ਨਵਦੀਪ ਬੱਲੀ ਅਤੇ ਗੁਰਸ਼ਰਨ ਸਿੰਘ

ਪੂਰੀ ਕਹਾਣੀ ਪੜ੍ਹੋ

ਮਾਲਵਾ ਖੇਤਰ ਦੇ ਦੋ ਨੌਜਵਾਨ ਕਿਸਾਨ, ਜੋ ਖੇਤੀ ਨੂੰ ਫੂਡ ਪ੍ਰੋਸੈਸਿੰਗ ਦੇ ਨਾਲ ਜੋੜ ਕੇ ਕਮਾ ਰਹੇ ਹਨ ਵਧੇਰੇ ਲਾਭ

ਭੋਜਨ ਜੀਵਨ ਦੀ ਮੁੱਢਲੀ ਲੋੜ ਹੈ, ਪਰ ਕੀ ਹੋਵੇਗਾ ਜਦੋਂ ਤੁਹਾਡਾ ਭੋਜਨ ਉਤਪਾਦਨ ਦੇ ਦੌਰਾਨ ਬੁਨਿਆਦੀ ਪੱਧਰ ‘ਤੇ ਮਿਲਾਵਟੀ ਜਾਂ ਦੂਸ਼ਿਤ ਹੋ ਜਾਵੇ।

ਅੱਜ, ਭਾਰਤ ਵਿੱਚ ਭੋਜਨ ਵਿੱਚ ਮਿਲਾਵਟ ਇੱਕ ਪ੍ਰਮੁੱਖ ਮੁੱਦਾ ਹੈ, ਜਦੋਂ ਕੁਆਲਿਟੀ ਦੀ ਗੱਲ ਆਉਂਦੀ ਹੈ ਤਾਂ ਉਤਪਾਦਕ ਅੰਨ੍ਹੇ ਹੋ ਜਾਂਦੇ ਹਨ ਅਤੇ ਉਹ ਕੇਵਲ ਮਾਤਰਾ ‘ਤੇ ਹੀ ਧਿਆਨ ਕੇਂਦਰਿਤ ਕਰਦੇ ਹਨ, ਜੋ ਨਾ ਕੇਵਲ ਭੋਜਨ ਦੇ ਸੁਆਦ ਅਤੇ ਪੋਸ਼ਣ ਨੂੰ ਪ੍ਰਭਾਵਿਤ ਕਰਦਾ ਹੈ ਬਲਕਿ ਉਪਭੋਗਤਾ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰਦਾ ਹੈ।

ਇਹ ਨਵਦੀਪ ਬੱਲੀ ਅਤੇ ਗੁਰਸ਼ਰਨ ਸਿੰਘ ਦੀ ਕਹਾਣੀ ਹੈ ਜਿਨ੍ਹਾਂ ਨੇ ਆਪਣੇ ਅਨੋਖੇ ਉਤਪਾਦ – ਕੱਚੀ ਹਲਦੀ ਦੇ ਅਚਾਰ ਨਾਲ ਬਜ਼ਾਰ ਵਿੱਚ ਪ੍ਰਵੇਸ਼ ਕੀਤਾ ਅਤੇ ਥੋੜ੍ਹੇ ਸਮੇਂ ਵਿੱਚ ਹੀ ਪ੍ਰਸਿੱਧ ਹੋ ਗਏ। ਇੱਕ ਸਿੱਖਿਅਤ ਪਿਛੋਕੜ ਤੋਂ ਆਏ ਇਨ੍ਹਾਂ ਦੋ ਨੌਜਵਾਨਾਂ ਨੇ ਸਮਾਜ ਨੂੰ ਕੁੱਝ ਚੰਗਾ ਦੇਣ ਦਾ ਫੈਸਲਾ ਕੀਤਾ।

