ਰਾਜਸਥਾਨ ਦੇ ਭਵਿੱਖਵਾਦੀ ਕਿਸਾਨ, ਜੋ ਕਵਾਰ (ਐਲੋਵੇਰਾ) ਦੀ ਖੇਤੀ ਨਾਲ ਰਵਾਇਤੀ ਖੇਤੀ ਵਿੱਚ ਤਬਦੀਲੀਆਂ ਲਿਆ ਰਹੇ ਹਨ
ਭਾਵੇਂ ਕਿ ਰਾਜਸਥਾਨ ਅੱਜ ਵੀ ਰਵਾਇਤੀ ਖੇਤੀ ਵਾਲੇ ਢੰਗਾਂ ਲਈ ਜਾਣਿਆ ਜਾਂਦਾ ਹੈ ਅਤੇ ਇੱਥੋਂ ਦੀਆਂ ਮੁੱਖ ਫ਼ਸਲਾਂ ਬਾਜਰਾ, ਗੁਆਰਾ ਅਤੇ ਜਵਾਰ ਹੈ। ਬਹੁਤ ਸਾਰੇ ਕਿਸਾਨ ਤਰੱਕੀ ਕਰ ਰਹੇ ਹਨ, ਪਰ ਅਜੇ ਵੀ ਬਹੁਤ ਕਿਸਾਨ ਅਜਿਹੇ ਹਨ, ਜੋ ਆਪਣੀ ਰਵਾਇਤੀ ਖੇਤੀ ਵਾਲੀ ਰੂੜੀਵਾਦੀ ਸੋਚ ‘ਚੋਂ ਬਾਹਰ ਨਹੀਂ ਨਿਕਲਣਾ ਚਾਹੁੰਦੇ। ਇੱਕ ਅਜਿਹੇ ਇਨਸਾਨ ਹਨ- ਰਾਜਾ ਰਾਮ ਜਾਖੜ, ਜੋ ਇਨ੍ਹਾਂ ਸੋਚਾਂ ‘ਚੋਂ ਬਾਹਰ ਨਿਕਲ ਕੇ ਕੁੱਝ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਬਦਲਾਅ ਲਿਆ ਰਹੇ ਹਨ।
ਰਾਜਸਥਾਨ ਦੀ ਧਰਤੀ ‘ਤੇ ਰਾਜਾ ਰਾਮ ਸਿੰਘ ਜੀ ਜੰਮੇ ਅਤੇ ਪਲੇ ਹਨ। ਉਨ੍ਹਾਂ ਨੇ ਬੀ. ਐੱਸ. ਸੀ. ਐਗਰੀਕਲਚਰ ਵਿੱਚ ਗ੍ਰੈਜੂਏਸ਼ਨ ਕੀਤੀ ਅਤੇ ਉਨ੍ਹਾਂ ਨੇ ਸਰਕਾਰੀ ਨੌਕਰੀ ਵੀ ਛੱਡ ਦਿੱਤੀ ਤਾਂ ਜੋ ਉਹ ਖੇਤੀ ਪ੍ਰਤੀ ਆਪਣੇ ਜਨੂੰਨ ਨੂੰ ਪੂਰਾ ਕਰ ਸਕਣ। ਉਨ੍ਹਾਂ ਨੇ ਮੌਕੇ ਦਾ ਫਾਇਦਾ ਲੈਣਾ ਅਤੇ ਉਸ ਤੋਂ ਲਾਭ ਕਮਾਉਣਾ ਵੀ ਸਿੱਖਿਆ। ਅੱਜ ਉਹ ਰਾਜਸਥਾਨ ਵਿੱਚ ਕਵਾਰ(ਐਲੋਵੇਰਾ) ਦੇ ਸਫ਼ਲ ਕਿਸਾਨ ਹਨ, ਜੋ ਆਪਣੀ ਉਪਜ ਦੇ ਮੰਡੀਕਰਨ ਲਈ ਕਿਸੇ ‘ਤੇ ਵੀ ਨਿਰਭਰ ਨਹੀਂ ਹਨ, ਕਿਉਂਕਿ ਉਨ੍ਹਾਂ ਦੀ ਉਪਜ ਕੇਵਲ ਖੇਤ ਤੋਂ ਹੀ ਖਪਤਕਾਰਾਂ ਨੂੰ ਵੇਚੀ ਜਾਂਦੀ ਹੈ।
