ਇੱਕ ਮਹਿਲਾ ਦੀ ਕਹਾਣੀ ਜੋ ਉੱਦਮ-ਸ਼ੀਲਤਾ ਦੇ ਦੁਆਰਾ ਮਹਿਲਾ ਸਮਾਜ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਈ
ਕਈ ਸਾਲਾਂ ਤੋਂ ਮਹਿਲਾਵਾਂ ਨੇ ਬਹੁਤ ਸਾਰੇ ਖੇਤਰਾਂ ਵਿੱਚ ਇੱਕ ਮਹੱਤਵਪੂਰਣ ਪ੍ਰਭਾਵ ਪਾਇਆ ਅਤੇ ਸਫ਼ਲਤਾ ਪ੍ਰਾਪਤ ਕੀਤੀ, ਪਰ ਫਿਰ ਵੀ ਇਸ ਤਰ੍ਹਾਂ ਦੀਆਂ ਕਈ ਮਹਿਲਾਵਾਂ ਹਨ ਜੋ ਪਿੱਛੇ ਰਹਿੰਦੀਆਂ ਹਨ ਅਤੇ ਸਿਰਫ਼ ਘਰੇਲੂ ਕੰਮ-ਕਾਰ ਤੱਕ ਹੀ ਸੀਮਿਤ ਹਨ। ਅੱਜ, ਮਹਿਲਾਵਾਂ ਨੂੰ ਕਰਮਚਾਰੀ ਦਲ ਦਾ ਇੱਕ ਵੱਡਾ ਹਿੱਸਾ ਬਣਾਉਣ ਅਤੇ ਉਨ੍ਹਾਂ ਦੇ ਹੁਨਰ ਨੂੰ ਵਿਕਸਿਤ ਕਰਨ ਲਈ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ, ਕਿਉਂਕਿ ਦੇਸ਼ ਦੀ ਆਰਥਿਕਤਾ ਦੇ ਵਿਕਾਸ ਵਿੱਚ ਤੇਜ਼ੀ ਲਿਆਉਣ ਦੀ ਸ਼ਕਤੀ ਮਹਿਲਾਵਾਂ ਵਿੱਚ ਹੈ ਅਤੇ ਮਹਿਲਾਵਾਂ ਨੂੰ ਮਜ਼ਬੂਤ ਬਣਾਉਣ ਦਾ ਵਧੀਆ ਤਰੀਕਾ ਉੱਦਮ-ਸ਼ੀਲਤਾ ਹੈ ਨਾ ਕਿ ਦਾਨ ਦੁਆਰਾ। ਮਹਿਲਾਵਾਂ ਦੇ ਸ਼ਕਤੀਕਰਨ ਨੂੰ ਬੜਾਵਾ ਦੇਣ ਲਈ ਬਹੁਤ ਸਾਰੇ ਲੋਕ ਨਿਸ਼ਕਾਮ ਕੰਮ ਕਰਦੇ ਹਨ, ਪਰ ਜੇ ਕੋਈ ਇੱਕ ਮਹਿਲਾ ਨੂੰ ਮਜ਼ਬੂਤ ਬਣਾ ਸਕਦਾ ਹੈ ਤਾਂ ਉਹ ਖੁਦ ਇੱਕ ਔਰਤ ਹੈ। ਅਜਿਹੀ ਇੱਕ ਮਹਿਲਾ ਜੋ ਮਹਿਲਾਵਾਂ ਦੇ ਪੱਖ ਵਿੱਚ ਕੰਮ ਕਰਦੀ ਹੈ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਨ ਦੇ ਲਈ ਉਤਸ਼ਾਹਿਤ ਕਰ ਰਹੀ ਹੈ, ਉਹ ਹੈ ਸ਼੍ਰੀਮਤੀ ਗੁਰਦੇਵ ਕੌਰ ਦਿਓਲ।
