ਕਰਨਬੀਰ ਸਿੰਘ

ਪੂਰੀ ਕਹਾਣੀ ਪੜ੍ਹੋ

ਅੰਨਦਾਤਾ ਫੂਡਜ਼ ਦੇ ਨਾਮ ਤੋਂ ਕਿਸਾਨ ਹੱਟ ਚਲਾਉਣ ਵਾਲਾ ਇਹ ਅਗਾਂਹਵਧੂ ਕਿਸਾਨ

ਅੱਜ ਦਾ ਸਮਾਂ ਅਜਿਹਾ ਹੈ ਜਿੱਥੇ ਹਰ ਕੋਈ ਦੂਜੇ ਬਾਰੇ ਨਹੀਂ ਆਪਣੇ ਫਾਇਦੇ ਬਾਰੇ ਜ਼ਿਆਦਾ ਚਿੰਤਿਤ ਰਹਿੰਦੇ ਹਨ ਪਰ ਉਹਨਾਂ ਵਿੱਚੋਂ ਕੁਝ ਇਨਸਾਨ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਉਸ ਪਰਮਾਤਮਾ ਨੇ ਲੋਕਾਂ ਦੀ ਮਦਦ ਕਰਨ ਲਈ ਭੇਜਿਆ ਹੁੰਦਾ ਹੈ, ਜਿਸ ਨਾਲ ਉਹ ਦੂਜਿਆਂ ਦੇ ਭਲੇ ਬਾਰੇ ਸੋਚਦਾ ਅਤੇ ਕਰਦਾ ਵੀ ਹੈ ਅਤੇ ਅਜਿਹੇ ਇਨਸਾਨ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ।

ਇਸ ਗੱਲ ਨੂੰ ਸਹੀ ਸਾਬਿਤ ਕਰਨ ਵਾਲੇ ਕਰਨਬੀਰ ਸਿੰਘ ਜੋ ਪਿੰਡ ਸਾਫੂਵਾਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੇ MSC ਫ਼ੂਡ ਤਕਨਾਲੋਜੀ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ ਅਤੇ ਨੌਕਰੀ ਛੱਡ ਕੇ ਖੇਤੀ ਅਤੇ ਫ਼ੂਡ ਪ੍ਰੋਸੈਸਿੰਗ ਕਰਨ ਬਾਰੇ ਸੋਚਿਆ ਅਤੇ ਉਸ ਵਿੱਚ ਸਫਲ ਹੋ ਕੇ ਦਿਖਾਇਆ।

ਸਾਲ 2014 ਦੀ ਗੱਲ ਹੈ ਜਦੋਂ ਕਰਨਬੀਰ ਇੱਕ ਕੰਪਨੀ ਵਿੱਚ ਕੰਮ ਕਰਦੇ ਸਨ ਤੇ ਜਿਸ ਕੰਪਨੀ ਵਿੱਚ ਕੰਮ ਕਰਦੇ ਸਨ ਉੱਥੇ ਕੀ ਦੇਖਦੇ ਹਨ ਕਿ ਕਿਸ ਤਰ੍ਹਾਂ ਕਿਸਾਨਾਂ ਤੋਂ ਘੱਟ ਕੀਮਤ ‘ਤੇ ਵਸਤਾਂ ਲੈ ਕੇ ਉਹਨਾਂ ਨੂੰ ਵੱਧ ਕੀਮਤਾਂ ‘ਤੇ ਵੇਚਿਆ ਜਾ ਰਿਹਾ ਹੈ ਅਤੇ ਜਿਸ ਬਾਰੇ ਕਿਸਾਨਾਂ ਨੂੰ ਥੋੜੀ ਬਹੁਤ ਵੀ ਜਾਣਕਾਰੀ ਨਹੀਂ ਸੀ। ਬਹੁਤ ਸਮਾਂ ਉਹ ਇਸ ਤਰ੍ਹਾਂ ਹੀ ਦੇਖੀ ਗਏ ਪਰ ਉਹਨਾਂ ਨੇ ਮਨ ਨੂੰ ਇਹ ਗੱਲ ਬਿਲਕੁੱਲ ਚੰਗੀ ਨਹੀਂ ਲੱਗੀ ਕਿਉਂਕਿ ਜੋ ਉਗਾਉਂਦੇ ਹਨ ਉਹ ਕਮਾ ਨਹੀਂ ਰਹੇ ਸਨ ਅਤੇ ਜੋ ਕਮਾ ਰਹੇ ਸਨ ਉਹ ਪਹਿਲਾ ਹੀ ਵੱਡੇ ਘਰਾਣਿਆਂ ਦੇ ਮਾਲਿਕ ਸਨ।

ਇਹ ਸਭ ਦੇਖ ਕੇ ਕਰਨਬੀਰ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਆਖਿਰ ਕਰਨਬੀਰ ਨੇ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਅਤੇ ਖੁਦ ਆ ਕੇ ਘਰ ਖੇਤੀ ਤੇ ਪ੍ਰੋਸੈਸਿੰਗ ਕਰਨ ਲੱਗਾ। ਕਰਨਬੀਰ ਦੇ ਪਰਿਵਾਰ ਵਾਲੇ ਸ਼ੁਰੂ ਤੋਂ ਹੀ ਫਸਲੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਖੇਤੀ ਕਰਦੇ ਸਨ ਅਤੇ ਇਸ ਤੋਂ ਇਲਾਵਾ ਕਰਨਬੀਰ ਦੇ ਲਈ ਫਾਇਦੇਮੰਦ ਗੱਲ ਇਹ ਸੀ ਕਿ ਕਰਨਬੀਰ ਦੇ ਪਿਤਾ ਸਰਦਾਰ ਗੁਰਪ੍ਰੀਤ ਸਿੰਘ ਗਿੱਲ ਜੋ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ ਅਤੇ ਪੀ ਏ ਯੂ, ਲੁਧਿਆਣਾ ਨਾਲ ਪਿਛਲੇ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਜੋ ਸਮੇਂ-ਸਮੇਂ ‘ਤੇ ਹੋਰਨਾਂ ਕਿਸਾਨਾਂ ਨੂੰ ਫਸਲਾਂ ਸੰਬੰਧੀ ਸਲਾਹਾਂ ਦਿੰਦੇ ਰਹਿੰਦੇ ਸਨ।

ਫਿਰ ਕਰਨਬੀਰ ਨੇ ਆਪਣੇ ਪਿਤਾ ਦੇ ਦੱਸੇ ਰਸਤੇ ਉੱਤੇ ਚੱਲਦੇ ਹੋਏ ਖੇਤੀ ਮਾਹਿਰਾਂ ਵੱਲੋਂ ਦੱਸੇ ਗਏ ਤਰੀਕੇ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਈ ਤਰ੍ਹਾਂ ਦੀ ਫਸਲਾਂ ਦੀ ਕਾਸ਼ਤ ਕਰਨ ਸ਼ੁਰੂ ਕਰ ਦਿੱਤੀ। ਫਿਰ ਕਰਨਬੀਰ ਦੇ ਦਿਮਾਗ ਵਿੱਚ ਖਿਆਲ ਆਇਆ ਕਿ ਜਦੋਂ ਫਸਲ ਪੱਕ ਕੇ ਤਿਆਰ ਹੋਵੇਗੀ ਤਾਂ ਇਸਦੀ ਮਾਰਕੀਟਿੰਗ ਕਿਸ ਤਰ੍ਹਾਂ ਕੀਤੀ ਜਾਵੇਗੀ।

