ਰਾਜਵਿੰਦਰ ਸਿੰਘ ਖੋਸਾ

ਪੂਰੀ ਕਹਾਣੀ ਪੜ੍ਹੋ

ਅਪਾਹਿਜ ਹੋਣ ਦੇ ਬਾਵਜੂਦ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪਣੀ ਮਿਹਨਤ ਨਾਲ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹਣ ਵਾਲਾ ਇਹ ਕਿਸਾਨ

ਨਵੇਂ ਰਸਤੇ ਉੱਤੇ ਚੱਲਦਿਆਂ ਰੁਕਾਵਟਾਂ ਤਾਂ ਆਉਂਦੀਆਂ ਹਨ ਪਰ ਉਹਨਾਂ ਦਾ ਹੱਲ ਵੀ ਜ਼ਰੂਰ ਹੁੰਦਾ ਹੈ।

ਅੱਜ ਜਿਸ ਕਿਸਾਨ ਦੀ ਕਹਾਣੀ ਤੁਸੀਂ ਪੜ੍ਹੋਗੇ ਉਹ ਸਰੀਰਿਕ ਪੱਖੋਂ ਅਪਾਹਿਜ ਜ਼ਰੂਰ ਹੈ, ਪਰ ਹੋਂਸਲਾ ਤੇ ਜਜ਼ਬਾ ਇੰਨਾ ਹੈ ਕਿ ਦੁਨੀਆਂ ਜਿੱਤਣ ਦਾ ਦਮ ਰੱਖਦਾ ਹੈ।

ਜ਼ਿਲ੍ਹਾ ਫਰੀਦਕੋਟ ਦੇ ਪਿੰਡ ਧੂੜਕੋਟ ਦਾ ਹਿੰਮਤੀ ਕਿਸਾਨ ਰਾਜਵਿੰਦਰ ਸਿੰਘ ਖੋਸਾ ਜਿਸਨੇ ਬਾਰਵੀਂ, ਕੰਪਿਊਟਰ, ਬੀ ਏ ਅਤੇ ਸਰਕਾਰੀ ਆਈ ਟੀ ਆਈ ਫਰੀਦਕੋਟ ਤੋਂ ਸ਼ਾਟਹੈਂਡ-ਸਟੈਨੋ ਪੰਜਾਬੀ ਟਾਇਪਿੰਗ ਦਾ ਕੋਰਸ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਸ਼ੁਰੂ ਕੀਤੀ ਪਰ ਕੀਤੇ ਵੀ ਨੌਕਰੀ ਨਾ ਮਿਲ ਸਕੀ ਅਤੇ ਥੱਕ-ਹਾਰ ਕੇ ਅਖੀਰ ਉਹ ਆਪਣੇ ਪਿੰਡ ਵਿੱਚ ਹੀ ਕਣਕ-ਝੋਨੇ ਦੀ ਹੀ ਖੇਤੀ ਕਰਨ ਲੱਗਾ।

ਇਹ ਗੱਲ ਸਾਲ 2019 ਦੀ ਹੈ ਜਦੋਂ ਰਾਜਵਿੰਦਰ ਸਿੰਘ ਖੋਸਾ ਰਵਾਇਤੀ ਖੇਤੀ ਹੀ ਕਰਦੇ ਸਨ ਅਤੇ ਇਸ ਦੇ ਨਾਲ-ਨਾਲ ਆਪਣੇ ਘਰ ਖਾਣ ਲਈ ਹੀ ਸਬਜ਼ੀਆਂ ਦੀ ਹੀ ਕਾਸ਼ਤ ਕਰਦੇ ਸਨ ਜਿਸ ਵਿੱਚ ਉਹ ਸਿਰਫ ਬਹੁਤ ਘੱਟ ਮਾਤਰਾ ਦੇ ਵਿੱਚ ਹੀ ਥੋੜੀ ਬਹੁਤ ਹੀ ਗਿਣੀਆਂ-ਚੁਣੀਆਂ ਸਬਜ਼ੀਆਂ ਹੀ ਲਗਾਉਂਦੇ ਅਤੇ ਬਹੁਤ ਵਾਰ ਜਿਵੇਂ ਪਿੰਡ ਵਾਲੇ ਆ ਕੇ ਲੈ ਜਾਂਦੇ ਸਨ ਪਰ ਉਨ੍ਹਾਂ ਨੇ ਕਦੇ ਸਬਜ਼ੀਆਂ ਦੇ ਪੈਸੇ ਤੱਕ ਨਹੀਂ ਲਏ ਸੀ।

