ਅਮਰਜੀਤ ਸਿੰਘ ਭੰਗੂ ਅਤੇ ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਅਜਿਹੇ ਦੋ ਭਰਾਵਾਂ ਦੀ ਕਹਾਣੀ ਜਿਨ੍ਹਾਂ ਨੇ ਕੁਦਰਤ ਵੱਲੋਂ ਮਿਲੇ ਤੋਹਫੇ ਨੂੰ ਭਾਰ ਵਜੋਂ ਨਹੀਂ ਸਗੋਂ ਉਪਹਾਰ ਵਾਂਗੂ ਸਵੀਕਾਰ ਕੀਤਾ-ਭੰਗੂ ਕੁਦਰਤੀ ਫਾਰਮ

ਜੇਕਰ ਇਨਸਾਨ ਨੂੰ ਖੁਦ ‘ਤੇ ਅਤੇ ਪਰਮਾਤਮਾ ‘ਤੇ ਭਰੋਸਾ ਹੈ ਤਾਂ ਇਨਸਾਨ ਉਹ ਹਰ ਇੱਕ ਅਸੰਭਵ ਦਿਖਣ ਵਾਲੇ ਕੰਮ ਨੂੰ ਸੰਭਵ ਕਰ ਸਕਦਾ ਹੈ। ਬਸ ਉਸਦੇ ਮਨ ਵਿੱਚ ਕੁਝ ਅਜਿਹਾ ਕਰਨ ਦਾ ਇਰਾਦਾ ਹੋਣਾ ਚਾਹੀਦਾ ਹੈ, ਜੋ ਉਸਨੂੰ ਹਰ ਸਮੇਂ ਕੋਈ ਵੀ ਕੰਮ ਕਰਨ ਵਕ਼ਤ ਯਾਦ ਰਹੇ। ਕਿਉਂਕਿ ਜੇਕਰ ਉਹ ਕਦੇ ਵੀ ਕੋਈ ਕੰਮ ਕਰਦੇ-ਕਰਦੇ ਡੋਲ ਜਾਵੇ ਤਾਂ ਉਸਦਾ ਦ੍ਰਿੜ ਇਰਾਦਾ ਉਸ ਨੂੰ ਜ਼ੋਰ ਪਾ ਕੇ ਬੋਲੇ ਨਹੀਂ ਤੂੰ ਜਿੱਤਣਾ ਹੈ ਨਾ ਕਿ ਤੂੰ ਹਾਰਨ ਆਇਆ ਹੈ। ਇਸ ਇਰਾਦੇ ਨੂੰ ਸਾਹਮਣੇ ਰੱਖਦੇ ਹੋਏ ਉਹ ਅਸੰਭਵ ਕੰਮ ਨੂੰ ਸੰਭਵ ਕਰ ਜਾਂਦਾ ਹੈ।

ਇਸ ਸਟੋਰੀ ਦੇ ਰਾਹੀਂ ਗੱਲ ਕਰਾਂਗੇ ਅਜਿਹੇ ਦੋ ਭਰਾ ਅਮਰਜੀਤ ਸਿੰਘ ਭੰਗੂ ਅਤੇ ਕਰਮਜੀਤ ਸਿੰਘ ਭੰਗੂ ਦੀ, ਜੋ ਪਿੰਡ ਚਾਹੜਕੇ ਭੋਗਪੁਰ, ਜਲੰਧਰ ਜਿਨ੍ਹਾਂ ਦੇ ਪਿਤਾ ਜੀ ਨੇ ਉਨ੍ਹਾਂ ਨੂੰ ਸਿਰਫ ਇੱਕ ਗੁਰਬਾਣੀ ਦੀ ਤੁਕ ਦਾ ਹਵਾਲਾ ਦੇ ਕੇ ਸਮਝਾਇਆ ਸੀ ਅਤੇ ਦੋਨੋਂ ਭਰਾ ਆਪਣੇ ਪਿਤਾ ਜੀ ਦੁਆਰਾ ਬੋਲੀ ਗਈ ਤੁੱਕ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿੰਦਗੀ ਵਿੱਚ ਅੱਗੇ ਮੰਜ਼ਿਲਾਂ ਵੱਲ ਪੈਰ ਪੁੱਟਦੇ ਜਾ ਰਹੇ ਹਨ। ਕਹਿੰਦੇ ਹਨ ਜਿਸਨੇ ਸਮਝਣਾ ਹੁੰਦਾ ਹੈ, ਉਸ ਲਈ ਇਸ਼ਾਰਾ ਹੀ ਕਾਫੀ ਹੁੰਦਾ ਹੈ।

ਸ਼ੁਰੂਆਤੀ ਦੇ ਦੌਰ ਵਿਚ ਦੋਨੋਂ ਭਰਾ ਰਵਾਇਤੀ ਖੇਤੀ ਹੀ ਕਰਦੇ ਸਨ, ਜਿੱਥੇ ਉਹ ਮੁਨਾਫ਼ਾ ਵੀ ਕਮਾ ਰਹੇ ਸਨ ਅਤੇ ਉਹ ਤੇ ਉਹਦੇ ਪਰਿਵਾਰ ਵਾਲੇ ਬਹੁਤ ਖੁਸ਼ ਸਨ ਕਿਉਂਕਿ ਉਨ੍ਹਾਂ ਨੂੰ ਮੁਨਾਫ਼ਾ ਬਹੁਤ ਹੋ ਰਿਹਾ ਸੀ, ਪਰ ਜਦੋਂ ਵਕਤ ਦੀ ਮਾਰ ਪੈਂਦੀ ਹੈ ਤਾਂ ਉਹ ਬਿਨ ਬੁਲਾਏ ਮਹਿਮਾਨ ਦੀ ਤਰ੍ਹਾਂ ਹੁੰਦੀ ਹੈ ਜੋ ਸਿੱਧੇ ਆ ਕੇ ਜ਼ਿੰਦਗੀ ਦੇ ਦਰਵਾਜੇ ‘ਤੇ ਦਸਤਖਤ ਦਿੰਦੀ ਹੈ ਜਿਸ ਦਾ ਕਿਸੇ ਨੇ ਵੀ ਅਨੁਮਾਨ ਨਹੀਂ ਲਗਾਇਆ ਹੁੰਦਾ, ਅਜਿਹੀ ਹੀ ਘਟਨਾ ਉਨ੍ਹਾਂ ਦੇ ਪਰਿਵਾਰ ਵਿੱਚ ਹੋਈ ਜਿਸ ਨੇ ਉਨ੍ਹਾਂ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਜਦੋਂ ਉਨ੍ਹਾਂ ਦੇ ਚਾਚਾ ਜੀ ਦੇ ਬੇਟੇ ਦੀ ਬਲੱਡ ਕੈਂਸਰ ਨਾਲ ਮੌਤ ਹੋ ਗਈ ਸੀ।

ਅਸੀਂ ਇੰਨਾ ਦੁਖੀ ਹੋ ਗਏ ਸਨ ਕਿ ਆਪਣੇ ਆਪ ਨੂੰ ਸੰਭਾਲ ਪਾਉਣਾ ਬਹੁਤ ਔਖਾ ਸੀ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਪਰ ਉਨ੍ਹਾਂ ਦੇ ਦਿਮਾਗ ਵਿੱਚ ਇਕ ਗੱਲ ਘੁਣ ਵਾਂਗੂ ਖਾਂਦੀ ਰਹੀ ਅਖੀਰ ਇਸ ਸਭ ਕਿਵੇਂ ਹੋ ਗਿਆ, ਕਿਉਂਕਿ ਉਮਰ ਵੀ ਹਲੇ ਘੱਟ ਹੀ ਸੀ, ਫਿਰ ਉਨ੍ਹਾਂ ਨੇ ਥੋੜਾ ਸਮਾਂ ਜਾਂਚ-ਪੜਤਾਲ ਕੀਤੀ, ਜਾਂਚ-ਪੜਤਾਲ ਕਰਦੇ-ਕਰਦੇ ਉਨ੍ਹਾਂ ਦੇ ਪਿਤਾ ਜੀ ਦਾ ਧਿਆਨ ਖੇਤੀ ਵੱਲ ਗਿਆ ਕਿਉਂਕਿ ਉਹ ਗੁਰਬਾਣੀ ਨਾਲ ਇੰਨੇ ਜੁੜੇ ਹੋਏ ਸਨ ਕਿ ਹਰ ਇੱਕ ਚੀਜ਼ ਵਿੱਚ ਪਰਮਾਤਮਾ ਨੂੰ ਦੇਖਦੇ ਸਨ, ਫਿਰ ਉਨ੍ਹਾਂ ਦੇ ਪਿਤਾ ਜੀ ਨੇ ਕਿਹਾ ਇਹ ਸਭ ਰੇਆਂ ਸਪਰੇਆਂ ਦਾ ਨਤੀਜਾ ਹੈ।

ਅਗਰ ਜ਼ਹਿਰ ਉਗਾਵਾਂਗੇ, ਤਾਂ ਜ਼ਹਿਰ ਹੀ ਖਾਵਾਂਗੇ

ਇਸ ਤੋਂ ਹੁਣ ਕੁਝ ਸਿੱਖਣਾ ਚਾਹੀਦਾ ਹੈ ਜੇਕਰ ਹੁਣ ਵੀ ਨਾ ਸਿੱਖੇ ਤਾਂ ਕਦੇ ਵੀ ਸਿੱਖ ਨਹੀਂ ਸਕਾਂਗੇ, ਕਿਉਂਕਿ ਇਹੀ ਸਮਾਂ ਹੈ ਜਦੋਂ ਕੁਦਰਤ ਨਾਲ ਜੁੜ ਕੇ ਕੁਦਰਤ ਦੁਆਰਾ ਦਿੱਤੇ ਗਏ ਉਪਹਾਰ ਦਾ ਇਸਤੇਮਾਲ ਕਰ ਸਕਦੇ ਹਾਂ।

ਉਹਨਾਂ ਦੇ ਪਿਤਾ ਜੀ ਜੋ ਧਾਰਮਿਕ ਬਿਰਤੀ ਵਾਲੇ ਸਨ ਅਤੇ ਧਾਰਮਿਕ ਬਿਰਤੀ ਵਾਲੇ ਹੋਣ ਕਰਕੇ ਉਹ ਸਾਰੀ ਜ਼ਿੰਦਗੀ ਗੁਰਬਾਣੀ ਨਾਲ ਜੁੜੇ ਰਹੇ ਅਤੇ ਮਿਸਾਲ ਦੇ ਤੌਰ ‘ਤੇ ਉਹ ਗੁਰਬਾਣੀ ਦੀ ਤੁਕਾਂ ਦਾ ਹਵਾਲਾ ਲੈਂਦੇ ਸਨ ਜੋ ਉਸ ਵਕ਼ਤ ਅਮਰਜੀਤ ਅਤੇ ਕਰਮਜੀਤ ਨੂੰ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਤੁਕ ਦਾ ਹਵਾਲਾ ਦੇ ਕੇ ਸਮਝਾਇਆ ਸੀ ਕਿ ਇਹ ਜੋ ਕੁਦਰਤ ਹੈ ਇਸ ਨਾਲ ਖਿਲਵਾੜ ਨਹੀਂ ਕਰ ਸਕਦੇ ਕਿਉਂਕਿ ਇਹ ਕੁਦਰਤ ਹੀ ਹੈ ਜੋ ਖਾਣ, ਪੀਣ, ਰਹਿਣ ਅਤੇ ਪਹਿਨਣ ਨੂੰ ਸਭ ਕੁੱਝ ਪ੍ਰਦਾਨ ਕਰਦੀ ਹੈ, ਜਦੋਂ ਕਿ ਚਾਹੀਦਾ ਹੈ ਕਿ ਇਸ ਦਾ ਖਿਆਲ ਰੱਖੀਏ।