ਫਿਰ ਕਰਨਬੀਰ ਨੇ ਮਾਰਕੀਟਿੰਗ ਕਰਨ ਦਾ ਇੱਕ ਤਰੀਕਾ ਸੋਚਿਆ ਕਿ ਕਿਉਂ ਨਾ ਪਹਿਲਾ ਛੋਟੇ ਪੱਧਰ ਤੋਂ ਮਾਰਕੀਟਿੰਗ ਕਰਨ ਸ਼ੁਰੂ ਕੀਤੀ ਜਾਵੇ, ਉਸ ਤੋਂ ਬਾਅਦ ਜਦੋਂ ਕਰਨਬੀਰ ਕੀਤੇ ਪਿੰਡ ਤੋਂ ਬਾਹਰ ਜਾਂਦਾ ਤਾਂ ਆਪਣੇ ਨਾਲ ਪ੍ਰੋਸੈਸਿੰਗ ਕੀਤੀਆਂ ਆਪਣੀਆਂ ਵਸਤਾਂ ਨਾਲ ਲੈ ਜਾਂਦਾ ਜਿੱਥੇ ਛੋਟੇ-ਛੋਟੇ ਸਮੂਹਾਂ ਦੇ ਲੋਕਾਂ ਦਾ ਇਕੱਠ ਦਿਖਦਾ ਸੀ ਉੱਥੇ ਜਾ ਕੇ ਫਿਰ ਕਰਨਬੀਰ ਆਪਣੇ ਉਤਪਾਦਾਂ ਬਾਰੇ ਦੱਸਦਾ ਅਤੇ ਉਤਪਾਦ ਵੇਚ ਕੇ ਆਉਂਦਾ। ਇਸ ਕੰਮ ਵਿੱਚ ਉਨ੍ਹਾਂ ਦਾ ਪੂਰਾ ਸਾਥ ਉਨ੍ਹਾਂ ਦੇ ਦੋਸਤ ਨਵਜੋਤ ਸਿੰਘ ਅਤੇ ਸ਼ਿਵ ਪ੍ਰੀਤ ਬਾਖੂਬੀ ਨਿਭਾ ਰਹੇ ਹਨ।

ਫਿਰ ਉਨ੍ਹਾਂ ਨੇ ਇਸ ਤੋਂ ਬਾਅਦ ਥੋੜੇ ਵੱਡੇ ਪੱਧਰ ‘ਤੇ ਕਰਨ ਬਾਰੇ ਸੋਚਿਆ ਅਤੇ 2016 ਦੇ ਵਿੱਚ “ਫਰੈਂਡਜ਼ ਟ੍ਰੇਡਿੰਗ” ਨਾਮ ਤੋਂ ਇੱਕ ਕੰਪਨੀ ਰਜਿਸਟਰਡ ਕਰਵਾਈ ਅਤੇ ਟ੍ਰੇਡਿੰਗ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਉਹ ਆਪਣੀ ਫਸਲ ਤਾਂ ਮਾਰਕੀਟ ਲੈ ਕੇ ਜਾਂਦੇ ਹੀ ਸਨ ਉੱਥੇ ਨਾਲ ਹੀ ਹੋਰਨਾਂ ਕਿਸਾਨਾਂ ਦੀ ਫਸਲ ਨੂੰ ਨਾਲ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ, ਜੋ ਕਿ ਖੇਤੀ ਮਾਹਿਰਾਂ ਦੀ ਸਲਾਹ ਨਾਲ ਉਗਾਈਆਂ ਗਈਆਂ ਸਨ। ਇਸ ਤਰੀਕੇ ਨਾਲ ਉਗਾਈ ਗਈ ਫਸਲ ਦੀ ਪੈਦਾਵਾਰ ਉੱਚ ਤੇ ਵਧੀਆ ਹੋਣ ਕਰਕੇ ਫਸਲ ਦੀ ਬਹੁਤ ਮੰਗ ਹੋਈ ਜਿਸ ਨਾਲ ਕਰਨਬੀਰ ਨੂੰ ਅਤੇ ਕਿਸਾਨਾਂ ਨੂੰ ਬਹੁਤ ਹੀ ਜ਼ਿਆਦਾ ਮੁਨਾਫ਼ਾ ਹੋਇਆ। ਜਿਸ ਨਾਲ ਬਹੁਤ ਖੁਸ਼ ਹੋਏ।

ਇਸ ਦੌਰਾਨ ਹੀ ਉਨ੍ਹਾਂ ਦੀ ਮੁਲਾਕਾਤ ਖੇਤੀ ਵਪਾਰ ਵਿਸ਼ੇ ਦੇ ਮਾਹਿਰ ਪ੍ਰੋਫੈਸਰ ਰਮਨਦੀਪ ਸਿੰਘ ਜੀ ਨਾਲ ਹੋਈ ਜੋ ਕਿ ਹਰ ਇੱਕ ਕਿਸਾਨ ਦੀ ਬੜੀ ਸ਼ਿੱਦਤ ਦੇ ਨਾਲ ਮਦਦ ਕਰਦੇ ਹਨ ਅਤੇ ਉਹਨਾਂ ਨੂੰ ਮਾਰਕੀਟਿੰਗ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਦੇ ਰਹਿੰਦੇ ਹਨ ਅਤੇ ਇਸ ਨੂੰ ਦਿਮਾਗ ਵਿੱਚ ਰੱਖਦੇ ਹੋਏ ਫਿਰ ਮਾਰਕੀਟਿੰਗ ਕਰਨ ਦਾ ਤਰੀਕਾ ਬਦਲਣ ਬਾਰੇ ਸੋਚਿਆ।

ਤਾਂ ਦਿਮਾਗ ਵਿੱਚ ਆਇਆ ਕਿ ਜੇਕਰ ਪੈਦਾ ਕੀਤੀ ਜਿਣਸ ਦੀ ਮੁੱਢਲੇ ਪੱਧਰ ਤੇ ਪ੍ਰੋਸੈਸਿੰਗ ਕਰਕੇ ਮਾਰਕੀਟਿੰਗ ਕੀਤੀ ਜਾਵੇ ਤਾਂ ਕੀ ਪਤਾ ਇਸ ਤੋਂ ਵਧੀਆ ਹੁੰਗਾਰਾ ਮਿਲ ਸਕਦਾ ਹੈ। ਬਸ ਫਿਰ ਕੀ ਸੀ ਉਨ੍ਹਾਂ ਨੇ ਮੁੱਢਲੇ ਪੱਧਰ ‘ਤੇ ਜਿਨ੍ਹਾਂ ਫਸਲਾਂ ਦੀ ਪ੍ਰੋਸੈਸਿੰਗ ਹੋ ਸਕਦੀ ਸੀ ਕਰਕੇ ਵੇਚਣ ਸ਼ੁਰੂ ਕਰ ਦਿੱਤਾ ਜਿਸ ਦੀ ਸ਼ੁਰੂਆਤ ਉਹਨਾਂ ਨੇ ਕਿਸਾਨ ਮੇਲਿਆਂ ਤੋਂ ਕੀਤੀ ਸੀ ਜਿਸ ਨਾਲ ਉਹਨਾਂ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਭਰਵਾਂ ਹੁੰਗਾਰਾ ਮਿਲਿਆ।

ਫਿਰ ਉਹਨਾਂ ਨੇ ਇਸ ਚੀਜ਼ ਨੂੰ ਅੱਗੇ ਜਾਰੀ ਰੱਖਣ ਲਈ ਇੱਕ ਕਿਸਾਨ ਹੱਟ ਖੋਲਣ ਬਾਰੇ ਸੋਚਿਆ ਜਿੱਥੇ ਕਿ ਇੱਕ ਹੀ ਜਗ੍ਹਾਂ ਹੀ ਉਹਨਾਂ ਦੇ ਫਸਲਾਂ ਦੀ ਪ੍ਰੋਸੈਸਿੰਗ ਅਤੇ ਕਿਸਾਨਾਂ ਦੇ ਫਸਲਾਂ ਦੀ ਪ੍ਰੋਸੈਸਿੰਗ ਦਾ ਸਮਾਨ ਰੱਖ ਕੇ ਵੇਚਿਆ ਜਾ ਸਕੇ, ਜਿਸ ਦਾ ਸਿੱਧਾ ਮੁਨਾਫ਼ਾ ਕਿਸਾਨ ਦੇ ਖਾਤੇ ਵਿੱਚ ਹੀ ਪਵੇ ਨਾ ਕਿ ਵਿਚੋਲਿਆਂ ਦੇ ਹੱਥ ਅਤੇ ਜਿਸ ਨਾਲ ਇੱਕ ਤਾਂ ਉਸਦੀ ਮਾਰਕੀਟ ਬਣੀ ਰਹੇਗੀ ਅਤੇ ਦੂਜਾ ਲੋਕਾਂ ਨੂੰ ਵਧੀਆ ਤੇ ਸਾਫ-ਸਫਾਈ ਵਾਲੀ ਵਸਤਾਂ ਮਿਲਦੀਆਂ ਰਹਿਣਗੀਆਂ।

