ਸ਼ਹਿਨਾਜ਼ ਕੁਰੇਸ਼ੀ

ਪੂਰੀ ਕਹਾਣੀ ਪੜ੍ਹੋ

ਇਹ ਮਹਿਲਾ ਫੂਡ ਪ੍ਰੋਸੈੱਸਿੰਗ ਅਤੇ ਐਗਰੀ-ਬਿਜ਼ਨਸ ਦੇ ਮਾਧਿਅਮ ਨਾਲ ਚੰਗੇ ਭੋਜਨ ਦੇ ਰਹੱਸ ਬਾਰੇ ਦੱਸ ਰਹੀ ਹੈ

ਬਹੁਤ ਘੱਟ ਲੋਕਤੰਤਰੀ ਲੋਕ ਹੁੰਦੇ ਹਨ ਜੋ ਸਮਾਜ ਦੇ ਕਲਿਆਣ ਬਾਰੇ ਸੋਚਦੇ ਹਨ ਅਤੇ ਖੇਤੀ ਦੇ ਰਸਤੇ ‘ਤੇ ਆਪਣੇ ਭਵਿੱਖ ਨੂੰ ਨਿਰਦੇਸ਼ਿਤ ਕਰਦੇ ਹਨ, ਕਿਉਂਕਿ ਖੇਤੀ ਨਾਲ ਸੰਬੰਧਿਤ ਰਸਤੇ ‘ਤੇ ਮੁਨਾਫ਼ਾ ਕਮਾਉਣਾ ਆਸਾਨ ਨਹੀਂ ਹੈ। ਪਰ ਸਾਡੇ ਆਲੇ-ਦੁਆਲੇ ਕਈ ਮੌਕੇ ਹਨ ਜਿਨ੍ਹਾਂ ਦਾ ਸਾਨੂੰ ਲਾਭ ਉਠਾਉਣਾ ਸਿੱਖਣਾ ਪਵੇਗਾ। ਅਜਿਹੀ ਇੱਕ ਮਹਿਲਾ ਹੈ ਸ਼੍ਰੀਮਤੀ ਸ਼ਹਿਨਾਜ਼ ਕੁਰੇਸ਼ੀ, ਜੋ ਕਿ ਆਪਣੇ ਆਵਿਸ਼ਕਾਰੀ ਸੁਪਨਿਆਂ ਨਾਲ ਅੱਗੇ ਆਏ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਆਪਣਾ ਜੀਵਨ ਸਮਰਪਿਤ ਕਰਨ ਬਾਰੇ ਸੋਚ ਰਹੇ ਹਨ।

ਬਹੁਤ ਛੋਟੀ ਉਮਰ ਵਿੱਚ ਹੀ ਵਿਆਹ ਕਰਾਉਣ ਦੇ ਬਾਵਜੂਦ, ਸ਼ਹਿਨਾਜ਼ ਕੁਰੇਸ਼ੀ ਜੀ ਨੇ ਕਦੇ ਸੁਪਨੇ ਦੇਖਣੇ ਨਹੀਂ ਛੱਡੇ। ਵਿਆਹ ਦੇ ਬਾਅਦ ਉਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਫੈਸ਼ਨ ਡਿਜ਼ਾਈਨਿੰਗ ਵਿੱਚ M.Sc. ਵੀ ਕੀਤੀ। ਉਨ੍ਹਾਂ ਨੂੰ ਵਿਦੇਸ਼ਾਂ ਤੋਂ ਨੌਕਰੀ ਦੀਆਂ ਪ੍ਰਸਤਾਵ ਮਿਲੇ ਪਰ ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਰਹਿ ਕੇ ਸਮਾਜ ਦੇ ਲਈ ਕੁੱਝ ਚੰਗਾ ਕਰਨ ਦਾ ਫੈਸਲਾ ਕੀਤਾ।

ਇਸ ਸਭ ਦੌਰਾਨ ਉਨ੍ਹਾਂ ਦੇ ਮਾਤਾ ਪਿਤਾ ਦੀ ਸਿਹਤ ਨੇ ਭੋਜਨ ਉਤਪਾਦ ਦੀ ਗੁਣਵੱਤਾ ਵੱਲ ਉਨ੍ਹਾਂ ਦਾ ਦ੍ਰਿਸ਼ਟੀਕੋਣ ਬਦਲ ਦਿੱਤਾ। ਉਨ੍ਹਾਂ ਦੇ ਮਾਤਾ ਪਿਤਾ ਗਠੀਏ, ਸ਼ੂਗਰ ਅਤੇ ਗੁਰਦੇ ਦੀਆਂ ਸਮੱਸਿਆਵਾਂ ਤੋਂ ਪੀੜਤ ਸਨ। ਉਨ੍ਹਾਂ ਨੇ ਸੋਚਿਆ ਕਿ ਜੇਕਰ ਭੋਜਨ ਇਨ੍ਹਾਂ ਸਮੱਸਿਆਵਾਂ ਦੇ ਪਿੱਛੇ ਦਾ ਕਾਰਨ ਹੈ ਤਾਂ ਇਸ ਲਈ ਭੋਜਨ ਉਨ੍ਹਾਂ ਦਾ ਇੱਕੋ-ਇੱਕ ਇਲਾਜ਼ ਹੋਵੇਗਾ। ਉਨ੍ਹਾਂ ਨੇ ਆਪਣੇ ਪਰਿਵਾਰ ਦੀਆਂ ਖਾਣ ਦੀਆਂ ਆਦਤਾਂ ਨੂੰ ਬਦਲ ਦਿੱਤਾ ਅਤੇ ਸਿਰਫ਼ ਚੰਗੀਆਂ ਅਤੇ ਤਾਜ਼ੀਆਂ ਸਬਜ਼ੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਇਸ ਆਦਤ ਨੇ ਉਨ੍ਹਾਂ ਦੇ ਮਾਤਾ ਪਿਤਾ ਦੀ ਸਿਹਤ ਵਿੱਚ ਬਹੁਤ ਸੁਧਾਰ ਕੀਤਾ ਹੈ। ਇਸ ਵੱਡੇ ਸੁਧਾਰ ਨੂੰ ਦੇਖਦੇ ਹੋਏ, ਉਨ੍ਹਾਂ ਨੇ ਫੂਡ ਪ੍ਰੋਸੈਸਿੰਗ ਕਾਰੋਬਾਰ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ, ਉਹ ਖਾਲੀ ਬੈਠਣ ਲਈ ਨਹੀਂ ਬਣੇ ਸਨ, ਇਸ ਲਈ ਉਨ੍ਹਾਂ ਨੇ ਐਗਰੀ-ਬਿਜ਼ਨਸ ਦੇ ਖੇਤਰ ਵਿੱਚ ਆਪਣੇ ਕਦਮ ਰੱਖੇ ਅਤੇ ਜ਼ਰੂਰਤਮੰਦ ਕਿਸਾਨਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ।

ਖੇਤੀਬਾੜੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਉਨ੍ਹਾਂ ਦਾ ਫੈਸਲਾ ਸਿਰਫ਼ ਸਫ਼ਲਤਾ ਦਾ ਪਹਿਲਾ ਕਦਮ ਸੀ ਅਤੇ ਸਾਰਾ ਬਠਿੰਡਾ ਉਨ੍ਹਾਂ ਦੇ ਬਾਰੇ ਜਾਣਨ ਲੱਗਾ। ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਕੇ.ਵੀ.ਕੇ ਬਠਿੰਡੇ ਤੋਂ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਲਈ ਅਤੇ 200 ਮਧੂ-ਮੱਖੀ ਦੇ ਬਕਸਿਆਂ ਨਾਲ ਵਪਾਰ ਸ਼ੁਰੂ ਕੀਤਾ। ਉਨ੍ਹਾਂ ਨੇ ਮਾਰਕਟਿੰਗ ਕੀਤੀ ਅਤੇ ਉਨ੍ਹਾਂ ਦੇ ਪਤੀ ਨੇ ਪ੍ਰੋਸੈੱਸਿੰਗ ਦਾ ਕੰਮ ਸੰਭਾਲਿਆ। ਵਪਾਰ ਤੋਂ ਜ਼ਿਆਦਾ ਲਾਭ ਲੈਣ ਲਈ ਉਨ੍ਹਾਂ ਨੇ ਸ਼ਹਿਦ, ਫੇਸ ਵਾੱਸ਼, ਸਾਬਣ ਅਤੇ ਬਾੱਡੀ ਸਕਰੱਬ ਬਣਾਉਣਾ ਸ਼ੁਰੂ ਕੀਤਾ। ਇਨ੍ਹਾਂ ਉਤਪਾਦਾਂ ਨੂੰ ਗ੍ਰਾਹਕਾਂ ਨੇ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਸਿਫ਼ਾਰਿਸ਼ ਜ਼ਿਆਦਾ ਹੋਣ ਲੱਗੀ। ਕੁੱਝ ਸਮੇਂ ਬਾਅਦ, ਉਨ੍ਹਾਂ ਨੇ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਦੀ ਟ੍ਰੇਨਿੰਗ ਲਈ ਅਤੇ ਇਸ ਨੂੰ ਚਟਨੀ, ਮੁਰੱਬਾ ਅਤੇ ਆਚਾਰ ਬਣਾ ਕੇ ਲਾਗੂ ਕਰਨਾ ਸ਼ੁਰੂ ਕੀਤਾ।

ਇੱਕ ਸਮਾਂ ਸੀ ਜਦੋਂ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦੇ ਕੰਮ ਦੀ ਆਲੋਚਨਾ ਕੀਤੀ, ਕਿਉਂਕਿ ਉਹ ਵਪਾਰ ਤੋਂ ਹੋਣ ਵਾਲੇ ਮੁਨਾਫ਼ਿਆਂ ਨੂੰ ਲੈ ਕੇ ਅਨਿਸ਼ਚਿਤ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਸੋਚਿਆ ਕਿ ਇਹ ਉਤਪਾਦ ਪਹਿਲਾਂ ਹੀ ਬਾਜ਼ਾਰ ਵਿੱਚ ਉਪਲੱਬਧ ਹਨ, ਲੋਕ ਇਨ੍ਹਾਂ ਉਤਪਾਦਾਂ ਨੂੰ ਕਿਉਂ ਖਰੀਦਣਗੇ? ਪਰ ਫਿਰ ਵੀ ਉਹ ਇਨ੍ਹਾਂ ਗੱਲਾਂ ਤੋਂ ਘਬਰਾਏ ਨਹੀਂ, ਕਿਉਂਕਿ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਬੱਚਿਆਂ ਦਾ ਸਹਿਯੋਗ ਹਮੇਸ਼ਾ ਸੀ। ਉਹ ਕੁੱਝ ਮਹਾਨ ਲੋਕਾਂ ਜਿਵੇਂ ਏ.ਪੀ.ਜੇ ਅਬਦੁਲ ਕਲਾਮ, ਬਿੱਲ ਗੇਟਸ, ਅਕਬਰ ਅਤੇ ਸਵਾਮੀ ਵਿਵੇਕਾਨੰਦ ਆਦਿ ਤੋਂ ਵੀ ਪ੍ਰੇਰਿਤ ਹੋਏ। ਉਹ ਖਾਲ਼ੀ ਸਮੇਂ ਵਿੱਚ ਇਨ੍ਹਾਂ ਸ਼ਖਸੀਅਤਾਂ ਦੀਆਂ ਕਿਤਾਬਾਂ ਪੜ੍ਹਨਾ ਪਸੰਦ ਕਰਦੇ ਸਨ।

