ਹਰਨਾਮ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਇਨਸਾਨ ਦੀ ਕਹਾਣੀ, ਜਿਸ ਨੇ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਰਹਿ ਕੇ ਆਪਣੀ ਮਾਤ-ਭੂਮੀ ਲਈ ਕੁੱਝ ਕਰਨ ਦਾ ਫੈਸਲਾ ਕੀਤਾ

ਪੰਜਾਬ ਦੇ ਨੌਜਵਾਨ ਵਿਦੇਸ਼ੀ ਸੱਭਿਆਚਾਰ ਨੂੰ ਇੰਨਾ ਅਪਨਾਉਣ ਲੱਗੇ ਹਨ ਕਿ ਵਿਦੇਸ਼ ਜਾਣਾ ਸਮਾਜ ਵਿੱਚ ਇੱਕ ਰੁਝਾਨ ਬਣ ਚੁੱਕਾ ਹੈ। ਆਪਣੀ ਮਾਤ-ਭੂਮੀ ‘ਤੇ ਬਹੁਤ ਸਾਰੇ ਵਸੀਲੇ ਹੋਣ ਦੇ ਬਾਵਜੂਦ ਵੀ ਅੱਜ ਦੇ ਨੌਜਵਾਨਾਂ ਵਿੱਚ ਵਿਦੇਸ਼ਾਂ ਪ੍ਰਤੀ ਖਿੱਚ ਹੈ ਅਤੇ ਉਹ ਵਿਦੇਸ਼ ਵਿੱਚ ਜਾਣਾ ਅਤੇ ਵਸਣਾ ਚੰਗਾ ਸਮਝਦੇ ਹਨ। ਪੰਜਾਬ ਦੇ ਵਧੇਰੇ ਲੋਕਾਂ ਲਈ ਵਿਦੇਸ਼ਾਂ ਵਿੱਚ ਜਾ ਕੇ ਰਹਿਣਾ ਇੱਕ ਪਹਿਚਾਣ-ਪੱਤਰ ਦੀ ਤਰ੍ਹਾਂ ਬਣ ਗਿਆ ਹੈ, ਜਦਕਿ ਉਨ੍ਹਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹ ਕਿਸ ਮਕਸਦ ਨਾਲ ਜਾ ਰਹੇ ਹਨ। ਵਿਦੇਸ਼ਾਂ ਵਿੱਚ ਜਾ ਕੇ ਪੈਸਾ ਕਮਾਉਣਾ ਆਸਾਨ ਹੈ, ਪਰ ਇੰਨਾ ਵੀ ਨਹੀਂ।

ਇਸੇ ਸੁਪਨੇ ਨਾਲ ਲੁਧਿਆਣੇ ਦੇ ਇੱਕ ਨੌਜਵਾਨ, ਹਰਨਾਮ ਸਿੰਘ ਵੀ ਆਪਣੇ ਹੋਰਨਾਂ ਮਿੱਤਰਾਂ ਵਾਂਗ ਕਨੇਡਾ ਜਾਣ ਦੀ ਯੋਜਨਾ ਬਣਾ ਰਹੇ ਸਨ, ਪਰ ਫਿਰ ਉਨ੍ਹਾਂ ਨੇ ਆਪਣਾ ਇਹ ਵਿਚਾਰ ਅੱਧ-ਵਿਚਕਾਰ ਹੀ ਛੱਡ ਦਿੱਤਾ। ਮਿੱਤਰਾਂ ਨਾਲ ਗੱਲ-ਬਾਤ ਕਰਨ ਤੋਂ ਬਾਅਦ ਪਤਾ ਲੱਗਾ ਕਿ ਵਿਦੇਸ਼ ਵਿੱਚ ਰਹਿਣਾ ਆਸਾਨ ਨਹੀਂ, ਤੁਹਾਨੂੰ ਦਿਨ-ਰਾਤ ਕੰਮ ਕਰਨਾ ਪੈਂਦਾ ਹੈ। ਜੇਕਰ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਪਵੇਗਾ। ਆਪਣੇ ਮਿੱਤਰਾਂ ਦਾ ਅਨੁਭਵ ਜਾਣਨ ਤੋਂ ਬਾਅਦ ਉਨ੍ਹਾਂ ਨੇ ਸੋਚਿਆ ਕਿ ਵਿਦੇਸ਼ ਜਾਣ ਦੇ ਬਾਅਦ ਵੀ ਜੇਕਰ ਉਨ੍ਹਾਂ ਨੂੰ ਆਸਾਨ ਜੀਵਨ ਜਿਊਣ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇ ਤਾਂ ਆਪਣੇ ਦੇਸ਼ ਵਿੱਚ ਪਰਿਵਾਰ ਦੇ ਨਾਲ ਰਹਿਣਾ ਅਤੇ ਕੰਮ ਕਰਨਾ ਜ਼ਿਆਦਾ ਬਿਹਤਰ ਹੈ। ਉਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖਣ ਦਾ ਫੈਸਲਾ ਕੀਤਾ ਅਤੇ ਖੇਤੀ ਵਿੱਚ ਆਪਣੇ ਪਿਤਾ ਦੀ ਮਦਦ ਕਰਨੀ ਸ਼ੁਰੂ ਕੀਤੀ।

