ਇੱਕ ਉੱਭਰਦੇ ਹੋਏ ਮੱਖੀ-ਪਾਲਕ ਦੀ ਕਹਾਣੀ, ਜਿਨ੍ਹਾਂ ਨੇ ਸਫ਼ਲਤਾਪੂਰਵਕ ਮੱਖੀ-ਪਾਲਣ ਦਾ ਧੰਦਾ ਕਰਨ ਲਈ ਖੁਦ ਆਪਣਾ ਰਸਤਾ ਬਣਾਇਆ
ਇਹ ਕਿਹਾ ਜਾਂਦਾ ਹੈ ਕਿ ਜਦੋਂ ਤੁਹਾਨੂੰ ਕੁੱਝ ਚੰਗੀ ਪ੍ਰਾਪਤੀ ਦਾ ਮੌਕਾ ਮਿਲਦਾ ਹੈ, ਤਾਂ ਉਸਨੂੰ ਗਵਾਉਣਾ ਨਹੀਂ ਚਾਹੀਦਾ, ਕਿਉਂਕਿ ਉਨ੍ਹਾਂ ਲਈ ਸਭ ਕੁੱਝ ਚੰਗਾ ਹੁੰਦਾ ਹੈ, ਜੋ ਜਾਣਦੇ ਹਨ ਕਿ ਇਹ ਸਭ ਕਿਵੇਂ ਚੰਗਾ ਬਣਾਇਆ ਜਾ ਸਕਦਾ ਹੈ। ਅਜਿਹੇ ਇੱਕ ਵਿਅਕਤੀ ਹਨ ਗੋਬਿੰਦਰ ਸਿੰਘ ਰੰਧਾਵਾ ਉਰਫ਼ ਜੌਂਟੀ ਰੰਧਾਵਾ, ਜਿਨ੍ਹਾਂ ਨੇ ਮੌਕੇ ਨੂੰ ਗਵਾਇਆ ਨਹੀਂ ਅਤੇ ਮਧੂ-ਮੱਖੀ ਪਾਲਣ ਦੇ ਖੇਤਰ ਵਿੱਚ ਸਫ਼ਲਤਾ ਲਈ ਆਪਣਾ ਰਸਤਾ ਖੁਦ ਬਣਾਇਆ।
ਗੋਬਿੰਦਰ ਸਿੰਘ ਰੰਧਾਵਾ ਪਿੰਡ ਲੰਢਾ, ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਹਨ। ਉਨ੍ਹਾਂ ਨੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਜਵਾਨੀ ਵੇਲੇ ਹੀ ਮੱਖੀ-ਪਾਲਣ ਦੇ ਧੰਦੇ ਨੂੰ ਚੁਣਿਆ। ਇਸ ਸਭ ਪਿੱਛੇ ਉਨ੍ਹਾਂ ਦੇ ਪਿੰਡ ਦੇ ਮੁਖੀ ਸ. ਬਲਦੇਵ ਸਿੰਘ ਸੀ, ਜਿਨ੍ਹਾਂ ਨੇ ਜੌਂਟੀ ਜੀ ਦੀ ਪ੍ਰੇਰਣਾ ਸ਼ਕਤੀ ਦੇ ਤੌਰ ‘ਤੇ ਕੰਮ ਕੀਤਾ। ਸ. ਬਲਦੇਵ ਸਿੰਘ ਜੀ ਖੁਦ ਅਗਾਂਹਵਧੂ ਕਿਸਾਨ ਸੀ ਅਤੇ ਮਧੂ-ਮੱਖੀ ਪਾਲਣ ਦੇ ਖੇਤਰ ਵਿੱਚ ਉਨ੍ਹਾਂ ਦਾ ਨਾਮ ਬਹੁਤ ਪ੍ਰਸਿੱਧ ਸੀ।
