ਜਾਣੋ ਇਸ ਨੌਜਵਾਨ ਦੇ ਬਾਰੇ, ਜਿਸ ਨੇ ਮਕੈਨੀਕਲ ਇੰਜੀਨੀਅਰ ਦੀ ਨੌਕਰੀ ਛੱਡ ਕੇ ਮੋਤੀ ਉਤਪਾਦਨ ਦਾ ਧੰਦਾ ਸ਼ੁਰੂ ਕੀਤਾ ਅਤੇ ਹੁਣ ਇਸਦੀ ਸਾਲ ਦੀ ਕਮਾਈ 5 ਲੱਖ ਤੋਂ ਵੀ ਵੱਧ ਹੈ
ਵਿਨੋਦ ਕੁਮਾਰ ਜੋ ਪੇਸ਼ੇ ਤੋਂ ਮਕੈਨੀਕਲ ਇੰਜੀਨੀਅਰ ਸੀ, ਉਹ ਅਕਸਰ ਆਪਣੇ ਨੌਕਰੀ ਵਾਲੇ ਜੀਵਨ ‘ਚੋਂ ਸਮਾਂ ਕੱਢ ਕੇ ਖੇਤੀਬਾੜੀ ‘ਚ ਦਿਲਚਸਪੀ ਹੋਣ ਕਾਰਨ ਨਵੀਂਆਂ ਖੇਤੀ ਤਕਨੀਕਾਂ ਦੀ ਖੋਜ ਕਰਦਾ ਸੀ। ਇੱਕ ਦਿਨ ਇੰਟਰਨੈੱਟ ‘ਤੇ ਵਿਨੋਦ ਕੁਮਾਰ ਨੂੰ ਮੋਤੀਆਂ ਦੀ ਖੇਤੀ (ਪਰਲ ਫਾਰਮਿੰਗ) ਬਾਰੇ ਪਤਾ ਲੱਗਾ ਅਤੇ ਉਸਦਾ ਧਿਆਨ ਇਸ ਕੰਮ ਵੱਲ ਆਕਰਸ਼ਿਤ ਹੋਇਆ ਅਤੇ ਉਨ੍ਹਾਂ ਨੇ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਅਤੇ ਇਹ ਜਾਣਿਆ ਕਿ ਮੋਤੀ ਉਤਪਾਦਨ ਦਾ ਕੰਮ ਘੱਟ ਪਾਣੀ ਅਤੇ ਘੱਟ ਖੇਤਰ ਵਿੱਚ ਵੀ ਕੀਤਾ ਜਾ ਸਕਦਾ ਹੈ।
ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਮੋਤੀਆਂ ਦੀ ਖੇਤੀ ਦੀ ਸਿਖਲਾਈ ਦੇਣ ਵਾਲੀ ਇਕੱਲੀ ਹੀ ਸੰਸਥਾ ਸੈਂਟਰਲ ਇੰਸਟੀਚਿਊਟ ਆੱਫ ਫਰੈੱਸ਼ ਵਾਟਰ ਐਕੁਆਕਲਚਰ (ਸੀ.ਆਈ.ਐੱਫ.ਏ.) ਭੁਵਨੇਸ਼ਵਰ ਵਿਖੇ ਸਥਿਤ ਹੈ, ਤਾਂ ਵਿਨੋਦ ਕੁਮਾਰ ਨੇ ਬਿਨਾ ਸਮਾਂ ਗੁਆਏ, ਆਪਣੇ ਦਿਲ ਦੀ ਗੱਲ ਸੁਣੀ ਅਤੇ ਨੌਕਰੀ ਛੱਡ ਕੇ ਮਈ 2016 ਵਿੱਚ ਇੱਕ ਹਫ਼ਤੇ ਦੀ ਸਿਖਲਾਈ ਲਈ ਭੁਵਨੇਸ਼ਵਰ ਚਲੇ ਗਿਆ।
ਉਸ ਨੇ ਮੋਤੀ ਉਤਪਾਦਨ ਦਾ ਕੰਮ 20×10 ਫੁੱਟ ਦੇ ਖੇਤਰ ਵਿੱਚ 1000 ਸਿੱਪੀਆਂ ਨਾਲ ਸ਼ੁਰੂ ਕੀਤਾ ਅਤੇ ਅੱਜ ਉਸ ਨੇ ਮੋਤੀ ਉਤਪਾਦਨ ਦੇ ਕਾਰੋਬਾਰ ਦਾ ਵਿਸਥਾਰ ਕਰ ਲਿਆ ਹੈ, ਹੁਣ ਉਹ 2000 ਸਿੱਪੀਆਂ ਨਾਲ 5 ਲੱਖ ਤੋਂ ਵੀ ਵੱਧ ਮੁਨਾਫ਼ਾ ਕਮਾ ਰਿਹਾ ਹੈ। ਖੈਰ, ਇਹ ਵਿਨੋਦ ਕੁਮਾਰ ਦਾ ਪੱਕਾ ਇਰਾਦਾ ਅਤੇ ਜਨੂੰਨ ਸੀ ਜਿਸ ਨੇ ਉਸ ਨੂੰ ਇਹ ਸਫ਼ਲਤਾ ਦਾ ਰਸਤਾ ਦਿਖਾਇਆ।