ਅਸੀਂ ਪਿਤਾ ਜੀ ਦੁਆਰਾ ਬੋਲੀ ਗਈ ਤੁਕ ਦਾ ਆਦਰ ਕਰਕੇ ਕੁਦਰਤੀ ਖੇਤੀ ਨੂੰ ਅਪਣਾ ਲਿਆ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਫਿਰ ਦੋਨੋਂ ਭਰਾਵਾਂ ਨੇ ਠਾਣ ਲਿਆ ਜੇਕਰ ਹੁਣ ਖੇਤੀ ਕਰਨੀ ਹੈ ਤਾਂ ਕੁਦਰਤੀ ਖੇਤੀ ਹੀ ਕਰਨੀ ਹੈ ਭਾਵੇ ਫਾਇਦਾ ਹੋਵੇ ਜਾਂ ਨੁਕਸਾਨ, ਕੁਦਰਤੀ ਖੇਤੀ ਨੂੰ ਹੀ ਪਹਿਲ ਦੇਣੀ ਹੈ। ਬਸ ਇਸ ਤੁਕ ਨੂੰ ਮੱਦੇਨਜ਼ਰ ਰੱਖਦੇ ਹੋਏ ਉਨ੍ਹਾਂ ਨੇ 2006 ਦੇ ਵਿੱਚ ਕੁਦਰਤੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ, ਪਰ ਕੁਦਰਤੀ ਖੇਤੀ ਬਾਰੇ ਉਨ੍ਹਾਂ ਨੂੰ ਜਾਣਕਾਰੀ ਵੀ ਨਹੀਂ ਸੀ ਕਿ ਖੇਤੀ ਕਰਨੀ ਕਿਵੇਂ ਹੈ, ਜਦੋਂ ਉਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਤਾਂ ਖੇਤੀਬਾੜੀ ਮਹਿਕਮਾ ਭੋਗਪੁਰ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਅਤੇ ਕੁਦਰਤੀ ਖੇਤੀ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ, ਹੌਲ਼ੀ-ਹੌਲ਼ੀ ਕਰਦੇ ਉਨ੍ਹਾਂ ਨੂੰ ਕੁਦਰਤੀ ਖੇਤੀ ਬਾਰੇ ਜਾਣਕਾਰੀ ਮਿਲਣ ਲੱਗ ਗਈ। ਜਿਸ ਨਾਲ ਕਿ ਉਨ੍ਹਾਂ ਨੂੰ ਖੇਤੀ ਕਰਨ ਲਾਇਕ ਥੋੜੀ ਬਹੁਤ ਸਹਾਇਤਾ ਮਿਲੀ।

ਜਾਣਕਾਰੀ ਮਿਲਦੀ ਤਾਂ ਗਈ ਪਰ ਜਾਣਕਾਰੀ ਨੂੰ ਖੇਤੀ ਵਿਚ ਕਿਵੇਂ ਪ੍ਰਯੋਗ ਵਿਚ ਲੈ ਕੇ ਆਉਣਾ ਉਹ ਨਹੀਂ ਪਤਾ ਸੀ- ਅਮਰਜੀਤ ਸਿੰਘ ਭੰਗੂ

ਇਸ ਦੌਰਾਨ ਉਨ੍ਹਾਂ ਦੀ ਸਾਹਮਣੇ ਸਭ ਤੋਂ ਵੱਡੀ ਮੁਸ਼ਕਿਲ ਉਦੋਂ ਖੜੀ ਹੋਈ ਜਦੋਂ ਉਹ ਖੇਤੀ ਤਾਂ ਕਰਨ ਲੱਗ ਗਏ ਸੀ ਪਰ ਇਹ ਨਹੀਂ ਪਤਾ ਸੀ ਜ਼ਮੀਨ ਦੀ ਤਾਕ਼ਤ ਕਿਵੇਂ ਵਧਾਈਏ ਅਤੇ ਬਾਇਓ ਮਾਸ ਕਿਵੇਂ ਕਰੀਏ ਕਿਉਂਕਿ ਉਸ ਵਕ਼ਤ ਖੇਤ ਵਾਹੁਣ ਅਤੇ ਰਹਿੰਦ-ਖੂੰਹਦ ਨੂੰ ਕਿਵੇਂ ਟਿਕਾਣੇ ਲਗਾਉਣਾ ਕੁਝ ਵੀ ਪਤਾ ਨਹੀਂ ਸਨ।ਬਸ ਜਿਵੇਂ ਸੁਣਿਆ ਸੀ ਕਿ ਜੈਵਿਕ ਖਾਦ, ਵਰਮੀ ਕੰਪੋਸਟ, ਜੀਵ ਅੰਮ੍ਰਿਤ ਇਹ ਸਭ ਤਰੀਕੇ ਨੇ ਜੋ ਕੁਦਰਤੀ ਖੇਤੀ ਕਰਨ ਦੇ ਵਿਚ ਸਹਾਇਕ ਹੁੰਦੇ ਹਨ ਪਰ ਇਹ ਨਹੀਂ ਪਤਾ ਸੀ ਇਨ੍ਹਾਂ ਨੂੰ ਤਿਆਰ ਕਿਵੇਂ ਕੀਤਾ ਜਾਂਦਾ ਹੈ।

ਜਦੋਂ ਉਨ੍ਹਾਂ ਨੂੰ ਕੋਈ ਹੱਲ ਨਾ ਮਿਲਿਆ ਤਾਂ ਉਨ੍ਹਾਂ ਨੇ ਤਵੀਆਂ ਦੇ ਨਾਲ ਖੇਤੀ ਦੀ ਵਹਾਈ ਕੀਤੀ, ਇੰਝ ਕਰਦੇ-ਕਰਦੇ ਅਮਰਜੀਤ ਅਤੇ ਕਰਮਜੀਤ ਨੇ ਬਹੁਤ ਸਾਰੀਆਂ ਥਾਵਾਂ ਤੋਂ ਟ੍ਰੇਨਿੰਗ ਹਾਸਿਲ ਕੀਤੀ ਅਤੇ ਜਦੋਂ ਉਹ ਟ੍ਰੇਨਿੰਗ ਹਾਸਿਲ ਕਰਕੇ ਅਤੇ ਖੇਤੀ ਦੇ ਤਰੀਕੇ ਅਪਣਾ ਕੇ ਪੂਰੀ ਤਰ੍ਹਾਂ ਨਿਪੁੰਨ ਹੋ ਗਏ ਤਾਂ ਉਨ੍ਹਾਂ ਨੇ ਰਵਾਇਤੀ ਖੇਤੀ ਦੀ ਤਰਫ ਰੁਝਾਨ ਘੱਟ ਕਰਕੇ ਆਪਣਾ ਜ਼ਿਆਦਾ ਧਿਆਨ ਗੰਨੇ ਦੀ ਖੇਤੀ ਵੱਲ ਦਿੱਤਾ ਕਿਉਂਕਿ ਕਣਕ ਦਾ ਰਕਬਾ ਘੱਟ ਹੋਣ ਕਰਕੇ ਫਿਰ ਉਨ੍ਹਾਂ ਨੇ ਪੱਕੇ ਤੌਰ ‘ਤੇ 2012 ਵਿੱਚ ਗੰਨੇ ਦੀ ਖੇਤੀ ਵੱਲ ਜ਼ੋਰ ਦਿੱਤਾ ਅਤੇ ਜਦੋਂ ਗੰਨੇ ਦੀ ਫਸਲ ਤਿਆਰ ਹੁੰਦੀ ਸੀ ਤਾਂ ਉਹ ਮਿੱਲ ਵਿੱਚ ਲੈ ਕੇ ਜਾਂਦੇ ਸਨ।

ਜਦੋਂ ਅਸੀਂ ਗੰਨੇ ਨੂੰ ਮਿੱਲ ਵਿੱਚ ਲੈ ਕੇ ਜਾਂਦੇ ਸਨ ਉਦੋਂ ਪਿਤਾ ਜੀ ਨੇ ਕਿਹਾ ਕਿ ਤੁਹਾਨੂੰ ਇਸ ਦੀ ਪ੍ਰੋਸੈਸਿੰਗ ਅਤੇ ਬਾਕੀ ਫਸਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਇਸ ਤਰ੍ਹਾਂ ਉਨ੍ਹਾਂ ਨੇ ਇੱਕ ਕਿੱਲੇ ਵਿੱਚ ਇਕੱਲੀ ਗੰਨੇ ਦੀ ਖੇਤੀ ਕਰਦੇ ਹਨ ਅਤੇ ਜਿੱਥੇ ਉਨ੍ਹਾਂ ਦਾ ਵੇਲਣਾ ਵੀ ਹੈ, 12 ਏਕੜ ਦੇ ਜ਼ਮੀਨ ਦੇ ਵਿੱਚ, 1 ਏਕੜ ਦੇ ਵਿੱਚ ਹਲਦੀ, 9 ਏਕੜ ਗੰਨਾ, ਚਾਰਾ, 4 ਕਨਾਲ ਵਿੱਚ ਆਲੂ, 6 ਕਨਾਲ ਵਿੱਚ ਸਰੋਂ, ਬਾਕੀ ਦੀ ਜ਼ਮੀਨ ਦੇ ਵਿੱਚ ਖਾਣ ਲਈ ਕਣਕ ਦੀ ਖੇਤੀ ਕਰਦੇ ਹਨ।

ਜਿਵੇਂ-ਜਿਵੇਂ ਉਨ੍ਹਾਂ ਨੇ ਪ੍ਰੋਸੈਸਿੰਗ ਕਰਨੀ ਸ਼ੁਰੂ ਕੀਤੀ ਤਾਂ ਗੁੜ, ਸ਼ੱਕਰ ਆਦਿ ਬਣਾਉਣ ਲੱਗ ਗਏ ਜੋ ਕਿ ਬਿਲਕੁਲ ਸਾਫ ਤੇ ਸ਼ੁੱਧ ਹੈ ਖੇਤਾਂ ਵਿੱਚ ਹੀ ਉਨ੍ਹਾਂ ਦਾ ਘਰ ਹੈ ਅਤੇ ਉੱਥੇ ਹੀ ਖੇਤੀ ਅਤੇ ਬਾਕੀ ਦੇ ਸਾਰੇ ਕੰਮ ਕਰਦੇ ਹਨ।