ਬਹੁਤ ਸਮਾਂ ਤਾਂ ਇਸ ਤਰ੍ਹਾਂ ਹੀ ਚੱਲਦਾ ਰਿਹਾ ਅਤੇ ਉਹ ਸਬਜ਼ੀਆਂ ਦੀ ਕਾਸ਼ਤ ਕਰਦੇ ਰਹੇ, ਪਰ ਥੋੜੀ ਮਾਤਰਾ ਦੇ ਵਿੱਚ, ਪਰ 2019 ਵਿੱਚ ਕੋਵਿਡ ਕਰਕੇ ਲੱਗੇ ਲੌਕਡਾਊਨ ਕਾਰਨ ਦੁਨੀਆਂ ਨੂੰ ਸਰਕਾਰ ਦੇ ਹੁਕਮ ਅਨੁਸਾਰ ਆਪਣੇ ਘਰਾਂ ਵਿੱਚ ਕੈਦ ਹੋਣਾ ਪਿਆ ਅਤੇ ਖਾਣ-ਪੀਣ ਦੀ ਸਮੱਸਿਆ ਆ ਗਈ ਸੀ ਕਿ ਖਾਣਾ ਜਾਂ ਸਬਜ਼ੀ ਕਿੱਥੋਂ ਲੈ ਕੇ ਆਈਏ, ਤਾਂ ਇਸ ਨੂੰ ਦੇਖਦੇ ਹੋਏ ਜਦੋਂ ਰਾਜਵਿੰਦਰ ਖੋਸਾ ਜੀ ਘਰ ਆਏ ਉਹ ਸੋਚ ਰਹੇ ਸਨ ਕਿ ਜੇਕਰ ਸਾਰੀ ਦੁਨੀਆਂ ਇਸ ਤਰ੍ਹਾਂ ਹੀ ਘਰ ਵਿੱਚ ਬੈਠ ਗਈ ਤਾਂ ਉਹ ਖਾਣ-ਪੀਣ ਦਾ ਪ੍ਰਬੰਧ ਕਿਵੇਂ ਕਰਨਗੇ ਤੇ ਇਸ ਵਿੱਚ ਜ਼ਰੂਰੀ ਸੀ ਸਰੀਰ ਦੀ ਇਮੁਨਿਟੀ ਨੂੰ ਮਜ਼ਬੂਤ ਬਣਾਉਣਾ ਤੇ ਉਹ ਉਦੋਂ ਹੀ ਮਜ਼ਬੂਤ ਹੋ ਸਕਦੀ ਸੀ ਜਦੋਂ ਖਾਣਾ-ਪੀਣਾ ਸਹੀ ਹੋਵੇ ਅਤੇ ਇਸ ਵਿੱਚ ਸਬਜ਼ੀਆਂ ਦੀ ਬਹੁਤ ਜ਼ਿਆਦਾ ਮਹੱਤਤਾ ਹੈ।

ਇਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਜਵਿੰਦਰ ਨੇ ਸੋਚ ਵਿਚਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਬਜ਼ੀਆਂ ਦੇ ਕੰਮ ਨੂੰ ਵਧਾਉਣ ਬਾਰੇ ਸੋਚਿਆ। ਹੌਲੀ-ਹੌਲੀ ਕਰਦੇ ਰਾਜਵਿੰਦਰ ਨੇ 12 ਮਰਲਿਆਂ ਦੇ ਵਿੱਚ ਸਬਜ਼ੀਆਂ ਦੀ ਕਾਸ਼ਤ ਵਿੱਚ ਜਿਵੇਂ ਭਿੰਡੀ, ਤੋਰੀ, ਕੱਦੂ, ਚੱਪਣ ਕੱਦੂ ਆਦਿ ਦੀਆਂ ਸਬਜ਼ੀਆਂ ਦੀ ਗਿਣਤੀ ਵਿੱਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਜੋ ਸਬਜ਼ੀਆਂ ਅਗੇਤੀ ਲਗਾ ਅਤੇ ਥੋੜੇ ਸਮੇਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ, ਸਭ ਤੋਂ ਪਹਿਲਾਂ ਉਨ੍ਹਾਂ ਨੇ ਉੱਥੋਂ ਸ਼ੁਰੂ ਕੀਤਾ।