ਸਮੇਂ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਉਤਪਾਦਾਂ ਨੂੰ ਵਧਾਇਆ ਅਤੇ ਇਸ ਨਾਲ ਬਹੁਤ ਫਾਇਦਾ ਹੋਇਆ। ਜਲਦੀ ਹੀ ਉਨ੍ਹਾਂ ਨੇ ਫਲ਼ ਦੇ ਸਕਵੈਸ਼, ਵੇਸਣ ਦੀਆਂ ਵੜੀਆਂ ਅਤੇ ਪਕੌੜੇ ਅਤੇ ਹੋਰ ਕਈ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ। ਪੁੰਗਰੀ ਹੋਈ ਮੇਥੀ ਦਾ ਆਚਾਰ ਉਨ੍ਹਾਂ ਦੇ ਪ੍ਰਸਿੱਧ ਉਤਪਾਦਾਂ ਵਿੱਚੋਂ ਇੱਕ ਹੈ, ਕਿਉਂਕਿ ਸ਼ਾਨਦਾਰ ਸਿਹਤ ਲਾਭਾਂ ਦੇ ਕਾਰਨ ਇਸ ਦੀ ਮੰਗ ਫਰੀਦਕੋਟ, ਲੁਧਿਆਣਾ ਅਤੇ ਹੋਰ ਥਾਵਾਂ ਵਿੱਚ ਪੀ.ਏ.ਯੂ. ਦੁਆਰਾ ਕਰਵਾਏ ਜਾਂਦੇ ਮੇਲਿਆਂ ਅਤੇ ਸਮਾਰੋਹਾਂ ਵਿੱਚ ਹਮੇਸ਼ਾ ਰਹਿੰਦੀ ਹੈ। ਉਨ੍ਹਾਂ ਨੇ ਮਾਰਕਿਟ ਵਿੱਚ ਆਪਣੇ ਉਤਪਾਦਾਂ ਦੀ ਅਲੱਗ ਜਗ੍ਹਾ ਬਣਾਈ ਹੈ ਜਿਸ ਦੇ ਚੱਲਦੇ ਉਨ੍ਹਾਂ ਨੇ ਵਿਆਪਕ ਪੱਧਰ ‘ਤੇ ਚੰਗੇ ਗਾਹਕਾਂ ਨੂੰ ਆਪਣੇ ਨਾਲ ਜੋੜਿਆ।

2014 ਵਿੱਚ ਉਨ੍ਹਾਂ ਨੇ ਬਠਿੰਡਾ ਨੇੜੇ ਮਹਿਮਾ ਸਰਜਾ ਪਿੰਡ ਵਿਖੇ ਕਿਸਾਨ ਸੈੱਲਫ ਹੈੱਲਪ ਗਰੁੱਪ ਬਣਾਇਆ ਅਤੇ ਇਸ ਗਰੁੱਪ ਦੁਆਰਾ ਉਨ੍ਹਾਂ ਨੇ ਦੂਜੇ ਕਿਸਾਨਾਂ ਦੇ ਉਤਪਾਦਾਂ ਨੂੰ ਬੜਾਵਾ ਦਿੱਤਾ। ਕਦੀ-ਕਦੀ ਉਹ ਉਨ੍ਹਾਂ ਕਿਸਾਨਾਂ ਦੀ ਮਦਦ ਅਤੇ ਸਮਰਥਨ ਕਰਨ ਲਈ ਆਪਣੇ ਮੁਨਾਫ਼ਿਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਸਨ, ਜਿਹਨਾਂ ਦੇ ਕੋਲ ਆਤਮ ਵਿਸ਼ਵਾਸ ਅਤੇ ਸੰਸਾਧਨ ਨਹੀਂ ਸਨ। 2015 ਵਿੱਚ ਉਨ੍ਹਾਂ ਨੇ FRESH HUB ਨਾਮ ਦੀ ਇੱਕ ਫਰਮ ਬਣਾਈ ਅਤੇ ਉੱਥੇ ਆਪਣੇ ਉਤਪਾਦਾਂ ਨੂੰ ਵੇਚਣਾ ਸ਼ੁਰੂ ਕੀਤਾ। ਅੱਜ ਉਨ੍ਹਾਂ ਦੇ ਕੁਲੈਕਸ਼ਨ ਵਿੱਚ ਕੁੱਲ 40-45 ਉਤਪਾਦ ਹਨ, ਜਿਸ ਦਾ ਕੱਚਾ ਮਾਲ ਉਹ ਆਪ ਖਰੀਦਦੇ ਹਨ, ਪ੍ਰੋਸੈੱਸ ਕਰਦੇ ਹਨ, ਪੈਕਿੰਗ ਕਰਦੇ ਹਨ ਅਤੇ ਮੰਡੀਕਰਨ ਕਰਦੇ ਹਨ। ਇਹ ਸਭ ਕੰਮ ਉਹ ਉਤਪਾਦਾਂ ਦੀ ਸ਼ੁੱਧਤਾ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਕਰਦੇ ਹਨ ਤਾਂ ਜੋ ਗਾਹਕ ਦੀ ਸਿਹਤ ‘ਤੇ ਕੋਈ ਬੁਰਾ ਅਸਰ ਨਾ ਹੋਵੇ। ਇੱਥੋਂ ਤੱਕ ਕਿ ਜਦੋਂ ਉਹ ਅਚਾਰ ਤਿਆਰ ਕਰਦੇ ਹਨ, ਤਾਂ ਘਟੀਆ ਸਿਰਕੇ ਦਾ ਇਸਤੇਮਾਲ ਨਹੀਂ ਕਰਦੇ ਅਤੇ ਚੰਗੀ ਗੁਣਵੱਤਾ ਲਈ ਹਮੇਸ਼ਾ ਸੇਬ ਦੇ ਸਿਰਕੇ ਦੀ ਵਰਤੋਂ ਕਰਦੇ ਹਨ।

