ਇੰਦਰ ਸਿੰਘ ਸਿੱਧੂ

ਪੂਰੀ ਕਹਾਣੀ ਪੜ੍ਹੋ

ਪੰਜਾਬ ‘ਚ ਸਥਿਤ ਫਾਰਮ ਦੀ ਸਫ਼ਲਤਾ ਦੀ ਕਹਾਣੀ ਹੈ ਜੋ ਹਰੀ ਕ੍ਰਾਂਤੀ ਦੇ ਪ੍ਰਭਾਵ ਹੇਠ ਨਹੀਂ ਆਇਆ

ਇੱਕ ਕਿਸਾਨ, ਜਿਸ ਦਾ ਪੂਰਾ ਜੀਵਨ-ਚੱਕਰ ਫ਼ਸਲ ਦੀ ਪੈਦਾਵਾਰ ‘ਤੇ ਹੀ ਨਿਰਭਰ ਕਰਦਾ ਹੈ, ਉਨ੍ਹਾਂ ਲਈ ਇੱਕ ਵਾਰ ਵੀ ਫ਼ਸਲ ਦੀ ਪੈਦਾਵਾਰ ਵਿੱਚ ਹਾਨੀ ਦਾ ਸਾਹਮਣਾ ਕਰਨਾ ਤਬਾਹੀ ਵਾਲੀ ਸਥਿਤੀ ਹੋ ਸਕਦੀ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਹਰ ਕਿਸਾਨ ਨੇ ਆਪਣੀ ਸਮਰੱਥਾ ਅਨੁਸਾਰ ਬਚਾਅ ਦੇ ਉਪਾਅ ਕੀਤੇ ਹਨ, ਤਾਂ ਜੋ ਨੁਕਸਾਨ ਤੋਂ ਬਚਿਆ ਜਾ ਸਕੇ ਅਤੇ ਇਸ ਤਰ੍ਹਾਂ ਹੀ ਖੇਤੀਬਾੜੀ ਦੇ ਖੇਤਰ ਵਧੇਰੇ ਪੈਦਾਵਾਰ ਲੈਣ ਦੀ ਦੌੜ ਵਿੱਚ ਹਰੀ ਕ੍ਰਾਂਤੀ ਨੂੰ ਅਪਣਾ ਕੇ ਨਵੀਨੀਕਰਨ ਵੱਲ ਅੱਗੇ ਵਧਿਆ। ਪਰ ਪੰਜਾਬ ਵਿੱਚ ਸਥਿਤ ਇੱਕ ਫਾਰਮ ਹੈ ਜੋ ਹਰੀ ਕ੍ਰਾਂਤੀ ਦੇ ਪ੍ਰਭਾਵ ਦੇ ਸੰਪਰਕ ਵਿੱਚ ਬਿਲਕੁਲ ਵੀ ਨਹੀਂ ਆਇਆ।

ਇਹ ਇੱਕ ਵਿਅਕਤੀ ਦੀ ਕਹਾਣੀ ਹੈ – ਇੰਦਰ ਸਿੰਘ ਸਿੱਧੂ, ਜਿਨ੍ਹਾਂ ਦੀ ਉਮਰ 89 ਸਾਲ ਹੈ ਅਤੇ ਉਨ੍ਹਾਂ ਦਾ ਪਰਿਵਾਰ ‘ਬੰਗਲਾ ਨੈਚੁਰਲ ਫੂਡ ਫਾਰਮ’ ਚਲਾ ਰਿਹਾ ਹੈ। ਇਹ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਹਰੀ ਕ੍ਰਾਂਤੀ ਭਾਰਤ ਵਿੱਚ ਆਈ। ਇਹ ਉਸ ਸਮੇਂ ਦੀ ਗੱਲ ਹੈ ਜਦੋਂ ਕੀਟਨਾਸ਼ਕਾਂ ਅਤੇ ਖਾਦਾਂ ਦੇ ਰੂਪ ਵਿੱਚ ਕਿਸਾਨਾਂ ਦੇ ਹੱਥਾਂ ਵਿੱਚ ਹਾਨੀਕਾਰਕ ਰਸਾਇਣਿਕ ਦਿੱਤੇ ਗਏ। ਇੰਦਰ ਸਿੰਘ ਸਿੱਧੂ ਵੀ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਸਨ ਜਿਹਨਾਂ ਨੇ ਕੁੱਝ ਅਸਾਧਾਰਨ ਘਟਨਾਵਾਂ ਦਾ ਸਾਹਮਣਾ ਕੀਤਾ, ਜਿਸ ਕਰਕੇ ਉਨ੍ਹਾਂ ਨੂੰ ਕੀਟਨਾਸ਼ਕਾਂ ਦੀ ਵਰਤੋਂ ਨਾਲ ਨਫ਼ਰਤ ਹੋ ਗਈ।

“ਗੰਨੇ ਦੇ ਖੇਤ ਵਿੱਚ ਕੀੜੇ ਮਾਰਨ ਲਈ ਇੱਕ ਸਪਰੇਅ ਕੀਤੀ ਗਈ ਸੀ ਅਤੇ ਉਸ ਸਮੇਂ ਕਿਸਾਨਾਂ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਉਸ ਜਗ੍ਹਾ ਤੋਂ ਆਪਣੇ ਪਸ਼ੂਆਂ ਲਈ ਚਾਰਾ ਇਕੱਠਾ ਨਾ ਕਰਨ। ਇਸੇ ਕਿਸਮ ਦੀ ਪ੍ਰਕਿਰਿਆ ਜਵਾਰ ਦੇ ਖੇਤ ਵਿੱਚ ਵੀ ਕੀਤੀ ਗਈ ਅਤੇ ਇਹ ਸਪਰੇਅ ਬਹੁਤ ਜ਼ਿਆਦਾ ਜ਼ਹਿਰੀਲੀ ਸੀ, ਜਿਸ ਨਾਲ ਚੂਹੇ ਅਤੇ ਹੋਰ ਕਈ ਛੋਟੇ ਕੀਟ ਵੀ ਮਰ ਗਏ।”

ਇਨ੍ਹਾਂ ਦੋਨਾਂ ਘਟਨਾਵਾਂ ਨੂੰ ਦੇਖਣ ਦੇ ਬਾਅਦ, ਇੰਦਰ ਸਿੰਘ ਸਿੱਧੂ ਨੇ ਸੋਚਿਆ ਕਿ ਜੇਕਰ ਇਹ ਸਪਰੇਆਂ ਪਸ਼ੂਆਂ ਅਤੇ ਕੀੜਿਆਂ ਲਈ ਹਾਨੀਕਾਰਕ ਹਨ, ਤਾਂ ਇਹ ਸਾਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ। ਸ. ਸਿੱਧੂ ਨੇ ਫੈਸਲਾ ਕੀਤਾ ਕਿ ਕੁੱਝ ਵੀ ਹੋ ਜਾਵੇ, ਉਹ ਇਨ੍ਹਾਂ ਜ਼ਹਿਰੀਲੀਆਂ ਚੀਜ਼ਾਂ ਨੂੰ ਆਪਣੇ ਖੇਤਾਂ ਵਿੱਚ ਨਹੀਂ ਆਉਣ ਦੇਣਗੇ ਅਤੇ ਇਸ ਤਰ੍ਹਾਂ ਰਵਾਇਤੀ ਖੇਤੀ ਦੇ ਅਭਿਆਸਾਂ, ਫਾਰਮ ਤੋਂ ਤਿਆਰ ਖਾਦ ਅਤੇ ਵਾਤਾਵਰਣ ਅਨੁਕੂਲ ਵਿਧੀਆਂ ਦੀ ਵਰਤੋਂ ਕਰਨ ਨਾਲ ਬੰਗਲਾ ਨੈਚੁਰਲ ਫੂਡ ਫਾਰਮ ਨੂੰ ਮੌਤ ਦੇਣ ਵਾਲੀਆਂ ਸਪਰੇਆਂ ਤੋਂ ਬਚਾਇਆ।

