ਸ਼ਮਸ਼ੇਰ ਸਿੰਘ ਸੰਧੂ

ਪੂਰੀ ਕਹਾਣੀ ਪੜ੍ਹੋ

 ਜਾਣੋ ਕੀ ਹੁੰਦਾ ਹੈ ਜਦੋਂ ਖੇਤੀਬਾੜੀ ਦੇ ਖੇਤਰ ਵਿੱਚ ਨਰਸਰੀ ਦਾ ਕੰਮ ਸਫ਼ਲਤਾਪੂਰਵਕ ਚੱਲਦਾ ਹੈ

ਜਦੋਂ ਖੇਤੀਬਾੜੀ ਦੀ ਗੱਲ ਆਉਂਦੀ ਹੈ, ਤਾਂ ਕਿਸਾਨ ਨੂੰ ਭੇਡ ਚਾਲ ਬੰਦ ਕਰਨੀ ਚਾਹੀਦੀ ਹੈ ਅਤੇ ਉਹ ਕਰਨਾ ਚਾਹੀਦਾ ਹੈ ਜੋ ਉਨ੍ਹਾਂ ਨੂੰ ਬਿਸਤਰੇ ਤੋਂ ਰੋਜ਼ ਜਗਾਉਣ ਅਤੇ ਖੇਤਾਂ ਵਿੱਚ ਖੜ੍ਹੇ ਹੋਣ ਲਈ ਪ੍ਰੇਰਿਤ ਕਰੇ, ਭਾਵੇਂ ਇਹ ਸਬਜ਼ੀਆਂ ਦੀ ਖੇਤੀ, ਮੁਰਗੀ ਪਾਲਣ, ਸੂਰ ਪਾਲਣ, ਫੁੱਲਾਂ ਦੀ ਖੇਤੀ, ਫੂਡ ਪ੍ਰੋਸੈੱਸਿੰਗ ਜਾਂ ਉਤਪਾਦਾਂ ਨੂੰ ਘਰ-ਘਰ ਜਾ ਕੇ ਵੇਚਣਾ ਹੀ ਹੋਵੇ, ਕਿਉਂਕਿ ਇਸ ਤਰ੍ਹਾਂ ਇੱਕ ਕਿਸਾਨ ਖੇਤੀਬਾੜੀ ਨੂੰ ਵਧੀਆ ਬਣਾ ਸਕਦਾ ਹੈ।

ਜਾਟਾਂ ਦੀ ਧਰਤੀ- ਹਰਿਆਣਾ ਤੋਂ ਇੱਕ ਅਜਿਹੇ ਅਗਾਂਹਵਧੂ ਕਿਸਾਨ – ਸ਼ਮਸ਼ੇਰ ਸਿੰਘ ਸੰਧੂ ਹਨ, ਜੋ ਆਪਣੇ ਵਿਚਾਰਾਂ ਅਤੇ ਸੁਪਨਿਆਂ ਦਾ ਪਾਲਣ ਕਰਕੇ ਖੇਤੀਬਾੜੀ ਦੇ ਰਸਤੇ ਵੱਲ ਗਏ। ਦੂਜੇ ਕਿਸਾਨਾਂ ਤੋਂ ਉਲਟ ਸ. ਸੰਧੂ ਜੀ ਮੁੱਖ ਤੌਰ ‘ਤੇ ਬੀਜਾਂ ਦੀ ਤਿਆਰੀ ਕਰਦੇ ਹਨ, ਜੋ ਉਨ੍ਹਾਂ ਨੂੰ ਰਵਾਇਤੀ ਖੇਤੀ ਤਕਨੀਕਾਂ ਦੀ ਤੁਲਨਾ ਵਿੱਚ ਵਧੀਆ ਫਾਇਦਾ ਦੇ ਰਹੇ ਹਨ।

ਖੇਤੀਬਾੜੀ ਦੇ ਖੇਤਰ ਵਿੱਚ ਆਪਣੇ ਪਿਤਾ ਦੀਆਂ ਪ੍ਰਾਪਤੀਆਂ ਤੋਂ ਪ੍ਰੇਰਿਤ ਹੋ ਕੇ ਸ਼ਮਸ਼ੇਰ ਸਿੰਘ ਜੀ ਨੇ 1979 ਵਿੱਚ ਆਪਣੀ ਪੜ੍ਹਾਈ (ਬੈਚਲਰ ਆੱਫ਼ ਆਰਟਸ) ਪੂਰੀ ਕਰਨ ਤੋਂ ਬਾਅਦ ਵੀ ਖੇਤੀ ਅਪਨਾਉਣ ਦਾ ਫੈਸਲਾ ਕੀਤਾ ਅਤੇ ਅਗਲੇ ਸਾਲ ਉਨ੍ਹਾਂ ਨੇ ਵਿਆਹ ਕਰਵਾ ਲਿਆ। ਪਰ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਕਣਕ, ਝੋਨਾ ਅਤੇ ਹੋਰ ਰਵਾਇਤੀ ਫ਼ਸਲਾਂ ਦੀ ਖੇਤੀ ਕਰਨਾ ਸਫ਼ਲ ਨਹੀਂ ਸੀ ਅਤੇ ਉਹ ਅਜੇ ਵੀ ਆਪਣੇ ਪੇਸ਼ੇ ਦੇ ਬਾਰੇ ਪਰੇਸ਼ਾਨ ਸਨ।

