ਹਿੰਦ ਪਾਲ ਸਿੰਘ

ਪੂਰੀ ਕਹਾਣੀ ਪੜ੍ਹੋ

ਰਾਜਸਥਾਨ ਵਿੱਚ ਜੋਜੋਬਾ ਦੀ ਖੇਤੀ ਕਰਨ ਵਾਲੇ ਕਿਸਾਨ ਨਾਲ ਮਿਲੋ, ਜਿਸਨੇ ਆਈ ਐੱਚ ਐੱਮ ਪੂਸਾ, ਦਿੱਲੀ ਤੋਂ ਹੋਟਲ ਮੈਨੇਜਮੈਂਟ ਦੀ ਡਿਗਰੀ ਹਾਸਿਲ ਕੀਤੀ, ਪਰ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲੇ

ਖੇਤੀਬਾੜੀ ਨਾ ਕਦੇ ਅਸਾਨ ਸੀ ਅਤੇ ਨਾ ਹੀ ਅਸਾਨ ਹੋਵੇਗੀ। ਪਰ ਕਈ ਲੋਕਾਂ ਲਈ, ਜਿਨ੍ਹਾਂ ਕੋਲ ਕੋਈ ਵਿਕਲਪ ਨਹੀਂ ਹੁੰਦਾ, ਉਨ੍ਹਾਂ ਲਈ ਖੇਤੀ ਹੀ ਇੱਕ-ਮਾਤਰ ਵਿਕਲਪ ਹੁੰਦਾ ਹੈ। ਇਸ ਲਈ ਅੱਜ ਦੇ ਕਈ ਕਿਸਾਨ ਆਪਣੇ ਬੱਚਿਆਂ ਨੂੰ ਸਕੂਲ ਅਤੇ ਕਾਲਜ ਭੇਜਦੇ ਹਨ, ਤਾਂ ਕਿ ਬੱਚੇ ਜੋ ਚਾਹੁੰਦੇ ਹਨ ਉਹ ਚੁਣਨ ਅਤੇ ਜੋ ਬਣਨਾ ਚਾਹੁੰਦੇ ਹਨ, ਉਹੀ ਬਣਨ। ਪਰ ਹਿੰਦ ਪਾਲ ਸਿੰਘ ਇੱਕ ਅਜਿਹੇ ਇਨਸਾਨ ਹਨ, ਜਿਨ੍ਹਾਂ ਕੋਲ ਚੰਗਾ ਕਾਰੋਬਾਰ ਚੁਣਨ ਦਾ ਮੌਕਾ ਸੀ, ਪਰ ਉਨ੍ਹਾਂ ਨੇ ਖੇਤੀਬਾੜੀ ਨੂੰ ਚੁਣਿਆ।

ਹਿੰਦ ਪਾਲ ਸਿੰਘ ਦਾ ਜਨਮ ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਵਿੱਚ ਇੱਕ ਪ੍ਰਸਿੱਧ ਕ੍ਰਿਸ਼ੀ ਪਰਿਵਾਰ ਵਿੱਚ ਹੋਇਆ, ਪਰ ਉਨ੍ਹਾਂ ਦਾ ਪਾਲਣ-ਪੋਸ਼ਣ ਇੱਕ ਬਹੁਤ ਹੀ ਅਲੱਗ ਅਤੇ ਆਧੁਨਿਕ ਵਾਤਾਵਰਨ ਵਿੱਚ ਹੋਇਆ। ਆਪਣੇ ਪਿਤਾ ਨਾਲੋਂ ਅਲੱਗ ਪੇਸ਼ਾ ਚੁਣਨ ਦੇ ਉਦੇਸ਼ ਨਾਲ ਉਨ੍ਹਾਂ ਨੇ ਆਈ ਐੱਚ ਐੱਮ ਪੂਸਾ, ਦਿੱਲੀ ਤੋਂ ਹੋਟਲ ਮੈਨੇਜਮੈਂਟ ਵਿੱਚ ਬੈਚਲਰ ਦੀ ਡਿਗਰੀ ਕੀਤੀ।

“ਪਰ ਸ਼ਾਇਦ ਹਿੰਦ ਪਾਲ ਸਿੰਘ ਦਾ ਇਸੇ ਖੇਤਰ ਵਿੱਚ ਕਾਰੋਬਾਰ ਜਾਰੀ ਰੱਖਣਾ ਕਿਸਮਤ ਨੂੰ ਮਨਜ਼ੂਰ ਨਹੀਂ ਸੀ। ਉਨ੍ਹਾਂ ਦੇ ਪਿਤਾ ਕਿਸਾਨ ਸੀ ਅਤੇ ਖੇਤੀਬਾੜੀ ਵਿੱਚ ਉਨ੍ਹਾਂ ਦੀ ਕਾਫੀ ਰੁਚੀ ਸੀ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਖੇਤੀਬਾੜੀ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ।”

ਆਪਣੇ ਪਿਤਾ ਦਾ ਖੇਤੀ ਵੱਲ ਨੂੰ ਰੁਝਾਨ ਦੇਖ ਕੇ ਉਨ੍ਹਾਂ ਨੇ ਪਿਤਾ ਦੀ ਸਹਾਇਤਾ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਨੇ ਖੇਤੀਬਾੜੀ ਨਾਲ ਸੰਬੰਧਿਤ ਮੈਗਜ਼ੀਨ ਜਿਵੇਂ ਕਿ ਚੰਗੀ ਖੇਤੀ ਆਦਿ ਪੜ੍ਹਨਾ ਸ਼ੁਰੂ ਕੀਤਾ। ਉਨ੍ਹਾਂ ਵਿੱਚੋਂ ਇੱਕ ਮੈਗਜ਼ੀਨ ਵਿੱਚ ਉਨ੍ਹਾਂ ਨੇ ਜੋਜੋਬਾ ਦੀ ਖੇਤੀ ਬਾਰੇ ਪੜ੍ਹਿਆ ਅਤੇ ਇਸਨੂੰ ਸ਼ੁਰੂ ਕਰਨ ਬਾਰੇ ਸੋਚਿਆ। ਉਨ੍ਹਾਂ ਨੇ ਜੈਪੁਰ ਦਾ ਦੌਰਾ ਕੀਤਾ ਅਤੇ ਉੱਥੇ ਜੋਜੋਬਾ ਦੀ ਖੇਤੀ ਦੀ ਟ੍ਰੇਨਿੰਗ ਲਈ। ਸ਼੍ਰੀ ਸੈਣੀ ਜੀ ਟ੍ਰੇਨਿੰਗ ਸਟਾਫ਼ ਦੇ ਮੈਂਬਰ ਸਨ, ਜਿਨ੍ਹਾਂ ਨੇ ਜੋਜੋਬਾ ਦੀ ਖੇਤੀ ਵਿੱਚ ਉਨ੍ਹਾਂ ਦੀ ਮਦਦ ਕੀਤੀ ਅਤੇ ਨਿਰਦੇਸ਼ਿਤ ਕੀਤਾ ਅਤੇ ਖ਼ਾਸ ਤੌਰ ‘ਤੇ ਸ਼ਹਿਰ ਵਿੱਚ ਸਥਿਤ ਆਪਣੇ ਫਾਰਮ ਦਾ ਦੌਰਾ ਵੀ ਕਰਵਾਇਆ।

ਸ਼ੁਰੂ ਵਿੱਚ ਹਿੰਦ ਪਾਲ ਸਿੰਘ ਜੋਜੋਬਾ ਦੀ ਖੇਤੀ ਸ਼ੁਰੂ ਕਰਨ ਸਮੇਂ ਥੋੜ੍ਹਾ ਘਬਰਾਏ, ਪਰ ਹੁਣ 12 ਸਾਲ ਤੋਂ ਉਹ ਜੋਜੋਬਾ ਦੀ ਖੇਤੀ ਕਰ ਰਹੇ ਹਨ ਅਤੇ ਇਸਦੀ ਉਪਜ ਅਤੇ ਲਾਭ ਤੋਂ ਕਾਫੀ ਖੁਸ਼ ਹਨ। ਉਹ ਜੋਜੋਬਾ ਦੇ ਪੌਦੇ ਰਾਜਸਥਾਨ ਖੇਤੀਬਾੜੀ ਯੂਨੀਵਰਸਿਟੀ ਤੋਂ ਖਰੀਦਦੇ ਹਨ, ਕਿਉਂਕਿ ਜੋਜੋਬਾ ਦੇ ਪੌਦੇ 10:1 ਅਨੁਪਾਤ ਵਿੱਚ ਉਗਾਏ ਜਾਂਦਾ ਹਨ, ਜਿਸ ਵਿੱਚ 10 ਪੌਦੇ ਮਾਦਾ ਅਤੇ 1 ਪੌਦਾ ਨਰ ਹੁੰਦਾ ਹੈ ਅਤੇ ਇੱਕ ਉੱਚਿਤ ਖੇਤੀਬਾੜੀ ਯੂਨੀਵਰਸਿਟੀ ਜਾਂ ਮਾਹਿਰ ਹੀ ਸਹੀ ਜੋਜੋਬਾ ਦੇ ਪੌਦੇ ਉਪਲੱਬਧ ਕਰਾ ਸਕਦੇ ਹਨ, ਕਿਉਂਕਿ ਆਮ ਲੋਕ ਫੁੱਲ ਨਿਕਲਣ ਤੋਂ ਪਹਿਲਾਂ(ਤਿੰਨ ਸਾਲ ਤੱਕ) ਨਰ ਅਤੇ ਮਾਦਾ ਪੌਦੇ ਦੀ ਪਹਿਚਾਣ ਨਹੀਂ ਕਰ ਸਕਦੇ।

“ਨਰ ਪੌਦਿਆਂ ਦੇ ਪ੍ਰਜਣਨ ਦੁਆਰਾ ਮਾਦਾ ਪੌਦੇ ਫੁੱਲਾਂ ਤੋਂ ਬੀਜਾਂ ਦਾ ਉਤਪਾਦਨ ਕਰਦੇ ਹਨ, ਬੀਜ ਉਤਪਾਦਨ ਲਈ ਮਾਦਾ ਪੌਦੇ ਨਰ ਪੌਦਿਆਂ ‘ਤੇ ਨਿਰਭਰ ਹੁੰਦੇ ਹਨ।”

ਹਿੰਦ ਪਾਲ ਸਿੰਘ ਲਈ ਜੋਜੋਬਾ ਦੀ ਖੇਤੀ ਅਤੇ ਬਿਜਾਈ ਅਸਾਨ ਨਹੀਂ ਸੀ। ਉਨ੍ਹਾਂ ਦੇ ਰਸਤੇ ਵਿੱਚ ਸਿਉਂਕ ਅਤੇ ਫੰਗਸ ਵਰਗੀਆਂ ਕਈ ਸਮੱਸਿਆਵਾਂ ਆਈਆਂ, ਪਰ ਉਨ੍ਹਾਂ ਨੇ ਬਹੁਤ ਵਧੀਆ ਤਰੀਕੇ ਨਾਲ ਇਨ੍ਹਾਂ ਦਾ ਸਾਹਮਣਾ ਕੀਤਾ। ਉਹ ਹਮੇਸ਼ਾ ਮਾਹਿਰਾਂ ਤੋਂ ਸਲਾਹ ਲੈਂਦੇ ਹਨ ਅਤੇ ਖੇਤੀ ਲਈ ਮਾਈਕ੍ਰੋ ਫੂਡ ਅਤੇ ਮੁੱਢਲੀਆਂ ਖਾਦਾਂ ਦੀ ਵਰਤੋਂ ਕਰਦੇ ਹਨ। ਬਿਜਾਈ ਤੋਂ ਬਾਅਦ 6 ਤੋਂ 7 ਸਾਲ ਤੱਕ ਜੋਜੋਬਾ ਦਾ ਪੌਦਾ ਫਲ ਦੇਣਾ ਸ਼ੁਰੂ ਕਰਦਾ ਹੈ।

“ਇੱਕ ਵਾਰ ਨਿਵੇਸ਼- ਰਾਜਸਥਾਨ ਵਰਗੇ ਖੇਤਰ, ਜਿੱਥੇ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ ਹੈ, ਉੱਥੇ ਜੋਜੋਬਾ ਦੀ ਖੇਤੀ ਕਰਨ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਇਸ ਫ਼ਸਲ ਨੂੰ ਸਿੰਚਾਈ ਲਈ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ(ਇਹ ਪੌਦਾ 2 ਸਾਲ ਤੱਕ ਪਾਣੀ ਤੋਂ ਬਿਨਾਂ ਰਹਿ ਸਕਦਾ ਹੈ)। ਇਸ ਤੋਂ ਇਲਾਵਾ ਇਸ ਪੌਦੇ ਦੀ ਉਮਰ 100 ਸਾਲ ਤੱਕ ਹੁੰਦੀ ਹੈ।”

ਸ਼ੁਰੂਆਤ ਵਿੱਚ, ਜਦੋਂ ਜੋਜੋਬਾ ਦੇ ਪੌਦੇ ਛੋਟੇ ਹੁੰਦੇ ਹਨ, ਉਸ ਸਮੇਂ ਇਸ ਵਿੱਚ ਅੰਤਰ-ਫ਼ਸਲੀ ਵੀ ਅਪਨਾਈ ਜਾ ਸਕਦੀ ਹੈ, ਕਿਉਂਕਿ 6 ਤੋਂ 7 ਸਾਲ ਤੱਕ ਇਹ ਬੀਜ ਨਹੀਂ ਪੈਦਾ ਕਰਦੇ। ਉਨ੍ਹਾਂ ਨੇ ਉਪਜ ਦੇ ਮੰਡੀਕਰਨ ਵਿੱਚ ਵੀ ਕੁੱਝ ਸਮੱਸਿਆਵਾਂ ਦਾ ਸਾਹਮਣਾ ਕੀਤਾ, ਪਰ ਸਰਕਾਰ ਤੋਂ ਕੋਈ ਸਹਾਇਤਾ ਨਹੀਂ ਲਈ। ਕਾੱਸਮੈਟਿਕ ਕੰਪਨੀਆਂ ਨੂੰ ਫੇਸ ਕਰੀਮ, ਤੇਲ, ਫੇਸ ਵਾੱਸ਼ ਅਤੇ ਕਈ ਹੋਰ ਸੁੰਦਰਤਾ ਵਾਲੇ ਉਤਪਾਦ ਬਣਾਉਣ ਲਈ ਜੋਜੋਬਾ ਦੇ ਬੀਜਾਂ ਦੀ ਲੋੜ ਹੁੰਦੀ ਹੈ। ਇਸ ਲਈ ਉਨ੍ਹਾਂ ਨੇ ਗ੍ਰਾਹਕਾਂ ਨੂੰ ਜਲਦੀ ਹੀ ਲੱਭਿਆ ਅਤੇ ਮੁਨਾਫ਼ਾ ਲੈਣਾ ਸ਼ੁਰੂ ਕੀਤਾ।

“ਜੋਜੋਬਾ ਦੇ ਤੇਲ ਵਿੱਚ ਵਿਸਕੋਸਿਟੀ ਇੰਡੈੱਕਸ ਦੇ ਕਾਰਨ ਇਸਨੂੰ ਬਾਲਣ(ਈਂਧਨ) ਤੇਲ ਦੇ ਰੂਪ ਵਿੱਚ ਵਿਕਲਪੀ ਤੌਰ ‘ਤੇ ਵਰਤਿਆ ਜਾਂਦਾ ਹੈ। ਇਸਨੂੰ ਹਾਈ-ਸਪੀਡ ਮਸ਼ੀਨਰੀ ਜਾਂ ਉੱਚ-ਤਾਪਮਾਨ ‘ਤੇ ਚੱਲਣ ਵਾਲੀਆਂ ਮਸ਼ੀਨਾਂ ਲਈ ਟ੍ਰਾਂਸਫਾਰਮਰ ਤੇਲ ਜਾਂ ਲੁਬਰੀਕੈਂਟ ਦੇ ਤੌਰ ‘ਤੇ ਵਰਤਿਆ ਜਾ ਸਕਦਾ ਹੈ।”

ਇਸ ਤੋਂ ਇਲਾਵਾ ਉਹ ਜੋਜੋਬਾ ਦੀ ਖੇਤੀ ਲਗਭਗ 5 ਏਕੜ ਵਿੱਚ ਕਰਦੇ ਹਨ। ਬਾਕੀ 65 ਏਕੜ ਜ਼ਮੀਨ ‘ਤੇ ਉਹ ਨਰਮੇ, ਕਣਕ, ਮੌਸੰਮੀ, ਸਬਜ਼ੀਆਂ, ਸਰ੍ਹੋਂ, ਕਿੰਨੂ ਅਤੇ ਹੋਰ ਫਸਲਾਂ ਉਗਾਉਂਦੇ ਹਨ। ਉਹ ਚੰਗੀ ਖੇਤੀ ਲਈ ਸਾਰੀਆਂ ਆਧੁਨਿਕ ਮਸ਼ੀਨਰੀ ਜਿਵੇਂ ਕਿ ਟ੍ਰੈਕਟਰ, ਟਰਾਲੀ, ਹਲ਼, ਲੈਵਲਰ, ਡਿਸਕ ਹੈਰੋ ਅਤੇ ਤੁਪਕਾ ਸਿੰਚਾਈ ਦੀ ਵਰਤੋਂ ਕਰਦੇ ਹਨ। ਉਹ ਭਵਿੱਖ ਵਿੱਚ ਇਸ ਕੰਮ ਨੂੰ ਵਧਾਉਣਾ ਚਾਹੁੰਦੇ ਹਨ, ਜੋ ਉਹ ਹੁਣ ਕਰ ਰਹੇ ਹਨ ਅਤੇ ਜੋਜੋਬਾ ਦੇ ਬੀਜਾਂ ਦੇ ਵਫਾਦਾਰ ਅਤੇ ਮੁਨਾਫ਼ੇ ਵਾਲੇ ਗ੍ਰਾਹਕਾਂ ਨੂੰ ਆਕਰਸ਼ਿਤ ਕਰਨਾ ਚਾਹੁੰਦੇ ਹਨ। 45 ਹਜ਼ਾਰ ਦੇ ਨਿਵੇਸ਼ ਨਾਲ ਅੱਜ ਉਹ ਲੱਖਾਂ ਕਮਾ ਰਹੇ ਹਨ। ਇਸ ਤੋਂ ਇਲਾਵਾ ਜੋਜੋਬਾ ਇੱਕ ਬਿਮਾਰੀ-ਰਹਿਤ ਅਤੇ ਅੱਗ ਦਾ ਪ੍ਰਤੀ ਰੋਧਕ ਪੌਦਾ ਹੈ, ਜਿਸਨੂੰ ਇੱਕ ਵਾਰ ਵਿਕਸਿਤ ਹੋ ਜਾਣ ਤੋਂ ਬਾਅਦ ਬਹੁਤ ਘੱਟ ਦੇਖਭਾਲ ਦੀ ਜ਼ਰੂਰਤ ਪੈਂਦੀ ਹੈ।

ਕਿਸਾਨਾਂ ਨੂੰ ਸੰਦੇਸ਼:
ਕਿਸਾਨਾਂ ਨੂੰ ਆਤਮ-ਨਿਰਭਰ ਹੋਣਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਖੇਤੀਬਾੜੀ ਤੋਂ ਲਾਭ ਕਮਾਉਣਾ ਚਾਹੁੰਦੇ ਹੋ ਤਾਂ ਕੁੱਝ ਅਲੱਗ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ। ਇੱਕ ਹੋਰ ਗੱਲ, ਕਿਸਾਨਾਂ ਨੂੰ ਆਪਣੇ ਮੁਨਾਫ਼ੇ ਦਾ ਹਿਸਾਬ ਰੱਖਣਾ ਚਾਹੀਦਾ ਹੈ ਅਤੇ ਜੇਕਰ ਉਹ ਕੁੱਝ ਅਲੱਗ ਸ਼ੁਰੂ ਕਰਦੇ ਹਨ ਤਾਂ ਉਸ ਲਈ 100% ਯਤਨ ਕਰਨੇ ਚਾਹੀਦੇ ਹਨ।”

ਸਤਵੀਰ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਸਫ਼ਲ ਐਗਰੀਪ੍ਰੇਨਿਓਰ ਦੀ ਕਹਾਣੀ, ਜੋ ਸਮਾਜ ਵਿੱਚ ਹੋਰਨਾਂ ਕਿਸਾਨਾਂ ਲਈ ਪ੍ਰੇਰਣਾਸ੍ਰੋਤ ਹੈ

ਇਹ ਕਿਹਾ ਜਾਂਦਾ ਹੈ ਕਿ ਮਹਾਨ ਚੀਜ਼ਾਂ ਕਈ ਵਾਰ ਆਰਾਮ ਵਾਲੇ ਖੇਤਰਾਂ ਤੋਂ ਨਹੀਂ ਮਿਲਦੀਆਂ ਅਤੇ ਜੇਕਰ ਕੋਈ ਵਿਅਕਤੀ ਅਸਲ ਵਿੱਚ ਕੁੱਝ ਅਜਿਹਾ ਕਰਨਾ ਚਾਹੁੰਦਾ ਹੈ, ਜੋ ਉਸਨੇ ਪਹਿਲਾਂ ਕਦੇ ਨਹੀਂ ਕੀਤਾ ਤਾਂ ਉਸਨੂੰ ਆਪਣਾ ਆਰਾਮ ਵਾਲਾ ਖੇਤਰ ਛੱਡਣਾ ਪਵੇਗਾ। ਅਜਿਹੇ ਇੱਕ ਵਿਅਕਤੀ ਹਨ, ਸਤਵੀਰ ਸਿੰਘ, ਜਿਨ੍ਹਾਂ ਨੇ ਆਪਣੀ ਆਸਾਨ ਜੀਵਨ-ਸ਼ੈਲੀ ਨੂੰ ਛੱਡ ਦਿੱਤਾ ਅਤੇ ਵਾਪਿਸ ਪੰਜਾਬ, ਭਾਰਤ ਆ ਕੇ ਆਪਣੇ ਲਕਸ਼ ਦਾ ਪਿੱਛਾ ਕੀਤਾ।

ਅੱਜ ਸਤਵੀਰ ਸਿੰਘ ਇੱਕ ਸਫ਼ਲ ਐਗਰੀਪ੍ਰੇਨਿਓਰ ਹਨ ਅਤੇ ਕਣਕ-ਝੋਨੇ ਦੀ ਤੁਲਨਾ ਵਿੱਚ ਦੋ ਗੁਣਾ ਜ਼ਿਆਦਾ ਲਾਭ ਕਮਾ ਰਹੇ ਹਨ। ਉਨ੍ਹਾਂ ਨੇ ਸਧਾਣਾ ਪਿੰਡ ਵਿੱਚ ਸਤਵੀਰ ਫਾਰਮ ਦੇ ਨਾਮ ਨਾਲ ਆਪਣਾ ਫਾਰਮ ਵੀ ਸਥਾਪਿਤ ਕੀਤਾ ਹੈ। ਉਹ ਮੁੱਖ ਤੌਰ ‘ਤੇ ਖੁਦ ਦੀ 7 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਉਨ੍ਹਾਂ ਨੇ ਆਪਣੀ ਦੋ ਏਕੜ ਜ਼ਮੀਨ ਕਿਰਾਏ ‘ਤੇ ਦਿੱਤੀ ਹੈ।

ਸਤਵੀਰ ਸਿੰਘ ਨੇ ਜੀਵਨ ਦੇ ਇਸ ਪੱਧਰ ਤੱਕ ਪਹੁੰਚਣ ਲਈ ਜਿਸ ਰਸਤੇ ਨੂੰ ਚੁਣਿਆ, ਉਹ ਆਸਾਨ ਨਹੀਂ ਸੀ। ਉਨ੍ਹਾਂ ਦੇ ਜੀਵਨ ਵਿੱਚ ਬਹੁਤ ਉਤਰਾਅ-ਚੜ੍ਹਾਅ ਆਏ, ਪਰ ਫਿਰ ਵੀ ਲਗਾਤਾਰ ਯਤਨਾਂ ਅਤੇ ਸੰਘਰਸ਼ ਤੋਂ ਬਾਅਦ ਉਨ੍ਹਾਂ ਨੇ ਆਪਣੀ ਦਿਲਚਸਪੀ ਨੂੰ ਅੱਗੇ ਵਧਾਇਆ ਅਤੇ ਇਸ ਵਿੱਚ ਸਫ਼ਲਤਾ ਹਾਸਲ ਕੀਤੀ। ਇਹ ਸਭ ਉਸ ਵੇਲੇ ਸ਼ੁਰੂ ਹੋਇਆ, ਜਦੋਂ ਉਨ੍ਹਾਂ ਨੇ ਆਪਣੀ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ ਅਤੇ ਚਾਰ ਸਾਲ ਬਾਅਦ ਨੌਕਰੀ ਲਈ ਦੁਬਈ ਚਲੇ ਗਏ। ਪਰ ਕੁੱਝ ਸਮੇਂ ਬਾਅਦ ਉਹ ਭਾਰਤ ਵਾਪਿਸ ਆ ਗਏ ਅਤੇ ਉਨ੍ਹਾਂ ਨੇ ਖੇਤੀਬਾੜੀ ਕਰਨ ਦਾ ਫੈਸਲਾ ਕੀਤਾ ਅਤੇ ਵਾਪਿਸ ਦੁਬਈ ਜਾਣ ਦਾ ਵਿਚਾਰ ਛੱਡ ਦਿੱਤਾ। ਸ਼ੁਰੂ ਵਿੱਚ ਉਨ੍ਹਾਂ ਨੇ ਕਣਕ-ਝੋਨੇ ਦੀ ਖੇਤੀ ਸ਼ੁਰੂ ਕੀਤੀ, ਪਰ ਆਪਣੇ ਦੋਸਤਾਂ ਨਾਲ ਇੱਕ ਸਬਜ਼ੀ ਫਾਰਮ ਦਾ ਦੌਰਾ ਕਰਨ ਤੋਂ ਬਾਅਦ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਸਬਜ਼ੀ ਦੀ ਖੇਤੀ ਵੱਲ ਆਕਰਸ਼ਿਤ ਹੋ ਗਏ।

ਕਰੀਬ 7 ਸਾਲ ਪਹਿਲਾਂ (2010 ਵਿੱਚ) ਉਨ੍ਹਾਂ ਨੇ ਸਬਜ਼ੀ ਦੀ ਖੇਤੀ ਸ਼ੁਰੂ ਕੀਤੀ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਫੁੱਲ-ਗੋਭੀ ਪਹਿਲੀ ਸਬਜ਼ੀ ਸੀ, ਜੋ ਉਨ੍ਹਾਂ ਨੇ ਆਪਣੇ 1.5 ਏਕੜ ਖੇਤ ਵਿੱਚ ਉਗਾਈ ਸੀ ਅਤੇ ਇੱਕ ਗੰਭੀਰ ਨੁਕਸਾਨ ਦਾ ਸਾਹਮਣਾ ਕੀਤਾ। ਪਰ ਫਿਰ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ ਅਤੇ ਸਬਜ਼ੀ ਦੀ ਖੇਤੀ ਕਰਦੇ ਰਹੇ। ਹੌਲੀ-ਹੌਲੀ ਉਨ੍ਹਾਂ ਨੇ ਆਪਣੇ ਸਬਜ਼ੀ ਖੇਤਰ ਦਾ ਵਿਸਥਾਰ 7 ਏਕੜ ਤੱਕ ਕਰ ਦਿੱਤਾ ਅਤੇ ਕੱਦੂ, ਲੌਕੀ, ਬੈਂਗਣ, ਪਿਆਜ਼ ਅਤੇ ਵੱਖ-ਵੱਖ ਕਿਸਮਾਂ ਦੀਆਂ ਮਿਰਚਾਂ ਅਤੇ ਕਰੇਲਿਆਂ ਦੀ ਖੇਤੀ ਕੀਤੀ ਅਤੇ ਨਾਲ ਹੀ ਉਨ੍ਹਾਂ ਨੇ ਨਵੇਂ ਪੌਦੇ ਤਿਆਰ ਕਰਨੇ ਸ਼ੁਰੂ ਕੀਤੇ ਅਤੇ ਉਨ੍ਹਾਂ ਨੂੰ ਬਾਜ਼ਾਰ ਵਿੱਚ ਵੇਚਣਾ ਸ਼ੁਰੂ ਕੀਤਾ। ਹੌਲੀ-ਹੌਲੀ ਉਨ੍ਹਾਂ ਦੇ ਕੰਮ ਵਿੱਚ ਤੇਜ਼ੀ ਆਈ ਅਤੇ ਉਨ੍ਹਾਂ ਨੇ ਇਸ ਤੋਂ ਚੰਗਾ ਮੁਨਾਫ਼ਾ ਲਿਆ।

ਫੁੱਲ-ਗੋਭੀ ਦੇ ਗੰਭੀਰ ਨੁਕਸਾਨ ਦਾ ਸਾਹਮਣਾ ਕਰਨ ਤੋਂ ਬਾਅਦ, ਭਵਿੱਖ ਵਿੱਚ ਅਜਿਹੇ ਹਾਲਾਤਾਂ ਤੋਂ ਬਚਣ ਲਈ ਸਤਵੀਰ ਸਿੰਘ ਜੀ ਨੇ ਸਬਜ਼ੀ ਦੀ ਖੇਤੀ ਬਹੁਤ ਹੀ ਬੁੱਧੀਮਾਨੀ ਅਤੇ ਯੋਜਨਾ ਬਣਾ ਕੇ ਕੀਤੀ। ਪਹਿਲਾਂ ਉਹ ਗ੍ਰਾਹਕ ਅਤੇ ਮੰਡੀ ਦੀ ਮੰਗ ਨੂੰ ਸਮਝਦੇ ਹਨ ਅਤੇ ਉਸਦੇ ਅਨੁਸਾਰ ਉਹ ਸਬਜ਼ੀ ਦੀ ਖੇਤੀ ਕਰਦੇ ਹਨ। ਉਨ੍ਹਾਂ ਨੇ ਪੀ.ਏ.ਯੂ. ਦੇ ਸਮਾਰੋਹਾਂ ਵਿੱਚ ਵੀ ਹਿੱਸਾ ਲਿਆ, ਜਿੱਥੇ ਉਨ੍ਹਾਂ ਨੂੰ ਵੱਖ-ਵੱਖ ਫਾਰਮ ਦੇਖਣ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੈੱਟ ਹਾਊਸ ਫਾਰਮਿੰਗ ਦੀ ਤਕਨੀਕ ਵੀ ਸਿੱਖੀ ਅਤੇ ਇਸ ਵੇਲੇ ਉਹ ਆਪਣੀਆਂ ਸਬਜ਼ੀਆਂ ਨੂੰ ਸੁਰੱਖਿਅਤ ਵਾਤਾਵਰਨ ਦੇਣ ਲਈ ਇਸ ਢੰਗ ਦਾ ਪ੍ਰਯੋਗ ਕਰਦੇ ਹਨ। ਉਨ੍ਹਾਂ ਨੇ ਥੋੜ੍ਹਾ ਸਮਾਂ ਪਹਿਲਾਂ ਟੂਟੂਮਾ ਚੱਪਣ ਕੱਦੂ ਦੀ ਖੇਤੀ ਕੀਤੀ ਅਤੇ ਦਸੰਬਰ ਵਿੱਚ ਸਹੀ ਸਮੇਂ ‘ਤੇ ਉਪਲੱਬਧ ਕਰਵਾਇਆ। ਇਸ ਤੋਂ ਪਹਿਲਾਂ ਇਸੇ ਸਬਜ਼ੀ ਦਾ ਸਟੌਕ ਗੁਜਰਾਤ ਤੋਂ ਬਜ਼ਾਰ ਤੱਕ ਪਹੁੰਚਦਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਸਬਜ਼ੀ ਦੇ ਉਤਪਾਦਨ ਨੂੰ ਬਜ਼ਾਰ ਵਿੱਚ ਵਧੀਆ ਕੀਮਤ ‘ਤੇ ਵੇਚਿਆ। ਇਸ ਤੋਂ ਇਲਾਵਾ, ਉਹ ਹਰ ਵਾਰ ਆਪਣੇ ਉਤਪਾਦ ਨੂੰ ਵੇਚਣ ਲਈ ਮੰਡੀ ਵਿੱਚ ਖੁਦ ਜਾਂਦੇ ਹਨ ਅਤੇ ਕਿਸੇ ‘ਤੇ ਵੀ ਨਿਰਭਰ ਨਹੀਂ ਹਨ।