ਖੈਰ, ਇੰਦਰ ਸਿੰਘ ਸਿੱਧੂ ਇਕੱਲੇ ਨਹੀਂ ਹਨ, ਉਨ੍ਹਾਂ ਦੇ ਪੁੱਤਰ ਹਰਜਿੰਦਰ ਪਾਲ ਸਿੰਘ ਸਿੱਧੂ ਅਤੇ ਨੂੰਹ – ਮਧੂਮੀਤ ਕੌਰ ਦੋਨੋਂ ਉਨ੍ਹਾਂ ਦੀ ਮਦਦ ਕਰਦੇ ਹਨ। ਰਸੋਈ ਤੋਂ ਲੈ ਕੇ ਬਗ਼ੀਚੀ ਤੱਕ ਅਤੇ ਬਗ਼ੀਚੀ ਤੋਂ ਖੇਤ ਤੱਕ, ਮਧੂਮੀਤ ਕੌਰ ਹਰ ਕੰਮ ਵਿੱਚ ਦਿਲਚਸਪੀ ਲੈਂਦੇ ਹਨ ਅਤੇ ਆਪਣੇ ਪਤੀ ਅਤੇ ਸਹੁਰੇ ਦੇ ਕਦਮ ਨਾਲ ਕਦਮ ਮਿਲਾਉਂਦੇ ਹਨ।

ਪਹਿਲਾਂ, ਜਦੋਂ ਅੰਗਰੇਜ਼ਾਂ ਨੇ ਭਾਰਤ ‘ਤੇ ਹਕੂਮਤ ਕੀਤੀ ਸੀ, ਉਸ ਸਮੇਂ ਫਾਜ਼ਿਲਕਾ ਨੂੰ ਬੰਗਲੌਅ(ਬੰਗਲਾ) ਕਹਿੰਦੇ ਸਨ, ਇਸ ਕਰਕੇ ਮੇਰੇ ਸਹੁਰਾ ਜੀ ਨੇ ਫਾਰਮ ਦਾ ਨਾਮ ‘ਬੰਗਲਾ ਨੈਚੂਰਲ ਫੂਡਜ਼’ ਰੱਖਿਆ। – ਮਧੂਮੀਤ ਕੌਰ ਨੇ ਮੁਸਕਰਾਉਂਦੇ ਹੋਏ ਕਿਹਾ।
ਇੰਦਰ ਸਿੰਘ ਸਿੱਧੂ ਰਵਾਇਤੀ ਖੇਤੀ ਦੇ ਅਭਿਆਸ ਵਿੱਚ ਵਿਸ਼ਵਾਸ ਰੱਖਦੇ ਹਨ ਪਰ ਉਹ ਕਦੇ ਵੀ ਆਧੁਨਿਕ ਵਾਤਵਰਨ ਅਨੁਕੂਲ ਖੇਤੀ ਤਕਨੀਕਾਂ ਅਪਨਾਉਣ ਤੋਂ ਝਿਜਕਦੇ ਨਹੀਂ। ਉਹ ਆਪਣੇ ਫਾਰਮ ‘ਤੇ ਸਾਰੀ ਆਧੁਨਿਕ ਮਸ਼ੀਨਰੀ ਨੂੰ ਕਿਰਾਏ ‘ਤੇ ਲੈ ਕੇ ਵਰਤਦੇ ਹਨ ਅਤੇ ਖਾਦ ਤਿਆਰ ਕਰਨ ਲਈ ਆਪਣੀ ਨੂੰਹ ਦੀ ਸਿਫ਼ਾਰਿਸ਼ ‘ਤੇ ਉਹ “ਵੇਸਟ ਡੀਕੰਪੋਜ਼ਰ” ਦੀ ਵੀ ਵਰਤੋਂ ਕਰਦੇ ਹਨ। ਉਹ ਕੀਟਨਾਸ਼ਕਾਂ ਥਾਂ ‘ਤੇ ਖੱਟੀ ਲੱਸੀ, ਨਿੰਮ ਅਤੇ ਹੋਰ ਪਦਾਰਥਾਂ ਦੀ ਵਰਤੋਂ ਕਰਦੇ ਹਨ ਜੋ ਹਾਨੀਕਾਰਕ ਕੀੜਿਆਂ ਨੂੰ ਫ਼ਸਲਾਂ ਤੋਂ ਦੂਰ ਰੱਖਦੇ ਹਨ।

ਉਹ ਮੁੱਖ ਫ਼ਸਲ ਜਿਸ ਲਈ ਬੰਗਲਾ ਨੈਚੂਰਲ ਫੂਡ ਫਾਰਮ ਨੂੰ ਜਾਣਿਆ ਜਾਂਦਾ ਹੈ, ਉਹ ਹੈ ਕਣਕ ਦੀ ਸਭ ਤੋਂ ਪੁਰਾਣੀ ਕਿਸਮ Bansi (ਬੰਸੀ)। ਬੰਸੀ ਕਣਕ ਭਾਰਤ ਦੀ 2500 ਸਾਲ ਪੁਰਾਣੀ ਦੇਸੀ ਕਿਸਮ ਹੈ, ਜਿਸ ਵਿਟਾਮਿਨਾਂ ਦੀ ਵਧੇਰੇ ਮਾਤਰਾ ਹੁੰਦੀ ਹੈ ਅਤੇ ਇਹ ਭੋਜਨ ਲਈ ਵੀ ਚੰਗੀ ਮੰਨੀ ਜਾਂਦੀ ਹੈ।

“ਜਦੋਂ ਅਸੀਂ ਕੁਦਰਤੀ ਤੌਰ ‘ਤੇ ਉਗਾਏ ਜਾਣ ਵਾਲੇ ਅਤੇ ਪ੍ਰੋਸੈੱਸ ਕੀਤੇ ਬੰਸੀ ਦੇ ਆਟੇ ਨੂੰ ਗੁੰਨ੍ਹਦੇ ਹਾਂ ਤਾਂ ਇਹ ਅਗਲੇ ਦਿਨ ਵੀ ਚਿੱਟਾ ਅਤੇ ਤਾਜ਼ਾ ਦਿਖਾਈ ਦਿੰਦਾ ਹੈ, ਪਰ ਜਦੋਂ ਅਸੀਂ ਬਾਜ਼ਾਰ ਤੋਂ ਖਰੀਦਿਆ ਕਣਕ ਦਾ ਆਟਾ ਦੇਖੀਏ ਤਾਂ ਇਹ ਕੁੱਝ ਕੁ ਘੰਟੇ ਬਾਅਦ ਕਾਲਾ ਹੋ ਜਾਂਦਾ ਹੈ। – ਮਧੂਮੀਤ ਕੌਰ ਨੇ ਕਿਹਾ।”

