ਪੇਸ਼ੇ ਵੱਲੋਂ ਹਨ ਵਕੀਲ, ਪਰ ਸ਼ੋਂਕੀ ਇਸ ਇਨਸਾਨ ਨੇ ਵਕਾਲਤ ਨੂੰ ਛੱਡ ਕੇ ਸ਼ੌਂਕ ਨੂੰ ਦਿੱਤੀ ਪਹਿਲ ਅਤੇ ਹੋਇਆ ਕਾਮਯਾਬ
ਮੁੱਢ ਤੋਂ ਹੀ ਹਰ ਇੱਕ ਦਾ ਕੋਈ ਨਾ ਕੋਈ ਵੱਖਰਾ ਸ਼ੌਂਕ ਰਿਹਾ ਹੈ, ਜਿਸ ਵਿੱਚ ਪੰਜਾਬ ਦਾ ਨਾਮ ਪਹਿਲੇ ਪੱਧਰ ‘ਤੇ ਆਉਂਦਾ ਹੈ। ਪੰਜਾਬ ਵਿੱਚ ਜੇਕਰ ਕੋਈ ਪੰਜਾਬੀ ਕਿਸੇ ਨਾਮ ਕਰਕੇ ਜਾਣਿਆ ਜਾਂਦਾ ਹੈ ਤਾਂ ਉਹ ਉਸਦੇ ਸ਼ੌਂਕ ਕਰਕੇ ਹੀ ਹੁੰਦਾ ਹੈ, ਜਿਸ ਵਿੱਚ ਉਨ੍ਹਾਂ ਦੇ ਵੱਖੋ-ਵੱਖਰੋਂ ਸ਼ੌਂਕ ਹਨ, ਜੋ ਕਿ ਅਣਗਿਣਤ ਹਨ ਪਰ ਉਨ੍ਹਾਂ ਵਿੱਚੋਂ ਕੁਝ ਜੋ ਬਹੁਤ ਹੀ ਜ਼ਿਆਦਾ ਮਸ਼ਹੂਰ ਹਨ ਉਹ ਹਨ ਘੋੜੇ ਪਾਲਣਾ ਅਤੇ ਉਨ੍ਹਾਂ ਦੀ ਸਵਾਰੀ ਕਰਨਾ।
ਅੱਜ ਬੇਸ਼ਕ ਘੋੜੇ ਪਾਲਣ ਦਾ ਰਿਵਾਜ ਘੱਟ ਗਿਆ ਪਰ ਜੇਕਰ ਗੱਲ ਕਰੀਏ ਅੱਜ ਤੋਂ 50 ਸਾਲ ਪਹਿਲਾ ਦੀ ਤਾਂ ਹਰ ਇੱਕ ਪਰਿਵਾਰ ਨੇ ਘੋੜੇ ਰੱਖੇ ਹੁੰਦੇ ਸਨ ਕਿਉਂਕਿ ਉਸ ਸਮੇਂ ਇਕਲੌਤਾ ਆਵਾਜਾਈ ਦਾ ਇਹੀ ਸਾਧਨ ਹੁੰਦਾ ਸੀ, ਪਰ ਅੱਜ ਦੇ ਜ਼ਮਾਨੇ ਵਿੱਚ ਘੋੜਿਆਂ ਦੀ ਜਗ੍ਹਾ ਤਕਨਾਲੋਜੀ ਨੇ ਲੈ ਲਈ ਹੈ ਜਿਸ ਨਾਲ ਇਹ ਸ਼ੌਂਕ ਦਿਨੋਂ-ਦਿਨੀ ਘੱਟ ਰਿਹਾ ਹੈ ਪਰ ਬਹੁਤ ਥਾਵਾਂ ‘ਤੇ ਲੋਕ ਘੋੜੇ ਰੱਖ ਰਹੇ ਹਨ ਅਤੇ ਮੁੜ ਆਪਣੇ ਸ਼ੌਂਕ ਨੂੰ ਉਜਾਗਰ ਕਰ ਰਹੇ ਹਨ।
ਜਿਨ੍ਹਾਂ ਦੀ ਅੱਜ ਗੱਲ ਕਰਨ ਜਾ ਰਹੇ ਹਨ ਉਹ ਉਂਝ ਤਾਂ ਪੇਸ਼ੇ ਵੱਲੋਂ ਇੱਕ ਵਕੀਲ ਅਤੇ ਅਸਟਰੇਲੀਆ ਦੇ ਪੱਕੇ ਵਸਨੀਕ ਵੀ ਹਨ ਪਰ ਸ਼ੌਂਕ ਦੇ ਪੱਟੇ ਹੋਏ ਪਿੰਦਰਪਾਲ ਸਿੰਘ ਬਾਹਰੋਂ ਆ ਗਏ ਅਤੇ ਇੱਥੇ ਆ ਕੇ ਆਪਣੇ ਪਰਿਵਾਰ ਦੇ ਨਾਲ ਘੋੜਿਆਂ ਦਾ ਕੰਮ ਕਰਨ ਲੱਗ ਗਏ ਅਤੇ ਸ਼ੌਂਕ ਨੂੰ ਵੱਡੇ ਪੱਧਰ ‘ਤੇ ਲੈ ਕੇ ਗਏ।
