ਕੁਦਰਤੀ ਖੇਤੀ ਰਾਹੀਂ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਵਿੱਚ ਇਹ ਅਗਾਂਹਵਧੂ ਕਿਸਾਨ ਪਾ ਰਿਹਾ ਯੋਗਦਾਨ
ਖੇਤੀ, ਕੁਦਰਤ ਵੱਲੋਂ ਮਿਲਿਆ ਪੂਰੇ ਸੰਸਾਰ ਨੂੰ ਅਜਿਹਾ ਇੱਕ ਤੋਹਫ਼ਾ ਹੈ, ਜਿਸ ਨਾਲ ਹੀ ਪੂਰੇ ਸੰਸਾਰ ਦਾ ਵਜੂਦ ਹੈ। ਜੇਕਰ ਕੋਈ ਕਿਸਾਨ ਖੇਤੀ ਕਰਨਾ ਛੱਡ ਦੇਵੇ ਤਾਂ ਭੁੱਖਮਰੀ ਦਾ ਸੰਕਟ ਪੈਦਾ ਹੋ ਜਾਵੇਗਾ ਜਿਵੇਂ ਕਿ ਖਾਣ ਲਈ ਖਾਣਾ, ਪਹਿਨਣ ਲਈ ਕੱਪੜੇ ਆਦਿ। ਇਹ ਸਭ ਕੁੱਝ ਮਿੱਟੀ ਵਿੱਚੋਂ ਇੱਕ ਕਿਸਾਨ ਦੁਆਰਾ ਹੀ ਉਗਾਇਆ ਜਾਂਦਾ ਹੈ। ਪਰ ਅੱਜ-ਕੱਲ੍ਹ ਕੁੱਝ ਕਿਸਾਨ ਫਸਲ ਦੀ ਪੈਦਾਵਾਰ ਵਧਾਉਣ ਦੇ ਚੱਕਰ ਵਿੱਚ ਰਸਾਇਣਿਕ ਖਾਦਾਂ ਦੀ ਵਰਤੋਂ ਵਧੇਰੇ ਮਾਤਰਾ ਵਿੱਚ ਕਰ ਰਹੇ ਹਨ। ਜਿਸ ਨਾਲ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਧਰਤੀ ਵਿੱਚੋਂ ਖ਼ਤਮ ਹੋਣ ਦੇ ਨਾਲ ਬਿਮਾਰੀਆਂ ਵਿੱਚ ਵੀ ਵਾਧਾ ਹੋ ਰਿਹਾ ਹੈ।
ਖੇਤੀ ਕਰ ਰਹੇ ਕਿਸਾਨਾਂ ਵਿੱਚੋਂ ਕੁੱਝ ਕਿਸਾਨ ਅਜਿਹੇ ਵੀ ਹਨ, ਜਿਹੜੇ ਧਰਤੀ ਮਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕੁਦਰਤ ਦੀ ਹੋਂਦ ਨੂੰ ਬਚਾਈ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਇੱਕ ਅਜਿਹਾ ਹੀ ਕਿਸਾਨ ਅੰਮ੍ਰਿਤ ਸਿੰਘ ਜੋ ਪਿੰਡ ਵਾਹਿਗੁਰੂਪੁਰਾ ਜ਼ਿਲ੍ਹਾ ਬਰਨਾਲਾ ਦੇ ਰਹਿਣ ਵਾਲੇ ਹਨ। ਉਹ ਪਹਿਲਾਂ ਰਸਾਇਣਿਕ ਖੇਤੀ ਕਰਦੇ ਸਨ ਪਰ ਘਰ ਵਿੱਚ ਇੱਕ ਅਜਿਹੀ ਘਟਨਾ ਹੋਈ ਜਿਸ ਨਾਲ ਪੂਰੇ ਪਰਿਵਾਰ ਨੂੰ ਧੱਕਾ ਲੱਗਿਆ। ਫਿਰ ਅੰਮ੍ਰਿਤ ਨੇ ਰਸਾਇਣਿਕ ਖਾਦਾਂ ਨੂੰ ਛੱਡ ਕੇ ਕੁਦਰਤੀ ਖੇਤੀ ਕਰਨ ਦਾ ਟੀਚਾ ਮਿੱਥਿਆ। ਬੇਸ਼ੱਕ ਪੈਦਾਵਾਰ ਘੱਟ ਹੋਵੇ ਪਰ ਕੁਦਰਤੀ ਖੇਤੀ ਜ਼ਰੂਰ ਕਰਾਂਗਾ।
ਸਾਲ 2011 ਵਿੱਚ ਜਦੋਂ ਅੰਮ੍ਰਿਤ ਪ੍ਰਾਈਵੇਟ ਨੌਕਰੀ ਕਰਨ ਦੇ ਨਾਲ-ਨਾਲ ਖੇਤੀਬਾੜੀ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਸਨ, ਪਰ ਉਸ ਦੌਰਾਨ ਉਨ੍ਹਾਂ ਦਾ ਕੁਦਰਤੀ ਖੇਤੀ ਕਰਨ ਦਾ ਕੋਈ ਇਰਾਦਾ ਵੀ ਨਹੀਂ ਸੀ। ਇੱਕ ਅਜਿਹਾ ਸਮਾਂ ਆਇਆ ਜਦੋਂ ਉਨ੍ਹਾਂ ਦੇ ਪਿਤਾ ਜੀ ਨੂੰ ਸਿਹਤ ਵਿਗੜਨ ਕਰਕੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦਵਾਈਆਂ ਦਾ ਸੇਵਨ ਕਰਨਾ ਪਿਆ। ਬਹੁਤਾ ਇਲਾਜ ਕਰਵਾਉਣ ਤੋਂ ਬਾਅਦ ਜਦੋਂ ਪਿਤਾ ਜੀ ਦੀ ਸਿਹਤ ਵਿੱਚ ਫਰਕ ਪਿਆ, ਤਾਂ ਅੰਮ੍ਰਿਤ ਬਿਮਾਰ ਹੋਣ ਦਾ ਕਾਰਨ ਪੁੱਛਣ ਦੇ ਲਈ ਡਾਕਟਰ ਕੋਲ ਗਏ।
ਅੰਮ੍ਰਿਤ ਵੱਲੋਂ ਸਵਾਲ ਪੁੱਛਣ ਦੇ ਦੌਰਾਨ ਡਾਕਟਰ ਨੇ ਦੱਸਿਆ ਕਿ ਅਸੀਂ ਫਸਲਾਂ ਵਿੱਚ ਜਿਹਨਾਂ ਖਾਦਾਂ ਦਾ ਇਸਤੇਮਾਲ ਕਰਦੇ ਹਨ, ਉਹ ਸਾਡੇ ਸਿਹਤ ਲਈ ਨੁਕਸਾਨਦਾਇਕ ਹਨ।
ਰਸਾਇਣਿਕ ਖਾਦਾਂ ਦੀ ਅਸਲੀਅਤ ਜਾਣ ਕੇ ਅੰਮ੍ਰਿਤ ਦੰਗ ਰਹਿ ਗਿਆ ਕਿ ਅਸੀਂ ਫਸਲਾਂ ਨਹੀਂ ਸਗੋਂ ਜ਼ਹਿਰ ਉਗਾ ਰਹੇ ਹਨ। ਘਰ ਆ ਕੇ ਉਸਨੇ ਪਿਤਾ ਜੀ ਨਾਲ ਸਲਾਹ ਕਰਨ ਤੋਂ ਬਾਅਦ ਕੁਦਰਤੀ ਖੇਤੀ ਕਰਨ ਦਾ ਫੈਸਲਾ ਕੀਤਾ।
ਉਸ ਦੌਰਾਨ ਅੰਮ੍ਰਿਤ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਪੂਰਾ ਧਿਆਨ ਖੇਤੀ ਵੱਲ ਹੀ ਲਗਾ ਦਿੱਤਾ। ਬੇਸ਼ੱਕ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਹਰ ਰੋਜ਼ ਨਵੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਸ ਦੇ ਨਾਲ ਰਵਾਇਤੀ ਫਸਲੀ ਚੱਕਰ ਵਿੱਚੋਂ ਨਿਕਲ ਕੇ ਸਬਜ਼ੀਆਂ ਦੀ ਕਾਸ਼ਤ ਕਰਨੀ ਵੀ ਸ਼ੁਰੂ ਕੀਤੀ ਅਤੇ ਕੁਦਰਤੀ ਖੇਤੀ ਕਰਨ ਦੇ ਤਰੀਕਿਆਂ ਬਾਰੇ ਰਿਸਰਚ ਕਰਨ ਲੱਗੇ। ਜਿਵੇਂ-ਜਿਵੇਂ ਕੁਦਰਤੀ ਖੇਤੀ ਦੇ ਤਰੀਕਿਆਂ ਬਾਰੇ ਪਤਾ ਲੱਗਦਾ ਗਿਆ, ਉਸ ਤਰ੍ਹਾਂ ਹੀ ਉਹ ਉਸਦਾ ਪ੍ਰਯੋਗ ਆਪਣੇ ਖੇਤਾਂ ਵਿੱਚ ਆ ਕੇ ਕਰਦੇ।
ਥੋੜ੍ਹੇ ਸਮੇਂ ਬਾਅਦ ਸਾਲ 2013 ਵਿੱਚ ਵਰਮੀ ਕੰਪੋਸਟ ਦੇ ਬੈੱਡ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ। ਲਗਾਤਾਰ 2 ਸਾਲ ਕੰਮ ਕਰਨ ਤੋਂ ਬਾਅਦ ਵੀ ਅੰਮ੍ਰਿਤ ਨੂੰ ਕੋਈ ਮੁਨਾਫ਼ਾ ਨਹੀਂ ਹੋਇਆ, ਜਿਸ ਦਾ ਮੁੱਖ ਕਾਰਨ ਰਸਾਇਣਿਕ ਤਰੀਕੇ ਨਾਲ ਕੀਤੀ ਖੇਤੀ ਨੇ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਖਤਮ ਹੀ ਕਰ ਦਿੱਤਾ ਸੀ। ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਨੂੰ ਮੁੜ ਤੋਂ ਸੁਰਜੀਤ ਕਰਨਾ ਅੰਮ੍ਰਿਤ ਲਈ ਬਹੁਤ ਹੀ ਵੱਡੀ ਗੱਲ ਸੀ, ਪਰ ਉਨ੍ਹਾਂ ਨੇ ਹਾਰ ਨਾ ਮੰਨਜ਼ੂਰ ਕੀਤੀ। ਸਾਲ 2016 ਵਿੱਚ ਅੰਮ੍ਰਿਤ ਮਿੱਟੀ ਦੀ ਕੁਦਰਤੀ ਉਪਜਾਊ ਸ਼ਕਤੀ ਦੀ ਹੋਂਦ ਨੂੰ ਬਚਾਉਣ ਵਿੱਚ ਸਫਲ ਹੋ ਗਏ।
ਅੰਮ੍ਰਿਤ ਨੇ ਉਹਨਾਂ ਫਸਲਾਂ ਦੀ ਵੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਜਿਹਨਾਂ ਦਾ ਇਸਤੇਮਾਲ ਰੋਜ਼ਾਨਾ ਘਰ ਵਿੱਚ ਜਿਵੇਂ ਮਿਰਚ, ਮੇਥੇ, ਮਸਾਲੇ ਆਦਿ ਖਾਣਾ ਬਣਾਉਣ ਦੇ ਲਈ ਕੀਤਾ ਜਾਂਦਾ ਹੈ। ਜਦੋਂ ਫਸਲ ਪੱਕ ਕੇ ਤਿਆਰ ਹੋਈ, ਤਾਂ ਖੁਦ ਪ੍ਰੋਸੈਸਿੰਗ ਕਰਕੇ ਮਾਰਕੀਟਿੰਗ ਕਰਨ ਲਈ ਦੋਸਤਾਂ ਅਤੇ ਰਿਸ਼ਤੇਦਾਰਾਂ ਵਿੱਚ ਕੁਦਰਤੀ ਖੇਤੀ ਦੀ ਅਹਿਮੀਅਤ ਬਾਰੇ ਸਮਝਾਉਣ ਲੱਗੇ। ਜਿਸ ਨਾਲ ਤਿਆਰ ਕੀਤੇ ਹੋਏ ਉਤਪਾਦਾਂ ਦੀ ਵਿਕਰੀ ਹੋ ਸਕੇ।
ਜਦੋਂ ਅੰਮ੍ਰਿਤ ਜੀ ਦੇ ਬਣਾਏ ਉਤਪਾਦ ਉਨ੍ਹਾਂ ਦੇ ਦੋਸਤ ਅਤੇ ਰਿਸ਼ਤੇਦਾਰ ਪ੍ਰਯੋਗ ਕਰਨ ਲੱਗੇ, ਤਾਂ ਉਨ੍ਹਾਂ ਦੀ ਕਮਾਈ ਵਿੱਚ ਹੌਲੀ-ਹੌਲੀ ਵਾਧਾ ਹੋਣ ਲੱਗਿਆ। ਅੰਮ੍ਰਿਤ ਨੂੰ ਇਹ ਦੇਖ ਕੇ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੋਇਆ ਜਦੋਂ ਉਨ੍ਹਾਂ ਦੇ ਉਤਪਾਦਾਂ ਦੀ ਮਾਰਕੀਟ ਵਿੱਚ ਮੰਗ ਵਧਣੀ ਸ਼ੁਰੂ ਹੋਈ।
ਫਿਰ ਅੰਮ੍ਰਿਤ ਨੇ ਆਪਣੇ ਇਸ ਕੰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨ ਬਾਰੇ ਸੋਚਿਆ, ਜਿਸ ਦੀ ਸ਼ੁਰੂਆਤ ਸਬਜ਼ੀਆਂ, ਗੰਨੇ, ਬਾਸਮਤੀ ਆਦਿ ਹੋਰਨਾਂ ਫਸਲਾਂ ਨਾਲ ਕੀਤੀ ਜੋ ਜੈਵਿਕ ਤਰੀਕੇ ਨਾਲ ਉਗਾਈਆਂ ਜਾਂਦੀਆਂ ਹਨ। ਅੰਮ੍ਰਿਤ ਨੇ ਇਹ ਸਾਬਿਤ ਕਰ ਦਿੱਤਾ ਕਿ ਖੇਤੀ ਬਿਨਾਂ ਰਸਾਇਣਿਕ ਛਿੜਕਾਅ ਤੋਂ ਵੀ ਕੀਤੀ ਜਾ ਸਕਦੀ ਹੈ।