ਪ੍ਰੋਸੈਸਿੰਗ ਤਾਂ ਅਸੀਂ ਕਰਦੇ ਸਨ ਪਰ ਸਾਨੂੰ ਫਿਕਰ ਸਤਾਉਣ ਲੱਗ ਗਈ ਸੀ ਇਸ ਦੀ ਮਾਰਕੀਟਿੰਗ ਕਿਵੇਂ ਕਰਾਂਗੇ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਮਾਰਕੀਟਿੰਗ ਦੀ ਸਮੱਸਿਆ ਉਨ੍ਹਾਂ ਲਈ ਬਹੁਤ ਹੀ ਵੱਡੀ ਸੀ ਕਿਉਂਕਿ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਮਾਰਕੀਟਿੰਗ ਕਿਵੇਂ ਕਰਨੀ ਹੈ ਕਿਉਂਕਿ ਉਸ ਵਕ਼ਤ ਨਾ ਇੰਨਾ ਸੋਸ਼ਲ ਮੀਡੀਆ ਅਤੇ ਨਾ ਹੀ ਕੋਈ ਇੰਨਾ ਕੋਈ ਕਿਸੇ ਨੂੰ ਪਤਾ ਸੀ, ਬਹੁਤ ਜ਼ਿਆਦਾ ਸੋਚ ਵਿਚਾਰ ਕਰਨ ਮਗਰੋਂ ਉਨ੍ਹਾਂ ਨੇ ਸੋਚਿਆ ਕਿ ਜਦੋਂ ਸ਼ਹਿਰ ਵਾਲੇ ਜਾਂਦੇ ਹਨ ਕਿਉਂ ਨਾ ਗੁੜ ਦੀਆਂ ਪੇਸੀਆਂ ਨਾਲ ਲੈ ਕੇ ਜਾਇਆ ਜਾਵੇ, ਇਸ ਤਰ੍ਹਾਂ ਉਹ ਮਾਰਕੀਟਿੰਗ ਕਰਨ ਲਈ ਪੇਸੀਆਂ ਨਾਲ ਕੇ ਜਾਂਦੇ ਸਨ, ਕਦੇ ਉਹ ਗੁੜ ਨੂੰ ਦੁਕਾਨਾਂ ਤੇ ਲੈ ਕੇ ਜਾਂਦੇ, ਕਦੇ ਹਸਪਤਾਲ ਕਦੇ ਕਿਤੇ, ਕਦੇ ਕਿਤੇ, ਪਰ ਜਦੋਂ ਉਹ ਕਿਸੇ ਵੀ ਥਾਂ ਜਾ ਕੇ ਗੁੜ ਦੀਆਂ ਪੇਸੀਆਂ ਦਿੰਦੇ ਸਨ ਤਾਂ ਅੱਗੋਂ ਕਹਿੰਦੇ ਸਨ ਗੁੜ ਦੀ ਚਾਹ ਤਾਂ ਫਟ ਜਾਂਦੀ ਹੈ।

ਅਸੀਂ ਫਿਰ ਜ਼ੋਰ ਲਾ ਕੇ ਕਹਿੰਦੇ ਸਨ ਇੱਕ ਵਾਰ ਤੁਸੀਂ ਕੋਸ਼ਿਸ਼ ਕਰਕੇ ਤਾਂ ਦੇਖੋ- ਅਮਰਜੀਤ ਸਿੰਘ ਅਤੇ ਕਰਮਜੀਤ ਸਿੰਘ

ਇਸ ਤਰ੍ਹਾਂ ਕਰਦੇ-ਕਰਦੇ ਹੌਲੀ-ਹੌਲੀ ਉਨ੍ਹਾਂ ਦੀ ਮਾਰਕੀਟਿੰਗ ਹੋਣ ਲੱਗ ਗਈ ਅਤੇ ਲੋਕੀ ਉਨ੍ਹਾਂ ਨੂੰ ਜਾਨਣ ਲੱਗ ਗਏ, ਫਿਰ ਉਨ੍ਹਾਂ ਨੇ ਗੁੜ ਦੇ ਕਈ ਤਰ੍ਹਾਂ ਦੇ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਇਸ ਤੋਂ ਉਨ੍ਹਾਂ ਨੇ ਹਲਦੀ, ਸਰਸੋਂ ਆਦਿ ਹੋਰ ਵਸਤਾਂ ਦੀਆਂ ਵੀ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਦੀ ਪ੍ਰੋਸੈਸਿੰਗ, ਪੈਕਿੰਗ, ਲੇਬਲਿੰਗ ਭੰਗੂ ਕੁਦਰਤੀ ਫਾਰਮ ਵਿਖੇ ਕਰਦੇ ਹਨ।

ਉਹਨਾਂ ਵਲੋਂ 8 ਤੋਂ 9 ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ-

  • ਗੁੜ
  • ਸ਼ੱਕਰ
  • ਕਿਊਬ ਵਾਲਾ ਗੁੜ
  • ਟੋਫੀ ਵਾਲਾ ਗੁੜ
  • ਕੱਚੀ ਹਲਦੀ
  • ਗੁੜ ਦੀ ਬਰਫੀ
  • ਹਲਦੀ ਪਾਊਡਰ
  • ਆਲੂ
  • ਸਰੋਂ ਦਾ ਤੇਲ

ਅੱਜ ਉਨ੍ਹਾਂ ਦੇ ਗੁੜ ਦੀ ਮੰਗ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਉਨ੍ਹਾਂ ਨੂੰ ਸੋਚਣਾ ਪੈਂਦਾ ਹੈ ਕਿਵੇਂ ਆਰਡਰ ਨੂੰ ਪੂਰਾ ਕੀਤਾ ਜਾਵੇ ਕਿਉਂਕਿ ਗੁੜ ਵਿਆਹ-ਸ਼ਾਦੀਆਂ ਦੇ ਮੌਕੇ ‘ਤੇ ਪਹਿਲਾਂ ਹੀ ਆਰਡਰ ਬੁੱਕ ਹੋ ਜਾਂਦੇ ਹਨ ਅਤੇ ਅੱਜ ਉਨ੍ਹਾਂ ਨੂੰ ਇੰਨਾ ਜ਼ਿਆਦਾ ਮੁਨਾਫ਼ਾ ਹਾਸਿਲ ਹੋ ਰਿਹਾ ਹੈ, ਜੋ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ, ਉਨ੍ਹਾਂ ਦੇ ਗ੍ਰਾਹਕਾਂ ਦੇ ਨਾਲ ਇੰਨੇ ਜ਼ਿਆਦਾ ਕਰੀਬੀ ਰਿਸ਼ਤੇ ਬਣ ਚੁੱਕੇ ਹਨ ਕਿ ਉਹ ਉਨ੍ਹਾਂ ਦੇ ਕਹਿਣ ‘ਤੇ ਹੀ ਕਈ ਵਾਰ ਤੇ ਗੁੜ ਉਸ ਵਕ਼ਤ ਹੀ ਤਿਆਰ ਕਰਦੇ ਹਨ, ਉਨ੍ਹਾਂ ਨੇ ਗੁੜ ਕੱਢਣ ਦੇ ਲਈ ਪੱਕੇ ਬੰਦੇ ਰੱਖੇ ਹੋਏ ਹਨ ਅਤੇ ਸਾਰਾ ਕੰਮ ਸਾਫ-ਸਫਾਈ ਅਤੇ ਬਿਨਾਂ ਕਿਸੇ ਮਿਲਾਵਟ ਤੋਂ ਤਿਆਰ ਕੀਤਾ ਜਾਂਦਾ ਹੈ।

ਹੌਲੀ-ਹੌਲੀ ਕਰਦੇ ਉਹ ਮੁਕਾਮ ਤੇ ਪੁੱਜ ਗਏ ਅਤੇ ਅੱਜ ਇਸ ਮੁਕਾਮ ‘ਤੇ ਹਨ ਕਿ ਉਨ੍ਹਾਂ ਨੂੰ ਪਿਤਾ ਜੀ ਦੁਆਰਾ ਬੋਲੀ ਗਈ ਗੱਲ ਆਸਰਾ ਪ੍ਰਦਾਨ ਕਰਦੀ ਹੈ, ਉਨ੍ਹਾਂ ਨਾਲ ਇੱਕ ਹੋਰ ਦੁਰਘਟਨਾ ਉਦੋਂ ਵਾਪਰੀ ਜਦੋਂ ਸਹਾਰਾ ਦੇਣ ਵਾਲਾ ਹੱਥ ਸਿਰ ਤੋਂ ਉੱਠ ਗਿਆ, ਕਿਉਂਕਿ ਜਦੋਂ ਕਦੇ ਵੀ ਦੋਨੋਂ ਭਰਾ ਕਦੇ ਨਿਰਾਸ਼ ਹੋ ਕੇ ਬੈਠਦੇ ਸਨ ਤਾਂ ਉਨ੍ਹਾਂ ਦੇ ਪਿਤਾ ਜੀ ਨੇ ਕਦਮ-ਕਦਮ ‘ਤੇ ਹਨੇਰੇ ਵਿੱਚ ਰੌਸ਼ਨੀ ਵੱਲ ਜਾਣ ਦਾ ਰਾਹ ਦੱਸਦੇ ਸਨ, 2017 ਦੇ ਵਿੱਚ ਉਹਨਾਂ ਦੇ ਪਿਤਾ ਜੀ ਸਵਰਗਵਾਸ ਹੋ ਗਏ ਅਤੇ ਉਨ੍ਹਾਂ ਦੇ ਪਿਤਾ ਜੀ ਨੇ ਆਪਣੀ ਦੇਹ PIIMS ਹਸਪਤਾਲ ਵਿੱਚ ਦਾਨ ਕੀਤੀ ਹੈ।

ਇਸ ਕੰਮ ਵਿੱਚ ਉਨ੍ਹਾਂ ਦਾ ਸਾਥ ਉਨ੍ਹਾਂ ਦੇ ਪਰਿਵਾਰ ਵਾਲੇ ਖੂਬ ਨਿਭਾ ਰਹੇ ਹਨ ਅਤੇ ਅੱਜ ਦੋਨੋਂ ਭਰਾ ਮਿਲ ਕੇ ਮੰਜ਼ਿਲਾਂ ਨੂੰ ਛੋਹ ਰਹੇ ਹਨ, ਇਸ ਕੰਮ ਦੇ ਵਿੱਚ ਦੋਨੋਂ ਭਰਾ ਵੱਡੇ ਪੱਧਰ ‘ਤੇ ਇਨਾਮ ਵੀ ਪ੍ਰਾਪਤ ਕਰ ਚੁੱਕੇ ਹਨ।

ਜੋ ਇਸ ਪ੍ਰਕਾਰ ਹਨ-

  • 2011 ਦੇ ਵਿੱਚ ਰਾਇਸ ਰਿਸਰਚ ਆਫ ਹੈਦਰਾਬਾਦ
  • 2014 ਦੇ ਵਿੱਚ PAU, ਲੁਧਿਆਣਾ ਵੱਲੋਂ
  • ਪ੍ਰਕਾਸ਼ ਸਿੰਘ ਬਾਦਲ ਵੱਲੋਂ
  • 2020 ਵਿੱਚ 550 ਸਾਲਾਂ ਦਿਵਸ ਮੌਕੇ ‘ਤੇ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ
  • NABARD ਵੱਲੋਂ

