ਸੰਦੀਪ ਸਿੰਘ

ਪੂਰੀ ਕਹਾਣੀ ਪੜ੍ਹੋ

ਨੌਕਰੀ ਛੱਡ ਕੇ ਆਪਣੇ ਪਿਤਾ ਦੇ ਰਾਹ ‘ਤੇ ਚੱਲ ਕੇ ਆਧੁਨਿਕ ਖੇਤੀ ਕਰਕੇ ਕਾਮਯਾਬ ਹੋਇਆ ਇੱਕ ਨੌਜਵਾਨ ਕਿਸਾਨ- ਸੰਦੀਪ ਸਿੰਘ

ਇੱਕ ਉੱਚਾ ਤੇ ਸੱਚਾ ਨਾਮ ਖੇਤੀ, ਪਰ ਕਦੇ ਕਿਸੇ ਨੇ ਖੇਤੀ ਦੇ ਵਰਕਿਆਂ ਨੂੰ ਫਰੋਲ ਕੇ ਨਹੀਂ ਦੇਖਿਆ, ਜੇਕਰ ਹਰ ਕੋਈ ਖੇਤੀ ਦੇ ਵਰਕਿਆਂ ਨੂੰ ਫਰੋਲ ਕੇ ਦੇਖਣਾ ਸ਼ੁਰੂ ਕਰ ਦੇਵੇ ਤਾਂ ਉਹਨੂੰ ਖੇਤੀ ਦੇ ਹਰ ਇੱਕ ਪਹਿਲੂ ਬਾਰੇ ਚੰਗੇ ਤਰੀਕੇ ਨਾਲ ਜਾਣਕਾਰੀ ਪ੍ਰਾਪਤ ਹੋ ਜਾਵੇਗੀ ਤਾਂ ਹਰ ਕੋਈ ਖੇਤੀ ਦੇ ਵਿੱਚ ਸਫਲ ਹੋ ਸਕਦਾ ਹੈ। ਸਫਲ ਖੇਤੀ ਉਹ ਖੇਤੀ ਜਿਸ ਵਿੱਚ ਨਵੇਂ-ਨਵੇਂ ਤਰੀਕੇ ਨਾਲ ਖੇਤੀ ਕਰਕੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣਾ ਹੈ।

ਅਜਿਹੇ ਹੀ ਇੱਕ ਅਗਾਂਹਵਧੂ ਕਿਸਾਨ ਹਨ ਸੰਦੀਪ ਸਿੰਘ, ਜੋ ਪਿੰਡ ਭੱਦਲਵੱਡ, ਜ਼ਿਲ੍ਹਾਂ ਸੰਗਰੂਰ ਦੇ ਨਿਵਾਸੀ ਹਨ ਅਤੇ M Tech ਦੀ ਪੜ੍ਹਾਈ ਪੂਰੀ ਕੀਤੀ ਹੋਈ ਹੈ ਜੋ ਆਪਣੇ ਪਿਤਾ ਜੀ ਦੇ ਦੱਸੇ ਗਏ ਰਸਤੇ ਉੱਤੇ ਚੱਲ ਕੇ ਅਤੇ ਚੰਗੀ ਭਲੀ ਬੈਠ ਕੇ ਖਾਣ ਵਾਲੀ ਨੌਕਰੀ ਛੱਡ ਕੇ ਖੇਤੀ ਨੂੰ ਅੱਜ ਇਸ ਮੁਕਾਮ ‘ਤੇ ਲੈ ਗਏ ਹਨ ਕਿ ਜਿੱਥੇ ਹਰ ਕੋਈ ਉਹਨਾਂ ਤੋਂ ਖੇਤੀ ਦੇ ਤਰੀਕਿਆਂ ਬਾਰੇ ਜਾਣਕਾਰੀ ਲੈਣ ਆਉਂਦਾ ਹੈ। ਛੋਟੀ ਉਮਰ ਵਿੱਚ ਸਫ਼ਲਤਾ ਹਾਸਿਲ ਕਰਨ ਦਾ ਸਾਰਾ ਸਨਮਾਨ ਆਪਣੇ ਪਿਤਾ ਹਰਵਿੰਦਰ ਸਿੰਘ ਜੀ ਨੂੰ ਦਿੰਦੇ ਹਨ, ਕਿਉਂਕਿ ਉਹਨਾਂ ਦੇ ਪਿਤਾ ਜੀ ਪਿਛਲੇ 40 ਸਾਲਾਂ ਤੋਂ ਖੇਤੀ ਕਰਦੇ ਆ ਰਹੇ ਹਨ ਤੇ ਖੇਤੀ ਵਿੱਚ ਬਹੁਤ ਤਜ਼ੁਰਬੇ ਹੋਣ ਕਰਕੇ ਸੇਧ ਆਪਣੇ ਪਿਤਾ ਜੀ ਤੋਂ ਮਿਲੀ ਹੈ।

ਉਨ੍ਹਾਂ ਦੇ ਪਿਤਾ ਹਰਵਿੰਦਰ ਸਿੰਘ ਜੋ ਕਿ 2005 ਤੋਂ ਖੇਤੀ ਵਿੱਚ ਬਿਨਾਂ ਕੋਈ ਨਾੜ ਖੇਤਾਂ ਵਿਚ ਜਲਾਏ ਖੇਤੀ ਕਰਦੇ ਆ ਰਹੇ ਹਨ।ਉਸ ਤੋਂ ਬਾਅਦ 2007 ਤੋਂ 2011 ਤੱਕ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਸਿੱਧੀ ਬਿਜਾਈ ਕੀਤੀ ਸੀ, ਜਿਸ ਵਿੱਚ ਉਹ ਕਾਮਯਾਬ ਹੋਏ ਸਨ ਜਿਸ ਨਾਲ ਇੱਕ ਤੇ ਖੇਤੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਹੋਇਆ ਅਤੇ ਨਾਲ ਹੀ ਖਰਚੇ ਵਿੱਚ ਵੀ ਕਮੀ ਆਈ ਹੈ। ਅਕਸਰ ਸੰਦੀਪ ਆਪਣੇ ਪਿਤਾ ਜੀ ਨੂੰ ਕੰਮ ਕਰਦੇ ਹੋਏ ਦੇਖਦਾ ਸੀ ਤੇ ਨਾਲ ਖੇਤੀ ਦੇ ਨਵੇਂ ਨਵੇਂ ਤਰੀਕਿਆਂ ਬਾਰੇ ਜਾਣੂ ਕਰਵਾਉਂਦਾ ਸੀ।

2012 ਵਿੱਚ ਜਦੋਂ ਸੰਦੀਪ ਦੀ M Tech ਦੀ ਪੜ੍ਹਾਈ ਪੂਰੀ ਹੋਈ ਤਾਂ ਵਧੀਆ ਤਨਖਾਹ ਦੇਣ ਵਾਲੀ ਨੌਕਰੀ ਮਿਲ ਰਹੀ ਸੀ ਜਿਸ ਤੇ ਉਹਨਾਂ ਦੇ ਪਿਤਾ ਨੇ ਸੰਦੀਪ ਨੂੰ ਕਿਹਾ ਤੂੰ ਨੌਕਰੀ ਛੱਡ ਕੇ ਖੇਤੀ ਕਰ ਤੇ ਜੋ ਤਰੀਕੇ ਤੂੰ ਮੈਨੂੰ ਦੱਸਦਾ ਸੀ, ਉਹ ਖੁਦ ਹੁਣ ਤੂੰ ਖੇਤਾਂ ਦੇ ਵਿੱਚ ਤਜ਼ੁਰਬੇ ਕਰੀ, ਸੰਦੀਪ ਨੇ ਆਪਣੇ ਪਿਤਾ ਜੀ ਦੀ ਗੱਲ ਨੂੰ ਨਾ ਮੋੜਦੇ ਹੋਏ ਖੇਤੀ ਕਰਨ ਲੱਗੇ।

ਮੈਨੂੰ ਨਹੀਂ ਸੀ ਪਤਾ ਕਿ ਇਹ ਖੇਤੀ ਇੱਕ ਦਿਨ ਮੇਰੀ ਜ਼ਿੰਦਗੀ ਬਦਲ ਕੇ ਰੱਖ ਦੇਵੇਗੀ- ਸੰਦੀਪ ਸਿੰਘ

ਜਦੋਂ ਸੰਦੀਪ ਰਵਾਇਤੀ ਖੇਤੀ ਕਰ ਰਿਹਾ ਸੀ ਤਾਂ ਸਭ ਕੁਝ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ ਤੇ ਪਿਤਾ ਹਰਵਿੰਦਰ ਨੇ ਕਿਹਾ, ਬੇਟਾ, ਖੇਤੀ ਤਾਂ ਕਦੋਂ ਤੋਂ ਕਰਦੇ ਆ ਰਹੇ ਹਨ, ਕਿਉਂ ਨਾ ਬੀਜਾਂ ‘ਤੇ ਵੀ ਕੰਮ ਕੀਤਾ ਜਾਵੇ। ਇਸ ਗੱਲ ਉੱਤੇ ਹਾਮੀ ਭਰਦੇ ਹੋਏ ਸੰਦੀਪ ਬੀਜਾਂ ਦੇ ਕੰਮ ਬਾਰੇ ਸੋਚਣ ਲੱਗਾ ਤੇ ਬੀਜਾਂ ਦੇ ਉੱਪਰ ਪਹਿਲਾਂ ਰਿਸਰਚ ਕੀਤੀ ਜਦੋਂ ਰਿਸਰਚ ਪੂਰੀ ਹੋਈ ਤਾਂ ਸੰਦੀਪ ਨੇ ਬੀਜ ਪ੍ਰੋਸੈਸਿੰਗ ਦੀ ਟ੍ਰੇਨਿੰਗ ਦਾ ਫੈਸਲਾ ਕੀਤਾ।

ਫਿਰ ਮੈਂ ਦੇਰੀ ਨਾ ਕਰਦੇ ਕੇ.ਵੀ.ਕੇ. ਖੇੜੀ ਵਿਖੇ ਬੀਜ ਪ੍ਰੋਸੈਸਿੰਗ ਦੀ ਟ੍ਰੇਨਿੰਗ ਦਾ ਕੋਰਸ ਪੂਰਾ ਕੀਤਾ – ਸੰਦੀਪ ਸਿੰਘ

2012 ਵਿੱਚ ਹੀ ਫਿਰ ਉਹਨਾਂ ਨੇ ਕਣਕ, ਚਾਵਲ, ਗੰਨਾ, ਛੋਲੇ, ਸਰ੍ਹੋਂ ਅਤੇ ਹੋਰ ਕਈ ਪ੍ਰਕਾਰ ਦੇ ਬੀਜਾਂ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੀ ਪੈਕਿੰਗ ਤੇ ਪ੍ਰੋਸੈਸਿੰਗ ਦਾ ਸਾਰਾ ਕੰਮ ਆਪਣੇ ਤੇਗ ਸੀਡ ਪਲਾਂਟ ਤੋਂ ਚਲਾ ਰਹੇ ਫਾਰਮ ‘ਤੇ ਕਰਦੇ ਸਨ ਅਤੇ ਉਸਦੀ ਮਾਰਕੀਟਿੰਗ ਉਹ ਧੂਰੀ ਤੇ ਸੰਗਰੂਰ ਦੀ ਮੰਡੀ ਵਿੱਚ ਜਾ ਕੇ ਅਤੇ ਦੁਕਾਨਾਂ ਦੇ ਵਿੱਚ ਥੋਕ ਵਜੋਂ ਵੇਚਣ ਲੱਗ ਗਏ ਜਿਸ ਨਾਲ ਮਾਰਕੀਟਿੰਗ ਵਿੱਚ ਪ੍ਰਸਾਰ ਹੋਣ ਲੱਗਾ।

ਸੰਦੀਪ ਬੀਜਾਂ ਦੀ ਪ੍ਰੋਸੈਸਿੰਗ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਉਸਦਾ ਬੀਜਾਂ ਕਰਕੇ ਤੇ PAU ਦੇ ਕਿਸਾਨ ਕਲੱਬ ਦਾ ਮੈਂਬਰ ਹੋਣ ਕਰਕੇ ਪਿਛਲੇ 4 ਸਾਲਾਂ ਤੋਂ PAU ਵਿੱਚ ਆਉਣਾ ਜਾਣਾ ਲੱਗਾ ਰਹਿੰਦਾ ਸੀ। ਪਰ ਜਦੋਂ ਸੂਰਜ ਨੇ ਚੜਣਾ ਹੈ ਤਾਂ ਉਸਨੇ ਰੋਸ਼ਨੀ ਤੇ ਉਹ ਹਰ ਇੱਕ ਥਾਂ ਕਰਨੀ ਹੈ ਜਿੱਥੇ ਹਨੇਰਾ ਫੈਲਿਆ ਹੁੰਦਾ ਹੈ।

ਸਾਲ 2016 ਵਿੱਚ ਜਦੋਂ ਉਹ ਬੀਜਾਂ ਦੇ ਕੰਮ ਦੇ ਦੌਰਾਨ PAU ਵਿੱਚ ਗਏ ਸਨ ਤਾਂ ਅਚਾਨਕ ਉਨ੍ਹਾਂ ਦੀ ਮੁਲਾਕਾਤ ਪਲਾਂਟ ਬਰੀਡਿੰਗ ਦੇ ਮੈਡਮ ਸੁਰਿੰਦਰ ਕੌਰ ਸੰਧੂ ਜੀ ਨਾਲ ਹੋਈ, ਉਹਨਾਂ ਦੀ ਗੱਲਬਾਤ ਦੌਰਾਨ ਮੈਡਮ ਨੇ ਪੁੱਛਿਆ ਤੁਸੀਂ GSC 7 ਸਰ੍ਹੋਂ ਦੀ ਕਿਸਮ ਦਾ ਕੀ ਕਰਦੇ ਹੋ, ਤਾਂ ਸੰਦੀਪ ਸਿੰਘ ਨੇ ਕਿਹਾ ਕਿ ਮਾਰਕੀਟਿੰਗ, ਤਾਂ ਮੈਡਮ ਨੇ ਕਿਹਾ, ਠੀਕ ਹੈ ਬੇਟਾ। ਇਸ ਵਕਤ ਸੰਦੀਪ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਡਮ ਕੀ ਕਹਿਣਾ ਚਾਹੁੰਦੇ ਹਨ। ਉਦੋਂ ਮੈਡਮ ਨੇ ਕਿਹਾ, ਬੇਟਾ, ਤੁਸੀਂ ਐਗਰੋ ਪ੍ਰੋਸੈਸਿੰਗ ਦੀ ਟ੍ਰੇਨਿੰਗ ਦਾ ਕੋਰਸ ਕਰਕੇ, ਸਰੋਂ ਦਾ ਤੇਲ ਬਣਾ ਕੇ ਵੇਚਣਾ ਸ਼ੁਰੂ ਕਰ ਦੇਵੋ, ਤੁਹਾਡੇ ਲਈ ਬਹੁਤ ਫਾਇਦੇਮੰਦ ਹੈ।

ਜਦੋਂ ਸੰਦੀਪ ਸਿੰਘ ਨੇ ਕਿਹਾ ਕਿ ਸਰੋਂ ਦਾ ਤੇਲ ਬਣਾ ਤਾਂ ਲਵਾਂਗੇ ਪਰ ਮਾਰਕੀਟਿੰਗ ਕਿਵੇਂ ਕਰਾਂਗੇ, ਇਸ ਉੱਤੇ ਮੈਡਮ ਨੇ ਕਿਹਾ, ਇਸ ਦੀ ਫਿਕਰ ਤੁਸੀਂ ਨਾ ਕਰੋ, ਜਦੋਂ ਤਿਆਰ ਹੋਵੇ, ਮੈਨੂੰ ਦੱਸ ਦੇਣਾ।

ਜਦੋਂ ਸੰਦੀਪ ਘਰ ਆਇਆ ਤੇ ਇਸ ਉੱਤੇ ਬਹੁਤ ਸੋਚਣ ਲੱਗਾ, ਕਿ ਹੁਣ ਸਰੋਂ ਦਾ ਤੇਲ ਬਣਾ ਕੇ ਵੇਚਾਂਗੇ, ਪਰ ਕਿਤੇ ਨਾ ਕਿਤੇ ਦਿਮਾਗ ਵਿੱਚ ਇਹ ਵੀ ਚੱਲ ਰਿਹਾ ਸੀ ਕਿ ਮੈਡਮ ਨੇ ਕੁਝ ਸੋਚ ਸਮਝ ਕੇ ਹੀ ਕਿਹਾ ਹੋਵੇਗਾ। ਫਿਰ ਸੰਦੀਪ ਨੇ ਪਿਤਾ ਹਰਵਿੰਦਰ ਨਾਲ ਇਸ ਬਾਰੇ ਵਿਚਾਰ ਕੀਤੀ ਤੇ ਬਹੁਤ ਜ਼ਿਆਦਾ ਸੋਚਣ ਮਗਰੋਂ ਪਿਤਾ ਜੀ ਨੇ ਕਿਹਾ, ਚੱਲੋ ਇੱਕ ਬਾਰ ਕਰਕੇ ਦੇਖ ਹੀ ਲੈਂਦੇ ਹਨ। ਫਿਰ ਸੰਦੀਪ ਨੇ ਕੇ.ਵੀ.ਕੇ. ਖੇੜੀ ਵਿਖੇ ਹੀ ਸਰ੍ਹੋਂ ਦੇ ਤੇਲ ਦੀ ਪ੍ਰੋਸੈਸਿੰਗ ਦੀ ਟ੍ਰੇਨਿੰਗ ਦਾ ਕੋਰਸ ਕੀਤਾ।

2017 ਵਿੱਚ ਜਦੋਂ ਟ੍ਰੇਨਿੰਗ ਲੈ ਕੇ ਸੰਦੀਪ ਸਰ੍ਹੋਂ ਦੀ ਪ੍ਰੋਸੈਸਿੰਗ ਉੱਤੇ ਕੰਮ ਸ਼ੁਰੂ ਕਰਨ ਲੱਗੇ ਤਾਂ ਇਹ ਨਹੀਂ ਪਤਾ ਲੱਗ ਰਿਹਾ ਸੀ ਕਿ ਸਰ੍ਹੋਂ ਦੀ ਪ੍ਰੋਸੈਸਿੰਗ ਕਿੱਥੇ ਕਰਾਂਗੇ, ਥੋੜਾ ਸੋਚਣ ਤੇ ਵਿਚਾਰ ਆਇਆ ਕਿ ਕੇ.ਵੀ.ਕੇ. ਖੇੜੀ ਵਿਖੇ ਪ੍ਰੋਸੈਸਿੰਗ ਕਰ ਸਕਦੇ ਹਾਂ। ਫਿਰ ਦੇਰੀ ਨਾ ਕਰਦੇ ਹੋਏ ਉਹਨਾਂ ਨੇ ਸਰੋਂ ਦੇ ਬੀਜਾਂ ਦਾ ਤੇਲ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਘਰ ਪੈਕਿੰਗ ਕਰਕੇ ਰੱਖ ਲਈ। ਪਰ ਮਾਰਕੀਟਿੰਗ ਦੀ ਵੱਡੀ ਮੁਸ਼ਕਿਲ ਸਾਹਮਣੇ ਆ ਖੜੀ ਹੋ ਗਈ, ਬੇਸ਼ੱਕ ਮੈਡਮ ਨੇ ਕਿਹਾ ਸੀ।

PAU ਵਿਖੇ ਹਰ ਸਾਲ ਜਿਵੇਂ ਕਿਸਾਨ ਮੇਲਾ ਲੱਗਦਾ ਸੀ ਇਸ ਵਾਰ ਵੀ ਕਿਸਾਨ ਮੇਲਾ ਲੱਗਣਾ ਸੀ ਤੇ ਮੈਡਮ ਨੇ ਸੰਦੀਪ ਦੀ ਮੇਲੇ ਵਿੱਚ ਆਪਣੇ ਆਪ ਹੀ ਸਟਾਲ ਦੀ ਬੁਕਿੰਗ ਕਰ ਦਿੱਤੀ ਤੇ ਕਿਹਾ, ਬਸ ਪ੍ਰੋਡਕਟ ਲੈ ਕੇ ਆ ਜਾਇਓ।

ਅਸੀਂ ਆਪਣੀ ਗੱਡੀ ਵਿੱਚ ਤੇਲ ਦੀਆਂ ਬੋਤਲਾਂ ਰੱਖ ਕੇ ਲੈ ਗਏ ਤੇ ਮੇਲੇ ਵਿੱਚ ਜਾ ਕੇ ਸਟਾਲ ਲਗਾ ਦਿੱਤੀ- ਸੰਦੀਪ ਸਿੰਘ

ਦੇਖਦੇ ਹੀ ਦੇਖਦੇ 100 ਤੋਂ 150 ਲੀਟਰ ਦੇ ਕਰੀਬ ਕਨੋਲਾ ਸਰੋਂ ਤੇਲ 2 ਘੰਟੇ ਦੇ ਵਿੱਚ ਹੀ ਵਿਕ ਗਿਆ ਤੇ ਸੰਦੀਪ ਦੇਖ ਕੇ ਹੈਰਾਨ ਹੋ ਗਿਆ ਕਿ ਉਹ ਜਿਸ ਵਸਤੂ ਨੂੰ ਨਕਾਰ ਰਿਹਾ ਸੀ ਉਹ ਤੇ ਇੱਕ ਦਮ ਹੀ ਵਿਕ ਗਿਆ। ਉਹ ਦਿਨ ਸੰਦੀਪ ਲਈ ਇੱਕ ਨਾ ਭੁੱਲਣਯੋਗ ਸੁਪਨਾ ਬਣ ਗਿਆ, ਜੋ ਸਿਰਫ ਹਲੇ ਸੋਚਿਆ ਹੀ ਸੀ ਉਹ ਪੂਰਾ ਵੀ ਹੋ ਗਿਆ।

ਫਿਰ ਸੰਦੀਪ ਨੇ ਜਿੱਥੇ-ਜਿੱਥੇ ਵੀ ਕਿਸਾਨ ਮੇਲੇ, ਕਿਸਾਨ ਹੱਟ, ਆਤਮਾ ਕਿਸਾਨ ਬਾਜ਼ਾਰ ਵਿੱਚ ਜਾਣਾ ਸ਼ੁਰੂ ਕਰ ਦਿੱਤਾ, ਪਰ ਇਹਨਾਂ ਮੇਲਿਆਂ ਵਿੱਚ ਜਾਣ ਤੋਂ ਪਹਿਲਾ ਉਹਨਾਂ ਨੇ ਕਨੌਲਾ ਤੇਲ ਦੇ ਬਰੈਂਡ ਨਾਮ ਬਾਰੇ ਸੋਚਿਆ ਜੋ ਕਿ ਗ੍ਰਾਹਕਾਂ ਲਈ ਖਿੱਚ ਦਾ ਕੇਂਦਰ ਬਣੇਗਾ। ਫਿਰ ਉਹ ਕਨੋਲਾ ਆਇਲ ਨੂੰ ਤੇਗ ਕਨੋਲਾ ਆਇਲ ਬਰੈਂਡ ਨਾਮ ਤੋਂ ਰਜਿਸਟਰਡ ਕਰਵਾ ਕੇ ਵੇਚਣ ਲੱਗੇ।

ਹੌਲੀ-ਹੌਲੀ ਮੇਲਿਆਂ ਵਿੱਚ ਜਾਣ ਨਾਲ ਗ੍ਰਾਹਕ ਉਨ੍ਹਾਂ ਤੋਂ ਸਰੋਂ ਦਾ ਤੇਲ ਲੈਣ ਲੱਗੇ, ਜਿਸ ਨਾਲ ਮਾਰਕੀਟਿੰਗ ਵਿੱਚ ਪ੍ਰਸਾਰ ਹੋਣ ਲੱਗ ਗਿਆ ਤੇ ਬਹੁਤ ਸਾਰੇ ਗ੍ਰਾਹਕ ਇਸ ਤਰ੍ਹਾਂ ਦੇ ਹਨ ਜੋ ਉਹਨਾਂ ਦੇ ਪੱਕੇ ਗ੍ਰਾਹਕ ਬਣ ਗਏ। ਉਹ ਗ੍ਰਾਹਕ ਅੱਗੇ ਤੋਂ ਅੱਗੇ ਮਾਰਕੀਟਿੰਗ ਕਰ ਰਹੇ ਹਨ ਜਿਸ ਨਾਲ ਸੰਦੀਪ ਨੂੰ ਮੋਬਾਈਲ ‘ਤੇ ਹੀ ਆਰਡਰ ਆਉਂਦੇ ਹਨ ਤੇ ਆਰਡਰ ਨੂੰ ਪੂਰਾ ਕਰਦੇ ਹਨ। ਅੱਜ ਉਹਨਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਪੈਂਦੀ ਸਗੋਂ ਘਰ ਬੈਠੇ ਹੀ ਆਰਡਰ ਪੂਰਾ ਕਰਦੇ ਹਨ ਅਤੇ ਮੁਨਾਫ਼ਾ ਕਮਾ ਰਹੇ ਹਨ, ਜਿਸ ਦਾ ਸਾਰਾ ਧੰਨਵਾਦ ਉਹ ਆਪਣਾ ਪਿਤਾ ਹਰਵਿੰਦਰ ਜੀ ਨੂੰ ਕਰਦੇ ਹਨ। ਬਾਕੀ ਮਾਰਕੀਟਿੰਗ ਉਹ ਸੰਗਰੂਰ, ਲੁਧਿਆਣਾ ਸ਼ਹਿਰ ਵਿਖੇ ਕਰ ਰਹੇ ਹਨ।

ਅੱਜ ਮੈਂ ਜੋ ਹਾਂ, ਆਪਣੇ ਪਿਤਾ ਕਰਕੇ ਹੀ ਹਾਂ- ਸੰਦੀਪ ਸਿੰਘ

ਇਸ ਕੰਮ ਵਿੱਚ ਉਹਨਾਂ ਦਾ ਸਾਥ ਪੂਰਾ ਪਰਿਵਾਰ ਦਿੰਦਾ ਹੈ ਤੇ ਪੈਕਿੰਗ ਬਗੈਰਾ ਉਹ ਆਪਣੇ ਘਰ ਵਿਖੇ ਹੀ ਕਰਦੇ ਹਨ, ਪਰ ਪ੍ਰੋਸੈਸਿੰਗ ਦਾ ਕੰਮ ਪਹਿਲਾ ਜਿੱਥੇ ਕੇ.ਵੀ.ਕੇ. ਖੇੜੀ ਵਿਖੇ ਕਰਦੇ ਸਨ, ਹੁਣ ਨਾਲ ਦੇ ਪਿੰਡ ਵਿਖੇ ਕਿਰਾਏ ‘ਤੇ ਕਰਕੇ ਆਉਂਦੇ ਹਨ।

ਇਸ ਦੇ ਨਾਲ ਉਹ ਗੰਨੇ ਦੀ ਵੀ ਪ੍ਰੋਸੈਸਿੰਗ ਕਰਕੇ ਉਹਨਾਂ ਦੀ ਵੀ ਮਾਰਕੀਟਿੰਗ ਕਰਦੇ ਹਨ ਤੇ ਜਿਸ ਦਾ ਸਾਰਾ ਕੰਮ ਆਪਣੇ ਫਾਰਮ ਵਿਖੇ ਹੀ ਕਰਦੇ ਹਨ ਤੇ 38 ਏਕੜ ਜ਼ਮੀਨ ਦੇ ਵਿੱਚ ਉਹਨਾਂ 23 ਏਕੜ ਦੇ ਵਿੱਚ ਗੰਨਾ, ਸਰ੍ਹੋਂ, ਰਵਾਇਤੀ ਖੇਤੀ, ਸਬਜ਼ੀਆਂ ਦੀ ਕਾਸ਼ਤ ਕਰਦੇ ਹਨ, ਜਿਸ ਵਿਚ ਖਾਦਾਂ ਦੀ ਵਰਤੋਂ PAU ਦੇ ਦੱਸੇ ਅਨੁਸਾਰ ਹੀ ਕਰਦੇ ਹਨ ਅਤੇ ਬਾਕੀ ਦੀ ਜ਼ਮੀਨ ਠੇਕੇ ‘ਤੇ ਦਿੱਤੀ ਹੋਈ ਹੈ।

ਉਹਨਾਂ ਨੂੰ ਮੇਲਿਆਂ ਦੇ ਦੌਰਾਨ ਕਨੋਲਾ ਸਰੋਂ ਆਇਲ ਵਿਚ ਪਹਿਲਾ ਦਰਜਾ ਪ੍ਰਾਪਤ ਹੋਇਆ ਹੈ, ਇਸ ਦੇ ਨਾਲ-ਨਾਲ ਉਹਨਾਂ ਨੂੰ ਹੋਰ ਬਹੁਤ ਅਵਾਰਡਾਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਭਵਿੱਖ ਦੀ ਯੋਜਨਾ

ਉਹ ਪ੍ਰੋਸੈਸਿੰਗ ਦਾ ਕੰਮ ਆਪਣੇ ਫਾਰਮ ਵਿਖੇ ਹੀ ਵੱਡੇ ਪੱਧਰ ‘ਤੇ ਲਗਾ ਕੇ ਤੇਲ ਦਾ ਕੰਮ ਕਰਨਾ ਚਾਹੁੰਦੇ ਹਨ ਤੇ ਰੋਜ਼ਗਾਰ ਮੁਹਈਆ ਕਰਵਾਉਣਾ ਚਾਹੁੰਦੇ ਹਨ।

ਸੰਦੇਸ਼

ਹਰ ਇਕ ਕਿਸਾਨ ਨੂੰ ਚਾਹੀਦਾ ਹੈ ਕਿ ਉਹ ਪ੍ਰੋਸੈਸਿੰਗ ਵੱਲ ਧਿਆਨ ਦੇਵੇ, ਜ਼ਰੂਰੀ ਨਹੀਂ ਸਰੋਂ ਦੀ, ਹੋਰ ਵੀ ਬਹੁਤ ਸਾਰੀਆਂ ਫਸਲਾਂ ਹਨ ਜਿਸਦੀ ਪ੍ਰੋਸੈਸਿੰਗ ਕਰਕੇ ਤੁਸੀਂ ਖੇਤੀ ਦੇ ਵਿੱਚ ਮੁਨਾਫ਼ਾ ਕਮਾ ਸਕਦੇ ਹੋ।