ਰਾਜਾ ਰਾਮ ਜਾਖੜ ਜੀ ਦਾ ਪਰਿਵਾਰ ਬਚਪਨ ਤੋਂ ਹੀ ਖੇਤੀਬਾੜੀ ਨਾਲ ਜੁੜਿਆ ਹੈ ਅਤੇ ਉਨ੍ਹਾਂ ਨੇ ਆਪਣੇ ਬਚਪਨ ਤੋਂ ਹੀ ਆਪਣੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਖੇਤੀ ਕਰਦੇ ਹੀ ਦੇਖਿਆ। ਪਰ 1980 ਵਿੱਚ ਡੀ.ਏ.ਵੀ. ਕਾਲਜ, ਸੰਘਰੀਆ(ਰਾਜਸਥਾਨ) ਤੋਂ ਬੀ. ਐੱਸ. ਸੀ. ਐਗਰੀਕਲਚਰ ਦੀ ਡਿਗਰੀ ਪੂਰੀ ਕੀਤੀ ਅਤੇ ਉਨ੍ਹਾਂ ਨੂੰ ਇੱਕ ਵੱਖ ਪੇਸ਼ੇ ਵਿੱਚ ਨੌਕਰੀ (ਸੈਂਟਰਲ ਸਟੇਟ ਫਾਰਮ, ਸੂਰਤਗੜ੍ਹ ਵਿਖੇ ਸੁਪਰਵਾਈਜ਼ਰ) ਦਾ ਮੌਕਾ ਮਿਲਿਆ। ਪਰ ਉਹ 3-4 ਮਹੀਨਿਆਂ ਤੋਂ ਜ਼ਿਆਦਾ ਉੱਥੇ ਕੰਮ ਨਹੀਂ ਕਰ ਸਕੇ, ਕਿਉਂਕਿ ਉਨ੍ਹਾਂ ਦੀ ਇਸ ਕੰਮ ਵਿੱਚ ਦਿਲਚਸਪੀ ਨਹੀਂ ਸੀ ਅਤੇ ਉਨ੍ਹਾਂ ਨੇ ਘਰ ਵਾਪਸ ਆ ਕੇ ਪਿਤਾ-ਪੁਰਖੀ ਧੰਦਾ, ਜੋ ਕਿ ਖੇਤੀ ਸੀ, ਇਸਨੂੰ ਅਪਨਾਉਣ ਦਾ ਫੈਸਲਾ ਕੀਤਾ।
ਉਨ੍ਹਾਂ ਨੇ ਆਪਣੇ ਬਜ਼ੁਰਗਾਂ ਵਾਲੇ ਢੰਗ ਨਾਲ ਹੀ ਖੇਤੀ ਕਰਨੀ ਸ਼ੁਰੂ ਕੀਤੀ, ਪਰ ਇਸ ਵਿੱਚ ਕੁੱਝ ਖਾਸ ਮੁਨਾਫ਼ਾ ਨਹੀਂ ਸੀ ਮਿਲ ਰਿਹਾ। ਹੌਲੀ-ਹੌਲੀ ਉਨ੍ਹਾਂ ਦੇ ਪਰਿਵਾਰ ਦੀ ਰੋਜ਼ੀ-ਰੋਟੀ ਚੱਲਣੀ ਵੀ ਮੁਸ਼ਕਿਲ ਹੋ ਰਹੀ ਸੀ, ਕਿਉਂਕਿ ਉਨ੍ਹਾਂ ਦਾ ਮੁਨਾਫ਼ਾ ਕੇਵਲ ਗੁਜ਼ਾਰੇ ਯੋਗ ਹੀ ਸੀ। ਪਰ ਉਸ ਸਮੇਂ ਉਨ੍ਹਾਂ ਨੇ ਪਤੰਜਲੀ ਬਰੈਂਡ ਅਤੇ ਇਸਦੇ ਐਲੋਵੇਰਾ ਉਤਪਾਦਾਂ ਦੇ ਬਾਰੇ ਸੁਣਿਆ। ਉਨ੍ਹਾਂ ਨੂੰ ਇਹ ਵੀ ਸੁਣਨ ਨੂੰ ਮਿਲਿਆ ਕਿ ਇਨ੍ਹਾਂ ਉਤਪਾਦਾਂ ਨੂੰ ਬਣਾਉਣ ਲਈ ਪਤੰਜਲੀ ਵਿੱਚ ਐਲੋਵੇਰਾ ਦੀ ਬਹੁਤ ਮਾਤਰਾ ਵਿੱਚ ਉਪਜ ਦੀ ਲੋੜ ਹੈ। ਸੋ ਇਸ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਉਨ੍ਹਾਂ ਨੇ ਕੇਵਲ 15000 ਰੁਪਏ ਦੇ ਨਿਵੇਸ਼ ਨਾਲ 1 ਬਿੱਘੇ ਵਿੱਚ ਐਲੋਵੇਰਾ ਦੀ ਖੇਤੀ Babie Densis ਨਾਮ ਦੀ ਕਿਸਮ ਨਾਲ ਸ਼ੁਰੂ ਕੀਤੀ।
ਇਸ ਸਭ ਦੇ ਚੱਲਦੇ, ਇੱਕ ਵਾਰ ਤਾਂ ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਦੇ ਵਿਰੁੱਧ ਹੋ ਗਿਆ, ਕਿਉਂਕਿ ਉਹ ਜੋ ਕੰਮ ਵੀ ਕਰ ਰਹੇ ਸਨ, ਉਸ ‘ਤੇ ਪਰਿਵਾਰ ਨੂੰ ਕੋਈ ਯਕੀਨ ਨਹੀਂ ਸੀ ਅਤੇ ਉਨ੍ਹਾਂ ਸਮਿਆਂ ਵਿੱਚ ਆਪਣੇ ਖੇਤਰ(ਜ਼ਿਲ੍ਹਾ ਗੰਗਾਨਗਰ) ਵਿੱਚ ਐਲੋਵੇਰਾ ਦੀ ਖੇਤੀ ਕਰਨ ਵਾਲੇ ਪਹਿਲੇ ਕਿਸਾਨ ਸਨ। ਪਰ ਰਾਜਾ ਰਾਮ ਜੀ ਨੇ ਆਪਣਾ ਮਨ ਨਹੀਂ ਬਦਲਿਆ, ਕਿਉਂਕਿ ਉਨ੍ਹਾਂ ਨੂੰ ਖੁਦ ‘ਤੇ ਯਕੀਨ ਸੀ। ਇੱਕ ਸਾਲ ਬਾਅਦ, ਆਖਰ ਜਦੋਂ ਐਲੋਵੇਰਾ ਦੇ ਪੌਦੇ ਪੱਕ ਕੇ ਤਿਆਰ ਹੋ ਗਏ, ਕੁੱਝ ਖਰੀਦਦਾਰਾਂ ਨੇ ਉਨ੍ਹਾਂ ਦੀ ਉਪਜ ਖਰੀਦਣ ਲਈ ਸੰਪਰਕ ਕੀਤਾ ਅਤੇ ਉਦੋਂ ਤੋਂ ਹੀ ਉਹ ਆਪਣੀ ਉਪਜ ਫਾਰਮ ਤੋਂ ਹੀ ਵੇਚਦੇ ਹਨ, ਉਹ ਵੀ ਬਿਨਾਂ ਕੋਈ ਵਾਧੂ ਯਤਨ ਕੀਤੇ। ਉਹ ਇੱਕ ਸਾਲ ਵਿੱਚ ਇੱਕ ਬਿੱਘੇ ਤੋਂ ਇੱਕ ਲੱਖ ਰੁਪਏ ਤੱਕ ਦਾ ਮੁਨਾਫ਼ਾ ਲੈਂਦੇ ਹਨ।