ਜਦੋਂ ਸਮੇਂ ‘ਤੇ ਸਬਜ਼ੀਆਂ ਪੱਕ ਕੇ ਤਿਆਰ ਹੋਈਆਂ ਤਾਂ ਉਨ੍ਹਾਂ ਨੇ ਸੋਚਿਆ ਕਿ ਇਸ ਨੂੰ ਮੰਡੀ ਵਿੱਚ ਵੇਚ ਕੇ ਆਇਆ ਜਾਵੇ ਪਰ ਨਾਲ ਹੀ ਮਨ ਵਿੱਚ ਖਿਆਲ ਆਇਆ ਕਿਉਂ ਨਾ ਇਸ ਦਾ ਮੰਡੀਕਰਨ ਮੈਂ ਖੁਦ ਹੀ ਕਰਾਂ, ਜੋ ਪੈਸੇ ਆੜ੍ਹਤੀਏ ਕਮਾ ਰਹੇ ਹਨ ਉਹ ਪੈਸਾ ਖੁਦ ਹੀ ਕਮਾ ਲਿਆ ਜਾਵੇ।

ਫਿਰ ਰਾਜਵਿੰਦਰ ਨੇ ਆਪਣੀ ਮਾਰੂਤੀ ਕਾਰ ਨੂੰ ਸਬਜ਼ੀਆਂ ਦੇ ਲੇਖੇ ਲਗਾ ਦਿੱਤਾ। ਸਬਜ਼ੀਆਂ ਕਾਰ ਵਿੱਚ ਰੱਖ ਕੇ ਫਰੀਦਕੋਟ ਸ਼ਹਿਰ ਦੇ ਨੇੜਲੇ ਲੱਗਦੀਆਂ ਨਹਿਰਾਂ ਕੋਲ ਸਵੇਰੇ ਜਾ ਕੇ ਸਬਜ਼ੀ ਵੇਚਣ ਲੱਗੇ, ਪਰ ਇੱਕ-ਦੋ ਦਿਨ ਉੱਥੇ ਬਹੁਤ ਘੱਟ ਲੋਕ ਸਬਜ਼ੀ ਖਰੀਦਣ ਦੇ ਲਈ ਆਏ ਅਤੇ ਵਾਪਿਸ ਘਰ ਨਿਰਾਸ਼ ਹੋ ਕੇ ਆ ਗਏ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਸੋਚਿਆ ਕੋਈ ਨਹੀਂ ਕੱਲ ਕਿਤੇ ਕਿਸੇ ਹੋਰ ਜਗ੍ਹਾਂ ‘ਤੇ ਲਗਾ ਕੇ ਦੇਖੀ ਜਾਵੇਗੀ, ਜਿੱਥੇ ਥੋੜੀ ਭੀੜ ਜਿਹੀ ਹੋਵੇ ਅਤੇ ਲੋਕਾਂ ਦਾ ਆਉਣਾ-ਜਾਣਾ ਵੀ ਹੋਵੇ। ਜਿਵੇਂ ਹੀ ਰਾਜਵਿੰਦਰ ਕਾਰ ਵਿੱਚ ਬੈਠ ਕੇ ਜਾਣ ਲੱਗਾ ਤਾਂ ਪਿੱਛੋਂ ਜਸਪਾਲ ਸਿੰਘ ਨਾਮ ਦੇ ਵੀਰ ਨੇ ਆਵਾਜ਼ ਮਾਰੀ, ਕਹਿੰਦੇ ਭਰਾ ਸਵੇਰੇ-ਸਵੇਰੇ ਸ਼ਹਿਰ ਦੇ ਲੋਕ ਡੇਅਰੀ ਤੋਂ ਦੁੱਧ ਅਤੇ ਦਹੀਂ ਲੈਣ ਲਈ ਆਉਂਦੇ ਹਨ ਕੀ ਪਤਾ ਸਬਜ਼ੀ ਵਾਲੀ ਕਾਰ ਵੇਖ ਤੇਰੀ ਸਬਜ਼ੀ ਹੀ ਖਰੀਦ ਲੈਣ, ਤੂੰ ਸਵੇਰ ਵੇਲੇ ਸਬਜ਼ੀ ਵੇਚ ਕੇ ਦੇਖ।

