ਅੰਕੁਰ ਅਤੇ ਅੰਕਿਤਾ ਸਿੰਘ

ਪੂਰੀ ਕਹਾਣੀ ਪੜ੍ਹੋ

ਸਿਮਬਾਇਓਸਿਸ ਤੋਂ ਗ੍ਰੈਜੂਏਟ ਇਸ ਪਤੀ-ਪਤਨੀ ਦੀ ਜੋੜੀ ਪਸ਼ੂ ਪਾਲਣ ਦੇ ਇੱਕ ਨਵੇਂ ਵਿਚਾਰ ਨਾਲ ਖੇਤੀ ਉਦਯੋਗ ਦੀ ਨਵੀਂ ਪਰਿਭਾਸ਼ਾ ਦੇ ਰਹੀ ਹੈ

ਭਾਰਤ ਦੀ ਇੱਕ ਮੰਨੀ-ਪ੍ਰਮੰਨੀ ਯੂਨੀਵਰਸਿਟੀ ਤੋਂ ਐਗਰੀ-ਬਿਜ਼ਨੈੱਸ ਵਿੱਚ ਐੱਮ.ਬੀ.ਏ. ਕਰਨ ਤੋਂ ਬਾਅਦ ਤੁਸੀਂ ਕਿਸ ਜੀਵਨ ਦੀ ਕਲਪਨਾ ਕਰਦੇ ਹੋ, ਸ਼ਾਇਦ ਖੇਤੀ ਵਿਸ਼ਲੇਸ਼ਕ, ਫਾਰਮ ਨਿਰਧਾਰਕ, ਮੰਡੀ ਵਿਸ਼ਲੇਸ਼ਕ, ਗੁਣਵੱਤਾ ਕੰਟਰੋਲ ਜਾਂ ਐਗਰੀਬਿਜ਼ਨੈੱਸ ਮਾਰਕਟਿੰਗ ਸੰਚਾਲਕ?

ਬਾ-ਖ਼ੂਬੀ, ਐੱਮ.ਬੀ.ਏ. ਖੇਤੀਬਾੜੀ ਗ੍ਰੈਜੂਏਟ ਦੇ ਲਈ ਇਹ ਨੌਕਰੀ ਦੇ ਸੁਪਨੇ ਸੱਚ ਹੋਣ ਵਾਂਗ ਹਨ ਅਤੇ ਜਦੋਂ ਤੁਸੀਂ ਆਪਣੀ ਐੱਮ.ਬੀ.ਏ. ਕਿਸੇ ਪ੍ਰਸਿੱਧ ਯੂਨੀਵਰਸਿਟੀ ਤੋਂ ਕੀਤੀ ਹੋਵੇ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਸਕਦੀ ਹੈ। ਪਰ ਬਹੁਤ ਘੱਟ ਲੋਕ ਹੁੰਦੇ ਹਨ ਜੋ ਇੱਕ ਮਲਟੀਨੈਸ਼ਨਲ ਸੰਗਠਨ ਦਾ ਹਿੱਸਾ ਬਣਨ ਦੀ ਬਜਾਏ, ਇੱਕ ਸ਼ੁਰੂਆਤੀ ਉੱਦਮੀ ਦੇ ਰੂਪ ਵਿੱਚ ਉਭਰਨਾ ਪਸੰਦ ਕਰਦੇ ਹਨ, ਜੋ ਉਹਨਾਂ ਦੇ ਹੁਨਰ ਅਤੇ ਸਮਰੱਥਾ ਨੂੰ ਸਹੀ ਅਰਥ ਦਿੰਦਾ ਹੈ।

ਅਰਬਨ ਡੇਅਰੀ ਇੱਕ ਪਹਿਲ ਹੈ, ਜੋ ਇੱਕ ਜੋੜੀ – ਅੰਕੁਰ ਅਤੇ ਅੰਕਿਤਾ ਦੁਆਰਾ ਸ਼ੁਰੂ ਕੀਤੀ ਗਈ, ਜਿਸ ਦਾ ਮਕਸਦ ਕੱਚੇ ਰੂਪ ਵਿੱਚ ਦੁੱਧ ਵੇਚਣ ਵਾਲੇ ਖਾਸ ਵਿਚਾਰ ਨਾਲ ਡੇਅਰੀ ਧੰਦੇ ਦੀ ਧਾਰਨਾ ਨੂੰ ਮੁੜ ਪ੍ਰਭਾਸ਼ਿਤ ਕਰਨਾ ਹੈ। ਇਹ ਫਾਰਮ ਕਾਨਪੁਰ ਸ਼ਹਿਰ ਤੋਂ 55 ਕਿਲੋਮੀਟਰ ਦੀ ਦੂਰੀ ਉਨਾਓ ਜ਼ਿਲ੍ਹੇ ਵਿੱਚ ਸਥਿਤ ਹੈ।

ਇਸ ਦੁੱਧ ਉੱਦਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਅੰਕੁਰ ਵਿਭਿੰਨ ਕੰਪਨੀਆਂ ਵਿੱਚ ਇੱਕ ਬਾਇਓਟੈਕਨਾੱਲੋਜਿਸਟ ਅਤੇ ਕਿਸਾਨ ਦੇ ਰੂਪ ਵਿੱਚ ਕੰਮ ਕਰ ਰਹੇ ਸੀ (ਕੁੱਲ ਕੰਮ ਦਾ ਅਨੁਭਵ 2 ਸਾਲ) ਅਤੇ 2014 ਵਿੱਚ ਅੰਕੁਰ ਆਪਣੀ ਦੋਸਤ ਅੰਕਿਤਾ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਗਏ, ਜਿਸ ਨੇ ਉਸ ਨਾਲ ਪੂਨੇ ਵਿੱਚ ਸਿਮਬਾਇਓਸਿਸ ਤੋਂ ਹੀ ਐੱਮ.ਬੀ.ਏ. ਕੀਤੀ ਸੀ।