ਗੁਰਦੇਵ ਕੌਰ ਇੱਕ ਅਗਾਂਹਵਧੂ ਕਿਸਾਨ ਹੈ ਅਤੇ ਗਲੋਬਲ ਸੈੱਲਫ ਹੈੱਲਪ ਗਰੁੱਪ ਦੀ ਪ੍ਰਧਾਨ ਹੈ। ਪੰਜਾਬ ਦੀ ਧਰਤੀ ‘ਤੇ ਪੈਦਾ ਹੋਈ, ਜੰਮੀ-ਪਲੀ, ਗੁਰਦੇਵ ਕੌਰ ਦਿਓਲ, ਸ਼ੁਰੂ ਤੋਂ ਹੀ ਇੱਕ ਮਜ਼ਬੂਤ ਸ਼ਕਤੀਸ਼ਾਲੀ ਮਹਿਲਾ ਸੀ। ਉਹ ਬਹੁਤ ਕਿਰਿਆਸ਼ੀਲ ਅਤੇ ਉਤਸ਼ਾਹੀ ਸਨ ਅਤੇ ਹਮੇਸ਼ਾ ਆਪਣੇ ਨਾਲ ਦੀਆਂ ਮਹਿਲਾਵਾਂ ਦੀ ਮਦਦ ਕਰਨ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣ ਵਿੱਚ ਪਹਿਲ ਕਰਨਾ ਚਾਹੁੰਦੇ ਸਨ।
ਹੋਰ ਮਹਿਲਾਵਾਂ ਦੀ ਤਰ੍ਹਾਂ ਹੀ ਪੜ੍ਹਾਈ (ਖਾਲਸਾ ਕਾਲਜ, ਗੁਰੂਸਰ ਸਦਰ, ਲੁਧਿਆਣਾ ਤੋਂ MA-B.Ed.) ਪੂਰੀ ਹੋਣ ਤੋਂ ਬਾਅਦ ਉਨ੍ਹਾਂ ਦਾ ਵਿਆਹ ਹੋ ਗਿਆ। ਪਰ ਵਿਆਹ ਦੇ ਬਾਅਦ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇਹ ਉਹ ਸਭ ਨਹੀਂ ਹੈ ਜੋ ਉਹ ਚਾਹੁੰਦੀ ਸੀ। 1995 ਵਿੱਚ ਉਨ੍ਹਾਂ ਨੇ ਬਕਸਿਆਂ ਦੇ ਨਾਲ ਮੱਖੀ ਪਾਲਣ ਦਾ ਕੰਮ ਸ਼ੁਰੂ ਕੀਤਾ ਅਤੇ ਨਾਲ ਹੀ ਖੁਦ ਦੇ ਦੁਆਰਾ ਬਣਾਏ ਗਏ ਉਤਪਾਦ ਜਿਵੇਂ ਆਚਾਰ, ਚਟਨੀ ਆਦਿ ਦਾ ਮੰਡੀਕਰਨ ਵੀ ਸ਼ੁਰੂ ਕੀਤਾ।
2004 ਵਿੱਚ ਉਹ ਪੀ.ਏ.ਯੂ. ਦੇ ਨਾਲ ਜੁੜੇ ਅਤੇ ਫਿਰ ਉਨ੍ਹਾਂ ਨੇ ਸਮਝਿਆ ਕਿ ਹੁਣ ਤੱਕ ਉਨ੍ਹਾਂ ਨੂੰ ਕੇਵਲ ਸਿਧਾਂਤਕ ਗਿਆਨ ਸੀ। ਇਸ ਲਈ ਉਨ੍ਹਾਂ ਨੇ ਪੀ.ਏ.ਯੂ. ਤੋਂ ਪ੍ਰੈਕਟੀਕਲ ਗਿਆਨ ਲੈਣਾ ਸ਼ੁਰੂ ਕੀਤਾ। ਉਹ ਪੀ.ਏ.