ਕਿਵੇਂ ਇੱਕ ਪਿਤਾ ਨੇ ਮੱਖੀ ਪਾਲਣ ਵਿੱਚ ਨਿਵੇਸ਼ ਕਰ ਕੇ ਆਪਣੇ ਪੁੱਤਰ ਨੂੰ ਜ਼ਿਆਦਾ ਮੁਨਾਫ਼ਾ ਕਮਾਉਣ ਵਿੱਚ ਮਦਦ ਕੀਤੀ
ਪੰਧੇਰ ਪਰਿਵਾਰ ਦੀ ਅਗਲੀ ਪੀੜ੍ਹੀ ਹਰਬੀਰ ਸਿੰਘ ਪੰਧੇਰ ਨੇ ਨਾ ਸਿਰਫ਼ ਆਪਣੇ ਪਿਤਾ ਦੇ ਮੱਖੀ ਪਾਲਣ ਦੇ ਕੰਮ ਨੂੰ ਅੱਗੇ ਵਧਾਇਆ, ਪਰ ਆਪਣੇ ਵਿਚਾਰਾਂ ਅਤੇ ਕੋਸ਼ਿਸ਼ਾਂ ਨਾਲ ਇਸ ਨੂੰ ਇੱਕ ਲਾਭਦਾਇਕ ਕਿੱਤਾ ਵੀ ਬਣਾਇਆ।
ਹਰਬੀਰ ਸਿੰਘ ਕੁਹਲੀ ਖੁਰਦ, ਲੁਧਿਆਣਾ ਦੇ ਨਿਵਾਸੀ ਹਨ, ਜਿਨ੍ਹਾਂ ਕੋਲ ਸਿਵਲ ਇੰਜੀਨੀਅਰ ਦੀ ਡਿਗਰੀ ਹੁੰਦੇ ਹੋਏ ਵੀ ਉਹਨਾਂ ਨੇ ਆਪਣੇ ਪਿਤਾ ਦੇ ਕਿੱਤੇ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਅਤੇ ਆਪਣੇ ਵਿਚਾਰਾਂ ਨਾਲ ਇਸ ਨੂੰ ਅੱਗੇ ਲੈ ਕੇ ਆਏ।
ਗੁਰਮੇਲ ਸਿੰਘ ਪੰਧੇਰ- ਹਰਬੀਰ ਸਿੰਘ ਦੇ ਪਿਤਾ ਨੇ ਲਗਭਗ 35 ਸਾਲ ਪਹਿਲਾਂ ਬਿਨਾਂ ਕਿਸੀ ਟ੍ਰੇਨਿੰਗ ਤੋਂ ਮੱਖੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਸੀ। 80 ਦੇ ਦਸ਼ਕ ਵਿੱਚ ਜਦ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਮੱਖੀ ਪਾਲਣ ਵੀ ਇੱਕ ਲਾਭਦਾਇਕ ਕਿੱਤਾ ਹੋ ਸਕਦਾ ਹੈ, ਗੁਰਮੇਲ ਸਿੰਘ ਦਾ ਭਵਿੱਖਵਾਦੀ ਦਿਮਾਗ ਇੱਕ ਵੱਖ ਹੀ ਦਿਸ਼ਾ ਵਿੱਚ ਤੁਰ ਪਿਆ। ਉਸ ਸਮੇਂ ਉਹਨਾਂ ਨੇ 2 ਬਕਸਿਆਂ ਨਾਲ ਮਧੂ ਮੱਖੀ ਪਾਲਣ ਦੀ ਸ਼ੁਰੂਆਤ ਕੀਤੀ ਅਤੇ ਅੱਜ ਉਹਨਾਂ ਦੇ ਪੁੱਤਰ ਨੇ ਇਸ ਕੰਮ ਨੂੰ 700 ਬਕਸਿਆਂ ਵਿੱਚ ਬਦਲ ਕੇ ਇੱਕ ਵੱਡੀ ਛਾਲ ਮਾਰੀ ਹੈ।