• ਮੋਤੀਆਂ ਲਈ ਉਚਿੱਤ ਬਾਜ਼ਾਰ ਰਾਜਕੋਟ, ਦਿੱਲੀ, ਦਿੱਲੀ ਦੇ ਨੇੜੇ ਦੇ ਇਲਾਕੇ ਅਤੇ ਸੂਰਤ ਹਨ।
ਇਸ ਵਿੱਚ ਮੁੱਖ ਕੰਮ ਸਿੱਪੀ ਦੀ ਸਰਜਰੀ ਹੈ ਅਤੇ ਇਸ ਕੰਮ ਲਈ ਇੰਸਟੀਚਿਊਟ ਦੁਆਰਾ ਵਿਸ਼ੇਸ਼ ਸਿਖਲਾਈ ਦਿੱਤੀ ਜਾਂਦੀ ਹੈ। ਮੋਤੀ ਤੋਂ ਇਲਾਵਾ ਸਿੱਪੀ ਦੇ ਅੰਦਰ ਵੱਖ-ਵੱਖ ਤਰ੍ਹਾਂ ਦੇ ਆਕਾਰ ਅਤੇ ਡਿਜ਼ਾਈਨ ਵੀ ਬਣਾਏ ਜਾ ਸਕਦੇ ਹਨ।
ਵਿਨੋਦ ਨਾ ਸਿਰਫ਼ ਮੋਤੀ ਉਤਪਾਦਨ ਕਰਦਾ ਹੈ, ਬਲਕਿ ਉਹ ਦੂਜੇ ਕਿਸਾਨਾਂ ਨੂੰ ਸਿਖਲਾਈ ਵੀ ਦਿੰਦਾ ਹੈ। ਉਨ੍ਹਾਂ ਨੂੰ ਉੱਦਮੀ ਵਿਕਾਸ ਦੇ ਲਈ ਤਾਜ਼ੇ ਪਾਣੀ ਵਿੱਚ ਮੋਤੀ ਉਤਪਾਦਨ ਲਈ ਟ੍ਰੇਨਿੰਗ ਵਿੱਚ ਆਈ.ਸੀ.ਏ.ਆਰ.-ਸੈਂਟਰਲ ਇੰਸਟੀਚਿੂਟ ਆੱਫ ਫਰੈੱਸ਼ ਵਾਟਰ ਐਕੁਆਕਲਚਰ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ। ਹੁਣ ਤੱਕ 30,000 ਤੋਂ ਵੱਧ ਲੋਕਾਂ ਨੇ ਉਸ ਦੇ ਫਾਰਮ ਦਾ ਦੌਰਾ ਕੀਤਾ ਹੈ ਅਤੇ ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਨਿਰਾਸ਼ ਨਹੀਂ ਕੀਤਾ।
“ਅੱਜ ਜੇਕਰ ਕਿਸਾਨ ਆਪਣੇ ਜੀਵਨ ਵਿਚ ਅੱਗੇ ਵਧਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਅਲੱਗ ਸੋਚਣਾ ਚਾਹੀਦਾ ਹੈ। ਪਰ ਇਹ ਭਾਵਨਾ ਵੀ ਸਬਰ ਦੀ ਮੰਗ ਕਰਦੀ ਹੈ, ਕਿਉਂਕਿ ਮੇਰੇ ਬਹੁਤ ਸਾਰੇ ਵਿਦਿਆਰਥੀ ਸਿਖਲਾਈ ਲਈ ਮੇਰੇ ਕੋਲ ਆਏ ਅਤੇ ਤੁਰੰਤ ਸਿਖਲਾਈ ਦੇ ਬਾਅਦ ਉਨ੍ਹਾਂ ਨੇ ਆਪਣਾ ਕਾਰੋਬਾਰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋਏ। ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਫ਼ਲਤਾ ਸਬਰ ਅਤੇ ਲਗਾਤਾਰ ਅਭਿਆਸ ਨਾਲ ਮਿਲਦੀ ਹੈ।”