ਚਰਨਜੀਤ ਸਿੰਘ ਝੱਜ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹਾ ਕਿਸਾਨ ਜੋ ਡਿਗਿਆ ਤਾਂ ਸੀ ਪਰ ਡਿੱਗ ਕੇ ਖੜਾ ਹੋਣਾ ਵੀ ਸਿਖਿਆ ਅਤੇ ਸਿਖਾਇਆ ਵੀ

ਕਿਸਾਨ ਨੂੰ ਹਮੇਸ਼ਾਂ ਅੰਨਦਾਤਾ ਕਰਕੇ ਜਾਣਿਆ ਜਾਂਦਾ ਹੈ, ਕਿਉਂਕਿ ਕਿਸਾਨ ਦਾ ਕੰਮ ਅੰਨ ਉਗਾਉਣਾ ਅਤੇ ਦੇਸ਼ ਦਾ ਢਿੱਡ ਭਰਨਾ ਹੁੰਦਾ ਹੈ ਪਰ ਅਜੋਕੇ ਸਮੇਂ ਵਿੱਚ ਕਿਸਾਨ ਨੂੰ ਉਗਾਉਣ ਦੇ ਨਾਲ-ਨਾਲ ਫਸਲ ਦੀ ਪ੍ਰੋਸੈਸਿੰਗ ਅਤੇ ਵੇਚਣਾ ਆਉਣਾ ਵੀ ਬਹੁਤ ਜ਼ਰੂਰੀ ਹੈ। ਪਰ ਜਦੋਂ ਮੰਡੀਕਰਨ ਦੀ ਗੱਲ ਆਉਂਦੀ ਹੈ ਤਾਂ ਕਿਸਾਨ ਨੂੰ ਕਈ ਪੜਾਵਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ, ਕਿਉਂਕਿ ਮਨ ਵਿੱਚ ਡਰ ਵੀ ਬੈਠਾ ਹੁੰਦਾ ਹੈ ਕਿਤੇ ਆਪਣੇ ਕਿਸਾਨੀ ਦੇ ਵਜੂਦ ਨੂੰ ਕਾਇਮ ਰੱਖਣ ਵਿੱਚ ਕਮਜ਼ੋਰ ਨਾ ਹੋ ਜਾਵੇ।

ਕਿਸਾਨ ਦਾ ਨਾਮ ਚਰਨਜੀਤ ਸਿੰਘ ਝੱਜ ਜਿਸਨੇ ਆਪਣੇ ਆਪ ‘ਤੇ ਭਰੋਸਾ ਕੀਤਾ ਅਤੇ ਅੱਗੇ ਵਧਿਆ ਅਤੇ ਅੱਜ ਕਾਮਯਾਬੀ ਦੀਆਂ ਲੀਹਾਂ ਲੰਘ ਚੁੱਕਿਆ ਹੈ ਜੋ ਪਿੰਡ ਗਹਿਲ ਮਜਾਰੀ, ਨਵਾਂਸ਼ਹਿਰ ਦੇ ਰਹਿਣ ਵਾਲੇ ਹਨ। ਉਂਝ ਤਾਂ ਚਰਨਜੀਤ ਸਿੰਘ ਸ਼ੁਰੂ ਤੋਂ ਹੀ ਖੇਤੀ ਕਰਦੇ ਹਨ ਜਿਸ ਵਿੱਚ ਉਨ੍ਹਾਂ ਨੇ ਆਪਣਾ ਧਿਆਨ ਜ਼ਿਆਦਾ ਗੰਨੇ ਦੀ ਖੇਤੀ ਵੱਲ ਹੀ ਦਿੱਤਾ। ਚਰਨਜੀਤ ਸਿੰਘ ਜੀ 1982 ਤੋਂ ਹੀ ਗੰਨੇ ਦੀ ਹੀ ਖੇਤੀ ਕਰਦੇ ਆਏ ਹਨ ਅਤੇ ਇੱਕ ਕਿਸਾਨ ਹੋਣ ਦੇ ਨਾਤੇ ਉਹ ਹਮੇਸ਼ਾਂ ਸੋਚਦੇ ਸਨ ਕਿ ਮੈਂ ਖੇਤੀ ਦੇ ਵਿੱਚ ਅਜਿਹਾ ਕੀ ਕਰਾਂ ਜੋ ਉਨ੍ਹਾਂ ਦਾ ਇੱਕ ਮੁਕਾਮ ਹੋਵੇ ਅਤੇ ਪੱਕੇ ਤੌਰ ਤੇ ਓਹੀ ਕੰਮ ਕਰੇ। ਉਹਨਾਂ ਕੋਲ 145 ਏਕੜ ਜ਼ਮੀਨ ਹੈ ਜਿਸ ਦੇ ਵਿੱਚ ਉਹ ਰਵਾਇਤੀ ਖੇਤੀ ਦੇ ਨਾਲ-ਨਾਲ ਗੰਨੇ ਦੀ ਖੇਤੀ ਕਰਦੇ ਸਨ। ਜਿਸ ਵਿੱਚ ਪਹਿਲਾਂ ਉਹ 145 ਏਕੜ ਵਿੱਚੋਂ 70 ਤੋਂ 80 ਏਕੜ ਵਿੱਚ ਇਕੱਲੇ ਗੰਨੇ ਦੀ ਖੇਤੀ ਕਰਦੇ ਸਨ ਅਤੇ ਬਾਕੀ ਦੀ ਜ਼ਮੀਨ ਦੇ ਵਿੱਚ ਰਵਾਇਤੀ ਖੇਤੀ ਹੀ ਕਰਦੇ ਸਨ ਅਤੇ ਕਰ ਰਹੇ ਹਨ।