ਗੋਬਿੰਦਰ ਸਿੰਘ ਜੀ ਨੇ ਆਪਣੇ ਦੋ ਮਿੱਤਰਾਂ ਨਾਲ ਮਿਲ ਕੇ ਪੀ.ਏ.ਯੂ. ਵਿੱਚ 8 ਦਿਨਾਂ ਲਈ ਮੱਖੀ-ਪਾਲਣ ਦੀ ਟ੍ਰੇਨਿੰਗ ਲਈ ਅਤੇ ਉਸਦੇ ਬਾਅਦ ਹੀ ਮੱਖੀ-ਪਾਲਣ ਦਾ ਕੰਮ ਸ਼ੁਰੂ ਕਰ ਦਿੱਤਾ। ਅੱਜ ਉਹ ਸਫ਼ਲ ਮੱਖੀ-ਪਾਲਕ ਹਨ ਅਤੇ ਉਨ੍ਹਾਂ ਨੇ ਆਪਣਾ ਚੰਗਾ ਕਾਰੋਬਾਰ ਸਥਾਪਿਤ ਕਰ ਲਿਆ ਹੈ। ਉਨ੍ਹਾਂ ਨੇ 2003 ਵਿੱਚ 280000 ਰੁਪਏ ਦਾ ਲੋਨ ਲੈ ਕੇ 114 ਬਕਸਿਆਂ ਦੇ ਨਾਲ ਇਹ ਕਾਰੋਬਾਰ ਸ਼ੁਰੂ ਕੀਤਾ ਅਤੇ ਅੱਜ ਉਨ੍ਹਾਂ ਕੋਲ 1000 ਬਕਸੇ ਹਨ। ਉਹ ਮਧੂ-ਮੱਖੀ ਲਈ ਰਸਾਇਣਾਂ ਜਾਂ ਖੁਰਾਕ ਦਾ ਪ੍ਰਯੋਗ ਨਹੀਂ ਕਰਦੇ। ਉਹ ਹਮੇਸ਼ਾ ਸ਼ੱਕਰ ਜਾਂ ਗੁੜ ਪੀਸ ਕੇ ਮਧੂ-ਮੱਖੀਆਂ ਨੂੰ ਕੁਦਰਤੀ ਫੀਡ ਦਿੰਦੇ ਹਨ ਅਤੇ ਕੀਟਾਂ ਦੇ ਹਮਲੇ ਨੂੰ ਰੋਕਣ ਲਈ ਕੁਦਰਤੀ ਤਰੀਕਿਆਂ ਦਾ ਪ੍ਰਯੋਗ ਕਰਦੇ ਹਨ। ਮੁੱਖ ਤੌਰ ‘ਤੇ ਉਹ ਗੇਂਦੇ ਅਤੇ ਸਰੋਂ ਦੇ ਫੁੱਲਾਂ ਤੋਂ ਸ਼ਹਿਦ ਤਿਆਰ ਕਰਦੇ ਹਨ ਅਤੇ ਇਸ ਵੇਲੇ ਉਨ੍ਹਾਂ ਦੀ ਆਮਦਨ ਲਗਭਗ 3 ਕਰੋੜ ਹੈ।
ਆਪਣਾ ਕਾਰੋਬਾਰ ਸਥਾਪਿਤ ਕਰਦੇ ਸਮੇਂ ਉਨ੍ਹਾਂ ਨੇ ਕੁੱਝ ਟੀਚੇ ਰੱਖੇ ਅਤੇ ਇਨ੍ਹਾਂ ਨੂੰ ਇੱਕ-ਇੱਕ ਕਰਕੇ ਪੂਰਾ ਕੀਤਾ, ਫਿਰ ਆਪਣੇ ਉਤਪਾਦਾਂ ਲਈ ਬਜ਼ਾਰ ਵਿੱਚ ਇੱਕ ਚੰਗੀ ਜਗ੍ਹਾ ਬਣਾਈ। ਸ਼ੁਰੂ ਤੋਂ ਹੀ ਉਹ ਆਪਣੇ ਉਤਪਾਦਾਂ ਨੂੰ ਵਿਦੇਸ਼ਾਂ ਵਿੱਚ ਨਿਰਯਾਤ ਕਰਨ ਦੀ ਦਿਲਚਸਪੀ ਰੱਖਦੇ ਹਨ ਅਤੇ ਅਜੇ ਤੱਕ ਉਹ ਖੁਦ ਦੁਆਰਾ ਬਣਾਏ ਗਏ ਮਧੂ-ਮੱਖੀ ਮੋਮ ਦਾ ਨਿਰਯਾਤ ਅਮਰੀਕਾ ਵਿੱਚ ਕਰ ਰਹੇ ਹਨ। ਭਾਰਤ ਵਿੱਚ ਉਹ ਦੋਰਾਹਾ, ਲੁਧਿਆਣਾ ਜੀ.