ਸਾਲ 1994 ਵਿੱਚ ਉਹ ਵਕਾਲਤ ਦੀ ਪੜ੍ਹਾਈ ਕਰ ਰਹੇ ਸਨ ਪਰ ਪੜ੍ਹਾਈ ਦੇ ਦੌਰਾਨ ਉਨ੍ਹਾਂ ਦੇ ਮਨ ਵਿੱਚ ਕਦੇ ਵੀ ਘੋੜਿਆਂ ਦਾ ਵਪਾਰ ਕਰਨ ਦਾ ਖਿਆਲ ਨਹੀਂ ਆਇਆ, ਪਰ ਉਹ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੁੰਦੇ ਸਨ ਇਸ ਲਈ ਹਮੇਸ਼ਾਂ ਉਹ ਘਰ ਆ ਕੇ ਵੇਹਲੇ ਬੈਠਣ ਦੀ ਵਜਾਏ ਫਾਰਮ ਵਿਖੇ ਚਲੇ ਜਾਂਦੇ ਸਨ ਅਤੇ ਪੂਰਾ ਸਮਾਂ ਉੱਥੇ ਹੀ ਬਿਤਾਉਂਦੇ ਸਨ। ਇੱਕ ਦਿਨ ਜਦੋਂ ਇਸ ਤਰ੍ਹਾਂ ਕਾਲਜ ਤੋਂ ਆਪਣੇ ਫਾਰਮ ਵਿਖੇ ਜਾ ਰਹੇ ਸਨ ਤਾਂ ਉਨ੍ਹਾਂ ਦੇ ਦੋਸਤਾਂ ਨੇ ਕਿਹਾ “ਯਾਰ, ਤੂੰ ਘੋੜਿਆਂ ਦਾ ਵਪਾਰ ਕਰਨ ਬਾਰੇ ਕਿਉਂ ਨਹੀਂ ਸੋਚਦਾ, ਤੇਰੇ ਕੋਲ ਤਾਂ ਘੋੜੇ ਵੀ ਬਹੁਤ ਹਨ।” ਇਸ ਗੱਲ ਉੱਤੇ ਬਾਅਦ ਵਿੱਚ ਉਨ੍ਹਾਂ ਨੇ ਸੋਚਿਆ ਅਤੇ ਘੋੜਿਆਂ ਦਾ ਵਪਾਰ ਕਰਨ ਦੀ ਠਾਣ ਲਈ।
ਉਸ ਤੋਂ ਬਾਅਦ ਜਿਵੇਂ ਹੀ ਕਾਲਜ ਤੋਂ ਆਉਂਦੇ ਨਾਲ ਹੀ ਆਪਣੇ ਫਾਰਮ ਵਿਖੇ ਚਲੇ ਜਾਂਦੇ ਅਤੇ ਘੋੜੇ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਪਰ ਉਨ੍ਹਾਂ ਨੂੰ ਕੁਝ ਵੀ ਮੁਨਾਫ਼ਾ ਨਹੀਂ ਹੋ ਰਿਹਾ ਸੀ ਫਿਰ ਉਨ੍ਹਾਂ ਨੇ ਸੋਚਿਆ ਕਿ ਮੇਲਿਆਂ ਵਿੱਚ ਜਾਣਾ ਚਾਹੀਦਾ ਹੈ ਕੀ ਪਤਾ ਉੱਥੇ ਜਾ ਕੇ ਹੀ ਘੋੜਿਆਂ ਦਾ ਵਪਾਰ ਸਹੀ ਤਰੀਕੇ ਨਾਲ ਚਲ ਪਵੇ ਅਤੇ ਨਾਲ-ਨਾਲ ਆਪਣੀ ਵਕਾਲਤ ਦੀ ਪੜ੍ਹਾਈ ਪੂਰੀ ਕਰਦੇ ਰਹੇ।
ਪਰ ਵਕਾਲਤ ਦੀ ਪੜ੍ਹਾਈ ਕਰਦੇ ਸਮੇਂ ਉਨ੍ਹਾਂ ਦਾ ਬਹੁਤ ਸਮਾਂ ਪੜ੍ਹਾਈ ਵਿੱਚ ਨਿਕਲ ਜਾਂਦਾ ਸੀ ਤੇ ਬਹੁਤ ਕੋਈ ਮੁਨਾਫ਼ਾ ਨਹੀਂ ਹੋ ਰਿਹਾ ਕਿਉਂਕਿ ਮੇਲਿਆਂ ਵਿੱਚ ਜਾਣ ਲਈ ਪਹਿਲਾ ਬਹੁਤ ਤਿਆਰੀ ਕਰਨੀ ਪੈਂਦੀ ਸੀ ਜੋ ਕਿ ਉਨ੍ਹਾਂ ਲਈ ਪੜ੍ਹਾਈ ਨਾਲ ਮੁਸ਼ਕਿਲ ਹੋ ਰਹੀ ਸੀ। ਇਸ ਤਰ੍ਹਾਂ 3 ਸਾਲ ਨਿਕਲ ਗਏ ਅਤੇ ਪੜ੍ਹਾਈ ਵੀ ਪੂਰੀ ਹੋ ਗਈ, ਫਿਰ ਉਨ੍ਹਾਂ ਨੇ ਕੋਈ ਨੌਕਰੀ ਕਰਨ ਦੀ ਬਜਾਏ ਆਪਣਾ ਸਾਰਾ ਧਿਆਨ ਫਾਰਮ ਵਿਖੇ ਹੀ ਲਗਾ ਲਿਆ ਅਤੇ ਹਰ ਕੰਮ ਖੁਦ ਕਰਨ ਲੱਗੇ ਅਤੇ ਜਦੋਂ ਵੀ ਕਦੇ ਮੇਲਾ ਆਉਂਦਾ ਤਾਂ ਸਾਰੀ ਤਿਆਰੀ ਕਰਕੇ ਜਾਂਦੇ ਅਤੇ ਘੋੜੇ ਵੇਚ ਕੇ ਆਉਂਦੇ, ਉਨ੍ਹਾਂ ਨੂੰ ਘੋੜੇ ਵੇਚਣ ਵਿੱਚ ਕਦੇ ਵੀ ਮੁਸ਼ਕਿਲ ਨਹੀਂ ਆਈ ਕਿਉਂਕਿ ਘਰ ਵਿੱਚ ਸ਼ੁਰੂ ਤੋਂ ਹੀ ਘੋੜੇ ਹੋਣ ਕਰਕੇ ਸਾਰੀ ਜਾਣਕਾਰੀ ਹੁੰਦੀ ਸੀ ਜੇਕਰ ਕੋਈ ਘੋੜਿਆਂ ਬਾਰੇ ਪੁੱਛਦਾ ਤਾਂ ਬੜੇ ਹੀ ਤਰੀਕੇ ਨਾਲ ਘੋੜੇ ਦੀ ਜਾਣਕਾਰੀ ਦਿੰਦੇ ਜਿਸ ਨਾਲ ਗ੍ਰਾਹਕ ਖੁਸ਼ ਹੋ ਕੇ ਘੋੜਾ ਖਰੀਦ ਲੈਂਦੇ।
ਇਸ ਦੌਰਾਨ ਹੀ ਪਿੰਦਰਪਾਲ ਨੇ ਚਾਅ ਵਿੱਚ ਹੀ ਅਸਟਰੇਲੀਆ ਦੇ ਪੱਕੇ ਵਸਨੀਕ ਦੇ ਫਾਰਮ ਭਰ ਦਿੱਤੇ ਸਨ ਅਤੇ ਸਾਲ 2000 ਤੱਕ ਘੋੜਿਆਂ ਦੀ ਖਰੀਦ ਵੇਚ ਵੱਲ ਹੋਰ ਜ਼ਿਆਦਾ ਧਿਆਨ ਦੇਣ ਲੱਗੇ ਅਤੇ ਇਸ ਦੌਰਾਨ ਜਿੰਨੇ ਵੀ ਮੇਲੇ ਲੱਗਦੇ, ਕੋਈ ਵੀ ਮੇਲਾ ਛੱਡਦੇ ਨਹੀਂ ਸਨ। ਇਸ ਦੌਰਾਨ ਹੀ ਜੋ ਉਨ੍ਹਾਂ ਨੇ ਪੱਕੇ ਵਸਨੀਕ ਦਾ ਫਾਮਰ ਭਰਿਆ ਹੋਇਆ ਸੀ ਉਸਦਾ ਨਤੀਜਾ ਵੀ ਆ ਚੁੱਕਿਆ ਸੀ ਜਿਸ ਵਿਚੋਂ ਉਹ ਪਾਸ ਹੋ ਗਏ ਸਨ ਪਰ ਉਹ ਬਾਹਰ ਨਹੀਂ ਜਾਣਾ ਚਾਹੁੰਦੇ ਸਨ ਕਿਉਂ ਕਿ ਉਹ ਉਹ ਇਥੇ ਰਹਿ ਕੇ ਫਾਰਮ ਵਿੱਚ ਇੰਨੇ ਰੁਝ ਗਏ ਸਨ ਓਹੀ ਉਨ੍ਹਾਂ ਨੂੰ ਚੰਗਾ ਲੱਗਦਾ ਸੀ ਅਤੇ ਉਪਰੋਂ ਆਪਣੇ ਪਰਿਵਾਰ ਦੇ ਇਕੱਲੇ ਬੇਟੇ ਹੋਣ ਕਰਕੇ ਪਰਿਵਾਰ ਨੂੰ ਇਕੱਲੇ ਨਹੀਂ ਛੱਡ ਕੇ ਜਾਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ 2002 ਵਿੱਚ ਜਾਣਾ ਪਿਆ ਅਤੇ ਅਸਟ੍ਰੇਲਿਆ ਜਾ ਕੇ ਕੰਮ ਕਰਨ ਲੱਗ ਗਏ, ਕਿਸੇ ਨਾ ਕਿਸੇ ਤਰ੍ਹਾਂ 2 ਸਾਲ ਲੰਘ ਗਏ ਉੱਥੇ ਹਮੇਸ਼ਾਂ ਮਨ ਪੰਜਾਬ ਵਿੱਚ ਹੀ ਰਹਿੰਦਾ ਸੀ ਅਤੇ ਉਹ 2004 ਵਿੱਚ ਅਸਟ੍ਰੇਲਿਆ ਛੱਡ ਆਪਣੇ ਪਿੰਡ ਚੱਕ ਸ਼ੇਰੇਵਾਲਾ, ਜ਼ਿਲ੍ਹਾ ਮੁਕਤਸਰ, ਪੰਜਾਬ ਵਿਖੇ ਆ ਗਏ।
ਜਦੋਂ ਪੰਜਾਬ ਵਾਪਿਸ ਆਏ ਤਾਂ ਸਕੂਨ ਭਰੀ ਰਾਹਤ ਮਿਲੀ ਅਤੇ ਖੁਸ਼ ਹੋਏ ਅਤੇ ਫਿਰ ਘੋੜਿਆਂ ਦੇ ਵਪਾਰ ਕਰਨ ਬਾਰੇ ਸੋਚਿਆ ਅਤੇ ਕੰਮ ਸ਼ੁਰੂ ਕਰ ਦਿੱਤਾ, ਪਰ ਇਸ ਵਾਰ ਉਨ੍ਹਾਂ ਨੇ ਇਸਨੂੰ ਹੋਰ ਤਰੀਕੇ ਨਾਲ ਕਰਨ ਬਾਰੇ ਸੋਚਿਆ ਉਹ ਇਹ ਸੀ ਕਿਉਂ ਨਾ ਘੋੜਿਆਂ ਦੀ ਬਰੀਡਿੰਗ ਕੀਤੀ ਜਾਵੇ ਅਤੇ ਫਿਰ ਉਨ੍ਹਾਂ ਦੇ ਘਰ ਬੱਚੇ ਕਰਕੇ ਵੇਚਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਉਨ੍ਹਾਂ ਨੂੰ ਥੋੜੇ ਸਮੇਂ ਵਿੱਚ ਬਹੁਤ ਮੁਨਾਫ਼ਾ ਹੋਣ ਲੱਗਾ।
ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਇਹ ਕੰਮ ਕਰਦੇ ਕਰਦੇ 2004 ਤੋਂ ਸਾਲ 2007 ਆ ਗਿਆ ਅਤੇ ਉਨ੍ਹਾਂ ਨੇ ਸਾਬਿਤ ਕਰਕੇ ਦੱਸ ਦਿੱਤਾ ਕਿ ਸ਼ੋਂਕ ਕੋਈ ਮਾੜੀ ਸ਼ੈਅ ਨਹੀਂ ਹੈ ਬਸ ਸ਼ੋਂਕ ਪੂਰਾ ਕਰਨ ਦਾ ਜ਼ਜ਼ਬਾ ਹੋਣਾ ਚਾਹੀਦਾ ਹੈ।
ਉਨ੍ਹਾਂ ਨੂੰ ਇਹ ਸ਼ੌਂਕ ਆਪਣੇ ਦਾਦਿਆਂ-ਪੜਦਾਦਿਆਂ ਤੋਂ ਪਿਆ ਸੀ ਕਿਉਂਕਿ ਉਨ੍ਹਾਂ ਦੇ ਦਾਦਾ ਜੀ ਅਤੇ ਪਿਤਾ ਜੀ ਹਮੇਸ਼ਾਂ ਹੀ ਘੋੜਸਵਾਰੀ ਕਰਦੇ ਰਹਿੰਦੇ ਸਨ ਅਤੇ ਜਿਨ੍ਹਾਂ ਨੂੰ ਦੇਖ ਕੇ ਪਿੰਦਰਪਾਲ ਦੇ ਮਨ ਵਿੱਚ ਹਮੇਸ਼ਾਂ ਘੋੜੇ ਪਾਲਣ ਦਾ ਸ਼ੌਂਕ ਪੈਦਾ ਹੋਣ ਲੱਗ ਗਿਆ ਅਤੇ ਪਿੰਦਰਪਾਲ ਨੇ ਵੱਡੇ ਹੋ ਕੇ ਇਹ ਕੰਮ ਕਰਨ ਦੀ ਠਾਣ ਲਈ ਸੀ। ਜਿਸ ਵਿੱਚ ਉਹ ਕਾਮਯਾਬ ਵੀ ਹੋ ਗਏ।
ਇਸ ਦੇ ਨਾਲ ਉਹ ਖੇਤੀ ਦੇ ਕਿੱਤਿਆਂ ਵੱਲ ਵੀ ਪੂਰਾ ਧਿਆਨ ਦਿੰਦੇ ਹਨ ਅਤੇ ਖੁਦ ਹੀ ਖੇਤੀ ਕਰਦੇ ਹਨ।
ਭਵਿੱਖ ਦੀ ਯੋਜਨਾ
ਪਿੰਦਰਪਾਲ ਜੀ ਘੋੜਿਆਂ ਦੀ ਬਰੀਡਿੰਗ ਤਾਂ ਕਰ ਹੀ ਰਹੇ ਹਨ ਉਹ ਨਾਲ-ਨਾਲ ਹੁਣ ਘੋੜਿਆਂ ਨੂੰ ਖੇਡ ਮੁਕਾਬਲਿਆਂ ਲਈ ਤਿਆਰ ਕਰਕੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣਾ ਚਾਹੁੰਦੇ ਹਨ।
ਸੰਦੇਸ਼
ਸ਼ੌਂਕ ਨੂੰ ਕਦੇ ਵੀ ਨਾ ਮਾਰੋ ਸਗੋਂ ਸ਼ੌਂਕ ਨੂੰ ਇੱਕ ਤਾਕ਼ਤ ਬਣਾ ਕੇ ਉਸ ਉੱਤੇ ਕੰਮ ਕਰਦੇ ਰਹੋ ਜੋ ਤੁਹਾਨੂੰ ਤੁਹਾਡੇ ਸ਼ੌਂਕ ਦੇ ਨਾਲ-ਨਾਲ ਕਾਮਯਾਬੀ ਦੀ ਲੀਹਾਂ ਉੱਤੇ ਵੀ ਪਹੁੰਚਾਉਂਦੀ ਹੈ।