ਰਮਨ ਸਲਾਰੀਆ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹਾ ਇਨਸਾਨ ਜੋ ਸਫਲ ਇੰਜੀਨੀਅਰ ਦੇ ਨਾਲਨਾਲ ਸਫਲ ਕਿਸਾਨ ਬਣਿਆ

ਖੇਤੀ ਦਾ ਖੇਤਰ ਬਹੁਤ ਹੀ ਵਿਸ਼ਾਲ ਹੈ, ਹਜ਼ਾਰਾਂ ਤਰਾਂ ਦੀਆ ਫਸਲਾਂ ਉਗਾਈਆ ਜਾ ਸਕਦੀਆਂ ਹਨ। ਪਰ ਲੋੜ ਹੁੁੰਦੀ ਹੈ ਸਹੀ ਤਰੀਕੇ ਦੀ ਤੇ ਪੱਕੇ ਇਰਾਦੇ ਦੀ, ਕਿਉਂਕਿ ਸਫਲ ਹੋਏ ਕਿਸਾਨਾਂ ਦਾ ਮੰਨਣਾ ਹੈ ਕਿ ਸਫਲਤਾ ਵੀ ਉਹਨਾਂ ਨੂੰ ਮਿਲਦੀ ਹੈ ਜਿਹਨਾਂ ਦੇ ਇਰਾਦੇ ਪੱਕੇ ਹੁੰਦੇ ਹਨ।

ਇਹ ਸਟੋਰੀ ਵੀ ਅਜਿਹੇ ਕਿਸਾਨ ਦੀ ਹੈ ਜਿਸ ਦੀ ਪਹਿਚਾਣ ਅਤੇ ਸ਼ਾਨ ਅਜਿਹੇ ਫਲ ਕਰਕੇ ਬਣੀ। ਜਿਸ ਫਲ ਦਾ ਉਹਨਾਂ ਨੇ ਨਾਮ ਵੀ ਕਦੇ ਨਹੀਂ ਸੁਣਿਆ ਸੀ। ਇਸ ਕਿਸਾਨ ਦਾ ਨਾਮ ਰਮਨ ਸਲਾਰੀਆਹੈ ਜੋ ਕਿ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਜੰਗਲ ਦਾ ਵਸਨੀਕ ਹੈ। ਰਮਨ ਸਲਾਰੀਆ ਪਿਛਲੇ 15 ਸਾਲਾਂ ਤੋਂ ਦਿੱਲੀ ਮੈਟਰੋ ਸਟੇਸ਼ਨ ਵਿੱਚ ਸਿਵਲ ਇੰਜੀਨੀਅਰ ਵਜੋਂ 10 ਲੱਖ ਰੁਪਏ ਸਲਾਨਾ ਆਮਦਨ ਦੇਣ ਵਾਲੀ ਅਰਾਮ ਨਾਲ ਬੈਠ ਕੇ ਖਾਣ ਵਾਲੀ ਨੌਕਰੀ ਕਰ ਰਹੇ ਸਨ। ਪਰ ਅਜਿਹਾ ਮੋੜ ਆਇਆ ਕਿ ਨੌਕਰੀ ਛੱਡ ਕੇ ਰਮਨ ਸਲਾਰੀਆ ਅੱਜ ਖੇਤੀ ਕਰ ਰਹੇ ਹਨ। ਖੇਤੀ ਵੀ ਉਸ ਫਸਲ ਦੀ ਕਰ ਰਹੇ ਹਨ ਜੋ ਸਿਰਫ ਰਮਨ ਸਲਾਰੀਆ ਨੇ ਮਾਰਕੀਟ ਅਤੇ ਬਹੁਤ ਸਾਰੀਆਂ ਪਾਰਟੀ ਚ ਦੇਖਿਆ ਸੀ।

ਉਹ ਫਲ ਮੇਰੀ ਅੱਖਾਂ ਅੱਗੇ ਘੁੰਮਦਾ ਰਿਹਾ ਤੇ ਇੱਥੋਂ ਤੱਕ ਕਿ ਮੈਨੂੰ ਫਲ ਦਾ ਨਾਮ ਵੀ ਨਹੀਂ ਸੀ ਪਤਾ ਰਮਨ ਸਲਾਰੀਆ

ਇੱਕ ਦਿਨ ਜਦੋਂ ਉਹ ਘਰ ਵਾਪਿਸ ਆਏ ਤਾਂ ਉਸ ਫਲ ਨੇ ਉਨ੍ਹਾਂ ਦੇ ਮਨ ਨੂੰ ਇੰਨਾ ਪ੍ਰਭਾਵਿਤ ਕੀਤਾ ਅਤੇ ਦਿਮਾਗ ਵਿੱਚ ਆਇਆ ਕਿ ਇਸ ਫਲ ਬਾਰੇ ਪਤਾ ਲਗਾਉਣਾ ਹੀ ਹੈ। ਫਿਰ ਇੱਧਰੋਂਉੱਧਰੋਂ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਇਸ ਫਲ ਨੂੰ ਡਰੈਗਨ ਫਰੂਟਕਹਿੰਦੇ ਹਨ ਅਤੇ ਅਮਰੀਕਾ ਦੇ ਵਿੱਚ ਇਸ ਫਸਲ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਸਾਡੇ ਦੇਸ਼ ਵਿੱਚ ਬਾਹਰਲੇ ਦੇਸ਼ ਤੋਂ ਇਸ ਦੇ ਪੌਦੇ ਆਉਂਦੇ ਹਨ।