ਰਾਜਵਿੰਦਰ ਸਿੰਘ ਨੇ ਉਸਦੀ ਗੱਲ ਮੰਨਦਿਆਂ ਫਿਰ ਡੀਸੀ ਰਿਹਾਇਸ਼ ਦੇ ਕੋਲ ਡੇਅਰੀ ਦੇ ਸਾਹਮਣੇ ਸਵੇਰੇ 6 ਵਜੇ ਜਾ ਕੇ ਸਬਜ਼ੀਆਂ ਨੂੰ ਵੇਚਣ ਲੱਗਾ, ਜਿਸ ਨਾਲ ਪਹਿਲੇ ਦਿਨ ਤਾਂ ਕੁਝ ਲੋਕਾਂ ਨੇ ਉਨ੍ਹਾਂ ਤੋਂ ਸਬਜ਼ੀ ਖਰੀਦੀ। ਰਾਜਵਿੰਦਰ ਸਿੰਘ ਖੋਸਾ ਨੂੰ ਥੋੜੀ ਖੁਸ਼ੀ ਵੀ ਹੋਈ, ਇਹ ਦੇਖ ਕੇ ਅੰਦਰ ਇੱਕ ਉਮੀਦ ਦੀ ਰੋਸ਼ਨੀ ਜਾਗ ਪਈ ਅਤੇ ਅਗਲੇ ਦਿਨ ਸਵੇਰੇ 6 ਵਜੇ ਜਾ ਕੇ ਫਿਰ ਖੜ ਗਿਆ ਅਤੇ ਕੱਲ ਨਾਲੋਂ ਅੱਜ ਸਬਜ਼ੀ ਦੀ ਬਹੁਤ ਖਰੀਦ ਹੋਈ ਇਹ ਦੇਖ ਕੇ ਬਹੁਤ ਖੁਸ਼ ਹੋਏ।

ਰਾਜਵਿੰਦਰ ਨੇ ਸਵੇਰ 6 ਵਜੇ ਤੋਂ ਸਵੇਰ ਦੇ 9 ਵਜੇ ਦੇ ਵਿਚਕਾਰ ਦਾ ਸਮਾਂ ਰੱਖ ਲਿਆ ਅਤੇ ਇਸ ਸਮੇਂ ਵਿੱਚ ਹੀ ਉਹ ਸਬਜ਼ੀਆਂ ਨੂੰ ਵੇਚਦੇ ਸਨ। ਜਿਵੇਂ-ਜਿਵੇਂ ਰੋਜ਼ ਹੀ ਉਹ ਡੀਸੀ ਰਿਹਾਇਸ਼ ਦੇ ਕੋਲ ਜਾ ਕੇ ਖੜਨ ਲੱਗੇ ਉਨ੍ਹਾਂ ਦੀ ਬਹੁਤ ਸਾਰੇ ਲੋਕਾਂ ਨਾਲ ਜਾਣ-ਪਹਿਚਾਣ ਬਣ ਗਈ ਜਿਸ ਨਾਲ ਉਨ੍ਹਾਂ ਦੀ ਸਬਜ਼ੀਆਂ ਦੀ ਮਾਰਕੀਟਿੰਗ ਵਿੱਚ ਦਿਨੋਂ-ਦਿਨੀ ਪ੍ਰਸਾਰ ਹੋਣ ਲੱਗਾ।