ਗੰਨੇ ਦੀ ਖੇਤੀ ਦੇ ਵਿੱਚ ਚੰਗਾ ਤਜੁਰਬਾ ਹੋ ਗਿਆ, ਪਰ ਅਜਿਹਾ ਕਾਰਨ ਆਇਆ ਉਨ੍ਹਾਂ ਨੂੰ 80 ਤੋਂ ਘਟਾ ਕੇ ਸਿਰਫ 45 ਏਕੜ ਦੀ ਕਾਸ਼ਤ ਕਰਨੀ ਪਈ, ਕਿਉਂਕਿ ਜਦੋਂ ਗੰਨੇ ਦੀ ਫਸਲ ਲਹਿਰਾਉਣ ਲੱਗ ਜਾਂਦੀ ਸੀ ਤਾਂ ਪਹਿਲੇ ਤਾਂ ਫਸਲ ਸਿੱਧੀ ਮਿੱਲ ਦੇ ਵਿੱਚ ਚਲੀ ਜਾਂਦੀ ਸੀ, ਪਰ ਇੱਕ ਦਿਨ ਅਜਿਹਾ ਆਇਆ ਕਿ ਉਨ੍ਹਾਂ ਨੂੰ ਫਸਲ ਦੀ ਵਾਢੀ ਕਰਨ ਦੇ ਲਈ ਲੇਬਰ ਹੀ ਨਹੀਂ ਮਿਲਦੀ ਸੀ, ਪਰ ਜਦੋਂ ਲੇਬਰ ਮਿਲਣ ਲੱਗੀ ਅਤੇ ਫਸਲ ਵਿਕਣ ਦੇ ਲਈ ਮਿੱਲ ਵਿੱਚ ਜਾਂਦੀ ਸੀ ਤਾਂ ਉੱਥੇ ਉਨ੍ਹਾਂ ਨੂੰ ਉਨ੍ਹਾਂ ਦੀ ਫਸਲ ਦਾ ਮੁੱਲ ਬਹੁਤ ਘੱਟ ਰੇਟ ‘ਤੇ ਮਿਲਦਾ ਸੀ। ਕਿੱਥੇ ਤਾਂ ਪਹਿਲਾ ਉਹ ਅਸਮਾਨ ਛੂਹ ਰਹੇ ਸਨ ਅਤੇ ਫਿਰ ਉਹ ਇੰਝ ਆ ਕੇ ਧਰਤੀ ‘ਤੇ ਡਿਗੇ ਜਿਵੇਂ ਉਨ੍ਹਾਂ ਦੀ ਮੰਜ਼ਿਲ ਦੇ ਖੰਭ ਹੀ ਵੱਢ ਦਿੱਤੇ ਗਏ ਹੋਵੇ।

ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗ ਗਏ, ਉਸ ਗੱਲ ਨੇ ਉਨ੍ਹਾਂ ਦੇ ਮਨ ਉੱਤੇ ਇੰਨਾ ਜ਼ਿਆਦਾ ਪ੍ਰਭਾਵ ਪਾਇਆ ਕਿ ਉਹ ਸੋਚਣ ਦੇ ਲਈ ਮਜ਼ਬੂਰ ਹੋ ਗਏ। ਅਖੀਰ ਬਹੁਤ ਸੋਚਣ ਦੇ ਬਾਅਦ ਫੈਸਲਾ ਕੀਤਾ ਜੇਕਰ ਸਫਲ ਹੋਣਾ ਹੈ ਤਾਂ ਏਹੀ ਕੰਮ ਕਰਕੇ ਹੀ ਹੋਣਾ ਹੈ। ਉਹਨਾਂ ਨੇ ਫਿਰ ਉਹ ਕੰਮ ਕਰਨ ਦੀ ਜ਼ਿਦ ਫੜ ਲਈ।

ਉਹ ਸਮਾਂ ਉਹ ਫੈਸਲਾ ਲੈਣਾ, ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿਉਂਕਿ 145 ਏਕੜ ਦੇ ਅੱਧ ਜਿੰਨੀ ਮੈਂ ਇਕੱਲੀ ਗੰਨੇ ਦੀ ਖੇਤੀ ਕਰ ਰਿਹਾ ਸੀ ਜਿੱਥੋਂ ਮੈਨੂੰ ਆਮਦਨ ਹੋ ਰਹੀ ਸੀ- ਚਰਨਜੀਤ ਸਿੰਘ ਝੱਜ

ਬਸ ਫਿਰ ਜਦੋਂ ਉਨ੍ਹਾਂ ਨੇ ਫੈਸਲਾ ਲੈ ਲਿਆ ਫਿਰ 45 ਏਕੜ ਵਿੱਚ ਹੀ ਗੰਨੇ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਤਜੁਰਬਾ ਤਾਂ ਉਨ੍ਹਾਂ ਕੋਲ ਪਹਿਲਾਂ ਹੀ ਸੀ ਪਰ ਇਸ ਤਜੁਰਬੇ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਣ ਲਈ ਕੁੱਝ ਕਰਨ ਦੀ ਲੋੜ ਸੀ। ਫਿਰ ਹੌਲੀ-ਹੌਲੀ ਚਰਨਜੀਤ ਨੇ ਖੇਤਾਂ ਵਿੱਚ ਹੀ ਵੇਲਣਾ ਲਗਾ ਲਿਆ ਅਤੇ ਰਵਾਇਤੀ ਤਰੀਕੇ ਨਾਲ ਹੀ ਗੁੜ ਕੱਢਣਾ ਜਾਰੀ ਰੱਖਿਆ।

ਇੱਕ ਦਿਨ ਮੈਂ ਬੈਠਾ ਸੀ ਕਿ ਸਿੰਪਲ ਗੁੜ ਤਾਂ ਹਰ ਕੋਈ ਬਣਾਉਂਦਾ ਹੈ ਕਿਉਂ ਨਾ ਕੁਝ ਨਵਾਂ ਕੀਤਾ ਜਾਵੇ- ਚਰਨਜੀਤ ਸਿੰਘ ਝੱਜ