ਖੈਰ, ਕੱਚਾ ਦੁੱਧ ਵੇਚਣ ਦਾ ਇਹ ਵਿਚਾਰ ਉਦੋਂ ਸਿੱਧ ਹੋਇਆ, ਜਦ ਅੰਕੁਰ ਦਾ ਭਤੀਜਾ ਭਾਰਤ ਆਇਆ ਕਿਉਂਕਿ ਉਹ ਪਹਿਲੀ ਵਾਰ ਭਾਰਤ ਆਇਆ ਸੀ ਤਾਂ ਅੰਕੁਰ ਨੇ ਉਸ ਦੇ ਇਸ ਅਨੁਭਵ ਨੂੰ ਕੁੱਝ ਖਾਸ ਬਣਾਉਣ ਦਾ ਫੈਸਲਾ ਕੀਤਾ।

ਅੰਕੁਰ ਨੇ ਉਚੇਚੇ ਤੌਰ ‘ਤੇ ਗਾਂ ਦੀ ਸਵਦੇਸ਼ੀ ਨਸਲ – ਸਾਹੀਵਾਲ ਖਰੀਦੀ ਅਤੇ ਉਸ ਨੂੰ ਦੁੱਧ ਦੀ ਪ੍ਰਾਪਤੀ ਲਈ ਪਾਲਣਾ ਸ਼ੁਰੂ ਕੀਤਾ। ਹਾਲਾਂਕਿ ਇਹ ਉਦੇਸ਼ ਉਸ ਦੇ ਭਤੀਜੇ ਲਈ ਸੀ, ਪਰ ਉਹਨਾਂ ਨੂੰ ਜਲਦੀ ਹੀ ਅਹਿਸਾਸ ਹੋਇਆ ਕਿ ਗਾਂ ਦਾ ਦੁੱਧ, ਪੈਕ ਕੀਤੇ ਦੁੱਧ ਤੋਂ ਜਿਆਦਾ ਸਵੱਸਥ ਅਤੇ ਸੁਆਦੀ ਹੈ। ਹੌਲੀ- ਹੌਲੀ ਸਾਰੇ ਪਰਿਵਾਰ ਨੂੰ ਗਾਂ ਦਾ ਦੁੱਧ ਪਸੰਦ ਆਉਣ ਲੱਗਾ ਅਤੇ ਸਾਰਿਆਂ ਨੇ ਦੁੱਧ ਪੀਣਾ ਸ਼ੁਰੂ ਕਰ ਦਿੱਤਾ।

ਅੰਕੁਰ ਨੂੰ ਬਚਪਨ ਤੋਂ ਹੀ ਪਸ਼ੂਆਂ ਦਾ ਸ਼ੌਂਕ ਸੀ, ਪਰ ਇਸ ਘਟਨਾ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਸਿਹਤ ਦੇ ਨਾਲ ਕਿਉਂ ਸਮਝੌਤਾ ਕਰਨਾ ਅਤੇ 2015 ਵਿੱਚ ਦੋਨੋਂ ਪਤੀ-ਪਤਨੀ( ਅੰਕੁਰ ਅਤੇ ਅੰਕਿਤਾ) ਨੇ ਪਸ਼ੂ ਪਾਲਣ ਦਾ ਧੰਦਾ ਸ਼ੁਰੂ ਕਰਨ ਦਾ ਫੈਸਲਾ ਕੀਤਾ। ਅੰਕੁਰ ਨੇ ਪਸ਼ੂ ਪਾਲਣ ਸ਼ੁਰੂ ਕਰਨ ਤੋਂ ਪਹਿਲਾਂ NDRI ਕਰਨਾਲ ਤੋਂ ਛੋਟੀ ਜਿਹੀ ਟ੍ਰੇਨਿੰਗ ਕੀਤੀ ਅਤੇ ਇਸ ਵਿਚਕਾਰ ਉਸ ਦੀ ਪਤਨੀ ਅੰਕਿਤਾ ਨੇ ਸਾਰੇ ਨਿਰਮਾਣ ਕੰਮਾਂ ਦੀ ਦੇਖ-ਰੇਖ ਕੀਤੀ। ਉਹਨਾਂ ਨੇ 6 ਹਾੱਲਸਟੀਨ ਤੋਂ ਤਿਆਰ ਕੀਤੀਆਂ ਗਾਵਾਂ ਤੋਂ ਸ਼ੁਰੂਆਤ ਕੀਤੀ ਅਤੇ ਹੁਣ 3 ਸਾਲ ਬਾਅਦ ਉਹਨਾਂ ਕੋਲ ਗਊਸ਼ਾਲਾ ਵਿੱਚ ਹਾੱਲਸਟੀਨ/ਜਰਸੀ ਦੇ ਸੁਮੇਲ ਨਾਲ ਤਿਆਰ ਕੀਤੀਆਂ 34 ਅਤੇ 7 ਸਵਦੇਸ਼ੀ (ਸਾਹੀਵਾਲ, ਲਾਲ ਸਿੰਧੀ, ਥਾਰਪਾਰਕਰ) ਗਾਵਾਂ ਹਨ।