ਜਿਵੇਂ ਕਿ ਰਾਜਸਥਾਨ ਵਿੱਚ ਐਲੋਵੇਰਾ ਦੇ ਉਤਪਾਦ ਤਿਆਰ ਕਰਨ ਵਾਲੀਆਂ ਬਹੁਤ ਫੈਕਟਰੀਆਂ ਹਨ, ਇਸ ਲਈ ਹਰ 50 ਦਿਨ ਬਾਅਦ ਖਰੀਦਦਾਰਾਂ ਦੁਆਰਾ ਦੋ ਟਰੱਕ ਉਨ੍ਹਾਂ ਦੇ ਫਾਰਮ ‘ਤੇ ਭੇਜੇ ਜਾਂਦੇ ਹਨ, ਅਤੇ ਉਨ੍ਹਾਂ ਦਾ ਕੰਮ ਕੇਵਲ ਮਜ਼ਦੂਰਾਂ ਦੀ ਮਦਦ ਨਾਲ ਟਰੱਕਾਂ ਨੂੰ ਲੋਡ ਕਰਨਾ ਹੁੰਦਾ ਹੈ। ਹੁਣ ਉਨ੍ਹਾਂ ਨੇ ਵਧੇਰੇ ਮੁਨਾਫ਼ਾ ਲੈਣ ਲਈ ਅੰਤਰ-ਫ਼ਸਲੀ ਵਿਧੀ ਦੁਆਰਾ ਐਲੋਵੇਰਾ ਦੇ ਖੇਤਾਂ ਵਿੱਚ ਮੋਰਿੰਗਾ ਦੇ ਪੌਦੇ ਵੀ ਲਾਏ ਹਨ।
ਇਸ ਸਮੇਂ ਉਹ ਖੁਸ਼ੀ-ਖੁਸ਼ੀ ਆਪਣੇ ਪਰਿਵਾਰ (ਪਤਨੀ, ਤਿੰਨ ਧੀਆਂ ਅਤੇ ਇੱਕ ਪੁੱਤਰ) ਨਾਲ ਰਹਿ ਰਹੇ ਹਨ ਅਤੇ ਪੂਰੇ ਫਾਰਮ ਦਾ ਕੰਮ-ਕਾਜ ਖੁਦ ਹੀ ਸੰਭਾਲਦੇ ਹਨ। ਉਨ੍ਹਾਂ ਕੋਲ ਖੇਤੀ ਲਈ ਇੱਕ ਟਿਊਬਵੈੱਲ ਅਤੇ ਟ੍ਰੈਕਟਰ ਹੈ। ਉਹ ਆਪਣੇ ਖੇਤਾਂ ਵਿੱਚ ਐਲੋਵੇਰਾ, ਮੋਰਿੰਗਾ ਅਤੇ ਨਰਮੇ ਦੀ ਖੇਤੀ ਲਈ ਕੇਵਲ ਜੈਵਿਕ ਖੇਤੀ ਤਕਨੀਕ ਹੀ ਅਪਨਾਉਂਦੇ ਹਨ। ਇਨ੍ਹਾਂ ਤਿੰਨਾਂ ਫ਼ਸਲਾਂ ਤੋਂ ਇਲਾਵਾ ਉਹ ਭਿੰਡੀ, ਤੋਰੀ, ਖੀਰੇ, ਲੌਕੀ, ਗੁਆਰੇ ਦੀਆਂ ਫਲੀਆਂ ਅਤੇ ਹੋਰ ਮੌਸਮੀ ਸਬਜ਼ੀਆਂ ਦੀ ਖੇਤੀ ਘਰੇਲੂ ਵਰਤੋਂ ਲਈ ਕਰਦੇ ਹਨ।