ਜਿਵੇਂ ਹੀ ਉਹ ਵੇਲਣੇ ‘ਤੇ ਗੁੜ ਬਣਾਉਂਦੇ ਸੀ ਬੇਸ਼ੱਕ ਉਹ ਵਿਕ ਤਾਂ ਜਾਂਦਾ ਸੀ ਪਰ ਕਿਤੇ ਨਾ ਕਿਤੇ ਚਰਨਜੀਤ ਨੂੰ ਕੰਮ ਕਰਕੇ ਖੁਸ਼ੀ ਨਹੀਂ ਮਿਲ ਪਾ ਰਹੀ ਸੀ। ਜਿਸ ਦੇ ਫਲਸਵਰੂਪ ਉਨ੍ਹਾਂ ਨੂੰ ਗੁੜ ਬਣਾਉਣ ਵਿੱਚ ਦਿਲਚਸਪੀ ਖਤਮ ਹੋਣੀ ਸ਼ੁਰੂ ਹੋ ਗਈ। ਪਰ ਜਿਵੇਂ ਹੀ ਉਨ੍ਹਾਂ ਦੇ ਮਨ ਵਿੱਚ ਅਜਿਹਾ ਖਿਆਲ ਆਉਂਦਾ ਤਾਂ ਚਰਨਜੀਤ ਨੂੰ ਆਪਣਾ ਪੁਰਾਣਾ ਸਮਾਂ ਯਾਦ ਆ ਜਾਂਦਾ ਜੋ ਉਨ੍ਹਾਂ ਨੇ ਉਸ ਦਿਨ ਕਰਨ ਦਾ ਦ੍ਰਿੜ ਮਨ ਬਣਾਇਆ ਸੀ ਜੋ ਕਿ ਉਨ੍ਹਾਂ ਦੇ ਹੋਂਸਲੇ ਅਤੇ ਮਿਹਨਤ ਨੂੰ ਦਿਨ ਪ੍ਰਤੀ ਦਿਨ ਟੁੱਟਣ ਦੀ ਵਜਾਏ ਇੱਕ ਆਸਰਾ ਪ੍ਰਦਾਨ ਕਰਨ ਵਿੱਚ ਮਦੱਦ ਕਰਨ ਲੱਗਾ।

ਬਹੁਤ ਜ਼ਿਆਦਾ ਸੋਚਣ ਤੋਂ ਬਾਅਦ ਉਨ੍ਹਾਂ ਨੇ ਰੋਜ਼ ਹੀ ਬਹੁਤ ਸਾਰੀਆਂ ਥਾਵਾਂ ਦਾ ਦੌਰਾ ਅਤੇ ਪ੍ਰੋਸੈਸਿੰਗ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ-ਜਿਵੇਂ ਜਾਣਕਾਰੀ ਮਿਲਦੀ ਰਹੀ, ਓਵੇਂ ਓਵੇਂ ਉਨ੍ਹਾਂ ਨੇ ਮਨ ਨੂੰ ਇੱਕ ਹੋਂਸਲਾ ਮਿਲਦਾ ਗਿਆ ਪਰ ਸੰਤੁਸ਼ਟ ਨਾ ਹੋ ਪਾਏ, ਕਿਉਂਕਿ ਕਿਸਾਨਾਂ ਨੂੰ ਮਿਲਦੇ ਤਾਂ ਰਹੇ ਪਰ ਉਨ੍ਹਾਂ ਵਿੱਚੋਂ ਕੁਝ ਕਿਸਾਨ ਹੀ ਸਨ ਜੋ ਸਿੰਪਲ ਗੁੜ ਬਣਾਉਣ ਦੀ ਵਜਾਏ ਉਸਨੂੰ ਕੁਝ ਖਾਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਕਿ ਉਨ੍ਹਾਂ ਦੇ ਮਨ ਵਿੱਚ ਇਹ ਗੱਲ ਬੈਠ ਗਈ। ਅਖੀਰ ਉਹਨਾਂ ਨੇ ਸੋਚਿਆ ਕਿ ਇਸ ਤੋਂ ਵਧੀਆ ਟ੍ਰੇਨਿੰਗ ਹੀ ਕਰ ਲਈ ਜਾਵੇ।

ਮੈਂ PAU ਲੁਧਿਆਣਾ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ- ਚਰਨਜੀਤ ਸਿੰਘ ਝੱਜ

ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ ਫਿਰ ਪ੍ਰੋਸੈਸਿੰਗ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਕੰਮ ਕਰਨ ਉਪਰੰਤ ਜਦੋਂ ਉਨ੍ਹਾਂ ਨੂੰ ਬਹੁਤ ਸਮਾਂ ਹੋ ਗਿਆ ਫਿਰ ਚਰਨਜੀਤ ਨੇ 2019 ਵਿੱਚ ਨਵੇਂ ਤਰੀਕੇ ਨਾਲ ਸ਼ੁਰੂਆਤ ਕੀਤੀ ਅਤੇ ਸਿੰਪਲ ਗੁੜ ਅਤੇ ਸ਼ੱਕਰ ਦੇ ਨਾਲ-ਨਾਲ ਮਸਾਲੇ ਵਾਲਾ ਗੁੜ ਵੀ ਬਣਾਉਣਾ ਸ਼ੁਰੂ ਕਰ ਦਿੱਤਾ। ਮਸਾਲੇ ਵਾਲੇ ਗੁੜ ਵਿੱਚ ਉਹ ਕਈ ਤਰ੍ਹਾਂ ਦੀ ਵਸਤਾਂ ਦਾ ਇਸਤੇਮਾਲ ਕਰਦੇ ਹਨ।

ਉਹ ਪ੍ਰੋਸੈਸਿੰਗ ਦਾ ਸਾਰਾ ਕੰਮ ਆਪਣੇ ਫਾਰਮ ‘ਤੇ ਹੀ ਕਰਦੇ ਹਨ ਅਤੇ ਦੇਖ ਰੇਖ ਉਹ ਤੇ ਉਨ੍ਹਾਂ ਦੇ ਬੇਟੇ ਸਨਮਦੀਪ ਸਿੰਘ ਜੀ ਕਰਦੇ ਹਨ ਜੋ ਕਿ ਆਪਣੇ ਪਿਤਾ ਜੀ ਨਾਲ ਹਰ ਕੰਮ ਦੇ ਵਿੱਚ ਹੱਥ ਵਟਾਉਂਦੇ ਹਨ ਜਿਸ ਨਾਲ ਉਨ੍ਹਾਂ ਦੀ ਇੱਕ ਮਦੱਦ ਹੋ ਜਾਂਦੀ ਹੈ ਅਤੇ ਦੂਜਾ ਹਰ ਕੰਮ ਸਾਫ-ਸਫਾਈ ਅਤੇ ਦੇਖ ਰੇਖ ਨਾਲ ਬਿਨਾ ਕੋਈ ਚਿੰਤਾ ਕੀਤੇ ਹੋ ਜਾਂਦਾ ਹੈ।