ਕਣਕ ਤੋਂ ਇਲਾਵਾ ਸ. ਸਿੱਧੂ ਗੰਨਾ, ਲਸਣ, ਪਿਆਜ਼, ਹਲਦੀ, ਦਾਲਾਂ, ਮੌਸਮੀ ਸਬਜ਼ੀਆਂ ਪੈਦਾ ਕਰਦੇ ਹਨ ਅਤੇ ਉਨ੍ਹਾਂ ਨੇ 7 ਏਕੜ ਵਿੱਚ ਮਿਸ਼ਰਤ ਫਲਾਂ ਦਾ ਬਾਗ ਵੀ ਲਾਇਆ ਹੈ। ਸ. ਸਿੱਧੂ 89 ਸਾਲ ਦੀ ਉਮਰ ਵਿੱਚ ਵੀ ਬਿਲਕੁਲ ਤੰਦਰੁਸਤ ਹਨ, ਉਹ ਕਦੇ ਵੀ ਫਾਰਮ ਤੋਂ ਛੁੱਟੀ ਨਹੀਂ ਕਰਦੇ ਅਤੇ ਕੁੱਝ ਕਰਮਚਾਰੀਆਂ ਦੀ ਮਦਦ ਨਾਲ ਫਾਰਮ ਦੇ ਸਾਰੇ ਕੰਮ ਦੀ ਨਿਗਰਾਨੀ ਕਰਦੇ ਹਨ। ਪਿੰਡ ਦੇ ਬਹੁਤ ਸਾਰੇ ਲੋਕ ਇੰਦਰ ਸਿੰਘ ਸਿੱਧੂ ਦੇ ਯਤਨਾਂ ਦੀ ਆਲੋਚਨਾ ਕਰਦੇ ਸਨ ਅਤੇ ਕਹਿੰਦੇ ਸਨ “ਇਹ ਬਜ਼ੁਰਗ ਬੰਦਾ ਕੀ ਕਰ ਰਿਹਾ ਹੈ…”, ਪਰ ਹੁਣ ਬਹੁਤ ਸਾਰੇ ਆਲੋਚਕ ਗ੍ਰਾਹਕਾਂ ਵਿੱਚ ਬਦਲ ਗਏ ਹਨ ਅਤੇ ਬੰਗਲਾ ਨੈਚੁਰਲ ਫੂਡ ਫਾਰਮ ਤੋਂ ਸਬਜ਼ੀਆਂ ਅਤੇ ਤਿਆਰ ਕੀਤੇ ਉਤਪਾਦ ਖਰੀਦਣਾ ਪਸੰਦ ਕਰਦੇ ਹਨ।
ਇੰਦਰ ਸਿੰਘ ਸਿੱਧੂ ਦੀ ਨੂੰਹ ਖੇਤੀ ਕਰਨ ਤੋਂ ਇਲਾਵਾ ਖੇਤੀ ਉਤਪਾਦਾਂ ਜਿਵੇਂ ਸੇਵੀਆਂ, ਦਲੀਆ, ਚੌਲਾਂ ਤੋਂ ਤਿਆਰ ਵਰਮੀਸਿਲੀ(ਸੇਵੀਆਂ), ਨਮਕੀਨ ਚੌਲ, ਅਮਰੂਦ ਦਾ ਜੂਸ ਅਤੇ ਲਸਣ ਪਾਊਡਰ ਆਦਿ ਉਤਪਾਦ ਵੀ ਤਿਆਰ ਕਰਦੇ ਹਨ। ਜ਼ਿਆਦਾਤਰ ਤਿਆਰ ਕੀਤੇ ਉਤਪਾਦ ਅਤੇ ਫ਼ਸਲਾਂ ਘਰੇਲੂ ਉਦੇਸ਼ ਲਈ ਵਰਤੀਆਂ ਜਾਂਦੀਆਂ ਹਨ ਜਾਂ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਵਿੱਚ ਵੰਡ ਦਿੱਤੀਆਂ ਜਾਂਦੀਆਂ ਹਨ।

ਉਨ੍ਹਾਂ ਦੀ 50 ਏਕੜ ਜ਼ਮੀਨ ਨੂੰ 3 ਪਲਾਟ ਵਿੱਚ ਵੰਡਿਆ ਹੈ, ਜਿਸ ਵਿੱਚੋਂ ਇੰਦਰ ਸਿੰਘ ਸਿੱਧੂ ਕੋਲ 1 ਪਲਾਟ ਹੈ, ਜਿਸ ਵਿੱਚ ਪਿਛਲੇ 30 ਸਾਲਾਂ ਤੋਂ ਕੁਦਰਤੀ ਤੌਰ ‘ਤੇ ਖੇਤੀ ਕੀਤੀ ਜਾ ਰਹੀ ਹੈ ਅਤੇ 36 ਏਕੜ ਜ਼ਮੀਨ ਹੋਰਨਾਂ ਕਿਸਾਨਾਂ ਨੂੰ ਠੇਕੇ ‘ਤੇ ਦਿੱਤੀ ਹੈ। ਕੁਦਰਤੀ ਖੇਤੀ ਕਰਨ ਲਈ ਖੇਤੀ ਵਿਰਾਸਤ ਮਿਸ਼ਨ ਵੱਲੋਂ ਉਨ੍ਹਾਂ ਨੂੰ ਪ੍ਰਮਾਣ ਪੱਤਰ ਵੀ ਹਾਸਲ ਹੋਇਆ ਹੈ।
ਇਹ ਪਰਿਵਾਰ ਰਵਾਇਤੀ ਅਤੇ ਵਿਰਾਸਤੀ ਢੰਗ ਦੇ ਜੀਵਨ ਨੂੰ ਸੰਭਾਲ ਕੇ ਰੱਖਣ ਵਿੱਚ ਯਕੀਨ ਰੱਖਦਾ ਹੈ। ਉਹ ਭੋਜਨ ਪਕਾਉਣ ਲਈ ਮਿੱਟੀ ਦੇ ਭਾਂਡਿਆਂ (ਕੁੱਜਾ, ਘੜਾ ਆਦਿ) ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਉਹ ਘਰ ਵਿੱਚ ਦਰੀਆਂ, ਸੰਦੂਕ ਅਤੇ ਮੰਜੀਆਂ ਆਦਿ ਦੀ ਵੀ ਵਰਤੋਂ ਕਰਦੇ ਹਨ।

ਹਰ ਸਾਲ ਉਨ੍ਹਾਂ ਦੇ ਫਾਰਮ ‘ਤੇ ਬਹੁਤ ਲੋਕ ਘੁੰਮਣ ਅਤੇ ਦੇਖਣ ਲਈ ਆਉਂਦੇ ਹਨ, ਜਿਨ੍ਹਾਂ ਵਿੱਚ ਖੇਤੀਬਾੜੀ ਦੇ ਵਿਦਿਆਰਥੀ, ਵਿਦੇਸ਼ੀ ਖੋਜਕਾਰ ਅਤੇ ਕੁੱਝ ਉਹ ਲੋਕ ਹੁੰਦੇ ਹਨ ਜੋ ਵਿਰਾਸਤ ਅਤੇ ਖੇਤੀਬਾੜੀ ਵਾਲੇ ਜੀਵਨ ਨੂੰ ਕੁੱਝ ਦਿਨ ਲਈ ਮਾਨਣਾ ਚਾਹੁੰਦੇ ਹਨ।

ਭਵਿੱਖ ਦੀ ਯੋਜਨਾ:
ਫ਼ਸਲ ਅਤੇ ਤਿਆਰ ਕੀਤੇ ਉਤਪਾਦ ਵੇਚਣ ਲਈ ਉਹ ਆਪਣੇ ਫਾਰਮ ‘ਤੇ ਕੁੱਝ ਹੋਰ ਕਿਸਾਨਾਂ ਦੇ ਨਾਲ ਮਿਲ ਕੇ ਇੱਕ ਛੋਟਾ ਜਿਹਾ ਸਟੋਰ (ਦੁਕਾਨ) ਖੋਲ੍ਹਣ ਦੀ ਯੋਜਨਾ ਬਣਾ ਰਹੇ ਹਨ ਅਤੇ ਆਪਣੇ ਫਾਰਮ ਨੂੰ ਇੱਕ ਟੂਰਿਸਟ ਸਥਾਨ ਵਿੱਚ ਬਦਲਣਾ ਚਾਹੁੰਦੇ ਹਨ।

ਸੰਦੇਸ਼
“ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਜੇ ਕੀਟਾਂ ਲਈ ਰਸਾਇਣ ਜਾਨਲੇਵਾ ਹਨ ਤਾਂ ਇਹ ਕੁਦਰਤ ਲਈ ਵੀ ਹਾਨੀਕਾਰਕ ਸਿੱਧ ਹੋ ਸਕਦੇ ਹਨ, ਇਸ ਲਈ ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਨ ਤੋਂ ਬਚੀਏ, ਜੋ ਭਵਿੱਖ ਵਿੱਚ ਨੁਕਸਾਨ ਦੇ ਸਕਦੀਆਂ ਹਨ। ਇਸ ਤੋਂ ਇਲਾਵਾ, ਜ਼ਿਆਦਾਤਰ ਕੀੜੇ-ਮਕੌੜੇ ਸਾਡੇ ਲਈ ਸਹਾਇਕ ਹੁੰਦੇ ਹਨ ਅਤੇ ਉਨ੍ਹਾਂ ਨੂੰ ਕੀੜੇਮਾਰ ਦਵਾਈਆਂ ਦੀ ਵਰਤੋਂ ਨਾਲ ਮਾਰਨਾ ਫ਼ਸਲਾਂ ਦੇ ਨਾਲ-ਨਾਲ ਵਾਤਾਵਰਨ ਲਈ ਵੀ ਬੁਰਾ ਸਿੱਧ ਹੁੰਦਾ ਹੈ। ਕਿਸਾਨ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਜੇਕਰ ਤੁਸੀਂ ਆਪਣੇ ਕੰਮ ਤੋਂ ਸੰਤੁਸ਼ਟ ਹੋ ਤਾਂ ਤੁਸੀਂ ਕੁੱਝ ਵੀ ਕਰ ਸਕਦੇ ਹੋ।”

ਖੈਰ, ਚੰਗੀ ਸਿਹਤ ਅਤੇ ਜੀਵਨ ਢੰਗ ਦਿਖਾਉਂਦਾ ਹੈ ਕਿ ਸਖ਼ਤ ਮਿਹਨਤ ਅਤੇ ਕੁਦਰਤੀ ਖੇਤੀ ਦੇ ਪ੍ਰਤੀ ਸਮਰਪਣ ਨੇ ਇੰਦਰ ਸਿੰਘ ਸਿੱਧੂ ਜੀ ਨੂੰ ਚੰਗਾ ਮੁਨਾਫ਼ਾ ਦਿੱਤਾ ਹੈ ਅਤੇ ਉਨ੍ਹਾਂ ਦੀ ਸ਼ਖ਼ਸੀਅਤ ਅਤੇ ਖੇਤੀ ਦੇ ਅਭਿਆਸਾਂ ਨੇ ਉਨ੍ਹਾਂ ਨੂੰ ਨੇੜਲੇ ਇਲਾਕਿਆਂ ਵਿੱਚ ਪਹਿਲਾਂ ਹੀ ਪ੍ਰਸਿੱਧ ਕਰ ਦਿੱਤਾ ਹੈ।

ਕਿਸਾਨਾਂ ਨੂੰ ਲੋਕਾਂ ਦੀਆਂ ਆਲੋਚਨਾਵਾਂ ਤੋਂ ਪ੍ਰਭਾਵਿਤ ਨਹੀਂ ਹੋਣਾ ਚਾਹੀਦਾ ਅਤੇ ਉਹੀ ਕਰਨਾ ਚਾਹੀਦਾ ਹੈ ਜੋ ਕੁਦਰਤ ਲਈ ਚੰਗਾ ਹੈ ਅਤੇ ਅੱਜ ਸਾਨੂੰ ਇਹੋ ਜਿਹੇ ਲੋਕਾਂ ਦੀ ਹੀ ਲੋੜ ਹੈ। ਇੰਦਰ ਸਿੰਘ ਸਿੱਧੂ ਅਤੇ ਉਨ੍ਹਾਂ ਵਰਗੇ ਹੋਰ ਅਗਾਂਹਵਧੂ ਕਿਸਾਨਾਂ ਨੂੰ ਸਾਡਾ ਸਲਾਮ ਹੈ।

ਗੁਰਵਿੰਦਰ ਸਿੰਘ ਸੋਹੀ

ਪੂਰੀ ਕਹਾਣੀ ਪੜ੍ਹੋ

ਇੱਕ ਨੌਜਵਾਨ ਖੇਤੀ-ਪ੍ਰੇਨਿਓਰ ਦੀ ਕਹਾਣੀ, ਜੋ ਹਾਲੈਂਡ ਗਲੇਡੀਓਲਸ ਦੀ ਖੇਤੀ ਨਾਲ ਪੰਜਾਬ ਵਿੱਚ ਫੁੱਲਾਂ ਦੇ ਵਪਾਰ ਵਿੱਚ ਅੱਗੇ ਵਧਿਆ

ਇਹ ਕਿਹਾ ਜਾਂਦਾ ਹੈ ਕਿ ਸਫ਼ਲਤਾ ਅਸਾਨੀ ਨਾਲ ਨਹੀਂ ਮਿਲਦੀ, ਤੁਹਾਨੂੰ ਅਸਫ਼ਲਤਾ ਦਾ ਸਵਾਦ ਕਾਫੀ ਵਾਰ ਚੱਖਣਾ ਪੈ ਸਕਦਾ ਹੈ, ਤਾਂ ਹੀ ਤੁਸੀਂ ਸਫ਼ਲਤਾ ਦੇ ਅਸਲੀ ਸਵਾਦ ਦਾ ਮਜ਼ਾ ਲੈ ਸਕਦੇ ਹੋ। ਅਜਿਹਾ ਹੀ ਗੁਰਵਿੰਦਰ ਸਿੰਘ ਸੋਹੀ ਜੀ ਨਾਲ ਵੀ ਹੋਇਆ। ਉਹ ਇੱਕ ਸਧਾਰਨ ਵਿਦਿਆਰਥੀ ਸਨ, ਜਿਨ੍ਹਾਂ ਨੇ ਖੇਤੀਬਾੜੀ ਨੂੰ ਉਸ ਸਮੇਂ ਚੁਣਿਆ, ਜਦੋਂ ਉਹ ਪੰਜਾਬ ਜੇ ਈ ਟੀ ਦੀ ਪ੍ਰੀਖਿਆ ਵਿੱਚ ਸਫ਼ਲ ਨਹੀਂ ਹੋ ਸਕੇ।