ਇਹ ਸਭ ਉਸ ਸਮੇਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਨੇ ਕੱਚੀ ਹਲਦੀ ਦੇ ਕਈ ਲਾਭ ਅਤੇ ਘਰੇਲੂ ਨੁਕਤਿਆਂ ਦੀ ਖੋਜ ਕੀਤੀ, ਜੋ ਖਰਾਬ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ, ਚਮੜੀ ਦੀਆਂ ਬਿਮਾਰੀਆਂ, ਐਲਰਜੀ ਅਤੇ ਜ਼ਖ਼ਮਾਂ ਨੂੰ ਠੀਕ ਕਰਨ ਵਿੱਚ ਮਦਦ ਕਰਦੇ ਹਨ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਅਤੇ ਕਈ ਹੋਰ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ।

ਸ਼ੁਰੂ ਤੋਂ ਹੀ ਦੋਨਾਂ ਦੋਸਤਾਂ ਨੇ ਕੁੱਝ ਅਲੱਗ ਕਰਨ ਦਾ ਫੈਸਲਾ ਕੀਤਾ, ਇਸ ਲਈ ਉਨ੍ਹਾਂ ਨੇ ਹਲਦੀ ਦੀ ਖੇਤੀ ਸ਼ੂਰੂ ਕੀਤੀ ਅਤੇ 80-90 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਫ਼ਸਲ ਨੂੰ ਖੁਦ ਪ੍ਰੋਸੈੱਸ ਕਰਨ ਅਤੇ ਉਸ ਨੂੰ ਕੱਚੀ ਹਲਦੀ ਦੇ ਅਚਾਰ ਦੇ ਰੂਪ ਵਿੱਚ ਬਜ਼ਾਰ ਵਿੱਚ ਵੇਚਣ ਦਾ ਫੈਸਲਾ ਕੀਤਾ। ਪਹਿਲਾ ਸਥਾਨ ਬਠਿੰਡੇ ਦੀ ਐਤਵਾਰ ਵਾਲੀ ਮੰਡੀ ਸੀ, ਜਿੱਥੇ ਉਨ੍ਹਾਂ ਦੇ ਉਤਪਾਦ ਨੂੰ ਲੋਕਾਂ ਦੇ ਵਿੱਚ ਪ੍ਰਸਿੱਧੀ ਮਿਲੀ ਅਤੇ ਹੁਣ ਉਨ੍ਹਾਂ ਨੇ ਸ਼ਹਿਰ ਦੇ ਕਈ ਸਥਾਨਾਂ ‘ਤੇ ਇਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ।

ਫੂਡ ਪ੍ਰੋਸੈਸਿੰਗ ਵਪਾਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਨਵਦੀਪ ਅਤੇ ਗੁਰਸ਼ਰਨ ਨੇ ਜ਼ਿਲ੍ਹੇ ਦੇ ਸੀਨੀਅਰ ਖੇਤੀਬਾੜੀ ਮਾਹਿਰ ਡਾ: ਪਰਮੇਸ਼ਵਰ ਸਿੰਘ ਤੋਂ ਖੇਤੀ ਦੀ ਸਲਾਹ ਲਈ। ਅੱਜ, ਡਾਕਟਰ ਵੀ ਆਪਣੇ ਆਪ ‘ਤੇ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੀ ਸਲਾਹ ਦੀ ਪਾਲਣਾ ਕਰਕੇ ਇਹ ਨੌਜਵਾਨ ਫੂਡ ਪ੍ਰੋਸੈੱਸਿੰਗ ਮਾਰਕਿਟ ਵਿੱਚ ਵਧੀਆ ਕੰਮ ਕਰ ਰਹੇ ਹਨ ਅਤੇ ਰਸੋਈ ਵਿੱਚ ਸਿੱਧੇ ਜਾਂ ਅਸਿੱਧੇ ਰੂਪ ਨਾਲ ਵਰਤੇ ਜਾਣ ਵਾਲੇ ਜ਼ਿਆਦਾ ਬੁਨਿਆਦੀ ਸ਼ੁੱਧ ਭੋਜਨ ਉਤਪਾਦ ਬਣਾ ਰਹੇ ਹਨ।

ਕੱਚੀ ਹਲਦੀ ਦੇ ਅਚਾਰ ਦੀ ਸਫ਼ਲਤਾ ਦੇ ਬਾਅਦ, ਨਵਦੀਪ ਅਤੇ ਗੁਰਸ਼ਰਨ ਨੇ ਰਾਮਪੁਰਾ ਵਿੱਚ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕੀਤਾ ਅਤੇ ਇਸ ਸਮੇਂ ਉਨ੍ਹਾਂ ਦੀ ਉਤਪਾਦਾਂ ਦੀ ਸੂਚੀ ਵਿੱਚ 10 ਤੋਂ ਜ਼ਿਆਦਾ ਉਤਪਾਦ ਹਨ, ਜਿਸ ਵਿੱਚ ਕੱਚੀ ਹਲਦੀ, ਕੱਚੀ ਹਲਦੀ ਦਾ ਅਚਾਰ, ਹਲਦੀ ਪਾਊਡਰ, ਮਿਰਚ ਪਾਊਡਰ, ਸਬਜ਼ੀ ਮਸਾਲਾ, ਧਨੀਆ ਪਾਊਡਰ, ਲੱਸੀ, ਦਹੀਂ, ਚਾਟ ਮਸਾਲਾ, ਲਸਣ ਦਾ ਅਚਾਰ, ਜੀਰਾ, ਬੇਸਣ, ਚਾਹ ਮਸਾਲਾ ਆਦਿ ਸ਼ਾਮਲ ਹਨ।

ਇਹ ਦੋਨੋਂ ਨਾ ਕੇਵਲ ਫੂਡ ਪ੍ਰੋਸੈੱਸਿੰਗ ਨੂੰ ਇੱਕ ਲਾਭਦਾਇਕ ਉੱਦਮ ਬਣਾ ਰਹੇ ਹਨ, ਬਲਕਿ ਹੋਰ ਕਿਸਾਨਾਂ ਨੂੰ ਬਿਹਤਰ ਆਮਦਨ ਹਾਸਲ ਕਰਨ ਲਈ ਖੇਤੀ ਦੇ ਨਾਲ ਫੂਡ ਪ੍ਰੋਸੈਸਿੰਗ ਨੂੰ ਅਪਨਾਉਣ ਲਈ ਵੀ ਉਤਸ਼ਾਹਿਤ ਕਰ ਰਹੇ ਹਨ।

ਭਵਿੱਖ ਦੀਆਂ ਯੋਜਨਾਵਾਂ: ਭਵਿੱਖ ਵਿੱਚ ਆਪਣੇ ਉਤਪਾਦਾਂ ਨੂੰ ਪੌਸ਼ਟਿਕ ਬਣਾਉਣ ਅਤੇ ਵਧੇਰੇ ਕਿਫ਼ਾਇਤੀ ਖੇਤੀ ਕਰਨ ਲਈ ਉਹ ਫ਼ਸਲੀ ਵਿਭਿੰਨਤਾ ਅਪਨਾਉਣ ਦੀ ਯੋਜਨਾ ਬਣਾ ਰਹੇ ਹਨ। ਇਸ ਤੋਂ ਇਲਾਵਾ ਉਹ ਆਪਣੇ ਤਿਆਰ ਕੀਤੇ ਉਤਪਾਦਾਂ ਨੂੰ ਹੋਰ ਇਲਾਕਿਆਂ ਤੱਕ ਵੇਚਣ ਅਤੇ ਲੋਕਾਂ ਨੂੰ ਖਾਣੇ ਦੀ ਮਿਲਾਵਟ ਅਤੇ ਸਿਹਤ ਦੇ ਮਹੱਤਵ ਬਾਰੇ ਜਾਣੂ ਕਰਵਾਉਣ ਦੀ ਵੀ ਯੋਜਨਾ ਬਣਾ ਰਹੇ ਹਨ।

ਸੰਦੇਸ਼
ਜੇਕਰ ਕਿਸਾਨ ਖੇਤੀਬਾੜੀ ਤੋਂ ਬਿਹਤਰ ਲਾਭ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖੇਤੀ ਦੇ ਨਾਲ ਫੂਡ ਪ੍ਰੋਸੈਸਿੰਗ ਦਾ ਕੰਮ ਸ਼ੁਰੂ ਕਰਨਾ ਚਾਹੀਦਾ ਹੈ।