ਉਨ੍ਹਾਂ ਨੇ 12 ਕਨਾਲ ਦੇ ਵਿੱਚ ਆਪਣਾ ਫਾਰਮ ਜਿਸ ਵਿੱਚ 2 ਕਨਾਲ ਦੇ ਵਿੱਚ ਵੇਲਣਾ ਅਤੇ ਬਾਕੀ ਦੇ 10 ਕਨਾਲ ਦੇ ਵਿੱਚ ਬਾਲਣ ਵਿਛਾਇਆ ਹੋਇਆ ਹੈ ਜੋ ਬੰਗੇ ਤੋਂ ਮੁਕੰਦਪੁਰ ਰੋਡ ‘ਤੇ ਸਥਿਤ ਹੈ। ਉਨ੍ਹਾਂ ਨੇ ਇਸ ਤਰੀਕੇ ਨਾਲ ਫਾਰਮ ਨੂੰ ਤਿਆਰ ਕੀਤਾ ਹੋਇਆ ਹੈ ਕਿ ਫਾਰਮ ਧੂੜ ਅਤੇ ਮੱਖੀਆਂ ਤੋਂ ਬਿਲਕੁਲ ਰਹਿਤ ਹੈ। ਗੁੜ ਬਣਾਉਣ ਦੇ ਲਈ ਉਨ੍ਹਾਂ ਨੇ ਪੱਕੇ ਤੋਰ ‘ਤੇ ਲੇਬਰ ਰੱਖੀ ਹੋਈ ਹੈ ਜਿਨ੍ਹਾਂ ਨੂੰ ਤਜੁਰਬਾ ਹੋ ਚੁੱਕਿਆ ਹੈ ਅਤੇ ਫਾਰਮ ‘ਤੇ ਓਹੀ ਗੁੜ ਕੱਢਦੇ ਅਤੇ ਬਣਾਉਂਦੇ ਹਨ, ਉਹਨਾਂ ਵੱਲੋਂ ਤਿੰਨ ਤੋਂ ਚਾਰ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ ਜਿਸ ਦੇ ਅਲੱਗ-ਅਲੱਗ ਰੇਟ ਹਨ। ਜਿਸ ਵਿੱਚ ਮਸਾਲੇ ਵਾਲੇ ਗੁੜ ਦੀ ਮੰਗ ਬਹੁਤ ਜ਼ਿਆਦਾ ਹੈ।

ਉਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ

  • ਗੁੜ
  • ਸ਼ੱਕਰ
  • ਮਸਾਲੇ ਵਾਲਾ ਗੁੜ ਆਦਿ।

ਜਿਸ ਦੀ ਮਾਰਕੀਟਿੰਗ ਕਰਨ ਲਈ ਉਨ੍ਹਾਂ ਨੂੰ ਕਿਤੇ ਵੀ ਬਾਹਰ ਨਹੀਂ ਜਾਣਾ ਪੈਂਦਾ, ਕਿਉਂਕਿ ਉਨ੍ਹਾਂ ਦੁਆਰਾ ਬਣਾਏ ਗੁੜ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਗੁੜ ਦੇ ਆਰਡਰ ਆਉਂਦੇ ਹਨ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਗੁੜ ਸ਼ਹਿਰੀ ਲੋਕਾਂ ਵੱਲੋਂ ਆਰਡਰ ਕੀਤਾ ਜਾਂਦਾ ਹੈ।

ਉਨ੍ਹਾਂ ਦੇ ਰੋਜ਼ ਦਾ 5 ਤੋਂ 6 ਕੁਵਿੰਟਲ ਦੇ ਕਰੀਬ ਗੁੜ ਵਿਕ ਜਾਂਦਾ ਹੈ ਅਤੇ ਅੱਜ ਆਪਣੇ ਇਸ ਕੰਮ ਵਿੱਚ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਹੇ ਹਨ। ਉਹ ਖੁਸ਼ ਹਨ ਜੋ ਉਨ੍ਹਾਂ ਨੇ ਸੋਚਿਆ ਸੀ ਉਹ ਕਰਕੇ ਦਿਖਾਇਆ। ਇਸ ਦੇ ਨਾਲ-ਨਾਲ ਉਹ ਗੰਨੇ ਦੇ ਬੀਜ ਵੀ ਤਿਆਰ ਕਰਦੇ ਹਨ ਅਤੇ ਬਾਕੀ ਦੀ ਜ਼ਮੀਨ ਦੇ ਵਿੱਚ ਮੌਸਮੀ ਫਸਲਾਂ ਉਗਾਉਂਦੇ ਹਨ ਅਤੇ ਮੰਡੀਕਰਨ ਕਰਦੇ ਹਨ।

ਭਵਿੱਖ ਦੀ ਯੋਜਨਾ

ਉਹ ਆਪਣੇ ਇਸ ਗੰਨੇ ਦੇ ਵਪਾਰ ਨੂੰ ਦੋਗੁਣਾ ਕਰਨਾ ਚਾਹੁੰਦੇ ਹਨ ਅਤੇ ਫਾਰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ ਅਤੇ ਆਧੁਨਿਕ ਤਰੀਕੇ ਨਾਲ ਕੰਮ ਕਰਨ ਦੀ ਸੋਚ ਰਹੇ ਹਨ।

ਸੰਦੇਸ਼

ਕਿਸੇ ਨੌਜਵਾਨ ਨੂੰ ਬਾਹਰਲੇ ਦੇਸ਼ ਜਾਣ ਦੀ ਲੋੜ ਨਹੀਂ ਹੈ ਜੇਕਰ ਉਹ ਇੱਥੇ ਰਹਿ ਕੇ ਮਨ ਚਿੱਤ ਹੋ ਕੇ ਕੰਮ ਕਰਨ ਲੱਗ ਜਾਵੇ ਤਾਂ ਇੱਥੇ ਹੀ ਉਨ੍ਹਾਂ ਲਈ ਜੰਨਤ ਹੈ, ਬਾਕੀ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨ ਦੀ ਬਾਂਹ ਫੜੇ ਅਤੇ ਉਹ ਚੰਗੇ ਪਾਸੇ ਵੱਲ ਨੂੰ ਜਾਵੇ ਅਤੇ ਖੇਤੀ ਲਈ ਵੀ ਪ੍ਰੇਰਿਤ ਹੋਵੇ।

ਭੁਪਿੰਦਰ ਸਿੰਘ ਬਰਗਾੜੀ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਇੱਕ ਪੁੱਤਰ ਨੇ ਆਪਣੇ ਪਿਤਾ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਆਪਣੇ ਗੁੜ ਦੇ ਕਾਰੋਬਾਰ ਨੂੰ ਉੱਚੇ ਸਤਰ ‘ਤੇ ਪਹੁੰਚਾਇਆ