ਉਨ੍ਹਾਂ ਨੇ ਸ਼ੁਰੂ ਤੋਂ ਹੀ ਨਿਰਧਾਰਿਤ ਕੀਤਾ ਸੀ ਕਿ ਉਹ ਭੇਡ ਦੀ ਤਰ੍ਹਾਂ ਕੰਮ ਨਹੀਂ ਕਰਨਗੇ, ਨਾ ਹੀ ਆਪਣੇ ਪਰਿਵਾਰ ਦੇ ਕਾਰੋਬਾਰ ਦੀ ਤਰ੍ਹਾਂ ਕਣਕ-ਝੋਨੇ ਦੀ ਖੇਤੀ ਕਰਨਗੇ। ਇਸ ਲਈ ਉਨ੍ਹਾਂ ਨੇ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ, ਪਰ ਇਸ ਵਿੱਚ ਉਹ ਸਫ਼ਲ ਨਹੀਂ ਹੋ ਸਕੇ। ਛੇਤੀ ਹੀ ਉਨ੍ਹਾਂ ਨੇ ਨਜ਼ਦੀਕੀ ਸ਼ਹਿਰ ਖਮਾਣੋਂ ਵਿੱਚ ਆਪਣੀ ਮਠਿਆਈ ਦੀ ਦੁਕਾਨ ਸਥਾਪਿਤ ਕੀਤੀ, ਪਰ ਉਹ ਸ਼ਾਇਦ ਇਸ ਲਈ ਵੀ ਨਹੀਂ ਬਣੇ ਸੀ। ਇਸ ਲਈ ਉਨ੍ਹਾਂ ਨੇ ਘੋੜਿਆਂ ਦੀ ਬ੍ਰੀਡਿੰਗ ਦਾ ਕੰਮ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੇ ਆਪਣਾ ਕਾਰੋਬਾਰ ਬਦਲ ਕੇ ਜੀਪਾਂ ਤਿਆਰ ਕਰਨ ਦਾ ਕੰਮ ਸ਼ੁਰੂ ਕੀਤਾ।

ਇਹ ਸਾਰੇ ਕੰਮ ਕਰਨ ਤੋਂ ਬਾਅਦ 2008 ਵਿੱਚ ਉਨ੍ਹਾਂ ਨੂੰ ਇੱਕ ਖਬਰ ਬਾਰੇ ਪਤਾ ਲੱਗਾ ਕਿ ਪੰਜਾਬ ਬਾਗਬਾਨੀ ਵਿਭਾਗ ਹਾਲੈਂਡ ਗਲੇਡੀਓਲਸ ਦੇ ਬੀਜਾਂ ‘ਤੇ ਸਬਸਿਡੀ ਦੇ ਰਿਹਾ ਹੈ ਅਤੇ ਫਿਰ ਗੁਰਵਿੰਦਰ ਸਿੰਘ ਜੀ ਦਾ ਅਸਲ ਕਾਰੋਬਾਰੀ ਜੀਵਨ ਸ਼ੁਰੂ ਹੋਇਆ। ਉਨ੍ਹਾਂ ਨੇ 2 ਕਨਾਲ ਵਿੱਚ ਗਲੇਡੀਓਲਸ ਦੀ ਖੇਤੀ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਇਸ ਨੂੰ ਕਈ ਏਕੜ ਵਿੱਚ ਵਧਾ ਲਿਆ। ਫੁੱਲਾਂ ਦੀਆਂ ਸਥਾਨਕ ਕਿਸਮਾਂ ਦੇ ਮੁਕਾਬਲੇ ਉਨ੍ਹਾਂ ਨੂੰ ਵੱਧ ਮੁੱਲ ਮਿਲਣ ਲੱਗਾ ਅਤੇ ਇਸ ਨਾਲ ਆਮਦਨ ਵਿੱਚ ਵੀ ਵਾਧਾ ਹੋਇਆ।

ਫਿਰ ਖੇਤਰ ਵੱਧ ਕੇ 8 ਤੋਂ 18 ਏਕੜ ਹੋ ਗਿਆ, ਜਿਸ ਵਿੱਚੋਂ 9 ਉਨ੍ਹਾਂ ਦੇ ਆਪਣੇ ਹਨ ਅਤੇ 9 ਠੇਕੇ ‘ਤੇ ਹਨ। ਉਨ੍ਹਾਂ ਨੇ ਗਲੇਡੀਓਲਸ ਲਈ 10 ਏਕੜ, ਗੇਂਦੇ ਦੇ ਫੁੱਲਾਂ ਲਈ 1 ਏਕੜ ਅਤੇ ਬਾਕੀ ਖੇਤਰ ਨੂੰ ਦਾਲਾਂ, ਝੋਨਾ (ਖ਼ਾਸ ਕਰਕੇ ਬਾਸਮਤੀ), ਕਣਕ, ਮੱਕੀ ਅਤੇ ਹਰੇ ਚਾਰੇ ਲਈ ਵਰਤਿਆ। ਗਲੇਡੀਓਲਸ ਦੀ ਖੇਤੀ ਵਿੱਚ 7-8 ਮਹੀਨੇ ਦਾ ਸਮਾਂ ਲੱਗਦਾ ਹੈ। ਇਸਦੀ ਬਿਜਾਈ ਸਤੰਬਰ-ਅਕਤੂਬਰ ਅਤੇ ਕਟਾਈ ਜਨਵਰੀ ਫਰਵਰੀ ਵਿੱਚ ਕੀਤੀ ਜਾਂਦੀ ਹੈ। ਜਦਕਿ ਝੋਨੇ ਅਤੇ ਕਣਕ ਦੀ ਬਿਜਾਈ ਅਤੇ ਕਟਾਈ ਇਸਦੇ ਉਲਟ ਹੈ। ਇਸ ਲਈ ਇੱਕ ਸਾਲ ਵਿੱਚ ਇੱਕ ਹੀ ਜ਼ਮੀਨ ਤੋਂ ਕਾਫੀ ਆਮਦਨ ਹੁੰਦੀ ਹੈ। ਇਸ ਤੋਂ ਇਲਾਵਾ ਵਿਆਹ-ਸ਼ਾਦੀ ਦੇ ਦਿਨਾਂ ਵਿੱਚ ਗਲੇਡੀਓਲਸ ਦੀ ਇੱਕ ਡੰਡੀ 7 ਰੁਪਏ ਅਤੇ ਔਸਤਨ 3 ਰੁਪਏ ਵਿੱਚ ਵਿਕਦੀ ਹੈ। ਇਸ ਤਰੀਕੇ ਨਾਲ ਉਹ ਇੱਕ ਸਾਲ ਵਿੱਚ ਆਪਣੀ ਕਾਫੀ ਆਮਦਨ ਬਚਾ ਲੈਂਦੇ ਹਨ।

ਗਲੇਡੀਓਲਸ ਦੀ ਫ਼ਸਲ ਖਜ਼ਾਨਾ ਲੁੱਟਣ ਵਾਂਗ ਹੈ, ਕਿਉਂਕਿ ਹਾਲੈਂਡ ਦੇ ਬੀਜਾਂ ਦਾ ਇੱਕ ਸਮੇਂ ਵਿੱਚ 1.6 ਲੱਖ ਰੁਪਏ ਪ੍ਰਤੀ ਏਕੜ ਨਿਵੇਸ਼ ਹੁੰਦਾ ਹੈ ਅਤੇ ਬਾਅਦ ਵਿੱਚ 2 ਰੁਪਏ ਦੇ ਹਿਸਾਬ ਨਾਲ ਇੱਕ ਫੁੱਲ (ਬਲਬ) ਵਿਕਦਾ ਹੈ ਅਤੇ ਉਸੇ ਫ਼ਸਲ ਤੋਂ ਅਗਲੇ ਸਾਲ ਪੌਦੇ ਵੀ ਤਿਆਰ ਕੀਤੇ ਜਾ ਸਕਦੇ ਹਨ। ਹਾਲਾਂਕਿ ਇਹ ਇੱਕ ਸਮੇਂ ਦਾ ਨਿਵੇਸ਼ ਹੈ, ਪਰ ਬਿਜਾਈ ਤੋਂ ਲੈ ਕੇ ਬੀਜ ਕੱਢਣ ਲਈ ਅਪ੍ਰੈਲ ਤੋਂ ਮਈ ਮਹੀਨੇ ਵਿੱਚ ਜ਼ਿਆਦਾ ਮਜ਼ਦੂਰਾਂ ਦੀ ਲੋੜ ਹੁੰਦੀ ਹੈ, ਜਿਨ੍ਹਾਂ ਦਾ ਖ਼ਰਚਾ ਲਗਭਗ 40000 ਰੁਪਏ ਪ੍ਰਤੀ ਏਕੜ ਹੁੰਦਾ ਹੈ।

ਗੇਂਦੇ ਦੀ ਫ਼ਸਲ ਵੀ ਜ਼ਿਆਦਾ ਲਾਭ ਦੇਣ ਵਾਲੀ ਫ਼ਸਲ ਹੈ ਅਤੇ ਇਸ ਤੋਂ ਹਰੇਕ ਮੌਸਮ ਵਿੱਚ ਲਗਭਗ 1.25 ਤੋਂ 1.3 ਲੱਖ ਰੁਪਏ ਤੱਕ ਮੁਨਾਫ਼ਾ ਹੁੰਦਾ ਹੈ ਅਤੇ ਇਹ ਮੁਨਾਫ਼ਾ ਕਣਕ ਅਤੇ ਝੋਨੇ ਤੋਂ ਕਿਤੇ ਵੱਧ ਹੈ। ਇਸ ਤੋਂ ਇਲਾਵਾ ਜ਼ਮੀਨ ਠੇਕੇ ‘ਤੇ ਲੈਣ, ਮਜ਼ਦੂਰਾਂ ਅਤੇ ਹੋਰ ਨਿਵੇਸ਼ ਅਤੇ ਲਾਗਤ ਖਰਚੇ ਕੁੱਲ ਮੁਨਾਫ਼ੇ ਵਿੱਚੋਂ ਕੱਢ ਕੇ ਉਨ੍ਹਾਂ ਕੋਲ ਜੋ ਵੀ ਬੱਚਦਾ ਹੈ, ਉਹ ਵੀ ਉਨ੍ਹਾਂ ਲਈ ਕਾਫੀ ਹੁੰਦਾ ਹੈ।

ਉਨ੍ਹਾਂ ਨੇ RTS ਫੁੱਲ ਦੇ ਨਾਮ ਨਾਲ ਸ਼ੁਰੂਆਤ ਕੀਤੀ ਅਤੇ ਇਹ ਪੰਜਾਬ ਦੇ ਕਈ ਸ਼ਹਿਰਾਂ ਜਿਵੇਂ ਕਿ ਚੰਡੀਗੜ੍ਹ, ਲੁਧਿਆਣਾ ਅਤੇ ਪਟਿਆਲਾ ਵਿੱਚ ਤੇਜ਼ੀ ਨਾਲ ਵਧਿਆ। ਹਾਲਾਂਕਿ ਉਨ੍ਹਾਂ ਨੇ ਉੱਚ-ਸਿੱਖਿਆ ਨਹੀਂ ਲਈ, ਪਰ ਉਹ ਸਮੇਂ-ਸਮੇਂ ‘ਤੇ ਖੁਦ ਨੂੰ ਅੱਪਡੇਟ ਕਰਦੇ ਹਨ, ਤਾਂ ਕਿ ਮੰਡੀਕਰਨ ਵਿੱਚ ਨਿਪੁੰਨ ਹੋ ਸਕਣ ਅਤੇ ਅੱਜ ਉਹ ਆਪਣੇ ਗਲੇਡੀਓਲਸ ਦੇ ਉਤਪਾਦਨ ਨੂੰ ਆਪਣੇ ਫਾਰਮ ਦੇ ਫੇਸਬੁੱਕ ਪੇਜ ਅਤੇ ਹੋਰ ਆੱਨਲਾਈਨ ਵੈੱਬਸਾਈਟਾਂ ਜਿਵੇਂ ਕਿ ਇੰਡੀਆਮਾਰਟ ਆਦਿ ਦੇ ਰਾਹੀਂ ਵੇਚ ਰਹੇ ਹਨ।

ਨਵੇਂ ਆਧੁਨਿਕ ਮਾਰਕਿਟਿੰਗ ਕੌਸ਼ਲ ਅਤੇ ਤਰੱਕੀ ਦੇ ਨਾਲ, ਗੁਰਵਿੰਦਰ ਸਿੰਘ ਜੀ ਨੇ ਖੁਦ ਨੂੰ ਐਗਰੀਮਾਰਕਿਟਿੰਗ ਦੇ ਬਾਰੇ ਵੀ ਅੱਪਡੇਟ ਕੀਤਾ ਅਤੇ ਉਨ੍ਹਾਂ ਦਾ ਕੰਮ ਫਾਰਮ ਟੂ ਫੋਰਕ ਦੇ ਸਿਧਾਂਤ ‘ਤੇ ਤਰੱਕੀ ਕਰ ਰਿਹਾ ਹੈ। ਉਨ੍ਹਾਂ ਅਤੇ ਉਨ੍ਹਾਂ ਦੇ 12 ਦੋਸਤਾਂ ਨੇ ਸਰਕਾਰੀ ਵਿਭਾਗਾਂ ਦੀ ਮਦਦ ਨਾਲ ਡ੍ਰਿਪ ਸਿੰਚਾਈ, ਸੋਲਰ ਪੰਪ ਅਤੇ ਹੋਰ ਕ੍ਰਿਸ਼ੀ ਯੰਤਰ ਸਥਾਪਿਤ ਕੀਤੇ ਹਨ ਅਤੇ ਕਿਸਾਨ ਵੈੱਲਫੇਅਰ ਕਲੱਬ ਵੀ ਸਥਾਪਿਤ ਕੀਤਾ, ਜਿਸਦੀ ਮੈਂਬਰਸ਼ਿਪ 5000 ਰੁਪਏ ਹੈ, ਤਾਂ ਕਿ ਭਵਿੱਖ ਵਿੱਚ ਹੋਰ ਮਸ਼ੀਨਰੀ ਜਿਵੇਂ ਕਿ ਰੋਟਾਵੇਟਰ, ਪਾਵਰ ਸਪਰੇਅ ਅਤੇ ਸੀਡ ਡਰਿੱਲ ਖਰੀਦ ਸਕਣ ਅਤੇ ਜੈਵਿਕ ਖੇਤੀ ਨੂੰ ਹੋਰ ਅੱਗੇ ਲਿਆਉਣ ਲਈ ਗਰੁੱਪ ਦੇ ਮੈਂਬਰਾਂ ਨੇ ਹਲਦੀ, ਦਾਲ, ਮੱਕੀ ਅਤੇ ਬਾਸਮਤੀ ਜੈਵਿਕ ਤਰੀਕੇ ਨਾਲ ਉਗਾਉਣੀ ਸ਼ੁਰੂ ਕੀਤੀ ਅਤੇ ਆਪਣੇ ਜੈਵਿਕ ਖਾਣ-ਯੋਗ ਉਤਪਾਦਾਂ ਦੀ ਮਾਰਕੀਟ ਨੂੰ ਵਧਾਉਣ ਲਈ, ਉਨ੍ਹਾਂ ਨੇ ਵੱਟਸਐਪ ਗਰੁੱਪ ਰਾਹੀਂ ਕਿਸਾਨਾਂ ਨੂੰ ਆਪਣੇ ਨਾਲ ਜੋੜਿਆ। ਉਹ ਗ੍ਰਾਹਕਾਂ ਅਤੇ ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਜੋੜਨ ਅਤੇ ਉਚਿੱਤ ਉਤਪਾਦ ਮੁਹੱਈਆ ਕਰਵਾਉਣ ਲਈ, ਮੋਹਾਲੀ ਵਿੱਚ 30 ਘਰਾਂ ਨੂੰ ਸਿੱਧੇ ਤੌਰ ‘ਤੇ ਆਪਣੇ ਉਤਪਾਦ ਵੇਚਦੇ ਹਨ ਅਤੇ ਛੇਤੀ ਹੀ ਉਹ ਵੈੱਬਸਾਈਟ ਰਾਹੀਂ ਆਪਣੀਆਂ ਸੇਵਾਵਾਂ ਸ਼ੁਰੂ ਕਰਨਗੇ।

ਗੁਰਵਿੰਦਰ ਸਿੰਘ ਸੋਹੀ ਜੀ ਨੇ ਸੁਪਨੇ ਦੇਖਣੇ ਬੰਦ ਨਹੀਂ ਕੀਤੇ। ਛੇਤੀ ਹੀ ਉਹ ਆਪਣੇ ਨਵੇਂ ਅਤੇ ਉੱਜਲ ਵਿਚਾਰਾਂ ਨਾਲ ਅੱਗੇ ਆਉਣਗੇ।

ਕਿਸਾਨਾਂ ਲਈ ਸੰਦੇਸ਼
ਕਿਸਾਨਾਂ ਨੂੰ ਛੋਟੇ ਸਮੂਹ ਬਣਾ ਕੇ ਮਿਲ-ਜੁਲ ਕੇ ਕੰਮ ਕਰਨਾ ਚਾਹੀਦਾ ਹੈ, ਕਿਉਂਕਿ ਇਸ ਤਰੀਕੇ ਨਾਲ ਖੇਤੀਬਾੜੀ ਦੀ ਮਸ਼ੀਨਰੀ ਨੂੰ ਖਰੀਦਣਾ ਅਤੇ ਵਰਤਣਾ ਅਸਾਨ ਹੁੰਦਾ ਹੈ। ਸਮੂਹ ਵਿੱਚ ਮਸ਼ੀਨਾਂ ਦੀ ਵਰਤੋਂ ਕਰਨ ਨਾਲ ਖਰਚਾ ਘੱਟ ਹੁੰਦਾ ਹੈ, ਜੋ ਕਿ ਇੱਕ ਲਾਭਦਾਇਕ ਉੱਦਮ ਹੈ। ਮੈਂ ਵੀ ਇਸ ਤਰ੍ਹਾਂ ਹੀ ਕਰਦਾ ਹਾਂ। ਮੈਂ ਵੀ ਇੱਕ ਗਰੁੱਪ ਬਣਾਇਆ ਹੈ, ਜਿਸ ਵਿੱਚ ਗਰੁੱਪ ਦੇ ਨਾਮ ‘ਤੇ ਮਸ਼ੀਨਾਂ ਖਰੀਦੀਆਂ ਜਾਂਦੀਆਂ ਹਨ ਅਤੇ ਗਰੁੱਪ ਦੇ ਸਾਰੇ ਮੈਂਬਰ ਇਨ੍ਹਾਂ ਦੀ ਵਰਤੋਂ ਕਰ ਸਕਦੇ ਹਨ।”

ਗੁਰਜਤਿੰਦਰ ਸਿੰਘ ਵਿਰਕ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਇਨਸਾਨ ਦੀ ਕਹਾਣੀ ਜਿਸਨੇ ਮਜਬੂਰੀ ਵਿਚ ਮੱਛੀ ਪਾਲਣ ਸ਼ੁਰੂ ਕੀਤਾ, ਪਰ ਅੱਜ ਉਹ ਦੂਜੇ ਕਿਸਾਨਾਂ ਲਈ ਇਕ ਮਿਸਾਲ ਬਣ ਚੁਕਿਆ ਹੈ

ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਜੋ ਜ਼ਮੀਨ ਪਿਛਲੇ 100 ਸਾਲਾਂ ਤੋਂ ਖਾਲੀ ਪਈ ਸੀ, ਉਹ ਅੱਜ ਉਪਜਾਊ ਅਤੇ ਉਪਯੋਗੀ ਹੋਵੇਗੀ। ਉਹ ਜ਼ਮੀਨ 100 ਸਾਲਾਂ ਤੱਕ ਖਾਲੀ ਰਹਿਣ ਪਿੱਛੇ ਇੱਕੋ ਕਾਰਨ ਸੀ ਕਿ ਉੱਥੇ ਕਿਸੇ ਨੇ ਵੀ ਕੁੱਝ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕਿਉਂਕਿ ਉੱਥੇ ਸਾਲ ਦੇ 11 ਮਹੀਨੇ ਪਾਣੀ ਖੜ੍ਹਾ ਰਹਿੰਦਾ ਸੀ। ਪਰ ਹਰ ਆਉਣ ਵਾਲੀ ਨਵੀਂ ਪੀੜ੍ਹੀ ਦੇ ਨਾਲ ਨਵੀਂ ਸੋਚ ਆਉਂਦੀ ਹੈ। ਅਸੀਂ ਸਭ ਜਾਣਦੇ ਹਾਂ ਕਿ ਸਾਡੇ ਆਲੇ-ਦੁਆਲੇ ਅਤੇ ਵਾਤਾਵਰਨ ਵਿੱਚ ਥੋੜ੍ਹਾ ਬਦਲਾਓ ਕਰਨ ਲਈ ਇੱਕ ਵੱਡੀ ਕੋਸ਼ਿਸ਼ ਦੀ ਲੋੜ ਹੁੰਦੀ ਹੈ। ਇਹ ਕੋਸ਼ਿਸ਼ ਸਿਰਫ਼ ਮਜ਼ਬੂਤ ਇੱਛਾ-ਸ਼ਕਤੀ ਅਤੇ ਜੋਸ਼ ਨਾਲ ਵਰਤੋਂ ‘ਚ ਆ ਸਕਦੀ ਹੈ ਅਤੇ ਇਸ ਤਰ੍ਹਾਂ ਇੱਕ ਅਲੱਗ ਨਜ਼ਰੀਏ, ਬੁੱਧੀ ਅਤੇ ਉਤਸ਼ਾਹ ਦੇ ਨਾਲ ਆਪਣੀ ਮਾਤ-ਭੂਮੀ ਅਤੇ ਆਪਣੇ ਭਾਈਚਾਰੇ ਲਈ ਕੁੱਝ ਕਰਨ ਲਈ ਗੁਰਜਤਿੰਦਰ ਸਿੰਘ ਵਿਰਕ ਅੱਗੇ ਆਏ।