ਅੱਜ ਉਹ ਸਬਜ਼ੀਆਂ ਦੇ ਬੀਜ, ਪਨੀਰੀ, ਜੈਵਿਕ ਖਾਦ ਅਤੇ ਤਿਆਰ ਕੀਤੇ ਹੋਏ ਉਤਪਾਦਾਂ ਦੀ ਮਾਰਕੀਟਿੰਗ ਕਰਨ ਦੇ ਨਾਲ ਬਹੁਤ ਸਾਰੇ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੂਕ ਕਰ ਰਹੇ ਹਨ।
ਸਨਮਾਨ ਚਿੰਨ੍ਹ
- 2018 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਮੁੱਖ ਮਹਿਮਾਨ ਵਜੋਂ ਸਨਮਾਨਿਤ ਕੀਤਾ।
- 2019 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ‘ਤੇ ਸਕਾਊਟ(Scout) ਦੇ ਤੌਰ ‘ਤੇ ਸਨਮਾਨਿਤ ਕੀਤਾ।
- ਨਾਭਾ ਫਾਉਂਡੇਸ਼ਨ ਵੱਲੋਂ ਕਿਸਾਨਾਂ ਨੂੰ ਕੁਦਰਤੀ ਖੇਤੀ ਪ੍ਰਤੀ ਜਾਗਰੂਕ ਕਰਨ ਸੰਬੰਧੀ ਟਿਕਾਊ ਖੇਤੀ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ।
- 2019 ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸੰਗਰੂਰ ਵਿੱਚ ਜ਼ਿਲ੍ਹਾ ਪੱਧਰ ਵੱਲੋਂ ਕਰਵਾਏ ਕਿਸਾਨ ਸਿਖਲਾਈ ਕੈਂਪ ਵਿੱਚ ਸਨਮਾਨਿਤ ਕੀਤਾ।
- 2019-20 ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਰਨਾਲਾ ਵੱਲੋਂ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਵਿੱਚ ਸਨਮਾਨਿਤ ਕੀਤਾ।
- 2021 ਵਿੱਚ ਖੇਤੀ ਵਿਰਾਸਤ ਮਿਸ਼ਨ ਵੱਲੋਂ ਕੁਦਰਤੀ ਪੱਖੀ ਢੰਗਾਂ ਨਾਲ ਪਰਾਲੀ ਦੀ ਸਾਂਭ-ਸੰਭਾਲ ਲਈ ਸਨਮਾਨ ਪੱਤਰ ਪ੍ਰਾਪਤ ਕੀਤਾ।
ਅਵਾਰਡ
- 2020 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਕਿਸਾਨ ਮੇਲੇ ਦੌਰਾਨ ਫਸਲੀ ਵਿਭਿੰਨਤਾ ਵਿਸ਼ੇ ਉੱਤੇ ਅਗਾਂਹਵਧੂ ਕਿਸਾਨ ਪੁਰਸਕਾਰ ਪ੍ਰਾਪਤ ਕੀਤਾ।
ਭਵਿੱਖ ਦੀ ਯੋਜਨਾ
ਉਹ ਭਵਿੱਖ ਵਿੱਚ ਇੱਕ ਕਿਸਾਨ ਹੱਟ ਖੋਲ ਕੇ ਖੁਦ ਹੀ ਮਾਰਕੀਟਿੰਗ ਕਰਨਾ ਚਾਹੁੰਦੇ ਹਨ।
ਸੰਦੇਸ਼
ਅਜਿਹੀ ਖੇਤੀ ਕਰਨੀ ਚਾਹੀਦੀ ਹੈ ਜਿਸ ਨਾਲ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ ਅਤੇ ਬਿਮਾਰੀਆਂ ਨੂੰ ਵੀ ਵਧਣ ਤੋਂ ਰੋਕਿਆ ਜਾ ਸਕੇ। ਇਸ ਲਈ ਕੁਦਰਤੀ ਖੇਤੀ ਨੂੰ ਹੀ ਪਹਿਲ ਦੇਣੀ ਚਾਹੀਦੀ ਹੈ।