ਇਹ ਕਹਾਣੀ ਹੈ ਕਿ- ਕਿਵੇਂ ਇੱਕ ਪੁੱਤਰ (ਭੁਪਿੰਦਰ ਸਿੰਘ ਬਰਗਾੜੀ) ਨੇ ਆਪਣੇ ਪਿਤਾ (ਸੁਖਦੇਵ ਸਿੰਘ ਬਰਗਾੜੀ) ਦੇ ਕਾਰੋਬਾਰ ਨੂੰ ਵਧੀਆ ਤਰੀਕੇ ਨਾਲ ਚਲਾਇਆ, ਜੋ ਪੰਜਾਬ ਵਿੱਚ ਗੁੜ ਦੇ ਪ੍ਰਸਿੱਧ ਬ੍ਰੈਂਡ- BARGARI ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇੱਕ ਸਮਾਂ ਸੀ ਜਦੋਂ ਗੰਨੇ ਦੇ ਕੱਢੇ ਰਸ ਤੋਂ ਗੁੜ ਬਣਾਉਣ ਲਈ ਬਲਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਪਰ ਸਮੇਂ ਦੇ ਨਾਲ ਇਸ ਕੰਮ ਲਈ ਮਸ਼ੀਨਾਂ ਦਾ ਪ੍ਰਯੋਗ ਹੋਣ ਲੱਗਾ। ਇਸ ਤੋਂ ਇਲਾਵਾ ਗੁੜ ਬਣਾਉਣ ਲਈ ਰਸਾਇਣਿਾਂ ਅਤੇ ਰੰਗਾਂ ਦਾ ਪ੍ਰਯੋਗ ਹੋਣ ਕਾਰਨ ਇਸ ਸਵੀਟਨਰ ਨੇ ਆਪਣਾ ਸਾਰਾ ਆਕਰਸ਼ਣ ਗਵਾ ਲਿਆ ਅਤੇ ਹੌਲੀ-ਹੌਲੀ ਲੋਕ ਸਫ਼ੇਦ ਚੀਨੀ ਵੱਲ ਆਕਰਸ਼ਿਤ ਹੋਣ ਲੱਗੇ।

ਪਰ ਫਿਰ ਵੀ ਕਈ ਪਰਿਵਾਰ ਖੰਡ ਦੀ ਬਜਾਏ ਗੁੜ ਪਸੰਦ ਕਰਦੇ ਹਨ ਅਤੇ ਉਹ ਗੰਨੇ ਦੇ ਰਸ ਤੋਂ ਗੁੜ ਤਿਆਰ ਕਰਨ ਲਈ ਰਵਾਇਤੀ ਢੰਗ ਅਪਨਾਉਂਦੇ ਹਨ। ਇਹ ਕਹਾਣੀ ਹੈ ਸੁਖਦੇਵ ਸਿੰਘ ਬਰਗਾੜੀ ਅਤੇ ਉਨ੍ਹਾਂ ਦੇ ਪੁੱਤਰ ਭੁਪਿੰਦਰ ਸਿੰਘ ਬਰਗਾੜੀ ਜੀ ਦੀ। 1972 ਵਿੱਚ ਸੁਖਦੇਵ ਸਿੰਘ ਔਜ਼ਾਰਾਂ ਅਤੇ ਕਿਸਾਨਾਂ ਦੇ ਉਪਕਰਨਾਂ ਨੂੰ ਤਿੱਖਾ ਕਰਨ ਦਾ ਕੰਮ ਕਰਦੇ ਸਨ ਅਤੇ ਬਦਲੇ ਵਿੱਚ ਉਹ ਅਨਾਜ, ਸਬਜ਼ੀਆਂ ਜਾਂ ਜੋ ਕੁੱਝ ਵੀ ਕਿਸਾਨ ਉਨ੍ਹਾਂ ਨੂੰ ਦਿੰਦੇ ਸੀ, ਉਹ ਮਜ਼ਦੂਰੀ ਦੇ ਰੂਪ ਵਿੱਚ ਲੈ ਲੈਂਦੇ ਸਨ। ਕੁੱਝ ਸਮੇਂ ਬਾਅਦ ਉਨ੍ਹਾਂ ਨੇ ਇੱਕ ਇੰਜਣ ਖਰੀਦਿਆ ਅਤੇ ਇਸ ਨਾਲ ਗੁੜ ਬਣਾਉਣਾ ਸ਼ੁਰੂ ਕੀਤਾ। ਉਨ੍ਹਾਂ ਵੱਲੋਂ ਗੁੜ ਬਣਾਉਣ ਲਈ ਅਪਨਾਏ ਸ਼ੁੱਧ ਰਵਾਇਤੀ ਢੰਗ ਅਤੇ ਬਿਨਾਂ ਕਿਸੇ ਰਸਾਇਣ ਦੀ ਵਰਤੋਂ ਦੇ ਬਣਾਏ ਗੁੜ ਨੇ ਉਨ੍ਹਾਂ ਨੂੰ ਪ੍ਰਸਿੱਧ ਬਣਾ ਦਿੱਤਾ ਅਤੇ ਕਈ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਗੁੜ ਬਣਾਉਣ ਲਈ ਗੰਨੇ ਦੀ ਫ਼ਸਲ ਦੇਣੀ ਸ਼ੁਰੂ ਕਰ ਦਿੱਤੀ। ਸੁਖਦੇਵ ਜੀ ਮੁੱਖ ਤੌਰ ‘ਤੇ ਇਹ ਕੰਮ ਨਵੰਬਰ ਤੋਂ ਮਾਰਚ ਤੱਕ ਕਰਦੇ ਹਨ।