ਖੇਤੀਬਾੜੀ ਖੇਤਰ ਬਹੁਤ ਸਾਰੇ ਖੇਤਰਾਂ ਅਤੇ ਮੌਕਿਆਂ ਦਾ ਇੱਕ ਵਿਸ਼ਾਲ ਖੇਤਰ ਹੈ, ਸੋ ਉਨ੍ਹਾਂ ਨੂੰ 1985 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੌਜਵਾਨ ਕਿਸਾਨ ਸਿਖਲਾਈ ਪ੍ਰੋਗਰਾਮ ਬਾਰੇ ਪਤਾ ਲੱਗਾ, ਇਹ 3 ਮਹੀਨਿਆਂ ਦਾ ਸਿਖਲਾਈ ਪ੍ਰੋਗਰਾਮ ਸੀ ਜਿਸ ਦੇ ਤਹਿਤ 12 ਵਿਸ਼ੇ ਸਨ ਜਿਵੇਂ ਕਿ ਡੇਅਰੀ, ਬਾਗਬਾਨੀ, ਮੁਰਗੀ ਪਾਲਣ ਅਤੇ ਹੋਰ ਆਦਿ। ਉਨ੍ਹਾਂ ਨੇ ਆਪਣਾ ਨਾਮ ਦਰਜ ਕਰਵਾ ਲਿਆ। ਸਿਖਲਾਈ ਖ਼ਤਮ ਕਰਨ ਤੋਂ ਬਾਅਦ ਉਨ੍ਹਾਂ ਨੇ ਬੀਜ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਬਿਨਾਂ ਕਿਸੇ ਸਬਜ਼ੀ ਮੰਡੀ ਅਤੇ ਦੁਕਾਨ ‘ਤੇ ਗਏ, ਘਰ ਬੈਠੇ ਹੀ ਉਨ੍ਹਾਂ ਨੇ ਬੀਜ ਤਿਆਰ ਕਰਕੇ ਚੰਗੀ ਕਮਾਈ ਕੀਤੀ।

ਖੇਤੀਬਾੜੀ ਗਤੀਵਿਧੀਆਂ ਤੋਂ ਇਲਾਵਾ ਸ਼ਮਸ਼ੇਰ ਸਿੰਘ ਸੰਧੂ ਵੀ ਇੱਕ ਸਮਾਜਿਕ ਪਹਿਲਕਦਮੀ ਵਿੱਚ ਸ਼ਾਮਲ ਹਨ, ਜਿਸ ਰਾਹੀਂ ਉਹ ਲੋੜਵੰਦਾਂ ਨੂੰ ਕੱਪੜੇ ਦਾਨ ਕਰਕੇ ਜ਼ਰੂਰਮੰਦਾਂ ਦੀ ਮਦਦ ਕਰਦੇ ਹਨ। ਉਨ੍ਹਾਂ ਨੇ ਕੱਪੜੇ ਇਕੱਠੇ ਕਰਨ ਲਈ ਵਿਸ਼ੇਸ਼ ਤੌਰ ‘ਤੇ ਕਿਸਾਨਾਂ ਦਾ ਇੱਕ ਸਮੂਹ ਬਣਾਇਆ ਹੈ।

ਬੀਜ ਤਿਆਰ ਕਰਨ ਲਈ ਪਹਿਲਾਂ ਸ਼ਮਸ਼ੇਰ ਸਿੰਘ ਸੰਧੂ ਖੁਦ ਯੂਨੀਵਰਸਿਟੀ (ਪੀ.ਏ.ਯੂ ਜਾਂ ਐੱਚ.ਏ.ਯੂ.) ਤੋਂ ਬੀਜ ਖਰੀਦਦੇ ਹਨ, ਬੀਜ ਉਗਾਉਂਦੇ ਹਨ, ਪੂਰੀ ਤਰ੍ਹਾਂ ਪੱਕ ਜਾਣ ‘ਤੇ ਫ਼ਸਲ ਦੀ ਕਟਾਈ ਕਰਦੇ ਹਨ ਅਤੇ ਇਸ ਤੋਂ ਬਾਅਦ ਉਹ ਅਰਧ-ਜੈਵਿਕ ਤਰੀਕੇ ਨਾਲ ਬੀਜਾਂ ਨੂੰ ਹੋਰਨਾਂ ਕਿਸਾਨਾਂ ਤੱਕ ਵੇਚਣ ਤੋਂ ਪਹਿਲਾਂ ਸੋਧਦੇ ਹਨ। ਇਸ ਤਰੀਕੇ ਨਾਲ ਉਹ ਨਰਸਰੀ ਤਿਆਰ ਕਰਨ ਦੇ ਕਾਰੋਬਾਰ ਤੋਂ ਵਧੀਆ ਮੁਨਾਫ਼ਾ ਕਮਾ ਰਹੇ ਹਨ। ਉਨ੍ਹਾਂ ਦਾ ਉੱਦਮ ਇੰਨਾ ਸਫ਼ਲ ਰਿਹਾ ਕਿ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਸਦਕਾ 2015 ਅਤੇ 2018 ਵਿੱਚ ਆਈ.ਏ.ਆਰ.ਆਈ. ਵੱਲੋਂ ਦੋ ਵਾਰ ਇਨੋਵੇਟਿਵ ਕਿਸਾਨ ਅਤੇ ਫੈਲੋ ਕਿਸਾਨ ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਗਿਆ।

ਵਰਤਮਾਨ ਵਿੱਚ ਸ਼ਮਸ਼ੇਰ ਸਿੰਘ ਸੰਧੂ ਬੀਜਾਂ ਦੀ ਤਿਆਰੀ ਦੇ ਨਾਲ ਗੁਆਰ, ਕਣਕ, ਜੌਂ, ਕਪਾਹ ਅਤੇ ਮੌਸਮੀ ਸਬਜ਼ੀਆਂ ਦੀ ਖੇਤੀ ਕਰ ਰਹੇ ਹਨ ਅਤੇ ਉਹ ਇਸ ਤੋਂ ਵਧੀਆ ਮੁਨਾਫ਼ਾ ਕਮਾ ਰਹੇ ਹਨ। ਭਵਿੱਖ ਵਿੱਚ ਉਹ ਆਪਣੇ ਸੰਧੂ ਬੀਜ ਫਾਰਮ ਦਾ ਵਿਸਥਾਰ ਕਰਨ ਦੀ ਯੋਜਨਾ ਬਣਾ ਰਹੇ ਹਨ, ਤਾਂ ਜੋ ਉਹ ਸਿਰਫ਼ ਪੰਜਾਬ ਵਿੱਚ ਹੀ ਨਹੀਂ ਬਲਕਿ ਦੂਜੇ ਗੁਆਂਢੀ ਸੂਬਿਆਂ ਵਿੱਚ ਵੀ ਬੀਜ ਸਪਲਾਈ ਕਰ ਸਕਣ।

ਸੰਦੇਸ਼
“ਕਿਸਾਨਾਂ ਨੂੰ ਹੋਰ ਬੀਜ ਸਪਲਾਈ ਕਰਨ ਵਾਲਿਆਂ ਦੇ ਬੀਜਾਂ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਤਰੀਕੇ ਨਾਲ ਉਹ ਚੰਗੇ ਅਤੇ ਬੁਰੇ ਸਪਲਾਈ ਕਰਨ ਵਾਲਿਆਂ ‘ਚ ਫਰਕ ਜਾਣ ਸਕਦੇ ਹਨ ਅਤੇ ਚੰਗੀ ਚੋਣ ਨਾਲ ਫ਼ਸਲਾਂ ਦੀ ਬਿਹਤਰ ਪੈਦਾਵਾਰ ਲੈ ਸਕਦੇ ਹਨ।”

ਭੁਪਿੰਦਰ ਸਿੰਘ ਬਰਗਾੜੀ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਇੱਕ ਪੁੱਤਰ ਨੇ ਆਪਣੇ ਪਿਤਾ ਦੇ ਪਾਏ ਪੂਰਨਿਆਂ ‘ਤੇ ਚੱਲ ਕੇ ਆਪਣੇ ਗੁੜ ਦੇ ਕਾਰੋਬਾਰ ਨੂੰ ਉੱਚੇ ਸਤਰ ‘ਤੇ ਪਹੁੰਚਾਇਆ

ਇਹ ਕਹਾਣੀ ਹੈ ਕਿ- ਕਿਵੇਂ ਇੱਕ ਪੁੱਤਰ (ਭੁਪਿੰਦਰ ਸਿੰਘ ਬਰਗਾੜੀ) ਨੇ ਆਪਣੇ ਪਿਤਾ (ਸੁਖਦੇਵ ਸਿੰਘ ਬਰਗਾੜੀ) ਦੇ ਕਾਰੋਬਾਰ ਨੂੰ ਵਧੀਆ ਤਰੀਕੇ ਨਾਲ ਚਲਾਇਆ, ਜੋ ਪੰਜਾਬ ਵਿੱਚ ਗੁੜ ਦੇ ਪ੍ਰਸਿੱਧ ਬ੍ਰੈਂਡ- BARGARI ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇੱਕ ਸਮਾਂ ਸੀ ਜਦੋਂ ਗੰਨੇ ਦੇ ਕੱਢੇ ਰਸ ਤੋਂ ਗੁੜ ਬਣਾਉਣ ਲਈ ਬਲਦਾਂ ਦੀ ਵਰਤੋਂ ਕੀਤੀ ਜਾਂਦੀ ਸੀ। ਪਰ ਸਮੇਂ ਦੇ ਨਾਲ ਇਸ ਕੰਮ ਲਈ ਮਸ਼ੀਨਾਂ ਦਾ ਪ੍ਰਯੋਗ ਹੋਣ ਲੱਗਾ। ਇਸ ਤੋਂ ਇਲਾਵਾ ਗੁੜ ਬਣਾਉਣ ਲਈ ਰਸਾਇਣਿਾਂ ਅਤੇ ਰੰਗਾਂ ਦਾ ਪ੍ਰਯੋਗ ਹੋਣ ਕਾਰਨ ਇਸ ਸਵੀਟਨਰ ਨੇ ਆਪਣਾ ਸਾਰਾ ਆਕਰਸ਼ਣ ਗਵਾ ਲਿਆ ਅਤੇ ਹੌਲੀ-ਹੌਲੀ ਲੋਕ ਸਫ਼ੇਦ ਚੀਨੀ ਵੱਲ ਆਕਰਸ਼ਿਤ ਹੋਣ ਲੱਗੇ।

ਪਰ ਫਿਰ ਵੀ ਕਈ ਪਰਿਵਾਰ ਖੰਡ ਦੀ ਬਜਾਏ ਗੁੜ ਪਸੰਦ ਕਰਦੇ ਹਨ ਅਤੇ ਉਹ ਗੰਨੇ ਦੇ ਰਸ ਤੋਂ ਗੁੜ ਤਿਆਰ ਕਰਨ ਲਈ ਰਵਾਇਤੀ ਢੰਗ ਅਪਨਾਉਂਦੇ ਹਨ। ਇਹ ਕਹਾਣੀ ਹੈ ਸੁਖਦੇਵ ਸਿੰਘ ਬਰਗਾੜੀ ਅਤੇ ਉਨ੍ਹਾਂ ਦੇ ਪੁੱਤਰ ਭੁਪਿੰਦਰ ਸਿੰਘ ਬਰਗਾੜੀ ਜੀ ਦੀ। 1972 ਵਿੱਚ ਸੁਖਦੇਵ ਸਿੰਘ ਔਜ਼ਾਰਾਂ ਅਤੇ ਕਿਸਾਨਾਂ ਦੇ ਉਪਕਰਨਾਂ ਨੂੰ ਤਿੱਖਾ ਕਰਨ ਦਾ ਕੰਮ ਕਰਦੇ ਸਨ ਅਤੇ ਬਦਲੇ ਵਿੱਚ ਉਹ ਅਨਾਜ, ਸਬਜ਼ੀਆਂ ਜਾਂ ਜੋ ਕੁੱਝ ਵੀ ਕਿਸਾਨ ਉਨ੍ਹਾਂ ਨੂੰ ਦਿੰਦੇ ਸੀ, ਉਹ ਮਜ਼ਦੂਰੀ ਦੇ ਰੂਪ ਵਿੱਚ ਲੈ ਲੈਂਦੇ ਸਨ। ਕੁੱਝ ਸਮੇਂ ਬਾਅਦ ਉਨ੍ਹਾਂ ਨੇ ਇੱਕ ਇੰਜਣ ਖਰੀਦਿਆ ਅਤੇ ਇਸ ਨਾਲ ਗੁੜ ਬਣਾਉਣਾ ਸ਼ੁਰੂ ਕੀਤਾ। ਉਨ੍ਹਾਂ ਵੱਲੋਂ ਗੁੜ ਬਣਾਉਣ ਲਈ ਅਪਨਾਏ ਸ਼ੁੱਧ ਰਵਾਇਤੀ ਢੰਗ ਅਤੇ ਬਿਨਾਂ ਕਿਸੇ ਰਸਾਇਣ ਦੀ ਵਰਤੋਂ ਦੇ ਬਣਾਏ ਗੁੜ ਨੇ ਉਨ੍ਹਾਂ ਨੂੰ ਪ੍ਰਸਿੱਧ ਬਣਾ ਦਿੱਤਾ ਅਤੇ ਕਈ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਗੁੜ ਬਣਾਉਣ ਲਈ ਗੰਨੇ ਦੀ ਫ਼ਸਲ ਦੇਣੀ ਸ਼ੁਰੂ ਕਰ ਦਿੱਤੀ। ਸੁਖਦੇਵ ਜੀ ਮੁੱਖ ਤੌਰ ‘ਤੇ ਇਹ ਕੰਮ ਨਵੰਬਰ ਤੋਂ ਮਾਰਚ ਤੱਕ ਕਰਦੇ ਹਨ।

ਇੱਕ ਸਮਾਂ ਅਜਿਹਾ ਆਇਆ ਜਦ ਸੁਖਦੇਵ ਜੀ ਦੀ ਮਿਹਨਤ ਰੰਗ ਲਿਆਈ ਅਤੇ ਉਨ੍ਹਾਂ ਦੇ ਗੁੜ ਦੀ ਮੰਗ ਕਈ ਗੁਣਾ ਵੱਧ ਗਈ। ਇਹ 2011 ਦੀ ਗੱਲ ਹੈ, ਜਦੋਂ ਉਨ੍ਹਾਂ ਦੀ ਧੀ ਦਾ ਵਿਆਹ ਸੀ। ਉਸ ਵੇਲੇ ਉਨ੍ਹਾਂ ਨੇ ਸਾਰੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੂੰ ਵਿਆਹ ਦੇ ਸੱਦੇ ਵਾਲੇ ਕਾਰਡਾਂ ਨਾਲ ਗੁੜ ਅਤੇ ਦੇਸੀ ਘਿਓ ਅਤੇ ਬਹੁਤ ਸਾਰੇ ਮੇਵਿਆਂ ਨਾਲ ਬਣੀ ਮਿਠਾਈ ਵੰਡੀ। ਹਰ ਕਿਸੇ ਨੂੰ ਇਹ ਮਿਠਾਈ ਬਹੁਤ ਪਸੰਦ ਆਈ ਅਤੇ ਇਹ ਮਿਠਾਈ ਹੋਰ ਬਣਾਉਣ ਦੀ ਮੰਗ ਕੀਤੀ ਅਤੇ ਉਸ ਸਮੇਂ ਉਨ੍ਹਾਂ ਦੇ ਪੁੱਤਰ ਭੁਪਿੰਦਰ ਜੀ ਨੇ ਆਪਣੇ ਪਿਤਾ ਦੇ ਕੰਮ ਨੂੰ ਸੰਭਾਲਣ ਅਤੇ ਇਸ ਕੰਮ ਨੂੰ ਉੱਚੇ ਸਤਰ ‘ਤੇ ਲਿਜਾਣ ਦਾ ਫੈਸਲਾ ਕੀਤਾ। ਇਸ ਘਟਨਾ ਤੋਂ ਬਾਅਦ ਪਿਤਾ ਪੁੱਤਰ ਦੋਨਾਂ ਨੇ ਦੋ ਤਰ੍ਹਾਂ ਦਾ ਗੁੜ ਬਣਾਉਣਾ ਸ਼ੁਰੂ ਕੀਤਾ, ਇੱਕ ਮੇਵਿਆਂ ਸਮੇਤ ਅਤੇ ਦੂਜਾ ਬਿਨਾਂ ਮੇਵਿਆਂ ਤੋਂ।

ਬਰਗਾੜੀ ਪਰਿਵਾਰ ਵੱਲੋਂ ਗੰਨੇ ਦੇ ਰਸ ਨੂੰ ਸਾਫ਼ ਕਰਨ ਲਈ ਭਿੰਡੀ ਦੀ ਲੇਸ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਾਰਨ ਉਨ੍ਹਾਂ ਦਾ ਗੁੜ ਰਸਾਇਣਾਂ ਅਤੇ ਰੰਗ ਦੀ ਵਰਤੋਂ ਨਾਲ ਤਿਆਰ ਕੀਤੇ ਗੁੜ ਤੋਂ ਬਿਹਤਰ ਸਾਬਿਤ ਹੋਇਆ। ਗੁੜ ਬਣਾਉਣ ਦੇ ਇਸ ਸ਼ੁੱਧ ਅਤੇ ਸਾਫ਼ ਢੰਗ ਨੇ ਸੁਖਦੇਵ ਸਿੰਘ ਅਤੇ ਭੁਪਿੰਦਰ ਸਿੰਘ ਜੀ ਨੂੰ ਪ੍ਰਸਿੱਧ ਬਣਾ ਦਿੱਤਾ ਅਤੇ ਉਨ੍ਹਾਂ ਦੀ ਪਹਿਚਾਣ ਉਨ੍ਹਾਂ ਦੇ ਕੰਮ ਤੋਂ ਹੋਣ ਲੱਗੀ।

ਭੁਪਿੰਦਰ ਸਿੰਘ ਕੇਵਲ ਆਪਣੇ ਪਿਤਾ ਦੇ ਨਕਸ਼ੇ-ਕਦਮ ‘ਤੇ ਹੀ ਨਹੀਂ ਚੱਲੇ ਸਗੋਂ ਉਨ੍ਹਾਂ ਕੋਲ B.Ed. ਅਤੇ MA ਦੀ ਡਿਗਰੀ ਵੀ ਸੀ ਅਤੇ ਉਸ ਤੋਂ ਬਾਅਦ ETT Teacher Exam ਵੀ ਪਾਸ ਕੀਤਾ ਅਤੇ ਉਹ ਸਕੂਲ ਅਧਿਆਪਕ ਦੇ ਤੌਰ ‘ਤੇ ਵੀ ਕੰਮ ਕਰਦੇ ਹਨ ਅਤੇ ਆਪਣੇ ਕੰਮ ਤੋਂ ਵਿਹਲੇ ਹੋਣ ‘ਤੇ ਉਹ ਹਰ ਰੋਜ਼ ਗੁੜ ਬਣਾਉਣ ਲਈ ਸਮਾਂ ਕੱਢਦੇ ਹਨ।

ਇਸ ਰਵਾਇਤੀ ਸਵੀਟਨਰ ਨੂੰ ਹੋਰ ਮਸ਼ਹੂਰ ਬਣਾਉਣ ਲਈ ਭੁਪਿੰਦਰ ਜੀ ਨੇ 2 ਏਕੜ ਵਿੱਚ ਗੰਨੇ ਦੀ CO 85 ਕਿਸਮ ਵੀ ਉਗਾਉਣੀ ਸ਼ੁਰੂ ਕੀਤੀ ਅਤੇ ਇੱਕ ਗਰੁੱਪ ਵੀ ਬਣਾਇਆ, ਜਿਸ ਵਿੱਚ ਗਰੁੱਪ ਦੇ ਕਿਸਾਨ ਮੈਬਰਾਂ ਨੂੰ ਗੰਨਾ ਉਗਾਉਣ ਲਈ ਪ੍ਰੇਰਿਤ ਵੀ ਕਰਦੇ ਹਨ। ਭੁਪਿੰਦਰ ਸਿੰਘ ਦੀ ਇਸ ਪਹਿਲ ਦਾ ਨਤੀਜਾ ਇਹ ਮਿਲਿਆ ਕਿ ਗੰਨੇ ਦੀ ਉੱਨੀ ਹੀ ਖੇਤੀ ਕੀਤੀ ਜਾਂਦੀ ਸੀ, ਜਿੰਨੀ ਕੁ ਦੀ ਲੋੜ ਸੀ। ਇਸਦੇ ਸਿੱਟੇ ਵਜੋਂ ਕਿਸਾਨਾਂ ਨੂੰ ਵੀ ਵਧੇਰੇ ਲਾਭ ਮਿਲਿਆ ਅਤੇ ਉਸਦੇ ਨਾਲ-ਨਾਲ ਬਰਗਾੜੀ ਪਰਿਵਾਰ ਨੂੰ ਵੀ ਫਾਇਦਾ ਹੋਇਆ।

ਪਿਛਲੇ 5 ਸਾਲਾਂ ਤੋਂ ਬਰਗਾੜੀ ਪਰਿਵਾਰ ਦੁਆਰਾ ਤਿਆਰ ਕੀਤਾ ਗੁੜ ਪੀ ਏ ਯੂ ਦੁਆਰਾ ਆਯੋਜਿਤ ਪ੍ਰਤੀਯੋਗਤਾ ਵਿੱਚ 4 ਵਾਰ ਪਹਿਲਾਂ ਇਨਾਮ ਜਿੱਤਿਆ ਅਤੇ ਇੱਕ ਵਾਰ ਦੂਜਾ ਇਨਾਮ ਜਿੱਤਿਆ। ਉਨ੍ਹਾਂ ਨੇ 2014 ਵਿੱਚ ਚੰਗੀ ਕੁਆਲਿਟੀ ਦੇ ਗੁੜ ਲਈ ਉੱਦਮੀ ਕਿਸਾਨ ਰਾਜ ਪੁਰਸਕਾਰ (Udami Kisan State Award) ਵੀ ਜਿੱਤਿਆ। ਭੁਪਿੰਦਰ ਸਿੰਘ ਜੀ ਲਖਨਊ ਗਏ, ਜਿੱਥੇ ਉਨ੍ਹਾਂ ਨੇ ਆਪਣੀਆਂ ਮੰਡੀਕਰਨ ਦੀਆਂ ਤਕਨੀਕਾਂ ਬਾਰੇ ਰਾਸ਼ਟਰੀ ਗੁੜ ਸੰਮੇਲਨ (National Jaggery Sammelan) ਵਿੱਚ ਚਰਚਾ ਕੀਤੀ। ਉਨ੍ਹਾਂ ਨੇ ਗੁੜ ਦੀ ਮਾਰਕਿਟਿੰਗ ਲਈ ਜਾਗਰੂਕਤਾ ਫੈਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸਗੋਂ ਕਿਸਾਨਾਂ ਨੂੰ ਮੰਡੀਕਰਨ ਦੀਆਂ ਤਕਨੀਕਾਂ ਬਾਰੇ ਜਾਗਰੂਕ ਕਰਵਾਉਣ ਲਈ ਮਾਰਚ ਵਿੱਚ ਆਯੋਜਿਤ ਪੀ ਏ ਯੂ ਸੰਮੇਲਨ ਵਿੱਚ ਭਾਗ ਵੀ ਲਿਆ।

ਆਪਣਾ ਪ੍ਰੋਸੈੱਸਿੰਗ ਪਲਾਂਟ ਸਥਾਪਿਤ ਕਰਨਾ…

ਗੁੜ ਦਾ ਪ੍ਰੋਸੈੱਸਿੰਗ ਪਲਾਂਟ

ਇਸ ਸਮੇਂ ਕੋਟਕਪੂਰਾ-ਬਠਿੰਡਾ ਰੋਡ ‘ਤੇ ਉਨ੍ਹਾਂ ਦਾ ਆਪਣਾ ਗੁੜ ਪ੍ਰੋਸੈੱਸਿੰਗ ਪਲਾਂਟ ਹੈ, ਜਿੱਥੇ ਉਹ ਰਵਾਇਤੀ ਢੰਗ ਨਾਲ ਸ਼ੁੱਧ ਗੁੜ ਬਣਾਉਂਦੇ ਹਨ। ਗੁੜ ਅਤੇ ਸ਼ੱਕਰ ਦੀ ਮੰਗ ਸਰਦੀਆਂ ਵਿੱਚ ਜ਼ਿਆਦਾ ਵੱਧ ਜਾਂਦੀ ਹੈ, ਕਿਉਂਕਿ ਸ਼ੁੱਧ ਗੁੜ ਤੋਂ ਬਣੀ ਚਾਹ ਦੇ ਸਿਹਤ ‘ਤੇ ਕੋਈ ਹਾਨੀਕਾਰਕ ਪ੍ਰਭਾਵ ਨਹੀਂ ਹੁੰਦੇ। ਇੱਥੋਂ ਤੱਕ ਕਿ ਉਸ ਖੇਤਰ ਦੇ ਗੈਸਟ੍ਰੋਐੱਟਰੋਲਾੱਜੀ (ਪੇਟ ਦੇ ਡਾਕਟਰ) ਦੇ ਮਾਹਿਰ ਵੀ ਆਪਣੇ ਮਰੀਜ਼ਾਂ ਨੂੰ ਬਰਗਾੜੀ ਪਰਿਵਾਰ ਦੁਆਰਾ ਤਿਆਰ ਕੀਤਾ ਗੁੜ ਖਾਣ ਦੀ ਸਲਾਹ ਦਿੰਦੇ ਹਨ।

ਅਨਾਜ ਦੀਆਂ ਫ਼ਸਲਾਂ ਦਾ ਪ੍ਰੋਸੈੱਸਿੰਗ ਪਲਾਂਟ

ਇਸ ਤੋਂ ਇਲਾਵਾ ਭੁਪਿੰਦਰ ਸਿੰਘ ਜੀ ਕੋਲ ਉਸੇ ਜਗ੍ਹਾ ‘ਤੇ ਅਨਾਜ ਦਾ ਪ੍ਰੋਸੈੱਸਿੰਗ ਪਲਾਂਟ ਵੀ ਹੈ, ਜਿੱਥੇ ਉਹ ਸੈੱਲਫ ਹੈੱਲਪ ਗਰੁੱਪ ਦੁਆਰਾ ਉਗਾਈ ਗਈ ਕਣਕ, ਮੱਕੀ, ਜੌਂ, ਜਵਾਰ ਅਤੇ ਸਰ੍ਹੋਂ ਦੀ ਪ੍ਰੋਸੈੱਸਿੰਗ ਕਰਦੇ ਹਨ। ਪ੍ਰੋਸੈੱਸਿੰਗ ਪਲਾਂਟ ਦੇ ਨਾਲ-ਨਾਲ ਉਨ੍ਹਾਂ ਨੇ ਇੱਕ ਸਟੋਰ ਵੀ ਖੋਲ੍ਹਿਆ ਹੈ, ਜਿੱਥੇ ਉਹ ਆਪਣੇ ਪ੍ਰੋਸੈੱਸਿੰਗ ਕੀਤੇ ਉਤਪਾਦਾਂ ਨੂੰ ਵੇਚਦੇ ਹਨ।

ਬ੍ਰੈਂਡ ਨਾਮ ਕਿਵੇਂ ਦਿੱਤਾ ਗਿਆ:

ਆਪਣੇ ਗੁੜ ਦੀ ਡਾਕਟਰਾਂ ਦੁਆਰਾ ਸਿਫ਼ਾਰਿਸ਼ ਕੀਤੇ ਜਾਣ ਬਾਰੇ ਜਾਣ ਕੇ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਆਪਣੇ ਬ੍ਰੈਂਡ ਦਾ ਨਾਮ ‘ਬਰਗਾੜੀ ਗੁੜ’ ਰੱਖਣ ਦਾ ਫੈਸਲਾ ਕੀਤਾ।

ਭੁਪਿੰਦਰ ਜੀ ਦਾ ‘ਬਰਗਾੜੀ ਗੁੜ’ ਦੇ ਨਾਮ ਨਾਲ ਫੇਸਬੁੱਕ ਪੇਜ ਵੀ ਹੈ, ਜਿਸ ਦੇ ਮਾਧਿਅਮ ਨਾਲ ਉਹ ਆਪਣੇ ਗ੍ਰਾਹਕਾਂ ਨਾਲ ਵਿਚਾਰ-ਵਟਾਂਦਰਾ ਕਰਦੇ ਹਨ। ਉਨ੍ਹਾਂ ਨੇ ਫੇਸਬੁੱਕ ਪੇਜ ਦੇ ਮਾਧਿਅਮ ਨਾਲ ਨਾਲ ਗੁੜ ਬਣਾਉਣ ਦੀ ਪ੍ਰਕਿਰਿਆ ‘ਤੇ ਵੀ ਚਰਚਾ ਕੀਤੀ।