ਫਿਰ 2019 ਦੇ ਵਿੱਚ ਕਰਨਬੀਰ ਨੇ ਅੰਨਦਾਤਾ ਫੂਡਸ ਨਾਮ ਤੋਂ ਬਰੈਂਡ ਰਜਿਸਟਰਡ ਕਰਵਾ ਕੇ ਮੋਗਾ ਸ਼ਹਿਰ ਵਿਚ ਆਪਣੀ ਕਿਸਾਨ ਹੱਟ ਖੋਲ ਲਈ ਤੇ ਪ੍ਰੋਸੈਸਿੰਗ ਕੀਤਾ ਸਮਾਨ ਰੱਖ ਦਿੱਤਾ। ਜਿਵੇਂ-ਜਿਵੇਂ ਲੋਕਾਂ ਨੂੰ ਪਤਾ ਚੱਲਦਾ ਗਿਆ, ਉਸ ਤਰ੍ਹਾਂ ਹੀ ਲੋਕ ਹੌਲੀ-ਹੌਲੀ ਉਨ੍ਹਾਂ ਦੀ ਹੱਟ ਤੋਂ ਸਮਾਨ ਲੈਣ ਆਉਂਦੇ ਰਹੇ ਅਤੇ ਲੋਕਾਂ ਲਈ ਉਹ ਵਸਤਾਂ ਮਨਪਸੰਦ ਬਣ ਗਈਆਂ।

ਜਿਸ ਵਿੱਚ ਬਾਕੀ ਕਿਸਾਨਾਂ ਦੁਆਰਾ ਪ੍ਰੋਸੈਸਿੰਗ ਕੀਤਾ ਸਮਾਨ ਜਿਵੇਂ ਸ਼ਹਿਦ, ਦਾਲਾਂ, GSC 7 ਕਨੌਲ਼ਾ ਸਰਸੋਂ ਦਾ ਤੇਲ, ਛੋਲੇ ਆਦਿ ਬਹੁਤ ਵਸਤਾਂ ਰੱਖ ਕੇ ਵੇਚਦੇ ਹਨ।

ਬਹੁਤ ਘੱਟ ਸਮੇਂ ਵਿੱਚ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਪ੍ਰਸਾਰ ਹੋਇਆ ਅਤੇ ਲੋਕ ਉਨ੍ਹਾਂ ਨੂੰ ਅੰਨਦਾਤਾ ਫੂਡਜ਼ ਨਾਮ ਤੋਂ ਜਾਨਣ ਲੱਗ ਗਏ। ਇਸ ਤਰ੍ਹਾਂ 2019 ਵਿੱਚ ਉਹ ਸਫਲ ਹੋਏ ਜਿਸ ਵਿੱਚ ਜ਼ਿਆਦਾ ਸਫਲਤਾ ਦਾ ਸਿਹਰਾ GSC 7 ਕਨੌਲ਼ਾ ਸਰਸੋਂ ਤੇਲ ਨੂੰ ਜਾਂਦਾ ਹੈ ਕਿਉਂਕਿ ਤੇਲ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਬਹੁਤ ਵਾਰ ਮੰਗ ਨੂੰ ਪੂਰਾ ਕਰਨਾ ਔਖਾ ਹੋ ਜਾਂਦਾ ਹੈ, ਕਿਉਂਕਿ ਇਹ ਤੇਲ ਬਾਕੀਆਂ ਤੇਲ ਨਾਲੋਂ ਇਸ ਲਈ ਵੱਖਰਾ ਹੈ ਕਿਉਂਕਿ ਇਸ ਤੇਲ ਵਿੱਚ ਬਹੁਤ ਮਾਤਰਾ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਹਨ ਅਤੇ ਜਿਸ ਨਾਲ ਉਹਨਾਂ ਨੂੰ ਮੁਨਾਫ਼ਾ ਤਾਂ ਹੁੰਦਾ ਹੀ ਹੈ ਪਰ ਉਹਨਾਂ ਨਾਲ ਹੋਰਾਂ ਕਿਸਾਨਾਂ ਨੂੰ ਵੀ ਮੁਨਾਫ਼ਾ ਹੋ ਰਿਹਾ ਹੈ।

ਮੇਰਾ ਮੰਨਣਾ ਇਹ ਹੈ ਜੇਕਰ ਅਸੀਂ ਕਿਸਾਨ ਅਤੇ ਗ੍ਰਾਹਕ ਵਿੱਚੋਂ ਵਿਚੋਲੇ ਨੂੰ ਕੱਢ ਦੇਈਏ ਤਾਂ ਹਰ ਇਨਸਾਨ ਵਧੀਆ ਤੇ ਸਾਫ-ਸਫਾਈ ਦੀ ਵਸਤੂ ਖਾ ਸਕਦਾ ਹੈ ਦੂਸਰਾ ਕਿਸਾਨ ਨੂੰ ਆਪਣੀ ਫਸਲ ਦਾ ਸਹੀ ਮੁੱਲ ਵੀ ਮਿਲ ਜਾਵੇਗਾ- ਕਰਨਬੀਰ ਸਿੰਘ

ਭਵਿੱਖ ਦੀ ਯੋਜਨਾ

ਉਹ ਚਾਹੁੰਦੇ ਹਨ ਕਿ ਕਿਸਾਨਾਂ ਦਾ ਸਮੂਹ ਬਣਾ ਕੇ ਓਹੀ ਫਸਲਾਂ ਉਗਾਈਏ ਜਿਨ੍ਹਾਂ ਦੀ ਖਪਤ ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਮੰਗ ਹੈ।

ਸੰਦੇਸ਼

ਜੇਕਰ ਕੋਈ ਕਿਸਾਨ ਖੇਤੀ ਕਰਦਾ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਖੇਤੀ ਮਾਹਿਰਾਂ ਦੁਆਰਾ ਦਿੱਤੇ ਗਏ ਦਿਸ਼ਾ-ਨਿਰਦੇਸ਼ ‘ਤੇ ਚੱਲ ਕੇ ਹੀ ਰੇਆਂ-ਸਪਰੇਆਂ ਦੀ ਵਰਤੋਂ ਕਰਨ ਜਿੰਨੀ ਫਸਲ ਨੂੰ ਵੱਧਣ-ਫੁੱਲਣ ਲਈ ਲੋੜੀਂਦੀ ਚਾਹੀਦੀ ਹੁੰਦੀ ਹੈ।

ਧਰਮਜੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਇੱਕ ਸਫਲ ਅਧਿਆਪਕ ਦੇ ਨਾਲ-ਨਾਲ ਇੱਕ ਸਫਲ ਕਿਸਾਨ ਬਣਨ ਤੱਕ ਦਾ ਸਫ਼ਰ

ਕਿੱਤਾ ਕੋਈ ਵੀ ਆਸਾਨ ਨਹੀਂ ਹੁੰਦਾ, ਮੁਸ਼ਕਿਲਾਂ ਹਰ ਇੱਕ ਖੇਤਰ ਵਿੱਚ ਆਉਂਦੀਆਂ ਹਨ। ਭਾਵੇਂ ਉਹ ਖੇਤਰ ਖੇਤੀ ਦਾ ਹੈ ਜਾਂ ਫਿਰ ਕੋਈ ਹੋਰ ਕਿੱਤਾ ਹੈ। ਆਪਣੇ ਰੋਜ਼ਾਨਾ ਦੇ ਕੰਮ ਨੂੰ ਛੱਡ ਕੇ ਕਿਸੇ ਹੋਰ ਕਿੱਤੇ ਨੂੰ ਅਪਣਾਉਣਾ ਇੱਕ ਚੁਣੌਤੀ ਹੀ ਹੁੰਦੀ ਹੈ, ਜੋ ਚੁਣੌਤੀਆਂ ਅੱਗੇ ਚੱਟਾਨ ਬਣਕੇ ਖੜ ਗਿਆ ਜਾਂ ਲੜ ਗਿਆ, ਆਖਿਰ ਓਹੀ ਮੰਜ਼ਿਲਾਂ ‘ਤੇ ਜਿੱਤ ਹਾਸਿਲ ਕਰਦਾ ਹੈ।