ਰਾਜਵਿੰਦਰ ਸਿੰਘ ਨੇ ਜਿਵੇਂ ਦੇਖਿਆ ਕਿ ਮਾਰਕੀਟਿੰਗ ਵਿੱਚ ਪ੍ਰਸਾਰ ਹੋ ਰਿਹਾ ਹੈ ਤਾਂ ਅਗਸਤ 2020 ਖਤਮ ਹੁੰਦਿਆਂ ਉਨ੍ਹਾਂ ਦੇ 12 ਮਰਲਿਆਂ ਤੋਂ ਸ਼ੁਰੂ ਕੀਤੇ ਇਸ ਕੰਮ ਨੂੰ ਹੌਲੀ-ਹੌਲੀ ਇੱਕ ਕਿੱਲੇ ਦੇ ਵਿੱਚ ਫੈਲਾ ਲਿਆ ਅਤੇ ਬਹੁਤਾਤ ਵਿੱਚ ਹੋਰ ਨਵੀਆਂ ਸਬਜ਼ੀਆਂ ਲਗਾ ਦਿੱਤੀਆਂ, ਜਿਸ ਵਿੱਚ ਗੋਭੀ, ਬੰਦਗੋਭੀ, ਮਟਰ, ਮਿਰਚ, ਮੂਲੀ, ਸਾਗ, ਪਾਲਕ, ਧਨੀਆ, ਮੇਥੀ, ਮੇਥੇ, ਅਚਾਰ, ਸ਼ਹਿਦ ਆਦਿ ਦੇ ਨਾਲ-ਨਾਲ ਰਾਜਵਿੰਦਰ ਸਿੰਘ ਵਿਦੇਸ਼ੀ ਸਬਜੀਆਂ ਵੀ ਪੈਦਾ ਕਰਨ ਲੱਗੇ, ਜਿਵੇਂ ਪੇਠਾ, ਸਲਾਦ ਪੱਤਾ, ਸ਼ਲਗਮ ਅਤੇ ਹੋਰ ਕਈ ਸਬਜ਼ੀਆਂ ਲਗਾ ਦਿੱਤੀਆਂ ਅਤੇ ਉਨ੍ਹਾਂ ਦੀ ਮਾਰਕੀਟਿੰਗ ਕਰਨ ਲੱਗੇ।

ਉਂਝ ਤਾਂ ਰਾਜਵਿੰਦਰ ਸਫਲ ਤਾਂ ਉਦੋਂ ਹੀ ਹੋ ਗਏ ਸਨ ਜਦੋਂ ਉਨ੍ਹਾਂ ਕੋਲ ਇੱਕ ਭੈਣ ਸਬਜ਼ੀ ਖਰੀਦਣ ਲਈ ਆਈ ਤੇ ਕਹਿਣ ਲੱਗੀ, ਵੀਰ ਮੇਰੇ ਬੱਚੇ ਸਿਹਤਮੰਦ ਚੀਜ਼ਾਂ ਜਿਵੇਂ ਮੂਲੀਆਂ ਆਦਿ ਬਗੈਰਾ ਨਹੀਂ ਖਾਂਦੇ, ਤਾਂ ਰਾਜਵਿੰਦਰ ਨੇ ਕਿਹਾ, ਭੈਣ ਇੱਕ ਵਾਰ ਤੁਸੀਂ ਮੇਰੀ ਆਰਗੈਨਿਕ ਬਗੀਚੀ ਤੋਂ ਉਗਾਈਆਂ ਮੂਲੀਆਂ ਆਪਣੇ ਬੱਚਿਆਂ ਨੂੰ ਖਿਲਾ ਕੇ ਦੇਖੋ, ਤਾਂ ਭੈਣ ਨੇ ਉਸ ਤਰ੍ਹਾਂ ਹੀ ਕੀਤਾ। ਜੋ ਮੂਲੀਆਂ ਨੂੰ ਖਾਣਾ ਤਾਂ ਕੀ ਦੇਖਦੇ ਤੱਕ ਵੀ ਨਹੀਂ ਸਨ ਉਨ੍ਹਾਂ ਨੇ ਇਸ ਵਾਰ ਮੂਲੀਆਂ ਦਾ ਪਤਾ ਵੀ ਨਹੀਂ ਲੱਗਣ ਦਿੱਤਾ ਕਿ ਕਿੱਧਰ ਗਈਆਂ। ਤਾਂ ਜਦੋਂ ਭੈਣ ਨੇ ਦੱਸਿਆ ਤਾਂ ਰਾਜਵਿੰਦਰ ਨੂੰ ਦਿਲੋਂ ਇੰਨਾ ਜ਼ਿਆਦਾ ਸਕੂਨ ਪ੍ਰਾਪਤ ਹੋਇਆ ਕਿ ਜਿਵੇਂ ਜ਼ਿੰਦਗੀ ਵਿੱਚ ਸਭ ਕੁਝ ਹਾਸਿਲ ਕਰ ਲਿਆ ਹੋਵੇ। ਫਿਰ ਸ਼ਹਿਰ ਦੇ ਲੋਕ ਉਹਨਾਂ ਨਾਲ ਇਸ ਤਰ੍ਹਾਂ ਜੁੜੇ ਕਿ ਉਹਨਾਂ ਦੀ ਸਬਜੀਆਂ ਉਡੀਕ ਕਰਨ ਲੱਗੇ।