ਰਾਜਾ ਰਾਮ ਜਾਖੜ ਜੀ ਨੇ ਅੰਤਰ-ਫ਼ਸਲੀ ਲਈ ਮੋਰਿੰਗਾ ਦੇ ਪੌਦਿਆਂ ਨੂੰ ਇਸ ਲਈ ਚੁਣਿਆ, ਕਿਉਂਕਿ ਇਸ ਬਹੁਤ ਸਾਰੇ ਚਿਕਿਤਸਕ ਗੁਣ ਹੁੰਦੇ ਹਨ ਅਤੇ ਇਸਨੂੰ ਘੱਟ ਦੇਖਭਾਲ ਕਰਕੇ ਵੀ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ। ਹੁਣ ਉਨ੍ਹਾਂ ਨੇ ਪੌਦੇ ਵੇਚਣ ਦਾ ਕੰਮ ਵੀ ਸ਼ੁਰੂ ਕੀਤਾ ਹੈ ਅਤੇ ਜੋ ਕਿਸਾਨ ਐਲੋਵੇਰਾ ਦੀ ਖੇਤੀ ਲਈ ਟ੍ਰੇਨਿੰਗ ਲੈਣਾ ਚਾਹੁੰਦੇ ਹਨ, ਉਨ੍ਹਾਂ ਨੂੰ ਮੁਫ਼ਤ ਸਿਖਲਾਈ ਵੀ ਦਿੰਦੇ ਹਨ। ਰਾਜਾ ਰਾਮ ਜੀ ਆਪਣੇ ਭਵਿੱਖਵਾਦੀ ਵਿਚਾਰਾਂ ਨਾਲ ਖੇਤੀਬਾੜੀ ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਉਣਾ ਚਾਹੁੰਦੇ ਹਨ। ਅਜੇ ਤੱਕ ਕਦੇ ਵੀ ਉਨ੍ਹਾਂ ਨੇ ਸਰਕਾਰ ਜਾਂ ਕਿਸੇ ਹੋਰ ਸ੍ਰੋਤ ਤੋਂ ਮਦਦ ਨਹੀਂ ਲਈ ਅਤੇ ਜੋ ਕੁੱਝ ਵੀ ਕੀਤਾ ਖੁਦ ਤੋਂ ਹੀ ਕੀਤਾ। ਉਹ ਭਵਿੱਖ ਵਿੱਚ ਆਪਣੇ ਕੰਮ ਨੂੰ ਹੋਰ ਵਧਾਉਣਾ ਚਾਹੁੰਦੇ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਐਲੋਵੇਰਾ ਦੀ ਖੇਤੀ ਤੋਂ ਜਾਗਰੂਕ ਕਰਵਾਉਣਾ ਚਾਹੁੰਦੇ ਹਨ।
ਕਿਸਾਨਾਂ ਲਈ ਸੰਦੇਸ਼
“ਕੁੱਝ ਵੀ ਨਵਾਂ ਕਰਨ ਤੋਂ ਪਹਿਲਾਂ, ਕਿਸਾਨਾਂ ਨੂੰ ਮੰਡੀਕਰਨ ਬਾਰੇ ਸੋਚਣਾ ਚਾਹੀਦਾ ਹੈ ਅਤੇ ਫਿਰ ਖੇਤੀ ਕਰਨੀ ਚਾਹੀਦੀ ਹੈ। ਕਿਸਾਨਾਂ ਨੂੰ ਬਹੁਤ ਸਾਰੇ ਮੌਕੇ ਮਿਲਦੇ ਰਹਿੰਦੇ ਹਨ, ਬਸ ਉਨ੍ਹਾਂ ਨੂੰ ਇਨ੍ਹਾਂ ਮੌਕਿਆਂ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਅਤੇ ਗੁਆਉਣਾ ਨਹੀਂ ਚਾਹੀਦਾ।”