ਫਿਰ ਵੀ ਉਨ੍ਹਾਂ ਦਾ ਮਨ ਸ਼ਾਂਤ ਨਾ ਹੋਇਆ। ਉਨ੍ਹਾਂ ਨੇ ਹੋਰ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ। ਫਿਰ ਵੀ ਕੋਈ ਖਾਸ ਪਤਾ ਨਾ ਲੱਗਾ ਕਿ ਬਾਹਰੋਂ ਜਦੋਂ ਪੌਦੇ ਆਉਂਦੇ ਹਨ, ਕਿੱਥੇ ਆਉਂਦੇ, ਕਿੱਥੇ ਤਿਆਰ ਕੀਤੇ ਜਾਂਦੇ ਹਨ ਅਤੇ ਇੱਕ ਪੌਦਾ ਕਿੰਨੇ ਰੁਪਏ ਦਾ ਹੈ।

ਇੱਕ ਦਿਨ ਉਹ ਆਪਣੇ ਮਿੱਤਰ ਨਾਲ ਗੱਲ ਕਰ ਰਹੇ ਸਨ ਅਤੇ ਗੱਲਾਂ ਕਰਦੇਕਰਦੇ ਉਹ ਆਪਣੇ ਮਿੱਤਰ ਨੂੰ ਡਰੈਗਨ ਫਰੂਟ ਬਾਰੇ ਦੱਸਣ ਲੱਗ ਗਏ ਕਿ ਇੱਕ ਡਰੈਗਨ ਫਰੂਟ ਨਾਮ ਦਾ ਫਲ ਹੈ, ਜਿਸ ਬਾਰੇ ਕੁੱਝ ਨਹੀਂ ਪਤਾ ਚਲ ਰਿਹਾ। ਤਾਂ ਅੱਗੋਂ ਉਨ੍ਹਾਂ ਦੇ ਦੋਸਤ ਨੇ ਕਿਹਾ ਫਿਰ ਤੂੰ ਸਹੀ ਜਗ੍ਹਾ ਗੱਲ ਕੀਤੀ ਮੈਂ ਵੀ ਡਰੈਗਨ ਫਰੂਟ ਦੇ ਉੱਪਰ ਹੀ ਰਿਸਰਚ ਕਰ ਰਿਹਾ ਹਾਂ।

ਕਹਿੰਦੇ ਹਨ ਕਿ ਜਦੋਂ ਜਿਸ ਚੀਜ਼ ਦਾ ਸਹੀ ਸਮਾਂ ਹੁੰਦਾ ਹੈ ਉਹ ਉਦੋਂ ਆਪਣੇ ਆਪ ਸਾਹਮਣੇ ਆ ਜਾਂਦੀ ਹੈ, ਕੇਵਲ ਥੋੜ੍ਹੇ ਸਬਰ ਦੀ ਜ਼ਰੂਰਤ ਹੁੰਦੀ ਹੈ।

ਉਨ੍ਹਾਂ ਦੇ ਦੋਸਤ ਵਿਜੈ ਸ਼ਰਮਾ ਜੋ ਪੂਸਾ ਦੇ ਵਿੱਚ ਵਿਗਿਆਨੀ ਹਨ ਅਤੇ ਬਾਗਬਾਨੀ ਦੇ ਉੱਪਰ ਰਿਸਰਚ ਕਰਦੇ ਹਨ। ਫਿਰ ਉਨ੍ਹਾਂ ਦੋਨਾਂ ਨੇ ਮਿਲ ਕੇ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ। ਰਿਸਰਚ ਕਰਨ ਉਪਰੰਤ ਦੋਨਾਂ ਨੂੰ ਪਤਾ ਲੱਗਾ ਕਿ ਇਸ ਦੀ ਖੇਤੀ ਗੁਜਰਾਤ ਦੇ ਬਰੋਚ ਸ਼ਹਿਰ ਵਿੱਚ ਹੁੰਦੀ ਹੈ ਅਤੇ ਉੱਥੇ ਫਾਰਮ ਵੀ ਬਣੇ ਹੋਏ ਹਨ।

ਅਸੀਂ ਦੋਨੇਂ ਮਿਲ ਕੇ ਗੁਜਰਾਤ ਚਲੇ ਗਏ ਅਤੇ ਕਈ ਫਾਰਮ ਤੇ ਜਾ ਕੇ ਦੇਖਿਆ ਅਤੇ ਸਮਝਿਆ ਰਮਨ ਸਲਾਰੀਆ

ਸਭ ਕੁੱਝ ਦੇਖਣ ਅਤੇ ਸਮਝਣ ਤੋਂ ਬਾਅਦ ਰਮਨ ਸਲਾਰੀਆ ਨੇ 1000 ਪੌਦੇ ਮੰਗਵਾ ਲਏ। ਜਦ ਕਿ ਉਨ੍ਹਾਂ ਦੇ ਬਜ਼ੁਰਗ ਸ਼ੁਰੂ ਤੋਂ ਹੀ ਰਵਾਇਤੀ ਖੇਤੀ ਨੂੰ ਅਪਣਾ ਰਹੇ ਹਨ ਪਰ ਰਮਨ ਜੀ ਨੇ ਕੁੱਝ ਵਿਭਿੰਨ ਕਰਨ ਬਾਰੇ ਸੋਚਿਆ। ਪੌਦੇ ਮੰਗਵਾਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿੰਡ ਜੰਗਲ ਵਿਖੇ 4 ਕਨਾਲ ਥਾਂ ਤੇ ਡਰੈਗਨ ਫਰੂਟ ਦੇ ਪੌਦੇ ਲਗਾ ਦਿੱਤੇ ਅਤੇ ਨੌਕਰੀ ਛੱਡ ਦਿੱਤੀ ਅਤੇ ਖੇਤੀ ਵਿੱਚ ਉਨ੍ਹਾਂ ਨੇ ਹਮੇਸ਼ਾਂ ਜੈਵਿਕ ਖੇਤੀ ਨੂੰ ਹੀ ਤਰਜੀਹ ਦਿੱਤੀ।

ਸਭ ਤੋਂ ਮੁਸ਼ਕਿਲ ਸਮਾਂ ਉਦੋਂ ਸੀ ਜਦੋਂ ਪਿੰਡ ਵਾਲਿਆਂ ਲਈ ਮੈਂ ਮਜ਼ਾਕ ਦਾ ਪਾਤਰ ਬਣਿਆ ਸੀ ਰਮਨ ਸਲਾਰੀਆ

2019 ਵਿੱਚ ਉਨ੍ਹਾਂ ਨੇ ਪੱਕੇ ਤੌਰ ਤੇ ਡਰੈਗਨ ਫਰੂਟ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਪੌਦੇ ਲਗਾਏ ਤਾਂ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਬਹੁਤ ਮਜ਼ਾਕ ਬਣਾਇਆ ਸੀ ਕਿ ਇਹ ਚੰਗੀ ਭਲੀ ਨੌਕਰੀ ਛੱਡ ਕੇ ਕਿਸ ਕੰਮ ਵੱਲ ਪੈ ਗਿਆ ਹੈ ਅਤੇ ਜਿਸ ਨੇ ਸਰੀਰ ਤੱਕ ਨੂੰ ਮਿੱਟੀ ਦਾ ਇੱਕ ਕਣ ਵੀ ਛੂੰਹਦਾ ਨਹੀਂ ਸੀ। ਅੱਜ ਉਹ ਮਿੱਟੀ ਦੇ ਵਿੱਚ ਮਿੱਟੀ ਹੋ ਰਿਹਾ ਹੈ। ਪਰ ਰਮਨ ਸਲਾਰੀਆ ਨੇ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਖੇਤੀ ਜਾਰੀ ਰੱਖੀ।

ਡਰੈਗਨ ਫਰੂਟ ਇੱਕ ਅਜਿਹਾ ਫਲ ਹੈ ਜਿਸ ਨੂੰ ਲਗਾਉਣ ਦਾ ਸਮਾਂ ਫਰਵਰੀ ਤੋਂ ਮਾਰਚ ਦੇ ਵਿੱਚ ਹੁੰਦਾ ਹੈ ਅਤੇ ਪੂਰੇ ਇੱਕ ਸਾਲ ਬਾਅਦ ਫਲ ਲੱਗਣੇ ਸ਼ੁਰੂ ਹੋ ਜਾਂਦੇ ਹਨ। ਅੱਜ ਕੱਲ੍ਹ ਭਾਰਤ ਵਿੱਚ ਇਸ ਦੀ ਮੰਗ ਇੰਨੀ ਵੱਧ ਚੁੱਕੀ ਹੈ ਕਿ ਹਰ ਕੋਈ ਇਸਨੂੰ ਆਪਣੇ ਖੇਤਾਂ ਦੀ ਪਹਚਿਾਣ ਬਣਾਉਣਾ ਚਾਹੁੰਦਾ ਹੈ।

ਜਦੋਂ ਫਲ ਪੱਕ ਕੇ ਤਿਆਰ ਹੋਇਆ, ਜਿਨ੍ਹਾਂ ਦੇ ਲਈ ਮਜ਼ਾਕ ਦਾ ਪਾਤਰ ਬਣਿਆ ਸੀ ਅੱਜ ਉਹ ਤਾਰੀਫਾਂ ਦੇ ਪੁੱਲ ਬੰਨ੍ਹਦੇ ਨਹੀਂ ਥੱਕਦੇ ਰਮਨ ਸਲਾਰੀਆ

ਫਲ ਪੱਕ ਕੇ ਤਿਆਰ ਹੋਣ ਮਗਰੋਂ ਉਨ੍ਹਾਂ ਦੇ ਫਲ ਦੀ ਮੰਗ ਇੰਨੀ ਵੱਧ ਗਈ ਕਿ ਫਲ ਬਜ਼ਾਰ ਵਿੱਚ ਜਾਣ ਦੇ ਲਈ ਬਚਿਆ ਹੀ ਨਹੀਂ। ਉਨ੍ਹਾਂ ਨੇ ਤਾਂ ਅਭਿਆਸ ਦੇ ਤੌਰ ਤੇ ਆਪਣੇ ਕਰੀਬੀ ਰਿਸ਼ਤੇਦਾਰ ਜਾਂ ਦੋਸਤ ਮਿੱਤਰਾਂ ਨੂੰ ਦੱਸਿਆ ਸੀ, ਪਰ ਦੱਸਣ ਦੇ ਨਾਲ ਉਹਨਾਂ ਦੇ ਫਲ ਅਤੇ ਮਿਹਨਤ ਦਾ ਮੁੱਲ ਪੈ ਗਿਆ।

ਮੈਂ ਬਹੁਤ ਖੁਸ਼ ਹੋਇਆ, ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਕਿਉਂਕਿ ਬਿਨਾਂ ਬਜ਼ਾਰ ਗਏ ਫਲ ਦਾ ਮੁੱਲ ਪੈ ਗਿਆ ਰਮਨ ਸਲਾਰੀਆ

ਉਸ ਸਮੇਂ ਉਨ੍ਹਾਂ ਦਾ ਫਲ 200 ਤੋਂ ਲੈ ਕੇ 500 ਤੱਕ ਵਿਕਿਆ ਸੀ ਹਾਲਾਂਕਿ ਡਰੈਗਨ ਫਰੂਟ ਦੀ ਫਸਲ ਪੂਰੀ ਤਰ੍ਹਾਂ ਤਿਆਰ ਹੋਣ ਨੂੰ 3 ਸਾਲ ਦਾ ਸਮਾਂ ਲੱਗ ਜਾਂਦਾ ਹੈ। ਉਹ ਇਸ ਦੇ ਨਾਲਨਾਲ ਹਲਦੀ ਦੀ ਖੇਤੀ ਵੀ ਕਰ ਰਹੇ ਹਨ ਅਤੇ ਪਪੀਤੇ ਦੇ ਬੂਟੇ ਵੀ ਲਗਾਏ ਹਨ।

ਅੱਜ ਉਹ ਡਰੈਗਨ ਫਰੂਟ ਦੀ ਖੇਤੀ ਕਰਕੇ ਬਹੁਤ ਮੁਨਾਫ਼ਾ ਕਮਾ ਰਹੇ ਹਨ ਅਤੇ ਉੱਚੀਆਂ ਮੰਜ਼ਿਲਾਂ ਤੇ ਕਾਮਯਾਬੀ ਵੀ ਪ੍ਰਾਪਤ ਕਰ ਰਹੇ ਹਨ। ਖਾਸ ਗੱਲ ਇਹ ਹੈ ਕਿ ਉਨ੍ਹਾਂ ਦੇ ਪਿੰਡ ਜੰਗਲ ਨੂੰ ਜਿੱਥੇ ਪਹਿਲਾਂ ਸ਼ਹੀਦ ਕੈਪਟਨ ਗੁਰਬਚਨ ਸਿੰਘ ਸਲਾਰੀਆ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜਿਨ੍ਹਾਂ ਨੇ ਦੇਸ਼ ਲਈ 1961 ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਅਤੇ ਪਰਮ ਵੀਰ ਚੱਕਰ ਨਾਲ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਸੀ। ਉੱਥੇ ਹੀ ਹੁਣ ਰਮਨ ਸਲਾਰੀਆ ਜੀ ਕਰਕੇ ਪਿੰਡ ਨੂੰ ਜਾਣਿਆ ਜਾਂਦਾ ਹੈ ਜਿਨ੍ਹਾਂ ਨੇ ਡਰੈਗਨ ਫਰੂਟ ਦੀ ਖੇਤੀ ਕਰਕੇ ਪਿੰਡ ਨੂੰ ਉੱਚੀਆਂ ਬੁਲੰਦੀਆਂ ਤੇ ਲੈ ਗਏ।

ਜੇਕਰ ਇਨਸਾਨ ਨੂੰ ਆਪਣੇ ਆਪ ਤੇ ਭਰੋਸਾ ਹੈ ਤਾਂ ਉਹ ਜ਼ਿੰਦਗੀ ਵਿੱਚ ਕੁੱਝ ਵੀ ਹਾਸਿਲ ਕਰ ਸਕਦਾ ਹੈ।

ਭਵਿੱਖ ਦੀ ਯੋਜਨਾ

ਉਹ ਡਰੈਗਨ ਫਰੂਟ ਦੀ ਖੇਤੀ ਅਤੇ ਮਾਰਕੀਟਿੰਗ ਵੱਡੇ ਪੱਧਰ ਤੇ ਕਰਨਾ ਚਾਹੁੰਦੇ ਹਨ। ਉਹ ਨਾਲਨਾਲ ਹਲਦੀ ਦੀ ਖੇਤੀ ਵੱਲ ਵੀ ਜ਼ੋਰ ਦੇ ਰਹੇ ਹਨ ਤਾਂ ਜੋ ਹਲਦੀ ਦੀ ਪ੍ਰੋਸੈਸਿੰਗ ਵੀ ਕੀਤੀ ਜਾਵੇ। ਇਸ ਦੇ ਨਾਲ ਹੀ ਉਹ ਆਪਣੇ ਬ੍ਰੈਂਡ ਦਾ ਨਾਮ ਰਜਿਸਟਰ ਕਰਵਾਉਣਾ ਚਾਹੁੰਦੇ ਹਨ ਜਿਸ ਨਾਲ ਮਾਰਕੀਟਿੰਗ ਵਿੱਚ ਹੋਰ ਵੱਡੇ ਪੱਧਰ ਤੇ ਪਹਿਚਾਣ ਬਣ ਸਕੇ। ਬਾਕੀ ਮੁੱਕਦੀ ਗੱਲ ਹੈ ਕਿ ਖੇਤੀ ਲਾਹੇਵੰਦ ਹੀ ਹੁੰਦੀ ਹੈ ਜੇਕਰ ਸਹੀ ਤਰੀਕੇ ਨਾਲ ਕੀਤੀ ਜਾਵੇ।

ਸੰਦੇਸ਼

ਜੇਕਰ ਕੋਈ ਡਰੈਗਨ ਫਰੂਟ ਦੀ ਖੇਤੀ ਕਰਨਾ ਚਾਹੁੰਦਾ ਹੈ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਰਿਸਰਚ ਕਰਨੀ ਚਾਹੀਦੀ ਹੈ ਅਤੇ ਆਪਣੇ ਏਰੀਆ ਅਤੇ ਮਾਰਕੀਟ ਬਾਰੇ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਹੀ ਸ਼ੁਰੂ ਕਰਨੀ ਚਾਹੀਦੀ ਹੈ ਕਿਉਂਕਿ ਅਧੂਰੀ ਜਾਣਕਾਰੀ ਲੈ ਕੇ ਸ਼ੁਰੂ ਤਾਂ ਕਰ ਲੈਂਦੇ ਹਨ ਪਰ ਫਿਰ ਮੁੜ ਕੇ ਦੁਖੀ ਹੁੰਦੇ ਹਾਂ, ਕਿਉਂਕਿ ਜਦੋਂ ਸ਼ੁਰੂਆਤ ਵਿੱਚ ਸਫਲਤਾ ਨਾ ਮਿਲੇ, ਤਾਂ ਅੱਗੇ ਕੰਮ ਕਰਨ ਦੀ ਇੱਛਾ ਨਹੀਂ ਰਹਿੰਦੀ।

ਅਮਨਦੀਪ ਸਿੰਘ ਸਰਾਓ

ਪੂਰੀ ਕਹਾਣੀ ਪੜ੍ਹੋ

ਨਵੀਆਂ ਅਤੇ ਆਧੁਨਿਕ ਤਕਨੀਕਾਂ ਦੇ ਨਾਲ ਖੇਤੀ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਰਿਹਾ ਨੌਜਵਾਨ ਕਿਸਾਨ

ਸਾਡੇ ਦੇਸ਼ ਵਿੱਚ ਰਵਾਇਤੀ ਖੇਤੀ ਦਾ ਰੁਝਾਨ ਬਹੁਤ ਜ਼ਿਆਦਾ ਹੈ। ਪਰ ਰਵਾਇਤੀ ਖੇਤੀ ਨਾਲ ਕਿਸਾਨਾਂ ਨੂੰ ਆਪਣੀ ਕੀਤੀ ਮਿਹਨਤ ਮੁਤਾਬਿਕ ਮੁਨਾਫ਼ਾ ਨਹੀਂ ਹੁੰਦਾ ਹੈ। ਅਜਿਹੇ ਵਿੱਚ ਕਿਸਾਨ ਆਪਣੀ ਆਮਦਨ ਵਧਾਉਣ ਲਈ ਰਵਾਇਤੀ ਖੇਤੀ ਦੇ ਨਾਲ-ਨਾਲ ਸਬਜ਼ੀਆਂ ਅਤੇ ਫ਼ਲਾਂ ਦੀ ਖੇਤੀ ਨੂੰ ਤਰਜੀਹ ਦੇ ਰਹੇ ਹਨ, ਕਿਉਂਕਿ ਸਮੇਂ ਦੀ ਲੋੜ ਅਨੁਸਾਰ ਕਿਸਾਨ ਵੀ ਆਪਣੇ ਆਪ ਨੂੰ ਬਦਲ ਰਿਹਾ ਹੈ।

ਜੋ ਲੋਕ ਕੁੱਝ ਅਲੱਗ ਸੋਚਣ ਅਤੇ ਕਰਨ ਦੀ ਹਿੰਮਤ ਰੱਖਦੇ ਹਨ, ਓਹੀ ਕੁੱਝ ਵੱਡਾ ਕਰਦੇ ਹਨ। ਅਜਿਹਾ ਹੀ ਇੱਕ ਨੌਜਵਾਨ ਕਿਸਾਨ ਹੈ ਅਮਨਦੀਪ ਸਿੰਘ ਸਰਾਓ, ਜੋ ਇੱਕ ਅਜਿਹੀ ਫ਼ਸਲ ਦੀ ਖੇਤੀ ਕਰ ਰਿਹਾ ਹੈ, ਜਿਸ ਬਾਰੇ ਉਸਨੂੰ ਕੋਈ ਜਾਣਕਾਰੀ ਨਹੀਂ ਸੀ। ਪਰ ਆਪਣੀ ਮਿਹਨਤ ਅਤੇ ਕੁੱਝ ਵੱਖਰਾ ਕਰਨ ਦੇ ਜਨੂੰਨ ਨੇ ਅੱਜ ਉਸਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ।

ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਅਮਨਦੀਪ ਸਿੰਘ ਜੀ ਦੇ ਦਾਦਾ ਜੀ ਅਤੇ ਪਿਤਾ ਜੀ ਨੇ ਆਪਣੇ ਨਿੱਜੀ ਕਾਰੋਬਾਰ ਦੇ ਕਾਰਨ ਕਾਫ਼ੀ ਜ਼ਮੀਨ ਖਰੀਦੀ ਹੋਈ ਸੀ। ਪਰ ਸਮੇਂ ਦੀ ਕਮੀ ਹੋਣ ਦੇ ਕਾਰਨ ਉਹਨਾਂ ਨੇ ਆਪਣੀ 32 ਕਿੱਲੇ ਜ਼ਮੀਨ ਠੇਕੇ ‘ਤੇ ਦਿੱਤੀ ਹੋਈ ਸੀ। ਇਸ ਜ਼ਮੀਨ ‘ਤੇ ਰਵਾਇਤੀ ਖੇਤੀ ਹੀ ਕੀਤੀ ਜਾਂਦੀ ਸੀ। ਘਰ ਵਿੱਚ ਖੇਤੀ ਦਾ ਬਹੁਤ ਕੰਮ ਨਾ ਹੋਣ ਕਾਰਨ ਅਮਨਦੀਪ ਦੀ ਵੀ ਖੇਤੀਬਾੜੀ ਵੱਲ ਕੋਈ ਖ਼ਾਸ ਰੁਚੀ ਨਹੀਂ ਸੀ।

ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਨਦੀਪ ਆਪਣੇ ਦੋਸਤਾਂ ਨਾਲ ਗੁਜਰਾਤ ਘੁੰਮਣ ਗਏ ਸੀ। ਇੱਥੇ ਉਹਨਾਂ ਨੇ ਇੱਕ ਅਜੀਬ ਦਿਖਣ ਵਾਲਾ ਫਾਰਮ ਦੇਖਿਆ। ਸਾਰੇ ਦੋਸਤਾਂ ਨੂੰ ਇਹ ਫਾਰਮ ਬਹੁਤ ਅਜੀਬ ਲੱਗਿਆ ਅਤੇ ਉਹਨਾਂ ਨੇ ਇਸ ਫਾਰਮ ਦੇ ਅੰਦਰ ਜਾ ਕੇ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਦਾ ਫੈਸਲਾ ਕੀਤਾ। ਫਾਰਮ ਦੇ ਅੰਦਰ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਡਰੈਗਨ ਫਰੂਟ ਦਾ ਫਾਰਮ ਹੈ। ਇਸ ਫਾਰਮ ਦਾ ਨਾਮ GDF ਸੀ। ਵਿਦੇਸ਼ੀ ਫਲ ਹੋਣ ਦੇ ਕਾਰਣ ਸਾਡੇ ਦੇਸ਼ ਵਿੱਚ ਬਹੁਤ ਘੱਟ ਕਿਸਾਨਾਂ ਨੂੰ ਡਰੈਗਨ ਫਰੂਟ ਦੀ ਖੇਤੀ ਬਾਰੇ ਜਾਣਕਾਰੀ ਹੈ। ਇਸੇ ਤਰ੍ਹਾਂ ਅਮਨਦੀਪ ਨੂੰ ਵੀ ਇਸ ਵਿਦੇਸ਼ੀ ਫਲ ਬਾਰੇ ਕੋਈ ਜਾਣਕਾਰੀ ਨਹੀਂ ਸੀ। GDF ਦੇ ਮਾਲਕ ਨਿਕੁੰਜ ਪੰਸੁਰੀਆ ਤੋਂ ਉਹਨਾਂ ਨੂੰ ਡਰੈਗਨ ਫਰੂਟ ਅਤੇ ਇਸਦੀ ਖੇਤੀ ਬਾਰੇ ਜਾਣਕਾਰੀ ਮਿਲੀ। ਵਾਪਸ ਪੰਜਾਬ ਆ ਕੇ ਅਮਨਦੀਪ ਨੇ ਇਸ ਦੀ ਖੇਤੀ ਬਾਰੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸਲਾਹ ਕੀਤੀ ਤਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਇਸ ਕੰਮ ਲਈ ਸ਼ਾਬਾਸ਼ੀ ਦਿੱਤੀ, ਕਿ ਉਹ ਕੁੱਝ ਰਵਾਇਤੀ ਖੇਤੀ ਨਾਲੋਂ ਕੁੱਝ ਵੱਖਰਾ ਕਰਨ ਜਾ ਰਿਹਾ ਹੈ। ਹੋਰ ਜਾਣਕਾਰੀ ਇਕੱਠੀ ਕਰਨ ਲਈ ਅਮਨਦੀਪ ਨੇ ਸੋਸ਼ਲ ਮੀਡਿਆ ਦਾ ਸਹਾਰਾ ਲਿਆ। ਇੱਥੋਂ ਉਹਨਾਂ ਨੂੰ ਡਰੈਗਨ ਫਰੂਟ ਬਾਰੇ ਕਾਫ਼ੀ ਕੁੱਝ ਨਵਾਂ ਪਤਾ ਲੱਗਾ।

“GDF, ਲਕਸ਼ਮੀ ਪੁੱਤਰਾਂ ਡਰੈਗਨ ਫਰੂਟ ਫਾਰਮ, RK ਡਰੈਗਨ ਫਰੂਟ ਫਾਰਮ, ਵਾਸੁਪੂਜਯਾ ਡਰੈਗਨ ਫਰੂਟ ਫਾਰਮ, ਸ਼੍ਰੀ ਹਰੀ ਹੌਰਟੀਕਲਚਰ ਨਰਸਰੀ, ਸਾਂਗਰ ਨਰਸਰੀ ਦੇਖਣ ਤੋਂ ਬਾਅਦ, ਮੈਨੂੰ ਇਹ ਮਹਿਸੂਸ ਹੋਇਆ ਕਿ ਸਾਡੇ ਕਿਸਾਨ ਮੁੱਢ ਤੋਂ ਹੀ ਰਵਾਇਤੀ ਖੇਤੀ ਦੇ ਚੱਕਰ ਵਿੱਚ ਫਸੇ ਹੋਏ ਹਨ। ਸੋ ਸਾਨੂੰ ਨਵੀਂ ਪੀੜ੍ਹੀ ਨੂੰ ਹੀ ਖੇਤੀ ਵਿੱਚ ਕੁੱਝ ਵੱਖਰਾ ਕਰਨਾ ਪਵੇਗਾ।” – ਅਮਨਦੀਪ ਸਿੰਘ ਸਰਾਓ

ਇੰਟਰਨੈੱਟ ਦੇ ਜ਼ਰੀਏ ਅਮਨਦੀਪ ਨੂੰ ਪਤਾ ਲੱਗਾ ਕਿ ਪੰਜਾਬ ਦੇ ਬਰਨਾਲਾ ਵਿੱਚ ਹਰਬੰਤ ਸਿੰਘ ਔਲਖ ਜੀ ਡਰੈਗਨ ਫਰੂਟ ਦੀ ਖੇਤੀ ਕਰਦੇ ਹਨ, ਤਾਂ ਡਰੈਗਨ ਫਰੂਟ ਦੀ ਖੇਤੀ ਬਾਰੇ ਹੋਰ ਜਾਣਕਾਰੀ ਲੈਣ ਦੇ ਉਦੇਸ਼ ਨਾਲ ਅਮਨਦੀਪ ਬਰਨਾਲੇ ਉਹਨਾਂ ਦੇ ਫਾਰਮ ‘ਤੇ ਗਏ ਅਤੇ ਇੱਥੇ ਉਹਨਾਂ ਨੂੰ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਨ ਲਈ ਕਾਫ਼ੀ ਹੌਂਸਲਾ ਮਿਲਿਆ। ਇਸਦੇ ਨਾਲ ਹੀ ਅਮਨਦੀਪ ਨੇ ਵੀ ਇਸ ਵਿਦੇਸ਼ੀ ਫਲ ਦੀ ਖੇਤੀ ਕਰਨ ਦਾ ਪੱਕਾ ਮਨ ਬਣਾ ਲਿਆ।

ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਨ ਲਈ ਅਮਨਦੀਪ ਆਪਣੀ ਠੇਕੇ ‘ਤੇ ਦਿੱਤੀ 32 ਕਿੱਲੇ ਜ਼ਮੀਨ ਵਿੱਚੋਂ 2 ਕਿੱਲਿਆਂ ‘ਤੇ ਡਰੈਗਨ ਫਰੂਟ ਦੀ ਖੇਤੀ ਲਈ, GDF ਦੇ ਮਾਲਕ ਦੀ ਸਲਾਹ ਨਾਲ ਪੋਲ (ਖੰਭੇ) ਤਿਆਰ ਕਰਵਾਏ ਅਤੇ 4 ਵੱਖ-ਵੱਖ ਥਾਵਾਂ ਤੋਂ ਪੌਦੇ ਮੰਗਵਾਏ। ਆਪਣੇ ਇਸ ਫਾਰਮ ਦਾ ਨਾਮ ਉਹਨਾਂ ਨੇ “ਸਰਾਓ ਡਰੈਗਨ ਫਰੂਟਸ ਫਾਰਮ” ਰੱਖਿਆ। ਅਮਨ ਨੂੰ ਜਿੱਥੇ ਵੀ ਕੋਈ ਮੁਸ਼ਕਿਲ ਆਈ ਉਹਨਾਂ ਨੇ ਹਮੇਸ਼ਾ ਮਾਹਿਰਾਂ ਅਤੇ ਇੰਟਰਨੈੱਟ ਦੀ ਮਦਦ ਲਈ। ਉਹਨਾਂ ਨੇ ਸ਼ੁਰੂਆਤ ਵਿੱਚ ਡਰੈਗਨ ਫਰੂਟ ਦੀ ਲਾਲ ਅਤੇ ਚਿੱਟੀ ਕਿਸਮ ਦੇ ਪੌਦੇ ਲਾਏ।

ਕਿਹਾ ਜਾਂਦਾ ਹੈ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਉਸੇ ਤਰ੍ਹਾਂ “ਸਰਾਓ ਡਰੈਗਨ ਫਰੂਟਸ ਫਾਰਮ” ਵਿੱਚ ਪਹਿਲੇ ਸਾਲ ਹੋਏ ਫਲਾਂ ਦਾ ਸਵਾਦ ਬਹੁਤ ਵਧੀਆ ਸੀ ਅਤੇ ਬਾਕੀ ਲੋਕਾਂ ਨੇ ਵੀ ਇਸਦੀ ਕਾਫੀ ਸ਼ਲਾਘਾ ਕੀਤੀ।

“ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਨ ਤੋਂ ਬਾਅਦ ਸਾਰੇ ਪਰਿਵਾਰਿਕ ਮੈਂਬਰਾਂ ਨੇ ਮੇਰੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਮਨ ਲਗਾ ਕੇ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਮੈਂ ਫਿਰ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।” – ਅਮਨਦੀਪ ਸਿੰਘ ਸਰਾਓ

ਇਸ ਸਫ਼ਲਤਾ ਤੋਂ ਬਾਅਦ ਅਮਨਦੀਪ ਦਾ ਹੌਂਸਲਾ ਕਾਫੀ ਵੱਧ ਗਿਆ। ਅਮਨਦੀਪ ਦੇ ਭਾਬੀ ਜੀ(ਹਰਮਨਦੀਪ ਕੌਰ) ਜੰਗਲਾਤ ਵਿਭਾਗ ਵਿੱਚ ਨੌਕਰੀ ਕਰਦੇ ਹਨ ਅਤੇ ਉਹਨਾਂ ਨੇ ਅਮਨਦੀਪ ਨੂੰ ਡਰੈਗਨ ਫਰੂਟ ਦੇ ਨਾਲ-ਨਾਲ ਚੰਦਨ ਦੀ ਖੇਤੀ ਕਰਨ ਲਈ ਵੀ ਕਿਹਾ। ਸਾਡੇ ਦੇਸ਼ ਵਿੱਚ ਚੰਦਨ ਨੂੰ ਧਾਰਮਿਕ ਕਿਰਿਆਵਾਂ ਲਈ ਵਰਤਿਆ ਜਾਂਦਾ ਹੈ ਅਤੇ ਇਸਦੀ ਕੀਮਤ ਵੀ ਕਾਫੀ ਜ਼ਿਆਦਾ ਹੈ। ਸੋ ਅਮਨਦੀਪ ਨੇ ਚੰਦਨ ਦੀ ਖੇਤੀ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ।

ਫਿਰ ਅਮਨਦੀਪ ਨੇ ਗੁਜਰਾਤ ਦੇ ਚੰਦਨ ਵਿਕਾਸ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਨਿਤਿਨ ਪਟੇਲ ਨਾਲ ਸੰਪਰਕ ਅਤੇ ਮੁਲਾਕਾਤ ਕੀਤੀ। ਨਿਤਿਨ ਪਟੇਲ ਦੇ ਫਾਰਮ ਵਿੱਚ ਚੰਦਨ ਦੇ ਲਗਭਗ 2000 ਬੂਟੇ ਲੱਗੇ ਹਨ। ਇੱਥੋਂ ਅਮਨਦੀਪ ਨੇ ਚੰਦਨ ਦੇ ਥੋੜ੍ਹੇ ਜਿਹੇ ਬੂਟੇ ਲੈ ਕੇ ਆਪਣੇ ਫਾਰਮ ‘ਤੇ ਟਰਾਇਲ ਦੇ ਤੌਰ ‘ਤੇ ਲਗਾਏ ਅਤੇ ਹੁਣ ਸਰਾਓ ਫਾਰਮ ਵਿੱਚ ਚੰਦਨ ਦੇ ਲਗਭਗ 225 ਬੂਟੇ ਹਨ।