ਜਦ ਕਿ ਹਰਬੀਰ ਸਿੰਘ ਦੇ ਪਿਤਾ ਮਧੂ ਮੱਖੀ ਪਾਲਣ ਤੋਂ ਵਧੀਆ ਮੁਨਾਫ਼ਾ ਕਮਾ ਰਹੇ ਸਨ ਪਰ ਇੱਕ ਮਾਰਕੀਟਿੰਗ ਦੇ ਹਿਸਾਬ ਨਾਲ ਬਹੁਤ ਘੱਟ ਸੀ। ਜਿਸ ਕਾਰਨ ਉਹ ਸਹੀ ਮਾਰਕੀਟ ਨੂੰ ਕਵਰ ਨਹੀਂ ਕਰ ਪਾ ਰਹੇ ਸਨ। ਇਸ ਲਈ ਹਰਬੀਰ ਸਿੰਘ ਨੇ ਸੋਚਿਆ ਕਿ ਉਹ ਆਪਣੀ ਸੋਚ ਅਤੇ ਯੋਜਨਾ ਨਾਲ ਇਸ ਕੰਮ ਨੂੰ ਅੱਗੇ ਲੈ ਕੇ ਜਾਣਗੇ। ਹਰਬੀਰ ਨੇ ਆਪਣੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਹੀ ਆਪਣੇ ਪਿਤਾ ਦਾ ਕੰਮ ਸੰਭਾਲ ਲਿਆ। ਇਸ ਕੰਮ ਨੂੰ ਚੁਣਨਾ ਹਰਬੀਰ ਸਿੰਘ ਦੀ ਕੋਈ ਮਜ਼ਬੂਰੀ ਨਹੀਂ ਸੀ ਬਲਕਿ ਇਹ ਤੇ ਉਹਦਾ ਜਨੂੰਨ ਸੀ ਜੋ ਉਹ ਆਪਣੇ ਪਿਤਾ ਵਿੱਚ ਬਚਪਨ ਤੋਂ ਵੇਖਦੇ ਆ ਰਹੇ ਸਨ।
ਇਸ ਕੰਮ ਨੂੰ ਸਾਂਭਦੇ ਹੀ ਹਰਬੀਰ ਨੇ ਇਸ ਵਪਾਰ ਨੂੰ “ਰੋਇਲ ਹਨੀ” ਬ੍ਰਾਂਡ ਦਾ ਨਾਮ ਦੇ ਦਿੱਤਾ। ਹਰਬੀਰ ਚੰਗੀ ਤਰ੍ਹਾਂ ਜਾਂਦੇ ਸੀ ਕਿ ਇਸ ਵਪਾਰ ਨੂੰ ਵੱਡੇ ਪੱਧਰ ਤੇ ਅੱਗੇ ਲੈ ਕੇ ਜਾਣ ਲਈ ਇਸ ਦੀ ਬ੍ਰੈਂਡਿੰਗ ਬਹੁਤ ਜ਼ਰੂਰੀ ਹੈ। ਇਸ ਲਈ ਉਹਨਾਂ ਨੇ ਇਸ ਬ੍ਰਾਂਡ ਨਾਮ ਨੂੰ ਰਜਿਸਟਰ ਕਰਵਾ ਲਿਆ। ਆਪਣੇ ਕੰਮ ਨੂੰ ਚੰਗੇ ਤਰੀਕੇ ਨਾਲ ਕਰਨ ਲਈ 2011 ਵਿੱਚ ਹਰਬੀਰ ਟ੍ਰੇਨਿੰਗ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਗਏ।
ਸਾਲ 2013 ਵਿੱਚ ਉਹਨਾਂ ਨੇ ਆਪਣੇ ਪ੍ਰੋਡਕਟਸ ਨੂੰ ਐਗਮਾਰਕ ਰਜਿਸਟਰ ਵੀ ਕਰਵਾ ਲਿਆ ਅਤੇ ਅੱਜ ਉਹ ਰਜਿਸਟ੍ਰੇਸ਼ਨ ਤੋਂ ਲੈ ਕੇ ਮਾਰਕੀਟਿੰਗ ਤੱਕ ਸਭ ਖੁਦ ਕਰਦੇ ਹਨ। ਉਹ ਮੁੱਖ ਤੌਰ ‘ਤੇ 2 ਪ੍ਰੋਡਕਟਸ ਸ਼ਹਿਦ ਅਤੇ ਬੀ ਬਾਕਸ ‘ਤੇ ਜ਼ਿਆਦਾ ਧਿਆਨ ਦਿੰਦੇ ਹਨ।