2016 ਵਿੱਚ ਉਨ੍ਹਾਂ ਨੇ ਸਿਰਕੇ ਦੀ ਟ੍ਰੇਨਿੰਗ ਲਈ ਅਤੇ ਬਹੁਤ ਜਲਦ ਉਹ ਇਸ ਨੂੰ ਲਾਗੂ ਵੀ ਕਰਨਗੇ। ਵਰਤਮਾਨ ਵਿੱਚ ਉਹ ਪ੍ਰਤੀ ਸਾਲ 10 ਲੱਖ ਦਾ ਲਾਭ ਕਮਾ ਰਹੇ ਹਨ। ਇੱਕ ਗੱਲ ਜੋ ਉਹ ਜਲਦੀ ਸਮਝੇ ਅਤੇ ਲਾਗੂ ਵੀ ਕੀਤੀ, ਉਹ ਸੀ ਕਿ ਉਨ੍ਹਾਂ ਨੇ ਹਮੇਸ਼ਾ ਮਾਤਰਾ ਜਾਂ ਸੁਆਦ ਨੂੰ ਧਿਆਨ ਨਾ ਦੇ ਕੇ ਗੁਣਵੱਤਾ ਵੱਲ ਧਿਆਨ ਦਿੱਤਾ। ਮੰਡੀਕਰਨ ਦੇ ਲਈ ਉਹ ਆਧੁਨਿਕ ਤਕਨੀਕਾਂ ਜਿਵੇਂ ਕੀ ਵੱਟਸਐੱਪ ਦੁਆਰਾ ਕਿਸਾਨਾਂ ਅਤੇ ਹੋਰ ਜ਼ਰੂਰੀ ਵੇਰਵਿਆਂ ਦੇ ਨਾਲ ਜੁੜਦੇ ਹਨ। ਕੁੱਝ ਵੀ ਖਰੀਦਣ ਤੋਂ ਪਹਿਲਾਂ ਉਹ ਇਹ ਯਕੀਨੀ ਬਣਾਉਂਦੇ ਹਨ ਕਿ ਉਹ ਰਸਾਇਣ-ਮੁਕਤ ਸਬਜ਼ੀਆਂ ਹੀ ਖਰੀਦਣ ਅਤੇ ਕਿਸਾਨਾਂ ਨੂੰ ਜੈਵਿਕ ਖੇਤੀ ਸ਼ੁਰੂ ਕਰਨ ਦੇ ਲਈ ਪ੍ਰੋਤਸਾਹਿਤ ਵੀ ਕਰਦੇ ਹਨ। ਉਨ੍ਹਾਂ ਦੇ ਕੰਮ ਵਿੱਚ ਕੇਵਲ ਪ੍ਰੋਸੈੱਸਿੰਗ ਅਤੇ ਮੰਡੀਕਰਨ ਹੀ ਸ਼ਾਮਲ ਨਹੀਂ ਹਨ ਬਲਕਿ ਉਹ ਹੋਰ ਔਰਤਾਂ ਨੂੰ ਆਪਣੀਆਂ ਤਕਨੀਕਾਂ ਬਾਰੇ ਜਾਣਕਾਰੀ ਵੀ ਪ੍ਰਦਾਨ ਕਰਦੇ ਹਨ, ਕਿਉਂਕਿ ਉਹ ਚਾਹੁੰਦੇ ਹਨ ਕਿ ਦੂਸਰੇ ਤਰੱਕੀ ਕਰਨ ਅਤੇ ਸਮਾਜ ਲਈ ਕੁੱਝ ਚੰਗਾ ਕਰਨ।

ਸ਼ੁਰੂ ਤੋਂ ਸ਼ਹਿਨਾਜ਼ ਕੁਰੇਸ਼ੀ ਜੀ ਦੀ ਮਾਨਸਿਕਤਾ ਉਨ੍ਹਾਂ ਦੇ ਕੰਮ ਲਈ ਬਿਲਕੁਲ ਸਪੱਸ਼ਟ ਸੀ। ਉਹ ਚਾਹੁੰਦੇ ਹਨ ਕਿ ਸਮਾਜ ਵਿੱਚ ਹਰ ਵਿਅਕਤੀ ਆਤਮ-ਨਿਰਭਰ ਅਤੇ ਆਤਮ-ਵਿਸ਼ਵਾਸੀ ਬਣੇ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਪਰਵਰਿਸ਼ ਦਿੱਤੀ ਕਿ ਉਨ੍ਹਾਂ ਨੂੰ ਕਿਸੇ ਅੱਗੇ ਆਪਣੇ ਹੱਥ ਫੈਲਾਉਣੇ ਨਹੀਂ ਪੈਂਦੇ, ਸਾਰਿਆਂ ਨੂੰ ਆਪਣੀਆਂ ਮੂਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਤਮ ਨਿਰਭਰ ਹੋਣਾ ਚਾਹੀਦਾ ਹੈ। ਵਰਤਮਾਨ ਵਿੱਚ ਉਨ੍ਹਾਂ ਦਾ ਮੁੱਖ ਧਿਆਨ ਨੌਜਵਾਨਾਂ ਅਤੇ ਵਿਸ਼ੇਸ਼ ਤੌਰ ‘ਤੇ ਲੜਕੀਆਂ ‘ਤੇ ਹੈ। ਉਹ ਆਪਣੀ ਸੋਚ ਅਤੇ ਹੁਨਰ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਅਖ਼ਬਾਰਾਂ ਅਤੇ ਰੇਡੀਓ ਰਾਹੀਂ ਸਿਖਲਾਈ ਅਤੇ ਜਾਣਕਾਰੀ ਵੀ ਦਿੰਦੀ ਹੈ। ਉਹ ਨਿੱਜੀ ਤੌਰ ‘ਤੇ ਕਿਸਾਨ ਸਿਖਲਾਈ ਪ੍ਰੋਗਰਾਮਾਂ ਅਤੇ ਮੀਟਿੰਗਾਂ ਦਾ ਦੌਰਾ ਕਰਦੇ ਹਨ ਅਤੇ ਵਿਸ਼ੇਸ਼ ਤੌਰ ‘ਤੇ ਕੌਸ਼ਲ ਪ੍ਰਦਾਨ ਕਰਦੇ ਹਨ। 2016 ਵਿੱਚ ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਲਈ ਟਿਫਨ ਸਰਵਿਸ ਵੀ ਸ਼ੁਰੂ ਕੀਤੀ। ਅੱਜ ਉਨ੍ਹਾਂ ਦੇ ਕੰਮ ਨੇ ਉਨ੍ਹਾਂ ਨੂੰ ਇੰਨਾ ਮਸ਼ਹੂਰ ਕਰ ਦਿੱਤਾ ਹੈ ਕਿ ਉਨ੍ਹਾਂ ਕੋਲ ਆਪਣਾ ਰੇਡੀਓ ਸ਼ੋਅ ਹੈ, ਜੋ ਹਰ ਸ਼ੁੱਕਰਵਾਰ ਨੂੰ 1 ਤੋਂ 2 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ, ਜਿੱਥੇ ਉਹ ਲੋਕਾਂ ਨੂੰ ਪਾਣੀ ਪ੍ਰਬੰਧਨ, ਸਿਹਤ ਭੋਜਨ ਪਦਾਰਥਾਂ ਅਤੇ ਹੋਰ ਬਹੁਤ ਕੁੱਝ ਬਾਰੇ ਦੱਸਦੇ ਹਨ।

