ਸ਼ਹਿਨਾਜ਼ ਕੁਰੇਸ਼ੀ

ਪੂਰੀ ਕਹਾਣੀ ਪੜ੍ਹੋ

ਇਹ ਮਹਿਲਾ ਫੂਡ ਪ੍ਰੋਸੈੱਸਿੰਗ ਅਤੇ ਐਗਰੀ-ਬਿਜ਼ਨਸ ਦੇ ਮਾਧਿਅਮ ਨਾਲ ਚੰਗੇ ਭੋਜਨ ਦੇ ਰਹੱਸ ਬਾਰੇ ਦੱਸ ਰਹੀ ਹੈ

ਬਹੁਤ ਘੱਟ ਲੋਕਤੰਤਰੀ ਲੋਕ ਹੁੰਦੇ ਹਨ ਜੋ ਸਮਾਜ ਦੇ ਕਲਿਆਣ ਬਾਰੇ ਸੋਚਦੇ ਹਨ ਅਤੇ ਖੇਤੀ ਦੇ ਰਸਤੇ ‘ਤੇ ਆਪਣੇ ਭਵਿੱਖ ਨੂੰ ਨਿਰਦੇਸ਼ਿਤ ਕਰਦੇ ਹਨ, ਕਿਉਂਕਿ ਖੇਤੀ ਨਾਲ ਸੰਬੰਧਿਤ ਰਸਤੇ ‘ਤੇ ਮੁਨਾਫ਼ਾ ਕਮਾਉਣਾ ਆਸਾਨ ਨਹੀਂ ਹੈ। ਪਰ ਸਾਡੇ ਆਲੇ-ਦੁਆਲੇ ਕਈ ਮੌਕੇ ਹਨ ਜਿਨ੍ਹਾਂ ਦਾ ਸਾਨੂੰ ਲਾਭ ਉਠਾਉਣਾ ਸਿੱਖਣਾ ਪਵੇਗਾ। ਅਜਿਹੀ ਇੱਕ ਮਹਿਲਾ ਹੈ ਸ਼੍ਰੀਮਤੀ ਸ਼ਹਿਨਾਜ਼ ਕੁਰੇਸ਼ੀ, ਜੋ ਕਿ ਆਪਣੇ ਆਵਿਸ਼ਕਾਰੀ ਸੁਪਨਿਆਂ ਨਾਲ ਅੱਗੇ ਆਏ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਆਪਣਾ ਜੀਵਨ ਸਮਰਪਿਤ ਕਰਨ ਬਾਰੇ ਸੋਚ ਰਹੇ ਹਨ।

ਬਹੁਤ ਛੋਟੀ ਉਮਰ ਵਿੱਚ ਹੀ ਵਿਆਹ ਕਰਾਉਣ ਦੇ ਬਾਵਜੂਦ, ਸ਼ਹਿਨਾਜ਼ ਕੁਰੇਸ਼ੀ ਜੀ ਨੇ ਕਦੇ ਸੁਪਨੇ ਦੇਖਣੇ ਨਹੀਂ ਛੱਡੇ। ਵਿਆਹ ਦੇ ਬਾਅਦ ਉਨ੍ਹਾਂ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਅਤੇ ਫੈਸ਼ਨ ਡਿਜ਼ਾਈਨਿੰਗ ਵਿੱਚ M.Sc. ਵੀ ਕੀਤੀ। ਉਨ੍ਹਾਂ ਨੂੰ ਵਿਦੇਸ਼ਾਂ ਤੋਂ ਨੌਕਰੀ ਦੀਆਂ ਪ੍ਰਸਤਾਵ ਮਿਲੇ ਪਰ ਉਨ੍ਹਾਂ ਨੇ ਆਪਣੇ ਦੇਸ਼ ਵਿੱਚ ਰਹਿ ਕੇ ਸਮਾਜ ਦੇ ਲਈ ਕੁੱਝ ਚੰਗਾ ਕਰਨ ਦਾ ਫੈਸਲਾ ਕੀਤਾ।

ਇਸ ਸਭ ਦੌਰਾਨ ਉਨ੍ਹਾਂ ਦੇ ਮਾਤਾ ਪਿਤਾ ਦੀ ਸਿਹਤ ਨੇ ਭੋਜਨ ਉਤਪਾਦ ਦੀ ਗੁਣਵੱਤਾ ਵੱਲ ਉਨ੍ਹਾਂ ਦਾ ਦ੍ਰਿਸ਼ਟੀਕੋਣ ਬਦਲ ਦਿੱਤਾ। ਉਨ੍ਹਾਂ ਦੇ ਮਾਤਾ ਪਿਤਾ ਗਠੀਏ, ਸ਼ੂਗਰ ਅਤੇ ਗੁਰਦੇ ਦੀਆਂ ਸਮੱਸਿਆਵਾਂ ਤੋਂ ਪੀੜਤ ਸਨ। ਉਨ੍ਹਾਂ ਨੇ ਸੋਚਿਆ ਕਿ ਜੇਕਰ ਭੋਜਨ ਇਨ੍ਹਾਂ ਸਮੱਸਿਆਵਾਂ ਦੇ ਪਿੱਛੇ ਦਾ ਕਾਰਨ ਹੈ ਤਾਂ ਇਸ ਲਈ ਭੋਜਨ ਉਨ੍ਹਾਂ ਦਾ ਇੱਕੋ-ਇੱਕ ਇਲਾਜ਼ ਹੋਵੇਗਾ। ਉਨ੍ਹਾਂ ਨੇ ਆਪਣੇ ਪਰਿਵਾਰ ਦੀਆਂ ਖਾਣ ਦੀਆਂ ਆਦਤਾਂ ਨੂੰ ਬਦਲ ਦਿੱਤਾ ਅਤੇ ਸਿਰਫ਼ ਚੰਗੀਆਂ ਅਤੇ ਤਾਜ਼ੀਆਂ ਸਬਜ਼ੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ। ਇਸ ਆਦਤ ਨੇ ਉਨ੍ਹਾਂ ਦੇ ਮਾਤਾ ਪਿਤਾ ਦੀ ਸਿਹਤ ਵਿੱਚ ਬਹੁਤ ਸੁਧਾਰ ਕੀਤਾ ਹੈ। ਇਸ ਵੱਡੇ ਸੁਧਾਰ ਨੂੰ ਦੇਖਦੇ ਹੋਏ, ਉਨ੍ਹਾਂ ਨੇ ਫੂਡ ਪ੍ਰੋਸੈਸਿੰਗ ਕਾਰੋਬਾਰ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ, ਉਹ ਖਾਲੀ ਬੈਠਣ ਲਈ ਨਹੀਂ ਬਣੇ ਸਨ, ਇਸ ਲਈ ਉਨ੍ਹਾਂ ਨੇ ਐਗਰੀ-ਬਿਜ਼ਨਸ ਦੇ ਖੇਤਰ ਵਿੱਚ ਆਪਣੇ ਕਦਮ ਰੱਖੇ ਅਤੇ ਜ਼ਰੂਰਤਮੰਦ ਕਿਸਾਨਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ।

ਖੇਤੀਬਾੜੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਉਨ੍ਹਾਂ ਦਾ ਫੈਸਲਾ ਸਿਰਫ਼ ਸਫ਼ਲਤਾ ਦਾ ਪਹਿਲਾ ਕਦਮ ਸੀ ਅਤੇ ਸਾਰਾ ਬਠਿੰਡਾ ਉਨ੍ਹਾਂ ਦੇ ਬਾਰੇ ਜਾਣਨ ਲੱਗਾ। ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੇ ਕੇ.ਵੀ.ਕੇ ਬਠਿੰਡੇ ਤੋਂ ਮਧੂ ਮੱਖੀ ਪਾਲਣ ਦੀ ਟ੍ਰੇਨਿੰਗ ਲਈ ਅਤੇ 200 ਮਧੂ-ਮੱਖੀ ਦੇ ਬਕਸਿਆਂ ਨਾਲ ਵਪਾਰ ਸ਼ੁਰੂ ਕੀਤਾ। ਉਨ੍ਹਾਂ ਨੇ ਮਾਰਕਟਿੰਗ ਕੀਤੀ ਅਤੇ ਉਨ੍ਹਾਂ ਦੇ ਪਤੀ ਨੇ ਪ੍ਰੋਸੈੱਸਿੰਗ ਦਾ ਕੰਮ ਸੰਭਾਲਿਆ। ਵਪਾਰ ਤੋਂ ਜ਼ਿਆਦਾ ਲਾਭ ਲੈਣ ਲਈ ਉਨ੍ਹਾਂ ਨੇ ਸ਼ਹਿਦ, ਫੇਸ ਵਾੱਸ਼, ਸਾਬਣ ਅਤੇ ਬਾੱਡੀ ਸਕਰੱਬ ਬਣਾਉਣਾ ਸ਼ੁਰੂ ਕੀਤਾ। ਇਨ੍ਹਾਂ ਉਤਪਾਦਾਂ ਨੂੰ ਗ੍ਰਾਹਕਾਂ ਨੇ ਪਸੰਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਸਿਫ਼ਾਰਿਸ਼ ਜ਼ਿਆਦਾ ਹੋਣ ਲੱਗੀ। ਕੁੱਝ ਸਮੇਂ ਬਾਅਦ, ਉਨ੍ਹਾਂ ਨੇ ਸਬਜ਼ੀਆਂ ਅਤੇ ਫਲਾਂ ਦੀ ਖੇਤੀ ਦੀ ਟ੍ਰੇਨਿੰਗ ਲਈ ਅਤੇ ਇਸ ਨੂੰ ਚਟਨੀ, ਮੁਰੱਬਾ ਅਤੇ ਆਚਾਰ ਬਣਾ ਕੇ ਲਾਗੂ ਕਰਨਾ ਸ਼ੁਰੂ ਕੀਤਾ।

ਇੱਕ ਸਮਾਂ ਸੀ ਜਦੋਂ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦੇ ਕੰਮ ਦੀ ਆਲੋਚਨਾ ਕੀਤੀ, ਕਿਉਂਕਿ ਉਹ ਵਪਾਰ ਤੋਂ ਹੋਣ ਵਾਲੇ ਮੁਨਾਫ਼ਿਆਂ ਨੂੰ ਲੈ ਕੇ ਅਨਿਸ਼ਚਿਤ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਇਹ ਵੀ ਸੋਚਿਆ ਕਿ ਇਹ ਉਤਪਾਦ ਪਹਿਲਾਂ ਹੀ ਬਾਜ਼ਾਰ ਵਿੱਚ ਉਪਲੱਬਧ ਹਨ, ਲੋਕ ਇਨ੍ਹਾਂ ਉਤਪਾਦਾਂ ਨੂੰ ਕਿਉਂ ਖਰੀਦਣਗੇ? ਪਰ ਫਿਰ ਵੀ ਉਹ ਇਨ੍ਹਾਂ ਗੱਲਾਂ ਤੋਂ ਘਬਰਾਏ ਨਹੀਂ, ਕਿਉਂਕਿ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਬੱਚਿਆਂ ਦਾ ਸਹਿਯੋਗ ਹਮੇਸ਼ਾ ਸੀ। ਉਹ ਕੁੱਝ ਮਹਾਨ ਲੋਕਾਂ ਜਿਵੇਂ ਏ.ਪੀ.ਜੇ ਅਬਦੁਲ ਕਲਾਮ, ਬਿੱਲ ਗੇਟਸ, ਅਕਬਰ ਅਤੇ ਸਵਾਮੀ ਵਿਵੇਕਾਨੰਦ ਆਦਿ ਤੋਂ ਵੀ ਪ੍ਰੇਰਿਤ ਹੋਏ। ਉਹ ਖਾਲ਼ੀ ਸਮੇਂ ਵਿੱਚ ਇਨ੍ਹਾਂ ਸ਼ਖਸੀਅਤਾਂ ਦੀਆਂ ਕਿਤਾਬਾਂ ਪੜ੍ਹਨਾ ਪਸੰਦ ਕਰਦੇ ਸਨ।

ਸਮੇਂ ਦੇ ਨਾਲ-ਨਾਲ ਉਨ੍ਹਾਂ ਨੇ ਆਪਣੇ ਉਤਪਾਦਾਂ ਨੂੰ ਵਧਾਇਆ ਅਤੇ ਇਸ ਨਾਲ ਬਹੁਤ ਫਾਇਦਾ ਹੋਇਆ। ਜਲਦੀ ਹੀ ਉਨ੍ਹਾਂ ਨੇ ਫਲ਼ ਦੇ ਸਕਵੈਸ਼, ਵੇਸਣ ਦੀਆਂ ਵੜੀਆਂ ਅਤੇ ਪਕੌੜੇ ਅਤੇ ਹੋਰ ਕਈ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ। ਪੁੰਗਰੀ ਹੋਈ ਮੇਥੀ ਦਾ ਆਚਾਰ ਉਨ੍ਹਾਂ ਦੇ ਪ੍ਰਸਿੱਧ ਉਤਪਾਦਾਂ ਵਿੱਚੋਂ ਇੱਕ ਹੈ, ਕਿਉਂਕਿ ਸ਼ਾਨਦਾਰ ਸਿਹਤ ਲਾਭਾਂ ਦੇ ਕਾਰਨ ਇਸ ਦੀ ਮੰਗ ਫਰੀਦਕੋਟ, ਲੁਧਿਆਣਾ ਅਤੇ ਹੋਰ ਥਾਵਾਂ ਵਿੱਚ ਪੀ.ਏ.ਯੂ. ਦੁਆਰਾ ਕਰਵਾਏ ਜਾਂਦੇ ਮੇਲਿਆਂ ਅਤੇ ਸਮਾਰੋਹਾਂ ਵਿੱਚ ਹਮੇਸ਼ਾ ਰਹਿੰਦੀ ਹੈ। ਉਨ੍ਹਾਂ ਨੇ ਮਾਰਕਿਟ ਵਿੱਚ ਆਪਣੇ ਉਤਪਾਦਾਂ ਦੀ ਅਲੱਗ ਜਗ੍ਹਾ ਬਣਾਈ ਹੈ ਜਿਸ ਦੇ ਚੱਲਦੇ ਉਨ੍ਹਾਂ ਨੇ ਵਿਆਪਕ ਪੱਧਰ ‘ਤੇ ਚੰਗੇ ਗਾਹਕਾਂ ਨੂੰ ਆਪਣੇ ਨਾਲ ਜੋੜਿਆ।

2014 ਵਿੱਚ ਉਨ੍ਹਾਂ ਨੇ ਬਠਿੰਡਾ ਨੇੜੇ ਮਹਿਮਾ ਸਰਜਾ ਪਿੰਡ ਵਿਖੇ ਕਿਸਾਨ ਸੈੱਲਫ ਹੈੱਲਪ ਗਰੁੱਪ ਬਣਾਇਆ ਅਤੇ ਇਸ ਗਰੁੱਪ ਦੁਆਰਾ ਉਨ੍ਹਾਂ ਨੇ ਦੂਜੇ ਕਿਸਾਨਾਂ ਦੇ ਉਤਪਾਦਾਂ ਨੂੰ ਬੜਾਵਾ ਦਿੱਤਾ। ਕਦੀ-ਕਦੀ ਉਹ ਉਨ੍ਹਾਂ ਕਿਸਾਨਾਂ ਦੀ ਮਦਦ ਅਤੇ ਸਮਰਥਨ ਕਰਨ ਲਈ ਆਪਣੇ ਮੁਨਾਫ਼ਿਆਂ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਸਨ, ਜਿਹਨਾਂ ਦੇ ਕੋਲ ਆਤਮ ਵਿਸ਼ਵਾਸ ਅਤੇ ਸੰਸਾਧਨ ਨਹੀਂ ਸਨ। 2015 ਵਿੱਚ ਉਨ੍ਹਾਂ ਨੇ FRESH HUB ਨਾਮ ਦੀ ਇੱਕ ਫਰਮ ਬਣਾਈ ਅਤੇ ਉੱਥੇ ਆਪਣੇ ਉਤਪਾਦਾਂ ਨੂੰ ਵੇਚਣਾ ਸ਼ੁਰੂ ਕੀਤਾ। ਅੱਜ ਉਨ੍ਹਾਂ ਦੇ ਕੁਲੈਕਸ਼ਨ ਵਿੱਚ ਕੁੱਲ 40-45 ਉਤਪਾਦ ਹਨ, ਜਿਸ ਦਾ ਕੱਚਾ ਮਾਲ ਉਹ ਆਪ ਖਰੀਦਦੇ ਹਨ, ਪ੍ਰੋਸੈੱਸ ਕਰਦੇ ਹਨ, ਪੈਕਿੰਗ ਕਰਦੇ ਹਨ ਅਤੇ ਮੰਡੀਕਰਨ ਕਰਦੇ ਹਨ। ਇਹ ਸਭ ਕੰਮ ਉਹ ਉਤਪਾਦਾਂ ਦੀ ਸ਼ੁੱਧਤਾ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਕਰਦੇ ਹਨ ਤਾਂ ਜੋ ਗਾਹਕ ਦੀ ਸਿਹਤ ‘ਤੇ ਕੋਈ ਬੁਰਾ ਅਸਰ ਨਾ ਹੋਵੇ। ਇੱਥੋਂ ਤੱਕ ਕਿ ਜਦੋਂ ਉਹ ਅਚਾਰ ਤਿਆਰ ਕਰਦੇ ਹਨ, ਤਾਂ ਘਟੀਆ ਸਿਰਕੇ ਦਾ ਇਸਤੇਮਾਲ ਨਹੀਂ ਕਰਦੇ ਅਤੇ ਚੰਗੀ ਗੁਣਵੱਤਾ ਲਈ ਹਮੇਸ਼ਾ ਸੇਬ ਦੇ ਸਿਰਕੇ ਦੀ ਵਰਤੋਂ ਕਰਦੇ ਹਨ।

2016 ਵਿੱਚ ਉਨ੍ਹਾਂ ਨੇ ਸਿਰਕੇ ਦੀ ਟ੍ਰੇਨਿੰਗ ਲਈ ਅਤੇ ਬਹੁਤ ਜਲਦ ਉਹ ਇਸ ਨੂੰ ਲਾਗੂ ਵੀ ਕਰਨਗੇ। ਵਰਤਮਾਨ ਵਿੱਚ ਉਹ ਪ੍ਰਤੀ ਸਾਲ 10 ਲੱਖ ਦਾ ਲਾਭ ਕਮਾ ਰਹੇ ਹਨ। ਇੱਕ ਗੱਲ ਜੋ ਉਹ ਜਲਦੀ ਸਮਝੇ ਅਤੇ ਲਾਗੂ ਵੀ ਕੀਤੀ, ਉਹ ਸੀ ਕਿ ਉਨ੍ਹਾਂ ਨੇ ਹਮੇਸ਼ਾ ਮਾਤਰਾ ਜਾਂ ਸੁਆਦ ਨੂੰ ਧਿਆਨ ਨਾ ਦੇ ਕੇ ਗੁਣਵੱਤਾ ਵੱਲ ਧਿਆਨ ਦਿੱਤਾ। ਮੰਡੀਕਰਨ ਦੇ ਲਈ ਉਹ ਆਧੁਨਿਕ ਤਕਨੀਕਾਂ ਜਿਵੇਂ ਕੀ ਵੱਟਸਐੱਪ ਦੁਆਰਾ ਕਿਸਾਨਾਂ ਅਤੇ ਹੋਰ ਜ਼ਰੂਰੀ ਵੇਰਵਿਆਂ ਦੇ ਨਾਲ ਜੁੜਦੇ ਹਨ। ਕੁੱਝ ਵੀ ਖਰੀਦਣ ਤੋਂ ਪਹਿਲਾਂ ਉਹ ਇਹ ਯਕੀਨੀ ਬਣਾਉਂਦੇ ਹਨ ਕਿ ਉਹ ਰਸਾਇਣ-ਮੁਕਤ ਸਬਜ਼ੀਆਂ ਹੀ ਖਰੀਦਣ ਅਤੇ ਕਿਸਾਨਾਂ ਨੂੰ ਜੈਵਿਕ ਖੇਤੀ ਸ਼ੁਰੂ ਕਰਨ ਦੇ ਲਈ ਪ੍ਰੋਤਸਾਹਿਤ ਵੀ ਕਰਦੇ ਹਨ। ਉਨ੍ਹਾਂ ਦੇ ਕੰਮ ਵਿੱਚ ਕੇਵਲ ਪ੍ਰੋਸੈੱਸਿੰਗ ਅਤੇ ਮੰਡੀਕਰਨ ਹੀ ਸ਼ਾਮਲ ਨਹੀਂ ਹਨ ਬਲਕਿ ਉਹ ਹੋਰ ਔਰਤਾਂ ਨੂੰ ਆਪਣੀਆਂ ਤਕਨੀਕਾਂ ਬਾਰੇ ਜਾਣਕਾਰੀ ਵੀ ਪ੍ਰਦਾਨ ਕਰਦੇ ਹਨ, ਕਿਉਂਕਿ ਉਹ ਚਾਹੁੰਦੇ ਹਨ ਕਿ ਦੂਸਰੇ ਤਰੱਕੀ ਕਰਨ ਅਤੇ ਸਮਾਜ ਲਈ ਕੁੱਝ ਚੰਗਾ ਕਰਨ।

ਸ਼ੁਰੂ ਤੋਂ ਸ਼ਹਿਨਾਜ਼ ਕੁਰੇਸ਼ੀ ਜੀ ਦੀ ਮਾਨਸਿਕਤਾ ਉਨ੍ਹਾਂ ਦੇ ਕੰਮ ਲਈ ਬਿਲਕੁਲ ਸਪੱਸ਼ਟ ਸੀ। ਉਹ ਚਾਹੁੰਦੇ ਹਨ ਕਿ ਸਮਾਜ ਵਿੱਚ ਹਰ ਵਿਅਕਤੀ ਆਤਮ-ਨਿਰਭਰ ਅਤੇ ਆਤਮ-ਵਿਸ਼ਵਾਸੀ ਬਣੇ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਪਰਵਰਿਸ਼ ਦਿੱਤੀ ਕਿ ਉਨ੍ਹਾਂ ਨੂੰ ਕਿਸੇ ਅੱਗੇ ਆਪਣੇ ਹੱਥ ਫੈਲਾਉਣੇ ਨਹੀਂ ਪੈਂਦੇ, ਸਾਰਿਆਂ ਨੂੰ ਆਪਣੀਆਂ ਮੂਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਤਮ ਨਿਰਭਰ ਹੋਣਾ ਚਾਹੀਦਾ ਹੈ। ਵਰਤਮਾਨ ਵਿੱਚ ਉਨ੍ਹਾਂ ਦਾ ਮੁੱਖ ਧਿਆਨ ਨੌਜਵਾਨਾਂ ਅਤੇ ਵਿਸ਼ੇਸ਼ ਤੌਰ ‘ਤੇ ਲੜਕੀਆਂ ‘ਤੇ ਹੈ। ਉਹ ਆਪਣੀ ਸੋਚ ਅਤੇ ਹੁਨਰ ਨੂੰ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਲਈ ਅਖ਼ਬਾਰਾਂ ਅਤੇ ਰੇਡੀਓ ਰਾਹੀਂ ਸਿਖਲਾਈ ਅਤੇ ਜਾਣਕਾਰੀ ਵੀ ਦਿੰਦੀ ਹੈ। ਉਹ ਨਿੱਜੀ ਤੌਰ ‘ਤੇ ਕਿਸਾਨ ਸਿਖਲਾਈ ਪ੍ਰੋਗਰਾਮਾਂ ਅਤੇ ਮੀਟਿੰਗਾਂ ਦਾ ਦੌਰਾ ਕਰਦੇ ਹਨ ਅਤੇ ਵਿਸ਼ੇਸ਼ ਤੌਰ ‘ਤੇ ਕੌਸ਼ਲ ਪ੍ਰਦਾਨ ਕਰਦੇ ਹਨ। 2016 ਵਿੱਚ ਉਨ੍ਹਾਂ ਨੇ ਕਾਲਜ ਦੇ ਵਿਦਿਆਰਥੀਆਂ ਲਈ ਟਿਫਨ ਸਰਵਿਸ ਵੀ ਸ਼ੁਰੂ ਕੀਤੀ। ਅੱਜ ਉਨ੍ਹਾਂ ਦੇ ਕੰਮ ਨੇ ਉਨ੍ਹਾਂ ਨੂੰ ਇੰਨਾ ਮਸ਼ਹੂਰ ਕਰ ਦਿੱਤਾ ਹੈ ਕਿ ਉਨ੍ਹਾਂ ਕੋਲ ਆਪਣਾ ਰੇਡੀਓ ਸ਼ੋਅ ਹੈ, ਜੋ ਹਰ ਸ਼ੁੱਕਰਵਾਰ ਨੂੰ 1 ਤੋਂ 2 ਵਜੇ ਤੱਕ ਪ੍ਰਸਾਰਿਤ ਹੁੰਦਾ ਹੈ, ਜਿੱਥੇ ਉਹ ਲੋਕਾਂ ਨੂੰ ਪਾਣੀ ਪ੍ਰਬੰਧਨ, ਸਿਹਤ ਭੋਜਨ ਪਦਾਰਥਾਂ ਅਤੇ ਹੋਰ ਬਹੁਤ ਕੁੱਝ ਬਾਰੇ ਦੱਸਦੇ ਹਨ।

ਜਨਮ ਤੋਂ ਕਸ਼ਮੀਰੀ ਹੋਣ ਦੇ ਕਾਰਨ ਸ਼ਹਿਨਾਜ਼ ਹਮੇਸ਼ਾ ਆਪਣੇ ਕੰਮ ਅਤੇ ਉਤਪਾਦਾਂ ਵਿੱਚ ਆਪਣੇ ਮੂਲ ਸਥਾਨ ਦਾ ਇੱਕ ਸਾਰ ਲਿਆਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਨੇ “ਸ਼ਾਹ ‘ਜ਼ ਕਸ਼ਮੀਰੀ ਅਤੇ ਮੁਗਲਈ ਚਿਕਨ” ਨਾਮ ਨਾਲ ਬਠਿੰਡੇ ਵਿੱਚ ਇੱਕ ਰੈਸਟੋਰੈਂਟ ਵੀ ਖੋਲ੍ਹਿਆ ਹੈ ਅਤੇ ਉੱਥੇ ਹੀ ਇੱਕ ਗ੍ਰਾਮੀਣ ਕਸ਼ਮੀਰੀ ਇੰਟੀਰੀਅਰ ਅਤੇ ਰੈਸਟੋਰੈਂਟ ਵਿੱਚ ਕਸ਼ਮੀਰੀ ਕਰਾੱਕਰੀ ਸੈੱਟ ਦੀ ਵਰਤੋਂ ਕਰਨ ਦੀ ਯੋਜਨਾ ਵੀ ਬਣਾ ਰਹੇ ਹਨ। ਇੱਥੋਂ ਤੱਕ ਕਿ ਉਨ੍ਹਾਂ ਦਾ ਆਪਣਾ ਇੱਕ ਪ੍ਰਸਿੱਧ ਉਤਪਾਦ ਹੈ, ਕਸ਼ਮੀਰੀ ਚਾਹ ਜੋ ਕਿ ਕਸ਼ਮੀਰੀ ਪਰੰਪਰਾ ਅਤੇ ਵਿਅੰਜਨਾਂ ਦੇ ਮੂਲ ਨੂੰ ਦਰਸਾਉਂਦਾ ਹੈ। ਉਹ ਹਰ ਸਿਹਤਮੰਦ, ਲਾਹੇਵੰਦ ਅਤੇ ਰਵਾਇਤੀ ਨੁਕਤਾ ਸਾਂਝਾ ਕਰਨਾ ਚਾਹੁੰਦੇ ਹਨ, ਜੋ ਉਨ੍ਹਾਂ ਨੇ ਆਪਣੇ ਉਤਪਾਦਾਂ, ਰੈਸਟੋਰੈਂਟ ਅਤੇ ਟ੍ਰੇਨਿੰਗ ਦੇ ਮਾਧਿਅਮ ਨਾਲ ਜਾਣਿਆ ਹੈ। ਕਸ਼ਮੀਰ ਵਿੱਚ ਉਨ੍ਹਾਂ ਦੇ ਬਾਗ਼ ਵੀ ਹਨ, ਜੋ ਉਨ੍ਹਾਂ ਦੀ ਗੈਰ ਮੌਜ਼ੂਦਗੀ ਵਿੱਚ ਉਨ੍ਹਾਂ ਦੇ ਚਚੇਰੇ ਭਰਾ ਦੀ ਨਿਗਰਾਨੀ ਵਿੱਚ ਹਨ। ਬਾਗ਼ ਵਿੱਚ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਅਤੇ ਚੰਗੀ ਪੈਦਾਵਾਰ ਪ੍ਰਾਪਤ ਕਰਨ ਲਈ ਉਹ ਜੈਵਿਕ ਤਰੀਕਿਆਂ ਦੀ ਵਰਤੋਂ ਕਰਦੇ ਹਨ।

ਸ਼ਹਿਨਾਜ ਕੁਰੇਸ਼ੀ ਜੀ ਦੀਆਂ ਇਹ ਕੁੱਝ ਪ੍ਰਾਪਤੀਆਂ ਹਨ, ਆਉਣ ਵਾਲੇ ਸਮੇਂ ਵਿੱਚ ਉਹ ਸਮਾਜ ਦੇ ਹਿੱਤ ਵਿੱਚ ਹੋਰ ਜ਼ਿਆਦਾ ਕੰਮ ਕਰਨਗੇ। ਉਨ੍ਹਾਂ ਦੇ ਯਤਨਾਂ ਨੂੰ ਬਹੁਤ ਸਾਰੇ ਸੰਗਠਨਾਂ ਦੁਆਰਾ ਪ੍ਰਸ਼ੰਸਾ ਮਿਲੀ ਹੈ ਅਤੇ ਉਨ੍ਹਾਂ ਨੂੰ ਮੁਕਤਸਰ ਸਾਹਿਬ ਦੇ ਫੂਡ ਪ੍ਰੋਸੈੱਸਿੰਗ ਵਿਭਾਗ ਦੁਆਰਾ ਸਨਮਾਨਿਤ ਵੀ ਕੀਤਾ ਗਿਆ। ਇਸ ਤੋਂ ਇਲਾਵਾ 2015 ਵਿੱਚ ਉਨ੍ਹਾਂ ਨੂੰ ਪੀ.ਏ.ਯੂ. ਦੁਆਰਾ ਜਗਬੀਰ ਕੌਰ ਮੈਮੋਰੀਅਲ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ।

ਸੰਦੇਸ਼

“ਹਰ ਸਮੇਂ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾਉਣਾ ਚਾਹੀਦਾ, ਕਿਉਂਕਿ ਅਸੀਂ ਅੱਜ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਾਂ, ਉਨ੍ਹਾਂ ਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਅੱਜ-ਕੱਲ੍ਹ ਕਿਸਾਨਾਂ ਨੂੰ ਪਤਾ ਹੀ ਨਹੀਂ ਹੈ ਕਿ ਮੌਕਿਆਂ ਦਾ ਫ਼ਾਇਦਾ ਕਿਵੇਂ ਉਠਾਇਆ ਜਾਵੇ, ਕਿਉਂਕਿ ਜੇਕਰ ਕਿਸਾਨ ਅੱਗੇ ਵਧਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੀ ਸੋਚ ਨੂੰ ਬਦਲਣਾ ਹੋਵੇਗਾ। ਇਸ ਤੋਂ ਇਲਾਵਾ ਇਹ ਜ਼ਰੂਰੀ ਨਹੀਂ ਕਿ ਤੁਸੀਂ ਦੂਜਿਆਂ ਵੱਲ ਦੇਖ ਕੇ ਕੰਮ ਕਰੋ, ਤੁਸੀਂ ਦੂਜੇ ਕਿਸਾਨਾਂ ਲਈ ਪ੍ਰੇਰਣਾ ਬਣ ਸਕਦੇ ਹੋ। ਕਿਸਾਨਾਂ ਨੂੰ ਇਹ ਸਮਝਣਾ ਹੋਵੇਗਾ ਕਿ ਕੱਚੇ ਮਾਲ ਦੀ ਤੁਲਨਾ ਨਾਲੋਂ ਫੂਡ ਪ੍ਰੋਸੈੱਸਿੰਗ ਵਿੱਚ ਜ਼ਿਆਦਾ ਮੁਨਾਫ਼ਾ ਹੈ।”

ਅਨੀਤਾ ਗੋਇਲ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੀ ਮਹਿਲਾ ਦੀ ਕਹਾਣੀ ਜੋ ਆਪਣੀ ਮਿਹਨਤ ਨਾਲ ਇੱਕ ਆਮ ਗ੍ਰਹਿਣੀ ਤੋਂ ਜ਼ਾਇਕਾ ਮੈਮ ਦੇ ਨਾਮ ਤੋਂ ਜਾਣੀ ਜਾਣ ਲੱਗੀ

ਭਾਰਤ ਵਿੱਚ ਪੁਰਾਣੇ ਸਮੇਂ ਵਿੱਚ ਵਿਆਹ ਤੋਂ ਬਾਅਦ, ਜ਼ਿਆਦਾਤਰ ਮਹਿਲਾਵਾਂ ਵਿੱਚ ਇੰਨਾ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਉਹ ਆਪਣੇ ਸ਼ੌਂਕ ਅਤੇ ਦਿਲਚਸਪੀ ਨੂੰ ਆਪਣੇ ਰੁਜ਼ਗਾਰ ਵਜੋਂ ਅਪਣਾ ਸਕਣ। ਉਹ ਸਿਰਫ਼ ਘਰ ਬੈਠ ਕੇ ਘਰੇਲੂ ਕੰਮ-ਕਾਜ ਹੀ ਕਰਦੀਆਂ ਸਨ। ਆਪਣੇ ਸ਼ੌਂਕ ਅਤੇ ਦਿਲਚਸਪੀ ਨੂੰ ਆਪਣੇ ਰੁਜ਼ਗਾਰ ਵਜੋਂ ਨਾ ਅਪਣਾ ਸਕਣ ਦੇ ਕਾਰਨ ਸਮਾਜਿਕ ਦਬਾਅ, ਪਰਿਵਾਰਿਕ ਦਬਾਅ, ਪਰੰਪਰਾਵਾਦੀ ਸਮਾਜ, ਆਰਥਿਕ ਸੰਕਟ, ਪਰਿਵਾਰਿਕ ਜ਼ਿੰਮੇਵਾਰੀਆਂ ਆਦਿ ਸਨ। ਪਰ ਕੁੱਝ ਮਹਿਲਾਵਾਂ ਅਜਿਹੀਆਂ ਸਨ ਜੋ ਇਨ੍ਹਾਂ ਸਭ ਕਾਰਨਾਂ ਦੇ ਬਾਵਜੂਦ ਵੀ ਪਿੱਛੇ ਨਹੀਂ ਹਟੀਆਂ। ਇਸ ਤਰ੍ਹਾਂ ਦੀਆਂ ਮਹਿਲਾਵਾਂ ਲਈ ਇਹ ਵਾਕ ਢੁੱਕਵਾਂ ਹੈ- ਆਪਣੇ ਅੰਦਰ ਤੋਂ ਪ੍ਰਕਾਸ਼ਿਤ ਹੋਈ ਰੌਸ਼ਨੀ ਨੂੰ ਕੋਈ ਫਿੱਕਾ ਨਹੀਂ ਕਰ ਸਕਦਾ ਹੈ।

ਅਜਿਹੀ ਇੱਕ ਮਹਿਲਾ ਅਨੀਤਾ ਗੋਇਲ ਹੈ, ਜੋ ਪੂਰੇ ਮਹਿਲਾ ਸਮਾਜ ਲਈ ਇੱਕ ਪ੍ਰੇਰਣਾ ਹਨ। ਅਨੀਤਾ ਗੋਇਲ ਜੀ ਲੁਧਿਆਣਾ ਵਿੱਚ ਪੈਂਦੇ ਕਸਬੇ ਜਗਰਾਓਂ ਦੇ ਇੱਕ ਸਫ਼ਲ ਉਦਯੋਗਪਤੀ ਹਨ। ਉਹ ਆਪਣੇ ਇਲਾਕੇ ਵਿੱਚ ਕੁਕਿੰਗ ਕਲਾਸਾਂ ਲਈ ਬਹੁਤ ਪ੍ਰਸਿੱਧ ਹਨ ਅਤੇ ਜ਼ਾਇਕਾ ਕੁਕਿੰਗ ਕਲਾਸ ਦੇ ਬ੍ਰੈਂਡ ਅਧੀਨ ਆਪਣਾ ਕਾਰੋਬਾਰ ਚਲਾ ਰਹੇ ਹਨ। ਉਨ੍ਹਾਂ ਦੇ ਵਿਦਿਆਰਥੀਆਂ ਵਿੱਚ ਛੋਟੀ ਉਮਰ ਦੀਆਂ ਬੱਚੀਆਂ, ਜਵਾਨ ਕੁੜੀਆਂ ਅਤੇ ਵੱਡੀ ਉਮਰ ਦੀਆਂ ਮਹਿਲਾਵਾਂ ਹਨ। ਉਹ ਆਪਣੇ ਵਿਦਿਆਰਥੀਆਂ ਨੂੰ ਚਿੱਤਰਕਾਰੀ ਅਤੇ ਕਢਾਈ ਵੀ ਸਿਖਾਉਂਦੇ ਹਨ। ਉਨ੍ਹਾਂ ਦੀ ਕੰਮ ਪ੍ਰਤੀ ਭਾਵਨਾ ਕਾਰਨ ਉਹ ‘ਜ਼ਾਇਕਾ ਮੈਡਮ’ ਦੇ ਨਾਮ ਨਾਲ ਪੂਰੇ ਸ਼ਹਿਰ ਵਿੱਚ ਜਾਣੇ ਜਾਂਦੇ ਹਨ। ਉਹ 2009 ਵਿੱਚ ਪੀ ਏ ਯੂ ਵਿੱਚ ਕਿਸਾਨ ਕਲੱਬ ਦੇ ਮੈਂਬਰ ਬਣੇ ਅਤੇ ਅੱਜ ਵੀ ਉਹ ਪੀ ਏ ਯੂ ਦੇ ਵਿੱਚ ਲਗਾਤਾਰ ਕਲਾਸਾਂ ਲਾ ਰਹੇ ਹਨ। ਉਨ੍ਹਾਂ ਦੇ ਵਿਦਿਆਰਥੀ ਕੁਕਿੰਗ ਦੇ ਸਬਕ (ਵਿਸ਼ੇ) ਬੜੀ ਲਗਨ ਨਾਲ ਸਿੱਖਦੇ ਹਨ ਅਤੇ ਉਨ੍ਹਾਂ ਨੂੰ ਬੜੇ ਧਿਆਨ ਨਾਲ ਸੁਣਦੇ ਹਨ।

ਉਨ੍ਹਾਂ ਦੀ ਸਫ਼ਲਤਾ, ਖੁਸ਼ਹਾਲੀ ਅਤੇ ਨਾਮ ਇੰਨੀ ਆਸਾਨੀ ਨਾਲ ਹਾਸਿਲ ਨਹੀਂ ਹੋਇਆ। ਇਹ ਸਭ 1986 ਵਿੱਚ ਵਿਆਹ ਤੋਂ ਬਾਅਦ ਸ਼ੁਰੂ ਹੋਇਆ। ਉਨ੍ਹਾਂ ਦਾ ਵਿਆਹ ਇੱਕ ਅਜਿਹੇ ਪਰਿਵਾਰ ਵਿੱਚ ਹੋਇਆ, ਜਿੱਥੇ ਮਹਿਲਾਵਾਂ ਘਰੋਂ ਬਾਹਰ ਨਹੀਂ ਨਿਕਲਦੀਆਂ ਸਨ ਅਤੇ ਨਾ ਹੀ ਘਰੋਂ ਬਾਹਰ ਜਾ ਕੇ ਆਪਣਾ ਕੋਈ ਕੰਮ ਕਰ ਸਕਦੀਆਂ ਸਨ। ਪਰ ਇਹ ਸਭ ਕਰਨ ਵਾਲੀ ਉਹ ਪਰਿਵਾਰ ਦੀ ਪਹਿਲੀ ਮਹਿਲਾ ਸੀ। ਉਨ੍ਹਾਂ ਦੇ ਪਤੀ ਪੇਸ਼ੇ ਤੋਂ ਇੱਕ ਵਕੀਲ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਸਥਿਤੀ ਵਧੀਆ ਸੀ, ਇਸ ਲਈ ਉਨ੍ਹਾਂ ਨੂੰ ਕੋਈ ਕੰਮ ਕਰਨ ਦੀ ਲੋੜ ਨਹੀਂ ਸੀ। ਪਰ ਉਨ੍ਹਾਂ ਦਾ ਜੋਸ਼ ਹੀ ਉਨ੍ਹਾਂ ਨੂੰ ਕਾਮਯਾਬੀ ਦੇ ਇਸ ਪੜਾਅ ‘ਤੇ ਲੈ ਆਇਆ, ਜਿਸ ‘ਤੇ ਅੱਜ ਉਹ ਮੌਜੂਦ ਹਨ। ਇਸ ਸਮੇਂ ਉਹ ਜਗਰਾਓਂ ਵਿਖੇ ਆਪਣੇ ਖੁਸ਼ਹਾਲ ਅਤੇ ਸੰਪੂਰਨ ਪਰਿਵਾਰ (ਪਤੀ, ਦੋ ਪੁੱਤਰ, ਇੱਕ ਧੀ, ਦੋ ਨੂੰਹਾਂ ਅਤੇ ਪੋਤੇ) ਨਾਲ ਰਹਿ ਰਹੇ ਹਨ ਅਤੇ ਆਪਣੇ ਛੋਟੇ ਪੁੱਤਰ ਨਾਲ ਰੋਜ਼ਾਨਾ ਕਾਰੋਬਾਰ ਅਤੇ ਸਿਖਲਾਈ ਸੂਚੀ ਸੰਭਾਲ ਰਹੇ ਹਨ। ਉਨ੍ਹਾਂ ਲਈ ਉਨ੍ਹਾਂ ਦਾ ਪਰਿਵਾਰ ਸਭ ਤੋਂ ਵੱਡੀ ਤਾਕਤ ਹੈ, ਜਿਸਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਅਤੇ ਕਦੇ ਵੀ ਨਿਰਾਸ਼ ਨਹੀਂ ਹੋਣ ਦਿੱਤਾ।

ਇਹ ਕਿਹਾ ਜਾਂਦਾ ਹੈ ਕਿ ਮਹਾਨ ਬਣਨ ਲਈ ਛੋਟੀਆਂ ਚੀਜ਼ਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਅਤੇ ਸ਼੍ਰੀਮਤੀ ਅਨੀਤਾ ਗੋਇਲ ਨੇ ਵੀ ਅਜਿਹਾ ਕੀਤਾ। ਉਨ੍ਹਾਂ ਨੇ ਪਹਿਲੇ ਕੰਮ ਤੋਂ 750 ਰੁਪਏ ਪ੍ਰਤੀ ਮਹੀਨਾ ਕਮਾਉਣਾ ਸ਼ੁਰੂ ਕੀਤਾ, ਜਿਸ ਕਾਰਨ ਸ਼ੁਰੂ ਵਿੱਚ ਉਨ੍ਹਾਂ ਦੇ ਪਤੀ ਵੀ ਇਤਰਾਜ਼ ਕਰ ਰਹੇ ਸਨ ਅਤੇ ਉਨ੍ਹਾਂ ਲਈ ਵੀ ਇੰਨੇ ਥੋੜ੍ਹੇ ਪੈਸਿਆਂ ਵਿੱਚ ਸਾਰੇ ਖ਼ਰਚੇ (ਕੁਕਿੰਗ ਸਮੱਗਰੀ ਦਾ ਖ਼ਰਚਾ, ਸਹੂਲਤਾਂ, ਨਿੱਜੀ ਵਰਤੋਂ) ਚਲਾਉਣਾ ਮੁਸ਼ਕਿਲ ਸੀ। ਸ਼ੁਰੂ ਵਿੱਚ ਉਨ੍ਹਾਂ ਨੇ ਬੜੀਆਂ ਔਕੜਾਂ ਦਾ ਸਾਹਮਣਾ ਕੀਤਾ। ਹਾਲਾਂਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਕੁੱਝ ਗਵਾਇਆ, ਪਰ ਉਨ੍ਹਾਂ ਕਦੇ ਹਾਰ ਨਹੀਂ ਮੰਨੀ ਅਤੇ ਆਪਣੇ ਜੋਸ਼ ਅਤੇ ਲਗਨ ਨੂੰ ਹਮੇਸ਼ਾ ਜਿਉਂਦੇ ਰੱਖਿਆ। ਸਖ਼ਤ ਮਿਹਨਤ ਤੋਂ ਬਾਅਦ ਆਖਿਰ ਉਨ੍ਹਾਂ ਨੇ ਸਫ਼ਲਤਾ ਹਾਸਿਲ ਕੀਤੀ ਅਤੇ ਆਪਣੀ ਕੁਕਿੰਗ ਕਲਾਸਾਂ ਸ਼ੁਰੂ ਕੀਤੀਆਂ ਅਤੇ ਅੱਜ ਉਹ ਸਫ਼ਲਤਾ-ਪੂਰਵਕ ਆਪਣਾ ਕਾਰੋਬਾਰ ਚਲਾ ਰਹੇ ਹਨ।

ਉਨ੍ਹਾਂ ਲਈ ਕੁਕਿੰਗ ਖੁਸ਼ੀਆਂ ਵੰਡਣ ਵਾਂਗ ਹੈ ਅਤੇ ਉਨ੍ਹਾਂ ਦੇ ਖਾਣਯੋਗ ਉਤਪਾਦਾਂ ਦਾ ਸਵਸਥ ਹੋਣਾ ਹੀ ਉਨ੍ਹਾਂ ਦੇ ਕੁਕਿੰਗ ਦੇ ਗੁਣ ਨੂੰ ਬਾਕੀਆਂ ਤੋਂ ਅਲੱਗ ਅਤੇ ਖਾਸ ਬਣਾਉਂਦਾ ਹੈ। ਉਹ ਹਰ ਤਰ੍ਹਾਂ ਦੇ ਬੇਕਰੀ ਉਤਪਾਦ, ਆਚਾਰ, ਚੱਟਨੀ, 17 ਤਰ੍ਹਾਂ ਦੇ ਮਸਾਲੇ, 3 ਤਰ੍ਹਾਂ ਦੇ ਮਿਕਸ ਮਸਾਲੇ ਅਤੇ 3 ਤਰ੍ਹਾਂ ਦੇ ਇੰਸਟੈਂਟ ਮਿੱਠੇ ਮਿਕਸ ਪਕਵਾਨ (ਠੰਡਾਈ, ਫਿਰਨੀ ਅਤੇ ਖੀਰ) ਬਣਾਉਂਦੇ ਹਨ। ਉਹ ਬਰੈੱਡ, ਮਫਿੱਨ, ਪਿੱਜ਼ਾ ਬੇਸ, ਵੱਖ-ਵੱਖ ਤਰ੍ਹਾਂ ਦੇ ਕੇਕ, ਨਾਰੀਅਲ ਕੈਸਲ, ਕੱਪ ਕੇਕ, ਬਿਸਕੁਟ ਅਤੇ ਹੋਰ ਬੇਕਰੀ ਉਤਪਾਦਾਂ ਨੂੰ ਤਿਆਰ ਕਰਨ ਲਈ ਮੈਦੇ ਦੀ ਜਗ੍ਹਾ ਕਣਕ ਦੇ ਆਟੇ ਦੀ ਵਰਤੋਂ ਕਰਦੇ ਹਨ। ਉਹ ਆਚਾਰ ਵਿੱਚ ਲੂਣ, ਖੰਡ ਅਤੇ ਤੇਲ ਤੋਂ ਇਲਾਵਾ ਕਿਸੇ ਰਸਾਇਣ ਦੀ ਵਰਤੋਂ ਨਹੀਂ ਕਰਦੇ, ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਆਚਾਰ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਇਹ ਤਿੰਨ ਚੀਜ਼ਾਂ ਕਾਫੀ ਹਨ। ਉਨ੍ਹਾਂ ਦੁਆਰਾ ਬਣਾਇਆ ਗਿਆ ਹਰ ਉਤਪਾਦ ਕੁਦਰਤੀ ਅਤੇ ਸਿਹਤ ਲਈ ਲਾਭਦਾਇਕ ਹੈ। ਆਚਾਰ ਦੇ ਬਹੁਤ ਸੁਆਦੀ ਹੋਣ ਕਾਰਨ ਵਿਦੇਸ਼ਾਂ ਵਿੱਚ ਵੀ ਇਸ ਆਚਾਰ ਦੀ ਬਹੁਤ ਮੰਗ ਹੈ। ਉਹ ਕਹਿੰਦੇ ਹਨ ਕਿ ਜੇਕਰ ਤੁਸੀਂ ਆਪਣਾ ਕੰਮ ਵਧੀਆ ਕਰਕੇ ਦਿਖਾਉਂਦੇ ਹੋ, ਤਾਂ ਯਕੀਨਨ ਤੁਸੀਂ ਬਾਕੀਆਂ ਸਾਰਿਆਂ ਤੋਂ ਅਲੱਗ ਦਿਖਾਈ ਦਿਉਗੇ।

ਸ੍ਰੀਮਤੀ ਅਨੀਤਾ ਗੋਇਲ ਵੱਲੋਂ ਦਿੱਤੋ ਗਿਆ ਸੰਦੇਸ਼
“ਉਹਨਾਂ ਦਾ ਕਹਿਣਾ ਹੈ ਕੇ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ , ਜੇਕਰ ਤੁਸੀਂ ਅਸਲ ਵਿੱਚ ਬਦਲਾਵ ਚਾਹੁੰਦੇ ਹੋ ਤਾਂ ਤੁਹਾਨੂੰ ਪੱਕਾ ਨਿਸਚਾ ਅਤੇ ਇੱਛਾ ਸ਼ਕਤੀ ਨਾਲ ਅੱਗੇ ਵਧਣਾ ਚਾਹੀਦਾ ਹੈ। ਜੇਕਰ ਤੁਹਾਡੇ ਵਿੱਚ ਪੱਕਾ ਇਰਾਦਾ ਹੈਤਾਂ  ਤੁਸੀ ਕੁੱਝ ਵੀ ਪ੍ਰਾਪਤ ਕਰ ਸਕਦੇ ਹੋ। ਇਕ ਮਹਿਲਾ ਆਪਣੀ ਸ਼ਕਤੀ ਦੇ ਨਾਲ ਹੀ ਅੱਗੇ ਵੱਧ ਸਕਦੀ ਹੈ। ਮਹਿਲਾਵਾਂ ਨੂੰ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣੀ ਚਾਹੀਦੀ ਹੈ। ਮਹਿਲਾ ਦੀ ਪਹਿਚਾਣ ਉਸ ਦੇ ਗੁਣਾ ਅਤੇ ਪ੍ਰਤਿਭਾ ਨਾਲ ਹੁੰਦੀ ਹੈ ਨਾ ਕਿ ਸਿਰਫ਼ ਉਸ ਦੇ ਪਤੀ ਦੇ ਨਾਮ ਤੋਂ| ਜਦੋਂ ਤੁਹਾਡੇ ਪਰਿਵਾਰ ਨੂੰ ਤੁਹਾਡੇ ਨਾਮ ਨਾਲ ਜਾਣਿਆ ਜਾਂਦਾ ਹੈ ਤਾ ਬਹੁਤ ਮਾਨ ਮਹਿਸੂਸ ਹੁੰਦਾ ਹੈ।”

 

ਅਮਨਦੀਪ ਕੌਰ

ਪੂਰੀ ਕਹਾਣੀ ਪੜ੍ਹੋ

ਇੱਕ ਜਵਾਨ ਕੁੜੀ ਦੀ ਕਹਾਣੀ, ਜੋ ਆਪਣੀ ਉਭਰਦੀ ਹੋਈ ਕਲਾ ਨਾਲ ਆਪਣੇ ਪੈਰਾਂ ‘ਤੇ ਖੜ੍ਹਾ ਹੋਣ ਅਤੇ ਰਸੋਈ ਕਲਾ ਨਾਲ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ

ਇਹ ਕਿਹਾ ਜਾਂਦਾ ਹੈ ਕਿ ਜੋ ਲੋਕ ਆਪਣੇ ਜੀਵਨ ਵਿੱਚ ਕੁੱਝ ਹਾਸਿਲ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇੱਕ ਛੋਟੀ ਜਿਹੀ ਪ੍ਰੇਰਣਾ ਹੀ ਕਾਫੀ ਹੁੰਦੀ ਹੈ। ਪ੍ਰਮਾਤਮਾ ਨੇ ਹਰ ਕਿਸੇ ਨੂੰ ਉਪਹਾਰ ਦੇ ਨਾਲ ਭੇਜਿਆ ਹੈ, ਉਨ੍ਹਾਂ ਵਿੱਚੋਂ ਕੁੱਝ ਹੀ ਉਸ ਪ੍ਰਤਿਭਾ ਨੂੰ ਪਹਿਚਾਣ ਪਾਉਂਦੇ ਹਨ ਅਤੇ ਜ਼ਿਆਦਾਤਰ ਲੋਕ ਵਿਸ਼ਵਾਸ ਦੀ ਕਮੀ ਕਾਰਣ ਅਜਿਹਾ ਕਰਨ ਦੀ ਹਿੰਮਤ ਨਹੀਂ ਕਰਦੇ। ਪਰ ਮੋਗੇ ਦੀ ਇੱਕ ਕੁੜੀ ਨੇ ਆਪਣੀ ਪ੍ਰਤਿਭਾ ਨੂੰ ਪਹਿਚਾਣਿਆ ਅਤੇ ਆਤਮ-ਨਿਰਭਰ ਹੋਣ ਲਈ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਦੀ ਹਿੰਮਤ ਕੀਤੀ।

ਅਮਨਦੀਪ ਕੌਰ (25 ਸਾਲ) ਪਿੰਡ ਲੰਡੇ ਕੇ ਮੋਗਾ ਦੀ ਇੱਕ ਉਭਰਦੀ ਹੋਈ ਉੱਦਮਕਰਤਾ ਹੈ, ਜੋ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਵੇਂ ਕਿ ਅਸੀਂ ਸਭ ਜਾਣਦੇ ਹੀ ਹਾਂ ਕਿ ਹਰ ਨੇਤਾ ਦੇ ਪਿੱਛੇ ਇੱਕ ਸੰਘਰਸ਼ ਦਾ ਤਜ਼ਰਬਾ ਹੁੰਦਾ ਹੈ, ਜੋ ਉਸਨੂੰ ਉਸ ਜਗ੍ਹਾ ਤੱਕ ਪਹੁੰਚਾਉਣ ਲਈ ਉਤਸ਼ਾਹਿਤ ਕਰਦਾ ਹੈ। ਇਸੇ ਤਰ੍ਹਾਂ ਅਮਨਦੀਪ ਕੌਰ ਨਾਲ ਵੀ ਹੈ। ਹੋਰਨਾਂ ਕੁੜੀਆਂ ਵਾਂਗ ਉਹ ਇੱਕ ਜਵਾਨ ਅਤੇ ਉਤਸ਼ਾਹੀ ਆਤਮਾ ਵਾਲੀ ਕੁੜੀ ਹੈ, ਪਰ ਉਸਦਾ ਇਰਾਦਾ ਬਹੁਤ ਪੱਕਾ ਹੈ, ਜੋ ਉਸਨੂੰ ਦੂਜਿਆਂ ਤੋਂ ਅਲੱਗ ਕਰਦਾ ਹੈ। ਇਸ ਵੇਲੇ ਉਹ ਆਪਣੇ ਭਰਾ ਅਤੇ ਮਾਂ ਦੇ ਨਾਲ ਰਹਿ ਰਹੀ ਹੈ। ਉਸਦੇ ਪਿਤਾ ਦਾ ਬਹੁਤ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਅਤੇ ਆਰਥਿਕ ਤੰਗੀ ਕਾਰਨ ਉਸਨੇ 10ਵੀਂ ਤੋਂ ਬਾਅਦ ਪੜ੍ਹਾਈ ਛੱਡ ਦਿੱਤੀ। ਪਰ ਜਿਵੇਂ ਕਿ ਅਸੀਂ ਸੁਣਿਆ ਹੈ ਕਿ ਜੋ ਲੋਕ ਕੁੱਝ ਵੱਡਾ ਕਰਨਾ ਚਾਹੁੰਦੇ ਹਨ ਅਤੇ ਭੀੜ ਤੋਂ ਬਾਹਰ ਖੜ੍ਹੇ ਹੁੰਦੇ ਹਨ, ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਮੁਸ਼ਕਿਲਾਂ ਨਾਲ ਰੁਕਦੇ ਨਹੀਂ।

ਅੱਜ ਅਮਨਦੀਪ 7 ਕੁੜੀਆਂ ਦੇ ਗਰੁੱਪ (ਸਵਾਤੀ ਮਹਿਲਾ ਕੋਪਰੇਟਿਵ ਸੁਸਾਇਟੀ) ਦੀ ਪ੍ਰਧਾਨ ਹੈ ਅਤੇ ਇਸ ਬ੍ਰੈਂਡ ਨਾਮ ਦੇ ਤਹਿਤ ਉਹ ਸਫ਼ਲਤਾ ਦੇ ਕੁੱਝ ਕਦਮ ਚੁੱਕ ਰਹੇ ਹਨ। ਇਸ ਗਰੁੱਪ ਦੇ ਬਣਨ ਪਿੱਛੇ ਮਹਿਲਾ ਸਮਾਜ ਸੇਵਕ ਸ਼੍ਰੀਮਤੀ ਸੁੰਦਰਾ ਦਾ ਹੱਥ ਹੈ। ਸ਼੍ਰੀਮਤੀ ਸੁੰਦਰਾ ਨੇ ਇੱਕ ਛੋਟੀ ਜਿਹੀ ਪ੍ਰੇਰਣਾ ਅਮਨਦੀਪ ਨੂੰ ਦਿੱਤੀ, ਜੋ ਕਿ ਉਸ ਲਈ ਕੁੜੀਆਂ ਨੂੰ ਇਕੱਠਾ ਕਰਨ ਅਤੇ ਆਪਣੇ ਘਰ ਤੋਂ ਚਟਨੀ ਅਤੇ ਆਚਾਰ ਤਿਆਰ ਕਰਨ ਦਾ ਕਾਰੋਬਾਰ ਸ਼ੁਰੂ ਕਰਨ ਲਈ ਕਾਫੀ ਸੀ।

ਅਮਨਦੀਪ ਕੌਰ ਨੇ ਦੱਸਿਆ ਕਿ ਸ਼੍ਰੀਮਤੀ ਸੁੰਦਰਾ ਨੇ 2003 ਵਿੱਚ ਉਨ੍ਹਾਂ ਦੇ ਪਿੰਡ ਦਾ ਦੌਰਾ ਕੀਤਾ, ਉਨ੍ਹਾਂ ਨੂੰ ਇਕੱਠੇ ਕਰਕੇ ਜਾਗਰੂਕ ਕੀਤਾ ਕਿ ਉਨ੍ਹਾਂ ਦੀ ਕੀ ਸਮਰੱਥਾ ਹੈ ਅਤੇ ਉਹ ਵਿਹਲੇ ਰਹਿਣ ਦੀ ਬਜਾਏ ਆਪਣੀ ਕਲਾ ਨੂੰ ਕਿਵੇਂ ਉਪਯੋਗੀ ਬਣਾ ਸਕਦੇ ਹਨ। ਉਹ ਅਮਨਦੀਪ ਅਤੇ ਹੋਰਨਾਂ ਕੁੜੀਆਂ ਨੂੰ ਆਚਾਰ, ਚਟਨੀ ਅਤੇ ਕਈ ਹੋਰ ਖਾਣ ਵਾਲੇ ਉਤਪਾਦਾਂ, ਜਿਵੇਂ ਕਿ ਘਰੇਲੂ ਉਤਪਾਦਾਂ ਨੂੰ ਬਣਾਉਣ ਦੀ ਟ੍ਰੇਨਿੰਗ ਵਿੱਚ ਦਾਖਲਾ ਲੈਣ ਵਿੱਚ ਵੀ ਮਦਦ ਕਰਦੇ ਹਨ ਅਤੇ ਉਨ੍ਹਾਂ ਨੂੰ ਅੱਗੇ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ।

ਅਮਨਦੀਪ ਨਾ-ਸਿਰਫ਼ ਕਮਾਉਣ ਅਤੇ ਆਪਣੇ ਪਰਿਵਾਰ ਨੂੰ ਸਹਿਯੋਗ ਦੇਣ ਲਈ ਕੰਮ ਕਰ ਰਹੀ ਹੈ, ਬਲਕਿ ਸਮਾਜ ਵਿੱਚ ਆਪਣੀ ਪਹਿਚਾਣ ਬਣਾਉਣ ਲਈ ਵੀ ਕੰਮ ਕਰ ਰਹੀ ਹੈ। ਉਹ ਆਪਣੇ ਕੰਮ ਪ੍ਰਤੀ ਕਾਫੀ ਭਾਵੁਕ ਹੈ ਅਤੇ ਉਸਨੇ ਘਰ ਤੋਂ ਬਣੇ ਉਤਪਾਦਾਂ ਵਿੱਚ ਸਿੱਖਿਆ ਲੈਣ ਦੀ ਯੋਜਨਾ ਬਣਾਈ, ਤਾਂ ਕਿ ਉਹ ਵੱਖ-ਵੱਖ ਖਾਣਯੋਗ ਉਤਪਾਦਾਂ ਨੂੰ ਬਾਜ਼ਾਰ ਵਿੱਚ ਵਿਕਰੀ ਲਈ ਲਿਜਾ ਸਕੇ। ਹੋਰਨਾਂ ਕੁੜੀਆਂ ਦੇ ਨਾਮ ਪਰਮਿੰਦਰ, ਬਲਜੀਤ, ਰਣਜੀਤ, ਗੁਰਪ੍ਰੀਤ, ਚੰਨੀ, ਮਨਜੀਤ ਅਤੇ ਪਵਨਦੀਪ ਹਨ। ਇਹ ਕੁੜੀਆਂ ਸ਼ੁਰੂਆਤੀ 20ਵੇਂ ਸਾਲ ਜਾਂ ਉਸ ਤੋਂ ਘੱਟ ਉਮਰ ਦੀਆਂ ਹਨ, ਪਰ ਕੁੱਝ ਹਾਲਾਤਾਂ ਦੇ ਕਾਰਨ ਉਨ੍ਹਾਂ ਨੂੰ ਆਪਣੀ ਸਿੱਖਿਆ ਵਿੱਚ ਹੀ ਛੱਡਣੀ ਪਈ। ਉਨ੍ਹਾਂ ਦੀ ਪੜ੍ਹਾਈ ਨੂੰ ਜਾਰੀ ਰੱਖਣ, ਨਵੀਆਂ ਚੀਜ਼ਾਂ ਦਾ ਪਤਾ ਲਗਾਉਣ, ਆਪਣੀ ਕਮਾਈ ਕਰਨ ਅਤੇ ਆਤਮ-ਨਿਰਭਰ ਹੋਣ ਲਈ ਉਨ੍ਹਾਂ ਵਿੱਚ ਉਤਸ਼ਾਹ ਅਜੇ ਵੀ ਹੈ। ਸਾਰੀਆਂ ਕੁੜੀਆਂ ਆਪਣੇ ਕੰਮ ਪ੍ਰਤੀ ਬਹੁਤ ਉਸ਼ਾਹਿਤ ਹਨ ਅਤੇ ਉਹ ਆਪਣੇ ਕਾਰੋਬਾਰ ਦੇ ਨਾਲ ਪੜ੍ਹਾਈ ਜਾਰੀ ਰੱਖਣ ਵਿੱਚ ਵੀ ਦਿਲਚਸਪੀ ਰੱਖਦੀਆਂ ਹਨ।

ਅਮਨਦੀਪ ਕੌਰ ਅਤੇ ਉਸਦੇ ਗਰੁੱਪ ਦੇ ਬਾਕੀ ਮੈਂਬਰ ਕਾਫੀ ਮਿਹਨਤੀ ਹਨ ਅਤੇ ਜਾਣਦੇ ਹਨ ਕਿ ਆਪਣੇ ਕੰਮ ਦਾ ਸਹੀ ਢੰਗ ਨਾਲ ਕਿਵੇਂ ਪ੍ਰਬੰਧਨ ਕਰਨਾ ਹੈ। ਉਹ ਆਚਾਰ, ਚਟਨੀ ਅਤੇ ਇਤਰ ਬਣਾਉਣ ਲਈ ਖੁਦ ਬਜ਼ਾਰ (ਸਬਜ਼ੀ ਮੰਡੀ) ਤੋਂ ਕੱਚਾ ਮਾਲ ਖਰੀਦਦੇ ਹਨ। ਉਹ 10 ਤਰ੍ਹਾਂ ਦੇ ਆਚਾਰ, 2 ਤਰ੍ਹਾਂ ਦੀ ਚਟਨੀ ਅਤੇ 3 ਤਰ੍ਹਾਂ ਦਾ ਇਤਰ ਅਤੇ ਕੈਂਡੀਜ਼ ਵੀ ਬਣਾਉਂਦੇ ਹਨ। ਸਭ ਕੁੱਝ ਉਨ੍ਹਾਂ ਦੁਆਰਾ ਹੱਥੀਂ ਤਿਆਰ ਕੀਤਾ ਜਾਂਦਾ ਹੈ ਅਤੇ ਕਿਸੇ ਰਸਾਇਣ ਦੀ ਵਰਤੋਂ ਕੀਤੇ ਬਿਨਾਂ ਸ਼ੁੱਧ ਤੌਰ ‘ਤੇ ਬਣਾਇਆ ਜਾਂਦਾ ਹੈ। ਉਨ੍ਹਾਂ ਦੁਆਰਾ ਬਣਾਏ ਗਏ ਉਤਪਾਦਾਂ ਵਿੱਚ ਆਚਾਰ, ਚਟਨੀ ਅਤੇ ਕੈਂਡੀਜ਼ ਬਹੁਤ ਸੁਆਦ ਹੁੰਦੇ ਹਨ ਅਤੇ ਅਸਲ ਸੁਆਦ ਵਾਲੇ ਹੁੰਦੇ ਹਨ ਅਤੇ ਇਹ ਤੁਹਾਨੂੰ ਤੁਹਾਡੀ ਦਾਦੀ ਹੱਥਾਂ ਦੀ ਯਾਦ ਦਿਵਾਉਣਗੇ।

ਅੰਬ ਦੀ ਚਟਨੀ, ਲੱਛੇ ਨਿੰਬੂ ਦਾ ਆਚਾਰ, ਅਦਰਕ ਦਾ ਆਚਾਰ ਅਤੇ ਲਸਣ ਦਾ ਆਚਾਰ ਸਭ ਤੋਂ ਵੱਧ ਵਿਕਣ ਵਾਲਾ ਉਤਪਾਦ ਹੈ। ਉਹ ਕਈ ਪ੍ਰਦਰਸ਼ਨੀਆਂ ਅਤੇ ਸਮਾਰੋਹ ਵਿੱਚ ਜਾਂਦੇ ਹਨ, ਤਾਂ ਕਿ ਉਹ ਆਪਣੇ ਹੱਥੀਂ ਤਿਆਰ ਉਤਪਾਦਾਂ ਨੂੰ ਵੇਚ ਸਕਣ ਅਤੇ ਇਸ ਤੋਂ ਇਲਾਵਾ ਉਹ ਆਪਣੇ ਉਤਪਾਦ ਨੂੰ ਵੇਚਣ ਲਈ ਖੁਦ ਵੱਖ-ਵੱਖ ਸਮਾਜਾਂ ਅਤੇ ਕਮੇਟੀਆਂ ਵਿੱਚ ਜਾ ਕੇ ਦੌਰਾ ਕਰਦੇ ਹਨ। ਹੁਣ ਤੱਕ ਉਹ ਫਤਿਹਗੜ, ਫਿਰੋਜ਼ਪੁਰ, ਲੁਧਿਆਣਾ ਅਤੇ ਮੋਗਾ ਵਿੱਚ ਗਏ ਹਨ ਅਤੇ ਭਵਿੱਖ ਵਿੱਚ ਵੱਧ ਤੋਂ ਵੱਧ ਸ਼ਹਿਰਾਂ ਵਿੱਚ ਜਾਣਗੇ। ਆਮ ਤੌਰ ‘ਤੇ ਉਹ ਹਰ ਇੱਕ ਦਿਨ ਵਿੱਚ 1 ਕਿਲੋ ਆਚਾਰ ਦੇ ਲਗਭਗ 100 ਬਕਸੇ ਤਿਆਰ ਕਰਦੇ ਹਨ।

ਇਸ ਸਮੇਂ ਇਸ ਗਰੁੱਪ ਦੀ ਕੁੱਲ ਆਮਦਨ ਕੇਵਲ 20000 ਰੁਪਏ ਪ੍ਰਤੀ ਮਹੀਨਾ ਹੈ ਅਤੇ ਉਨ੍ਹਾਂ ਲਈ ਇਸ ਘੱਟ ਆਮਦਨ ਵਿੱਚ ਪ੍ਰਬੰਧਨ ਕਰਨਾ ਬਹੁਤ ਮੁਸ਼ਕਿਲ ਹੈ। ਇਸਦਾ ਕਾਰਨ ਇਹ ਹੈ ਕਿ ਉਨ੍ਹਾਂ ਦੇ ਉਤਪਾਦ ਨੂੰ ਵੇਚਣ ਲਈ ਉਨ੍ਹਾਂ ਕੋਲ ਉਚਿੱਤ ਪਲੇਟਫਾਰਮ ਨਹੀਂ ਹੈ ਅਤੇ ਬਹੁਤ ਘੱਟ ਲੋਕ ਸਵਾਤੀ ਮਹਿਲਾ ਕੋਪਰੇਟਿਵ ਸੁਸਾਇਟੀ ਦੇ ਬਾਰੇ ਵਿੱਚ ਜਾਣਦੇ ਹਨ। ਉਨ੍ਹਾਂ ਦੇ ਅਨੁਸਾਰ ਇਹ ਸਿਰਫ਼ ਸ਼ੁਰੂਆਤ ਹੈ ਅਤੇ ਇਸ ਪ੍ਰਕਾਰ ਦੀਆਂ ਮੁਸ਼ਕਿਲਾਂ ਕਦੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰ ਸਕਦੀਆਂ ਅਤੇ ਜੋ ਵੀ ਕੰਮ ਉਹ ਕਰ ਰਹੀਆਂ ਹਨ ਉਸ ਤੋਂ ਰੋਕ ਨਹੀਂ ਸਕਦੀਆਂ।

ਅਮਨਦੀਪ ਕੌਰ ਦੁਆਰਾ ਦਿੱਤਾ ਗਿਆ ਸੰਦੇਸ਼
ਹਰ ਕੁੜੀ ਨੂੰ ਆਪਣਾ ਹੁਨਰ ਪਹਿਚਾਣਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਜ਼ੋਰ ‘ਤੇ ਆਤਮ-ਨਿਰਭਰ ਹੋਣ ਲਈ ਬੁੱਧੀਮਾਨੀ ਨਾਲ ਇਸਦਾ ਪ੍ਰਯੋਗ ਕਰਨਾ ਚਾਹੀਦਾ ਹੈ। ਅੱਜ ਮਹਿਲਾਵਾਂ ਨੂੰ ਦੂਜਿਆਂ ‘ਤੇ ਨਿਰਭਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਆਤਮ-ਨਿਰਧਾਰਿਤ ਅਤੇ ਸਵੈ-ਨਿਯੰਤ੍ਰਿਤ ਹੋਣਾ ਚਾਹੀਦਾ ਹੈ, ਕਿਉਂਕਿ ਵਧੀਆ ਲੱਗਦਾ ਹੈ ਜਦੋਂ ਤੁਹਾਡੇ ਵਿੱਚ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਸ਼ਕਤੀ ਹੁੰਦੀ ਹੈ। ਰਸਤਾ ਦਿਖਾਉਣ ਵਿੱਚ ਸਿੱਖਿਆ ਬਹੁਤ ਜ਼ਰੂਰੀ ਹੈ। ਕੰਮ ਅਤੇ ਆਤਮ-ਨਿਰਭਰਤਾ ਤੁਹਾਨੂੰ ਮਹਿਸੂਸ ਕਰਵਾਉਂਦੇ ਹਨ ਕਿ ਤੁਸੀਂ ਕੀ ਹੋ? ਇਸ ਲਈ ਹਰ ਕੁੜੀ ਨੂੰ ਆਪਣੀ ਸਿੱਖਿਆ ਪੁਰੀ ਕਰਨੀ ਚਾਹੀਦੀ ਹੈ ਅਤੇ ਦਿਲਚਸਪੀ ਨਾਲ ਉਨ੍ਹਾਂ ਨੂੰ ਆਪਣਾ ਰਾਸਤਾ ਚੁਣਨਾ ਚਾਹੀਦਾ ਹੈ, ਜੋ ਕਿ ਵਧੀਆ ਜ਼ਿੰਦਗੀ ਜਿਊਣ ਵਿੱਚ ਮਦਦ ਕਰਦਾ ਹੈ।”