ਟੀ ਰੋਡ ਸ਼ਾੱਪ ‘ਤੇ ਆਪਣਾ ਸ਼ਹਿਦ ਥੋਕ ਵਿੱਚ ਵੇਚਦੇ ਹਨ ਅਤੇ ਇਸ ਨਾਲ ਉਹ ਵਧੀਆ ਮੁਨਾਫਾ ਕਮਾ ਰਹੇ ਹਨ। ਉਹ ਰਾਸ਼ਟਰੀ ਬਾਗਬਾਨੀ ਵਿਭਾਗ ਦੇ ਰਜਿਸਟਰਡ ਸਪਲਾਇਰ ਵੀ ਹਨ ਅਤੇ ਉਨ੍ਹਾਂ ਦੇ ਮਾਧਿਅਮ ਨਾਲ ਉਹ ਆਪਣੇ ਉਤਪਾਦ ਵੇਚਦੇ ਹਨ।
ਮਹਾਨ ਸਖਸ਼ੀਅਤਾਂ ਵਿੱਚੋਂ ਇੱਕ ਡਾ. ਰਮਨਦੀਪ ਸਿੰਘ, ਜਿਨ੍ਹਾਂ ਨੇ ਵੱਟਸਐਪ ਗਰੁੱਪ ਦੇ ਮਾਧਿਅਮ ਨਾਲ ਮੇਲਿਆਂ ਅਤੇ ਸਮਾਰੋਹਾਂ ਦੇ ਬਾਰੇ ਵਿੱਚ ਲੋੜੀਂਦੀ ਜਾਣਕਾਰੀ ਦੇ ਕੇ ਉਨ੍ਹਾਂ ਦੇ ਉਤਪਾਦਾਂ ਦੇ ਮੰਡੀਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ। ਗੋਬਿੰਦਰ ਸਿੰਘ ਨੇ ਮੱਖੀ-ਪਾਲਕਾਂ ਅਤੇ ਕਿਸਾਨਾਂ ਦੀਆਂ ਉਨ੍ਹਾਂ ਸਮੱਸਿਆਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਜਿਨ੍ਹਾਂ ਦਾ ਉਹ ਸਾਹਮਣਾ ਕਰ ਰਹੇ ਹਨ। ਉਨ੍ਹਾਂ ਅਨੁਸਾਰ ਅੱਜ ਦੇ ਸਮੇਂ ਵਿੱਚ ਸਭ ਕੁੱਝ ਆੱਨਲਾਈਨ ਹੀ ਉਪਲੱਬਧ ਹੁੰਦਾ ਹੈ, ਇੱਥੋਂ ਤੱਕ ਕਿ ਗ੍ਰਾਹਕ ਬੁਨਿਆਦੀ ਚੀਜ਼ਾਂ ਦੀ ਖਰੀਦਦਾਰੀ ਵੀ ਆੱਨਲਾਈਨ ਹੀ ਕਰਦੇ ਹਨ। ਇਸ ਲਈ ਉਤਪਾਦਕਾਂ ਨੂੰ ਇੱਕ ਕਦਮ ਅੱਗੇ ਵਧਾ ਕੇ ਆਪਣੇ ਉਤਪਾਦਾਂ ਨੂੰ ਆੱਨਲਾਈਨ ਵੇਚਣਾ ਚਾਹੀਦਾ ਹੈ।
ਇਸ ਵੇਲੇ ਗੋਬਿੰਦਰ ਸਿੰਘ ਜੀ ਆਪਣੇ ਸੰਪੂਰਨ ਪਰਿਵਾਰ (ਮਾਤਾ, ਪਿਤਾ ਅਤੇ ਦੋ ਪੁੱਤਰਾਂ) ਨਾਲ ਆਪਣੇ ਪਿੰਡ ਵਿੱਚ ਰਹਿ ਰਹੇ ਹਨ ਅਤੇ ਆਪਣੇ ਬਿਗ ਬੀ ਐਸੋਸੀਏਸ਼ਨ ਦਾ ਸਮਰਥਨ ਵੀ ਕਰ ਰਹੇ ਹਨ। ਉਹ ਇੱਕ ਸਹਾਇਕ ਵਿਅਕਤੀ ਵੀ ਹਨ ਅਤੇ ਹੋਰ ਉੱਭਰਦੇ ਹੋਏ ਮੱਖੀ-ਪਾਲਕਾਂ ਨੂੰ ਬਕਸੇ ਪ੍ਰਦਾਨ ਕਰਕੇ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਨ੍ਹਾਂ ਦਾ ਲੋੜੀਂਦਾ ਮਾਰਗਦਰਸ਼ਨ ਵੀ ਕਰਦੇ ਹਨ। ਉਹ ਕਿਸਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਲੋਨ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੰਦੇ ਹਨ। ਉਹ ਭਵਿੱਖ ਵਿੱਚ ਸ਼ਹਿਦ ਤੋਂ ਹੋਰ ਉਤਪਾਦ ਜਿਵੇਂ ਕਿ ਬੀ ਵਿਨੋਮ, ਰੋਇਲ ਜੈਲੀ ਅਤੇ ਹਨੀ ਬੀ ਪੋਲਨ ਦੇ ਦਾਣੇ ਤਿਆਰ ਕਰਕੇ ਪੇਸ਼ ਕਰਨਾ ਚਾਹੁੰਦੇ ਹਨ। ਫਿਰ ਇਨ੍ਹਾਂ ਸਭ ਉਤਪਾਦਾਂ ਦਾ ਅੰਤਰ-ਰਾਸ਼ਟਰੀ ਮਾਰਕੀਟ ਵਿੱਚ ਨਿਰਯਾਤ ਕਰਨਾ ਚਾਹੁੰਦੇ ਹਨ, ਜਿਨ੍ਹਾਂ ਦੀ ਉੱਥੇ ਜ਼ਿਆਦਾ ਮੰਗ ਹੈ।
ਕਿਸਾਨਾਂ ਨੂੰ ਸੰਦੇਸ਼
“ਜੋ ਨੌਜਵਾਨ ਅਸਫ਼ਲਤਾ ਦਾ ਸਾਹਮਣਾ ਕਰਨ ਤੋਂ ਬਾਅਦ ਆਤਮ-ਹੱਤਿਆ ਕਰ ਲੈਂਦੇ ਹਨ, ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਆਪਣੀ ਸਮਰੱਥਾ ਨੂੰ ਪਹਿਚਾਣਨਾ ਸ਼ੁਰੂ ਕਰਨਾ ਚਾਹੀਦਾ ਹੈ, ਕਿਉਂਕਿ ਜੇਕਰ ਕਿਸੇ ਵਿਅਕਤੀ ‘ਚ ਕੁੱਝ ਕਰਨ ਦੀ ਇੱਛਾ ਹੁੰਦੀ ਹੈ, ਤਾਂ ਉਹ ਉਸਨੂੰ ਹਾਸਲ ਕਰ ਸਕਦਾ ਹੈ ਅਤੇ ਆਪਣੇ ਜੀਵਨ ਵਿੱਚ ਕਿਸੇ ਵੀ ਪੱਧਰ ‘ਤੇ ਬੜੀ ਆਸਾਨੀ ਨਾਲ ਪਹੁੰਚ ਸਕਦਾ ਹੈ। ਆਤਮ-ਹੱਤਿਆ ਕਰਨਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ।”