ਜਨਮ ਤੋਂ ਕਸ਼ਮੀਰੀ ਹੋਣ ਦੇ ਕਾਰਨ ਸ਼ਹਿਨਾਜ਼ ਹਮੇਸ਼ਾ ਆਪਣੇ ਕੰਮ ਅਤੇ ਉਤਪਾਦਾਂ ਵਿੱਚ ਆਪਣੇ ਮੂਲ ਸਥਾਨ ਦਾ ਇੱਕ ਸਾਰ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ “ਸ਼ਾਹ ‘ਜ਼ ਕਸ਼ਮੀਰੀ ਅਤੇ ਮੁਗਲਈ ਚਿਕਨ” ਨਾਮ ਨਾਲ ਬਠਿੰਡੇ ਵਿੱਚ ਇੱਕ ਰੈਸਟੋਰੈਂਟ ਵੀ ਖੋਲ੍ਹਿਆ ਹੈ ਅਤੇ ਉੱਥੇ ਹੀ ਇੱਕ ਗ੍ਰਾਮੀਣ ਕਸ਼ਮੀਰੀ ਇੰਟੀਰੀਅਰ ਅਤੇ ਰੈਸਟੋਰੈਂਟ ਵਿੱਚ ਕਸ਼ਮੀਰੀ ਕਰਾੱਕਰੀ ਸੈੱਟ ਦੀ ਵਰਤੋਂ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦਾ ਆਪਣਾ ਇੱਕ ਪ੍ਰਸਿੱਧ ਉਤਪਾਦ ਹੈ, ਕਸ਼ਮੀਰੀ ਚਾਹ ਜੋ ਕਿ ਕਸ਼ਮੀਰੀ ਪਰੰਪਰਾ ਅਤੇ ਵਿਅੰਜਨਾਂ ਦੇ ਮੂਲ ਨੂੰ ਦਰਸਾਉਂਦਾ ਹੈ। ਉਹ ਹਰ ਸਿਹਤਮੰਦ, ਲਾਹੇਵੰਦ ਅਤੇ ਰਵਾਇਤੀ ਨੁਕਤਾ ਸਾਂਝਾ ਕਰਨਾ ਚਾਹੁੰਦੇ ਹਨ, ਜੋ ਉਨ੍ਹਾਂ ਨੇ ਆਪਣੇ ਉਤਪਾਦਾਂ, ਰੈਸਟੋਰੈਂਟ ਅਤੇ ਟ੍ਰੇਨਿੰਗ ਦੇ ਮਾਧਿਅਮ ਨਾਲ ਜਾਣਿਆ ਹੈ। ਕਸ਼ਮੀਰ ਵਿੱਚ ਉਨ੍ਹਾਂ ਦੇ ਬਾਗ਼ ਵੀ ਹਨ, ਜੋ ਉਨ੍ਹਾਂ ਦੀ ਗੈਰ ਮੌਜ਼ੂਦਗੀ ਵਿੱਚ ਉਨ੍ਹਾਂ ਦੇ ਚਚੇਰੇ ਭਰਾ ਦੀ ਨਿਗਰਾਨੀ ਵਿੱਚ ਹਨ। ਬਾਗ਼ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਅਤੇ ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ ਉਹ ਜੈਵਿਕ ਤਰੀਕਿਆਂ ਦੀ ਵਰਤੋਂ ਕਰਦੇ ਹਨ।

ਸ਼ਹਿਨਾਜ ਕੁਰੇਸ਼ੀ ਜੀ ਦੀਆਂ ਇਹ ਕੁੱਝ ਪ੍ਰਾਪਤੀਆਂ ਹਨ, ਆਉਣ ਵਾਲੇ ਸਮੇਂ ਵਿੱਚ ਉਹ ਸਮਾਜ ਦੇ ਹਿੱਤ ਵਿੱਚ ਹੋਰ ਜ਼ਿਆਦਾ ਕੰਮ ਕਰਨਗੇ। ਉਨ੍ਹਾਂ ਦੇ ਯਤਨਾਂ ਨੂੰ ਬਹੁਤ ਸਾਰੇ ਸੰਗਠਨਾਂ ਦੁਆਰਾ ਪ੍ਰਸ਼ੰਸਾ ਮਿਲੀ ਹੈ ਅਤੇ ਉਨ੍ਹਾਂ ਨੂੰ ਮੁਕਤਸਰ ਸਾਹਿਬ ਦੇ ਫੂਡ ਪ੍ਰੋਸੈੱਸਿੰਗ ਵਿਭਾਗ ਦੁਆਰਾ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ 2015 ਵਿੱਚ ਉਨ੍ਹਾਂ ਨੂੰ ਪੀ.ਏ.ਯੂ. ਦੁਆਰਾ ਜਗਬੀਰ ਕੌਰ ਮੈਮੋਰੀਅਲ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।