ਉਸ ਫੈਸਲੇ ਦੇ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਨਾ ਹੀ ਕਿਸੇ ਹੋਰ ਵਿਚਾਰ ਨੂੰ ਆਪਣੇ ਦਿਮਾਗ ਵਿੱਚ ਆਉਣ ਦਿੱਤਾ। ਅੱਜ ਹਰਨਾਮ ਸਿੰਘ ਜੀ ਨਾਮਧਾਰੀ ਸਟ੍ਰਾਬੇਰੀ ਫਾਰਮ ਦੇ ਮਾਲਕ ਹਨ, ਜੋ ਕਿ ਉਨ੍ਹਾਂ ਦੇ ਮੂਲ-ਸਥਾਨ ‘ਤੇ 3.5 ਏਕੜ ਵਿੱਚ ਫੈਲਿਆ ਹੈ। ਉਹ ਇਸ ਫਾਰਮ ਤੋਂ ਲੱਖਾਂ ਰੁਪਏ ਦਾ ਮੁਨਾਫਾ ਲੈ ਰਹੇ ਹਨ। ਇਹ ਸਭ 2011 ਵਿੱਚ ਸ਼ੁਰੂ ਹੋਇਆ, ਜਦੋਂ ਉਨ੍ਹਾਂ ਦੇ ਪਿਤਾ ਮਸ਼ਰੂਮ ਦੀ ਖੇਤੀ ਦੀ ਟ੍ਰੇਨਿੰਗ ਲਈ ਪੀ.ਏ.ਯੂ ਗਏ ਅਤੇ ਵਾਪਿਸ ਆਉਣ ਤੋਂ ਬਾਅਦ ਉਨ੍ਹਾਂ ਨੇ ਘਰੇਲੂ ਬਗੀਚੀ ਲਈ ਸਟ੍ਰਾਬੇਰੀ ਦੇ 6 ਛੋਟੇ ਪੌਦੇ ਲਗਾਏ ਅਤੇ ਉਦੋਂ ਹਰਨਾਮ ਸਿੰਘ ਦੇ ਮਨ ਵਿੱਚ ਸਟ੍ਰਾਬੇਰੀ ਕਰਨ ਦਾ ਵਿਚਾਰ ਆਇਆ। ਹੌਲੀ-ਹੌਲੀ ਸਮੇਂ ਦੇ ਨਾਲ ਪੌਦੇ 6 ਤੋਂ 20, 20 ਤੋਂ 50, 50 ਤੋਂ 100, 100 ਤੋਂ 1000 ਅਤੇ 1000 ਤੋਂ ਲੱਖਾਂ ਬਣ ਗਏ। ਅੱਜ ਉਨ੍ਹਾਂ ਦੇ ਖੇਤ ਵਿੱਚ 1 ਲੱਖ ਦੇ ਕਰੀਬ ਸਟ੍ਰਾਬੇਰੀ ਦੇ ਪੌਦੇ ਹਨ।

ਸਟ੍ਰਾਬੇਰੀ ਦੇ ਪੌਦਿਆਂ ਦੀ ਸੰਖਿਆ ਨੂੰ ਬਣਾਈ ਰੱਖਣ ਲਈ ਉਨ੍ਹਾਂ ਨੇ ਸ਼ਿਮਲੇ ਵਿੱਚ 1 ਖੇਤਰ ਕਿਰਾਏ ‘ਤੇ ਲੈ ਕੇ ਸਟ੍ਰਾਬੇਰੀ ਦੀ ਖੇਤੀ ਸ਼ੁਰੂ ਕੀਤੀ। ਜ਼ਿਆਦਾਤਰ ਉਹ ਆਪਣੇ ਖੇਤ ਵਿੱਚ ਰਸਾਇਣਾਂ ਅਤੇ ਖਾਦਾਂ ਦਾ ਪ੍ਰਯੋਗ ਨਹੀਂ ਕਰਦੇ ਅਤੇ ਕੁਦਰਤੀ ਢੰਗ ਨਾਲ ਖੇਤੀ ਕਰਨਾ ਪਸੰਦ ਕਰਦੇ ਹਨ। ਸਟ੍ਰਾਬੇਰੀ ਦੀ ਪੈਕਿੰਗ ਲਈ ਉਹ ਮਸ਼ੀਨ ਦੀ ਵਰਤੋਂ ਕਰਦੇ ਹਨ ਅਤੇ ਬਾਕੀ ਦਾ ਕੰਮ ਮਜ਼ਦੂਰਾਂ(20-30) ਦੁਆਰਾ ਕੀਤਾ ਜਾਂਦਾ ਹੈ, ਜੋ ਜ਼ਿਆਦਾਤਰ ਸਟ੍ਰਾਬੇਰੀ ਦੇ ਮੌਸਮ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦਾ ਸਟ੍ਰਾਬੇਰੀ ਦਾ ਸਲਾਨਾ ਉਤਪਾਦਨ ਬਹੁਤ ਹੈ, ਜਿਸ ਕਾਰਨ ਹਰਨਾਮ ਜੀ ਨੂੰ ਖੁਦ ਪੈਦਾਵਾਰ ਵੀ ਵੇਚਣੀ ਪੈਂਦੀ ਹੈ ਅਤੇ ਬਾਕੀ ਦੀ ਉਪਜ ਉਹ ਵੱਡੇ ਸ਼ਹਿਰਾਂ ਦੀਆਂ ਦੁਕਾਨਾਂ ਅਤੇ ਸਬਜ਼ੀ ਮੰਡੀਆਂ ਵਿੱਚ ਵੇਚਦੇ ਹਨ।

ਇਸ ਵਿੱਚ ਹਰਨਾਮ ਨੇ ਆਪਣੀ ਪੜ੍ਹਾਈ ਨੂੰ ਕਦੇ ਨਹੀਂ ਰੋਕਿਆ ਅਤੇ ਅੱਜ ਉਨ੍ਹਾਂ ਦੀਆਂ ਡਿਗਰੀਆਂ ਦੀ ਸੂਚੀ ਕਾਫੀ ਚੰਗੀ ਹੈ। ਉਨ੍ਹਾਂ ਨੇ ਆਰਟਸ ਵਿੱਚ ਗ੍ਰੈਜੂਏਸ਼ਨ ਅਤੇ ਸਾਫਟਵੇਅਰ ਇੰਜੀਨੀਅਰਿੰਗ ਵਿੱਚ ਡਿਪਲੋਮਾ ਕੀਤਾ ਅਤੇ ਇਸ ਵੇਲੇ ਉਹ ਬੀ.ਐੱਸ.ਸੀ ਐਗਰੀਕਲਚਰ ਵਿੱਚ ਡਿਪਲੋਮਾ ਕਰ ਰਹੇ ਹਨ। ਉਹ ਕਿਸਾਨਾਂ ਤੋਂ ਬਿਨ੍ਹਾਂ ਕੋਈ ਫੀਸ ਲਏ ਸਟ੍ਰਾਬੇਰੀ ਦੀ ਖੇਤੀ ਬਾਰੇ ਟ੍ਰੇਨਿੰਗ ਅਤੇ ਸਲਾਹ ਦਿੰਦੇ ਹਨ।

ਇਸ ਵੇਲੇ ਹਰਨਾਮ ਸਿੰਘ ਆਪਣੀ ਛੋਟੀ ਅਤੇ ਖੁਸ਼ਹਾਲ ਫੈਮਿਲੀ(ਪਿਤਾ, ਪਤਨੀ, ਇੱਕ ਧੀ ਅਤੇ ਇੱਕ ਪੁੱਤਰ) ਦੇ ਨਾਲ ਲੁਧਿਆਣਾ ਵਿੱਚ ਰਹਿ ਰਹੇ ਹਨ। ਉਹ ਭਵਿੱਖ ਵਿੱਚ ਸਟ੍ਰਾਬੇਰੀ ਦੀ ਖੇਤੀ ਨੂੰ ਹੋਰ ਫੈਲਾਉਣ ਅਤੇ ਕਿਸਾਨਾਂ ਨੂੰ ਇਸਦੀ ਖੇਤੀ ਬਾਰੇ ਜਾਗਰੂਕ ਕਰਨ ਦੀ ਯੋਜਨਾ ਬਣਾ ਰਹੇ ਹਨ।


ਹਰਨਾਮ ਸਿੰਘ ਦੁਆਰਾ ਦਿੱਤਾ ਗਿਆ ਸੰਦੇਸ਼
“ਹਰਨਾਮ ਇੱਕ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਜਿਵੇਂ ਉਨ੍ਹਾਂ ਨੇ ਖੁਦ ਦੇ ਜੀਵਨ ਵਿੱਚ ਅਨੁਭਵ ਕੀਤਾ ਹੈ ਕਿ ਜੇਕਰ ਤੁਹਾਡੇ ਕੋਲ ਕਾਫੀ ਵਸੀਲੇ ਹਨ ਤਾਂ ਹੋਰ ਵਸੀਲੇ ਲੱਭਣ ਦੀ ਬਜਾਏ ਉਨ੍ਹਾਂ ਨੂੰ ਹੀ ਕੁਸ਼ਲਤਾ ਨਾਲ ਵਰਤੋ। ਪੰਜਾਬ ਦੇ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਬਜਾਏ ਆਪਣੀ ਮਾਤ-ਭੂਮੀ ‘ਤੇ ਹੀ ਯੋਗਦਾਨ ਦੇਣਾ ਚਾਹੀਦਾ ਹੈ, ਕਿਉਂਕਿ ਇੱਥੇ ਰਹਿ ਕੇ ਵੀ ਉਹ ਚੰਗਾ ਮੁਨਾਫਾ ਲੈ ਸਕਦੇ ਹਨ।”