ਉਨ੍ਹਾਂ ਨੇ ਆਪਣੇ ਭੰਗੂ ਕੁਦਰਤੀ ਫਾਰਮ ਉੱਤੇ ਇੱਕ ਬਹੁਤ ਹੀ ਸਲੋਗਨ ਲਿਖਿਆ ਹੋਇਆ ਹੈ, ਜੋ ਹੋਰਾਂ ਨੂੰ ਬਹੁਤ ਉਤਸ਼ਾਹਿਤ ਕਰਦਾ ਹੈ।

ਮੈਂ ਖੇਤੀ ਕਰਦਾ ਕੁਦਰਤੀ, ਮੈਨੂੰ ਆਪਣੀ ਕਿਰਤ ਤੇ ਮਾਣ

ਮੇਰੀ ਮਿੱਟੀ ਮਹਿਕਾਂ ਵੰਡਦੀ, ਮੇਰੇ ਖੇਤ ਵਸੇ ਭਗਵਾਨ

ਭਵਿੱਖ ਦੀ ਯੋਜਨਾ

ਦੋਨੋਂ ਭਰਾ ਚਾਹੁੰਦੇ ਹਨ ਉਹ ਕੁਦਰਤੀ ਖੇਤੀ ਨੂੰ ਅਜਿਹੇ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ, ਜਿੱਥੇ ਕਿ ਹੋਰ ਕਿਸਾਨ ਰਸਾਇਣਿਕ ਖੇਤੀ ਨੂੰ ਬਿਲਕੁਲ ਭੁੱਲ ਹੀ ਜਾਵੇ। ਇਸ ਤੋਂ ਇਲਾਵਾ ਉਹ ਜ਼ਮੀਨ ਠੇਕੇ ਤੇ ਲੈ ਕੇ ਵੱਡੇ ਪੱਧਰ ਤੇ ਫਸਲਾਂ ਦੀ ਬਿਜਾਈ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਸੰਦੇਸ਼

ਕਿਸਾਨ ਵੀਰਾਂ ਨੂੰ ਇੱਕ ਇਹ ਸਲਾਹ ਹੈ ਕਿ ਉਹ ਆਪਣੀ ਖੇਤੀ ਦਾ ਤਰੀਕਾ ਬਦਲਣ, ਦੇਸੀ ਫਸਲਾਂ ਬੀਜਣ, ਜੇਕਰ ਤੁਸੀ ਮੂਲ ਬੀਜਾਂ ਨਾਲ ਖੇਤੀ ਦੀ ਸ਼ੁਰੂਆਤ ਕਰਨਗੇ ਅਤੇ ਫਿਰ ਖੁਦ ਉਸ ਦੀ ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰੋਗੇ ਤਾਂ ਤੁਹਾਡੇ ਲਈ ਬਹੁਤ ਵਧੀਆ ਹੈ, ਕਿਉਂਕਿ ਉਦੋਂ ਅਸਲ ਮਾਇਨੇ ਵਿੱਚ ਅੰਨਦਾਤਾ ਕਹਿਲਾਉਣ ਦੇ ਕਾਬਿਲ ਹਾਂ ਜਦੋਂ ਖਾਣ ਵਾਲੇ ਨੂੰ ਸ਼ੁੱਧ ਅਤੇ ਬਿਨਾਂ ਕਿਸੇ ਮਿਲਾਵਟ ਵਾਲਾ ਭੋਜਨ ਪ੍ਰਦਾਨ ਕਰਾਂਗੇ।

ਚਰਨਜੀਤ ਸਿੰਘ ਝੱਜ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹਾ ਕਿਸਾਨ ਜੋ ਡਿਗਿਆ ਤਾਂ ਸੀ ਪਰ ਡਿੱਗ ਕੇ ਖੜਾ ਹੋਣਾ ਵੀ ਸਿਖਿਆ ਅਤੇ ਸਿਖਾਇਆ ਵੀ

ਕਿਸਾਨ ਨੂੰ ਹਮੇਸ਼ਾਂ ਅੰਨਦਾਤਾ ਕਰਕੇ ਜਾਣਿਆ ਜਾਂਦਾ ਹੈ, ਕਿਉਂਕਿ ਕਿਸਾਨ ਦਾ ਕੰਮ ਅੰਨ ਉਗਾਉਣਾ ਅਤੇ ਦੇਸ਼ ਦਾ ਢਿੱਡ ਭਰਨਾ ਹੁੰਦਾ ਹੈ ਪਰ ਅਜੋਕੇ ਸਮੇਂ ਵਿੱਚ ਕਿਸਾਨ ਨੂੰ ਉਗਾਉਣ ਦੇ ਨਾਲ-ਨਾਲ ਫਸਲ ਦੀ ਪ੍ਰੋਸੈਸਿੰਗ ਅਤੇ ਵੇਚਣਾ ਆਉਣਾ ਵੀ ਬਹੁਤ ਜ਼ਰੂਰੀ ਹੈ। ਪਰ ਜਦੋਂ ਮੰਡੀਕਰਨ ਦੀ ਗੱਲ ਆਉਂਦੀ ਹੈ ਤਾਂ ਕਿਸਾਨ ਨੂੰ ਕਈ ਪੜਾਵਾਂ ਵਿੱਚੋਂ ਦੀ ਲੰਘਣਾ ਪੈਂਦਾ ਹੈ, ਕਿਉਂਕਿ ਮਨ ਵਿੱਚ ਡਰ ਵੀ ਬੈਠਾ ਹੁੰਦਾ ਹੈ ਕਿਤੇ ਆਪਣੇ ਕਿਸਾਨੀ ਦੇ ਵਜੂਦ ਨੂੰ ਕਾਇਮ ਰੱਖਣ ਵਿੱਚ ਕਮਜ਼ੋਰ ਨਾ ਹੋ ਜਾਵੇ।

ਕਿਸਾਨ ਦਾ ਨਾਮ ਚਰਨਜੀਤ ਸਿੰਘ ਝੱਜ ਜਿਸਨੇ ਆਪਣੇ ਆਪ ‘ਤੇ ਭਰੋਸਾ ਕੀਤਾ ਅਤੇ ਅੱਗੇ ਵਧਿਆ ਅਤੇ ਅੱਜ ਕਾਮਯਾਬੀ ਦੀਆਂ ਲੀਹਾਂ ਲੰਘ ਚੁੱਕਿਆ ਹੈ ਜੋ ਪਿੰਡ ਗਹਿਲ ਮਜਾਰੀ, ਨਵਾਂਸ਼ਹਿਰ ਦੇ ਰਹਿਣ ਵਾਲੇ ਹਨ। ਉਂਝ ਤਾਂ ਚਰਨਜੀਤ ਸਿੰਘ ਸ਼ੁਰੂ ਤੋਂ ਹੀ ਖੇਤੀ ਕਰਦੇ ਹਨ ਜਿਸ ਵਿੱਚ ਉਨ੍ਹਾਂ ਨੇ ਆਪਣਾ ਧਿਆਨ ਜ਼ਿਆਦਾ ਗੰਨੇ ਦੀ ਖੇਤੀ ਵੱਲ ਹੀ ਦਿੱਤਾ। ਚਰਨਜੀਤ ਸਿੰਘ ਜੀ 1982 ਤੋਂ ਹੀ ਗੰਨੇ ਦੀ ਹੀ ਖੇਤੀ ਕਰਦੇ ਆਏ ਹਨ ਅਤੇ ਇੱਕ ਕਿਸਾਨ ਹੋਣ ਦੇ ਨਾਤੇ ਉਹ ਹਮੇਸ਼ਾਂ ਸੋਚਦੇ ਸਨ ਕਿ ਮੈਂ ਖੇਤੀ ਦੇ ਵਿੱਚ ਅਜਿਹਾ ਕੀ ਕਰਾਂ ਜੋ ਉਨ੍ਹਾਂ ਦਾ ਇੱਕ ਮੁਕਾਮ ਹੋਵੇ ਅਤੇ ਪੱਕੇ ਤੌਰ ਤੇ ਓਹੀ ਕੰਮ ਕਰੇ। ਉਹਨਾਂ ਕੋਲ 145 ਏਕੜ ਜ਼ਮੀਨ ਹੈ ਜਿਸ ਦੇ ਵਿੱਚ ਉਹ ਰਵਾਇਤੀ ਖੇਤੀ ਦੇ ਨਾਲ-ਨਾਲ ਗੰਨੇ ਦੀ ਖੇਤੀ ਕਰਦੇ ਸਨ। ਜਿਸ ਵਿੱਚ ਪਹਿਲਾਂ ਉਹ 145 ਏਕੜ ਵਿੱਚੋਂ 70 ਤੋਂ 80 ਏਕੜ ਵਿੱਚ ਇਕੱਲੇ ਗੰਨੇ ਦੀ ਖੇਤੀ ਕਰਦੇ ਸਨ ਅਤੇ ਬਾਕੀ ਦੀ ਜ਼ਮੀਨ ਦੇ ਵਿੱਚ ਰਵਾਇਤੀ ਖੇਤੀ ਹੀ ਕਰਦੇ ਸਨ ਅਤੇ ਕਰ ਰਹੇ ਹਨ।

ਗੰਨੇ ਦੀ ਖੇਤੀ ਦੇ ਵਿੱਚ ਚੰਗਾ ਤਜੁਰਬਾ ਹੋ ਗਿਆ, ਪਰ ਅਜਿਹਾ ਕਾਰਨ ਆਇਆ ਉਨ੍ਹਾਂ ਨੂੰ 80 ਤੋਂ ਘਟਾ ਕੇ ਸਿਰਫ 45 ਏਕੜ ਦੀ ਕਾਸ਼ਤ ਕਰਨੀ ਪਈ, ਕਿਉਂਕਿ ਜਦੋਂ ਗੰਨੇ ਦੀ ਫਸਲ ਲਹਿਰਾਉਣ ਲੱਗ ਜਾਂਦੀ ਸੀ ਤਾਂ ਪਹਿਲੇ ਤਾਂ ਫਸਲ ਸਿੱਧੀ ਮਿੱਲ ਦੇ ਵਿੱਚ ਚਲੀ ਜਾਂਦੀ ਸੀ, ਪਰ ਇੱਕ ਦਿਨ ਅਜਿਹਾ ਆਇਆ ਕਿ ਉਨ੍ਹਾਂ ਨੂੰ ਫਸਲ ਦੀ ਵਾਢੀ ਕਰਨ ਦੇ ਲਈ ਲੇਬਰ ਹੀ ਨਹੀਂ ਮਿਲਦੀ ਸੀ, ਪਰ ਜਦੋਂ ਲੇਬਰ ਮਿਲਣ ਲੱਗੀ ਅਤੇ ਫਸਲ ਵਿਕਣ ਦੇ ਲਈ ਮਿੱਲ ਵਿੱਚ ਜਾਂਦੀ ਸੀ ਤਾਂ ਉੱਥੇ ਉਨ੍ਹਾਂ ਨੂੰ ਉਨ੍ਹਾਂ ਦੀ ਫਸਲ ਦਾ ਮੁੱਲ ਬਹੁਤ ਘੱਟ ਰੇਟ ‘ਤੇ ਮਿਲਦਾ ਸੀ। ਕਿੱਥੇ ਤਾਂ ਪਹਿਲਾ ਉਹ ਅਸਮਾਨ ਛੂਹ ਰਹੇ ਸਨ ਅਤੇ ਫਿਰ ਉਹ ਇੰਝ ਆ ਕੇ ਧਰਤੀ ‘ਤੇ ਡਿਗੇ ਜਿਵੇਂ ਉਨ੍ਹਾਂ ਦੀ ਮੰਜ਼ਿਲ ਦੇ ਖੰਭ ਹੀ ਵੱਢ ਦਿੱਤੇ ਗਏ ਹੋਵੇ।