ਯੂ. ਦੇ ਮੱਖੀ ਪਾਲਣ ਐਸੋਸੀਏਸ਼ਨ ਦੀ ਮੈਂਬਰ ਵੀ ਬਣੇ। ਬਹੁਤ ਕੁੱਝ ਕਰਨ ਦੇ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਸਮਾਜ ਦੀਆਂ ਹੋਰ ਮਹਿਲਾਵਾਂ ਨੂੰ ਵੀ ਆਪਣੀ ਯੋਗਤਾ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ। ਇਸ ਲਈ 2008 ਵਿੱਚ ਉਨ੍ਹਾਂ ਨੇ ਆਪਣੇ ਪਿੰਡ ਦੀਆਂ 15 ਮਹਿਲਾਵਾਂ ਨੂੰ ਇਕੱਠਾ ਕਰ ਕੇ ਇੱਕ ਸਹਿਕਾਰੀ ਗਰੁੱਪ ਬਣਾਇਆ ਜਿਸ ਦਾ ਨਾਮ ਗਲੋਬਲ ਸੈੱਲਫ ਹੈੱਲਪ ਗਰੁੱਪ ਰੱਖਿਆ। ਉਨ੍ਹਾਂ ਨੇ ਆਪਣੇ ਗਰੁੱਪ ਦੀਆਂ ਸਾਰੀਆਂ ਮਹਿਲਾਵਾਂ ਦੀ ਪੀ.ਏ.ਯੂ. ਦੇ ਟ੍ਰੇਨਿੰਗ ਪ੍ਰੋਗਰਾਮ ਵਿੱਚ ਭਾਗ ਲੈਣ ਵਿੱਚ ਮਦਦ ਕੀਤੀ ਤਾਂ ਕਿ ਉਹ ਉਚਿੱਤ ਜਾਣਕਾਰੀ ਹਾਸਲ ਕਰ ਸਕਣ।
ਸ਼ੁਰੂ ਵਿੱਚ ਉਨ੍ਹਾਂ ਦੇ ਗਰੁੱਪ ਨੇ ਆਚਾਰ, ਚਟਨੀ, ਜੈਮ, ਸ਼ਹਿਦ, ਸੋਸੇਜ, ਸਕਵੈਸ਼, ਜੂਸ ਅਤੇ ਮੁਰੱਬਾ ਆਦਿ ਬਣਾਉਣ ਦਾ ਕੰਮ ਸ਼ੁਰੂ ਕੀਤਾ। ਜਲਦੀ ਹੀ ਉਨ੍ਹਾਂ ਦੇ ਗਰੁੱਪ ਨੇ ਚੰਗਾ ਲਾਭ ਕਮਾਇਆ ਅਤੇ 6 ਮਹੀਨੇ ਬਾਅਦ ਬੈਂਕ ਨੇ ਉਨ੍ਹਾਂ ਨੂੰ ਕੰਮ ਲਈ ਲੋਨ ਪ੍ਰਦਾਨ ਕੀਤਾ। ਉਨ੍ਹਾਂ ਨੇ ਆਪਣੇ ਕੰਮ ਨੂੰ ਥੋੜ੍ਹਾ-ਥੋੜ੍ਹਾ ਵਧਾਉਣਾ ਸ਼ੁਰੂ ਕੀਤਾ ਅਤੇ ਜੈਵਿਕ ਖੇਤੀ ਵੀ ਸ਼ੁਰੂ ਕੀਤੀ ਅਤੇ ਆਪਣੇ ਗਰੁੱਪ ਵਿੱਚ ਹੋਰ ਉਤਪਾਦਾਂ ਨੂੰ ਜੋੜਿਆ।
2012 ਵਿੱਚ ਉਨ੍ਹਾਂ ਨੇ NABARD ਦੇ ਨਾਲ ਭਾਗੀਦਾਰੀ ਕੀਤੀ ਅਤੇ ਆਪਣੇ ਗਰੁੱਪ ਨੂੰ ਉਨ੍ਹਾਂ ਦੇ ਨਾਲ ਰਜਿਸਟਰ ਕਰ ਲਿਆ ਅਤੇ ਇਸ ਨੂੰ ਇੱਕ ਐਨ.ਜੀ.