਫ਼ਲਤਾ ਤੋਂ ਬਾਅਦ ਜਪਿੰਦਰ ਨੇ ਆਪਣੇ ਸਹਿਯੋਗੀ ਸਾਥੀਆਂ ਦੇ ਨਾਲ ਮਿਲ ਕੇ ਇੱਕ ਟੀਮ ਬਣਾਈ ਅਤੇ ਇਸ ਟੀਮ ਨੂੰ ਨਾਮ ਦਿੱਤਾ ਗਿਆ – ਰਫ਼ਤਾਰ ਪ੍ਰੋਫੈਸ਼ਨਲ ਇੰਜੀਨੀਅਰਿੰਗ ਕੰਪਨੀ। ਇਨ੍ਹਾਂ ਦੀ ਇਸ ਟੀਮ ਦੇ ਵਿੱਚ ਲਗਭੱਗ 15 ਵੱਖ-ਵੱਖ ਵਿਸ਼ਿਆਂ ਦੇ ਇੰਜੀਨੀਅਰ ਅਤੇ ਕਾਲਜਾਂ ਦੇ ਵਿਦਿਆਰਥੀ ਸ਼ਾਮਿਲ ਹਨ, ਜੋ ਕਿ ਆਪਣੇ ਵਿਸ਼ੇ ਵਿੱਚ ਪੂਰੀ ਮੁਹਾਰਤ ਰੱਖਦੇ ਹਨ।

ਆਪਣੇ ਹੁਨਰ ਨੂੰ ਹੋਰ ਕਿਸਾਨਾਂ ਅਤੇ ਲੋਕਾਂ ਤੱਕ ਪਹੁੰਚਾਉਣ ਲਈ ਜਪਿੰਦਰ ਆਪਣੀ ਟੀਮ ਦੁਆਰਾ ਤਿਆਰ ਕੀਤੀਆਂ ਮਸ਼ੀਨਾਂ ਦੀਆਂ ਵੀਡੀਓ ਸੋਸ਼ਲ ਮੀਡਿਆ ਰਾਹੀਂ ਹੋਰ ਕਿਸਾਨਾਂ ਨਾਲ ਸ਼ੇਅਰ ਕਰਦੇ ਹਨ ਜਿਸ ਨਾਲ ਹੋਰ ਵੀ ਕਿਸਾਨ ਉਨ੍ਹਾਂ ਨਾਲ ਜੁੜਦੇ ਹਨ।

“ਜੇ ਅਸੀਂ ਆਸਾਨ ਸ਼ਬਦਾਂ ਵਿੱਚ ਕਹੀਏ, ਤਾਂ ਅਸੀਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹਾਂ। ਅਸੀਂ ਕਿਸਾਨ ਦੀ ਜ਼ਰੂਰਤ ਦੇ ਅਨੁਸਾਰ ਮਸ਼ੀਨ ਤਿਆਰ ਕਰਦੇ ਹਾਂ, ਜਿਸ ਨਾਲ ਉਹ ਨਵੀ ਤਕਨੀਕ ਨੂੰ ਅਪਨਾ ਸਕਣ ਅਤੇ ਆਪਣੀ ਕਮਾਈ ਵਿੱਚ ਵਾਧਾ ਕਰ ਸਕਣ” – ਜਪਿੰਦਰ ਵਧਾਵਨ

ਰਫ਼ਤਾਰ ਇੰਜੀਨੀਅਰਿੰਗ ਟੀਮ ਨਾਲ ਜੁੜੇ ਲਗਭੱਗ 300 ਕਿਸਾਨ ਵਿੱਚੋਂ 120 ਕਿਸਾਨ ਜੈਵਿਕ ਖੇਤੀ ਕਰਦੇ ਹਨ ਅਤੇ ਜਪਿੰਦਰ ਆਪ ਕਿਸਾਨਾਂ ਨੂੰ ਵੀ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕਰਦੇ ਹਨ। ਸਿਰਫ਼ ਪੰਜਾਬ ਹੀ ਨਹੀਂ ਸਗੋਂ ਹਰਿਆਣਾ, ਆਂਧਰਾ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ ਦੇ ਕਿਸਾਨ ਜਪਿੰਦਰ ਕੋਲੋਂ ਮਸ਼ੀਨਰੀ ਤਿਆਰ ਕਰਵਾਉਣ ਦੇ ਲਈ ਆਉਂਦੇ ਹਨ।