ਉਹ ਬਹੁਤ ਜ਼ਿਆਦਾ ਪ੍ਰੇਸ਼ਾਨ ਰਹਿਣ ਲੱਗ ਗਏ, ਉਸ ਗੱਲ ਨੇ ਉਨ੍ਹਾਂ ਦੇ ਮਨ ਉੱਤੇ ਇੰਨਾ ਜ਼ਿਆਦਾ ਪ੍ਰਭਾਵ ਪਾਇਆ ਕਿ ਉਹ ਸੋਚਣ ਦੇ ਲਈ ਮਜ਼ਬੂਰ ਹੋ ਗਏ। ਅਖੀਰ ਬਹੁਤ ਸੋਚਣ ਦੇ ਬਾਅਦ ਫੈਸਲਾ ਕੀਤਾ ਜੇਕਰ ਸਫਲ ਹੋਣਾ ਹੈ ਤਾਂ ਏਹੀ ਕੰਮ ਕਰਕੇ ਹੀ ਹੋਣਾ ਹੈ। ਉਹਨਾਂ ਨੇ ਫਿਰ ਉਹ ਕੰਮ ਕਰਨ ਦੀ ਜ਼ਿਦ ਫੜ ਲਈ।

ਉਹ ਸਮਾਂ ਉਹ ਫੈਸਲਾ ਲੈਣਾ, ਮੇਰੇ ਲਈ ਬਹੁਤ ਵੱਡੀ ਗੱਲ ਸੀ ਕਿਉਂਕਿ 145 ਏਕੜ ਦੇ ਅੱਧ ਜਿੰਨੀ ਮੈਂ ਇਕੱਲੀ ਗੰਨੇ ਦੀ ਖੇਤੀ ਕਰ ਰਿਹਾ ਸੀ ਜਿੱਥੋਂ ਮੈਨੂੰ ਆਮਦਨ ਹੋ ਰਹੀ ਸੀ- ਚਰਨਜੀਤ ਸਿੰਘ ਝੱਜ

ਬਸ ਫਿਰ ਜਦੋਂ ਉਨ੍ਹਾਂ ਨੇ ਫੈਸਲਾ ਲੈ ਲਿਆ ਫਿਰ 45 ਏਕੜ ਵਿੱਚ ਹੀ ਗੰਨੇ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਤਜੁਰਬਾ ਤਾਂ ਉਨ੍ਹਾਂ ਕੋਲ ਪਹਿਲਾਂ ਹੀ ਸੀ ਪਰ ਇਸ ਤਜੁਰਬੇ ਨੂੰ ਅਮਲੀ ਰੂਪ ਵਿੱਚ ਲੈ ਕੇ ਆਉਣ ਲਈ ਕੁੱਝ ਕਰਨ ਦੀ ਲੋੜ ਸੀ। ਫਿਰ ਹੌਲੀ-ਹੌਲੀ ਚਰਨਜੀਤ ਨੇ ਖੇਤਾਂ ਵਿੱਚ ਹੀ ਵੇਲਣਾ ਲਗਾ ਲਿਆ ਅਤੇ ਰਵਾਇਤੀ ਤਰੀਕੇ ਨਾਲ ਹੀ ਗੁੜ ਕੱਢਣਾ ਜਾਰੀ ਰੱਖਿਆ।

ਇੱਕ ਦਿਨ ਮੈਂ ਬੈਠਾ ਸੀ ਕਿ ਸਿੰਪਲ ਗੁੜ ਤਾਂ ਹਰ ਕੋਈ ਬਣਾਉਂਦਾ ਹੈ ਕਿਉਂ ਨਾ ਕੁਝ ਨਵਾਂ ਕੀਤਾ ਜਾਵੇ- ਚਰਨਜੀਤ ਸਿੰਘ ਝੱਜ

ਜਿਵੇਂ ਹੀ ਉਹ ਵੇਲਣੇ ‘ਤੇ ਗੁੜ ਬਣਾਉਂਦੇ ਸੀ ਬੇਸ਼ੱਕ ਉਹ ਵਿਕ ਤਾਂ ਜਾਂਦਾ ਸੀ ਪਰ ਕਿਤੇ ਨਾ ਕਿਤੇ ਚਰਨਜੀਤ ਨੂੰ ਕੰਮ ਕਰਕੇ ਖੁਸ਼ੀ ਨਹੀਂ ਮਿਲ ਪਾ ਰਹੀ ਸੀ। ਜਿਸ ਦੇ ਫਲਸਵਰੂਪ ਉਨ੍ਹਾਂ ਨੂੰ ਗੁੜ ਬਣਾਉਣ ਵਿੱਚ ਦਿਲਚਸਪੀ ਖਤਮ ਹੋਣੀ ਸ਼ੁਰੂ ਹੋ ਗਈ। ਪਰ ਜਿਵੇਂ ਹੀ ਉਨ੍ਹਾਂ ਦੇ ਮਨ ਵਿੱਚ ਅਜਿਹਾ ਖਿਆਲ ਆਉਂਦਾ ਤਾਂ ਚਰਨਜੀਤ ਨੂੰ ਆਪਣਾ ਪੁਰਾਣਾ ਸਮਾਂ ਯਾਦ ਆ ਜਾਂਦਾ ਜੋ ਉਨ੍ਹਾਂ ਨੇ ਉਸ ਦਿਨ ਕਰਨ ਦਾ ਦ੍ਰਿੜ ਮਨ ਬਣਾਇਆ ਸੀ ਜੋ ਕਿ ਉਨ੍ਹਾਂ ਦੇ ਹੋਂਸਲੇ ਅਤੇ ਮਿਹਨਤ ਨੂੰ ਦਿਨ ਪ੍ਰਤੀ ਦਿਨ ਟੁੱਟਣ ਦੀ ਵਜਾਏ ਇੱਕ ਆਸਰਾ ਪ੍ਰਦਾਨ ਕਰਨ ਵਿੱਚ ਮਦੱਦ ਕਰਨ ਲੱਗਾ।

ਬਹੁਤ ਜ਼ਿਆਦਾ ਸੋਚਣ ਤੋਂ ਬਾਅਦ ਉਨ੍ਹਾਂ ਨੇ ਰੋਜ਼ ਹੀ ਬਹੁਤ ਸਾਰੀਆਂ ਥਾਵਾਂ ਦਾ ਦੌਰਾ ਅਤੇ ਪ੍ਰੋਸੈਸਿੰਗ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਜਿਵੇਂ-ਜਿਵੇਂ ਜਾਣਕਾਰੀ ਮਿਲਦੀ ਰਹੀ, ਓਵੇਂ ਓਵੇਂ ਉਨ੍ਹਾਂ ਨੇ ਮਨ ਨੂੰ ਇੱਕ ਹੋਂਸਲਾ ਮਿਲਦਾ ਗਿਆ ਪਰ ਸੰਤੁਸ਼ਟ ਨਾ ਹੋ ਪਾਏ, ਕਿਉਂਕਿ ਕਿਸਾਨਾਂ ਨੂੰ ਮਿਲਦੇ ਤਾਂ ਰਹੇ ਪਰ ਉਨ੍ਹਾਂ ਵਿੱਚੋਂ ਕੁਝ ਕਿਸਾਨ ਹੀ ਸਨ ਜੋ ਸਿੰਪਲ ਗੁੜ ਬਣਾਉਣ ਦੀ ਵਜਾਏ ਉਸਨੂੰ ਕੁਝ ਖਾਸ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ ਜੋ ਕਿ ਉਨ੍ਹਾਂ ਦੇ ਮਨ ਵਿੱਚ ਇਹ ਗੱਲ ਬੈਠ ਗਈ। ਅਖੀਰ ਉਹਨਾਂ ਨੇ ਸੋਚਿਆ ਕਿ ਇਸ ਤੋਂ ਵਧੀਆ ਟ੍ਰੇਨਿੰਗ ਹੀ ਕਰ ਲਈ ਜਾਵੇ।

ਮੈਂ PAU ਲੁਧਿਆਣਾ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ- ਚਰਨਜੀਤ ਸਿੰਘ ਝੱਜ

ਟ੍ਰੇਨਿੰਗ ਲੈਣ ਤੋਂ ਬਾਅਦ ਉਨ੍ਹਾਂ ਨੇ ਫਿਰ ਪ੍ਰੋਸੈਸਿੰਗ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਕੰਮ ਕਰਨ ਉਪਰੰਤ ਜਦੋਂ ਉਨ੍ਹਾਂ ਨੂੰ ਬਹੁਤ ਸਮਾਂ ਹੋ ਗਿਆ ਫਿਰ ਚਰਨਜੀਤ ਨੇ 2019 ਵਿੱਚ ਨਵੇਂ ਤਰੀਕੇ ਨਾਲ ਸ਼ੁਰੂਆਤ ਕੀਤੀ ਅਤੇ ਸਿੰਪਲ ਗੁੜ ਅਤੇ ਸ਼ੱਕਰ ਦੇ ਨਾਲ-ਨਾਲ ਮਸਾਲੇ ਵਾਲਾ ਗੁੜ ਵੀ ਬਣਾਉਣਾ ਸ਼ੁਰੂ ਕਰ ਦਿੱਤਾ। ਮਸਾਲੇ ਵਾਲੇ ਗੁੜ ਵਿੱਚ ਉਹ ਕਈ ਤਰ੍ਹਾਂ ਦੀ ਵਸਤਾਂ ਦਾ ਇਸਤੇਮਾਲ ਕਰਦੇ ਹਨ।