ਇਸ ਦੇ ਨਾਲ-ਨਾਲ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਝੋਨੇ ਦੀ ਸਿੱਧੀ ਬਿਜਾਈ ਵੀ ਕਰਦੇ ਆ ਰਹੇ ਹਨ।

ਅੱਜ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਇੰਨਾ ਜ਼ਿਆਦਾ ਪ੍ਰਸਾਰ ਹੋ ਚੁੱਕਿਆ ਹੈ ਕਿ ਫਰੀਦਕੋਟ ਦੇ ਸਫਲ ਕਿਸਾਨਾਂ ਦੀ ਸੂਚੀ ਵਿੱਚ ਰਾਜਵਿੰਦਰ ਦਾ ਨਾਮ ਵੀ ਚਮਕਦਾ ਹੈ।

ਰਾਜਵਿੰਦਰ ਖੇਤੀ ਦਾ ਸਾਰਾ ਕੰਮ ਖੁਦ ਸੰਭਾਲਦਾ ਹੈ, ਸਬਜ਼ੀਆਂ ਦੇ ਨਾਲ ਉਹ ਹੋਰ ਖੇਤੀ ਉਤਪਾਦ ਜਿਵੇਂ ਸ਼ਹਿਦ, ਆਚਾਰ ਦਾ ਖੁਦ ਮੰਡੀਕਰਨ ਕਰ ਰਿਹਾ ਹੈ, ਜਿਸ ਕਾਰਨ ਉਸਦੇ ਬਹੁਤ ਲਿੰਕ ਬਣ ਗਏ ਹਨ ਅਤੇ ਮੰਡੀਕਰਨ ਦੀ ਉਸਨੂੰ ਕੋਈ ਦਿੱਕਤ ਨਹੀਂ ਆਉਂਦੀ।

ਖਾਸ ਗੱਲ ਇਹ ਵੀ ਹੈ ਕਿ ਉਸਨੇ ਇਹ ਸਾਰੀ ਕਾਮਯਾਬੀ ਬਿਨਾਂ ਕਿਸੇ ਸਰਕਾਰੀ ਸਹਾਇਤਾ ਤੋਂ ਆਪਣੀ ਮਿਹਨਤ ਦੇ ਨਾਲ ਹੀ ਹਾਸਿਲ ਕੀਤੀ ਹੈ।