ਅਰਬਨ ਡੇਅਰੀ ਨਾਮ ਨੂੰ ਉਹਨਾਂ ਆਪਣੇ ਬਰੈਂਡ ਦਾ ਨਾਮ ਰੱਖਣ ਬਾਰੇ ਸੋਚਿਆ, ਜੋ ਕਿ ਗ੍ਰਾਮੀਣ ਵਿਸ਼ੇ ਨੂੰ ਸ਼ਹਿਰ ਨਾਲ ਜੋੜਦਾ ਹੈ। ਇਹ ਦੋ ਅਜਿਹੇ ਖੇਤਰਾਂ ਨੂੰ ਜੋੜਦਾ ਹੈ ਜੋ ਕਿ ਇੱਕ ਦੂਸਰੇ ਤੋਂ ਬਿਲਕੁਲ ਹੀ ਉਲਟ ਹਨ। ਉਹਨਾਂ ਨੇ ਇੱਥੋਂ ਤੱਕ ਪਹੁੰਚਣ ਲਈ ਡੇਅਰੀ ਫਾਰਮ ਦੇ ਪ੍ਰਬੰਧਨ ਤੋਂ ਲੈ ਕੇ ਉਤਪਾਦ ਦਾ ਮੰਡੀਕਰਨ ਅਤੇ ਵਿਕਾਸ ਲਈ ਇੱਕ ਵੀ ਕੰਮ ਨਹੀਂ ਛੱਡਿਆ। ਪੂਰੇ ਫਾਰਮ ਦਾ ਨਿਰਮਾਣ 4 ਏਕੜ ਵਿੱਚ ਕੀਤਾ ਗਿਆ ਅਤੇ ਇਸਦੀ ਦੇਖਭਾਲ ਲਈ 7 ਕਰਮਚਾਰੀ ਹਨ। ਪਸ਼ੂਆਂ ਨੂੰ ਨਹਿਲਾਉਣਾ, ਆਹਾਰ ਦੇਣਾ, ਗਾਵਾਂ ਦੀ ਸਵੱਛਤਾ ਬਣਾਈ ਰੱਖਣਾ ਅਤੇ ਹੋਰ ਫਾਰਮ ਸੰਬੰਧਿਤ ਕੰਮ ਕਰਮਚਾਰੀਆਂ ਦੁਆਰਾ ਹੱਥੀਂ ਕੀਤੇ ਜਾਂਦੇ ਹਨ ਅਤੇ ਗਾਵਾਂ ਦੇ ਆਰਾਮ ਲਈ ਮਸ਼ੀਨਾਂ ਦੁਆਰਾ ਅਤੇ ਹੱਥੀਂ ਦੁੱਧ ਚੋਣ ਦਾ ਕੰਮ ਕੀਤਾ ਜਾਂਦਾ ਹੈ। ਅੰਕੁਰ ਅਤੇ ਅੰਕਿਤਾ ਦੋਨੋਂ ਹੀ ਬਿਨਾਂ ਰੁਕਾਵਟ ਦੇ ਦਿਨ ਵਿੱਚ ਇੱਕ ਵਾਰ ਫਾਰਮ ‘ਤੇ ਜ਼ਰੂਰ ਜਾਂਦੇ ਹਨ। ਉਹ ਆਪਣੇ ਫਾਰਮ ਵਿੱਚ ਜ਼ਿਆਦਾ ਸਮਾਂ ਬਿਤਾਉਣਾ ਪਸੰਦ ਤਾਂ ਕਰਦੇ ਹੀ ਹਨ, ਬਲਕਿ ਕਰਮਚਾਰੀਆਂ ਦੀ ਉਹਨਾਂ ਦੇ ਕੰਮ ਨੂੰ ਵਧੀਆ ਢੰਗ ਨਾਲ ਕਰਨ ਵਿੱਚ ਮਦਦ ਵੀ ਕਰਦੇ ਹਨ।

“ਅੰਕੁਰ: ਅਸੀਂ ਗਾਂ ਦੀ ਫੀਡ ਖੁਦ ਤਿਆਰ ਕਰਦੇ ਹਾਂ ਕਿਉਂਕਿ ਦੁੱਧ ਦੀ ਉਪਜ ਅਤੇ ਗਾਂ ਦੀ ਸਿਹਤ ਪੂਰੀ ਤਰ੍ਹਾਂ ਫੀਡ ‘ਤੇ ਹੀ ਨਿਰਭਰ ਕਰਦੀ ਹੈ ਅਤੇ ਅਸੀਂ ਇਸ ਵਿੱਚ ਕਦੇ ਵੀ ਸਮਝੌਤਾ ਨਹੀਂ ਕਰਦੇ। ਗਾਂ ਦੀ ਫੀਡ ਦਾ ਫਾਰਮੂਲਾ ਜੋ ਅਸੀਂ ਵਰਤਦੇ ਹਾਂ ਉਹ ਹੈ- 33% ਪ੍ਰੋਟੀਨ, 33% ਉਦਯੋਗਿਕ ਵਿਅਰਥ ਪਦਾਰਥ( ਚੋਕਰ), 33% ਅਨਾਜ (ਮੱਕੀ, ਚਨੇ) ਅਤੇ ਵਾਧੂ ਖਣਿਜ ਪਦਾਰਥ।

ਪਸ਼ੂ ਪਾਲਣ ਤੋਂ ਇਲਾਵਾ ਉਹ ਜੈਵਿਕ ਖੇਤੀ ਦੇ ਧੰਦੇ ਵਿੱਚ ਵੀ ਪੂਰੀ ਤਰ੍ਹਾਂ ਜੁਟੇ ਹਨ। ਉਹਨਾਂ ਨੇ ਹੋਰ 4 ਏਕੜ ਦੀ ਜ਼ਮੀਨ ਕਿਰਾਏ ‘ਤੇ ਲਈ ਹੈ। ਇਸ ਤੋਂ ਪਹਿਲਾਂ ਅੰਕਿਤਾ ਨੇ ਉਸ ਜ਼ਮੀਨ ਦੀ ਵਰਤੋਂ ਇੱਕ ਘਰੇਲੂ ਬਗ਼ੀਚੀ ਦੇ ਰੂਪ ਵਿੱਚ ਕੀਤੀ। ਉਹਨਾਂ ਨੇ ਗਾਂ ਦੇ ਗੋਬਰ ਤੋਂ ਇਲਾਵਾ ਉਸ ਜ਼ਮੀਨ ‘ਤੇ ਕਿਸੇ ਵੀ ਖਾਦ ਜਾਂ ਕੀਟਨਾਸ਼ਕ ਦਾ ਇਸਤੇਮਾਲ ਨਹੀਂ ਕੀਤਾ। ਹੁਣ ਇਹ ਭੂਮੀ ਪੂਰੀ ਤਰ੍ਹਾਂ ਨਾਲ ਜੈਵਿਕ ਬਣ ਗਈ ਹੈ, ਜਿਸ ਦੀ ਵਰਤੋਂ ਕਣਕ, ਚਨੇ, ਲਸਣ, ਮਿਰਚ, ਧਨੀਆ ਅਤੇ ਹੋਰ ਮੌਸਮੀ ਸਬਜ਼ੀਆਂ ਉਗਾਉਣ ਲਈ ਕੀਤਾ ਜਾਂਦਾ ਹੈ। ਇਹ ਇਨ੍ਹਾਂ ਫ਼ਸਲਾਂ ਦੀ ਵਰਤੋਂ ਗਾਂ ਦੇ ਚਾਰੇ ਅਤੇ ਘਰੇਲੂ ਜ਼ਰੂਰਤਾਂ ਲਈ ਕਰਦੇ ਹਨ।

“ਸ਼ੁਰੂਆਤ ਵਿੱਚ, ਮੇਰੀ HF ਪ੍ਰਜਣਿਤ ਗਾਂ 12 ਲੀਟਰ ਦੁੱਧ ਦਿੰਦੀ ਸੀ, ਦੂਸਰੇ ਸੂਏ ਤੋਂ ਬਾਅਦ ਉਸ ਨੇ 18 ਲੀਟਰ ਦੁੱਧ ਦੇਣਾ ਸ਼ੁਰੂ ਕੀਤਾ ਅਤੇ ਹੁਣ ਉਹ ਤੀਸਰੇ ਸੂਏ ਹੈ ਅਤੇ ਅਸੀਂ 24 ਲੀਟਰ ਦੁੱਧ ਦੀ ਉਮੀਦ ਕਰ ਰਹੇ ਹਾਂ। ਦੁੱਧ ਉਤਪਾਦਨ ਵਿੱਚ ਤੇਜ਼ੀ ਨਾਲ ਵਾਧੇ ਦੀ ਸੰਭਾਵਨਾ ਹੈ।”

ਮਾਰਕਟਿੰਗ:

ਦੁੱਧ ਨੂੰ ਇੱਕ ਵੱਡੇ ਦੁੱਧ ਦੇ ਕੰਟੇਨਰ ਵਿੱਚ ਭਰਨ ਅਤੇ ਇੱਕ ਪੁਰਾਣੇ ਦੁੱਧ ਮਾਪਣ ਵਾਲੇ ਯੰਤਰ ਦੀ ਥਾਂ ਉਨ੍ਹਾਂ ਨੇ ਆਪਣੇ ਉਤਪਾਦਨ ਨੂੰ ਵਧਾਉਣ ਲਈ ਇੱਕ ਨਵਾਂ ਵਿਚਾਰ ਬਣਾਇਆ। ਉਹ ਕੱਚੇ ਦੁੱਧ ਨੂੰ ਛਾਣਨ ਤੋਂ ਬਾਅਦ ਕੱਚ ਦੀਆਂ ਬੋਤਲਾਂ ਵਿੱਚ ਭਰਦੇ ਹਨ ਅਤੇ ਫਿਰ ਗਾਹਕਾਂ ਤੱਕ ਪਹੁੰਚਾਉਂਦੇ ਹਨ।

ਲੋਕਾਂ ਨੇ ਖੁੱਲੀਆਂ ਬਾਹਾਂ ਨਾਲ ਉਹਨਾਂ ਦੇ ਉਤਪਾਦ ਨੂੰ ਸਵੀਕਾਰ ਕੀਤਾ, 3 ਸਾਲਾਂ ਤੋਂ ਉਹਨਾਂ ਨੇ ਆਪਣੇ ਉਤਪਾਦਨ ਦੀ ਵਿਕਰੀ ਲਈ ਕੋਈ ਯੋਜਨਾ ਨਹੀਂ ਬਣਾਈ ਅਤੇ ਨਾ ਹੀ ਲੋਕਾਂ ਨੂੰ ਉਤਪਾਦ ਦਾ ਪ੍ਰਯੋਗ ਕਰਨ ਦੇ ਲਈ ਕੋਈ ਵਿਗਿਆਪਨ ਦਿੱਤਾ। ਜਿੰਨੇ ਵੀ ਉਹਨਾਂ ਨਾਲ ਹੁਣ ਤੱਕ ਗਾਹਕ ਜੁੜੇ ਹਨ, ਇਹ ਸਭ ਉਹਨਾਂ ਦੇ ਮੌਜੂਦਾ ਗਾਹਕਾਂ ਤੋਂ ਉਤਪਾਦ ਦੀ ਪ੍ਰਸ਼ੰਸਾ ਸੁਣ ਕੇ ਪ੍ਰਭਾਵਿਤ ਹੋਏ ਹਨ। ਇਸ ਪ੍ਰਤੀਕਿਰਿਆ ਨੇ ਉਹਨਾਂ ਨੂੰ ਇੰਨਾ ਪ੍ਰੇਰਿਤ ਕੀਤਾ ਕਿ ਉਹਨਾਂ ਨੇ ਪਨੀਰ, ਘਿਓ ਅਤੇ ਹੋਰ ਡੇਅਰੀ ਉਤਪਾਦਾਂ ਦਾ ਉਤਪਾਦਨ ਸ਼ੁਰੂ ਕਰ ਦਿੱਤਾ। ਗਾਹਕਾਂ ਦੀ ਸਕਾਰਾਤਮਕ ਪ੍ਰਤੀਕਿਰਿਆ ਦੇ ਨਾਲ ਉਹਨਾਂ ਦੀ ਵਿਕਰੀ ਵਿੱਚ ਵਾਧਾ ਹੋਇਆ ਹੈ। ਦੁੱਧ ਦੀ ਵਿਕਰੀ ਲਈ ਸ਼ਹਿਰ ਵਿੱਚ ਉਹਨਾਂ ਦਾ ਆਪਣਾ ਫੈਲਿਆ ਹੋਇਆ ਨੈਟਵਰਕ ਹੈ ਜੋ ਉਨ੍ਹਾਂ ਦੀ ਉੱਨਤੀ ਦੇਖ ਕੇ ਸਮੇਂ ਦੇ ਨਾਲ ਹੋਰ ਜ਼ਿਆਦਾ ਵੱਧ ਜਾਵੇਗਾ।

ਭਵਿੱਖ ਦੀਆਂ ਯੋਜਨਾਵਾਂ:

ਦੇਸੀ ਨਸਲ ਦੀ ਗਾਂ ਦੇ ਦੁੱਧ ਉਤਪਾਦਨ ਦੀ ਸਮਰਥਾ ਇੰਨੀ ਜ਼ਿਆਦਾ ਨਹੀਂ ਹੁੰਦੀ ਅਤੇ ਉਹ ਸਵਦੇਸ਼ੀ ਗਾਵਾਂ ਦੇ ਦੁਆਰਾ ਗਾਂ ਦੀ ਇੱਕ ਨਵੀਂ ਨਸਲ ਵਿਕਸਤ ਕਰਨਾ ਚਾਹੁੰਦੇ ਹਨ, ਜਿਹਨਾਂ ਦੇ ਦੁੱਧ ਉਤਪਾਦਨ ਦੀ ਸਮਰੱਥਾ ਜ਼ਿਆਦਾ ਹੋਵੇ ਕਿਉਂਕਿ ਦੇਸੀ ਨਸਲ ਦੀ ਗਾਂ ਦੇ ਦੁੱਧ ਦੀ ਗੁਣਵੱਤਾ ਜ਼ਿਆਦਾ ਬਿਹਤਰ ਹੈ ਅਤੇ ਮਨੁੱਖਾਂ ਦੇ ਲਈ ਇਸ ਦੇ ਕਈ ਲਾਭ ਵੀ ਦੇਖੇ ਗਏ ਹਨ।

ਉਹਨਾਂ ਦੇ ਅਨੁਸਾਰ, ਸਹੀ ਹਾਲਾਤਾਂ ਵਿੱਚ ਦੁੱਧ ਨੂੰ ਇੱਕ ਹਫ਼ਤੇ ਦੇ ਲਈ 2 ਡਿਗਰੀ ਸੈਂਟੀਗਰੇਡ ‘ਤੇ ਰੱਖਿਆ ਜਾ ਸਕਦਾ ਹੈ ਅਤੇ ਇਸ ਮਕਸਦ ਦੇ ਲਈ ਉਹ ਆਉਣ ਵਾਲੇ ਸਮੇਂ ਵਿੱਚ ਦੁੱਧ ਨੂੰ ਲੰਬੇ ਸਮੇਂ ਤੱਕ ਸਟੋਰ ਕਰਨ ਦੇ ਲਈ ਇੱਕ ਚਿੱਲਰ ਸਟੋਰੇਜ ਵਿੱਚ ਨਿਵੇਸ਼ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਦੁੱਧ ਨੂੰ ਹੋਰ ਮੰਤਵਾਂ ਲਈ ਪ੍ਰਯੋਗ ਕਰ ਸਕਣ।

ਸੰਦੇਸ਼:
“ਪਸ਼ੂ ਪਾਲਕਾਂ ਨੂੰ ਉਹਨਾਂ ਦੀ ਗਾਵਾਂ ਦੀ ਸਵੱਛਤਾ ਅਤੇ ਦੇਖਭਾਲ ਵਿੱਚ ਲਾਪਰਵਾਹੀ ਨਹੀਂ ਕਰਨੀ ਚਾਹੀਦੀ, ਉਹਨਾਂ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਦਾ ਧਿਆਨ ਉਸ ਤਰ੍ਹਾਂ ਹੀ ਰੱਖਣ ਜਿਵੇਂ ਉਹ ਆਪਣੀ ਸਿਹਤ ਦਾ ਰੱਖਦੇ ਹਨ ਅਤੇ ਪਸ਼ੂ ਪਾਲਣ ਸ਼ੁਰੂ ਕਰਨ ਤੋਂ ਪਹਿਲਾਂ ਹਰ ਕਿਸਾਨ ਨੂੰ ਇਸ ਬਾਰੇ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਵਧੀਆ ਭਵਿੱਖ ਦੇ ਲਈ ਮੌਜੂਦਾ ਪਸ਼ੂ ਪਾਲਣ ਦੇ ਢੰਗ ਨਾਲ ਖੁਦ ਨੂੰ ਅੱਪਡੇਟ ਰੱਖਣਾ ਚਾਹੀਦਾ ਹੈ। ਪਸ਼ੂ ਪਾਲਣ ਕੇਵਲ ਤਦ ਹੀ ਲਾਭਦਾਇਕ ਹੋ ਸਕਦਾ ਹੈ ਜਦੋਂ ਤੁਹਾਡੇ ਫਾਰਮ ਦੇ ਪਸ਼ੂ ਖੁਸ਼ ਹੋਣ। ਤੁਹਾਡੇ ਉਤਪਾਦ ਦਾ ਵੇਚ ਮੁੱਲ ਤੁਹਾਨੂੰ ਮੁਨਾਫ਼ਾ ਨਹੀਂ ਦੇ ਸਕਦਾ ਪਰ ਇੱਕ ਖੁਸ਼ ਪਸ਼ੂ ਤੁਹਾਨੂੰ ਚੰਗਾ ਮੁਨਾਫ਼ਾ ਕਮਾਉਣ ਵਿੱਚ ਮਦਦ ਕਰ ਸਕਦਾ ਹੈ।”

ਕੱਟਾ ਰਾਮਾਕ੍ਰਿਸ਼ਨਾ

ਪੂਰੀ ਕਹਾਣੀ ਪੜ੍ਹੋ

ਕਿਵੇਂ ਕੱਟਾ ਰਾਮਕ੍ਰਿਸ਼ਨਾ ਨੇ ਉੱਚ ਘਣਤਾ ਵਾਲੀ ਰੋਪਣ ਤਕਨੀਕ ਨਾਲ ਕਪਾਹ ਦੀ ਖੇਤੀ ਨੂੰ ਹੋਰ ਦਿਲਚਸਪ ਬਣਾਇਆ

ਕੱਟਾ ਰਾਮਾਕ੍ਰਿਸ਼ਨਾ ਆਂਧਰਾ ਪ੍ਰਦੇਸ਼ ਦੇ ਪ੍ਰਕਾਸਮ ਜ਼ਿਲ੍ਹੇ ਦੇ ਨਾਗੁਲੂਪੱਲਡੂ ਮੰਡਲ ਦੇ ਨੇੜੇ ਓਬੰਨਾਪਲੇਮ ਪਿੰਡ ਦੇ ਇੱਕ ਅਗਾਂਹਵਧੂ ਕਿਸਾਨ ਹਨ। ਉਨ੍ਹਾਂ ਨੇ ਵਿਗਿਆਨੀਆਂ ਦੇ ਸੁਝਾਅ ਅਨੁਸਾਰ ਆਪਣੇ ਕਪਾਹ ਦੇ ਖੇਤ ਵਿੱਚ ਉੱਚ-ਘਣਤਾ ਵਾਲੀ ਰੋਪਣ ਤਕਨੀਕ ਨੂੰ ਸਫ਼ਲਤਾਪੂਰਵਕ ਲਾਗੂ ਕੀਤਾ, ਜਿਸ ਨਾਲ ਬਿਹਤਰ ਅਤੇ ਉੱਚ ਪੈਦਾਵਾਰ ਪ੍ਰਾਪਤ ਕੀਤੀ।

ਕੱਟਾ ਰਾਮਾਕ੍ਰਿਸ਼ਨਾ ਦੀ ਇੱਕ ਛੋਟੇ ਜਿਹੇ ਖੇਤਰ ਵਿੱਚ ਜ਼ਿਆਦਾ ਪੌਦੇ ਉਗਾਉਣ ਲਈ ਇਸ ਨਵੀਨਕਾਰੀ ਪਹਿਲਕਦਮੀ ਨੇ ਅਖੀਰ ਪੈਦਾਵਾਰ ਵਿੱਚ ਵਾਧਾ ਕੀਤਾ। ਇਸ ਕਦਮ ਨਾਲ ਉਨ੍ਹਾਂ ਨੇ 10 ਕੁਇੰਟਲ ਪ੍ਰਤੀ ਏਕੜ ਦਾ ਉਤਪਾਦਨ ਕੀਤਾ, ਜਿਸ ਨੇ ਉਨ੍ਹਾਂ ਨੂੰ ਭਾਰਤੀ ਖੇਤੀਬਾੜੀ ਪਰਿਸ਼ਦ (ICAR) ਤੋਂ ਰਾਸ਼ਟਰੀ ਮਾਨਤਾ ਪ੍ਰਾਪਤ ਕਰਵਾਈ ਅਤੇ ਉਨ੍ਹਾਂ ਨੂੰ 2013 ਵਿੱਚ “ਬਾਬੂ ਜਗਜੀਵਨ ਰਾਮ ਅਭਿਨਵ ਕਿਸਾਨ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।

ਬਾਅਦ ਵਿੱਚ, ਜ਼ਿਲ੍ਹਾ ਖੇਤੀਬਾੜੀ ਸਲਾਹਕਾਰ ਅਤੇ ਟ੍ਰਾਂਸਫਰ ਆੱਫ ਤਕਨਾਲੋਜੀ ਕੇਂਦਰ ਦੀ ਅਗਵਾਈ ਨਾਲ ਕੱਟਾ ਰਾਮਾਕ੍ਰਿਸ਼ਨਾ ਨੇ ਇੱਕ ਏਕੜ ਵਿੱਚ 12500 ਪੌਦੇ ਲਗਾਏ ਅਤੇ ਇਸ ਨੂੰ ਆਪਣੀ 5 ਏਕੜ ਜ਼ਮੀਨ ਵਿੱਚ ਲਾਗੂ ਕੀਤਾ ਅਤੇ ਇੱਕ ਏਕੜ ਤੋਂ 22 ਕੁਇੰਟਲ ਦੀ ਪੈਦਾਵਾਰ ਪ੍ਰਾਪਤ ਕੀਤੀ।

“ਮੇਰੇ ਦੁਆਰਾ ਨਿਵੇਸ਼ ਕੀਤੀ ਗਈ ਹਰ ਰਾਸ਼ੀ ਲਈ, ਮੈਨੂੰ ਬਦਲੇ ਵਿੱਚ ਮੁਨਾਫ਼ੇ ਦੀ ਬਰਾਬਰ ਰਕਮ ਮਿਲੀ”
– ਕੱਟਾ ਰਾਮਾਕ੍ਰਿਸ਼ਨਾ ਨੇ ਮਾਣ ਨਾਲ ਆਪਣਾ ਪੁਰਸਕਾਰ ਦਿਖਾ ਕੇ ਕਿਹਾ ਜੋ ਉਨ੍ਹਾਂ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਤੋਂ ਪ੍ਰਾਪਤ ਕੀਤਾ।

ਖੇਤੀਬਾੜੀ ਦੀ ਇਸ ਵਿਧੀ ਨਾਲ 5000 ਰੁਪਏ ਖਰਚਾ ਵੱਧਦਾ ਹੈ ਅਤੇ ਇਸ ਕਿਸਾਨ ਨੇ ਇਸ ਵਿੱਚ 45000 ਰੁਪਏ ਪ੍ਰਤੀ ਏਕੜ ਦਾ ਨਿਵੇਸ਼ ਕੀਤਾ।

“ਆਮ ਤੌਰ ‘ਤੇ ਇੱਕ ਕਿਸਾਨ ਇੱਕ ਏਕੜ ਵਿੱਚ 8000 ਕਪਾਹ ਦੇ ਪੌਦੇ ਲਗਾਉਂਦਾ ਹੈ ਅਤੇ 10-15 ਕੁਇੰਟਲ ਪੈਦਾਵਾਰ ਪ੍ਰਾਪਤ ਕਰਦਾ ਹੈ। ਪਰ ਉਹ ਨਹੀਂ ਜਾਣਦੇ ਕਿ ਪੌਦੇ ਦੀ ਘਣਤਾ ਵਿੱਚ ਵਾਧਾ ਕਪਾਹ ਦੀ ਪੈਦਾਵਾਰ ਵਿੱਚ ਵਾਧਾ ਕਰ ਸਕਦਾ ਹੈ।”
– ਡੀ ਓ ਟੀ ਸੈਂਟਰ ਦੇ ਸੀਨੀਅਰ ਵਿਗਿਆਨੀ Ch. ਵਰਪ੍ਰਸਾਦ ਰਾਓ ਨੇ ਕਿਹਾ।

ਚਿੱਟੇ ਸੋਨੇ ਦੀ ਚੰਗੀ ਉਤਪਾਦਕਤਾ ਤੋਂ ਉਤਸ਼ਾਹਿਤ ਕੱਟਾ ਰਾਮਾਕ੍ਰਿਸ਼ਨਾ ਨੇ ਕਿਹਾ ਕਿ – “ਆਉਣ ਵਾਲੇ ਸਮੇਂ ਵਿੱਚ ਮੈਂ 16000 ਪੌਦੇ ਪ੍ਰਤੀ ਏਕੜ ਵਿੱਚ ਲਗਾ ਕੇ 20-25 ਕੁਇੰਟਲ ਦੀ ਪੈਦਾਵਾਰ ਪ੍ਰਾਪਤ ਕਰ ਸਕਦਾ ਹਾਂ।”

ਉਨ੍ਹਾਂ ਦੀਆਂ ਉਪਲੱਬਧੀਆਂ

• ਉਨ੍ਹਾਂ ਨੂੰ ਵਿਭਿੰਨ ਰਾਜਾਂ ਅਤੇ ਰਾਸ਼ਟਰੀ ਸੰਗਠਨਾਂ ਦੁਆਰਾ ਸਨਮਾਨਿਤ ਕੀਤਾ ਗਿਆ।

• ਰਾਮਾਕ੍ਰਿਸ਼ਨਾ ਨੇ ਕਪਾਹ ਦਾ ਸੰਘਣਾ ਰੋਪਣ ਅਪਣਾਇਆ ਜਿਸ ਵਿੱਚ (90×45 ਦੀ ਬਜਾਏ) 90×30 ਸੈ.ਮੀ. ਦਾ ਫਾਸਲਾ ਰੱਖਿਆ ਜਿਸ ਦੇ ਸਿੱਟੇ ਵਜੋਂ ਬਾਰਾਨੀ ਹਾਲਾਤਾਂ ਵਿੱਚ ਚੰਗੀ ਪੈਦਾਵਾਰ (45.10 ਕੁਇੰਟਲ ਪ੍ਰਤੀ ਹੈਕਟੇਅਰ) ਪ੍ਰਾਪਤ ਹੋਈ।

• ਕਪਾਹ ਦੇ ਖੇਤ ਵਿੱਚ ਜ਼ਿਆਦਾ ਜਲ ਸੰਭਾਲ ਲਈ ਹਾਈਡ੍ਰੋਜੈੱਲ ਤਕਨੀਕ ਨੂੰ ਅਪਣਾਇਆ, ਜਿਸ ਦੇ ਸਿੱਟੇ ਵਜੋਂ ਪੈਦਾਵਾਰ ਵਿੱਚ 15% ਵਾਧਾ ਹੋਇਆ।

• ਉਨ੍ਹਾਂ ਨੇ ਆਪਣੇ ਖੇਤਾਂ ਵਿੱਚ ਛੋਲੇ, ਉੜਦ ਅਤੇ ਮੂੰਗ ਆਦਿ ਦੇ ਪਰੀਖਣ ਲਗਾਏ, ਜਿਸ ਦੇ ਸਿੱਟੇ ਵਜੋਂ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਖੇਤਾਂ ਲਈ ਚੰਗੀਆਂ ਕਿਸਮਾਂ ਦੀ ਪਛਾਣ ਕਰਨ ਵਿੱਚ ਮਦਦ ਮਿਲੀ।

• ਛੋਲੇ ਦੀ ਫ਼ਸਲ ਵਿੱਚ ਜੈਵਿਕ ਖਾਦਾਂ ਜਿਵੇਂ ਕਿ ਰਾਇਜ਼ੋਬੀਅਮ ਅਤੇ ਫਾਸਫੋਬੈਕਟੀਰੀਆ ਦੀ ਵਰਤੋਂ ਕੀਤੀ ਜਿਸ ਨਾਲ ਪੈਦਾਵਾਰ ਵਿੱਚ ਵਾਧਾ ਹੋਇਆ।

• ਉਹ ਖੇਤੀਬਾੜੀ ਲਈ ਹਰੀ ਖਾਦ ਅਤੇ ਜੈਵਿਕ ਖਾਦ ਦੀ ਸਿਫਾਰਿਸ਼ ਕਰਦੇ ਹਨ।

• ਉਹ ਕੀਟਨਾਸ਼ਕਾਂ ਨੂੰ ਰੋਕਣ ਲਈ ਨਿੰਮ ਦੇ ਬੀਜਾਂ ਦੀ ਵਰਤੋਂ ਕਰਦੇ ਹਨ।

• ਉਨ੍ਹਾਂ ਨੇ ਸੀ.ਟੀ.ਆਰ.ਆਈ, ਕੰਡੂਕਰ, ਪ੍ਰਕਾਸ਼ਮ ਜ਼ਿਲ੍ਹੇ ਦੇ ਸਹਿਯੋਗ ਨਾਲ ਤੰਬਾਕੂ ਦੇ ਫਾਲਤੂ ਪਦਾਰਥਾਂ ਨੂੰ ਆਪਣੇ ਖੇਤਾਂ ਵਿੱਚ ਖਾਦ ਦੇ ਰੂਪ ਵਿੱਚ ਵਰਤ ਕੇ ਨਵੀਂ ਤਕਨੀਕ ਵਿਕਸਿਤ ਕੀਤੀ।

• ਉਨ੍ਹਾਂ ਨੇ ਬੀਜ ਕਮ ਖਾਦ ਡਰਿੱਲ ਨੂੰ ਸੋਧਿਆ ਤਾਂ ਕਿ ਬੀਜ ਅਤੇ ਖਾਦ ਨੂੰ ਮਿੱਟੀ ਦੀ ਵਿਭਿੰਨ ਗਹਿਰਾਈ ‘ਤੇ ਇੱਕੋ ਸਮੇਂ ਬੀਜਿਆ ਜਾਵੇ। ਇਹ ਸੋਧਿਆ ਬੀਜ ਕਮ ਖਾਦ ਡਰਿੱਲ ਸਥਾਨਕ ਕਿਸਾਨਾਂ ਲਈ ਹਰ ਪ੍ਰਕਾਰ ਦੀਆਂ ਦਾਲਾਂ ਲਈ ਲਾਭਦਾਇਕ ਹਨ।

• ਉਨ੍ਹਾਂ ਦੁਆਰਾ ਤਿਆਰ ਕੀਤੀਆਂ ਆਵਿਸ਼ਕਾਰੀ ਤਕਨੀਕਾਂ ਅਤੇ ਸੁਧਰੇ ਹੋਏ ਪੈਕੇਜ ਪ੍ਰੈਕਟਿਸ ਸਥਾਨਕ ਭਾਸ਼ਾਵਾਂ ਵਿੱਚ ਛਪੇ ਹੋਏ ਹਨ। ਇਸ ਤੋਂ ਇਲਾਵਾ, ਉਨ੍ਹਾਂ ਦੇ ਫਾਰਮ ‘ਤੇ ਹੋਣ ਵਾਲੇ ਅਨੁਭਵਾਂ ਦੀਆਂ ਅਲੱਗ-ਅਲੱਗ ਰੇਡੀਓ ਅਤੇ ਜਨਤਕ ਮੀਟਿੰਗਾਂ ਵਿੱਚ ਚਰਚਾ ਕੀਤੀ ਜਾਂਦੀ ਹੈ।

• ਉਹ ਆਪਣੇ ਖੇਤਰ ਵਿੱਚ ਦੂਜੇ ਕਿਸਾਨਾਂ ਲਈ ਇੱਕ ਆਦਰਸ਼ ਮਾਡਲ ਅਤੇ ਪ੍ਰੇਰਨਾ ਬਣ ਗਏ ਹਨ।

ਸੰਦੇਸ਼
“ਫ਼ਸਲਾਂ ਦੇ ਬਿਹਤਰ ਵਾਧੇ ਲਈ ਕਿਸਾਨਾਂ ਨੂੰ ਮਿੱਟੀ ਦੇ ਸੂਖਮ ਪੋਸ਼ਕ ਤੱਤਾਂ ਦਾ ਪ੍ਰਬੰਧਨ ਕਰਨ ਲਈ ਮਾਹਿਰਾਂ ਦੁਆਰਾ ਆਪਣੇ ਖੇਤ ਦੀ ਮਿੱਟੀ ਦਾ ਟੈੱਸਟ ਕਰਵਾਉਣਾ ਚਾਹੀਦਾ ਹੈ। ਇਸ ਤਰੀਕੇ ਨਾਲ, ਉਹ ਘੱਟ ਰਸਾਇਣਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਕੀਟ ਪ੍ਰਬੰਧਨ ਦੇ ਵਧੀਆ ਨਤੀਜਿਆਂ ਨੂੰ ਵੀ ਪ੍ਰਾਪਤ ਕਰ ਸਕਦੇ ਹਨ।”