ਉਹ ਪ੍ਰੋਸੈਸਿੰਗ ਦਾ ਸਾਰਾ ਕੰਮ ਆਪਣੇ ਫਾਰਮ ‘ਤੇ ਹੀ ਕਰਦੇ ਹਨ ਅਤੇ ਦੇਖ ਰੇਖ ਉਹ ਤੇ ਉਨ੍ਹਾਂ ਦੇ ਬੇਟੇ ਸਨਮਦੀਪ ਸਿੰਘ ਜੀ ਕਰਦੇ ਹਨ ਜੋ ਕਿ ਆਪਣੇ ਪਿਤਾ ਜੀ ਨਾਲ ਹਰ ਕੰਮ ਦੇ ਵਿੱਚ ਹੱਥ ਵਟਾਉਂਦੇ ਹਨ ਜਿਸ ਨਾਲ ਉਨ੍ਹਾਂ ਦੀ ਇੱਕ ਮਦੱਦ ਹੋ ਜਾਂਦੀ ਹੈ ਅਤੇ ਦੂਜਾ ਹਰ ਕੰਮ ਸਾਫ-ਸਫਾਈ ਅਤੇ ਦੇਖ ਰੇਖ ਨਾਲ ਬਿਨਾ ਕੋਈ ਚਿੰਤਾ ਕੀਤੇ ਹੋ ਜਾਂਦਾ ਹੈ।

ਉਨ੍ਹਾਂ ਨੇ 12 ਕਨਾਲ ਦੇ ਵਿੱਚ ਆਪਣਾ ਫਾਰਮ ਜਿਸ ਵਿੱਚ 2 ਕਨਾਲ ਦੇ ਵਿੱਚ ਵੇਲਣਾ ਅਤੇ ਬਾਕੀ ਦੇ 10 ਕਨਾਲ ਦੇ ਵਿੱਚ ਬਾਲਣ ਵਿਛਾਇਆ ਹੋਇਆ ਹੈ ਜੋ ਬੰਗੇ ਤੋਂ ਮੁਕੰਦਪੁਰ ਰੋਡ ‘ਤੇ ਸਥਿਤ ਹੈ। ਉਨ੍ਹਾਂ ਨੇ ਇਸ ਤਰੀਕੇ ਨਾਲ ਫਾਰਮ ਨੂੰ ਤਿਆਰ ਕੀਤਾ ਹੋਇਆ ਹੈ ਕਿ ਫਾਰਮ ਧੂੜ ਅਤੇ ਮੱਖੀਆਂ ਤੋਂ ਬਿਲਕੁਲ ਰਹਿਤ ਹੈ। ਗੁੜ ਬਣਾਉਣ ਦੇ ਲਈ ਉਨ੍ਹਾਂ ਨੇ ਪੱਕੇ ਤੋਰ ‘ਤੇ ਲੇਬਰ ਰੱਖੀ ਹੋਈ ਹੈ ਜਿਨ੍ਹਾਂ ਨੂੰ ਤਜੁਰਬਾ ਹੋ ਚੁੱਕਿਆ ਹੈ ਅਤੇ ਫਾਰਮ ‘ਤੇ ਓਹੀ ਗੁੜ ਕੱਢਦੇ ਅਤੇ ਬਣਾਉਂਦੇ ਹਨ, ਉਹਨਾਂ ਵੱਲੋਂ ਤਿੰਨ ਤੋਂ ਚਾਰ ਤਰ੍ਹਾਂ ਦੇ ਉਤਪਾਦ ਤਿਆਰ ਕੀਤੇ ਜਾਂਦੇ ਹਨ ਜਿਸ ਦੇ ਅਲੱਗ-ਅਲੱਗ ਰੇਟ ਹਨ। ਜਿਸ ਵਿੱਚ ਮਸਾਲੇ ਵਾਲੇ ਗੁੜ ਦੀ ਮੰਗ ਬਹੁਤ ਜ਼ਿਆਦਾ ਹੈ।

ਉਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ

  • ਗੁੜ
  • ਸ਼ੱਕਰ
  • ਮਸਾਲੇ ਵਾਲਾ ਗੁੜ ਆਦਿ।

ਜਿਸ ਦੀ ਮਾਰਕੀਟਿੰਗ ਕਰਨ ਲਈ ਉਨ੍ਹਾਂ ਨੂੰ ਕਿਤੇ ਵੀ ਬਾਹਰ ਨਹੀਂ ਜਾਣਾ ਪੈਂਦਾ, ਕਿਉਂਕਿ ਉਨ੍ਹਾਂ ਦੁਆਰਾ ਬਣਾਏ ਗੁੜ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਗੁੜ ਦੇ ਆਰਡਰ ਆਉਂਦੇ ਹਨ ਜਿਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਗੁੜ ਸ਼ਹਿਰੀ ਲੋਕਾਂ ਵੱਲੋਂ ਆਰਡਰ ਕੀਤਾ ਜਾਂਦਾ ਹੈ।

ਉਨ੍ਹਾਂ ਦੇ ਰੋਜ਼ ਦਾ 5 ਤੋਂ 6 ਕੁਵਿੰਟਲ ਦੇ ਕਰੀਬ ਗੁੜ ਵਿਕ ਜਾਂਦਾ ਹੈ ਅਤੇ ਅੱਜ ਆਪਣੇ ਇਸ ਕੰਮ ਵਿੱਚ ਬਹੁਤ ਜ਼ਿਆਦਾ ਮੁਨਾਫ਼ਾ ਕਮਾ ਰਹੇ ਹਨ। ਉਹ ਖੁਸ਼ ਹਨ ਜੋ ਉਨ੍ਹਾਂ ਨੇ ਸੋਚਿਆ ਸੀ ਉਹ ਕਰਕੇ ਦਿਖਾਇਆ। ਇਸ ਦੇ ਨਾਲ-ਨਾਲ ਉਹ ਗੰਨੇ ਦੇ ਬੀਜ ਵੀ ਤਿਆਰ ਕਰਦੇ ਹਨ ਅਤੇ ਬਾਕੀ ਦੀ ਜ਼ਮੀਨ ਦੇ ਵਿੱਚ ਮੌਸਮੀ ਫਸਲਾਂ ਉਗਾਉਂਦੇ ਹਨ ਅਤੇ ਮੰਡੀਕਰਨ ਕਰਦੇ ਹਨ।

ਭਵਿੱਖ ਦੀ ਯੋਜਨਾ

ਉਹ ਆਪਣੇ ਇਸ ਗੰਨੇ ਦੇ ਵਪਾਰ ਨੂੰ ਦੋਗੁਣਾ ਕਰਨਾ ਚਾਹੁੰਦੇ ਹਨ ਅਤੇ ਫਾਰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ ਅਤੇ ਆਧੁਨਿਕ ਤਰੀਕੇ ਨਾਲ ਕੰਮ ਕਰਨ ਦੀ ਸੋਚ ਰਹੇ ਹਨ।

ਸੰਦੇਸ਼

ਕਿਸੇ ਨੌਜਵਾਨ ਨੂੰ ਬਾਹਰਲੇ ਦੇਸ਼ ਜਾਣ ਦੀ ਲੋੜ ਨਹੀਂ ਹੈ ਜੇਕਰ ਉਹ ਇੱਥੇ ਰਹਿ ਕੇ ਮਨ ਚਿੱਤ ਹੋ ਕੇ ਕੰਮ ਕਰਨ ਲੱਗ ਜਾਵੇ ਤਾਂ ਇੱਥੇ ਹੀ ਉਨ੍ਹਾਂ ਲਈ ਜੰਨਤ ਹੈ, ਬਾਕੀ ਸਰਕਾਰ ਨੂੰ ਚਾਹੀਦਾ ਹੈ ਕਿ ਨੌਜਵਾਨ ਦੀ ਬਾਂਹ ਫੜੇ ਅਤੇ ਉਹ ਚੰਗੇ ਪਾਸੇ ਵੱਲ ਨੂੰ ਜਾਵੇ ਅਤੇ ਖੇਤੀ ਲਈ ਵੀ ਪ੍ਰੇਰਿਤ ਹੋਵੇ।

ਭੁਪਿੰਦਰ ਸਿੰਘ ਬਰਗਾੜੀ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਇੱਕ ਪੁੱਤਰ ਨੇ ਆਪਣੇ ਪਿਤਾ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਆਪਣੇ ਗੁੜ ਦੇ ਕਾਰੋਬਾਰ ਨੂੰ ਉੱਚੇ ਸਤਰ ‘ਤੇ ਪਹੁੰਚਾਇਆ

ਇਹ ਕਹਾਣੀ ਹੈ ਕਿ- ਕਿਵੇਂ ਇੱਕ ਪੁੱਤਰ (ਭੁਪਿੰਦਰ ਸਿੰਘ ਬਰਗਾੜੀ) ਨੇ ਆਪਣੇ ਪਿਤਾ (ਸੁਖਦੇਵ ਸਿੰਘ ਬਰਗਾੜੀ) ਦੇ ਕਾਰੋਬਾਰ ਨੂੰ ਵਧੀਆ ਤਰੀਕੇ ਨਾਲ ਚਲਾਇਆ, ਜੋ ਪੰਜਾਬ ਵਿੱਚ ਗੁੜ ਦੇ ਪ੍ਰਸਿੱਧ ਬ੍ਰੈਂਡ- BARGARI ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇੱਕ ਸਮਾਂ ਸੀ ਜਦੋਂ ਗੰਨੇ ਦੇ ਕੱਢੇ ਰਸ ਤੋਂ ਗੁੜ ਬਣਾਉਣ ਲਈ ਬਲਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਪਰ ਸਮੇਂ ਦੇ ਨਾਲ ਇਸ ਕੰਮ ਲਈ ਮਸ਼ੀਨਾਂ ਦਾ ਪ੍ਰਯੋਗ ਹੋਣ ਲੱਗਾ। ਇਸ ਤੋਂ ਇਲਾਵਾ ਗੁੜ ਬਣਾਉਣ ਲਈ ਰਸਾਇਣਿਾਂ ਅਤੇ ਰੰਗਾਂ ਦਾ ਪ੍ਰਯੋਗ ਹੋਣ ਕਾਰਨ ਇਸ ਸਵੀਟਨਰ ਨੇ ਆਪਣਾ ਸਾਰਾ ਆਕਰਸ਼ਣ ਗਵਾ ਲਿਆ ਅਤੇ ਹੌਲੀ-ਹੌਲੀ ਲੋਕ ਸਫ਼ੇਦ ਚੀਨੀ ਵੱਲ ਆਕਰਸ਼ਿਤ ਹੋਣ ਲੱਗੇ।