ਉਹ ਹਮੇਸ਼ਾ ਆਪਣੇ ਕਾਰੋਬਾਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਟੈਕਨੋਲੋਜੀ ਅਤੇ ਫੂਡ ਪ੍ਰੋਸੈੱਸਿੰਗ ਅਤੇ ਇੰਜੀਨੀਅਰਿੰਗ ਵਿਭਾਗਾਂ ਨਾਲ ਲਗਾਤਾਰ ਸੰਪਰਕ ‘ਚ ਰਹਿੰਦੇ ਹਨ।

ਅੱਜ ਤੱਕ ਭੁਪਿੰਦਰ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਜੋ ਕੁੱਝ ਵੀ ਹਾਸਲ ਕੀਤਾ ਹੈ, ਉਸਦਾ ਸਾਰਾ ਸਿਹਰਾ ਉਹ ਆਪਣੇ ਪਿਤਾ ਸ. ਸੁਖਦੇਵ ਸਿੰਘ ਬਰਗਾੜੀ ਜੀ ਦੇ ਸਿਰ ਸਜਾਉਂਦੇ ਹਨ। ਸਫ਼ਲ ਕਾਰੋਬਾਰ ਚਲਾਉਣ ਦੇ ਇਲਾਵਾ, ਭੁਪਿੰਦਰ ਸਿੰਘ ਜੀ ਇੱਕ ਚੰਗੇ ਅਧਿਆਪਕ ਵੀ ਹਨ ਅਤੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਠੇ ਕਹਿਰ ਸਿੰਘ ਦੇ ਲੋਕਾਂ ਅਤੇ ਬੱਚਿਆਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਦੇ ਚੰਗੇ ਕੰਮਾਂ ਬਾਰੇ ਕਈ ਲੇਖ, ਲੋਕਲ ਅਖਬਾਰਾਂ ਵਿੱਚ ਪ੍ਰਕਾਸ਼ਿਤ ਕੀਤੇ ਗਏ ਹਨ। ਉਹ ਨਾ ਕੇਵਲ ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਨ, ਬਲਕਿ ਆਪਣੇ ਕੰਮ ਅਤੇ ਗਿਆਨ ਨਾਲ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਦੀ ਮਦਦ ਵੀ ਕਰਨਾ ਚਾਹੁੰਦੇ ਹਨ।

ਖ਼ੈਰ, ਪਿਤਾ-ਪੁੱਤਰ ਦੀ ਇਹ ਜੋੜੀ ਸਫ਼ਲਤਾਪੂਰਵਕ ਕੰਮ ਕਰ ਰਹੀ ਹੈ ਅਤੇ ਸਿਰਫ਼ ਦੋਨਾਂ ਦੀ ਸਮਾਨ ਸੋਚ-ਸਮਝ ਕਾਰਨ ਹੀ ਇਸ ਸਤਰ ਤੱਕ ਪਹੁੰਚੀ ਹੈ। ਭਵਿੱਖ ਵਿੱਚ ਵੀ ਭੁਪਿੰਦਰ ਸਿੰਘ ਬਰਗਾੜੀ ਆਪਣੇ ਇਸ ਚੰਗੇ ਕਾਰੋਬਾਰ ਨੂੰ ਜਾਰੀ ਰੱਖਣਗੇ ਅਤੇ ਨੌਜਵਾਨ ਪੀੜ੍ਹੀ ਦੇ ਕਿਸਾਨਾਂ ਨੂੰ ਵੀ ਆਪਣੇ ਗਿਆਨ ਨਾਲ ਪ੍ਰੇਰਿਤ ਕਰਨਗੇ।


ਸੰਦੇਸ਼:

ਮੈਂ ਚਾਹੁੰਦਾ ਹਾਂ ਕਿ ਕਿਸਾਨ ਖੇਤੀ ਦੇ ਨਾਲ ਫੂਡ ਪ੍ਰੋਸੈੱਸਿੰਗ ਕਾਰੋਬਾਰ ਵਿੱਚ ਵੀ ਸ਼ਾਮਲ ਹੋਣ। ਇਸ ਤਰੀਕੇ ਨਾਲ ਉਹ ਆਪਣੇ ਕਾਰੋਬਾਰ ਵਿੱਚ ਚੰਗਾ ਲਾਭ ਕਮਾ ਸਕਦੇ ਹਨ। ਅੱਜ ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ ਦੇ ਨਾਲ ਅੱਪਡੇਟ ਰਹਿਣ ਦੀ ਜ਼ਰੂਰਤ ਹੈ, ਤਾਂ ਹੀ ਉਹ ਅੱਗੇ ਵੱਧ ਸਕਦੇ ਹਨ ਅਤੇ ਆਪਣੇ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੇ ਹਨ।