ਸਿਰਫ ਸਖ਼ਤ ਮਿਹਨਤ ਹੀ ਨਹੀਂ ਰਾਜਵਿੰਦਰ ਸਿੰਘ ਖੋਸਾ ਟੈਕਨਾਲੋਜੀ ਪੱਖੋਂ ਵੀ ਪੂਰਾ ਅੱਪਡੇਟ ਰਹਿੰਦਾ ਹੈ, ਕਿਉਂਕਿ ਸੋਸ਼ਲ ਮੀਡਿਆ ਦੀ ਸਹੀ ਤਰੀਕੇ ਨਾਲ ਵਰਤੋਂ ਕਰਕੇ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਵੀ ਕਰਦਾ ਹੈ।

ਭਵਿੱਖ ਦੀ ਯੋਜਨਾ

ਉਹ ਸਬਜ਼ੀਆਂ ਦੀ ਕਾਸ਼ਤ ਤਾਂ ਕਰ ਰਹੇ ਹੀ ਹਨ ਪਰ ਉਹ ਸਬਜ਼ੀਆਂ ਦੀ ਮਾਤਰਾ ਹੋਰ ਵਧਾਉਣਾ ਚਾਹੁੰਦੇ ਹਨ ਤਾਂ ਜੋ ਲੋਕਾਂ ਨੂੰ ਸਾਫ ਤੇ ਸੁਥਰੀ ਸਬਜ਼ੀ ਜੋ ਕਿ ਜ਼ਹਿਰ ਮੁਕਤ ਪੈਦਾ ਕਰਕੇ ਸ਼ਹਿਰ ਦੇ ਲੋਕਾਂ ਨੂੰ ਪ੍ਰਦਾਨ ਕੀਤੀ ਜਾਵੇ, ਜਿਸ ਨਾਲ ਖੁਦ ਵੀ ਸਿਹਤਮੰਦ ਬਣੀਏ ਅਤੇ ਦੂਜਿਆਂ ਨੂੰ ਵੀ ਸਿਹਤਮੰਦ ਬਣਾਈਏ।

ਘੱਟ ਖਰਚੇ ਅਤੇ ਸਖ਼ਤ ਮਿਹਨਤ ਨਾਲ ਨਵੀਆਂ ਪੁਲਾਘਾਂ ਪੁੱਟਣ ਵਾਲਾ ਰਾਜਵਿੰਦਰ ਸਿੰਘ ਸੱਚਮੁੱਚ ਚੰਗੇ ਮਾਨ-ਸਨਮਾਨ ਦਾ ਹੱਕਦਾਰ ਹੈ।

ਸੰਦੇਸ਼

ਜੇਕਰ ਕੋਈ ਛੋਟਾ ਕਿਸਾਨ ਹੈ ਤਾਂ ਉਸ ਨੇ ਜੇ ਰਵਾਇਤੀ ਖੇਤੀ ਦੇ ਨਾਲ-ਨਾਲ ਕੋਈ ਹੋਰ ਛੋਟੇ ਪੱਧਰ ‘ਤੇ ਸਬਜ਼ੀਆਂ ਦੀ ਕਾਸ਼ਤ ਕਰਨੀ ਹੈ ਤਾਂ ਉਸਨੂੰ ਆਰਗੈਨਿਕ ਤਰੀਕੇ ਨਾਲ ਹੀ ਸ਼ੁਰੂ ਕਰਨੀ ਚਾਹੀਦੀ ਹੈ, ਹਾਂ ਜੇਕਰ ਹੋ ਸਕੇ ਤਾਂ ਸਬਜ਼ੀਆਂ ਨੂੰ ਮੰਡੀ ਵਿੱਚ ਵੇਚਣ ਦੀ ਬਜਾਏ ਖੁਦ ਜਾ ਕੇ ਵੇਚੇ ਤਾਂ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੈ, ਕਿਉਂਕਿ ਕਿੱਤਾ ਕੋਈ ਵੀ ਹੋਵੇ ਸਾਨੂੰ ਕੰਮ ਕਰਨ ਵਕ਼ਤ ਸ਼ਰਮ ਨਹੀਂ ਮਹਿਸੂਸ ਨਹੀਂ ਹੋਣੀ ਚਾਹੀਦੀ, ਸਗੋਂ ਆਪਣੇ ਆਪ ‘ਤੇ ਮਾਣ ਹੋਣਾ ਚਾਹੀਦਾ ਹੈ।