ਪਰ ਫਿਰ ਵੀ ਕਈ ਪਰਿਵਾਰ ਖੰਡ ਦੀ ਬਜਾਏ ਗੁੜ ਪਸੰਦ ਕਰਦੇ ਹਨ ਅਤੇ ਉਹ ਗੰਨੇ ਦੇ ਰਸ ਤੋਂ ਗੁੜ ਤਿਆਰ ਕਰਨ ਲਈ ਰਵਾਇਤੀ ਢੰਗ ਅਪਨਾਉਂਦੇ ਹਨ। ਇਹ ਕਹਾਣੀ ਹੈ ਸੁਖਦੇਵ ਸਿੰਘ ਬਰਗਾੜੀ ਅਤੇ ਉਨ੍ਹਾਂ ਦੇ ਪੁੱਤਰ ਭੁਪਿੰਦਰ ਸਿੰਘ ਬਰਗਾੜੀ ਜੀ ਦੀ। 1972 ਵਿੱਚ ਸੁਖਦੇਵ ਸਿੰਘ ਔਜ਼ਾਰਾਂ ਅਤੇ ਕਿਸਾਨਾਂ ਦੇ ਉਪਕਰਨਾਂ ਨੂੰ ਤਿੱਖਾ ਕਰਨ ਦਾ ਕੰਮ ਕਰਦੇ ਸਨ ਅਤੇ ਬਦਲੇ ਵਿੱਚ ਉਹ ਅਨਾਜ, ਸਬਜ਼ੀਆਂ ਜਾਂ ਜੋ ਕੁੱਝ ਵੀ ਕਿਸਾਨ ਉਨ੍ਹਾਂ ਨੂੰ ਦਿੰਦੇ ਸੀ, ਉਹ ਮਜ਼ਦੂਰੀ ਦੇ ਰੂਪ ਵਿੱਚ ਲੈ ਲੈਂਦੇ ਸਨ। ਕੁੱਝ ਸਮੇਂ ਬਾਅਦ ਉਨ੍ਹਾਂ ਨੇ ਇੱਕ ਇੰਜਣ ਖਰੀਦਿਆ ਅਤੇ ਇਸ ਨਾਲ ਗੁੜ ਬਣਾਉਣਾ ਸ਼ੁਰੂ ਕੀਤਾ। ਉਨ੍ਹਾਂ ਵੱਲੋਂ ਗੁੜ ਬਣਾਉਣ ਲਈ ਅਪਨਾਏ ਸ਼ੁੱਧ ਰਵਾਇਤੀ ਢੰਗ ਅਤੇ ਬਿਨਾਂ ਕਿਸੇ ਰਸਾਇਣ ਦੀ ਵਰਤੋਂ ਦੇ ਬਣਾਏ ਗੁੜ ਨੇ ਉਨ੍ਹਾਂ ਨੂੰ ਪ੍ਰਸਿੱਧ ਬਣਾ ਦਿੱਤਾ ਅਤੇ ਕਈ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਗੁੜ ਬਣਾਉਣ ਲਈ ਗੰਨੇ ਦੀ ਫ਼ਸਲ ਦੇਣੀ ਸ਼ੁਰੂ ਕਰ ਦਿੱਤੀ। ਸੁਖਦੇਵ ਜੀ ਮੁੱਖ ਤੌਰ ‘ਤੇ ਇਹ ਕੰਮ ਨਵੰਬਰ ਤੋਂ ਮਾਰਚ ਤੱਕ ਕਰਦੇ ਹਨ।

ਇੱਕ ਸਮਾਂ ਅਜਿਹਾ ਆਇਆ ਜਦ ਸੁਖਦੇਵ ਜੀ ਦੀ ਮਿਹਨਤ ਰੰਗ ਲਿਆਈ ਅਤੇ ਉਨ੍ਹਾਂ ਦੇ ਗੁੜ ਦੀ ਮੰਗ ਕਈ ਗੁਣਾ ਵੱਧ ਗਈ। ਇਹ 2011 ਦੀ ਗੱਲ ਹੈ, ਜਦੋਂ ਉਨ੍ਹਾਂ ਦੀ ਧੀ ਦਾ ਵਿਆਹ ਸੀ। ਉਸ ਵੇਲੇ ਉਨ੍ਹਾਂ ਨੇ ਸਾਰੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਵਿਆਹ ਦੇ ਸੱਦੇ ਵਾਲੇ ਕਾਰਡਾਂ ਨਾਲ ਗੁੜ ਅਤੇ ਦੇਸੀ ਘਿਓ ਅਤੇ ਬਹੁਤ ਸਾਰੇ ਮੇਵਿਆਂ ਨਾਲ ਬਣੀ ਮਿਠਾਈ ਵੰਡੀ। ਹਰ ਕਿਸੇ ਨੂੰ ਇਹ ਮਿਠਾਈ ਬਹੁਤ ਪਸੰਦ ਆਈ ਅਤੇ ਇਹ ਮਿਠਾਈ ਹੋਰ ਬਣਾਉਣ ਦੀ ਮੰਗ ਕੀਤੀ ਅਤੇ ਉਸ ਸਮੇਂ ਉਨ੍ਹਾਂ ਦੇ ਪੁੱਤਰ ਭੁਪਿੰਦਰ ਜੀ ਨੇ ਆਪਣੇ ਪਿਤਾ ਦੇ ਕੰਮ ਨੂੰ ਸੰਭਾਲਣ ਅਤੇ ਇਸ ਕੰਮ ਨੂੰ ਉੱਚੇ ਸਤਰ ‘ਤੇ ਲਿਜਾਣ ਦਾ ਫੈਸਲਾ ਕੀਤਾ। ਇਸ ਘਟਨਾ ਤੋਂ ਬਾਅਦ ਪਿਤਾ ਪੁੱਤਰ ਦੋਨਾਂ ਨੇ ਦੋ ਤਰ੍ਹਾਂ ਦਾ ਗੁੜ ਬਣਾਉਣਾ ਸ਼ੁਰੂ ਕੀਤਾ, ਇੱਕ ਮੇਵਿਆਂ ਸਮੇਤ ਅਤੇ ਦੂਜਾ ਬਿਨਾਂ ਮੇਵਿਆਂ ਤੋਂ।

ਬਰਗਾੜੀ ਪਰਿਵਾਰ ਵੱਲੋਂ ਗੰਨੇ ਦੇ ਰਸ ਨੂੰ ਸਾਫ਼ ਕਰਨ ਲਈ ਭਿੰਡੀ ਦੀ ਲੇਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦਾ ਗੁੜ ਰਸਾਇਣਾਂ ਅਤੇ ਰੰਗ ਦੀ ਵਰਤੋਂ ਨਾਲ ਤਿਆਰ ਕੀਤੇ ਗੁੜ ਤੋਂ ਬਿਹਤਰ ਸਾਬਿਤ ਹੋਇਆ। ਗੁੜ ਬਣਾਉਣ ਦੇ ਇਸ ਸ਼ੁੱਧ ਅਤੇ ਸਾਫ਼ ਢੰਗ ਨੇ ਸੁਖਦੇਵ ਸਿੰਘ ਅਤੇ ਭੁਪਿੰਦਰ ਸਿੰਘ ਜੀ ਨੂੰ ਪ੍ਰਸਿੱਧ ਬਣਾ ਦਿੱਤਾ ਅਤੇ ਉਨ੍ਹਾਂ ਦੀ ਪਹਿਚਾਣ ਉਨ੍ਹਾਂ ਦੇ ਕੰਮ ਤੋਂ ਹੋਣ ਲੱਗੀ।

ਭੁਪਿੰਦਰ ਸਿੰਘ ਕੇਵਲ ਆਪਣੇ ਪਿਤਾ ਦੇ ਨਕਸ਼ੇ-ਕਦਮ ‘ਤੇ ਹੀ ਨਹੀਂ ਚੱਲੇ ਸਗੋਂ ਉਨ੍ਹਾਂ ਕੋਲ B.Ed. ਅਤੇ MA ਦੀ ਡਿਗਰੀ ਵੀ ਸੀ ਅਤੇ ਉਸ ਤੋਂ ਬਾਅਦ ETT Teacher Exam ਵੀ ਪਾਸ ਕੀਤਾ ਅਤੇ ਉਹ ਸਕੂਲ ਅਧਿਆਪਕ ਦੇ ਤੌਰ ‘ਤੇ ਵੀ ਕੰਮ ਕਰਦੇ ਹਨ ਅਤੇ ਆਪਣੇ ਕੰਮ ਤੋਂ ਵਿਹਲੇ ਹੋਣ ‘ਤੇ ਉਹ ਹਰ ਰੋਜ਼ ਗੁੜ ਬਣਾਉਣ ਲਈ ਸਮਾਂ ਕੱਢਦੇ ਹਨ।

ਇਸ ਰਵਾਇਤੀ ਸਵੀਟਨਰ ਨੂੰ ਹੋਰ ਮਸ਼ਹੂਰ ਬਣਾਉਣ ਲਈ ਭੁਪਿੰਦਰ ਜੀ ਨੇ 2 ਏਕੜ ਵਿੱਚ ਗੰਨੇ ਦੀ CO 85 ਕਿਸਮ ਵੀ ਉਗਾਉਣੀ ਸ਼ੁਰੂ ਕੀਤੀ ਅਤੇ ਇੱਕ ਗਰੁੱਪ ਵੀ ਬਣਾਇਆ, ਜਿਸ ਵਿੱਚ ਗਰੁੱਪ ਦੇ ਕਿਸਾਨ ਮੈਬਰਾਂ ਨੂੰ ਗੰਨਾ ਉਗਾਉਣ ਲਈ ਪ੍ਰੇਰਿਤ ਵੀ ਕਰਦੇ ਹਨ। ਭੁਪਿੰਦਰ ਸਿੰਘ ਦੀ ਇਸ ਪਹਿਲ ਦਾ ਨਤੀਜਾ ਇਹ ਮਿਲਿਆ ਕਿ ਗੰਨੇ ਦੀ ਉੱਨੀ ਹੀ ਖੇਤੀ ਕੀਤੀ ਜਾਂਦੀ ਸੀ, ਜਿੰਨੀ ਕੁ ਦੀ ਲੋੜ ਸੀ। ਇਸਦੇ ਸਿੱਟੇ ਵਜੋਂ ਕਿਸਾਨਾਂ ਨੂੰ ਵੀ ਵਧੇਰੇ ਲਾਭ ਮਿਲਿਆ ਅਤੇ ਉਸਦੇ ਨਾਲ-ਨਾਲ ਬਰਗਾੜੀ ਪਰਿਵਾਰ ਨੂੰ ਵੀ ਫਾਇਦਾ ਹੋਇਆ।

ਪਿਛਲੇ 5 ਸਾਲਾਂ ਤੋਂ ਬਰਗਾੜੀ ਪਰਿਵਾਰ ਦੁਆਰਾ ਤਿਆਰ ਕੀਤਾ ਗੁੜ ਪੀ ਏ ਯੂ ਦੁਆਰਾ ਆਯੋਜਿਤ ਪ੍ਰਤੀਯੋਗਤਾ ਵਿੱਚ 4 ਵਾਰ ਪਹਿਲਾਂ ਇਨਾਮ ਜਿੱਤਿਆ ਅਤੇ ਇੱਕ ਵਾਰ ਦੂਜਾ ਇਨਾਮ ਜਿੱਤਿਆ। ਉਨ੍ਹਾਂ ਨੇ 2014 ਵਿੱਚ ਚੰਗੀ ਕੁਆਲਿਟੀ ਦੇ ਗੁੜ ਲਈ ਉੱਦਮੀ ਕਿਸਾਨ ਰਾਜ ਪੁਰਸਕਾਰ (Udami Kisan State Award) ਵੀ ਜਿੱਤਿਆ। ਭੁਪਿੰਦਰ ਸਿੰਘ ਜੀ ਲਖਨਊ ਗਏ, ਜਿੱਥੇ ਉਨ੍ਹਾਂ ਨੇ ਆਪਣੀਆਂ ਮੰਡੀਕਰਨ ਦੀਆਂ ਤਕਨੀਕਾਂ ਬਾਰੇ ਰਾਸ਼ਟਰੀ ਗੁੜ ਸੰਮੇਲਨ (National Jaggery Sammelan) ਵਿੱਚ ਚਰਚਾ ਕੀਤੀ। ਉਨ੍ਹਾਂ ਨੇ ਗੁੜ ਦੀ ਮਾਰਕਿਟਿੰਗ ਲਈ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਕਿਸਾਨਾਂ ਨੂੰ ਮੰਡੀਕਰਨ ਦੀਆਂ ਤਕਨੀਕਾਂ ਬਾਰੇ ਜਾਗਰੂਕ ਕਰਵਾਉਣ ਲਈ ਮਾਰਚ ਵਿੱਚ ਆਯੋਜਿਤ ਪੀ ਏ ਯੂ ਸੰਮੇਲਨ ਵਿੱਚ ਭਾਗ ਵੀ ਲਿਆ।