ਓ ਵਿੱਚ ਬਦਲ ਦਿੱਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਦੇ ਗਰੁੱਪ ਦੇ ਮੈਂਬਰਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। NABARD ਦੇ ਨਾਲ ਰਜਿਸਟਰ ਕਰਨ ਦੇ ਬਾਅਦ ਮਹਿਲਾਵਾਂ ਨੂੰ ਆਪਣੇ ਹੁਨਰ ਵਿਕਸਿਤ ਕਰਨ ਅਤੇ ਆਤਮ ਨਿਰਭਰ ਹੋਣ ਲਈ ਉਤਸ਼ਾਹਿਤ ਕਰਨ ਲਈ 100 ਸੈੱਲਫ ਹੈੱਲਪ ਗਰੁੱਪ ਬਣਾਉਣ ਦਾ ਟੀਚਾ ਰੱਖਿਆ ਗਿਆ। ਹੁਣ ਤੱਕ ਉਨ੍ਹਾਂ ਨੇ 25 ਗਰੁੱਪ ਬਣਾਏ ਅਤੇ ਪੀ.ਏ.ਯੂ. ਵੱਲੋਂ ਵੀ ਹੋਰ ਗਰੁੱਪ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ। 2015 ਵਿੱਚ ਉਨ੍ਹਾਂ ਨੇ Farmer Producer Organization ਦੇ ਨਾਲ ਸੈੱਲਫ ਹੈੱਲਪ ਗਰੁੱਪ ਨੂੰ ਰਜਿਸਟਰ ਕੀਤਾ। ਹੁਣ ਤੱਕ ਉਹ 400 ਤੋਂ ਜ਼ਿਆਦਾ ਮਹਿਲਾਵਾਂ ਅਤੇ ਪੁਰਸ਼ਾਂ ਨਾਲ ਜੁੜ ਚੁੱਕੇ ਹਨ, ਜਿਨ੍ਹਾਂ ਦੇ ਅਲੱਗ-ਅਲੱਗ ਗਰੁੱਪ ਬਣਾਏ ਗਏ ਹਨ।
NABARD ਵੀ ਉਨ੍ਹਾਂ ਨੂੰ ਫੰਡ ਮੁਹੱਈਆ ਕਰਵਾਉਣ ਵਿੱਚ ਮਦਦ ਕਰਦਾ ਹੈ, ਤਾਂ ਕਿ ਉਹ ਜ਼ਰੂਰਤਮੰਦ ਮਹਿਲਾਵਾਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦੇ ਸਕਣ ਅਤੇ ਆਪਣੇ ਗਰੁੱਪ ਬਣਾ ਸਕਣ। ਉਹ ਹਮੇਸ਼ਾ ਮਹਿਲਾਵਾਂ ਨੂੰ ਕਹਿੰਦੇ ਹਨ ਕਿ ਆਪਣੇ ਪਰਿਵਾਰ, ਬੱਚਿਆਂ ਅਤੇ ਰਿਸ਼ਤੇਦਾਰਾਂ ਦੇ ਲਈ ਵਿਅੰਜਨ ਬਣਾਉਣਾ ਸ਼ੁਰੂ ਕਰਨ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਜੇਕਰ ਇੱਕ ਘਰੇਲੂ ਮਹਿਲਾ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦੀ, ਤਾਂ ਉਹ ਬਾਹਰ ਇਹ ਕੰਮ ਕਿਵੇਂ ਕਰੇਗੀ?
ਵਰਤਮਾਨ ਵਿੱਚ, ਸ਼੍ਰੀਮਤੀ ਗੁਰਦੇਵ ਕੌਰ ਦਿਓਲ ਆਪਣੇ ਪਤੀ ਸ. ਗੁਰਦੇਵ ਸਿੰਘ ਦਿਓਲ ਨਾਲ ਪਿੰਡ ਦਸ਼ਮੇਸ਼ ਨਗਰ, ਲੁਧਿਆਣਾ ਵਿੱਚ ਰਹਿ ਰਹੇ ਹਨ ਅਤੇ ਸਫ਼ਲਤਾਪੂਰਵਕ ਆਪਣਾ ਗਰੁੱਪ ਚਲਾ ਰਹੇ ਹਨ ਅਤੇ ਹੋਰ ਮਹਿਲਾਵਾਂ ਅਤੇ ਕਿਸਾਨਾਂ ਦੀ ਬਿਹਤਰੀ ਲਈ ਉਨ੍ਹਾਂ ਦਾ ਮਾਰਗ-ਦਰਸ਼ਨ ਕਰ ਰਹੇ ਹਨ। ਹੁਣ ਤੱਕ ਉਨ੍ਹਾਂ ਕੋਲ 32 ਉਤਪਾਦ ਹਨ ਜਿਨ੍ਹਾਂ ਵਿੱਚ ਜੈਵਿਕ ਦਾਲਾਂ, ਮਸਰ, ਸਕਵੈਸ਼ ਅਤੇ ਮਸਾਲੇ ਆਦਿ ਸ਼ਾਮਲ ਹਨ। ਮਧੂ-ਮੱਖੀ ਪਾਲਣ ਉਨ੍ਹਾਂ ਦਾ ਪਸੰਦੀਦਾ ਸ਼ੌਂਕ ਹੈ ਅਤੇ ਹੁਣ ਉਨ੍ਹਾਂ ਦੇ ਗਰੁੱਪ ਵਿੱਚ ਮਧੂ-ਮੱਖੀ ਦੇ 450 ਬਕਸੇ ਹਨ। ਉਹ ਡੇਅਰੀ ਫਾਰਮਿੰਗ ਦਾ ਕੰਮ ਵੀ ਕਰਦੇ ਹੈ ਅਤੇ ਵੇਚਣ ਦੇ ਲਈ ਦੁੱਧ ਤੋਂ ਤਿਆਰ ਉਤਪਾਦ ਬਣਾਉਂਦੇ ਹਨ। ਉਹ ਕਿਸਾਨਾਂ ਤੋਂ ਜੈਵਿਕ ਦਾਲਾਂ ਖਰੀਦ ਕੇ ਪੈਕ ਕਰਦੇ ਅਤੇ ਵੇਚਦੇ ਵੀ ਹਨ। ਉਹ ਗਲੋਬਲ ਐਗਰੋ ਫੂਡ ਉਤਪਾਦ ਦੇ ਨਾਮ ‘ਤੇ ਆਪਣੇ ਗਰੁੱਪ ਦੁਆਰਾ ਬਣਾਏ ਗਏ ਸਾਰੇ ਉਤਪਾਦਾਂ ਨੂੰ ਵੇਚਦੇ ਹਨ। ਉਹ ਗਲੋਬਲ ਸੈੱਲਫ ਹੈੱਲਪ ਗਰੁੱਪ ਤੋਂ ਕਾਫੀ ਚੰਗਾ ਲਾਭ ਕਮਾ ਰਹੇ ਹਨ।
ਭਵਿੱਖ ਵਿੱਚ ਉਹ, ਆਪਣੇ ਗਰੁੱਪ ਦੇ ਨਾਮ ‘ਤੇ ਇੱਕ ਦੁਕਾਨ(ਸਟੋਰ) ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ, ਤਾਂ ਕਿ ਆਪਣੇ ਉਤਪਾਦਾਂ ਨੂੰ ਵੇਚਣ ਦੇ ਲਈ ਉਚਿੱਤ ਮੰਚ ਸਥਾਪਿਤ ਕਰ ਸਕਣ ਅਤੇ ਉਹ ਜੈਵਿਕ ਦਾਲਾਂ, ਸਬਜ਼ੀਆਂ ਅਤੇ ਮੱਕੀ ਆਦਿ ਦੇ ਵਪਾਰ ਲਈ ਹਿਮਾਚਲ ਪ੍ਰਦੇਸ਼ ਦੇ ਕਿਸਾਨਾਂ ਨਾਲ ਜੁੜਣਾ ਚਾਹੁੰਦੇ ਹਨ।
ਹੁਣ ਤੱਕ ਉਨ੍ਹਾਂ ਨੇ ਆਪਣੇ ਕੰਮ ਦੇ ਲਈ ਕਾਫੀ ਪੁਰਸਕਾਰ ਅਤੇ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਵਿੱਚੋਂ ਕੁੱਝ ਨਿਮਨਲਿਖਿਤ ਹਨ:
• 2009 ਵਿੱਚ ਸਰਦਾਰਨੀ ਜਗਬੀਰ ਕੌਰ ਅਵਾਰਡ
• 2010 ਵਿੱਚ ਆਤਮਾ ਸਕੀਮ ਦੇ ਅੰਤਰਗਤ ਖੇਤੀ ਵਿਭਾਗ ਵੱਲੋਂ ਰਾਜ ਪੁਰਸਕਾਰ
• 2011 ਵਿੱਚ ਡੇਅਰੀ ਫਾਰਮਿੰਗ ਦੇ ਲਈ ਨੈਸ਼ਨਲ ਅਵਾਰਡ
• 2012 ਵਿੱਚ NABARD ਤੋਂ ਗਲੋਬਲ ਸੈੱਲਫ ਹੈੱਲਪ ਗਰੁੱਪ ਦੇ ਲਈ ਰਾਜ ਪੁਰਸਕਾਰ
ਗੁਰਦੇਵ ਕੌਰ ਦਿਓਲ ਦੁਆਰਾ ਦਿੱਤਾ ਗਿਆ ਸੰਦੇਸ਼
“ਗੁਰਦੇਵ ਕੌਰ ਜੀ ਦਾ ਉਨ੍ਹਾਂ ਕਿਸਾਨਾਂ ਲਈ ਵਿਸ਼ੇਸ਼ ਸੰਦੇਸ਼ ਹੈ ਜਿਹਨਾਂ ਕਿਸਾਨਾਂ ਕੋਲ ਘੱਟ ਜ਼ਮੀਨ ਹੈ। ਜੇਕਰ ਇੱਕ ਕਿਸਾਨ ਦੇ ਕੋਲ 3-4 ਏਕੜ ਜ਼ਮੀਨ ਹੈ ਤਾਂ ਉਨ੍ਹਾਂ ਨੂੰ ਕਣਕ ਅਤੇ ਝੋਨੇ ਦੀ ਜਗ੍ਹਾ ਸਬਜ਼ੀਆਂ ਅਤੇ ਦਾਲਾਂ ਨੂੰ ਜੈਵਿਕ ਤਰੀਕੇ ਨਾਲ ਉਗਾਉਣਾ ਚਾਹੀਦਾ ਹੈ, ਕਿਉਂਕਿ ਜੈਵਿਕ ਖੇਤੀ ਇੱਕ ਸੁਰੱਖਿਅਤ ਤਰੀਕੇ ਨਾਲ ਚੰਗਾ ਲਾਭ ਕਮਾਉਣ ਵਿੱਚ ਮਦਦ ਕਰਦੀ ਹੈ ਅਤੇ ਹਰ ਮਹਿਲਾ ਨੂੰ ਆਪਣੇ ਹੁਨਰ ਦੀ ਵਰਤੋਂ ਸ਼ੁਰੂ ਕਰਨੀ ਚਾਹੀਦੀ ਅਤੇ ਉਤਪਾਦਨ ਸ਼ੁਰੂ ਕਰਨਾ ਚਾਹੀਦਾ ਹੈ।