ਪੱਛਮੀ ਸੱਭਿਆਚਾਰ ਦੇ ਇਸ ਦੌਰ ਵਿੱਚ ਆਪਣੇ ਵਿਰਸੇ ਨੂੰ ਬਚਾਉਣ ਲਈ ਯੋਗਦਾਨ ਦੇ ਰਹੀ ਹੈ ਇਹ ਪੰਜਾਬ ਦੀ ਧੀ
ਅੱਜ-ਕੱਲ੍ਹ ਪੱਛਮੀ ਸੱਭਿਅਤਾ ਅਪਨਾਉਣ ਦੇ ਚੱਕਰ ਵਿੱਚ ਅਸੀਂ ਆਪਣੇ ਪੰਜਾਬ ਦੇ ਅਮੀਰ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ। ਸਾਡਾ ਸੱਭਿਆਚਾਰ, ਵਿਰਸਾ ਅਤੇ ਪਿਛੋਕੜ ਪ੍ਰਦਰਸ਼ਨੀਆਂ ਦਾ ਹਿੱਸਾ ਬਣ ਕੇ ਰਹਿ ਗਿਆ ਹੈ। ਪੁਰਾਣੇ ਸਮਿਆਂ ‘ਚ ਦਰੀਆਂ, ਖੇਸੀਆਂ ਅਤੇ ਫੁਲਕਾਰੀਆਂ ਕੱਢਣੀਆਂ ਪੰਜਾਬਣਾਂ ਦਾ ਸ਼ੌਂਕ ਹੁੰਦਾ ਸੀ। ਪਰ ਅੱਜ-ਕੱਲ੍ਹ ਫੁਲਕਾਰੀਆਂ ਕੱਢਣੀਆਂ ਤਾਂ ਕੀ, ਪੰਜਾਬਣਾਂ ਫੁਲਕਾਰੀਆਂ ਲੈਂਦੀਆਂ ਹੀ ਨਹੀਂ। ਸਾਡੀ ਨਵੀਂ ਪੀੜ੍ਹੀ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਫੁਲਕਾਰੀ ਹੁੰਦੀ ਕੀ ਹੈ?
ਪੱਛਮੀ ਸੱਭਿਅਤਾ ਦੇ ਇਸ ਦੌਰ ਵਿੱਚ ਪੰਜਾਬ ਦੀ ਇੱਕ ਅਜਿਹੀ ਧੀ ਹੈ, ਜੋ ਆਪਣਾ ਵਿਰਸਾ ਸਾਂਭਣ ਲਈ ਯਤਨਸ਼ੀਲ ਹੈ। ਤਰਨ ਤਾਰਨ ਜ਼ਿਲ੍ਹੇ ਦੀ ਅਰਥ-ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕਰਨ ਵਾਲੀ ਮਨਪ੍ਰੀਤ ਕੌਰ ਫੁਲਕਾਰੀਆਂ ਬਣਾਉਣ ਦਾ ਕੰਮ ਕਰਦੀ ਹੈ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਘਰ ਵਿੱਚ ਆਰਥਿਕ ਤੰਗੀ ਹੋਣ ਦੇ ਕਾਰਨ ਮਨਪ੍ਰੀਤ ਆਪਣੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੀ ਸੀ। ਮਨਪ੍ਰੀਤ ਦੇ ਦਾਦੀ ਜੀ ਅਤੇ ਮਾਤਾ ਜੀ ਫੁਲਕਾਰੀਆਂ ਬਣਾਇਆ ਕਰਦੇ ਸਨ। ਇੱਕ ਦਿਨ ਅਚਾਨਕ ਮਨਪ੍ਰੀਤ ਦੀ ਨਜ਼ਰ ਆਪਣੀ ਦਾਦੀ ਜੀ ਦੇ ਟਰੰਕ ਵਿੱਚ ਪਈ ਫੁਲਕਾਰੀ ‘ਤੇ ਪਈ, ਤਾਂ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਫੁਲਕਾਰੀ ਬਣਾਉਣ ਦੇ ਕੰਮ ਨੂੰ ਇੱਕ ਕਾਰੋਬਾਰ ਦੇ ਰੂਪ ਵਿੱਚ ਸ਼ੁਰੂ ਕੀਤਾ ਜਾਵੇ। ਆਪਣੀ ਇਸ ਸੋਚ ਨੂੰ ਹਕੀਕਤ ਵਿੱਚ ਬਦਲਣ ਲਈ ਮਨਪ੍ਰੀਤ ਨੇ ਆਪਣੇ ਦੋਸਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪਰ ਉਹਨਾਂ ਦੇ ਦੋਸਤਾਂ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਇਸ ਕਾਰੋਬਾਰ ਵਿੱਚ ਕੋਈ ਫਾਇਦਾ ਨਹੀਂ, ਅੱਜ-ਕੱਲ੍ਹ ਲੋਕ ਇਹ ਸਭ ਪਸੰਦ ਨਹੀਂ ਕਰਦੇ। ਸਾਰੇ ਕਹਿੰਦੇ ਸੀ ਕਿ ਇਸ ਕੰਮ ਵਿੱਚ ਕੋਈ ਫਾਇਦਾ ਨਹੀਂ।
“ਮੇਰੇ ਦੋਸਤਾਂ ਨੇ ਕਿਹਾ ਕਿ ਇਹ ਬੈਕਵਰਡ ਚੀਜ਼ ਆ, ਇਸਨੂੰ ਕੋਈ ਪਸੰਦ ਨਹੀਂ ਕਰਦਾ। ਇਸ ਗੱਲ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਲੋਕ ਇਸਨੂੰ ਬੈਕਵਰਡ ਕਿਉਂ ਸਮਝਦੇ ਹਨ? ਇਸ ਕਿਉਂ ਦਾ ਜਵਾਬ ਲੱਭਣਾ ਬਹੁਤ ਜ਼ਰੂਰੀ ਸੀ।” – ਮਨਪ੍ਰੀਤ ਕੌਰ
ਇਸ ਤੋਂ ਬਾਅਦ ਮਨਪ੍ਰੀਤ ਨੇ ਆਪਣੇ ਇਸ ਵਿਰਸੇ ਨੂੰ ਮੁੜ ਸੁਰਜੀਤ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੰਨ 2015 ਵਿੱਚ 5 ਔਰਤਾਂ ਦੇ ਇੱਕ ਗਰੁੱਪ ਦੀ ਮਦਦ ਨਾਲ ਸਭ ਤੋਂ ਪਹਿਲਾਂ ਉਨ੍ਹਾਂ ਨੇ ਪੰਜ ਫੁਲਕਾਰੀਆਂ ਬਣਾਈਆਂ। ਫੁਲਕਾਰੀਆਂ ਬਣਾਉਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਹੁਣ ਇਹਨਾਂ ਨੂੰ ਵੇਚਿਆ ਕਿੱਥੇ ਜਾਵੇ ? ਇਸ ਉਦੇਸ਼ ਲਈ ਉਹਨਾਂ ਨੇ ਇੰਟਰਨੈੱਟ ‘ਤੇ ਖੋਜ ਆਰੰਭ ਕੀਤੀ, ਜਿਸ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਸਰਕਾਰੀ ਸੰਸਥਾ ਹੈ, ਜੋ ਫੁਲਕਾਰੀਆਂ ਖਰੀਦਦੀ ਹੈ। ਮਨਪ੍ਰੀਤ ਨੇ ਉਸ ਸੰਸਥਾ ਨੂੰ ਫੁਲਕਾਰੀਆਂ ਦਿਖਾਈਆਂ ਅਤੇ ਸੰਸਥਾ ਨੇ ਉਹ ਪੰਜ ਫੁਲਕਾਰੀਆਂ ਵੇਚਣ ਲਈ ਲੈ ਲਈਆਂ। ਇਹ ਸੰਸਥਾ ਫੁਲਕਾਰੀਆਂ ਦੇ ਪੈਸੇ ਉਦੋਂ ਦਿੰਦੀ ਸੀ, ਜਦ ਫੁਲਕਾਰੀਆਂ ਵਿੱਕ ਜਾਂਦੀਆਂ ਸੀ। ਇਸ ਕਾਰਨ ਮਨਪ੍ਰੀਤ ਹੁਰਾਂ ਨੂੰ ਪੈਸੇ ਦੋ-ਤਿੰਨ ਮਹੀਨਿਆਂ ਬਾਅਦ ਮਿਲਦੇ ਸੀ, ਜਿਸ ਕਾਰਨ ਘਰ ਦਾ ਖਰਚਾ ਚੱਲਣਾ ਵੀ ਮੁਸ਼ਕਿਲ ਸੀ। ਇੱਕ ਸਾਲ ਤੱਕ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ।
“ਆਪਣੀ ਪਾਈ-ਪਾਈ ਮੇਰੇ ਮਾਤਾ-ਪਿਤਾ ਨੇ ਇਸ ਕੰਮ ਵਿੱਚ ਲਗਾ ਦਿੱਤੀ, ਕਿਉਂਕਿ ਉਹਨਾਂ ਨੂੰ ਮੇਰੇ ‘ਤੇ ਵਿਸ਼ਵਾਸ ਸੀ ਕਿ ਮੈਂ ਇਹ ਕੰਮ ਕਰ ਸਕਦੀ ਹਾਂ।” – ਮਨਪ੍ਰੀਤ ਕੌਰ
ਇੱਕ ਸਾਲ ਤੱਕ ਇਸੇ ਤਰ੍ਹਾਂ ਚੱਲਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਕੰਮ ਨਹੀਂ ਚੱਲ ਸਕਦਾ, ਕਿਉਂਕਿ ਉਹਨਾਂ ਨੇ ਗਰੁੱਪ ਦੇ ਬਾਕੀ ਮੈਂਬਰਾਂ ਨੂੰ ਵੀ ਪੈਸੇ ਦੇਣੇ ਹੁੰਦੇ ਸਨ। ਇਸ ਲਈ ਉਹਨਾਂ ਨੇ ਇੰਟਰਨੈੱਟ ਦੀ ਮਦਦ ਲਈ। ਸੋਸ਼ਲ ਮੀਡਿਆ ‘ਤੇ ਪੇਜ ਬਣਾਏ। ਪਰ ਇੱਥੇ ਵੀ ਇੱਕ ਫੁਲਕਾਰੀ ਨੂੰ ਖਰੀਦਣ ਲਈ ਲੋਕ ਬਹੁਤੀ ਦਿਲਚਸਪੀ ਨਹੀਂ ਦਿਖਾਉਂਦੇ ਸਨ। ਇਸ ਕਾਰਣ ਮਨਪ੍ਰੀਤ ਨੇ ਸੋਚਿਆ ਕਿ ਜਿਸ ਚੀਜ਼ ਨੂੰ ਲੋਕ ਬੈਕਵਰਡ ਸਮਝਦੇ ਹਨ, ਕਿਉਂ ਨਾ ਇਸਨੂੰ ਇੱਕ ਮਾਡਰਨ ਦਿੱਖ ਦਿੱਤੀ ਜਾਵੇ ?