ਸੰਦੇਸ਼

“ਹਰ ਸਮੇਂ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ, ਕਿਉਂਕਿ ਅਸੀਂ ਅੱਜ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ, ਉਨ੍ਹਾਂ ਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਅੱਜ-ਕੱਲ੍ਹ ਕਿਸਾਨਾਂ ਨੂੰ ਪਤਾ ਹੀ ਨਹੀਂ ਹੈ ਕਿ ਮੌਕਿਆਂ ਦਾ ਫ਼ਾਇਦਾ ਕਿਵੇਂ ਉਠਾਇਆ ਜਾਵੇ, ਕਿਉਂਕਿ ਜੇਕਰ ਕਿਸਾਨ ਅੱਗੇ ਵਧਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਸੋਚ ਨੂੰ ਬਦਲਣਾ ਹੋਵੇਗਾ। ਇਸ ਤੋਂ ਇਲਾਵਾ ਇਹ ਜ਼ਰੂਰੀ ਨਹੀਂ ਕਿ ਤੁਸੀਂ ਦੂਜਿਆਂ ਵੱਲ ਦੇਖ ਕੇ ਕੰਮ ਕਰੋ, ਤੁਸੀਂ ਦੂਜੇ ਕਿਸਾਨਾਂ ਲਈ ਪ੍ਰੇਰਣਾ ਬਣ ਸਕਦੇ ਹੋ। ਕਿਸਾਨਾਂ ਨੂੰ ਇਹ ਸਮਝਣਾ ਹੋਵੇਗਾ ਕਿ ਕੱਚੇ ਮਾਲ ਦੀ ਤੁਲਨਾ ਨਾਲੋਂ ਫੂਡ ਪ੍ਰੋਸੈੱਸਿੰਗ ਵਿੱਚ ਜ਼ਿਆਦਾ ਮੁਨਾਫ਼ਾ ਹੈ।”

ਸੱਤਿਆ ਰਾਣੀ

ਪੂਰੀ ਕਹਾਣੀ ਪੜ੍ਹੋ

ਸੱਤਿਆ ਰਾਣੀ: ਆਪਣੀ ਮਿਹਨਤ ਨਾਲ ਸਫ਼ਲ ਹੋਣ ਵਾਲੀ ਮਹਿਲਾ, ਜੋ ਫੂਡ ਪ੍ਰੋਸੈਸਿੰਗ ਉਦਯੋਗ ਵਿੱਚ ਸੂਰਜ ਦੀ ਤਰ੍ਹਾਂ ਉੱਭਰ ਰਹੀ ਹੈ

ਜਦੋਂ ਗੱਲ ਵਿਕਾਸ ਦੀ ਆਉਂਦੀ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹਿਲਾਵਾਂ ਭਾਰਤ ਦੇ ਨੌਜਵਾਨ ਦਿਮਾਗਾਂ ਨੂੰ ਆਕਾਰ ਦੇਣ ਅਤੇ ਮਾਰਗ-ਦਰਸ਼ਨ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਹਨ। ਇੱਥੋਂ ਤੱਕ ਕਿ ਖੇਤੀਬਾੜੀ ਦੇ ਖੇਤਰ ਵਿੱਚ ਵੀ ਮਹਿਲਾਵਾਂ ਪਿੱਛੇ ਨਹੀਂ ਹਨ, ਉਹ ਟਿਕਾਊ ਅਤੇ ਜੈਵਿਕ ਖੇਤੀ ਦੇ ਮਾਰਗ ਦੀ ਅਗਵਾਈ ਕਰ ਰਹੀਆਂ ਹਨ। ਅੱਜ, ਕਈ ਗ੍ਰਾਮੀਣ ਅਤੇ ਸ਼ਹਿਰੀ ਮਹਿਲਾਵਾਂ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਪ੍ਰਤੀ ਜਾਗਰੂਕ ਹਨ ਅਤੇ ਇਸੇ ਕਾਰਨ ਉਹ ਇਸ ਖੇਤਰ ਵਿੱਚ ਕੰਮ ਵੀ ਕਰ ਰਹੀਆਂ ਹਨ। ਸੱਤਿਆ ਰਾਣੀ ਉਨ੍ਹਾਂ ਮਹਿਲਾਵਾਂ ਵਿੱਚੋਂ ਇੱਕ ਹੈ ਜੋ ਜੈਵਿਕ ਖੇਤੀ ਕਰ ਰਹੀਆਂ ਹਨ ਅਤੇ ਫੂਡ ਪ੍ਰੋਸੈਸਿੰਗ ਦੇ ਵਪਾਰ ਵਿੱਚ ਵੀ ਕਿਰਿਆਸ਼ੀਲ ਹਨ।