ਇੱਕ ਸਮਾਂ ਅਜਿਹਾ ਆਇਆ ਜਦ ਸੁਖਦੇਵ ਜੀ ਦੀ ਮਿਹਨਤ ਰੰਗ ਲਿਆਈ ਅਤੇ ਉਨ੍ਹਾਂ ਦੇ ਗੁੜ ਦੀ ਮੰਗ ਕਈ ਗੁਣਾ ਵੱਧ ਗਈ। ਇਹ 2011 ਦੀ ਗੱਲ ਹੈ, ਜਦੋਂ ਉਨ੍ਹਾਂ ਦੀ ਧੀ ਦਾ ਵਿਆਹ ਸੀ। ਉਸ ਵੇਲੇ ਉਨ੍ਹਾਂ ਨੇ ਸਾਰੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਵਿਆਹ ਦੇ ਸੱਦੇ ਵਾਲੇ ਕਾਰਡਾਂ ਨਾਲ ਗੁੜ ਅਤੇ ਦੇਸੀ ਘਿਓ ਅਤੇ ਬਹੁਤ ਸਾਰੇ ਮੇਵਿਆਂ ਨਾਲ ਬਣੀ ਮਿਠਾਈ ਵੰਡੀ। ਹਰ ਕਿਸੇ ਨੂੰ ਇਹ ਮਿਠਾਈ ਬਹੁਤ ਪਸੰਦ ਆਈ ਅਤੇ ਇਹ ਮਿਠਾਈ ਹੋਰ ਬਣਾਉਣ ਦੀ ਮੰਗ ਕੀਤੀ ਅਤੇ ਉਸ ਸਮੇਂ ਉਨ੍ਹਾਂ ਦੇ ਪੁੱਤਰ ਭੁਪਿੰਦਰ ਜੀ ਨੇ ਆਪਣੇ ਪਿਤਾ ਦੇ ਕੰਮ ਨੂੰ ਸੰਭਾਲਣ ਅਤੇ ਇਸ ਕੰਮ ਨੂੰ ਉੱਚੇ ਸਤਰ ‘ਤੇ ਲਿਜਾਣ ਦਾ ਫੈਸਲਾ ਕੀਤਾ। ਇਸ ਘਟਨਾ ਤੋਂ ਬਾਅਦ ਪਿਤਾ ਪੁੱਤਰ ਦੋਨਾਂ ਨੇ ਦੋ ਤਰ੍ਹਾਂ ਦਾ ਗੁੜ ਬਣਾਉਣਾ ਸ਼ੁਰੂ ਕੀਤਾ, ਇੱਕ ਮੇਵਿਆਂ ਸਮੇਤ ਅਤੇ ਦੂਜਾ ਬਿਨਾਂ ਮੇਵਿਆਂ ਤੋਂ।

ਬਰਗਾੜੀ ਪਰਿਵਾਰ ਵੱਲੋਂ ਗੰਨੇ ਦੇ ਰਸ ਨੂੰ ਸਾਫ਼ ਕਰਨ ਲਈ ਭਿੰਡੀ ਦੀ ਲੇਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦਾ ਗੁੜ ਰਸਾਇਣਾਂ ਅਤੇ ਰੰਗ ਦੀ ਵਰਤੋਂ ਨਾਲ ਤਿਆਰ ਕੀਤੇ ਗੁੜ ਤੋਂ ਬਿਹਤਰ ਸਾਬਿਤ ਹੋਇਆ। ਗੁੜ ਬਣਾਉਣ ਦੇ ਇਸ ਸ਼ੁੱਧ ਅਤੇ ਸਾਫ਼ ਢੰਗ ਨੇ ਸੁਖਦੇਵ ਸਿੰਘ ਅਤੇ ਭੁਪਿੰਦਰ ਸਿੰਘ ਜੀ ਨੂੰ ਪ੍ਰਸਿੱਧ ਬਣਾ ਦਿੱਤਾ ਅਤੇ ਉਨ੍ਹਾਂ ਦੀ ਪਹਿਚਾਣ ਉਨ੍ਹਾਂ ਦੇ ਕੰਮ ਤੋਂ ਹੋਣ ਲੱਗੀ।

ਭੁਪਿੰਦਰ ਸਿੰਘ ਕੇਵਲ ਆਪਣੇ ਪਿਤਾ ਦੇ ਨਕਸ਼ੇ-ਕਦਮ ‘ਤੇ ਹੀ ਨਹੀਂ ਚੱਲੇ ਸਗੋਂ ਉਨ੍ਹਾਂ ਕੋਲ B.Ed. ਅਤੇ MA ਦੀ ਡਿਗਰੀ ਵੀ ਸੀ ਅਤੇ ਉਸ ਤੋਂ ਬਾਅਦ ETT Teacher Exam ਵੀ ਪਾਸ ਕੀਤਾ ਅਤੇ ਉਹ ਸਕੂਲ ਅਧਿਆਪਕ ਦੇ ਤੌਰ ‘ਤੇ ਵੀ ਕੰਮ ਕਰਦੇ ਹਨ ਅਤੇ ਆਪਣੇ ਕੰਮ ਤੋਂ ਵਿਹਲੇ ਹੋਣ ‘ਤੇ ਉਹ ਹਰ ਰੋਜ਼ ਗੁੜ ਬਣਾਉਣ ਲਈ ਸਮਾਂ ਕੱਢਦੇ ਹਨ।

ਇਸ ਰਵਾਇਤੀ ਸਵੀਟਨਰ ਨੂੰ ਹੋਰ ਮਸ਼ਹੂਰ ਬਣਾਉਣ ਲਈ ਭੁਪਿੰਦਰ ਜੀ ਨੇ 2 ਏਕੜ ਵਿੱਚ ਗੰਨੇ ਦੀ CO 85 ਕਿਸਮ ਵੀ ਉਗਾਉਣੀ ਸ਼ੁਰੂ ਕੀਤੀ ਅਤੇ ਇੱਕ ਗਰੁੱਪ ਵੀ ਬਣਾਇਆ, ਜਿਸ ਵਿੱਚ ਗਰੁੱਪ ਦੇ ਕਿਸਾਨ ਮੈਬਰਾਂ ਨੂੰ ਗੰਨਾ ਉਗਾਉਣ ਲਈ ਪ੍ਰੇਰਿਤ ਵੀ ਕਰਦੇ ਹਨ। ਭੁਪਿੰਦਰ ਸਿੰਘ ਦੀ ਇਸ ਪਹਿਲ ਦਾ ਨਤੀਜਾ ਇਹ ਮਿਲਿਆ ਕਿ ਗੰਨੇ ਦੀ ਉੱਨੀ ਹੀ ਖੇਤੀ ਕੀਤੀ ਜਾਂਦੀ ਸੀ, ਜਿੰਨੀ ਕੁ ਦੀ ਲੋੜ ਸੀ। ਇਸਦੇ ਸਿੱਟੇ ਵਜੋਂ ਕਿਸਾਨਾਂ ਨੂੰ ਵੀ ਵਧੇਰੇ ਲਾਭ ਮਿਲਿਆ ਅਤੇ ਉਸਦੇ ਨਾਲ-ਨਾਲ ਬਰਗਾੜੀ ਪਰਿਵਾਰ ਨੂੰ ਵੀ ਫਾਇਦਾ ਹੋਇਆ।