ਕਿਹਾ ਜਾਂਦਾ ਹੈ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸਫ਼ਲਤਾ ਦੇ ਨਾਲ-ਨਾਲ ਅਸਫ਼ਲਤਾ ਵੀ ਆਉਂਦੀ ਹੈ। ਰਫ਼ਤਾਰ ਇੰਜੀਨੀਅਰਿੰਗ ਟੀਮ ਹੁਣ ਤੱਕ 20 ਪ੍ਰੋਜੈਕਟ ਤੇ ਕੰਮ ਕਰ ਚੁੱਕੇ ਹਨ, ਜਿਹਨਾਂ ਵਿੱਚ 17 ਪ੍ਰੋਜੈਕਟ ਵਿੱਚ ਉਹਨਾਂ ਨੂੰ ਸਫ਼ਲਤਾ ਮਿਲੀ ਅਤੇ 3 ਪ੍ਰੋਜੈਕਟਸ ਵਿੱਚ ਅਸਫ਼ਲਤਾ। ਪਰ ਇਸ ਅਸਫ਼ਲਤਾ ਨੇ ਉਹਨਾਂ ਦੀ ਹਿੰਮਤ ਨਹੀਂ ਟੁੱਟਣ ਦਿੱਤੀ ਅਤੇ ਉਹਨਾਂ ਨੇ ਕੰਮ ਨੂੰ ਹੋਰ ਨਿਪੁੰਨਤਾ ਦੇ ਨਾਲ ਕਰਨ ਦਾ ਫੈਸਲਾ ਕੀਤਾ। ਜਪਿੰਦਰ ਦੇ ਨਾਲ ਉਹਨਾਂ ਦੀ 15 ਸਹਿਯੋਗੀਆਂ ਦੀ ਟੀਮ ਕਰਦੀ ਹੈ, ਜੋ ਹਰ ਕੰਮ ਵਿੱਚ ਉਹਨਾਂ ਦੀ ਮਦਦ ਕਰਦੇ ਹਨ।

ਜਪਿੰਦਰ ਦੁਆਰਾ ਤਿਆਰ ਕੀਤੀਆਂ ਗਈਆਂ ਮਸ਼ੀਨਾਂ –
  • ਰੋਟਾਵੇਟਰ
  • ਗਾਰਲਿਕ ਅਨੀਅਨ ਪੀਲਰ
  • ਜੈਗਰੀ ਪ੍ਰੋਸੈਸਿੰਗ ਫਰੇਮ
  • ਟਰਮਰਿਕ ਸਟੀਮ ਬਾਇਲਰ
  • ਟਰਮਰਿਕ ਪੁਲਵੇਰਾਈਜ਼ਰ
  • ਟਰਮਰਿਕ ਪਾਲਿਸ਼ਰ
  • ਪਾਵਰ ਵੀਡਰ
  • ਪਲਸਿਸ ਮਿੱਲ
  • ਪੁਲਵੇਰਾਈਜ਼ਰ
  • ਇਰੀਗੇਸ਼ਨ ਸ਼ਡਿਊਲਰ

ਕਿਸਾਨਾਂ ਲਈ ਮਸ਼ੀਨਾਂ ਤਿਆਰ ਕਰਨ ਦੇ ਨਾਲ-ਨਾਲ ਜਪਿੰਦਰ ਇੰਜੀਨਿਅਰਿੰਗ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਉਹਨਾਂ ਦੇ ਪ੍ਰੋਜੈਕਟ ਪੂਰੇ ਕਰਨ ਵਿੱਚ ਵੀ ਮਦਦ ਕਰਦੇ ਹਨ, ਜੋ ਕਿ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਲਈ ਕਾਫੀ ਲਾਹੇਵੰਦ ਸਾਬਿਤ ਹੋਣਗੇ।

ਕਿਸਾਨਾਂ ਨੂੰ ਜੈਵਿਕ ਖੇਤੀ ਲਈ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਜਪਿੰਦਰ, ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਮਸ਼ੀਨਰੀ ਤਿਆਰ ਕਰਨ ਤੇ ਭਾਰੀ ਛੂਟ ਵੀ ਦਿੰਦੇ ਹਨ।

ਭਵਿੱਖ ਦੀ ਯੋਜਨਾ

ਭਵਿੱਖ ਵਿੱਚ ਜਪਿੰਦਰ ਆਪਣੀ ਕੰਪਨੀ ਨੂੰ ਵੱਡੇ ਪੱਧਰ ਤੇ ਲੈ ਕੇ ਜਾਣ ਲਈ, ਖੁਦ ਦੀ ਇੰਡਸਟਰੀ ਲਗਾਉਣਾ ਚਾਹੁੰਦੇ ਹਨ ਅਤੇ ਆਪਣੇ ਦੁਆਰਾ ਬਣਾਈ ਹੋਈ ਮਸ਼ੀਨਰੀ ਦਾ ਐਕਸਪੋਰਟ-ਇੰਪੋਰਟ ਦਾ ਕੰਮ ਕਰਨਾ ਚਾਹੁੰਦੇ ਹਨ।

ਕਿਸਾਨਾਂ ਲਈ ਸੰਦੇਸ਼
“ਕਿਸਾਨਾਂ ਨੂੰ ਰਸਾਇਣਕ ਖੇਤੀ ਨੂੰ ਛੱਡ ਕੇ, ਜੈਵਿਕ ਖੇਤੀ ਵੱਲ ਵੱਧ ਧਿਆਨ ਦੇਣਾ ਚਾਹੀਦਾ ਹੈ। ਕਿਸਾਨਾਂ ਨੂੰ ਸੋਚ-ਸਮਝ ਕੇ ਆਪਣਾ ਪੈਸੇ ਇਨਵੈਸਟ ਕਰਨਾ ਚਾਹੀਦਾ ਹੈ। ਕਿਸੇ ਦੇ ਪਿੱਛੇ ਲੱਗ ਕੇ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ। ਸਲਾਹ ਸਭ ਦੀ ਲੈਣੀ ਚਾਹੀਦੀ ਹੈ, ਪਰ ਆਪਣੀ ਪੈਸੇ ਇਨਵੈਸਟ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਵਿਚਾਰ ਕਰ ਲੈਣਾ ਚਾਹੀਦਾ ਹੈ।”