ਵੱਧਦੀਆਂ ਸਿਹਤ ਸਮੱਸਿਆਵਾਂ ਅਤੇ ਜਲਵਾਯੂ ਤਬਦੀਲੀਆਂ ਕਾਰਨ, ਭੋਜਨ ਸੁਰੱਖਿਆ ਨਾਲ ਨਿਪਟਣਾ ਇੱਕ ਵੱਡੀ ਚੁਣੌਤੀ ਬਣ ਗਈ ਹੈ ਅਤੇ ਸੱਤਿਆ ਰਾਣੀ ਇੱਕ ਉੱਭਰਦੀ ਹੋਈ ਐਗਰੀਪ੍ਰੇਨਿਓਰ ਹੈ ਜੋ ਇਸ ਮੁੱਦੇ ‘ਤੇ ਕੰਮ ਕਰ ਰਹੀ ਹੈ। ਖੇਤੀ ਦੇ ਖੇਤਰ ਵਿੱਚ ਯੋਗਦਾਨ ਪਾਉਣਾ ਅਤੇ ਪ੍ਰਕਿਰਤੀ ਨੂੰ ਉਸ ਦਾ ਦਿੱਤਾ ਵਾਪਸ ਦੇਣਾ ਸੱਤਿਆ ਦਾ ਬਚਪਨ ਦਾ ਸੁਪਨਾ ਹੈ। ਸ਼ੁਰੂ ਤੋਂ ਹੀ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਹਮੇਸ਼ਾ ਇਸ ਵੱਲ ਨਿਰਦੇਸ਼ਿਤ ਅਤੇ ਪ੍ਰੇਰਿਤ ਕੀਤਾ ਅਤੇ ਅੰਤ ਵਿੱਚ ਇੱਕ ਛੋਟੀ ਕੁੜੀ ਦਾ ਸੁਪਨਾ ਇੱਕ ਮਹਿਲਾ ਦੀ ਦ੍ਰਿਸ਼ਟੀ ਵਿੱਚ ਬਦਲ ਗਿਆ।

ਸੱਤਿਆ ਦੇ ਜੀਵਨ ਵਿੱਚ ਬੁਰਾ ਸਮਾਂ ਵੀ ਆਇਆ ਜਿਸ ਵਿੱਚ ਕੋਈ ਹੋਰ ਲੜਕੀ ਹੁੰਦੀ ਤਾਂ ਉਹ ਆਪਣਾ ਆਤਮ-ਵਿਸ਼ਵਾਸ ਅਤੇ ਉਮੀਦ ਆਸਾਨੀ ਨਾਲ ਛੱਡ ਦਿੰਦੀ। ਸੱਤਿਆ ਦੇ ਮਾਤਾ ਪਿਤਾ ਨੇ ਉਸ ਨੂੰ ਵਿੱਤੀ ਸਮੱਸਿਆਵਾਂ ਦੇ ਕਾਰਨ 12ਵੀਂ ਦੇ ਬਾਅਦ ਆਪਣੀ ਪੜ੍ਹਾਈ ਰੋਕਣ ਦੇ ਲਈ ਕਿਹਾ। ਪਰ ਉਸ ਦਾ ਆਪਣੇ ਭਵਿੱਖ ਦੇ ਪ੍ਰਤੀ ਇੰਨਾ ਦ੍ਰਿੜ ਸੰਕਲਪ ਸੀ ਕਿ ਉਸ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਉਹ ਆਪਣੀ ਉੱਚ ਸਿੱਖਿਆ ਦਾ ਪ੍ਰਬੰਧਨ ਆਪ ਕਰੇਗੀ। ਉਸ ਨੇ ਭੋਜਨ ਉਤਪਾਦ ਜਿਵੇਂ ਕਿ ਆਚਾਰ ਅਤੇ ਚਟਨੀ ਬਣਾਉਣ ਅਤੇ ਇਸ ਨੂੰ ਵੇਚਣ ਦਾ ਕੰਮ ਸ਼ੁਰੂ ਕੀਤਾ।

ਇਸ ਸਮੇਂ ਦੇ ਦੌਰਾਨ, ਉਸ ਨੇ ਕਈ ਨਵੀਆਂ ਚੀਜ਼ਾਂ ਸਿੱਖੀਆਂ ਅਤੇ ਉਸ ਦੀ ਦਿਲਚਸਪੀ ਫੂਡ ਪ੍ਰੋਸੈਸਿੰਗ ਵਪਾਰ ਵਿੱਚ ਵੱਧ ਗਈ। ਹਿੰਦੂ ਗਰਲਜ਼ ਕਾਲਜ ਜਗਾਧਰੀ ਤੋਂ ਬੀ.ਏ.ਪਾਸ ਕਰਨ ਤੋਂ ਬਾਅਦ ਉਸ ਨੂੰ ਉਸੇ ਕਾਲਜ ਵਿੱਚ ਹੋਮ ਸਾਇੰਸ ਟ੍ਰੇਨਰ ਦੀ ਨੌਕਰੀ ਮਿਲ ਗਈ। ਇਸ ਤੋਂ ਥੋੜ੍ਹੀ ਦੇਰ ਬਾਅਦ, ਉਸ ਨੇ 2004 ਵਿੱਚ ਰਾਜਿੰਦਰ ਕੁਮਾਰ ਕੰਬੋਜ਼ ਨਾਲ ਵਿਆਹ ਕੀਤਾ, ਪਰ ਉਸ ਨੇ ਵਿਆਹ ਤੋਂ ਬਾਅਦ ਵੀ ਆਪਣਾ ਕੰਮ ਨਹੀਂ ਛੱਡਿਆ। ਉਨ੍ਹਾਂ ਨੇ ਆਪਣੇ ਫੂਡ ਪ੍ਰੋਸੈਸਿੰਗ ਦੇ ਕੰਮ ਨੂੰ ਜਾਰੀ ਰੱਖਿਆ ਅਤੇ ਕਈ ਨਵੇਂ ਕਿਸਮ ਦੇ ਉਤਪਾਦ ਜਿਵੇਂ ਕਿ ਅੰਬ ਦੇ ਲੱਡੂ, ਨਾਰੀਅਲ ਦੇ ਲੱਡੂ, ਆਚਾਰ, ਫਰੂਟ ਜੈਮ, ਮੁਰੱਬਾ ਅਤੇ ਹੋਰ ਲੱਡੂਆਂ ਦੀਆਂ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ। ਉਸ ਦੀ ਨਿਪੁੰਨਤਾ ਸਮੇਂ ਦੇ ਨਾਲ ਵੱਧ ਗਈ ਜਿਸ ਦੇ ਸਿੱਟੇ ਵਜੋਂ ਉਸ ਦੇ ਉਤਪਾਦਾਂ ਦੀ ਗੁਣਵੱਤਾ ਚੰਗੀ ਹੋਈ ਅਤੇ ਵੱਡੀ ਸੰਖਿਆ ਵਿੱਚ ਗ੍ਰਾਹਕ ਜੁੜੇ।