ਪਿਛਲੇ 5 ਸਾਲਾਂ ਤੋਂ ਬਰਗਾੜੀ ਪਰਿਵਾਰ ਦੁਆਰਾ ਤਿਆਰ ਕੀਤਾ ਗੁੜ ਪੀ ਏ ਯੂ ਦੁਆਰਾ ਆਯੋਜਿਤ ਪ੍ਰਤੀਯੋਗਤਾ ਵਿੱਚ 4 ਵਾਰ ਪਹਿਲਾਂ ਇਨਾਮ ਜਿੱਤਿਆ ਅਤੇ ਇੱਕ ਵਾਰ ਦੂਜਾ ਇਨਾਮ ਜਿੱਤਿਆ। ਉਨ੍ਹਾਂ ਨੇ 2014 ਵਿੱਚ ਚੰਗੀ ਕੁਆਲਿਟੀ ਦੇ ਗੁੜ ਲਈ ਉੱਦਮੀ ਕਿਸਾਨ ਰਾਜ ਪੁਰਸਕਾਰ (Udami Kisan State Award) ਵੀ ਜਿੱਤਿਆ। ਭੁਪਿੰਦਰ ਸਿੰਘ ਜੀ ਲਖਨਊ ਗਏ, ਜਿੱਥੇ ਉਨ੍ਹਾਂ ਨੇ ਆਪਣੀਆਂ ਮੰਡੀਕਰਨ ਦੀਆਂ ਤਕਨੀਕਾਂ ਬਾਰੇ ਰਾਸ਼ਟਰੀ ਗੁੜ ਸੰਮੇਲਨ (National Jaggery Sammelan) ਵਿੱਚ ਚਰਚਾ ਕੀਤੀ। ਉਨ੍ਹਾਂ ਨੇ ਗੁੜ ਦੀ ਮਾਰਕਿਟਿੰਗ ਲਈ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਕਿਸਾਨਾਂ ਨੂੰ ਮੰਡੀਕਰਨ ਦੀਆਂ ਤਕਨੀਕਾਂ ਬਾਰੇ ਜਾਗਰੂਕ ਕਰਵਾਉਣ ਲਈ ਮਾਰਚ ਵਿੱਚ ਆਯੋਜਿਤ ਪੀ ਏ ਯੂ ਸੰਮੇਲਨ ਵਿੱਚ ਭਾਗ ਵੀ ਲਿਆ।

ਆਪਣਾ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕਰਨਾ…

ਗੁੜ ਦਾ ਪ੍ਰੋਸੈੱਸਿੰਗ ਪਲਾਂਟ

ਇਸ ਸਮੇਂ ਕੋਟਕਪੂਰਾ-ਬਠਿੰਡਾ ਰੋਡ ‘ਤੇ ਉਨ੍ਹਾਂ ਦਾ ਆਪਣਾ ਗੁੜ ਪ੍ਰੋਸੈੱਸਿੰਗ ਪਲਾਂਟ ਹੈ, ਜਿੱਥੇ ਉਹ ਰਵਾਇਤੀ ਢੰਗ ਨਾਲ ਸ਼ੁੱਧ ਗੁੜ ਬਣਾਉਂਦੇ ਹਨ। ਗੁੜ ਅਤੇ ਸ਼ੱਕਰ ਦੀ ਮੰਗ ਸਰਦੀਆਂ ਵਿੱਚ ਜ਼ਿਆਦਾ ਵੱਧ ਜਾਂਦੀ ਹੈ, ਕਿਉਂਕਿ ਸ਼ੁੱਧ ਗੁੜ ਤੋਂ ਬਣੀ ਚਾਹ ਦੇ ਸਿਹਤ ‘ਤੇ ਕੋਈ ਹਾਨੀਕਾਰਕ ਪ੍ਰਭਾਵ ਨਹੀਂ ਹੁੰਦੇ। ਇੱਥੋਂ ਤੱਕ ਕਿ ਉਸ ਖੇਤਰ ਦੇ ਗੈਸਟ੍ਰੋਐੱਟਰੋਲਾੱਜੀ (ਪੇਟ ਦੇ ਡਾਕਟਰ) ਦੇ ਮਾਹਿਰ ਵੀ ਆਪਣੇ ਮਰੀਜ਼ਾਂ ਨੂੰ ਬਰਗਾੜੀ ਪਰਿਵਾਰ ਦੁਆਰਾ ਤਿਆਰ ਕੀਤਾ ਗੁੜ ਖਾਣ ਦੀ ਸਲਾਹ ਦਿੰਦੇ ਹਨ।

ਅਨਾਜ ਦੀਆਂ ਫ਼ਸਲਾਂ ਦਾ ਪ੍ਰੋਸੈੱਸਿੰਗ ਪਲਾਂਟ

ਇਸ ਤੋਂ ਇਲਾਵਾ ਭੁਪਿੰਦਰ ਸਿੰਘ ਜੀ ਕੋਲ ਉਸੇ ਜਗ੍ਹਾ ‘ਤੇ ਅਨਾਜ ਦਾ ਪ੍ਰੋਸੈੱਸਿੰਗ ਪਲਾਂਟ ਵੀ ਹੈ, ਜਿੱਥੇ ਉਹ ਸੈੱਲਫ ਹੈੱਲਪ ਗਰੁੱਪ ਦੁਆਰਾ ਉਗਾਈ ਗਈ ਕਣਕ, ਮੱਕੀ, ਜੌਂ, ਜਵਾਰ ਅਤੇ ਸਰ੍ਹੋਂ ਦੀ ਪ੍ਰੋਸੈੱਸਿੰਗ ਕਰਦੇ ਹਨ। ਪ੍ਰੋਸੈੱਸਿੰਗ ਪਲਾਂਟ ਦੇ ਨਾਲ-ਨਾਲ ਉਨ੍ਹਾਂ ਨੇ ਇੱਕ ਸਟੋਰ ਵੀ ਖੋਲ੍ਹਿਆ ਹੈ, ਜਿੱਥੇ ਉਹ ਆਪਣੇ ਪ੍ਰੋਸੈੱਸਿੰਗ ਕੀਤੇ ਉਤਪਾਦਾਂ ਨੂੰ ਵੇਚਦੇ ਹਨ।