ਆਪਣਾ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕਰਨਾ…

ਗੁੜ ਦਾ ਪ੍ਰੋਸੈੱਸਿੰਗ ਪਲਾਂਟ

ਇਸ ਸਮੇਂ ਕੋਟਕਪੂਰਾ-ਬਠਿੰਡਾ ਰੋਡ ‘ਤੇ ਉਨ੍ਹਾਂ ਦਾ ਆਪਣਾ ਗੁੜ ਪ੍ਰੋਸੈੱਸਿੰਗ ਪਲਾਂਟ ਹੈ, ਜਿੱਥੇ ਉਹ ਰਵਾਇਤੀ ਢੰਗ ਨਾਲ ਸ਼ੁੱਧ ਗੁੜ ਬਣਾਉਂਦੇ ਹਨ। ਗੁੜ ਅਤੇ ਸ਼ੱਕਰ ਦੀ ਮੰਗ ਸਰਦੀਆਂ ਵਿੱਚ ਜ਼ਿਆਦਾ ਵੱਧ ਜਾਂਦੀ ਹੈ, ਕਿਉਂਕਿ ਸ਼ੁੱਧ ਗੁੜ ਤੋਂ ਬਣੀ ਚਾਹ ਦੇ ਸਿਹਤ ‘ਤੇ ਕੋਈ ਹਾਨੀਕਾਰਕ ਪ੍ਰਭਾਵ ਨਹੀਂ ਹੁੰਦੇ। ਇੱਥੋਂ ਤੱਕ ਕਿ ਉਸ ਖੇਤਰ ਦੇ ਗੈਸਟ੍ਰੋਐੱਟਰੋਲਾੱਜੀ (ਪੇਟ ਦੇ ਡਾਕਟਰ) ਦੇ ਮਾਹਿਰ ਵੀ ਆਪਣੇ ਮਰੀਜ਼ਾਂ ਨੂੰ ਬਰਗਾੜੀ ਪਰਿਵਾਰ ਦੁਆਰਾ ਤਿਆਰ ਕੀਤਾ ਗੁੜ ਖਾਣ ਦੀ ਸਲਾਹ ਦਿੰਦੇ ਹਨ।

ਅਨਾਜ ਦੀਆਂ ਫ਼ਸਲਾਂ ਦਾ ਪ੍ਰੋਸੈੱਸਿੰਗ ਪਲਾਂਟ

ਇਸ ਤੋਂ ਇਲਾਵਾ ਭੁਪਿੰਦਰ ਸਿੰਘ ਜੀ ਕੋਲ ਉਸੇ ਜਗ੍ਹਾ ‘ਤੇ ਅਨਾਜ ਦਾ ਪ੍ਰੋਸੈੱਸਿੰਗ ਪਲਾਂਟ ਵੀ ਹੈ, ਜਿੱਥੇ ਉਹ ਸੈੱਲਫ ਹੈੱਲਪ ਗਰੁੱਪ ਦੁਆਰਾ ਉਗਾਈ ਗਈ ਕਣਕ, ਮੱਕੀ, ਜੌਂ, ਜਵਾਰ ਅਤੇ ਸਰ੍ਹੋਂ ਦੀ ਪ੍ਰੋਸੈੱਸਿੰਗ ਕਰਦੇ ਹਨ। ਪ੍ਰੋਸੈੱਸਿੰਗ ਪਲਾਂਟ ਦੇ ਨਾਲ-ਨਾਲ ਉਨ੍ਹਾਂ ਨੇ ਇੱਕ ਸਟੋਰ ਵੀ ਖੋਲ੍ਹਿਆ ਹੈ, ਜਿੱਥੇ ਉਹ ਆਪਣੇ ਪ੍ਰੋਸੈੱਸਿੰਗ ਕੀਤੇ ਉਤਪਾਦਾਂ ਨੂੰ ਵੇਚਦੇ ਹਨ।

ਬ੍ਰੈਂਡ ਨਾਮ ਕਿਵੇਂ ਦਿੱਤਾ ਗਿਆ:

ਆਪਣੇ ਗੁੜ ਦੀ ਡਾਕਟਰਾਂ ਦੁਆਰਾ ਸਿਫ਼ਾਰਿਸ਼ ਕੀਤੇ ਜਾਣ ਬਾਰੇ ਜਾਣ ਕੇ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਆਪਣੇ ਬ੍ਰੈਂਡ ਦਾ ਨਾਮ ‘ਬਰਗਾੜੀ ਗੁੜ’ ਰੱਖਣ ਦਾ ਫੈਸਲਾ ਕੀਤਾ।

ਭੁਪਿੰਦਰ ਜੀ ਦਾ ‘ਬਰਗਾੜੀ ਗੁੜ’ ਦੇ ਨਾਮ ਨਾਲ ਫੇਸਬੁੱਕ ਪੇਜ ਵੀ ਹੈ, ਜਿਸ ਦੇ ਮਾਧਿਅਮ ਨਾਲ ਉਹ ਆਪਣੇ ਗ੍ਰਾਹਕਾਂ ਨਾਲ ਵਿਚਾਰ-ਵਟਾਂਦਰਾ ਕਰਦੇ ਹਨ। ਉਨ੍ਹਾਂ ਨੇ ਫੇਸਬੁੱਕ ਪੇਜ ਦੇ ਮਾਧਿਅਮ ਨਾਲ ਨਾਲ ਗੁੜ ਬਣਾਉਣ ਦੀ ਪ੍ਰਕਿਰਿਆ ‘ਤੇ ਵੀ ਚਰਚਾ ਕੀਤੀ।

ਉਹ ਹਮੇਸ਼ਾ ਆਪਣੇ ਕਾਰੋਬਾਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਟੈਕਨੋਲੋਜੀ ਅਤੇ ਫੂਡ ਪ੍ਰੋਸੈੱਸਿੰਗ ਅਤੇ ਇੰਜੀਨੀਅਰਿੰਗ ਵਿਭਾਗਾਂ ਨਾਲ ਲਗਾਤਾਰ ਸੰਪਰਕ ‘ਚ ਰਹਿੰਦੇ ਹਨ।

ਅੱਜ ਤੱਕ ਭੁਪਿੰਦਰ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਜੋ ਕੁੱਝ ਵੀ ਹਾਸਲ ਕੀਤਾ ਹੈ, ਉਸਦਾ ਸਾਰਾ ਸਿਹਰਾ ਉਹ ਆਪਣੇ ਪਿਤਾ ਸ. ਸੁਖਦੇਵ ਸਿੰਘ ਬਰਗਾੜੀ ਜੀ ਦੇ ਸਿਰ ਸਜਾਉਂਦੇ ਹਨ। ਸਫ਼ਲ ਕਾਰੋਬਾਰ ਚਲਾਉਣ ਦੇ ਇਲਾਵਾ, ਭੁਪਿੰਦਰ ਸਿੰਘ ਜੀ ਇੱਕ ਚੰਗੇ ਅਧਿਆਪਕ ਵੀ ਹਨ ਅਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਠੇ ਕਹਿਰ ਸਿੰਘ ਦੇ ਲੋਕਾਂ ਅਤੇ ਬੱਚਿਆਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਦੇ ਚੰਗੇ ਕੰਮਾਂ ਬਾਰੇ ਕਈ ਲੇਖ, ਲੋਕਲ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਉਹ ਨਾ ਕੇਵਲ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ, ਬਲਕਿ ਆਪਣੇ ਕੰਮ ਅਤੇ ਗਿਆਨ ਨਾਲ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਮਦਦ ਵੀ ਕਰਨਾ ਚਾਹੁੰਦੇ ਹਨ।

ਖ਼ੈਰ, ਪਿਤਾ-ਪੁੱਤਰ ਦੀ ਇਹ ਜੋੜੀ ਸਫ਼ਲਤਾਪੂਰਵਕ ਕੰਮ ਕਰ ਰਹੀ ਹੈ ਅਤੇ ਸਿਰਫ਼ ਦੋਨਾਂ ਦੀ ਸਮਾਨ ਸੋਚ-ਸਮਝ ਕਾਰਨ ਹੀ ਇਸ ਸਤਰ ਤੱਕ ਪਹੁੰਚੀ ਹੈ। ਭਵਿੱਖ ਵਿੱਚ ਵੀ ਭੁਪਿੰਦਰ ਸਿੰਘ ਬਰਗਾੜੀ ਆਪਣੇ ਇਸ ਚੰਗੇ ਕਾਰੋਬਾਰ ਨੂੰ ਜਾਰੀ ਰੱਖਣਗੇ ਅਤੇ ਨੌਜਵਾਨ ਪੀੜ੍ਹੀ ਦੇ ਕਿਸਾਨਾਂ ਨੂੰ ਵੀ ਆਪਣੇ ਗਿਆਨ ਨਾਲ ਪ੍ਰੇਰਿਤ ਕਰਨਗੇ।


ਸੰਦੇਸ਼:

ਮੈਂ ਚਾਹੁੰਦਾ ਹਾਂ ਕਿ ਕਿਸਾਨ ਖੇਤੀ ਦੇ ਨਾਲ ਫੂਡ ਪ੍ਰੋਸੈੱਸਿੰਗ ਕਾਰੋਬਾਰ ਵਿੱਚ ਵੀ ਸ਼ਾਮਲ ਹੋਣ। ਇਸ ਤਰੀਕੇ ਨਾਲ ਉਹ ਆਪਣੇ ਕਾਰੋਬਾਰ ਵਿੱਚ ਚੰਗਾ ਲਾਭ ਕਮਾ ਸਕਦੇ ਹਨ। ਅੱਜ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਦੇ ਨਾਲ ਅੱਪਡੇਟ ਰਹਿਣ ਦੀ ਜ਼ਰੂਰਤ ਹੈ, ਤਾਂ ਹੀ ਉਹ ਅੱਗੇ ਵੱਧ ਸਕਦੇ ਹਨ ਅਤੇ ਆਪਣੇ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ।