ਗੁਰਪ੍ਰੀਤ ਸ਼ੇਰਗਿੱਲ

ਪੂਰੀ ਕਹਾਣੀ ਪੜ੍ਹੋ

 ਇੱਕ ਵਿਅਕਤੀ ਜੋ ਪੰਜਾਬ ਵਿੱਚ ਫੁੱਲਾਂ ਦੀ ਖੇਤੀ ਵਾਲੀ ਕ੍ਰਾਂਤੀ ਲਿਆ ਰਿਹਾ ਹੈ

ਹਾਲ ਹੀ ਦੇ ਸਾਲਾਂ ਵਿੱਚ, ਭਾਰਤ ਵਿੱਚ ਫੁੱਲਾਂ ਦੀ ਖੇਤੀ ਉੱਭਰਦੇ ਖੇਤੀਬਾੜੀ ਕਾਰੋਬਾਰ ਦੇ ਰੂਪ ਵਿੱਚ ਉੱਭਰ ਕੇ ਆਈ ਅਤੇ ਫੁੱਲਾਂ ਦੇ ਕਾਰੋਬਾਰ ਦੇ ਨਿਰਯਾਤ ਵਿੱਚ ਸਾਲਾਨਾ 20% ਵਾਧਾ ਦੇਖਿਆ ਗਿਆ। ਇਹ ਭਾਰਤ ਵਿੱਚ ਖੇਤੀਬਾੜੀ ਖੇਤਰ ਦੇ ਵਿਕਾਸ ਦੀ ਪ੍ਰਤੀਨਿਧਤਾ ਕਰਨ ਵਾਲਾ ਇੱਕ ਵਧੀਆ ਸੰਕੇਤ ਹੈ ਜੋ ਕਿ ਕੁੱਝ ਮਿਹਨਤੀ ਅਗਾਂਹਵਧੂ ਕਿਸਾਨਾਂ ਦੇ ਯੋਗਦਾਨ ਕਾਰਨ ਹੀ ਸੰਭਵ ਹੋਇਆ।

1996 ਉਹ ਸਾਲ ਸੀ ਜਦੋਂ ਪੰਜਾਬ ਵਿੱਚ ਫੁੱਲਾਂ ਦੀ ਖੇਤੀ ਵਿੱਚ ਕ੍ਰਾਂਤੀ ਲਿਆਉਣ ਵਾਲੇ ਕਿਸਾਨ ਗੁਰਪ੍ਰੀਤ ਸਿੰਘ ਸ਼ੇਰਗਿੱਲ ਜੀ ਨੇ ਫੁੱਲਾਂ ਦੀ ਖੇਤੀ ਵੱਲ ਆਪਣਾ ਪਹਿਲਾ ਕਦਮ ਰੱਖਿਆ ਅਤੇ ਅੱਜ ਉਹ ਪ੍ਰਸਿੱਧ ਸਰਕਾਰੀ ਸੰਸਥਾਵਾਂ ਨਾਲ ਜੁੜੇ ਫੁੱਲਾਂ ਦੀ ਖੇਤੀ ਕਰਨ ਵਾਲੇ ਮੰਨੇ-ਪ੍ਰਮੰਨੇ ਕਿਸਾਨ ਹਨ।

ਗੁਰਪ੍ਰੀਤ ਸਿੰਘ ਸ਼ੇਰਗਿੱਲ –“1993 ਵਿੱਚ ਮਕੈਨੀਕਲ ਇੰਜੀਨੀਅਰਿੰਗ ਵਿੱਚ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ, ਮੈਂ ਆਪਣੇ ਰੁਜ਼ਗਾਰ ਦੀ ਚੋਣ ਲੈ ਕੇ ਉਲਝਣ ਵਿੱਚ ਸੀ। ਮੈਂ ਹਮੇਸ਼ਾ ਤੋਂ ਅਜਿਹਾ ਕੰਮ ਕਰਨਾ ਚਾਹੁੰਦਾ ਸੀ ਜੋ ਮੈਨੂੰ ਖੁਸ਼ੀ ਦੇਵੇ ਨਾ ਕਿ ਉਹ ਕੰਮ ਜੋ ਮੈਨੂੰ ਸੰਸਾਰੀ ਸੁੱਖ ਦੇਵੇ।”

ਗੁਰਪ੍ਰੀਤ ਸਿੰਘ ਸ਼ੇਰਗਿੱਲ ਜੀ ਨੇ ਖੇਤੀਬਾੜੀ ਦੇ ਖੇਤਰ ਦੀ ਚੋਣ ਕੀਤੀ ਅਤੇ ਇਸ ਦੇ ਨਾਲ ਉਨ੍ਹਾਂ ਨੇ ਡੇਅਰੀ ਫਾਰਮਿੰਗ ਨੂੰ ਆਪਣੇ ਕਾਰੋਬਾਰ ਦੇ ਰੂਪ ਵਿੱਚ ਸ਼ੁਰੂ ਕੀਤਾ। ਉਹ ਕਦੇ ਵੀ ਆਪਣੇ ਕੰਮ ਤੋਂ ਸੰਤੁਸ਼ਟੀ ਨਹੀਂ ਮਹਿਸੂਸ ਕਰਦੇ, ਜਿਸ ਨੇ ਉਨ੍ਹਾਂ ਨੂੰ ਸਖ਼ਤ ਮਿਹਨਤ ਅਤੇ ਗਹਿਰਾਈ ਨਾਲ ਸੋਚਣ ਵਾਲਾ ਬਣਾਇਆ। ਫਿਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਕਣਕ ਅਤੇ ਝੋਨੇ ਦੇ ਚੱਕਰ ਵਿੱਚ ਫਸਣ ਲਈ ਨਹੀਂ ਹਨ ਅਤੇ ਇਸ ਨੂੰ ਸਮਝਣ ਵਿੱਚ ਉਨ੍ਹਾਂ ਨੂੰ 3 ਸਾਲ ਲੱਗ ਗਏ। ਫੁੱਲਾਂ ਨੇ ਹਮੇਸ਼ਾ ਹੀ ਉਨ੍ਹਾਂ ਨੂੰ ਆਕਰਸ਼ਿਤ ਕੀਤਾ, ਇਸ ਲਈ ਆਪਣੇ ਪਿਤਾ ਬਲਦੇਵ ਸਿੰਘ ਸ਼ੇਰਗਿੱਲ ਦੀ ਸਲਾਹ ਅਤੇ ਭਰਾ ਕਰਨਜੀਤ ਸਿੰਘ ਸ਼ੇਰਗਿੱਲ ਦੇ ਸਮਰਥਨ ਨਾਲ ਉਨ੍ਹਾਂ ਨੇ ਫੁੱਲਾਂ ਦੀ ਖੇਤੀ ਕਰਨ ਦਾ ਫੈਸਲਾ ਕੀਤਾ। ਗੇਂਦੇ ਦੇ ਫੁੱਲਾਂ ਦੀ ਪੈਦਾਵਾਰ ਉਨ੍ਹਾਂ ਦੀ ਪਹਿਲੀ ਸਫ਼ਲ ਪੈਦਾਵਾਰ ਸੀ ਜੋ ਉਨ੍ਹਾਂ ਨੇ ਉਸ ਸੀਜ਼ਨ ਵਿੱਚ ਪ੍ਰਾਪਤ ਕੀਤੀ ਸੀ।

ਇਸ ਤੋਂ ਬਾਅਦ ਕੋਈ ਵੀ ਉਨ੍ਹਾਂ ਨੂੰ ਉਹ ਪ੍ਰਾਪਤ ਕਰਨ ਤੋਂ ਰੋਕ ਸਕਿਆ ਜੋ ਉਹ ਚਾਹੁੰਦੇ ਸਨ … ਇੱਕ ਮੁੱਖ ਵਿਅਕਤੀ ਜਿਸ ਨੂੰ ਗੁਰਪ੍ਰੀਤ ਸਿੰਘ ਸ਼ੇਰਗਿੱਲ ਆਪਣੇ ਪਿਤਾ ਅਤੇ ਭਰਾ ਤੋਂ ਇਲਾਵਾ ਮੁੱਖ ਸ਼੍ਰੇਅ ਦਿੰਦੇ ਹਨ ਉਹ ਹੈ ਉਨ੍ਹਾਂ ਦੀ ਪਤਨੀ। ਉਹ ਉਨ੍ਹਾਂ ਦੇ ਕਾਰੋਬਾਰ ਵਿੱਚ ਉਨ੍ਹਾਂ ਦਾ ਮੁੱਖ ਸਹਾਰਾ ਹਨ।

ਗੇਂਦੇ ਦੇ ਉਤਪਾਦਨ ਤੋਂ ਬਾਅਦ ਉਨ੍ਹਾਂ ਨੇ ਗਲੇਡਿਓਲਸ, ਗੁਲਜ਼ਾਫਰੀ, ਗੁਲਾਬ, ਸਟੇਟਾਈਸ ਅਤੇ ਜਿਪਸੋਫਿਲਾ ਫੁੱਲਾਂ ਦਾ ਉਤਪਾਦਨ ਕੀਤਾ। ਇਸ ਤਰ੍ਹਾਂ ਉਹ ਆਮ ਕਿਸਾਨ ਤੋਂ ਅਗਾਂਹਵਧੂ ਕਿਸਾਨ ਬਣ ਗਏ।

ਕੁੱਝ ਵਿਦੇਸ਼ੀ ਯਾਤਰਾਵਾਂ ਬਾਰੇ ਕੁੱਝ ਅੰਕੜੇ….

• 2002 ਵਿੱਚ ਜਾਣਕਾਰੀ ਲਈ ਉਨ੍ਹਾਂ ਦੇ ਸਵਾਲ ਉਨ੍ਹਾਂ ਨੂੰ ਹਾੱਲੈਂਡ ਲੈ ਗਏ, ਜਿੱਥੇ ਉਨ੍ਹਾਂ ਨੇ ਫਲੋਰੀਏਡ (ਹਰੇਕ 10 ਸਾਲਾਂ ਬਾਅਦ ਆਯੋਜਿਤ ਅੰਤਰ ਰਾਸ਼ਟਰੀ ਪ੍ਰਦਰਸ਼ਨੀ) ਵਿੱਚ ਹਿੱਸਾ ਲਿਆ।• ਉਨ੍ਹਾਂ ਨੇ ਆਲਸਮੀਰ, ਹਾੱਲੈਂਡ ਵਿੱਚ ਤਾਜ਼ੇ ਫੁੱਲਾਂ ਲਈ ਦੁਨੀਆ ਦੇ ਸਭ ਤੋਂ ਵੱਡੇ ਨਿਲਾਮੀ ਕੇਂਦਰ ਦਾ ਵੀ ਦੌਰਾ ਕੀਤਾ।

• 2003 ਵਿੱਚ ਗਲਾਸਗੋ, ਯੂ.ਕੇ. ਵਿੱਚ ਵਰਲਡ ਗੁਲਾਬ ਸੰਮੇਲਨ ਵਿੱਚ ਵੀ ਹਿੱਸਾ ਲਿਆ।

ਕਿਵੇਂ ਉਨ੍ਹਾਂ ਨੇ ਆਪਣੀ ਖੇਤੀ ਦੀਆਂ ਗਤੀਵਿਧੀਆਂ ਨੂੰ ਵਿਭਿੰਨਤਾ ਦਿੱਤੀ…

ਫੁੱਲਾਂ ਦੀ ਖੇਤੀ ਵਿਸਥਾਰ ਦੇ ਨਾਲ-ਨਾਲ, ਉਨ੍ਹਾਂ ਨੇ ਵਰਮੀਕੰਪੋਸਟ ਪਲਾਂਟ ਦੀ ਸਥਾਪਨਾ ਕੀਤੀ ਅਤੇ ਆਪਣੀਆਂ ਖੇਤੀ ਗਤੀਵਿਧੀਆਂ ਵਿੱਚ ਮੱਛੀ ਪਾਲਣ ਨੂੰ ਸ਼ਾਮਿਲ ਕੀਤਾ।

ਵਰਮੀਕੰਪੋਸਟ ਪਲਾਂਟ ਉਨ੍ਹਾਂ ਨੂੰ ਦੋ ਤਰ੍ਹਾਂ ਨਾਲ ਸਮਰਥਨ ਦੇ ਰਿਹਾ ਹੈ – ਉਹ ਆਪਣੇ ਖੇਤਾਂ ਵਿੱਚ ਖਾਦ ਦੀ ਵਰਤੋਂ ਕਰਨ ਨਾਲ-ਨਾਲ ਬਜ਼ਾਰ ਵਿੱਚ ਵੀ ਵੇਚ ਰਹੇ ਹਨ।

ਉਨ੍ਹਾਂ ਨੇ ਆਪਣੇ ਉਤਪਾਦਾਂ ਦੀ ਲੜੀ ਤਿਆਰ ਕੀਤੀ ਹੈ, ਜਿਸ ਵਿੱਚ ਗੁਲਾਬ ਜਲ, ਗੁਲਾਬ ਸ਼ਰਬਤ, ਐਲੋਵੇਰਾ ਜੂਸ ਅਤੇ ਆਂਵਲਾ ਜੂਸ ਸ਼ਾਮਲ ਹਨ।

ਕੰਪੋਸਟ ਅਤੇ ਰੋਜ਼ ਵਾਟਰ “ਬਾਲਸਨ” ਬ੍ਰੈਂਡ ਦੇ ਤਹਿਤ, ਅਤੇ ਰੋਜ਼ ਸ਼ਰਬਤ, ਐਲੋਵੇਰਾ ਜੂਸ ਅਤੇ ਆਂਵਲਾ ਜੂਸ “ਸ਼ੇਰਗਿੱਲ ਫਾਰਮ ਫਰੈੱਸ਼” ਬ੍ਰੈਂਡ ਤਹਿਤ ਵੇਚੇ ਜਾਂਦੇ ਹਨ।

ਆਪਣੀ ਸਖਤ ਮਿਹਨਤ ਅਤੇ ਸਮਰਪਣ ਦੇ ਨਾਲ ਉਨ੍ਹਾਂ ਨੇ ਖੇਤੀਬਾੜੀ ਲਈ ਆਪਣੇ ਜਨੂੰਨ ਨੂੰ ਇੱਕ ਸਫ਼ਲ ਰੁਜ਼ਗਾਰ ਵਿੱਚ ਬਦਲ ਦਿੱਤਾ।

ਖੇਤੀਬਾੜੀ ਨਾਲ ਸੰਬੰਧਿਤ ਸਰਕਾਰੀ ਸੰਸਥਾਵਾਂ ਨੇ ਜਲਦੀ ਹੀ ਉਨ੍ਹਾਂ ਦੇ ਯਤਨਾਂ ਨੂੰ ਮਾਨਤਾ ਦਿੱਤੀ ਅਤੇ ਉਨ੍ਹਾਂ ਨੂੰ ਕਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ, ਜਿਹਨਾਂ ਵਿੱਚੋਂ ਕੁੱਝ ਪ੍ਰਮੁੱਖ ਪੁਰਸਕਾਰ ਹਨ:

• 2011 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਪੰਜਾਬ ਮੁੱਖ ਮੰਤਰੀ ਪੁਰਸਕਾਰ

• 2012 ਵਿੱਚ ICAR, ਨਵੀਂ ਦਿੱਲੀ ਦੁਆਰਾ ਜਗਜੀਵਨ ਰਾਮ ਇਨੋਵੇਟਿਵ ਕਿਸਾਨ ਪੁਰਸਕਾਰ

• 2014 ਵਿੱਚ ICAR, ਨਵੀਂ ਦਿੱਲੀ ਦੁਆਰਾ ਐੱਨ.ਜੀ. ਰੰਗਾ ਕਿਸਾਨ ਪੁਰਸਕਾਰ

• 2015 ਵਿੱਚ IARI, ਨਵੀਂ ਦਿੱਲੀ, ਦੁਆਰਾ ਇਨੋਵੇਟਿਵ ਕਿਸਾਨ ਪੁਰਸਕਾਰ

• 2016 ਵਿੱਚ IARI ਨਵੀਂ ਦਿੱਲੀ ਦੁਆਰਾ ਕਿਸਾਨ ਦੇ ਪਹਿਲੇ ਪ੍ਰੋਗਰਾਮ ਲਈ ਰਾਸ਼ਟਰੀ ਸਲਾਹਕਾਰ ਪੈਨਲ ਦੇ ਮੈਂਬਰ ਲਈ ਨਾਮਜ਼ਦ ਹੋਏ।

ਬਹੁਤ ਕੁੱਝ ਪ੍ਰਾਪਤ ਕਰਨ ਤੋਂ ਬਾਅਦ ਗੁਰਪ੍ਰੀਤ ਸਿੰਘ ਸ਼ੇਰਗਿੱਲ ਆਪਣੀਆਂ ਪ੍ਰਾਪਤੀਆਂ ਨੂੰ ਲੈ ਕੇ ਸ਼ੇਖੀ ਨਹੀਂ ਮਾਰਦੇ। ਉਹ ਬਹੁਤ ਹੀ ਸਪੱਸ਼ਟ ਵਿਅਕਤੀ ਹਨ ਜੋ ਹਮੇਸ਼ਾ ਗਿਆਨ ਪ੍ਰਾਪਤ ਕਰਨ ਲਈ ਵਿਭਿੰਨ ਸਰੋਤਾਂ ਦੀ ਤਲਾਸ਼ ਕਰਦੇ ਹਨ ਅਤੇ ਇਸ ਨੂੰ ਆਪਣੀਆਂ ਖੇਤੀਬਾੜੀ ਤਕਨੀਕਾਂ ਨਾਲ ਜੋੜਦੇ ਹਨ। ਇਸ ਸਮੇਂ ਉਹ ਆਧੁਨਿਕ ਖੇਤੀ, ਫਲੋਰੀਕਲਚਰ ਟੂਡੇ(Floriculture Today), ਖੇਤੀ ਦੁਨੀਆ ਆਦਿ ਖੇਤੀਬਾੜੀ ਮੈਗਜ਼ੀਨ ਪੜ੍ਹਨਾ ਪਸੰਦ ਕਰਦੇ ਹਨ। ਉਹ ਖੇਤੀਬਾੜੀ ਮੇਲਿਆਂ ਅਤੇ ਸਮਾਰੋਹਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ। ਉਹ ਗਿਆਨ ਨੂੰ ਸਾਂਝਾ ਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ ਅਤੇ ਜੋ ਕਿਸਾਨ ਉਨ੍ਹਾਂ ਕੋਲ ਮਦਦ ਲਈ ਆਉਂਦੇ ਹਨ, ਉਹ ਉਨ੍ਹਾਂ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦੇ। ਕਿਸਾਨ ਭਾਈਚਾਰੇ ਦੀ ਮਦਦ ਕਰਨ ਲਈ ਉਹ ਆਪਣੇ ਗਿਆਨ ਦਾ ਯੋਗਦਾਨ ਦੇ ਕੇ ਆਪਣੀ ਖੇਤੀ ਮਾਹਿਰ ਦੇ ਤੌਰ ‘ਤੇ ਇੱਕ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ।

ਗੁਰਪ੍ਰੀਤ ਸ਼ੇਰਗਿੱਲ ਜੀ ਨੇ ਇਹ ਕਰਕੇ ਦਿਖਾਇਆ ਹੈ ਕਿ ਜੇਕਰ ਕੋਈ ਵਿਅਕਤੀ ਕੰਮ ਦੇ ਪ੍ਰਤੀ ਸਮਰਪਿਤ ਅਤੇ ਮਿਹਨਤੀ ਹੈ, ਤਾਂ ਉਹ ਕੋਈ ਵੀ ਸਫ਼ਲਤਾ ਪ੍ਰਾਪਤ ਕਰ ਸਕਦਾ ਹੈ ਅਤੇ ਅੱਜ ਦੇ ਸਮੇਂ ਵਿੱਚ ਜਦੋਂ ਕਿਸਾਨ ਨੁਕਸਾਨ ਅਤੇ ਕਰਜ਼ਿਆਂ ਦੀ ਵਜ੍ਹਾ ਕਰਕੇ ਆਤਮ-ਹੱਤਿਆ ਕਰ ਰਹੇ ਹਨ, ਤਾਂ ਗੁਰਪ੍ਰੀਤ ਜੀ ਸਮੁੱਚੇ ਖੇਤੀਬਾੜੀ ਭਾਈਚਾਰੇ ਲਈ ਇੱਕ ਮਿਸਾਲ ਦੇ ਰੂਪ ਵਿੱਚ ਖੜ੍ਹੇ ਹਨ, ਇਹ ਦਰਸਾਉਂਦਾ ਹੈ ਕਿ ਵਿਵਿਧੀਕਰਨ ਸਮੇਂ ਦੀ ਜ਼ਰੂਰਤ ਹੈ ਅਤੇ ਨਾਲ ਹੀ ਖੇਤੀਬਾੜੀ ਸਮਾਜ ਦੇ ਬਿਹਤਰ ਭਵਿੱਖ ਲਈ ਰਸਤਾ ਵੀ ਹੈ।

ਉਨ੍ਹਾਂ ਦੇ ਵਿਵਿਧ ਖੇਤੀਬਾੜੀ ਕਾਰੋਬਾਰ ਦੇ ਬਾਰੇ ਹੋਰ ਜਾਣਨ ਲਈ ਉਨ੍ਹਾਂ ਦੀ ਵੈੱਬਸਾਈਟ ‘ਤੇ ਜਾਓ।

ਪ੍ਰੇਮ ਰਾਜ ਸੈਣੀ

ਪੂਰੀ ਕਹਾਣੀ ਪੜ੍ਹੋ

ਕਿਵੇਂ ਉੱਤਰ ਪ੍ਰਦੇਸ਼ ਦਾ ਇੱਕ ਕਿਸਾਨ ਫੁੱਲਾਂ ਦੀ ਖੇਤੀ ਨਾਲ ਆਪਣੇ ਕਾਰੋਬਾਰ ਨੂੰ ਵਿਕਸਿਤ ਕਰ ਰਿਹਾ ਹੈ

ਫੁੱਲਾਂ ਦੀ ਖੇਤੀ ਇੱਕ ਲਾਭਦਾਇਕ ਕਾਰੋਬਾਰ ਹੈ ਅਤੇ ਇਹ ਦੇਸ਼ ਦੇ ਕਈ ਕਿਸਾਨਾਂ ਦੇ ਰੁਜ਼ਗਾਰ ਨੂੰ ਵਧਾ ਰਿਹਾ ਹੈ। ਇਸ ਤਰ੍ਹਾਂ ਹੀ ਉੱਤਰ ਪ੍ਰਦੇਸ਼ ਦੇ ਪੀਰ ਨਗਰ ਪਿੰਡ ਦੇ ਸ਼੍ਰੀ ਪ੍ਰੇਮ ਰਾਜ ਸੈਣੀ ਜੀ ਇੱਕ ਉੱਭਰਦੇ ਹੋਏ ਫੁੱਲਾਂ ਦੇ ਖੇਤੀ ਕਰਨ ਵਾਲੇ ਕਿਸਾਨ ਹਨ ਅਤੇ ਸਾਡੇ ਸਮਾਜ ਦੇ ਹੋਰ ਕਿਸਾਨਾਂ ਲਈ ਇੱਕ ਵਧੀਆ ਮਿਸਾਲ ਹਨ।

ਫੁੱਲਾਂ ਦੀ ਖੇਤੀ ਕਰਨ ਪਿੱਛੇ ਪ੍ਰੇਮ ਰਾਜ ਜੀ ਲਈ ਸਭ ਤੋਂ ਵੱਡੀ ਪ੍ਰੇਰਣਾ ਉਨ੍ਹਾਂ ਦੇ ਪਿਤਾ ਜੀ ਹਨ। ਇਹ 70 ਦੇ ਦਹਾਕੇ ਦੀ ਗੱਲ ਹੈ ਜਦੋਂ ਉਨ੍ਹਾਂ ਦੇ ਪਿਤਾ ਦਿੱਲੀ ਤੋਂ ਫੁੱਲਾਂ ਦੇ ਵਿਭਿੰਨ ਪ੍ਰਕਾਰ ਦੇ ਬੀਜ ਆਪਣੇ ਖੇਤ ਵਿੱਚ ਉਗਾਉਣ ਲਈ ਲਿਆਏ ਸਨ। ਉਹ ਆਪਣੇ ਪਿਤਾ ਨੂੰ ਬਹੁਤ ਧਿਆਨ ਨਾਲ ਦੇਖਦੇ ਸਨ ਅਤੇ ਉਸ ਸਮੇਂ ਤੋਂ ਹੀ ਉਹ ਫੁੱਲਾਂ ਦੀ ਖੇਤੀ ਨਾਲ ਸੰਬੰਧਿਤ ਕੁੱਝ ਕਰਨਾ ਚਾਹੁੰਦੇ ਸਨ। ਹਾਲਾਂਕਿ ਪ੍ਰੇਮ ਰਾਜ ਸੈਣੀ B.Sc ਗ੍ਰੈਜੁਏਟ ਹਨ ਅਤੇ ਉਹ ਖੇਤੀ ਤੋਂ ਇਲਾਵਾ ਵਿਭਿੰਨ ਕਾਰੋਬਾਰ ਚੁਣ ਸਕਦੇ ਸਨ, ਪਰ ਉਨ੍ਹਾਂ ਨੇ ਆਪਣੇ ਸੁਪਨੇ ਵੱਲ ਜਾਣ ਦਾ ਰਸਤਾ ਚੁਣਿਆ।

20 ਮਈ 2007 ਨੂੰ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਉਸ ਤੋਂ ਬਾਅਦ ਹੀ ਪ੍ਰੇਮ ਰਾਜ ਨੇ ਉਸ ਕੰਮ ਨੂੰ ਸ਼ੂਰੂ ਕਰਨ ਦਾ ਫੈਸਲਾ ਕੀਤਾ, ਜੋ ਉਨ੍ਹਾਂ ਦੇ ਪਿਤਾ ਵਿਚਕਾਰ ਛੱਡ ਗਏ ਸਨ। ਉਸ ਸਮੇਂ ਉਨ੍ਹਾਂ ਦਾ ਪਰਿਵਾਰ ਆਰਥਿਕ ਰੂਪ ਨਾਲ ਸਥਾਈ ਸੀ ਅਤੇ ਉਨ੍ਹਾਂ ਦਾ ਭਰਾ ਵੀ ਕੰਮ-ਕਾਰ ਵਿੱਚ ਸੈੱਟਲ ਸੀ। ਉਨ੍ਹਾਂ ਨੇ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਉਨ੍ਹਾਂ ਦੇ ਵੱਡੇ ਭਰਾ ਨੇ ਇੱਕ ਫੁੱਲਾਂ ਦੀ ਥੋਕ ਵਾਲੀ ਦੁਕਾਨ ਖੋਲ੍ਹੀ, ਜਿਸ ਦੁਆਰਾ ਉਹ ਆਪਣੇ ਖੇਤੀ ਦੇ ਉਤਪਾਦ ਵੇਚਣਗੇ। ਹੋਰ ਦੋ ਛੋਟੇ ਭਰਾ ਨੌਕਰੀ ਕਰ ਰਹੇ ਸਨ, ਪਰ ਬਾਅਦ ਵਿੱਚ ਉਹ ਵੀ ਪ੍ਰੇਮ ਰਾਜ ਅਤੇ ਵੱਡੇ ਭਰਾ ਦੇ ਕਾਰੋਬਾਰ ਵਿੱਚ ਸ਼ਾਮਲ ਹੋ ਗਏ।

ਪ੍ਰੇਮ ਰਾਜ ਜੀ ਦੁਆਰਾ ਕੀਤੀ ਗਈ ਇੱਕ ਪਹਿਲ ਨੇ ਪੂਰੇ ਪਰਿਵਾਰ ਨੂੰ ਇੱਕ ਧਾਗੇ ਨਾਲ ਜੋੜ ਦਿੱਤਾ। ਸਭ ਤੋਂ ਵੱਡੇ ਭਰਾ ਕਾਂਜੀਪੁਰ ਮੰਡੀ ਵਿੱਚ ਫੁੱਲਾਂ ਦੀਆਂ ਦੋ ਦੁਕਾਨਾਂ ਨੂੰ ਸੰਭਾਲ ਰਹੇ ਹਨ। ਪ੍ਰੇਮ ਰਾਜ ਖੁਦ ਪੂਰੇ ਫਾਰਮ ਦਾ ਕੰਮ ਸੰਭਾਲਦੇ ਹਨ ਅਤੇ ਦੋ ਛੋਟੇ ਭਰਾ ਨੋਇਡਾ ਦੀ ਸਬਜ਼ੀ ਮੰਡੀ ਵਿੱਚ ਆਪਣੀ ਦੁਕਾਨ ਸੰਭਾਲ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਸਾਰੇ ਕੰਮਾਂ ਨੂੰ ਵੰਡ ਦਿੱਤਾ, ਜਿਸ ਦੇ ਸਿੱਟੇ ਵਜੋਂ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ। ਉਨ੍ਹਾਂ ਨੇ ਇੱਕ ਮਜ਼ਦੂਰ ਰੱਖਿਆ ਅਤੇ ਕਟਾਈ ਦੇ ਮੌਸਮ ਵਿੱਚ ਉਹ ਹੋਰ ਕਰਮਚਾਰੀਆਂ ਨੂੰ ਵੀ ਨਿਯੁਕਤ ਕਰ ਲੈਂਦੇ ਹਨ।

ਪ੍ਰੇਮ ਰਾਜ ਜੀ ਦੇ ਫਾਰਮ ‘ਤੇ ਮੌਸਮ ਦੇ ਅਨੁਸਾਰ ਹਰ ਤਰ੍ਹਾਂ ਦੇ ਫੁੱਲ ਅਤੇ ਸਬਜ਼ੀਆਂ ਹਨ। ਉੱਚ ਪੈਦਾਵਾਰ ਲਈ ਉਹ ਨੈੱਟਹਾਊਸ ਅਤੇ ਬੈੱਡ ਫਾਰਮਿੰਗ ਦੇ ਢੰਗਾਂ ਨੂੰ ਅਪਣਾਉਂਦੇ ਹਨ। ਦੂਜੇ ਸ਼ਬਦਾਂ ਵਿੱਚ ਉਹ ਉੱਚ-ਗੁਣਵੱਤਾ ਵਾਲੀ ਪੈਦਾਵਾਰ ਲਈ ਰਸਾਇਣਾਂ ਦੀ ਵਰਤੋਂ ਨਹੀਂ ਕਰਦੇ ਅਤੇ ਲੋੜ ਅਨੁਸਾਰ ਘੱਟ ਨਦੀਨ-ਨਾਸ਼ਕਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਉਨ੍ਹਾਂ ਦੇ ਖਰਚੇ ਵੀ ਅੱਧੇ ਰਹਿ ਜਾਂਦੇ ਹਨ। ਉਹ ਆਪਣੇ ਫਾਰਮ ‘ਤੇ ਆਧੁਨਿਕ ਖੇਤੀ ਯੰਤਰਾਂ ਜਿਵੇਂ ਟ੍ਰੈਕਟਰ ਅਤੇ ਰੋਟਾਵੇਟਰ ਦੀ ਵਰਤੋਂ ਕਰਦੇ ਹਨ।

ਭਵਿੱਖ ਦੀਆਂ ਯੋਜਨਾਵਾਂ-

ਸੈਣੀ ਭਰਾ ਵਧੀਆ ਆਮਦਨ ਲਈ ਵੱਖ-ਵੱਖ ਸਥਾਨਾਂ ‘ਤੇ ਹੋਰ ਜ਼ਿਆਦਾ ਦੁਕਾਨਾਂ ਖੋਲ੍ਹਣ ਦੀਆਂ ਯੋਜਨਾਵਾਂ ਬਣਾ ਰਹੇ ਹਨ। ਉਹ ਭਵਿੱਖ ਵਿੱਚ ਖੇਤੀ ਦੇ ਖੇਤਰ ਅਤੇ ਕਾਰੋਬਾਰ ਨੂੰ ਵਧਾਉਣਾ ਚਾਹੁੰਦੇ ਹਨ।

ਪਰਿਵਾਰ-

ਵਰਤਮਾਨ ਵਿੱਚ ਉਹ ਆਪਣੇ ਪੂਰੇ ਪਰਿਵਾਰ (ਮਾਤਾ, ਪਤਨੀ, ਦੋ ਪੁੱਤਰ ਅਤੇ ਇੱਕ ਬੇਟੀ) ਨਾਲ ਆਪਣੇ ਪਿੰਡ ਵਿੱਚ ਰਹਿ ਰਹੇ ਹਨ। ਉਹ ਬਹੁਤ ਖੁੱਲ੍ਹੇ ਵਿਚਾਰਾਂ ਵਾਲੇ ਇਨਸਾਨ ਹਨ ਅਤੇ ਆਪਣੇ ਬੱਚਿਆਂ ‘ਤੇ ਕਦੇ ਵੀ ਆਪਣੀ ਸੋਚ ਲਾਗੂ ਨਹੀਂ ਕਰਦੇ। ਫੁੱਲਾਂ ਦੀ ਖੇਤੀ ਦੇ ਕਾਰੋਬਾਰ ਅਤੇ ਆਮਦਨ ਦੇ ਨਾਲ ਅੱਜ ਪ੍ਰੇਮ ਰਾਜ ਸੈਣੀ ਅਤੇ ਉਨ੍ਹਾਂ ਦੇ ਭਰਾ ਆਪਣੇ ਪਰਿਵਾਰ ਦੀਆਂ ਸਭ ਜ਼ਰੂਰਤਾਂ ਨੂੰ ਪੂਰਾ ਕਰ ਰਹੇ ਹਨ।

ਸੰਦੇਸ਼
“ਅੱਜ-ਕੱਲ੍ਹ ਨੌਕਰੀਆਂ ਦੀ ਬਹੁਤ ਘਾਟ ਹੈ, ਕਿਉਂਕਿ ਜੇਕਰ ਇੱਕ ਨੌਕਰੀ ਲਈ ਜਗ੍ਹਾ ਹੈ ਤਾਂ ਉੱਥੇ ਐਪਲੀਕੇਸ਼ਨ ਭਰਨ ਵਾਲੇ ਬਹੁਤ ਸਾਰੇ ਬਿਨੈਕਾਰ ਹਨ। ਇਸ ਲਈ ਜੇਕਰ ਤੁਹਾਡੇ ਕੋਲ ਜ਼ਮੀਨ ਹੈ ਤਾਂ ਤੁਸੀਂ ਖੇਤੀ ਕਰਨੀ ਸ਼ੁਰੂ ਕਰੋ ਅਤੇ ਇਸ ਤੋਂ ਲਾਭ ਕਮਾਓ। ਖੇਤੀਬਾੜੀ ਨੂੰ ਹੇਠਲੇ ਪੱਧਰ ਦੇ ਕਾਰੋਬਾਰ ਦੀ ਬਜਾਏ ਆਪਣੀ ਨੌਕਰੀ ਦੇ ਤੌਰ ‘ਤੇ ਅਪਨਾਓ।”

ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਮਿਲੋ ਆਧੁਨਿਕ ਕਿਸਾਨ ਨੂੰ, ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਫ਼ਸਲਾਂ ਉਗਾ ਰਿਹਾ ਹੈ

ਕਰਮਜੀਤ ਸਿੰਘ ਲਈ ਕਿਸਾਨ ਬਣਨਾ ਇੱਕ ਬਹੁਤ ਧੁੰਦਲਾ ਸੁਪਨਾ ਸੀ, ਪਰ ਹਾਲਾਤ ਸਭ ਕੁੱਝ ਬਦਲ ਦਿੰਦੇ ਹਨ। ਪਿਛਲੇ ਸੱਤ ਸਾਲਾਂ ਵਿੱਚ, ਕਰਮਜੀਤ ਸਿੰਘ ਦੀ ਸੋਚ ਖੇਤੀ ਪ੍ਰਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹੁਣ ਉਹ ਜੈਵਿਕ ਖੇਤੀ ਵੱਲ੍ਹ ਪੂਰੀ ਤਰ੍ਹਾਂ ਮੁੜ ਗਏ ਹਨ।

ਹੋਰਨਾਂ ਨੌਜਵਾਨ ਮੁੰਡਿਆਂ ਵਾਂਗ ਕਰਮਜੀਤ ਸਿੰਘ ਵੀ ਆਜ਼ਾਦ ਆਤਮਾ ਦੀ ਤਰ੍ਹਾਂ ਸਾਰਾ ਦਿਨ ਕ੍ਰਿਕਟ ਖੇਡਣਾ ਪਸੰਦ ਕਰਦੇ ਸੀ, ਉਹ ਲੋਕਲ ਕ੍ਰਿਕਟ ਟੂਰਨਾਮੈਂਟ ਵਿੱਚ ਵੀ ਹਿੱਸਾ ਲੈਂਦੇ ਸੀ। ਉਨ੍ਹਾਂ ਦਾ ਜੀਵਨ ਸਕੂਲ ਅਤੇ ਖੇਡ ਦੇ ਮੈਦਾਨ ਤੱਕ ਸੀਮਿਤ ਸੀ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਇੱਕ ਨਵਾਂ ਮੋੜ ਲਵੇਗੀ। 2003 ਵਿੱਚ ਆਪਣੇ ਵਿੱਦਿਅਕ ਸਾਲਾਂ(ਸਕੂਲ) ਦੌਰਾਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਕੁੱਝ ਸਮੇਂ ਬਾਅਦ ਹੀ, 2005 ਵਿੱਚ, ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਸਿਰਫ਼ ਉਨ੍ਹਾਂ ਦੇ ਦਾਦਾ-ਦਾਦੀ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਰਹਿ ਗਏ ਸਨ। ਉਸ ਸਮੇਂ ਹਾਲਾਤ ਉਨ੍ਹਾਂ ਦੇ ਕਾਬੂ ਹੇਠ ਨਹੀਂ ਸਨ, ਇਸ ਲਈ ਉਨ੍ਹਾਂ ਨੇ 12 ਵੀਂ ਤੋਂ ਬਾਅਦ ਆਪਣੀ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਬਾਰੇ ਸੋਚਿਆ।

ਉਨ੍ਹਾਂ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਅਤੇ ਉਨ੍ਹਾਂ ਕੋਲ ਵਿਦੇਸ਼ ਜਾਣ ਅਤੇ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਦਾ ਮੌਕਾ ਵੀ ਸੀ, ਪਰ ਉਨ੍ਹਾਂ ਨੇ ਆਪਣੇ ਦਾਦੇ-ਦਾਦੀ ਕੋਲ ਰਹਿਣ ਦਾ ਫ਼ੈਸਲਾ ਕੀਤਾ। ਸਾਲ 2011 ਵਿੱਚ ਉਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਛੋਟੇ ਰਕਬੇ ਵਿੱਚ ਘਰੇਲੂ ਵਰਤੋਂ ਲਈ ਅਨਾਜ, ਦਾਲਾਂ, ਦਾਣੇ ਅਤੇ ਹੋਰ ਜੈਵਿਕ ਫ਼ਸਲਾਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੇ ਖੇਤਰ ਦੇ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਹੌਲੀ-ਹੌਲੀ ਖੇਤੀ ਦਾ ਵਿਸਥਾਰ ਕੀਤਾ। ਸਮੇਂ ਅਤੇ ਤਜ਼ਰਬੇ ਨਾਲ ਉਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਅਤੇ ਫਿਰ ਕਰਮਜੀਤ ਸਿੰਘ ਨੇ ਆਪਣੀ ਜ਼ਮੀਨ ਠੇਕੇ ਤੋਂ ਵਾਪਸ ਲੈ ਲਈ।

ਉਨ੍ਹਾਂ ਨੇ ਟੀਂਡੇ, ਗੋਭੀ, ਭਿੰਡੀ, ਮਟਰ, ਮਿਰਚ, ਮੱਕੀ, ਲੌਕੀ ਅਤੇ ਬੈਂਗਣ ਆਦਿ ਵਰਗੀਆਂ ਹੋਰ ਸਬਜ਼ੀਆਂ ਵਿੱਚ ਵਾਧਾ ਕੀਤਾ ਅਤੇ ਉਨ੍ਹਾਂ ਨੇ ਮਿਰਚ, ਟਮਾਟਰ, ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਦੀ ਨਰਸਰੀ ਵੀ ਤਿਆਰ ਕੀਤੀ।

ਖੇਤੀਬਾੜੀ ਵਿੱਚ ਦਿਖ ਰਹੇ ਮੁਨਾਫ਼ੇ ਨੇ ਕਰਮਜੀਤ ਸਿੰਘ ਜੀ ਦਾ ਵਿਸ਼ਵਾਸ ਹੌਂਸਲਾ ਵਧਿਆ ਅਤੇ 2016 ਵਿੱਚ ਉਨ੍ਹਾਂ ਨੇ 14 ਏਕੜ ਜ਼ਮੀਨ ਠੇਕੇ ‘ਤੇ ਲੈਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਰੁਜ਼ਗਾਰ ਵਿੱਚ ਹੀ ਖੁਸ਼ਹਾਲ ਜ਼ਿੰਦਗੀ ਹਾਸਲ ਕਰ ਲਈ।

ਅੱਜ ਵੀ ਕਰਮਜੀਤ ਜੀ ਖੇਤੀ ਦੇ ਖੇਤਰ ਵਿੱਚ ਇੱਕ ਅਣਜਾਣ ਵਿਅਕਤੀ ਵਾਂਗ ਹੋਰ ਜਾਣਨ ਅਤੇ ਹੋਰ ਕੰਮ ਕਰਨ ਦੀ ਦਿਲਚਸਪੀ ਰੱਖਣ ਵਾਲਾ ਜੀਵਨ ਜਿਊਣਾ ਪਸੰਦ ਕਰਦੇ ਹਨ। ਇਸੇ ਭਾਵਨਾ ਨਾਲ ਹੀ ਉਹ ਸਾਲ 2017 ਵਿੱਚ ਬਾਗਬਾਨੀ ਵੱਲ ਵਧੇ ਅਤੇ ਗੇਂਦੇ ਦੇ ਫੁੱਲਾਂ ਨਾਲ ਗਲੇਡੀਓਲੱਸ ਦੇ ਫੁੱਲਾਂ ਦੀ ਅੰਤਰ-ਫ਼ਸਲੀ ਸ਼ੁਰੂ ਕੀਤੀ।

ਕਰਮਜੀਤ ਸਿੰਘ ਜੀ ਨੂੰ ਜ਼ਿੰਦਗੀ ਵਿੱਚ ਅਸ਼ੋਕ ਕੁਮਾਰ ਜੀ ਵਰਗੇ ਇਨਸਾਨ ਵੀ ਮਿਲੇ। ਅਸ਼ੋਕ ਕੁਮਾਰ ਜੀ ਨੇ ਉਨ੍ਹਾਂ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਣੂ ਕਰਵਾਇਆ ਅਤੇ ਇਸ ਤਰ੍ਹਾਂ ਕਰਮਜੀਤ ਸਿੰਘ ਜੀ ਨੇ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ ‘ਤੇ ਰੋਕ ਲਾਈ। ਕਰਮਜੀਤ ਸਿੰਘ ਨੇ ਖੇਤੀਬਾੜੀ ਬਾਰੇ ਕੁੱਝ ਨਵਾਂ ਸਿੱਖਣ ਦੇ ਤੌਰ ‘ਤੇ ਹਰ ਮੌਕੇ ਦਾ ਫਾਇਦਾ ਚੁੱਕਿਆ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਨੇ ਆਪਣੀ ਸਫ਼ਲਤਾ ਵੱਲ ਕਦਮ ਵਧਾਏ।

ਇਸ ਸਮੇਂ ਕਰਮਜੀਤ ਸਿੰਘ ਦੇ ਫਾਰਮ ‘ਤੇ ਸਬਜ਼ੀਆਂ ਲਈ ਤੁਪਕਾ ਸਿੰਚਾਈ ਪ੍ਰਣਾਲੀ ਅਤੇ ਪੈਕ ਹਾਊਸ ਉਪਲੱਬਧ ਹੈ। ਉਹ ਹਰ ਸੰਭਵ ਅਤੇ ਕੁਦਰਤੀ ਤਰੀਕਿਆਂ ਨਾਲ ਸਬਜ਼ੀਆਂ ਨੂੰ ਹਰੇਕ ਪੌਸ਼ਟਿਕਤਾ ਦਿੰਦੇ ਹਨ। ਮਾਰਕੀਟਿੰਗ ਲਈ, ਉਹ ਖੇਤ ਤੋਂ ਘਰ ਵਾਲੇ ਸਿਧਾਂਤ ਨਾਲ ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਘਰਾਂ ਤੱਕ ਪਹੁੰਚਾਉਂਦੇ ਹਨ ਅਤੇ ਉਹ ਆੱਨ-ਫਾਰਮ ਮਾਰਕਿਟ ਸਥਾਪਿਤ ਕਰਕੇ ਵੀ ਚੰਗੀ ਆਮਦਨੀ ਕਮਾ ਰਹੇ ਹਨ।

ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਲਈ ਉਨ੍ਹਾਂ ਨੂੰ 1 ਫਰਵਰੀ ਨੂੰ ਪੀ.ਏ.ਯੂ, ਕਿਸਾਨ ਕਲੱਬ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਟਿਆਲਾ ਬਾਗਬਾਨੀ ਵਿਭਾਗ ਵੱਲੋਂ 2014 ਵਿੱਚ ਬਿਹਤਰੀਨ ਕੁਆਲਿਟੀ ਦੇ ਮਟਰ ਉਤਪਾਦਨ ਲਈ ਦੂਜਾ ਦਰਜੇ ਦਾ ਸਨਮਾਨ ਮਿਲਿਆ।

ਕਰਮਜੀਤ ਸਿੰਘ ਦੀ ਪਤਨੀ- ਪ੍ਰੇਮਦੀਪ ਕੌਰ ਉਨ੍ਹਾਂ ਦੇ ਸਹਿਯੋਗੀ ਹਨ, ਉਹ ਲੇਬਰ ਅਤੇ ਵਾਢੀ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਹ ਮਾਰਕਟਿੰਗ ਦੇ ਪ੍ਰਬੰਧਨ ਵਿੱਚ ਵੀ ਭਾਗ ਲੈਂਦੇ ਹਨ। ਸ਼ੁਰੂ ਵਿੱਚ, ਮਾਰਕਟਿੰਗ ਵਿੱਚ ਕੁੱਝ ਸਮੱਸਿਆਵਾਂ ਵੀ ਆਈਆਂ ਸਨ, ਪਰ ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਉਤਸ਼ਾਹ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ। ਉਹ ਰਸਾਇਣਾਂ ਅਤੇ ਖਾਦਾਂ ਦੀ ਥਾਂ ਘਰ ਵਿੱਚ ਹੀ ਜੈਵਿਕ ਖਾਦ ਅਤੇ ਸਪਰੇਅ ਤਿਆਰ ਕਰਦੇ ਹਨ। ਹਾਲ ਹੀ ਵਿੱਚ ਕਰਮਜੀਤ ਸਿੰਘ ਜੀ ਨੇ ਆਪਣੇ ਫਾਰਮ ਵਿੱਚ ਕਿੰਨੂ, ਅਨਾਰ, ਅਮਰੂਦ, ਸੇਬ, ਲੁਕਾਠ, ਨਿੰਬੂ, ਜਾਮੁਨ, ਨਾਸ਼ਪਾਤੀ ਅਤੇ ਅੰਬ ਦੇ 200 ਪੌਦੇ ਲਗਾਏ ਹਨ ਅਤੇ ਭਵਿੱਖ ਵਿੱਚ ਉਹ ਅਮਰੂਦ ਦੇ ਬਾਗ ਲਗਾਉਣਾ ਚਾਹੁੰਦੇ ਹਨ।

ਸੰਦੇਸ਼:
“ਆਤਮ-ਹੱਤਿਆ ਕਰਨਾ ਕੋਈ ਹੱਲ ਨਹੀਂ ਹੈ। ਕਿਸਾਨਾਂ ਨੂੰ ਖੇਤੀਬਾੜੀ ਦੇ ਰਵਾਇਤੀ ਚੱਕਰ ਵਿੱਚੋਂ ਬਾਹਰ ਆਉਣਾ ਪਵੇਗਾ, ਕੇਵਲ ਤਾਂ ਹੀ ਉਹ ਲੰਬੇ ਸਮੇਂ ਤੱਕ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਕੁਦਰਤ ਦੇ ਮਹੱਤਵ ਨੂੰ ਸਮਝ ਕੇ ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ।” 

ਇਸ ਸਮੇਂ 28 ਸਾਲ ਦੀ ਉਮਰ ਵਿੱਚ, ਕਰਮਜੀਤ ਸਿੰਘ ਨੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਵਿਖੇ ਆਪਣੇ ਪਿੰਡ ਕਾਂਸੂਹਾ ਕਲਾਂ ਵਿੱਚ ਜੈਵਿਕ ਕਾਰੋਬਾਰ ਦੀ ਸਥਾਪਨਾ ਕੀਤੀ ਹੈ ਅਤੇ ਜਿਸ ਭਾਵਨਾ ਨਾਲ ਉਹ ਜੈਵਿਕ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਆਲੇ-ਦੁਆਲੇ ਦਾ ਮਾਹੌਲ ਹੋਰ ਵੀ ਬਿਹਤਰ ਹੋਵੇਗਾ। ਕਰਮਜੀਤ ਸਿੰਘ ਇੱਕ ਅਗਾਂਹਵਧੂ ਕਿਸਾਨ ਅਤੇ ਉਨ੍ਹਾਂ ਨੌਜਵਾਨਾਂ ਲਈ ਇੱਕ ਮਿਸਾਲ ਹਨ, ਜੋ ਆਪਣੇ ਰੁਜ਼ਗਾਰ ਦੇ ਵਿਕਲਪਾਂ ਦੀ ਉਲਝਣ ਵਿੱਚ ਫਸੇ ਹਨ। ਸਾਨੂੰ ਉਨ੍ਹਾਂ ਵਰਗੇ ਹੋਰ ਕਿਸਾਨਾਂ ਦੀ ਲੋੜ ਹੈ।

ਵਿਪਿਨ ਯਾਦਵ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਅਤੇ ਇੱਕ ਕੰਪਿਊਟਰ ਇੰਜੀਨੀਅਰ ਵਿਪਿਨ ਯਾਦਵ ਦੀ ਕਹਾਣੀ, ਜਿਸ ਨੇ ਕ੍ਰਾਂਤੀ ਲਿਆਉਣ ਲਈ ਰਵਾਇਤੀ ਖੇਤੀ ਦੇ ਤਰੀਕੇ ਨੂੰ ਛੱਡ ਕੇ ਹਾਈਡ੍ਰੋਪੋਨਿਕ ਖੇਤੀ ਨੂੰ ਚੁਣਿਆ

ਅੱਜ ਦਾ ਯੁੱਗ ਅਜਿਹਾ ਯੁੱਗ ਹੈ ਜਿੱਥੇ ਕਿਸਾਨਾਂ ਕੋਲ ਉਪਜਾਊ ਜ਼ਮੀਨ ਜਾਂ ਜ਼ਮੀਨ ਹੀ ਨਹੀਂ ਹੈ, ਫਿਰ ਵੀ ਉਹ ਖੇਤੀ ਕਰ ਸਕਦੇ ਹਨ ਅਤੇ ਇਸ ਲਈ ਭਾਰਤੀ ਕਿਸਾਨਾਂ ਨੂੰ ਆਪਣੀ ਪਹਿਲ ਨੂੰ ਮੁੜ ਲਾਗੂ ਕਰਨਾ ਪਵੇਗਾ ਅਤੇ ਰਵਾਇਤੀ ਖੇਤੀ ਨੂੰ ਛੱਡਣਾ ਪਵੇਗਾ।

ਤਕਨਾਲੋਜੀ ਨੇ ਖੇਤੀਬਾੜੀ ਨੂੰ ਆਧੁਨਿਕ ਪੱਧਰ ‘ਤੇ ਲਿਆਂਦਾ ਹੈ ਤਾਂ ਜੋ ਕੀੜੇ ਜਾਂ ਬੀਮਾਰੀ ਵਰਗੀਆਂ ਰੁਕਾਵਟਾਂ ਫ਼ਸਲਾਂ ਦੀ ਪੈਦਾਵਾਰ ‘ਤੇ ਅਸਰ ਨਾ ਕਰ ਸਕਣ ਅਤੇ ਇਹ ਖੇਤੀਬਾੜੀ ਖੇਤਰ ਵਿੱਚ ਸਕਾਰਾਤਮਕ ਵਿਕਾਸ ਹੈ। ਕਿਸਾਨ ਨੂੰ ਤਰੱਕੀ ਤੋਂ ਦੂਰ ਰੱਖਣ ਵਾਲੀ ਇੱਕੋ ਚੀਜ਼ ਹੈ ਅਤੇ ਉਹ ਹੈ ਉਨ੍ਹਾਂ ਦਾ ਡਰ -” ਤਕਨਾਲੋਜੀ ਵਿੱਚ ਨਿਵੇਸ਼ ਗੁਆਉਣ ਦਾ ਡਰ ਅਤੇ ਜੇ ਇਹ ਕੰਮ ਵਿੱਚ ਕਾਮਯਾਬੀ ਨਹੀਂ ਮਿਲੀ ਅਤੇ ਵੱਡੇ ਘਾਟੇ ਦਾ ਡਰ।”

ਪਰ ਇਸ 20 ਸਾਲ ਦੇ ਕਿਸਾਨ ਨੇ ਖੇਤੀਬਾੜੀ ਦੇ ਖੇਤਰ ਵਿੱਚ ਤਰੱਕੀ ਲਈ ਸਮੇਂ ਦੀ ਮੰਗ ਨੂੰ ਸਮਝਿਆ ਅਤੇ ਹੁਣ ਰਵਾਇਤੀ ਖੇਤੀ ਤੋਂ ਅਲੱਗ ਕੁੱਝ ਹੋਰ ਕਰ ਰਿਹਾ ਹੈ।