“ਅਸੀਂ ਆਪਣੇ ਸੱਭਿਆਚਾਰ ਨੂੰ ਥੋੜ੍ਹਾ ਜਿਹਾ ਮਾਡਰਨ ਕਰਕੇ ਨਵੀਂ ਦਿੱਖ ਦੇਣ ਲਈ ਹਲਕੇ ਦੁਪੱਟਿਆਂ ‘ਤੇ ਫੁਲਕਾਰੀ ਦੇ ਬੂਟੇ ਪਾਏ, ਤਾਂ ਜੋ ਕੁੜੀਆਂ ਇਹਨਾਂ ਨੂੰ ਜੀਨ ਦੇ ਨਾਲ ਵੀ ਲੈ ਸਕਣ।” – ਮਨਪ੍ਰੀਤ ਕੌਰ
ਮਨਪ੍ਰੀਤ ਦਾ ਇਹ ਤਰੀਕਾ ਕਾਫੀ ਹੱਦ ਤੱਕ ਕਾਰਗਰ ਸਾਬਿਤ ਹੋਇਆ। ਇਸ ਨਾਲ ਉਹਨਾਂ ਦੀਆਂ ਫੁਲਕਾਰੀਆਂ ਦੀ ਵਿਕਰੀ ਵੱਧ ਗਈ। ਇਸ ਗਰੁੱਪ ਵਿੱਚ ਸ਼ਹਿਰ ਦੀਆਂ 20-30 ਔਰਤਾਂ ਕੰਮ ਕਰਦੀਆਂ ਸਨ, ਪਰ ਮਨਪ੍ਰੀਤ ਇਸ ਕੰਮ ਵਿੱਚ ਪਿੰਡਾਂ ਦੀਆਂ ਔਰਤਾਂ ਨੂੰ ਵੀ ਆਪਣੇ ਨਾਲ ਜੋੜਨਾ ਚਾਹੁੰਦੇ ਸਨ, ਕਿਉਂਕਿ ਪਿੰਡਾਂ ਦੀਆਂ ਔਰਤਾਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਹੈ ਅਤੇ ਉਹ ਇਸ ਕੰਮ ਵਿੱਚ ਕਾਫੀ ਤਜ਼ਰਬਾ ਰੱਖਦੀਆਂ ਹਨ। ਪਰ ਪਿੰਡਾਂ ਦੀਆਂ ਔਰਤਾਂ ਲਈ ਬਾਹਰ ਆ ਕੇ ਕੰਮ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਆਪਣੇ ਨਾਲ ਜੁੜੀਆਂ ਪਿੰਡਾਂ ਦੀਆਂ ਔਰਤਾਂ ਨੂੰ ਮਨਪ੍ਰੀਤ ਆਪ ਘਰ ਜਾ ਕੇ ਫੁਲਕਾਰੀ ਬਣਾਉਣ ਦਾ ਸਮਾਨ ਦੇ ਕੇ ਆਉਂਦੇ ਹਨ, ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਮਨਪ੍ਰੀਤ ਦੇ ਇਸ ਉੱਦਮ ਨਾਲ ਉਹਨਾਂ ਔਰਤਾਂ ਨੂੰ ਰੁਜ਼ਗਾਰ ਮਿਲਿਆ, ਜੋ ਘਰ ਤੋਂ ਬਾਹਰ ਆ ਕੇ ਕੰਮ ਨਹੀਂ ਕਰ ਸਕਦੀਆਂ ਸਨ।
ਇੰਟਰਨੈੱਟ ‘ਤੇ ਮਨਪ੍ਰੀਤ ਹੁਰਾਂ ਨੂੰ ਸਭ ਤੋਂ ਪਹਿਲਾਂ ਵਿਦੇਸ਼ ਤੋਂ ਆਰਡਰ ਮਿਲਿਆ। ਉਹਨਾਂ ਨੇ ਵਿਆਹ ਵਿੱਚ ਤੋਹਫ਼ੇ ਵਜੋਂ ਦੇਣ ਲਈ 40 ਫੁਲਕਾਰੀਆਂ ਦਾ ਆਰਡਰ ਦਿੱਤਾ। ਇਸ ਆਰਡਰ ਦੇ ਤਹਿਤ ਭੇਜੀਆਂ ਫੁਲਕਾਰੀਆਂ ਨੂੰ ਬਹੁਤ ਪਸੰਦ ਕੀਤਾ ਗਿਆ, ਜਿਸ ਨਾਲ ਵਿਦੇਸ਼ਾਂ ਵਿੱਚ ਵੀ ਉਹਨਾਂ ਦੀਆਂ ਫੁਲਕਾਰੀਆਂ ਦੀ ਮੰਗ ਵੱਧ ਗਈ। ਵਿਦੇਸ਼ੀ ਮੀਡਿਆ ਨੇ ਵੀ ਮਨਪ੍ਰੀਤ ਦੇ ਗਰੁੱਪ ਦੀ ਬਹੁਤ ਮਦਦ ਕੀਤੀ। ਉਹਨਾਂ ਨੇ ਮਨਪ੍ਰੀਤ ਦਾ ਵੀਡੀਓ ਕਾੱਲ ਦੇ ਜ਼ਰੀਏ ਇੰਟਰਵਿਊ ਲੈ ਕੇ ਪ੍ਰਮੋਟ ਕੀਤਾ, ਜਿਸ ਕਾਰਨ ਉਹਨਾਂ ਨੂੰ ਵਿਦੇਸ਼ਾਂ ਜਿਵੇਂ ਕਿ ਕੈਨੇਡਾ, ਅਮਰੀਕਾ ਵਿੱਚੋਂ ਹੋਰ ਬਹੁਤ ਸਾਰੇ ਆਰਡਰ ਮਿਲ ਰਹੇ ਹਨ। ਸੀਨੀਅਰ ਪੱਤਰਕਾਰ ਬਲਤੇਜ ਸਿੰਘ ਪੰਨੂ ਜੀ ਨੇ ਮਨਪ੍ਰੀਤ ਦੀ ਪੋਸਟ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੀ, ਜਿਸ ਨਾਲ ਉਹਨਾਂ ਨੂੰ ਕਾਫੀ ਫਾਇਦਾ ਹੋਇਆ।
“ਪੰਜਾਬ ਤੋਂ ਜ਼ਿਆਦਾ ਵਿਦੇਸ਼ਾਂ ਦੇ ਲੋਕ ਫੁਲਕਾਰੀਆਂ ਜ਼ਿਆਦਾ ਖਰੀਦਦੇ ਹਨ। ਸਾਡੇ ਜ਼ਿਆਦਾਤਰ ਗ੍ਰਾਹਕ ਵਿਦੇਸ਼ਾਂ ਤੋਂ ਹਨ।” – ਮਨਪ੍ਰੀਤ ਕੌਰ
ਇਸਦੇ ਨਾਲ-ਨਾਲ ਮਨਪ੍ਰੀਤ ਜੀ ਦੇ ਕੋਲ ਕਈ ਕਾਲਜਾਂ ਦੇ ਵਿਦਿਆਰਥੀ ਇੰਟਰਨਸ਼ਿਪ ‘ਤੇ ਟ੍ਰੇਨਿੰਗ ਲੈਣ ਲਈ ਵੀ ਆਉਂਦੇ ਹਨ।
- ਹਮਦਰਦ ਵਿਰਾਸਤੀ ਮੇਲੇ ਵਿੱਚ ਵਿਸ਼ੇਸ਼ ਸਨਮਾਨ
- ਪੀ.ਟੀ.ਸੀ. ਪੰਜਾਬੀ ਚੈਨਲ ਵੱਲੋਂ ਸਿਰਜਣਹਾਰੀ ਅਵਾਰਡ
ਵਿਰਸੇ ਨੂੰ ਕਾਇਮ ਰੱਖਣ ਦੀਆਂ ਇਹਨਾਂ ਕੋਸ਼ਿਸ਼ਾਂ ਦੇ ਕਾਰਨ ਮਨਪ੍ਰੀਤ ਨੂੰ ਤਰਨ ਤਾਰਨ ਜ਼ਿਲ੍ਹੇ ਦੀ ਬਰੈਂਡ ਅੰਬੈਸਡਰ ਵੀ ਬਣਾਇਆ ਗਿਆ ਹੈ।
ਆਉਣ ਵਾਲੇ ਸਮੇਂ ਵਿੱਚ ਮਨਪ੍ਰੀਤ ਫੁਲਕਾਰੀ ਦੇ ਇਸ ਕਾਰੋਬਾਰ ਨੂੰ ਵਿਦੇਸ਼ਾਂ ਦੇ ਨਾਲ-ਨਾਲ ਆਪਣੇ ਦੇਸ਼ ਵਿੱਚ ਵੀ ਮਸ਼ਹੂਰ ਕਰਨਾ ਚਾਹੁੰਦੇ ਹਨ, ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਅਮੀਰ ਵਿਰਸੇ ਨੂੰ ਸਮਝੇ ਅਤੇ ਜਾਣੇ।