ਇਸ ਸਟੋਰੀ ਦੇ ਰਾਹੀਂ ਗੱਲ ਕਰਾਂਗੇ ਇੱਕ ਅਜਿਹੇ ਅਗਾਂਹਵਧੂ ਕਿਸਾਨ ਦੀ, ਜੋ ਸਕੂਲ ਦੇ ਅਧਿਆਪਕ ਹੋਣ ਦੇ ਨਾਤੇ ਇੱਕ ਤਾਂ ਬੱਚਿਆਂ ਦੇ ਭਵਿੱਖ ਨੂੰ ਉਜਵਲ ਕਰ ਰਹੇ ਹਨ ਅਤੇ ਦੂਸਰਾ ਜੈਵਿਕ ਖੇਤੀ ਕਰਕੇ ਲੋਕਾਂ ਦੇ ਜ਼ਿੰਦਗੀ ਨੂੰ ਸੰਜੀਵਨੀ ਬੂਟੀ ਪ੍ਰਦਾਨ ਕਰ ਰਹੇ ਹਨ, ਕਿਉਂਕਿ ਕੋਈ ਵਿਰਲਾ ਹੀ ਹੁੰਦਾ ਹੈ, ਜੋ ਆਪਣੇ ਬਾਰੇ ਨਹੀਂ ਦੂਜਿਆਂ ਬਾਰੇ ਚੰਗਾ ਸੋਚਦਾ ਹੈ।

ਅਜਿਹੇ ਇੱਕ ਕਿਸਾਨ ਹਨ “ਧਰਮਜੀਤ ਸਿੰਘ”, ਜੋ ਪਿੰਡ ਮੈਣ ਮਾਜਰੀ, ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਹਨ। ਜਿਵੇਂ ਇੱਕ ਕਹਾਵਤ ਹੈ “ਜੈਸਾ ਨਾਮ, ਵੈਸਾ ਕਾਮ” ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦਾ ਧਰਮਜੀਤ ਸਿੰਘ ਜੀ ਦਾ ਨਾਮ ਉਹ ਉਸ ਤਰ੍ਹਾਂ ਦਾ ਹੀ ਕੰਮ ਕਰਦੇ ਹਨ। ਇਸ ਤਰ੍ਹਾਂ ਦੇ ਚੰਗੇ ਅਤੇ ਵਧੀਆ ਇਨਸਾਨ ਦੁਨੀਆਂ ਦੇ ਵਿੱਚ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ।

ਕੰਮ ਦੀ ਸ਼ੋਭਾ ਵੀ ਉਸ ਇਨਸਾਨ ‘ਤੇ ਹੀ ਜੱਚਦੀ ਹੈ ਜਿਸ ਕੰਮ ਦੇ ਲਈ ਉਸ ਨੂੰ ਚੁਣਿਆ ਗਿਆ ਹੁੰਦਾ ਹੈ। ਕੰਮ ਵੀ ਉਹ ਜਿਸ ਬਾਰੇ ਉਨ੍ਹਾਂ ਨੂੰ ਥੋੜੀ ਵੀ ਜਾਣਕਾਰੀ ਨਹੀਂ ਸੀ ਨਾ ਹੀ ਕਦੇ ਸੁਣਿਆ ਸੀ।

ਜਦੋਂ ਸੂਰਜ ਰੋਸ਼ਨੀ ਬਖੇਰਦਾ ਹੈ ਤਾਂ ਉਹ ਹਰ ਉਸ ਥਾਂ ‘ਤੇ ਵੀ ਚਾਨਣ ਕਰ ਦਿੰਦਾ ਹੈ, ਜਿੱਥੇ ਹਨੇਰਾ ਹੀ ਛਾਇਆ ਹੁੰਦਾ ਹੈ। ਉਸ ਤਰ੍ਹਾਂ ਹੀ ਧਰਮਜੀਤ ਸਿੰਘ ਜੀ ਦੇ ਜੀਵਨ ਉੱਤੇ ਗੱਲ ਬਿਲਕੁਲ ਢੁੱਕਦੀ ਹੈ। ਕਿਉਂਕਿ ਉਹ ਬੇਸ਼ੱਕ ਉਸ ਰਸਤੇ ਜਾ ‘ਤੇ ਰਹੇ ਸੀ ਪਰ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ ਮਤਲਬ ਖੇਤੀ ਤਾਂ ਕਰ ਰਹੇ ਸਨ, ਪਰ ਰਸਾਇਣਿਕ ਨਾ ਕਿ ਜੈਵਿਕ ਖੇਤੀ।

ਜਦੋਂ ਸਮਾਂ ਆਉਂਦਾ ਹੈ, ਤਾਂ ਉਹ ਪੁੱਛ ਕੇ ਨਹੀਂ ਆਉਂਦਾ, ਬਸ ਆ ਕੇ ਦਰਵਾਜ਼ੇ ‘ਤੇ ਦਸਤਕ ਦੇ ਦਿੰਦਾ ਹੈ। ਅਜਿਹਾ ਇੱਕ ਸਮਾਂ ਆਇਆ ਜਦੋਂ ਉਨ੍ਹਾਂ ਨੂੰ ਮਿਲਣ ਲਈ ਘਰ ਰਿਸ਼ਤੇਦਾਰ ਆਏ ਸਨ। ਆਪਸੀ ਗੱਲਬਾਤ ਕਰਦਿਆਂ ਅਚਾਨਕ ਗੱਲ ਖੇਤੀਬਾੜੀ ਦੀ ਹੋਣ ਲੱਗ ਗਈ। ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਗੱਲਬਾਤ ਦੌਰਾਨ ਜੈਵਿਕ ਖੇਤੀ ਬਾਰੇ ਜ਼ਿਕਰ ਕੀਤਾ ਤਾਂ ਧਰਮਜੀਤ ਸਿੰਘ ਜੀ ਨੂੰ ਨਾਮ ਸੁਣ ਕੇ ਹੈਰਾਨੀ ਹੋਈ ਕਿ ਇਹ ਕਿਹੜੀ ਖੇਤੀ ਹੈ। ਜੈਵਿਕ ਅਤੇ ਰਸਾਇਣਿਕ ਖੇਤੀ ਨਾਲ ਕੀ ਫਰਕ ਪੈਂਦਾ ਹੈ, ਖੇਤੀ ਤਾਂ ਖੇਤੀ ਹੀ ਹੁੰਦੀ ਹੈ। ਉਦੋਂ ਉਨ੍ਹਾਂ ਦੇ ਰਿਸ਼ਤੇਦਾਰ ਨੇ ਕਿਹਾ, “ਜੈਵਿਕ ਖੇਤੀ ਬਿਨਾਂ ਸਪਰੇਅ, ਦਵਾਈਆਂ, ਰਸਾਇਣਿਕ ਖਾਦਾਂ ਤੋਂ ਕੀਤੀ ਜਾਂਦੀ ਹੈ ਅਤੇ ਕੁਦਰਤ ਵਿੱਚੋਂ ਮਿਲੇ ਉਪਹਾਰ ਨੂੰ ਵਰਤ ਕੇ ਜਿਵੇਂ ਕਿ ਗੰਡੋਇਆਂ ਦੀ ਖਾਦ, ਜੀਵ ਅੰਮ੍ਰਿਤ ਆਦਿ ਹੋਰ ਵੀ ਬਹੁਤ ਢੰਗ ਨਾਲ ਕੀਤੀ ਜਾਂਦੀ ਹੈ।

ਪਰ ਮੈਂ ਤਾਂ ਕਦੇ ਜੈਵਿਕ ਖੇਤੀ ਕੀਤੀ ਨਹੀਂ ਜੇਕਰ ਹੁਣ ਮੈਂ ਜੈਵਿਕ ਖੇਤੀ ਕਰਨੀ ਹੋਵੇ ਤਾਂ ਕਿਵੇਂ ਕਰ ਸਕਦਾ ਹਾਂ- ਧਰਮਜੀਤ ਸਿੰਘ