ਖੈਰ, ਫੂਡ ਪ੍ਰੋਸੈਸਿੰਗ ਹੀ ਇਸ ਤਰ੍ਹਾਂ ਦਾ ਇਕੱਲਾ ਖੇਤਰ ਨਹੀਂ ਹੈ ਜਿਸ ਵਿੱਚ ਉਸਨੇ ਉੱਤਮਤਾ ਪ੍ਰਾਪਤ ਕੀਤੀ। ਆਪਣੇ ਸਕੂਲ ਦੇ ਸਮੇਂ ਤੋਂ ਉਹ ਖੇਡਾਂ ਵਿੱਚ ਬਹੁਤ ਕਿਰਿਆਸ਼ੀਲ ਸੀ ਅਤੇ ਕਬੱਡੀ ਟੀਮ ਦੀ ਕਪਤਾਨ ਸੀ। ਉਹ ਆਪਣੇ ਪੇਸ਼ੇ ਅਤੇ ਕੰਮ ਦੇ ਪ੍ਰਤੀ ਬਹੁਤ ਉਤਸ਼ਾਹੀ ਸੀ। ਇੱਥੋਂ ਤੱਕ ਕਿ ਉਸ ਨੇ ਹਿੰਦੂ ਗਰਲਜ਼ ਕਾਲਜ ਤੋਂ ਵੀ ਸਿਖਲਾਈ ਪੁਰਸਕਾਰ ਪ੍ਰਾਪਤ ਕੀਤਾ। ਵਰਤਮਾਨ ਵਿੱਚ ਉਹ ਇੱਕ ਏਕੜ ਜ਼ਮੀਨ ‘ਤੇ ਜੈਵਿਕ ਖੇਤੀ ਕਰ ਰਹੀ ਹੈ ਅਤੇ ਡੇਅਰੀ ਫਾਰਮਿੰਗ ਵਿੱਚ ਵੀ ਕਿਰਿਆਸ਼ੀਲ ਰੂਪ ਨਾਲ ਸ਼ਾਮਲ ਹੈ। ਉਹ ਆਪਣੇ ਪਤੀ ਦੀ ਸਹਾਇਤਾ ਨਾਲ ਹਰ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਉਗਾਉਂਦੀ ਹੈ। ਸੱਤਿਆ ਆੱਰਗੈਨਿਕ ਬ੍ਰੈਂਡ ਦਾ ਨਾਮ ਹੈ ਜਿਸ ਦੇ ਤਹਿਤ ਉਹ ਆਪਣੇ ਪ੍ਰੋਸੈੱਸ ਕੀਤੇ ਉਤਪਾਦਾਂ (ਵੱਖ-ਵੱਖ ਤਰ੍ਹਾਂ ਦੇ ਲੱਡੂ, ਆਚਾਰ, ਜੈਮ ਅਤੇ ਮੁਰੱਬੇ) ਨੂੰ ਵੇਚ ਰਹੀ ਹੈ।

ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਕੰਮ ਨੂੰ ਵਧਾਉਣ ਅਤੇ ਇਸ ਤੋਂ ਜ਼ਿਆਦਾ ਆਮਦਨ ਕਮਾਉਣ ਦੀ ਯੋਜਨਾ ਬਣਾ ਰਹੀ ਹੈ। ਉਹ ਸਮਾਜ ਵਿੱਚ ਹੋਰ ਕੁੜੀਆਂ ਅਤੇ ਮਹਿਲਾਵਾਂ ਨੂੰ ਫੂਡ ਪ੍ਰੋਸੈੱਸਿੰਗ ਅਤੇ ਜੈਵਿਕ ਖੇਤੀ ਦੇ ਪ੍ਰਤੀ ਪ੍ਰੇਰਿਤ ਕਰਨਾ ਚਾਹੁੰਦੀ ਹੈ, ਤਾਂ ਕਿ ਉਹ ਆਤਮ ਨਿਰਭਰ ਹੋ ਸਕਣ।

ਸੰਦੇਸ਼
“ਜੇਕਰ ਪ੍ਰਮਾਤਮਾ ਨੇ ਤੁਹਾਨੂੰ ਸਭ ਕੁੱਝ ਦਿੱਤਾ ਹੈ ਭਾਵ ਚੰਗੀ ਸਿਹਤ ਅਤੇ ਮਾਨਸਿਕ ਤੌਰ ‘ਤੇ ਸਵੱਸਥ ਦਿਮਾਗ, ਤਾਂ ਤੁਹਾਨੂੰ ਇੱਕ ਰਚਨਾਤਮਕ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ ਅਤੇ ਸਕਾਰਾਤਮਕ ਤਰੀਕੇ ਨਾਲ ਸ਼ਕਤੀ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰੇਕ ਵਿਅਕਤੀ ਨੂੰ ਖੁਦ ਵਿੱਚ ਲੁਕੀ ਪ੍ਰਤਿਭਾ ਨੂੰ ਪਛਾਣਨਾ ਚਾਹੀਦਾ ਹੈ ਤਾਂ ਕਿ ਉਹ ਉਸ ਦਿਸ਼ਾ ਵਿੱਚ ਕੰਮ ਕਰ ਸਕਣ, ਜੋ ਸਮਾਜ ਲਈ ਲਾਭਦਾਇਕ ਹੋਵੇ।”