ਬ੍ਰੈਂਡ ਨਾਮ ਕਿਵੇਂ ਦਿੱਤਾ ਗਿਆ:

ਆਪਣੇ ਗੁੜ ਦੀ ਡਾਕਟਰਾਂ ਦੁਆਰਾ ਸਿਫ਼ਾਰਿਸ਼ ਕੀਤੇ ਜਾਣ ਬਾਰੇ ਜਾਣ ਕੇ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਆਪਣੇ ਬ੍ਰੈਂਡ ਦਾ ਨਾਮ ‘ਬਰਗਾੜੀ ਗੁੜ’ ਰੱਖਣ ਦਾ ਫੈਸਲਾ ਕੀਤਾ।

ਭੁਪਿੰਦਰ ਜੀ ਦਾ ‘ਬਰਗਾੜੀ ਗੁੜ’ ਦੇ ਨਾਮ ਨਾਲ ਫੇਸਬੁੱਕ ਪੇਜ ਵੀ ਹੈ, ਜਿਸ ਦੇ ਮਾਧਿਅਮ ਨਾਲ ਉਹ ਆਪਣੇ ਗ੍ਰਾਹਕਾਂ ਨਾਲ ਵਿਚਾਰ-ਵਟਾਂਦਰਾ ਕਰਦੇ ਹਨ। ਉਨ੍ਹਾਂ ਨੇ ਫੇਸਬੁੱਕ ਪੇਜ ਦੇ ਮਾਧਿਅਮ ਨਾਲ ਨਾਲ ਗੁੜ ਬਣਾਉਣ ਦੀ ਪ੍ਰਕਿਰਿਆ ‘ਤੇ ਵੀ ਚਰਚਾ ਕੀਤੀ।

ਉਹ ਹਮੇਸ਼ਾ ਆਪਣੇ ਕਾਰੋਬਾਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਟੈਕਨੋਲੋਜੀ ਅਤੇ ਫੂਡ ਪ੍ਰੋਸੈੱਸਿੰਗ ਅਤੇ ਇੰਜੀਨੀਅਰਿੰਗ ਵਿਭਾਗਾਂ ਨਾਲ ਲਗਾਤਾਰ ਸੰਪਰਕ ‘ਚ ਰਹਿੰਦੇ ਹਨ।

ਅੱਜ ਤੱਕ ਭੁਪਿੰਦਰ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਜੋ ਕੁੱਝ ਵੀ ਹਾਸਲ ਕੀਤਾ ਹੈ, ਉਸਦਾ ਸਾਰਾ ਸਿਹਰਾ ਉਹ ਆਪਣੇ ਪਿਤਾ ਸ. ਸੁਖਦੇਵ ਸਿੰਘ ਬਰਗਾੜੀ ਜੀ ਦੇ ਸਿਰ ਸਜਾਉਂਦੇ ਹਨ। ਸਫ਼ਲ ਕਾਰੋਬਾਰ ਚਲਾਉਣ ਦੇ ਇਲਾਵਾ, ਭੁਪਿੰਦਰ ਸਿੰਘ ਜੀ ਇੱਕ ਚੰਗੇ ਅਧਿਆਪਕ ਵੀ ਹਨ ਅਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਠੇ ਕਹਿਰ ਸਿੰਘ ਦੇ ਲੋਕਾਂ ਅਤੇ ਬੱਚਿਆਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਦੇ ਚੰਗੇ ਕੰਮਾਂ ਬਾਰੇ ਕਈ ਲੇਖ, ਲੋਕਲ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਉਹ ਨਾ ਕੇਵਲ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ, ਬਲਕਿ ਆਪਣੇ ਕੰਮ ਅਤੇ ਗਿਆਨ ਨਾਲ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਮਦਦ ਵੀ ਕਰਨਾ ਚਾਹੁੰਦੇ ਹਨ।

ਖ਼ੈਰ, ਪਿਤਾ-ਪੁੱਤਰ ਦੀ ਇਹ ਜੋੜੀ ਸਫ਼ਲਤਾਪੂਰਵਕ ਕੰਮ ਕਰ ਰਹੀ ਹੈ ਅਤੇ ਸਿਰਫ਼ ਦੋਨਾਂ ਦੀ ਸਮਾਨ ਸੋਚ-ਸਮਝ ਕਾਰਨ ਹੀ ਇਸ ਸਤਰ ਤੱਕ ਪਹੁੰਚੀ ਹੈ। ਭਵਿੱਖ ਵਿੱਚ ਵੀ ਭੁਪਿੰਦਰ ਸਿੰਘ ਬਰਗਾੜੀ ਆਪਣੇ ਇਸ ਚੰਗੇ ਕਾਰੋਬਾਰ ਨੂੰ ਜਾਰੀ ਰੱਖਣਗੇ ਅਤੇ ਨੌਜਵਾਨ ਪੀੜ੍ਹੀ ਦੇ ਕਿਸਾਨਾਂ ਨੂੰ ਵੀ ਆਪਣੇ ਗਿਆਨ ਨਾਲ ਪ੍ਰੇਰਿਤ ਕਰਨਗੇ।


ਸੰਦੇਸ਼:

ਮੈਂ ਚਾਹੁੰਦਾ ਹਾਂ ਕਿ ਕਿਸਾਨ ਖੇਤੀ ਦੇ ਨਾਲ ਫੂਡ ਪ੍ਰੋਸੈੱਸਿੰਗ ਕਾਰੋਬਾਰ ਵਿੱਚ ਵੀ ਸ਼ਾਮਲ ਹੋਣ। ਇਸ ਤਰੀਕੇ ਨਾਲ ਉਹ ਆਪਣੇ ਕਾਰੋਬਾਰ ਵਿੱਚ ਚੰਗਾ ਲਾਭ ਕਮਾ ਸਕਦੇ ਹਨ। ਅੱਜ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਦੇ ਨਾਲ ਅੱਪਡੇਟ ਰਹਿਣ ਦੀ ਜ਼ਰੂਰਤ ਹੈ, ਤਾਂ ਹੀ ਉਹ ਅੱਗੇ ਵੱਧ ਸਕਦੇ ਹਨ ਅਤੇ ਆਪਣੇ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ।