ਕਿਵੇਂ ਇੱਕ ਕਿਸਾਨ ਦੀ ਮਿਹਨਤ ਅਤੇ ਜਨੂੰਨ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੀਲੀ ਕ੍ਰਾਂਤੀ ਲਿਆਂਦੀ
ਪੰਜਾਬ ਰਾਜ ਇੱਕ ਅਜਿਹਾ ਖੇਤਰ ਹੈ, ਜਿੱਥੇ ਕਣਕ ਅਤੇ ਝੋਨੇ ਦੀ ਖੇਤੀ ਜ਼ਿਆਦਾ ਕੀਤੀ ਜਾਂਦੀ ਹੈ, ਕਿਉਂਕਿ ਇਸ ਨਾਲ ਕਿਸਾਨਾਂ ਨੂੰ ਵਧੇਰੇ ਮੁਨਾਫਾ ਹੁੰਦਾ ਹੈ। ਕਿਸਾਨ ਕਣਕ ਅਤੇ ਝੋਨੇ ਵੱਲ ਖਾਸ ਧਿਆਨ ਇਸ ਲਈ ਵੀ ਦਿੰਦੇ ਹਨ, ਕਿਉਂਕਿ ਇਸਦੀ ਪੈਦਾਵਾਰ ਤੋਂ ਸਹੀ ਨਤੀਜੇ ਪ੍ਰਾਪਤ ਹੁੰਦੇ ਹਨ। ਪਰ ਇੱਕ ਕਿਸਾਨ ਅਜਿਹਾ ਵੀ ਹੈ, ਜੋ ਬਾਕੀ ਕਿਸਾਨਾਂ ਤੋਂ ਅਲੱਗ ਹੈ। ਉਸਨੇ ਖੇਤੀਬਾੜੀ ਵਿੱਚ ਬਦਲਾਵ ਲਿਆਉਣ ਬਾਰੇ ਸੋਚਿਆ ਅਤੇ ‘ਪੀਲੀ ਕਰਾਂਤੀ’ ਸ਼ੁਰੂ ਕੀਤੀ।
ਸ. ਗੁਰਦਿਆਲ ਸਿੰਘ ਪਿੰਡ ਸੱਲੋਪੁਰ, ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਕਿਸਾਨ ਹਨ, ਜੋ ਹਲਦੀ ਦੀ ਖੇਤੀ ਕਰਦੇ ਹਨ। ਉਹ ਇੱਕ ਕਿਸਾਨ, ਇੱਕ ਉਦਯੋਗਪਤੀ ਅਤੇ ਇੱਕ ਹਲਦੀ ਦੀ ਖੇਤੀ ਦੇ ਟ੍ਰੇਨਰ ਵਜੋਂ ਕੰਮ ਕਰ ਰਹੇ ਹਨ। ਉਹ ਹਲਦੀ ਖੇਤੀ ਤੋਂ ਲੈ ਕੇ ਉਤਪਾਦ ਤਿਆਰ ਕਰਨ ਅਤੇ ਉਨ੍ਹਾਂ ਦਾ ਮੰਡੀਕਰਨ ਕਰਨ ਤੱਕ ਦਾ ਕੰਮ ਖੁਦ ਕਰਦੇ ਹਨ। ਉਹ ਆਪਣੇ ਉਤਪਾਦ ਵੇਚਣ ਲਈ ਕਿਸੇ ਤੀਜੇ ਬੰਦੇ ‘ਤੇ ਨਿਰਭਰ ਨਹੀਂ ਹਨ। ਉਨ੍ਹਾਂ ਨੇ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਹੋਰਨਾਂ ਕਿਸਾਨਾਂ ਤੋਂ ਅਲੱਗ ਰਾਸਤਾ ਚੁਣਿਆ। ਇਸ ਸਮੇਂ ਉਨ੍ਹਾਂ ਦੀ ਹਲਦੀ ਦੀ ਸਾਲਾਨਾ ਪੈਦਾਵਾਰ 1500-2000 ਕੁਇੰਟਲ ਹੈ ਅਤੇ ਉਹ ਗ੍ਰੀਨ ਗੋਲਡ ਸਪਾਈਸ ਗਰੁੱਪ ਦੇ ਰਾਜਾ ਹਨ।
ਸਫ਼ਲਤਾ ਕਦੇ ਵੀ ਆਸਾਨੀ ਨਾਲ ਨਹੀਂ ਮਿਲਦੀ, ਇਸਦੇ ਲਈ ਇਨਸਾਨ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਘਾਟਾ ਵੀ ਸਹਿਣਾ ਪੈਂਦਾ ਹੈ। ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ, ਹਾਰ ਨਾ ਮੰਨਣ ਅਤੇ ਅੱਗੇ ਵੱਧਦੇ ਰਹਿਣ ਦੀ ਸੋਚ ਹੀ ਇਨਸਾਨ ਨੂੰ ਸਫ਼ਲ ਬਣਾਉਂਦੀ ਹੈ। ਗੁਰਦਿਆਲ ਸਿੰਘ ਜੀ ਦੀ ਕਹਾਣੀ ਵੀ ਕੁੱਝ ਇਸ ਤਰ੍ਹਾਂ ਹੀ ਹੈ। ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਨੌਕਰੀ ਹਾਸਿਲ ਕਰਨ ਲਈ ਬਹੁਤ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲਣ ‘ਤੇ ਉਨ੍ਹਾਂ ਨੇ ਆਪਣੇ ਪਿਤਾ ਨਾਲ ਖੇਤੀਬਾੜੀ ਵਿੱਚ ਮਦਦ ਕਰਨ ਦਾ ਫੈਸਲਾ ਕੀਤਾ। ਸ਼ੁਰੂ ਤੋਂ ਹੀ ਉਹ ਰਵਾਇਤੀ ਖੇਤੀ ਤੋਂ ਸੰਤੁਸ਼ਟ ਨਹੀਂ ਸਨ, ਕਿਉਂਕਿ ਇਸ ਵਿੱਚ ਕਿਸਾਨਾਂ ਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਸੀ। ਇਸ ਲਈ 2004 ਵਿੱਚ ਉਨ੍ਹਾਂ ਨੇ ਬਾਗਬਾਨੀ ਵਿਭਾਗ ਦੀ ਮਦਦ ਨਾਲ ਥੋੜ੍ਹੀ ਜਿਹੀ ਜ਼ਮੀਨ ‘ਤੇ ਹਲਦੀ ਦੀ ਖੇਤੀ ਦਾ ਇੱਕ ਪ੍ਰਯੋਗ ਕਰਕੇ ਦੇਖਿਆ। ਇਸਦੇ ਨਾਲ ਹੀ ਉਨ੍ਹਾਂ ਨੇ ਹਲਦੀ ਪਾਊਡਰ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ, ਉਹ ਵੀ ਬਿਨਾਂ ਕਿਸੇ ਮਸ਼ੀਨਰੀ ਦੀ ਵਰਤੋਂ ਕੀਤੇ।
ਹਲਦੀ ਦੀਆਂ ਗੰਢੀਆਂ ਤੋਂ ਹਲਦੀ ਪਾਊਡਰ ਤਿਆਰ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਸੀ। ਇਸ ਲਈ ਉਨ੍ਹਾਂ ਨੇ ਬਾਗਬਾਨੀ ਵਿਭਾਗ ਦੇ ਸੁਝਾਅ ਅਨੁਸਾਰ ਹਲਦੀ ਪਾਊਡਰ ਤਿਆਰ ਕਰਨ ਵਾਲੀ ਮਸ਼ੀਨ ਲਿਆਂਦੀ। ਫਿਰ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੇ ਹੋਰ ਆਧੁਨਿਕ ਮਸ਼ੀਨਾਂ, ਜਿਵੇਂ ਕਿ ਟ੍ਰੈਕਟਰ, ਟਰਾਲੀ, ਲੈਵਲਰ, ਹਲ ਆਦਿ ਵੀ ਲਿਆਂਦੇ। ਇਹ ਸਭ ਕਰਨ ਨਾਲ ਇਸ ਸਮੇਂ ਉਨ੍ਹਾਂ ਦੀ ਕੱਚੀ ਹਲਦੀ ਪੈਦਾਵਾਰ 60 ਕੁਇੰਟਲ ਤੋਂ ਵੱਧ ਕੇ 110 ਕੁਇੰਟਲ ਤੱਕ ਪਹੁੰਚ ਗਈ ਹੈ। ਇਹ ਸਭ ਕਰਦਿਆਂ ਨਾਲ ਹੀ ਉਨ੍ਹਾਂ ਨੇ 2007 ਵਿੱਚ ਗ੍ਰੀਨ ਗੋਲਡ ਮਸਾਲਿਆਂ ਦੇ ਨਾਮ ਦਾ ਹਲਦੀ ਪ੍ਰੋਸੈਸਿੰਗ ਪਲਾਂਟ ਲਾਇਆ, ਜਿਸ ਦੇ ਉਤਪਾਦਾਂ ਵਿੱਚੋਂ ਗ੍ਰੀਨ ਗੋਲਡ ਹਲਦੀ ਵੀ ਇੱਕ ਹੈ। ਉਨ੍ਹਾਂ ਦੇ ਪਰਿਵਾਰ ਚੋਂ ਪਤਨੀ, ਦੋ ਪੁੱਤਰ, ਇੱਕ ਧੀ ਸਭ ਹਲਦੀ ਦੀ ਪ੍ਰੋਸੈੱਸਿੰਗ ਜਿਵੇਂ ਕਿ ਧੁਵਾਈ, ਉਬਾਲਣ, ਪੋਲਿਸ਼ਿੰਗ ਅਤੇ ਪੀਹਣ ਆਦਿ ਕਿਰਿਆਵਾਂ ਵਿੱਚ ਮੁੱਖ ਰੋਲ ਅਦਾ ਕਰਦੇ ਹਨ। ਉਨ੍ਹਾਂ ਦੇ ਪ੍ਰੋਸੈੱਸਿੰਗ ਪਲਾਂਟ ਵਿੱਚ 4-5 ਮਜ਼ਦੂਰ ਕੰਮ ਕਰਦੇ ਹਨ ਅਤੇ ਹਲਦੀ ਦੀ ਪੈਕਿੰਗ, ਸੀਲਿੰਗ ਅਤੇ ਸਟੈਂਪਿੰਗ ਕਿਰਿਆਵਾਂ ਵਿੱਚ ਪੂਰਾ ਪਰਿਵਾਰ ਬਰਾਬਰ ਯੋਗਦਾਨ ਦਿੰਦਾ ਹੈ। ਸਾਰਾ ਮਸ਼ੀਨਰੀ ਸਿਸਟਮ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਕੁੱਝ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਉਬਾਲੀ ਹਲਦੀ ਨੂੰ ਸੁਕਾਉਣ ਲਈ ਘੱਟ ਜਗ੍ਹਾ ਦਾ ਹੋਣਾ ਹੈ।
• ਇਸਨੂੰ ਸਿੰਚਾਈ ਦੀ ਘੱਟ ਲੋੜ ਹੁੰਦੀ ਹੈ, ਬਿਜਾਈ ਤੋਂ ਪੁਟਾਈ ਤੱਕ (8-10 ਮਹੀਨੇ), ਕੁੱਲ 10-12 ਸਿੰਚਾਈਆਂ ਦੀ ਲੋੜ ਹੁੰਦੀ ਹੈ।
• ਹਲਦੀ ਕੁਦਰਤੀ ਤੌਰ ‘ਤੇ ਇੱਕ ਐਂਟੀ-ਬਾਇਓਟਿਕ ਹੈ, ਇਸ ਲਈ ਇਸ ਫ਼ਸਲ ‘ਤੇ ਕਿਸੇ ਵੀ ਬਿਮਾਰੀ ਆਦਿ ਦਾ ਹਮਲਾ ਨਹੀਂ ਹੁੰਦਾ। ਇਸੇ ਕਰਕੇ ਇਸ ‘ਤੇ ਜ਼ਿਆਦਾ ਰਸਾਇਣਾਂ ਅਤੇ ਸਪਰੇਆਂ ਦੀ ਲੋੜ ਨਹੀਂ ਪੈਂਦੀ।
• ਉਹ ਇੱਕ ਏਕੜ ਵਿੱਚ 35000 ਰੁਪਏ ਨਿਵੇਸ਼ ਕਰਦੇ ਹਨ ਅਤੇ 5 ਕੁਇੰਟਲ ਬੀਜ ਬੀਜਦੇ ਹਨ ਅਤੇ ਪੁਟਾਈ ਲਈ ਆਲੂ ਪੁੱਟਣ ਵਾਲੀ ਮਸ਼ੀਨ ਦੀ ਵੀ ਵਰਤੋਂ ਕਰਦੇ ਹਨ।
• ਉਹ ਕੁੱਲ 6-7 ਏਕੜ ਵਿੱਚ ਹਲਦੀ ਦੀ ਖੇਤੀ ਕਰਦੇ ਹਨ ਅਤੇ ਫਿਰ ਕੁੱਝ ਸਮੇਂ ਬਾਅਦ ਫ਼ਸਲ ਬਦਲ ਕੇ ਬੀਜ ਦਿੱਤੀ ਜਾਂਦੀ ਹੈ, ਕਿਉਂਕਿ ਹਲਦੀ ਦੀ ਖੇਤੀ ਤੋਂ ਬਾਅਦ ਮਿੱਟੀ ਦਾ ਉਪਜਾਊ-ਪਨ ਵੱਧ ਜਾਂਦਾ ਹੈ।
ਇਸ ਲਈ ਜੇਕਰ ਕੋਈ ਵੀ ਕਿਸਾਨ ਹਲਦੀ ਦੀ ਖੇਤੀ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਬੜੀ ਆਸਾਨੀ ਨਾਲ ਕਰ ਸਕਦਾ ਹੈ। ਹਲਦੀ ਦੇ ਪ੍ਰੋਸੈੱਸਿੰਗ ਪਲਾਂਟ ਵਿੱਚ ਸਾਰੀ ਮਸ਼ੀਨਰੀ ਲਈ ਗੁਰਦਿਆਲ ਸਿੰਘ ਜੀ ਨੇ 4.5 ਲੱਖ ਰੁਪਏ ਨਿਵੇਸ਼ ਕੀਤੇ। ਉਨ੍ਹਾਂ ਨੇ ਪੀ.ਏ.ਯੂ. ਤੋਂ ਟ੍ਰੇਨਿੰਗ ਅਤੇ ਹਲਦੀ ਦੇ ਬੀਜਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਪੰਜਾਬ ਬਾਗਬਾਨੀ ਵਿਭਾਗ ਤੋਂ NHM ਦੀਆਂ ਹਿਦਾਇਤਾਂ ਅਨੁਸਾਰ ‘ਗ੍ਰੀਨ ਗੋਲਡ ਪ੍ਰੋਸੈੱਸਿੰਗ ਯੂਨਿਟ’ ‘ਤੇ 25% ਸਬਸਿਡੀ ਪ੍ਰਾਪਤ ਕੀਤੀ। ਇਸ ਕ੍ਰਾਂਤੀਕਾਰੀ ਕੰਮ ਅਤੇ ਅਲੱਗ ਰਾਸਤਾ ਚੁਣਨ ਲਈ ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਇਨਾਮ ਮਿਲੇ। ਉਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਹਨ:
• ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਦਮੀ ਕਿਸਾਨ ਪੁਰਸਕਾਰ 2014
• Datawid ਕਿਸਾਨ ਪੁਰਸਕਾਰ 2015
•ਪੀ.ਏ.ਯੂ. ਲੁਧਿਆਣਾ ਅਤੇ ਪੰਜਾਬ ਬਾਗਬਾਨੀ ਵਿਭਾਗ ਵੱਲੋਂ ਚੱਪੜ-ਚਿੜੀ ਵਿਖੇ ਸਨਮਾਨ
ਜਿਸ ਤਰੀਕੇ ਨਾਲ ਉਹ ਆਪਣੀ ਖੇਤੀ ਤਕਨੀਕਾਂ ਨੂੰ ਵਧਾ ਰਹੇ ਹਨ, ਉਸ ਹਿਸਾਬ ਨਾਲ ਇਹ ਸਨਮਾਨ ਬਹੁਤ ਘੱਟ ਹਨ। ਭਵਿੱਖ ਵਿੱਚ ਉਹ ਹੋਰ ਵੀ ਬਹੁਤ ਸਾਰੇ ਸਨਮਾਨ ਹਾਸਿਲ ਕਰਨਗੇ।
ਹਲਦੀ ਦੀ ਖੇਤੀ ਅਤੇ ਪਾਊਡਰ ਬਣਾਉਣ ਤੋਂ ਇਲਾਵਾ ਉਹ ਆਪਣੇ ਪਿੰਡ ਦੇ ਹੋਰਨਾਂ ਕਿਸਾਨਾਂ ਨੂੰ ਹਲਦੀ ਖੇਤੀ ਬਾਰੇ ਸੁਝਾਅ ਦਿੰਦੇ ਹਨ। ਅੱਜ ਉਨ੍ਹਾਂ ਨਾਲ ਲਗਭਗ 60 ਕਿਸਾਨ ਜੁੜੇ ਹਨ, ਜਿਨ੍ਹਾਂ ਨੂੰ ਉਹ ਮੁਫ਼ਤ ਟ੍ਰੇਨਿੰਗ ਦਿੰਦੇ ਹਨ। ਉਹ ਹੋਰਨਾਂ ਕਿਸਾਨਾਂ ਤੋਂ ਸਹੀ ਮੁੱਲ ‘ਤੇ ਕੱਚੀ ਹਲਦੀ ਖਰੀਦ ਕੇ ਵੀ ਉਨ੍ਹਾਂ ਦੀ ਮਦਦ ਕਰਦੇ ਹਨ। ਉਹ ਆਪਣੇ ਖੇਤ ਵਿੱਚ ਹਲਦੀ ਦੀ ਖੇਤੀ ਤੋਂ ਇਲਾਵਾ ਆਪਣੇ ਮਿੱਤਰ ਦੀ ਵੀ ਹਲਦੀ ਖੇਤੀ ਵਿੱਚ ਮਦਦ ਕਰਦੇ ਹਨ। ਉਨ੍ਹਾਂ ਦੇ ਸਾਰੇ ਉਤਪਾਦਾਂ ਦੀ ਮਾਰਕਿਟਿੰਗ ਅਤੇ ਪ੍ਰਮੋਸ਼ਨ ਲਈ NABARD ਉਨ੍ਹਾਂ ਨੂੰ ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਮੇਲਿਆਂ ਵਿੱਚ ਜਗ੍ਹਾ ਲੈ ਕੇ ਦਿੰਦਾ ਹੈ ਅਤੇ ਕਿਸਾਨ ਉਤਪਾਦਕ ਸੰਸਥਾਵਾਂ ਹੇਠਾਂ ਕਿਸਾਨ ਮੇਲਿਆਂ ‘ਤੇ ਵੀ ਭੇਜਦੇ ਹਨ।
ਇਨ੍ਹਾਂ ਕੰਮਾਂ ਤੋਂ ਇਲਾਵਾ ਗੁਰਦਿਆਲ ਸਿੰਘ ਜੀ ਨੇ ਮੱਖੀ-ਪਾਲਣ ਦੇ ਕਾਰੋਬਾਰ ਵਿੱਚ ਵੀ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਇਹ ਕੰਮ ਸੰਨ 2000 ਵਿੱਚ 5 ਬਕਸਿਆਂ ਤੋਂ ਸ਼ੁਰੂ ਕੀਤਾ ਸੀ ਅਤੇ ਇਸ ਸਮੇਂ ਉਨ੍ਹਾਂ ਕੋਲ 100 ਬਕਸੇ ਹਨ। ਮੱਖੀ-ਪਾਲਣ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਲਈ ਉਨ੍ਹਾਂ ਨੇ ਮਜ਼ਦੂਰ ਰੱਖੇ ਹਨ। ਬਾਕੀ ਦੀ ਜ਼ਮੀਨ ‘ਤੇ ਉਹ ਮਸਰ(ਹਰੀ ਮੂੰਗੀ), ਸਫੇ਼ਦ ਬੈਂਗਣ, ਭਿੰਡੀ, ਕਣਕ ਅਤੇ ਝੋਨੇ ਆਦਿ ਦੀ ਖੇਤੀ ਘਰੇਲੂ ਵਰਤੋਂ ਲਈ ਕਰਦੇ ਹਨ। ਭਵਿੱਖ ਵਿੱਚ ਉਹ ਗ੍ਰੀਨ ਗੋਲਡ ਹਲਦੀ ਪ੍ਰੋਸੈਸਿੰਗ ਪਲਾਂਟ ਨੂੰ ਹੋਰ ਆਧੁਨਿਕ ਬਣਾਉਣ ਲਈ ਪੈਕਿੰਗ ਲਈ ਹਾਈ-ਟੈੱਕ ਮਸ਼ੀਨਾਂ ਲਗਾਉਣ ਲਈ ਯੋਜਨਾ ਬਣਾ ਰਹੇ ਹਨ।
ਉਨ੍ਹਾਂ ਦੀ ਸੋਚ ਅਨੁਸਾਰ,
ਜੇਕਰ ਕਿਸਾਨ ਖੇਤੀਬਾੜੀ ਤੋਂ ਵਧੀਆ ਮੁਨਾਫ਼ਾ ਲੈਣਾ ਚਾਹੁੰਦਾ ਹੈ ਅਤੇ ਕਟਾਈ ਤੋਂ ਬਾਅਦ ਫ਼ਸਲ ‘ਚੋਂ ਵੀ ਲਾਭ ਉਠਾਉਣਾ ਚਾਹੁੰਦਾ ਹੈ, ਤਾਂ ਉਸਨੂੰ ਵਿਚੋਲਿਆਂ(ਦਲਾਲਾਂ) ਨੂੰ ਬਾਹਰ ਕੱਢਣਾ ਪਵੇਗਾ। ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਖੁਦ ਪ੍ਰੋਸੈਸਿੰਗ ਕਰਨੀ ਪਵੇਗੀ ਅਤੇ ਖੁਦ ਹੀ ਮੰਡੀ ਤੱਕ ਲਿਜਾਣਾ ਪਵੇਗਾ। ਇਹ ਸਭ ਕਰਨ ਲਈ ਬਹੁਤ ਮਿਹਨਤ, ਤਾਕਤ ਅਤੇ ਜੋਸ਼ ਦੀ ਲੋੜ ਹੈ। ਜੇਕਰ ਕਿਸਾਨ ਖੁਦ ਦੇ ਤਿਆਰ ਕੀਤੇ ਉਤਪਾਦ ਮੰਡੀ ਵਿੱਚ ਲਿਜਾਣ ਵਿੱਚ ਸ਼ਰਮ ਮਹਿਸੂਸ ਕਰਦਾ ਹੈ, ਤਾਂ ਉਹ ਕਦੇ ਮੁਨਾਫ਼ਾ ਨਹੀਂ ਲੈ ਸਕਦਾ ਅਤੇ ਨਾ ਹੀ ਤਰੱਕੀ ਕਰ ਸਕਦਾ ਹੈ। ਜੇਕਰ ਕੋਈ ਕਿਸਾਨ ਹਲਦੀ ਦੀ ਖੇਤੀ ਵਿੱਚ ਦਿਲਚਸਪੀ ਲੈ ਰਿਹਾ ਹੈ, ਤਾਂ ਉਹ ਪੀ.ਏ.ਯੂ. ਦੇ ਮਾਹਿਰਾਂ ਅਤੇ ਹੋਰ ਹਲਦੀ ਵਾਲੇ ਕਿਸਾਨਾਂ ਤੋਂ ਜਾਣਕਾਰੀ ਲੈ ਸਕਦਾ ਹੈ, ਕਿਉਂਕਿ ਮਾਹਿਰ ਕਿਸਮਾਂ, ਬੀਜਾਂ, ਜਮੀਨ ਦੀਆਂ ਕਿਸਮਾਂ ਅਤੇ ਹੋਰ ਜ਼ਰੂਰੀ ਗੱਲਾਂ ਬਾਰੇ ਜ਼ਿਆਦਾ ਜਾਣਕਾਰੀ ਦੇ ਸਕਦੇ ਹਨ।
“ਵਰਤਮਾਨ ਸਮੇਂ ਦੀਆਂ ਲੋੜਾਂ ਅਨੁਸਾਰ ਰਵਾਇਤੀ ਖੇਤੀ ਕਿਸਾਨਾਂ ਲਈ ਸਹਾਇਕ ਨਹੀਂ ਹੈ। ਜੇਕਰ ਕਿਸਾਨ ਫ਼ਸਲ ਕਟਾਈ ਤੋਂ ਬਾਅਦ ਵਧੀਆ ਮੁਨਾਫ਼ਾ ਲੈਣਾ ਚਾਹੁੰਦਾ ਹੈ, ਤਾਂ ਵਿਭਿੰਨਤਾ ਲਿਆਉਣੀ ਬਹੁਤ ਜ਼ਰੂਰੀ ਹੈ। ਅਧੁਨਿਕ ਖੇਤੀ ਦੇ ਤਰੀਕਿਆਂ ਨਾਲ ਇੱਕ ਛੋਟਾ ਕਿਸਾਨ ਵੀ ਸਫ਼ਲਤਾ ਹਾਸਿਲ ਕਰ ਸਕਦਾ ਹੈ। ਅੱਜ-ਕੱਲ੍ਹ ਸਮੇਂ ਦੀ ਲੋੜ ਫੂਡ ਪ੍ਰੋਸੈੱਸਿੰਗ ਹੈ, ਸੋ ਕਿਸਾਨਾਂ ਨੂੰ ਅਲੱਗ ਤਰੀਕੇ ਨਾਲ ਸੋਚਣਾ ਚਾਹੀਦਾ ਹੈ। ਕਿਸਾਨਾਂ ਨੂੰ ਸਮਝਣਾ ਪਵੇਗਾ ਕਿ ਮੰਡੀ ਵਿੱਚ ਖੁਦ ਉਤਪਾਦ ਵੇਚਣ ਲਈ ਦਲਾਲਾਂ ਦੀ ਕੋਈ ਲੋੜ ਨਹੀਂ ਹੈ। ਇਹ ਕੰਮ ਖੁਦ ਕੀਤਾ ਜਾ ਸਕਦਾ ਹੈ।“