“ਹਾਲਤ ਨੂੰ ਐਸਾ ਨਾ ਹੋਣ ਦਿਓ ਕਿ ਆਪ ਹਿੰਮਤ ਹਾਰ ਜਾਈਏ, ਬਲਕਿ ਹਿੰਮਤ ਐਸੀ ਰੱਖੋ ਕਿ ਹਾਲਾਤ ਹਾਰ ਜਾਣ।” – ਅਮਨਦੀਪ ਸਿੰਘ ਸਰਾਓ

ਨੌਜਵਾਨ ਕਿਸਾਨ ਹੋਣ ਦੇ ਨਾਤੇ ਅਮਨਦੀਪ ਹਮੇਸ਼ਾ ਕੁੱਝ ਨਾ ਕੁੱਝ ਨਵਾਂ ਕਰਨ ਬਾਰੇ ਸੋਚਦੇ ਰਹਿੰਦੇ ਹਨ। ਇਸ ਲਈ ਉਹਨਾਂ ਨੇ ਡਰੈਗਨ ਫਰੂਟ ਦੇ ਬੂਟਿਆਂ ਦੀ ਗ੍ਰਾਫਟਿੰਗ ਕਰਨੀ ਵੀ ਸ਼ੁਰੂ ਕਰ ਦਿੱਤੀ। ਇਸਦੇ ਲਈ ਉਹਨਾਂ ਨੇ ਮੈਰੀ ਐਨ ਪਸਾਉਲ ਤੋਂ ਟ੍ਰੇਨਿੰਗ ਲਈ ਜੋ ਕਿ Tangum Philipine Island ਤੋਂ ਹਨ।

ਸਰਾਓ ਡਰੈਗਨ ਫਰੂਟਸ ਫਾਰਮ ਵਿੱਚ ਡਰੈਗਨ ਫਰੂਟ ਦੀਆਂ 12 ਦੀਆਂ ਕਿਸਮਾਂ ਉਪਲੱਬਧ ਹਨ, ਜਿਹਨਾਂ ਦੇ ਨਾਮ ਇਸ ਪ੍ਰਕਾਰ ਹਨ:
• ਵਾਲਦੀਵਾ ਰੋਜਾ
• ਅਸੁਨਤਾ
• ਕੋਨੀ ਮਾਅਰ
• ਡਿਲਾਈਟ
• ਅਮੇਰਿਕਨ ਬਿਊਟੀ
• ਪਰਪਲ ਹੇਜ਼
• ISIS ਗੋਲਡਨ ਯੈਲੋ
• S8 ਸ਼ੂਗਰ
• ਆਉਸੀ ਗੋਲਡਨ ਯੈਲੋ
• ਵੀਅਤਨਾਮ ਵਾਈਟ
• ਰੌਇਲ ਰੈੱਡ
• ਸਿੰਪਲ ਰੈੱਡ

ਹੁਣ ਵੀ ਅਮਨਦੀਪ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਰਹਿੰਦੇ ਹਨ ਅਤੇ ਉਹਨਾਂ ਨੇ ਆਪਣੇ ਫਾਰਮ ਵਿੱਚ ਤੁਪਕਾ ਸਿੰਚਾਈ ਸਿਸਟਮ ਵੀ ਲਗਵਾ ਲਿਆ ਹੈ। ਆਪਣੀ ਇਸੇ ਮਿਹਨਤ ਅਤੇ ਦ੍ਰਿੜ ਸੰਕਲਪ ਦੇ ਕਾਰਣ ਅਮਨਦੀਪ ਦੀ ਆਸ-ਪਾਸ ਦੇ ਪਿੰਡਾਂ ਵਿੱਚ ਵੀ ਵਾਹੋ-ਵਾਹੀ ਹੋ ਰਹੀ ਹੈ ਅਤੇ ਬਹੁਤ ਸਾਰੇ ਲੋਕ ਉਹਨਾਂ ਦਾ ਫਾਰਮ ਦੇਖਣ ਲਈ ਆਉਂਦੇ ਰਹਿੰਦੇ ਹਨ।

ਭਵਿੱਖ ਦੀ ਯੋਜਨਾ

ਅਮਨਦੀਪ ਆਉਣ ਵਾਲੇ ਸਮੇਂ ਵਿੱਚ ਆਪਣੇ ਫਾਰਮ ਦੇ ਫਲਾਂ ਦੀ ਮਾਰਕਿਟਿੰਗ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ ਅਤੇ ਨਾਲ ਹੀ ਚੰਦਨ ਤੋਂ ਉਤਪਾਦ ਤਿਆਰ ਕਰਕੇ ਵੇਚਣਾ ਚਾਹੁੰਦੇ ਹਨ।

ਸੰਦੇਸ਼
“ਸਾਡੇ ਕਿਸਾਨ ਵੀਰਾਂ ਨੂੰ ਜ਼ਹਿਰ-ਮੁਕਤ ਖੇਤੀ ਕਰਨੀ ਚਾਹੀਦੀ ਹੈ। ਨੌਜਵਾਨ ਪੀੜ੍ਹੀ ਨੂੰ ਅੱਗੇ ਆ ਕੇ ਨਵੀਂ ਸੋਚ ਨਾਲ ਖੇਤੀ ਕਰਨੀ ਪੈਣੀ ਹੈ ਜਿਸ ਨਾਲ ਕਿ ਖੇਤੀ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕੇ ਹੋਰ ਪੈਦਾ ਹੋਣ।”