ਫਿਰ ਉਹਨਾਂ ਦੋਨਾਂ ਨੇ ਅਭਿਆਸ ਦੇ ਤੌਰ ‘ਤੇ ਇੱਕ ਕਿੱਲੇ ਦੇ ਵਿੱਚ ਕਣਕ ਦੀ ਫਸਲ ਲਗਾ ਦਿੱਤੀ। ਉਨ੍ਹਾਂ ਨੇ ਫਸਲ ਦੀ ਕਾਸ਼ਤ ਤਾਂ ਕਰ ਦਿੱਤੀ ਅਤੇ ਰਿਸ਼ਤੇਦਾਰ ਵਾਪਿਸ ਚਲੇ ਗਏ। ਪਰ ਉਨ੍ਹਾਂ ਦੋਨਾਂ ਨੂੰ ਫ਼ਿਕਰ ਲੱਗੀ ਹੋਈ ਸੀ ਅਤੇ ਕਾਸ਼ਤ ਕੀਤੀ ਫਸਲ ਦੇ ਨਤੀਜੇ ਦਾ ਇੰਤਜ਼ਾਰ ਸੀ, ਕਿ ਫਸਲ ਕਿਸ ਤਰ੍ਹਾਂ ਦੀ ਹੋਵੇਗੀ, ਕਿੰਨੀ ਪੈਦਾਵਾਰ ਹੋਵੇਗੀ। ਉਹਨਾਂ ਨੂੰ ਇਹ ਚਿੰਤਾ ਦਿਨ ਪ੍ਰਤੀ ਦਿਨ ਸਤਾਈ ਜਾ ਰਹੀ ਸੀ।

ਜਦੋਂ ਫਸਲ ਪੱਕ ਕੇ ਤਿਆਰ ਹੋਈ, ਜਿਸ ਵਿੱਚੋਂ ਅੱਧੀ ਫਸਲ ਉਨ੍ਹਾਂ ਦੇ ਰਿਸ਼ਤੇਦਾਰ ਲੈ ਗਏ ਅਤੇ ਅੱਧੀ ਉਹ ਆਪਣੇ ਘਰ ਲੈ ਆਏ। ਪਰ ਉਹਨਾਂ ਨੂੰ ਜਿੰਨੀ ਫਸਲ ਦੀ ਉਮੀਦ ਸੀ ਪੈਦਾਵਾਰ ਉਸ ਤੋਂ ਘੱਟ ਨਿਕਲੀ।

ਮੈਂ ਅਤੇ ਮੇਰੇ ਪਰਿਵਾਰ ਨੇ ਜਦੋਂ ਫਸਲ ਨੂੰ ਵਰਤ ਕੇ ਦੇਖਿਆ ਸੀ ਤਾਂ ਸਾਡੀ ਚਿੰਤਾ ਖੁਸ਼ੀ ਦੇ ਵਿੱਚ ਤਬਦੀਲ ਹੋ ਗਈ- ਧਰਮਜੀਤ ਸਿੰਘ

ਫਿਰ ਉਨ੍ਹਾਂ ਨੇ ਪੱਕੇ ਤੌਰ ‘ਤੇ ਮਨ ਬਣਾ ਲਿਆ ਜੇਕਰ ਖੇਤੀ ਕਰਨੀ ਹੈ, ਤਾਂ ਜੈਵਿਕ ਖੇਤੀ ਹੀ ਕਰਨੀ ਹੈ। ਇਸ ਤਰ੍ਹਾਂ ਉਨ੍ਹਾਂ ਨੇ ਫਿਰ ਮੌਸਮ ਦੇ ਹਿਸਾਬ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਨੇ 11 ਏਕੜ ਦੇ ਵਿੱਚ ਜੈਵਿਕ ਖੇਤੀ ਦੀ ਸ਼ੁਰੂਆਤ ਕੀਤੀ।

ਉਹਨਾਂ ਦੇ ਲਈ ਜੈਵਿਕ ਖੇਤੀ ਕਰਨਾ ਇੱਕ ਚੁਣੌਤੀ ਹੀ ਸੀ ਜਿਸ ਦਾ ਸਾਹਮਣਾ ਕਰਨ ਸਮੇਂ ਉਹਨਾਂ ਨੂੰ ਕਠਿਨਾਈ ਤਾਂ ਜ਼ਰੂਰ ਆਈ, ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ। ਇਸ ਹਿੰਮਤ ਨੂੰ ਬਰਕਰਾਰ ਰੱਖਦੇ ਹੋਏ ਉਹ ਆਪਣੇ ਮਿੱਥੇ ਰਸਤੇ ‘ਤੇ ਕਿਸੇ ਵੀ ਤਰ੍ਹਾਂ ਦੀ ਪ੍ਰਵਾਹ ਕੀਤੇ ਬਿਨਾਂ ਚੱਲਦੇ ਰਹੇ ਜਿਵੇਂ-ਜਿਵੇਂ ਜੈਵਿਕ ਖੇਤੀ ਬਾਰੇ ਜਾਣਕਾਰੀ ਮਿਲਦੀ ਰਹੀ, ਉਸ ਤਰ੍ਹਾਂ ਹੀ ਉਹ ਅਭਿਆਸ ਕਰਦੇ ਗਏ। ਉਨ੍ਹਾਂ ਦੀ ਮਿਹਨਤ ਉਸ ਦਿਨ ਰੰਗ ਲੈ ਕੇ ਆਈ ਜਦੋਂ ਫਸਲ ਪੱਕ ਕੇ ਅਤੇ ਵੱਢਣ ਦੇ ਲਈ ਤਿਆਰ ਸੀ।

ਫਸਲ ਦੀ ਪੈਦਾਵਾਰ ਤਾਂ ਹੋਈ ਸੀ ਪਰ ਫਸਲ ਘੱਟ ਹੋਈ ਸੀ ਜਿਸ ਕਰਕੇ ਪਿੰਡ ਵਾਲਿਆਂ ਨੇ ਉਨ੍ਹਾਂ ਦਾ ਬਹੁਤ ਮਜ਼ਾਕ ਬਣਾਇਆ ਕਿ ਕਿੱਥੇ ਇਹ ਪਹਿਲਾਂ ਰਸਾਇਣਿਕ ਖੇਤੀ ਕਰਕੇ ਨਫ਼ਾ ਕਮਾ ਰਿਹਾ ਸੀ ਅਤੇ ਹੁਣ ਘਾਟੇ ਵਾਲੇ ਸੌਦਾ ਕਰ ਰਿਹਾ ਹੈ।

ਮੈਂ ਜਦੋਂ ਕੱਲਾ ਬੈਠ ਕੇ ਸੋਚਦਾ ਸੀ ਤਾਂ ਮੈਨੂੰ ਇੰਝ ਲੱਗਦਾ ਸੀ ਕਿ ਕਿਤੇ ਕੁੱਝ ਗਲਤ ਤੇ ਨਹੀਂ ਕਰ ਰਿਹਾ- ਧਰਮਜੀਤ ਸਿੰਘ

ਇੱਕ ਪਾਸੇ ਉਹ ਪ੍ਰੇਸ਼ਾਨ ਹੋ ਰਹੇ ਸੀ ਅਤੇ ਦੂਜੇ ਪਾਸੇ ਸੋਚ ਰਹੇ ਸਨ ਕਿ ਘੱਟੋਂ-ਘੱਟ ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਤਾਂ ਨਹੀਂ ਕਰ ਰਿਹਾ। ਜੋ ਅਨਾਜ ਖੁਦ ਖਾ ਅਤੇ ਦੂਜਿਆਂ ਨੂੰ ਖਿਲਾ ਰਿਹਾ ਹਾਂ, ਉਹ ਸ਼ੁੱਧ ਅਤੇ ਸਾਫ-ਸੁਥਰਾ ਹੈ।

ਇਸ ਤਰ੍ਹਾਂ ਕਰਦੇ-ਕਰਦੇ ਉਨ੍ਹਾਂ ਨੇ ਪਹਿਲੇ 4 ਸਾਲ ਤਾਂ ਅਭਿਆਸ ਦੇ ਤੌਰ ‘ਤੇ ਜੈਵਿਕ ਖੇਤੀ ਸਿੱਖਣ ਅਤੇ ਨਾਲ ਹੀ ਬਹੁ-ਫਸਲੀ ਵਿਧੀ ਅਪਨਾਉਣੀ ਵੀ ਸ਼ੁਰੂ ਕਰ ਦਿੱਤੀ। ਜਿਸ ਵਿੱਚ ਉਨ੍ਹਾਂ ਨੇ ਗੰਨੇ ਦੀ ਖੇਤੀ, ਦਾਲਾਂ ਅਤੇ ਹੋਰ ਮੌਸਮੀ ਫਸਲਾਂ ਵੀ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ।

ਚੰਗੀ ਤਰ੍ਹਾਂ ਸਿੱਖਣ ਤੋਂ ਬਾਅਦ ਉਨ੍ਹਾਂ ਨੇ ਪਿਛਲੇ 4 ਸਾਲਾਂ ਵਿੱਚ ਮੰਡੀਕਰਨ ਕਰਨਾ ਵੀ ਸ਼ੁਰੂ ਕਰ ਦਿੱਤਾ। ਵੈਸੇ ਤਾਂ ਉਹਨਾਂ ਨੂੰ ਜੈਵਿਕ ਖੇਤੀ ਕਰਦਿਆਂ ਨੂੰ 8 ਸਾਲ ਹੋ ਗਏ ਹਨ। ਜੈਵਿਕ ਖੇਤੀ ਦੇ ਨਾਲ-ਨਾਲ ਜੈਵਿਕ ਖਾਦ ਵੀ ਬਣਾਉਣੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਇਸ ਸਮੇਂ ਗੰਡੋਇਆਂ ਦੀ ਖਾਦ ਅਤੇ ਜੀਵ ਅੰਮ੍ਰਿਤ ਦੀ ਹੀ ਵਰਤੋਂ ਕਰਦੇ ਹਨ।

ਇਸ ਮਗਰੋਂ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਪ੍ਰੋਸੈਸਿੰਗ ਕੀਤੀ ਜਾਵੇ, ਹੌਲੀ-ਹੌਲੀ ਪ੍ਰੋਸੈਸਿੰਗ ‘ਤੇ ਧਿਆਨ ਲਗਾਉਣ ਉਪਰੰਤ ਉਤਪਾਦ ਬਣਾਉਣੇ ਸ਼ੁਰੂ ਕਰ ਦਿੱਤੇ। ਜਿਸ ਵਿੱਚ ਲਗਭਗ ਉਹ 7 ਤੋਂ 8 ਤਰ੍ਹਾਂ ਦੇ ਉਤਪਾਦ ਬਣਾਉਂਦੇ ਹਨ ਜੋ ਕਿ ਬਿਲਕੁਲ ਸ਼ੁੱਧ ਅਤੇ ਦੇਸੀ ਹੁੰਦੇ ਹਨ।

ਉਨ੍ਹਾਂ ਵੱਲੋਂ ਤਿਆਰ ਕੀਤੇ ਜਾਂਦੇ ਉਤਪਾਦ-

  • ਕਣਕ ਦਾ ਆਟਾ
  • ਸਰੋਂ ਦਾ ਤੇਲ
  • ਦਾਲਾਂ
  • ਬਾਸਮਤੀ ਚਾਵਲ
  • ਗੁੜ
  • ਸ਼ੱਕਰ
  • ਹਲਦੀ  ਆਦਿ।

ਜਿਸ ਦਾ ਮੰਡੀਕਰਨ ਪਿੰਡ ਤੋਂ ਬਾਹਰ ਹੀ ਕਰਦੇ ਹਨ ਅਤੇ ਹੁਣ ਪਿਛਲੇ ਕਈ ਸਾਲਾਂ ਤੋਂ ਆਰਗੈਨਿਕ ਮੰਡੀ ਚੰਡੀਗੜ੍ਹ ਵਿੱਚ ਹੀ ਕਰ ਰਹੇ ਹਨ। ਮੰਡੀਕਰਨ ਕਰਕੇ ਜਿੰਨਾ ਉਹ ਕਮਾ ਰਹੇ ਹਨ ਉਹ ਉਸ ਨਾਲ ਬਿਲਕੁਲ ਸੰਤੁਸ਼ਟ ਹਨ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ “ਥੋੜਾ ਖਾਈਏ, ਪਰ ਸਾਫ ਖਾਈਏ”। ਉਨ੍ਹਾਂ ਦਾ ਸਾਥ ਇਸ ਕੰਮ ਵਿੱਚ ਕੇਵਲ ਉਨ੍ਹਾਂ ਦਾ ਪਰਿਵਾਰ ਹੀ ਨਿਭਾ ਰਿਹਾ ਹੈ।

ਜੇਕਰ ਚੰਗਾ ਉਗਾਵਾਂਗੇ, ਤਾਂ ਚੰਗਾ ਹੀ ਖਾਵਾਂਗੇ

ਭਵਿੱਖ ਦੀ ਯੋਜਨਾ

ਉਹ ਜੈਵਿਕ ਖੇਤੀ ਦੀ ਮਹੱਤਤਾ ਬਾਰੇ ਹੋਰਨਾਂ ਕਿਸਾਨਾਂ ਨੂੰ ਦੱਸਣਾ ਚਾਹੁੰਦੇ ਹਨ ਅਤੇ ਜੋ ਕਿਸਾਨ ਰਸਾਇਣਿਕ ਖੇਤੀ ਕਰ ਰਹੇ ਹਨ ਉਹਨਾਂ ਦਾ ਧਿਆਨ ਜੈਵਿਕ ਖੇਤੀ ਦੀ ਵੱਲ ਲੈ ਕੇ ਜਾਣਾ ਚਾਹੁੰਦੇ ਹਨ। ਉਹ ਆਪਣੇ ਕੰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ, ਕਿਉਂਕਿ ਉਹ ਦੱਸਣਾ ਚਾਹੁੰਦੇ ਹਨ ਜੈਵਿਕ ਖੇਤੀ ਵਿੱਚ ਘਾਟੇ ਦਾ ਸੌਦਾ ਨਹੀਂ, ਬਲਕਿ ਸਰੀਰ ਨੂੰ ਤੰਦਰਸੁਤ ਰੱਖਣ ਦਾ ਰਾਜ ਹੈ।

ਸੰਦੇਸ਼

ਹਰ ਉਹ ਕਿਸਾਨ ਜੋ ਖੇਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ, ਕਿ ਜਦੋਂ ਉਹ ਵੀ ਖੇਤੀ ਕਰ ਰਹੇ ਹੋਣ, ਤਾਂ ਉਨ੍ਹਾਂ ਨੂੰ ਪਹਿਲਾਂ ਆਪਣੇ ਅਤੇ ਆਪਣੇ ਪਰਿਵਾਰ ਵੱਲ ਦੇਖਣਾ ਚਾਹੀਦਾ ਹੈ, ਜੋ ਉਹ ਉਗਾ ਰਹੇ ਹਨ ਉਹ ਸਹੀ ਅਤੇ ਸ਼ੁੱਧ ਉਗਾ ਰਹੇ ਹਨ। ਫਿਰ ਹੀ ਖੇਤੀ ਕਰਨੀ ਚਾਹੀਦੀ ਹੈ।

ਕਾਂਤਾ ਦੇਸ਼ਟਾ

ਪੂਰੀ ਕਹਾਣੀ ਪੜ੍ਹੋ

ਇਕ ਕਿਸਾਨ ਮਹਿਲਾ ਜਿਸਨੂੰ ਇਹ ਇਹਸਾਸ ਹੋਇਆ ਕਿ ਕਿਸ ਤਰ੍ਹਾਂ ਉਹ ਰਸਾਇਣਿਕ ਖੇਤੀ ਨਾਲ ਹੋਰਾਂ ਵਿਚ ਬਿਮਾਰੀਆਂ ਫੈਲਾ ਰਹੀ ਹੈ ਅਤੇ ਫਿਰ ਉਸ ਨੇ ਜੈਵਿਕ ਖੇਤੀ ਨੂੰ ਚੁਣ ਕੇ ਇਕ ਚੰਗਾ ਫੈਸਲਾ ਕੀਤਾ

ਇਹ ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਅੱਜ ਕੁੱਝ ਵੀ ਖਾ ਰਹੇ ਹਾਂ ਤੇ ਸਾਨੂੰ ਕਿਸਾਨਾਂ ਦਾ ਹਮੇਸ਼ਾ ਧੰਨਵਾਦੀ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਸਭ ਇਕ ਕਿਸਾਨ ਦੀ ਮਿਹਨਤ ਅਤੇ ਖੂਨ ਪਸੀਨੇ ਦਾ ਨਤੀਜਾ ਹੈ, ਜੋ ਉਹ ਖੇਤਾਂ ਵਿਚ ਵਹਾਉਂਦਾ ਹੈ। ਪਰ, ਜੇਕਰ ਉਹੀ ਕਿਸਾਨ, ਬਿਮਾਰੀਆਂ ਫੈਲਾਉਣ ਦਾ ਇਕ ਕਾਰਣ ਬਣ ਜਾਏ ਤਾਂ ਕੀ ਹੋਵੇਗਾ?

ਅੱਜ ਦੇ ਦੌਰ ਵਿੱਚ, ਰਸਾਇਣਿਕ ਖੇਤੀ, ਝਾੜ ਵਧਾਉਣ ਲਈ ਇਕ ਰੁਝਾਨ ਬਣ ਚੁਕੀ ਹੈ। ਬੁਨਿਆਦੀ ਭੋਜਨ ਦੀ ਲੋੜ ਨੂੰ ਪੂਰਾ ਕਰਨ ਦੀ ਬਜਾਏ ਖੇਤੀਬਾੜੀ ਵਧੇਰੇ ਬਿਜ਼ਨਸ ਬਣ ਗਈ ਹੈ। ਉਤਪਾਦਕ ਅਤੇ ਭੋਜਨ ਦੇ ਖਪਤਕਾਰ, ਦੋਵੇਂ ਖੇਤੀਬਾੜੀ ਦੇ ਮੂਲ ਮੰਤਵ ਨੂੰ ਭੁੱਲ ਗਏ ਹਨ।

ਇਸ ਸਥਿਤੀ ਨੂੰ ਇੱਕ ਮਸ਼ਹੂਰ ਖੇਤੀਬਾੜੀ ਵਿਗਿਆਨੀ ਮਾਸਾਨਬੋ ਫੁਕੂਓਕਾ ਨੇ ਚੰਗੀ ਤਰ੍ਹਾਂ ਜਾਣਿਆ ਅਤੇ ਲਿਖਦੇ ਹਨ:

“ਖੇਤੀ ਦਾ ਪਰਮ ਉਦੇਸ਼ ਫ਼ਸਲਾਂ ਉਗਾਉਣਾ ਨਹੀਂ ਬਲਕਿ ਮਨੁੱਖ ਨੂੰ ਇੱਕ ਬੇ-ਐਬ ਅਤੇ ਸੰਪੂਰਨ ਅਵਸਥਾ ਤੱਕ ਪਹੁੰਚਾਉਣਾ ਹੈ।”

ਇਸੇ ਸਥਿਤੀ ਵਿਚੋਂ ਲੱਗਦੇ ਹੋਏ ਇੱਕ ਮਹਿਲਾ – ਕਾਂਤਾ ਦੇਸ਼ਟਾ ਨੇ ਇਸ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਜਾਣਿਆ ਕਿ ਉਹ ਵੀ ਰਸਾਇਣਿਕ ਖੇਤੀ ਕਰ ਕੇ ਬਿਮਾਰੀਆਂ ਫੈਲਾਉਣ ਦਾ ਇੱਕ ਜ਼ਰੀਆ ਬਣ ਚੁਕੀ ਹੈ, ਅਤੇ ਉਸ ਨੇ ਜੈਵਿਕ ਖੇਤੀ ਕਰਨ ਦਾ ਇੱਕ ਚੰਗਾ ਫੈਸਲਾ ਕੀਤਾ।

ਕਾਂਤਾ ਦੇਸ਼ਟਾ ਸਮਾਲਾ ਪਿੰਡ ਦੀ ਇੱਕ ਆਮ ਕਿਸਾਨ ਸੀ ਜੋ ਕਿ ਸਬਜ਼ੀਆਂ ਅਤੇ ਫਲਾਂ ਕਿ ਖੇਤੀ ਕਰਕੇ ਕਈ ਵਾਰ ਉਸ ਨੂੰ ਆਪਣੇ ਰਿਸ਼ਤੇਦਾਰਾਂ, ਗਵਾਂਢੀਆਂ ਅਤੇ ਦੋਸਤਾਂ ਵਿੱਚ ਵੀ ਵੰਡਦੇ ਸੀ। ਪਰ ਇੱਕ ਦਿਨ, ਉਸ ਨੂੰ ਰਸਾਇਣਕ ਖਾਦਾਂ ਦੀ ਵਰਤੋਂ ਕਰਕੇ ਪੈਦਾ ਹੋਈਆਂ ਫ਼ਸਲਾਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਪਤਾ ਲੱਗਾ ਤਾ ਉਸ ਨੂੰ ਬਹੁਤ ਬੁਰਾ ਮਹਿਸੂਸ ਹੋਇਆ। ਉਸ ਦਿਨ ਤੋਂ, ਉਸਨੇ ਫ਼ੈਸਲਾ ਕੀਤਾ ਕਿ ਉਹ ਰਸਾਇਣਾਂ ਦੀ ਵਰਤੋਂ ਬੰਦ ਕਰਕੇ, ਜੈਵਿਕ ਖੇਤੀ ਨੂੰ ਅਪਣਾਉਣਗੇ।

ਜੈਵਿਕ ਖੇਤੀ ਦੇ ਪ੍ਰਤੀ ਉਸਦੇ ਕਦਮ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਉਹ 2004 ਵਿੱਚ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀਬਾੜੀ ਵਿਭਾਗ ਦੁਆਰਾ ਚਲਾਏ ਜਾ ਰਹੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋ ਗਏ। ਉਸਨੇ ਕਈ ਤਰ੍ਹਾਂ ਦੇ ਫਲ, ਸਬਜ਼ੀਆਂ, ਅਨਾਜ ਅਤੇ ਮਸਾਲੇ ਜਿਵੇਂ ਕਿ ਸੇਬ, ਨਾਸ਼ਪਾਤੀਆਂ, ਬੇਰ, ਆੜੂ, ਜਾਪਾਨੀ ਅਪਰਿਕੋਟ, ਕੀਵੀ ਫਲ, ਗਿਰੀਦਾਰ, ਮਟਰ, ਬੀਨਸ (ਫਲੀਆਂ), ਬੈਂਗਣ, ਗੋਭੀ, ਮੂਲੀ, ਕਾਲੀ ਮਿਰਚ, ਲਾਲ ਮਿਰਚ, ਪਿਆਜ਼, ਕਣਕ, ਮਾਂਹ ਦੀ ਦਾਲ, ਮੱਕੀ ਅਤੇ ਜੌਂ ਆਦਿ ਪੈਦਾ ਕਰਨਾ ਸ਼ੁਰੂ ਕਰ ਦਿੱਤਾ।