ਸਰਦੀਆਂ ਵਿੱਚ ਉਹ ਪੂਰੀ 7 ਏਕੜ ਜ਼ਮੀਨ ਵਿੱਚ ਸਬਜ਼ੀਆਂ ਦੀ ਖੇਤੀ ਕਰਦੇ ਹਨ ਅਤੇ ਗਰਮੀਆਂ ਵਿੱਚ ਇਸਨੂੰ ਘੱਟ ਕਰਕੇ 3.5 ਏਕੜ ਜ਼ਮੀਨ ‘ਤੇ ਸਬਜ਼ੀਆਂ ਦੀ ਖੇਤੀ ਅਤੇ ਬਾਕੀ ਜ਼ਮੀਨ ‘ਤੇ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਪੂਰੇ ਪਿੰਡ ਵਿੱਚ ਕੇਵਲ ਉਨ੍ਹਾਂ ਦਾ ਖੇਤ ਹੀ ਸਬਜ਼ੀਆਂ ਨਾਲ ਭਰਿਆ ਹੁੰਦਾ ਹੈ ਅਤੇ ਬਾਕੀ ਸਾਰੇ ਪਾਸੇ ਕਣਕ-ਝੋਨਾ ਦਿਖਾਈ ਦਿੰਦਾ ਹੈ। ਆਪਣੀਆਂ ਕੁਸ਼ਲ ਖੇਤੀ ਤਕਨੀਕਾਂ ਅਤੇ ਮੰਡੀਕਰਣ ਨੀਤੀਆਂ ਲਈ, ਉਨ੍ਹਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਚਾਰ ਪੁਰਸਕਾਰ ਹਾਸਲ ਹੋਏ। ਉਨ੍ਹਾਂ ਦੀ ਅਨੇਕ ਉਪਲੱਬਧੀਆਂ ‘ਚੋਂ ਇੱਕ ਇਹ ਹੈ ਕਿ ਉਨ੍ਹਾਂ ਨੇ ਕੱਦੂ ਦੀ ਇੱਕ ਨਵੀਂ ਕਿਸਮ ਤਿਆਰ ਕੀਤੀ ਅਤੇ ਉਸਦਾ ਨਾਮ ਆਪਣੇ ਬੇਟੇ ਦੇ ਨਾਮ ਤੋਂ ਕਬੀਰ ਪੰਪਕਿਨ ਰੱਖਿਆ।

ਇਸ ਵੇਲੇ ਉਹ ਆਪਣੇ ਪਰਿਵਾਰ(ਮਾਤਾ, ਪਿਤਾ, ਪਤਨੀ, ਦੋ ਪੁੱਤਰਾਂ) ਨਾਲ ਪਿੰਡ ਸਧਾਣਾ ਵਿੱਚ ਰਹਿ ਰਹੇ ਹਨ, ਜੋ ਕਿ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿੱਚ ਸਥਿਤ ਹੈ ਅਤੇ ਉਨ੍ਹਾਂ ਦੇ ਵੱਡੇ ਭਰਾ ਅਤੇ ਭਾਬੀ ਸਿੰਗਾਪੁਰ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਮੁੱਖ ਪ੍ਰੇਰਣਾ ਉਨ੍ਹਾਂ ਦੇ ਪਿਤਾ ਜੀ ਸਨ, ਜਿਨ੍ਹਾਂ ਨੇ ਖੇਤੀਬਾੜੀ ਕਿੱਤੇ ਵਿੱਚ ਸ਼ੁਰੂਆਤ ਕੀਤੀ, ਪਰ ਹੁਣ ਉਨ੍ਹਾਂ ਦੇ ਪਿਤਾ ਖੇਤ ਵਿੱਚ ਜ਼ਿਆਦਾ ਨਹੀਂ ਜਾਂਦੇ। ਉਹ ਕੇਵਲ ਘਰ ਰਹਿੰਦੇ ਹਨ ਅਤੇ ਬੱਚਿਆਂ ਨਾਲ ਸਮਾਂ ਬਿਤਾਉਂਦੇ ਹਨ। ਅੱਜ ਸਤਵੀਰ ਜੀ ਦੇ ਸਫ਼ਲਤਾਪੂਰਵਕ ਅਨੁਭਵ ਪਿੱਛੇ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਸਹਿਯੋਗ ਹੈ ਅਤੇ ਉਹ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਦੇ ਸਿਰ ਸਜਾਉਂਦੇ ਹਨ।

ਸਤਵੀਰ ਸਿੰਘ ਆਪਣੇ ਖੇਤ ਦਾ ਪ੍ਰਬੰਧਨ ਕੇਵਲ ਇੱਕ ਸਥਾਈ ਕਰਮਚਾਰੀ ਦੀ ਮਦਦ ਨਾਲ ਕਰਦੇ ਹਨ ਅਤੇ ਕਦੇ-ਕਦੇ ਮਜ਼ਦੂਰਾਂ ਨੂੰ ਸਬਜ਼ੀਆਂ ਚੁਣਨ ਲਈ ਕੰਮ ‘ਤੇ ਰੱਖ ਲੈਂਦੇ ਹਨ। ਸਬਜ਼ੀਆਂ ਦੀ ਕੀਮਤ ਦੇ ਆਧਾਰ ‘ਤੇ ਉਹ ਇੱਕ ਏਕੜ ‘ਚੋਂ ਇੱਕ ਮੌਸਮ ਵਿੱਚ ਲਗਭੱਗ 1-2 ਲੱਖ ਰੁਪਏ ਕਮਾਉਂਦੇ ਹਨ।

ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਉਹ ਜੈਵਿਕ ਖੇਤੀ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਵਰਮੀ-ਕੰਪੋਸਟ ਬਣਾਉਣ ਲਈ ਉਨ੍ਹਾਂ ਨੇ 3 ਦਿਨ ਦੀ ਟ੍ਰੇਨਿੰਗ ਵੀ ਲਈ ਹੈ। ਉਹ ਲੋਕਾਂ ਨੂੰ ਜੈਵਿਕ ਅਤੇ ਰਸਾਇਣਿਕ ਸਬਜ਼ੀਆਂ ਅਤੇ ਖਾਣ-ਯੋਗ ਉਤਪਾਦਾਂ ਵਿੱਚਲੇ ਅੰਤਰ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ। ਉਹ ਇਹ ਵੀ ਚਾਹੁੰਦੇ ਹਨ ਕਿ ਸਬਜ਼ੀਆਂ ਵੀ ਕਰਿਆਨੇ ਦੇ ਬਾਕੀ ਸਮਾਨ ਵਾਂਗ ਪੈਕਟ ਵਿੱਚ ਆਉਣੀਆਂ ਚਾਹੀਦਆਂ ਹਨ, ਤਾਂ ਕਿ ਲੋਕ ਸਮਝ ਸਕਣ ਕਿ ਉਹ ਕਿਹੜੇ ਖੇਤ ਅਤੇ ਕਿਹੜੇ ਬਰੈਂਡ ਦੀ ਸਬਜ਼ੀ ਖਰੀਦ ਰਹੇ ਹਨ।


ਕਿਸਾਨਾਂ ਲਈ ਸੰਦੇਸ਼

“ਮੈਂ ਆਪਣੇ ਗਿਆਨ ਵਿੱਚ ਕਮੀ ਹੋਣ ਦੇ ਕਾਰਨ ਸ਼ੁਰੂ ਵਿੱਚ ਬਹੁਤ ਕਠਿਨਾਈਆਂ ਦਾ ਸਾਹਮਣਾ ਕੀਤਾ। ਪਰ ਹੋਰ ਕਿਸਾਨ ਜੋ ਕਿ ਸਬਜ਼ੀਆਂ ਦੀ ਖੇਤੀ ਵਿੱਚ ਦਿਲਚਸਪੀ ਰੱਖਦੇ ਹਨ, ਉਹ ਮੇਰੀ ਤਰ੍ਹਾਂ ਗਲਤੀ ਨਾ ਕਰਨ ਅਤੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਮਾਹਿਰ ਦੀ ਸਲਾਹ ਜ਼ਰੂਰ ਲੈਣ ਅਤੇ ਸਬਜ਼ੀਆਂ ਦੀ ਮੰਡੀ ਦੀ ਜਾਂਚ ਵੀ ਕਰਨ। ਇਸ ਤੋਂ ਇਲਾਵਾ, ਜਿਨ੍ਹਾਂ ਕਿਸਾਨਾਂ ਕੋਲ ਲੋੜ ਅਨੁਸਾਰ ਸਾਧਨ ਹਨ, ਉਨ੍ਹਾਂ ਨੂੰ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਬਾਜ਼ਾਰ ਵਿੱਚ ਖਰੀਦਣ ਦੀ ਬਜਾਏ ਖੁਦ ਪੂਰਾ ਕਰਨਾ ਚਾਹੀਦਾ ਹੈ।”