ਹਾਈਡ੍ਰੋਪੋਨਿਕਸ ਵਿਧੀ ਖੇਤੀਬਾੜੀ ਦੀ ਚੰਗੀ ਵਿਧੀ ਹੈ ਕਿਉਂਕਿ ਇਸ ਵਿੱਚ ਕੋਈ ਵੀ ਬੀਮਾਰੀ ਪੌਦਿਆਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ, ਕਿਉਂਕਿ ਇਸ ਵਿਧੀ ਵਿੱਚ ਮਿੱਟੀ ਦੀ ਵਰਤੋਂ ਨਹੀਂ ਕੀਤੀ ਜਾਂਦੀ। ਇਸ ਤੋਂ ਇਲਾਵਾ, ਅਸੀਂ ਪੌਲੀਹਾਊਸ ਵਿੱਚ ਪੌਦੇ ਤਿਆਰ ਕਰਦੇ ਹਾਂ, ਇਸ ਲਈ ਕੋਈ ਵੀ ਵਾਤਾਵਰਨ ਦੀ ਬਿਮਾਰੀ ਵੀ ਪੌਦਿਆਂ ਨੂੰ ਕਿਸੇ ਵੀ ਤਰ੍ਹਾਂ ਪ੍ਰਭਾਵਿਤ ਨਹੀਂ ਕਰ ਸਕਦੀ। ਮੈਂ ਖੇਤੀ ਦੀ ਇਸ ਵਿਧੀ ਨਾਲ ਖੁਸ਼ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਦੂਜੇ ਕਿਸਾਨ ਵੀ ਹਾਈਡ੍ਰੋਪੋਨਿਕ ਤਕਨੀਕ ਅਪਨਾਉਣ। – ਵਿਪਿਨ ਯਾਦਵ

ਕੰਪਿਊਟਰ ਸਾਇੰਸ ਵਿੱਚ ਆਪਣੀ ਇੰਜੀਨੀਅਰਿੰਗ ਡਿਗਰੀ ਪੂਰੀ ਕਰਨ ਤੋਂ ਬਾਅਦ ਨੌਕਰੀ ‘ਤੇ ਤਨਖਾਹ ਤੋਂ ਅਸੰਤੁਸ਼ਟੀ ਕਾਰਨ ਵਿਪਿਨ ਨੇ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ, ਪਰ ਨਿਸ਼ਚਿਤ ਤੌਰ ‘ਤੇ ਆਪਣੇ ਪਿਤਾ ਵਾਂਗ ਨਹੀਂ, ਜੋ ਪਰੰਪਰਾਗਤ ਖੇਤੀ ਤਰੀਕਿਆਂ ਨਾਲ ਖੇਤੀ ਕਰ ਰਹੇ ਸਨ।

ਇੱਕ ਜ਼ਿੰਮੇਵਾਰ ਅਤੇ ਜਾਗਰੂਕ ਨੌਜਵਾਨ ਵਾਂਗ, ਉਸ ਨੇ Agriculture Skill Council of India, ਗੁਰੂਗ੍ਰਾਮ ਤੋਂ ਆੱਨਲਾਈਨ ਟ੍ਰੇਨਿੰਗ ਲਈ। ਸ਼ੁਰੂਆਤੀ ਆੱਨਲਾਈਨ ਯੋਗਤਾ ਟੈੱਸਟ ਪਾਸ ਕਰਨ ਤੋਂ ਬਾਅਦ ਉਹ ਗੁਰੂਗ੍ਰਾਮ ਦੇ ਮੁੱਖ ਸਿਖਲਾਈ ਕੇਂਦਰ ਵਿੱਚ ਗਏ। 20 ਉਮੀਦਵਾਰਾਂ ਵਿੱਚੋਂ ਸਿਰਫ਼ 16 ਹੀ ਹਾਈਡ੍ਰੌਪੋਨਿਕਸ ਦੀ ਪ੍ਰੈਕਟੀਕਲ ਸਿਖਲਾਈ ਹਾਸਲ ਕਰਨ ਲਈ ਪਾਸ ਹੋਏ ਅਤੇ ਵਿਪਿਨ ਯਾਦਵ ਵੀ ਉਹਨਾਂ ਵਿੱਚੋਂ ਇੱਕ ਸੀ। ਉਸਨੇ ਆਪਣੇ ਹੁਨਰ ਨੂੰ ਹੋਰ ਸੁਧਾਰਨ ਲਈ ਕੇ.ਵੀ.ਕੇ ਸ਼ਿਕੋਹਪੁਰ ਤੋਂ ਵੀ ਸੁਰੱਖਿਅਤ ਖੇਤੀ ਦੀ ਸਿਖਲਾਈ ਲਈ।

“2015 ਵਿੱਚ, ਮੈਂ ਆਪਣੇ ਪਿਤਾ ਨੂੰ ਮਿੱਟੀ-ਰਹਿਤ ਖੇਤੀ ਦੀ ਨਵੀਂ ਤਕਨੀਕ ਬਾਰੇ ਦੱਸਿਆ, ਜਦਕਿ ਖੇਤੀ ਲਈ ਮਿੱਟੀ ਹੀ ਇੱਕੋ-ਇੱਕ ਅਧਾਰ ਸੀ। – ਵਿਪਿਨ ਯਾਦਵ

ਸਿਖਲਾਈ ਦੌਰਾਨ ਉਸ ਨੇ ਜੋ ਸਿੱਖਿਆ ਉਸਨੂੰ ਲਾਗੂ ਕਰਨ ਲਈ ਉਸ ਨੇ 5000 ਤੋਂ 7000 ਰੁਪਏ ਦਾ ਨਿਵੇਸ਼ ਨਾਲ ਸਿਰਫ਼ ਦੋ ਮੁੱਖ ਕਿਸਮਾਂ ਦੇ ਛੋਟੇ ਪੌਦਿਆਂ ਵਾਲੀਆਂ ਕੇਵਲ 50 ਟ੍ਰੇਆਂ ਨਾਲ ਸ਼ੁਰੂਆਤ ਕੀਤੀ।

“ਮੈਂ ਹਾਰਡਨਿੰਗ ਯੂਨਿਟ ਲਈ 800 ਵਰਗ ਫੁੱਟ ਖੇਤਰ ਨਿਰਧਾਰਿਤ ਕੀਤਾ ਅਤੇ 1000 ਵਰਗ ਫੁੱਟ ਪੌਦੇ ਤਿਆਰ ਕਰਨ ਲਈ ਗੁਰੂਗ੍ਰਾਮ ਵਿੱਚ ਕਿਰਾਏ ‘ਤੇ ਜਗ੍ਹਾ ਲਈ ਅਤੇ ਇਸ ਵਿੱਚ ਪੋਲੀਹਾਊਸ ਵੀ ਬਣਾਇਆ। -ਵਿਪਿਨ ਯਾਦਵ

ਹਾਈਡ੍ਰੋਪੋਨਿਕਸ ਦੀਆਂ 50 ਟ੍ਰੇਆਂ ਦੇ ਪ੍ਰਯੋਗ ਤੋਂ ਉਸ ਨੂੰ ਵੱਡੀ ਸਫ਼ਲਤਾ ਮਿਲੀ, ਜਿਸ ਨੇ ਵੱਡੇ ਪੱਧਰ ‘ਤੇ ਇਸ ਵਿਧੀ ਨੂੰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਹਾਈਡ੍ਰੋਪੋਨਿਕ ਖੇਤੀ ਸ਼ੁਰੂ ਕਰਨ ਲਈ ਉਸ ਨੇ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਸਹਾਇਤਾ ਨਾਲ ਅਗਲਾ ਵੱਡਾ ਨਿਵੇਸ਼ 250000 ਰੁਪਏ ਦਾ ਕੀਤਾ।

“ਇਸ ਸਮੇਂ, ਮੈਂ ਆਰਡਰ ਮੁਤਾਬਿਕ 250000 ਜਾਂ ਵੱਧ ਪੌਦੇ ਤਿਆਰ ਕਰ ਸਕਦਾ ਹਾਂ।”

ਗਰਮ ਮੌਸਮੀ ਹਾਲਤਾਂ ਦੇ ਕਾਰਨ ਅਪ੍ਰੈਲ ਤੋਂ ਅੱਧ ਜੁਲਾਈ ਤੱਕ ਹਾਈਡ੍ਰੋਪੋਨਿਕ ਖੇਤੀ ਨਹੀਂ ਕੀਤੀ ਜਾਂਦੀ, ਪਰ ਇਸ ਵਿੱਚ ਹੋਣ ਵਾਲਾ ਮੁਨਾਫ਼ਾ ਇਸ ਅੰਤਰਾਲ ਦੀ ਪੂਰਤੀ ਲਈ ਕਾਫੀ ਹੈ। ਵਿਪਿਨ ਯਾਦਵ ਆਪਣੇ ਹਾਈਡ੍ਰੋਪੋਨਿਕ ਫਾਰਮ ਵਿੱਚ ਹਰ ਤਰ੍ਹਾਂ ਦੀਆਂ ਫ਼ਸਲਾਂ ਉਗਾਉਂਦੇ ਹਨ – ਅਨਾਜ, ਤੇਲ ਬੀਜ ਫ਼ਸਲਾਂ, ਸਬਜ਼ੀਆਂ ਅਤੇ ਫੁੱਲ। ਖੇਤੀ ਨੂੰ ਆਸਾਨ ਬਣਾਉਣ ਲਈ ਸਪਰਿੰਕਲਰ ਅਤੇ ਫੌਗਰ ਵਰਗੀ ਮਸ਼ੀਨਰੀ ਵਰਤੀ ਜਾਂਦੀ ਹੈ। ਉਸ ਦੇ ਫੁੱਲਾਂ ਦੀ ਕੁਆਲਿਟੀ ਚੰਗੀ ਹੈ ਅਤੇ ਇਨ੍ਹਾਂ ਦੀ ਪੈਦਾਵਾਰ ਵੀ ਕਾਫੀ ਹੈ, ਜਿਸ ਕਾਰਨ ਇਹ ਰਾਸ਼ਟਰਪਤੀ ਸਕੱਤਰੇਤ ਨੂੰ ਵੀ ਭੇਜੇ ਗਏ ਹਨ।

ਮਿੱਟੀ ਰਹਿਤ ਖੇਤੀ ਲਈ, ਉਹ 3:1:1 ਦੇ ਅਨੁਪਾਤ ਵਿੱਚ ਤਿੰਨ ਚੀਜ਼ਾਂ ਦੀ ਵਰਤੋਂ ਕਰਦਾ ਹੈ: ਕੋਕੋ ਪੀਟ, ਪਰਲਾਈਟ ਅਤੇ ਵਰਮੀਕੁਲਾਈਟ। 35-40 ਦਿਨਾਂ ਵਿੱਚ ਪੌਦੇ ਤਿਆਰ ਹੋ ਜਾਂਦੇ ਹਨ ਅਤੇ ਫਿਰ ਇਨ੍ਹਾਂ ਨੂੰ 1 ਹਫ਼ਤੇ ਲਈ ਹਾਰਡਨਿੰਗ ਯੂਨਿਟ ਵਿੱਚ ਰੱਖਿਆ ਜਾਂਦਾ ਹੈ। NPK, ਜ਼ਿੰਕ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਵਰਗੇ ਤੱਤ ਪੌਦਿਆਂ ਨੂੰ ਪਾਣੀ ਦੇ ਜ਼ਰੀਏ ਦਿੱਤੇ ਜਾਂਦੇ ਹਨ। ਹਾਈਡ੍ਰੋਪੋਨਿਕਸ ਵਿੱਚ ਕੀੜੇਮਾਰ ਦਵਾਈਆਂ ਦੀ ਕੋਈ ਵਰਤੋਂ ਨਹੀਂ ਕਿਉਂਕਿ ਖੇਤੀ ਲਈ ਮਿੱਟੀ ਦੀ ਵਰਤੋਂ ਨਹੀਂ ਕੀਤੀ ਜਾਂਦੀ, ਇਸ ਤੋਂ ਇਲਾਵਾ, ਵਰਮੀ ਕੰਪੋਸਟ ਵਰਤੀ ਜਾਂਦੀ ਹੈ, ਜੋ ਆਸਾਨੀ ਨਾਲ ਘਰ ਵਿੱਚ ਤਿਆਰ ਕੀਤੀ ਜਾ ਸਕਦੀ ਹੈ।

ਭਵਿੱਖ ਦੀ ਯੋਜਨਾ:
ਮੇਰੀ ਭਵਿੱਖ ਦੀ ਯੋਜਨਾ ਹੈ ਕਿ ਕੈਕਟਸ, ਚਿਕਿਤਸਕ ਅਤੇ ਸਜਾਵਟੀ ਪੌਦਿਆਂ ਦੀਆਂ ਹੋਰ ਕਿਸਮਾਂ ਹਾਈਡ੍ਰੋਪੋਨਿਕ ਫਾਰਮ ਵਿੱਚ ਬਿਹਤਰ ਆਮਦਨੀ ਲਈ ਤਿਆਰ ਉਗਾਈਆਂ ਜਾਣ। 

ਵਿਪਿਨ ਯਾਦਵ ਇੱਕ ਉਦਾਹਰਨ ਹੈ ਕਿ ਕਿਵੇਂ ਭਾਰਤ ਦੇ ਨੌਜਵਾਨ ਆਧੁਨਿਕ ਤਕਨੀਕ ਦੀ ਵਰਤੋਂ ਕਰਕੇ ਖੇਤੀਬਾੜੀ ਦੇ ਭਵਿੱਖ ਨੂੰ ਬਚਾ ਰਹੇ ਹਨ।

ਸੰਦੇਸ਼
“ਖੇਤੀਬਾੜੀ ਦੇ ਖੇਤਰ ਵਿੱਚ ਕੁੱਝ ਵੀ ਨਵਾਂ ਸ਼ੁਰੂ ਕਰਨ ਤੋਂ ਪਹਿਲਾਂ, ਕਿਸਾਨਾਂ ਨੂੰ ਆਪਣੇ ਹੁਨਰ ਨੂੰ ਵਧਾਉਣ ਲਈ ਕੇ.ਵੀ.ਕੇ. ਤੋਂ ਸਿਖਲਾਈ ਲੈਣੀ ਚਾਹੀਦੀ ਹੈ ਅਤੇ ਆਪਣੇ ਆਪ ਸਿੱਖਿਅਤ ਬਣਾਉਣਾ ਚਾਹੀਦਾ ਹੈ।”
ਦੇਸ਼ ਨੂੰ ਬਿਹਤਰ ਆਰਥਿਕ ਵਿਕਾਸ ਲਈ ਖੇਤੀਬਾੜੀ ਦੇ ਖੇਤਰ ਵਿੱਚ ਉੱਦਮ ਕਰਨ ਵਾਲੇ ਹੋਰ ਨੌਜਵਾਨਾਂ ਅਤੇ ਰਚਨਾਤਮਕ ਦਿਮਾਗ਼ ਦੀ ਲੋੜ ਹੈ ਅਤੇ ਜੇਕਰ ਅਸੀਂ ਵਿਪਿਨ ਯਾਦਵ ਵਰਗੇ ਨੌਜਵਾਨ ਲੋਕਾਂ ਨੂੰ ਮਿਲਣਾ ਜਾਰੀ ਰੱਖਦੇ ਹਾਂ ਤਾਂ ਇਹ ਭਵਿੱਖ ਲਈ ਇੱਕ ਸਕਾਰਾਤਮਕ ਸੰਕੇਤ ਹੈ।

ਸ. ਭਰਪੂਰ ਸਿੰਘ

ਪੂਰੀ ਕਹਾਣੀ ਪੜ੍ਹੋ

ਭਰਪੂਰ ਸਿੰਘ ਨੇ ਖੇਤੀਬਾੜੀ ਤੋਂ ਮੁਨਾਫ਼ਾ ਕਮਾਉਣ ਲਈ ਫੁੱਲਾਂ ਦੀ ਖੇਤੀ ਨੂੰ ਚੁਣਿਆ

ਖੇਤੀ ਇੱਕ ਵਿਸਤ੍ਰਿਤ ਖੇਤਰ ਹੈ ਅਤੇ ਕਿਸਾਨ ਘੱਟ ਜ਼ਮੀਨ ਵਿੱਚ ਵੀ ਵਧੀਆ ਮੁਨਾਫ਼ਾ ਕਮਾ ਸਕਦੇ ਹਨ, ਬਸ ਉਨ੍ਹਾਂ ਨੂੰ ਖੇਤੀ ਕਰਨ ਦੇ ਸਹੀ ਢੰਗ ਅਤੇ ਸਹੀ ਤਰੀਕਿਆਂ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ। ਇਹ ਕਹਾਣੀ ਪਟਿਆਲਾ ਦੇ ਖੇੜੀ ਮੱਲਾਂ ਪਿੰਡ ਦੇ ਇੱਕ ਆਮ ਕਿਸਾਨ ਭਰਪੂਰ ਸਿੰਘ ਦੀ ਹੈ, ਜੋ ਹਮੇਸ਼ਾ ਕਣਕ ਅਤੇ ਝੋਨੇ ਦੀ ਖੇਤੀ ਤੋਂ ਕੁੱਝ ਵੱਖਰਾ ਕਰਨਾ ਚਾਹੁੰਦੇ ਸਨ।

ਸ. ਭਰਪੂਰ ਸਿੰਘ ਜੀ ਨੇ ਪੜ੍ਹਾਈ ਖਤਮ ਹੋਣ ਤੋਂ ਬਾਅਦ ਆਪਣੇ ਪਿਤਾ ਸਰਦਾਰ ਰਣਜੀਤ ਸਿੰਘ ਨਾਲ ਖੇਤੀਬਾੜੀ ਵਿੱਚ ਮਦਦ ਕਰਨ ਦਾ ਫੈਸਲਾ ਕੀਤਾ, ਪਰ ਉਹ ਇਸ ਰੁਝਾਨ ਤੋਂ ਸੰਤੁਸ਼ਟ ਨਹੀਂ ਸਨ ਕਿਉਂਕਿ ਦੂਜੇ ਕਿਸਾਨ ਕਣਕ-ਝੋਨੇ ਦੇ ਚੱਕਰ ਵਿੱਚ ਫਸੇ ਸਨ। ਹਾਲਾਂਕਿ ਉਨ੍ਹਾਂ ਨੇ ਖੇਤਾਂ ਵਿੱਚ ਆਪਣੇ ਪਿਤਾ ਦੀ ਸਹਾਇਤਾ ਕੀਤੀ, ਪਰ ਉਨ੍ਹਾਂ ਦਾ ਰੂਹ ਅਤੇ ਮਨ ਕੁੱਝ ਵੱਖਰਾ ਕਰਨਾ ਚਾਹੁੰਦੇ ਸਨ।

1999 ਵਿੱਚ ਉਹ ਆਪਣੇ ਪਰਿਵਾਰ ਨਾਲ ਗੁਰਦੁਆਰਾ ਰਾੜਾ ਸਾਹਿਬ ਗਏ ਅਤੇ ਗੁਲਦਾਉਦੀ ਦੇ ਫੁੱਲਾਂ ਦੇ ਕੁੱਝ ਬੀਜ ਖਰੀਦੇ ਅਤੇ ਇਹ ਉਹ ਸਮਾਂ ਸੀ ਜਦੋਂ ਉਹ ਫੁੱਲਾਂ ਦੀ ਖੇਤੀ ਵਿੱਚ ਦਾਖਲ ਹੋਏ। ਸ਼ੁਰੂਆਤ ਵਿੱਚ, ਉਨ੍ਹਾਂ ਨੇ ਜ਼ਮੀਨ ਦੇ ਇੱਕ ਛੋਟੇ ਜਿਹੇ ਟੁਕੜੇ ‘ਤੇ ਗੁਲਦਾਉਦੀ ਦੀ ਫੁੱਲ ਲਾਉਣਾ ਅਰੰਭ ਕੀਤੇ ਅਤੇ ਹੌਲੀ-ਹੌਲੀ ਸਮੇਂ ਦੇ ਨਾਲ ਇਹ ਕੰਮ ਲਾਭਦਾਇਕ ਸਿੱਧ ਹੋਇਆ, ਇਸ ਲਈ ਉਨ੍ਹਾਂ ਨੇ ਫੁੱਲਾਂ ਦੀ ਖੇਤੀ ਦੇ ਖੇਤਰ ਨੂੰ ਵਧਾਇਆ।

ਸਮੇਂ ਦੇ ਨਾਲ, ਉਨ੍ਹਾਂ ਦੇ ਪੁੱਤਰ ਵੱਡੇ ਹੋਏ ਅਤੇ ਉਨ੍ਹਾਂ ਨੇ ਵੀ ਆਪਣੇ ਪਿਤਾ ਦੇ ਫੁੱਲਾਂ ਦੀ ਖੇਤੀ ਵਾਲੇ ਕਾਰੋਬਾਰ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਹੁਣ ਭਰਪੂਰ ਸਿੰਘ ਜੀ ਦੇ ਦੋਵੇਂ ਪੁੱਤਰ ਫੁੱਲਾਂ ਦੀ ਖੇਤੀ ਵਿੱਚ ਰੁੱਝੇ ਹੋਏ ਹਨ।

ਫੁੱਲਾਂ ਦੀ ਖੇਤੀ
ਵਰਤਮਾਨ ਵਿੱਚ, ਉਹ ਆਪਣੇ ਫਾਰਮ ਵਿੱਚ ਗੁਲਦਾਉਦੀ, ਗੇਂਦਾ, ਜ਼ਾਫਰੀ ਅਤੇ ਗਲੈਡਿਓਲਸ ਆਦਿ ਚਾਰ ਕਿਸਮਾਂ ਦੇ ਫੁੱਲ ਉਗਾ ਰਹੇ ਹਨ। ਉਹ ਆਪਣੀ ਜ਼ਮੀਨ ‘ਤੇ ਸਾਰੇ ਆਧੁਨਿਕ ਉਪਕਰਨ ਵਰਤਦੇ ਹਨ। ਫੁੱਲਾਂ ਦੀ ਖੇਤੀ 10 ਏਕੜ ਵਿੱਚ ਫੈਲੀ ਹੋਈ ਹੈ ਅਤੇ ਕਈ ਵਾਰ ਹੋਰ ਫ਼ਸਲਾਂ ਦੀ ਖੇਤੀ ਲਈ ਉਹ ਠੇਕੇ ‘ਤੇ ਵੀ ਜ਼ਮੀਨ ਲੈਂਦੇ ਹਨ।

ਬੀਜ ਦੀ ਤਿਆਰੀ
ਉਹ ਖੇਤੀ ਤੋਂ ਇਲਾਵਾ ਜ਼ਾਫਰੀ ਅਤੇ ਗੁਲਦਾਉਦੀ ਦੇ ਫੁੱਲਾਂ ਦੇ ਬੀਜ ਖ਼ੁਦ ਤਿਆਰ ਕਰਦੇ ਹਨ ਅਤੇ ਉਹ ਹਾੱਲੈਂਡ ਤੋਂ ਸਿੱਧਾ ਗਲੈਡਿਓਲਸ ਬੀਜ ਅਤੇ ਕੋਲਕਾਤਾ ਤੋਂ ਗੇਂਦੇ ਦਾ ਬੀਜ ਆਯਾਤ ਕਰਦੇ ਹਨ। ਉਨ੍ਹਾਂ ਨੂੰ ਬੀਜ ਦੀ ਤਿਆਰ ਕਰਕੇ ਚੰਗਾ ਲਾਭ ਪ੍ਰਾਪਤ ਕਰਨ ‘ਚ ਮਦਦ ਮਿਲੀ, ਉਹ ਕਈ ਵਾਰ ਫੁੱਲਾਂ ਦੀ ਖੇਤੀ ਨੂੰ ਵਧਾਉਣ ਲਈ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਬੀਜ ਪ੍ਰਦਾਨ ਕਰਦੇ ਹਨ।

ਫੁੱਲਾਂ ਦੀ ਖੇਤੀ ਵਿੱਚ ਨਿਵੇਸ਼ ਅਤੇ ਮੁਨਾਫ਼ਾ
ਉਹ ਗਲੇਡਿਓਲਸ ਲਈ ਇਕ ਏਕੜ ਵਿਚ 2 ਲੱਖ ਰੁਪਏ ਦਾ ਨਿਵੇਸ਼ ਕਰਦੇ ਹਨ ਅਤੇ ਇਸ ਦੇ ਬਦਲੇ ਵਿੱਚ ਉਸ ਨੂੰ 4-5 ਲੱਖ ਰੁਪਏ ਆਮਦਨ ਹੁੰਦੀ ਹੈ, ਜਿਸ ਦਾ ਲਾਭ ਲਗਭਗ 50% ਜਾਂ ਉਸ ਤੋਂ ਜ਼ਿਆਦਾ ਹੈ।

ਮੰਡੀਕਰਨ
ਉਹ ਮੰਡੀਕਰਨ ਲਈ ਕਿਸੇ ਤੀਜੇ ਵਿਅਕਤੀ ‘ਤੇ ਨਿਰਭਰ ਨਹੀਂ ਹਨ। ਉਹ ਪਟਿਆਲਾ, ਨਾਭਾ, ਸਮਾਣਾ, ਸੰਗਰੂਰ, ਬਠਿੰਡਾ ਅਤੇ ਲੁਧਿਆਣਾ ਮੰਡੀ ਵਿੱਚ ਆਪਣੀ ਪੈਦਾਵਾਰ ਵੇਚਦੇ ਹਨ। ਉਹਨਾਂ ਦੇ ਬ੍ਰੈਂਡ ਦਾ ਨਾਮ ਨਿਰਮਾਣ ਫਲਾਵਰ ਫਾਰਮ ਹੈ। ਖੇਤੀਬਾੜੀ ਨਾਲ ਸੰਬੰਧਿਤ ਕਈ ਕੈਂਪ ਬਾਗਬਾਨੀ ਵਿਭਾਗ ਦੁਆਰਾ ਉਹਨਾਂ ਦੇ ਫਾਰਮ ‘ਤੇ ਆਯੋਜਿਤ ਕੀਤੇ ਜਾਂਦੇ ਹਨ, ਜਿਸ ਵਿਚ ਬਹੁਤ ਸਾਰੇ ਅਗਾਂਹਵਧੂ ਕਿਸਾਨ ਹਿੱਸਾ ਲੈਂਦੇ ਹਨ ਅਤੇ ਫੁੱਲਾਂ ਦੀ ਖੇਤੀ ਬਾਰੇ ਨਿਯਮਿਤ ਕਿਸਾਨਾਂ ਨੂੰ ਸਿਖਲਾਈ ਦਿੰਦੇ ਹਨ।

ਸਰਦਾਰ ਭਰਪੂਰ ਸਿੰਘ ਜੀ ਨੇ ਡਾ. ਸੰਦੀਪ ਸਿੰਘ ਗਰੇਵਾਲ (ਬਾਗਬਾਨੀ ਵਿਭਾਗ, ਪਟਿਆਲਾ), ਡਾ. ਕੁਲਵਿੰਦਰ ਸਿੰਘ ਅਤੇ ਡਾ. ਰਣਜੀਤ ਸਿੰਘ (ਪੀ.ਏ.ਯੂ) ਨੂੰ ਆਪਣੇ ਸਫ਼ਲ ਖੇਤੀਬਾੜੀ ਉੱਦਮ ਦਾ ਜ਼ਿਆਦਾਤਰ ਕਰੈੱਡਿਟ ਦਿੱਤਾ ਹੈ ਕਿਉਂਕਿ ਉਨ੍ਹਾਂ ਦੀ ਮਦਦ ਅਤੇ ਸਲਾਹ ਤੋਂ ਬਿਨਾਂ ਸ਼ਾਇਦ ਉਹ ਆਪਣੇ ਜੀਵਨ ਵਿੱਚ ਇਸ ਪੜਾਅ ਤੱਕ ਨਾ ਪਹੁੰਚਦੇ।

ਉਹ ਕਿਸਾਨਾਂ ਨੂੰ ਸੰਦੇਸ਼ ਦਿੰਦੇ ਹਨ ਕਿ ਉਨ੍ਹਾਂ ਨੂੰ ਦੂਜੇ ਕਿਸਾਨਾਂ ਨਾਲ ਮੁਕਾਬਲਾ ਕਰਨ ਲਈ ਖੇਤੀ ਦੀ ਚੋਣ ਨਹੀਂ ਕਰਨੀ ਚਾਹੀਦੀ ਪਰ ਉਹਨਾਂ ਨੂੰ ਆਪਣੇ ਲਈ ਅਤੇ ਪੂਰੀ ਦਿਲਚਸਪੀ ਨਾਲ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਸਿਰਫ਼ ਉਹ ਲਾਭ ਪ੍ਰਾਪਤ ਕਰਨ ਦੇ ਯੋਗ ਹੋਣਗੇ।

ਛੋਟੇ ਪੱਧਰ ਤੋਂ ਸ਼ੁਰੂ ਕਰਕੇ ਅਤੇ ਜ਼ਿੰਦਗੀ ਵਿੱਚ ਇਸ ਤਰ੍ਹਾਂ ਦੀ ਸਫ਼ਲਤਾ ਪ੍ਰਾਪਤ ਕਰਨ ਦੇ ਨਾਲ, ਭਰਪੂਰ ਸਿੰਘ ਜੀ ਨੇ ਉਨ੍ਹਾਂ ਕਿਸਾਨਾਂ ਲਈ ਇੱਕ ਆਦਰਸ਼ ਰੋਲ ਮਾਡਲ ਵਜੋਂ ਇੱਕ ਮਿਸਾਲ ਕਾਇਮ ਕੀਤੀ ਹੈ ਜੋ ਫੁੱਲਾਂ ਦੀ ਖੇਤੀ ਨੂੰ ਅਪਨਾਉਣ ਲਈ ਸੋਚ ਰਹੇ ਹਨ।

ਸੰਦੇਸ਼
“ਕਿਸਾਨਾਂ ਨੂੰ ਮੇਰਾ ਸੰਦੇਸ਼ ਇਹ ਹੈ ਕਿ ਉਹਨਾਂ ਨੂੰ ਗੰਭੀਰਤਾ ਨਾਲ ਵਿਭਿੰਨਤਾ ਦੇ ਲਾਭਾਂ ਬਾਰੇ ਸੋਚਣਾ ਚਾਹੀਦਾ ਹੈ। ਕਣਕ ਅਤੇ ਝੋਨੇ ਦੀ ਖੇਤੀ ਦੇ ਘਟੀਆ ਚੱਕਰ ਨੇ ਕਿਸਾਨਾਂ ਨੂੰ ਮਾੜੇ ਰੂਪ ਅਤੇ ਬਹੁਤ ਸਾਰੇ ਕਰਜ਼ਿਆਂ ਦੇ ਅਧੀਨ ਕਰ ਦਿੱਤਾ ਹੈ। ਮਿੱਟੀ ਦੀ ਉਪਜਾਊ ਸ਼ਕਤੀ ਘੱਟ ਰਹੀ ਹੈ ਅਤੇ ਕਿਸਾਨਾਂ ਨੂੰ ਉਤਪਾਦਨ ਵਧਾਉਣ ਲਈ ਵਧੇਰੇ ਰਸਾਇਣਾਂ ਦੀ ਵਰਤੋਂ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਵਿਭਿੰਨਤਾ ਇੱਕ ਅਜਿਹਾ ਰਸਤਾ ਹੈ, ਜਿਸ ਦੁਆਰਾ ਕਿਸਾਨਸਫ਼ਲਤਾ ਅਤੇ ਵਧੇਰੇ ਲਾਭ ਹਾਸਲ ਕਰ ਸਕਦੇ ਹਨ ਅਤੇ ਆਪਣੇ ਜੀਵਨ ਪੱਧਰ ਨੂੰ ਵਧਾ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਦੂਜੇ ਕਿਸਾਨਾਂ ਨਾਲ ਮੁਕਾਬਲਾ ਕਰਨ ਲਈ ਖੇਤੀ ਦੀ ਚੋਣ ਨਹੀਂ ਕਰਨੀ ਚਾਹੀਦੀ, ਸਗੋਂ ਆਪਣੇ ਲਈ ਪੂਰੀ ਦਿਲਚਸਪੀ ਨਾਲ ਕੰਮ ਕਰਨਾ ਚਾਹੀਦਾ ਹੈ, ਤਾਂ ਹੀ ਉਹ ਮੁਨਾਫਾ ਕਮਾਉਣ ਦੇ ਯੋਗ ਹੋਣਗੇ।”