ਜੈਵਿਕ ਖੇਤੀ ਨੂੰ ਅਪਨਾਉਣ ਦਾ ਉਸਦੀ ਆਮਦਨ ਤੇ ਸਕਾਰਾਤਮਕ ਪ੍ਰਭਾਵ ਹੋਇਆ ਅਤੇ ਇਸਨੂੰ ਸਾਲਾਨਾ 4 ਤੋਂ 5 ਲੱਖ ਤੱਕ ਵਧਾਇਆ। ਕੇਵਲ ਇਹ ਹੀ ਨਹੀਂ, ਪਰ ਮੋਰਾਰਕਾ ਫਾਊਂਡੇਸ਼ਨ ਦੀ ਮਦਦ ਨਾਲ ਕਾਂਤਾ ਦੇਸ਼ਟਾ ਨੇ ਆਪਣੇ ਪਿੰਡ ਵਿਚ ਔਰਤਾਂ ਦੇ ਇੱਕ ਸਮੂਹ ਦੀ ਸਿਰਜਣਾ ਕੀਤੀ ਅਤੇ ਉਨ੍ਹਾਂ ਨੂੰ ਜੈਵਿਕ ਖੇਤੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ, ਅਤੇ ਉਨ੍ਹਾਂ ਨੂੰ ਉਸੇ ਫਾਉਂਦਾਤਿਓਂ ਦੇ ਤਹਿਤ ਰਜਿਸਟਰ ਵੀ ਕਰਵਾਇਆ।

“ਮੈਂ ਮੰਨਦੀ ਹਾਂ ਕਿ ਇੱਕ ਸਮੂਹ ਵਿੱਚ ਲੋਕਾਂ ਨੂੰ ਗਿਆਨ ਪ੍ਰਦਾਨ ਕਰਨਾ ਬਿਹਤਰ ਹੈ ਕਿਉਂਕਿ ਇਸਦੀ ਕੀਮਤ ਘੱਟ ਹੈ ਅਤੇ ਅਸੀਂ ਇੱਕ ਸਮੇਂ ਵਧੇਰੇ ਲੋਕਾਂ ਨੂੰ ਗਿਆਨ ਦੇ ਸਕਦੇ ਹਾਂ।”

ਅੱਜ ਉਸਦਾ ਨਾਮ ਕਾਮਯਾਬ ਜੈਵਿਕ ਕਿਸਾਨਾਂ ਦੀ ਸੂਚੀ ਵਿੱਚ ਆਉਂਦਾ ਹੈ ਉਸ ਕੋਲ 31 ਬਿੱਘੇ ਸਿੰਚਾਈ ਜ਼ਮੀਨ ਹੈ ਜਿਸ ਰਾਹੀਂ ਉਹ ਖੇਤੀ ਕਰ ਰਹੀ ਹੈ ਅਤੇ ਲੱਖਾਂ ਵਿਚ ਲਾਭ ਕਮਾ ਰਹੀ ਹੈ। ਬਾਅਦ ਵਿਚ ਉਹ ਐਨ. ਓ. ਐਨ. ਆਈ. ਯੂਨੀਵਰਸਿਟੀ, ਦਿੱਲੀ, ਜੈਪੁਰ ਅਤੇ ਬੈਂਗਲੋਰ ਵਿਚ ਵੀ ਗਈ ਤਾਂ ਕਿ ਔਰਗੈਨਿਕ ਫਾਰਮਿੰਗ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਅਤੇ ਹਿਮਾਚਲ ਪ੍ਰਦੇਸ਼ ਸਰਕਾਰ ਦੁਆਰਾ ਉਸ ਦੇ ਜ਼ੋਰਦਾਰ ਯਤਨ ਲਈ, ਉਸ ਨੂੰ ਦੋ ਵਾਰ ਸਰਕਾਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਿਮਲਾ ਵਿਚ ਬੈਸਟ ਫਾਰਮਰ ਐਵਾਰਡ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ ਸੀ ਅਤੇ 13 ਜੂਨ 2013 ਨੂੰ ਉਸ ਨੂੰ ਜੈਵਿਕ ਖੇਤੀ ਦੇ ਖੇਤਰ ਵਿਚ ਯੋਗਦਾਨ ਲਈ ਪ੍ਰਸ਼ੰਸਾ ਅਤੇ ਸਨਮਾਨ ਵੀ ਮਿਲਿਆ।

ਇੱਕ ਵਿਸ਼ਾਲ ਪੱਧਰ ਤੇ ਇੰਨੀ ਵਡਮੁੱਲੀ ਹੋਣ ਦੇ ਬਾਵਜੂਦ, ਇਹ ਔਰਤ ਆਪਣੇ ਆਪ ਪੂਰੀ ਵਾਹਵਾਹੀ ਨਹੀਂ ਲੈਂਦੀ ਅਤੇ ਉਹ ਮੰਨਦੀ ਹੈ ਕਿ ਉਸਦੀ ਸਫ਼ਲਤਾ ਦਾ ਸਾਰਾ ਸਿਹਰਾ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀਬਾੜੀ ਵਿਭਾਗ ਨੂੰ ਜਾਂਦਾ ਹੈ ਜਿਸ ਨੇ ਉਸਨੂੰ ਸਹੀ ਰਸਤਾ ਵਿਖਾਇਆ ‘ਤੇ ਅਗਵਾਈ ਕੀਤੀ।

ਖੇਤੀ ਤੋਂ ਇਲਾਵਾ, ਕਾਂਤਾ ਕੋਲ ਦੋ ਗਾਵਾਂ ਅਤੇ 3 ਮੱਝਾਂ ਵੀ ਹਨ ਅਤੇ ਉਸਦੇ ਖੇਤਾਂ ਵਿੱਚ 30x8x10 ਦਾ ਇੱਕ ਵਰਮੀਕੰਪੋਸਟ ਪਲਾਂਟ ਵੀ ਹੈ ਜਿਸ ਵਿੱਚ ਉਹ ਪਸ਼ੂਆਂ ਗੋਬਰ ਅਤੇ ਖੇਤ ਦੀ ਰਹਿੰਦ-ਖੂੰਹਦ ਨੂੰ ਖਾਦ ਵਜੋਂ ਵਰਤਦੀ ਹੈ। ਉਹ ਭੂਮੀ ਦੀਆਂ ਸਥਿਤੀਆਂ ਵਿੱਚ ਸੁਧਾਰ ਲਿਆਉਣ ਅਤੇ ਖ਼ਰਚਿਆਂ ਨੂੰ ਘਟਾਉਣ ਲਈ, ਕੀਟਨਾਸ਼ਕਾਂ ਦੀ ਥਾਂ ‘ਤੇ ਜੜ੍ਹੀ-ਬੂਟੀਆਂ ਦੇ ਸਪਰੇਅ ਐਪਰਚਰ ਵਾਸ਼, ਜੀਵ-ਅੰਮ੍ਰਿਤ ਅਤੇ ਐਨ. ਐਸ. ਡੀ. ਐਲ. ਦੀ ਵਰਤੋਂ ਕਰਦੀ ਹੈ।

ਹੁਣ, ਕਾਂਤਾ ਆਪਣੇ ਰਿਸ਼ਤੇਦਾਰਾਂ ਅਤੇ ਦੋਸਤਾਂ ਵਿਚ ਸਬਜ਼ੀਆਂ ਅਤੇ ਫਲ ਵੰਡਣ ਦੌਰਾਨ ਖੁਸ਼ੀ ਮਹਿਸੂਸ ਕਰਦੀ ਹੈ, ਕਿਉਂਕਿ ਉਹ ਜਾਣਦੀ ਹੈ ਕਿ ਜੋ ਉਹ ਜੋ ਵੰਡ ਰਹੀ ਹੈ ਉਹ ਨੁਕਸਾਨਦੇਹ ਰਸਾਇਣਾਂ ਤੋਂ ਮੁਕਤ ਹੈ ਅਤੇ ਉਹ ਇਸ ਨੂੰ ਖਾ ਕੇ ਉਸਦੇ ਰਿਸ਼ਤੇਦਾਰ ਅਤੇ ਦੋਸਤ ਸਿਹਤਮੰਦ ਰਹਿਣਗੇ।

ਕਾਂਤਾ ਦੇਸ਼ਟਾ ਵੱਲੋਂ ਸੰਦੇਸ਼:
“ਜੈਵਿਕ ਖੇਤੀ ਬਹੁਤ ਮਹੱਤਵਪੂਰਨ ਹੈ ਜੇ ਅਸੀਂ ਆਪਣੇ ਵਾਤਾਵਰਣ ਨੂੰ ਸਾਫ਼ ਰੱਖਣਾ ਚਾਹੁੰਦੇ ਹਾਂ”