ਹਰਬੀਰ ਦੇ ਫਾਰਮ ਤੇ ਮੁੱਖ ਤੌਰ ‘ਤੇ ਇਟਾਲੀਅਨ ਮੱਖੀਆਂ ਹਨ ਅਤੇ ਸ਼ਹਿਦ ਵਧੀਆ ਗੁਣਵੱਤਾ ਬਣਾਏ ਰੱਖਣ ਲਈ ਉਹ ਇਹਨਾਂ ਨੂੰ ਹਰ ਬਦਲਦੇ ਮੌਸਮ ਵਿੱਚ ਦੂਜੇ ਰਾਜਾਂ ਵਿੱਚ ਲੈ ਕੇ ਜਾਂਦੇ ਰਹਿੰਦੇ ਹਨ। ਉਹਨਾਂ ਨੇ ਇਸ ਕੰਮ ਲਈ 7 ਮਜ਼ਦੂਰਾਂ ਨੂੰ ਕੰਮ ਦਿੱਤਾ ਹੈ। ਮੁੱਖ ਰੂਪ ਨਾਲ ਉਹ ਆਪਣੇ ਬਕਸਿਆਂ ਨੂੰ ਚਿਤੌੜਗੜ੍ਹ (ਕੈਰੰ ਦੇ ਬੀਜਾਂ ਦੇ ਖੇਤਾਂ ਵਿੱਚ), ਕੋਟਾ (ਸਰ੍ਹੋਂ ਦੇ ਖੇਤਾਂ ਵਿੱਚ), ਹਿਮਾਚਲ ਪ੍ਰਦੇਸ਼ (ਵੱਖ- ਵਾਹ ਫੁੱਲ), ਮਲੋਟ (ਸੂਰਜਮੁਖੀ ਦੇ ਖੇਤਾਂ ਵਿੱਚ) ਅਤੇ ਰਾਜਸਥਾਨ (ਤੁਰ ਦੇ ਖੇਤਾਂ ਵਿੱਚ) ਜ਼ਮੀਨ ਠੇਕੇ ‘ਤੇ ਲੈ ਕੇ ਛੱਡ ਦਿੰਦੇ ਹਨ। ਸ਼ਹਿਦ ਨੂੰ ਹੱਥਾਂ ਨਾਲ ਕੱਢਵਾਉਂਦੇ ਹਨ ਅਤੇ ਫਿਰ ਉਤਪਾਦਾਂ ਦੀ ਬ੍ਰੈਂਡਿੰਗ ਅਤੇ ਪੈਕੇਜਿੰਗ ਵੀ ਕਰਦੇ ਹਨ।
ਮੱਖੀ ਪਾਲਣ ਤੋਂ ਇਲਾਵਾ ਹਰਬੀਰ ਅਤੇ ਉਸ ਦਾ ਪਰਿਵਾਰ ਡੇਅਰੀ ਫਾਰਮਿੰਗ ਵੀ ਕਰਦਾ ਹੈ। ਉਹਦੇ ਕੋਲ 7 ਏਕੜ ਜ਼ਮੀਨ ਹੈ, ਜਿਸ ਉੱਤੇ ਉਹ ਘਰ ਵਾਸਤੇ ਕਣਕ, ਝੋਨਾ ਉਗਾਉਂਦੇ ਹਨ ਅਤੇ ਉਹਨਾਂ ਕੋਲ 15 ਮੱਝਾਂ ਵੀ ਹਨ ਜਿਹਨਾਂ ਦਾ ਦੁੱਧ ਉਹ ਪਿੰਡ ਵਿੱਚ ਵੇਚਦੇ ਹਨ ਅਤੇ ਕੁੱਝ ਆਪ ਵੀ ਵਰਤਦੇ ਹਨ।
ਅਜੋਕੇ ਸਮੇਂ ਹਰਬੀਰ ਆਪਣੇ ਪਰਿਵਾਰਿਕ ਕਿੱਤੇ ਨਾਲ ਚੰਗਾ ਮੁਨਾਫ਼ਾ ਕਮਾ ਰਹੇ ਹਨ ਅਤੇ ਇਸ ਤੋਂ ਇਲਾਵਾ ਉਹ ਹੋਰ ਲੋਕਾਂ ਨੂੰ ਇਸ ਕੰਮ ਲਈ ਪ੍ਰੇਰਿਤ ਵੀ ਕਰਦੇ ਹਨ। ਹਰਬੀਰ ਭਵਿੱਖ ਵਿੱਚ ਆਪਣੇ ਇਸ ਕਿੱਤੇ ਨੂੰ ਹੋਰ ਵੀ ਵਧਾਉਣਾ ਚਾਹੁੰਦੇ ਹਨ ਅਤੇ ਮਾਰਕੀਟਿੰਗ ਲਈ ਆਤਮ-ਨਿਰਭਰ ਹੋਣਾ ਚਾਹੁੰਦੇ ਹਨ।