ਉਨ੍ਹਾਂ ਨੇ ਜਮਾਓ ਵਾਲੀ ਜ਼ਮੀਨ ‘ਤੇ ਮੱਛੀ-ਪਾਲਣ ਦਾ ਕੰਮ ਸ਼ੁਰੂ ਕੀਤਾ। ਇਹ ਜ਼ਮੀਨ ਉਨ੍ਹਾਂ ਨੂੰ ਵਿਰਾਸਤ ਵਿੱਚ ਮਿਲੀ ਸੀ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਵਿਕਲਪ ਨਹੀਂ ਸੀ, ਇਸ ਲਈ ਉਨ੍ਹਾਂ ਨੇ ਗੁਰਦਾਸਪੁਰ ਦਾ ਦੌਰਾ ਕੀਤਾ ਅਤੇ ਉੱਥੋਂ 5 ਦਿਨ ਦੀ ਟ੍ਰੇਨਿੰਗ ਲੈ ਕੇ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ। ਉਨ੍ਹਾਂ ਨੇ ਅੱਜ ਤੋਂ ਲਗਭੱਗ 30 ਸਾਲ ਪਹਿਲਾਂ ਮੱਛੀ ਪਾਲਣ ਦਾ ਕੰਮ ਸ਼ੁਰੂ ਕੀਤਾ ਸੀ ਅਤੇ ਹੁਣ ਤੱਕ ਉਹ ਆਪਣੀ ਮਿਹਨਤ ਅਤੇ ਲਗਨ ਨਾਲ ਇਸ ਕਾਰਜ ਨੂੰ 5 ਏਕੜ ਤੋਂ 30 ਏਕੜ ਤੱਕ ਵਧਾ ਚੁੱਕੇ ਹਨ। ਮੱਛੀ ਪਾਲਣ ਦੇ ਇਸ ਕਾਰਜ ਦੀ ਦਿਸ਼ਾ ਵਿੱਚ ਉਨ੍ਹਾਂ ਦੇ ਇਸ ਕ੍ਰਾਂਤੀਕਾਰੀ ਪਹਿਲ ਨੇ ਕਈ ਹੋਰ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਆਖਿਰ ਇਸ ਨਾਲ ਕਈ ਅਨੁਕੂਲ ਪ੍ਰਭਾਵ ਦਿਖੇ, ਜਿਨ੍ਹਾਂ ਨੇ ਇੱਕ ਬੰਜਰ ਜ਼ਮੀਨ ਨੂੰ ਮੱਛੀ ਪਾਲਣ ਦੇ ਖੇਤਰ ਵਿੱਚ ਵਿਕਸਿਤ ਕੀਤਾ। ਉਸੇ ਖੇਤਰ ਵਿੱਚ ਅੱਜ ਲਗਭੱਗ 300-400 ਏਕੜ ਬੰਜਰ ਭੂਮੀ ਨੂੰ ਮੱਛੀ-ਪਾਲਣ ਲਈ ਵਰਤਿਆ ਜਾਂਦਾ ਹੈ।

ਇਹ ਸਭ ਕਾਫੀ ਸਾਲ ਪਹਿਲਾਂ ਇੱਕ ਬੰਜਰ ਜ਼ਮੀਨ ਅਤੇ ਇੱਕ ਇਨਸਾਨ ਦੀ ਮਿਹਨਤ ਦੁਆਰਾ ਸ਼ੁਰੂ ਹੋਇਆ ਅਤੇ ਅੱਜ ਇਸ ਤੋਂ ਕਾਫੀ ਲੋਕ ਪ੍ਰੇਰਿਤ ਹੋਏ ਹਨ। ਆਖਿਰ ਇਹ ਛੋਟੀ ਪਹਿਲ ਕਿਸਾਨਾਂ ਅਤੇ ਕਈ ਹੋਰ ਇਲਾਕਿਆਂ ਦੇ ਰੁਜ਼ਗਾਰ ਨੂੰ ਸੁਧਾਰਨ ਵਿੱਚ ਮਦਦ ਕਰ ਰਿਹਾ ਹੈ, ਤਾਂ ਜੋ ਉਨ੍ਹਾਂ ਦੇ ਜੀਵਨ ਪੱਧਰ ਨੂੰ ਉੱਪਰ ਚੁੱਕਿਆ ਜਾ ਸਕੇ। ਹੁਣ ਉਸ ਖੇਤਰ ਵਿੱਚ ਜੋਸ਼ੀਲੇ ਮੱਛੀ-ਪਾਲਕ ਕਿਸਾਨਾਂ ਦਾ ਇੱਕ ਗਰੁੱਪ ਬਣਾਇਆ ਗਿਆ ਹੈ ਅਤੇ ਇਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਉਸ ਖੇਤਰ ਦਾ ਆਰਥਿਕ ਵਿਕਾਸ ਹੋ ਰਿਹਾ ਹੈ, ਜੋ ਰਾਜ ਅਤੇ ਰਾਸ਼ਟਰ ਦੇ ਆਰਥਿਕ ਵਿਕਾਸ ਨੂੰ ਜੋੜ ਰਿਹਾ ਹੈ।

ਹੁਣ ਸ. ਵਿਰਕ ਜੀ ਦੀ ਖੇਤੀ ਦੀਆਂ ਵਿਧੀਆਂ ਅਤੇ ਆਰਥਿਕ ਤਰੱਕੀ ਦੀ ਗੱਲ ਕਰਦੇ ਹਾਂ। ਸ. ਗੁਰਜਤਿੰਦਰ ਸਿੰਘ ਵਿਰਕ ਜੀ ਦੇ ਫਾਰਮ ‘ਤੇ ਆਮ ਕਾਰਪ ਮੱਛੀਆਂ, ਜਿਵੇਂ ਕਿ ਕਤਲਾ ਅਤੇ ਰੋਹੂ ਦੀਆਂ ਕਿਸਮਾਂ ਆਦਿ। ਇੱਕ ਏਕੜ ਤਲਾਬ ਲਈ 2000 ਛੋਟੀਆਂ ਮੱਛੀਆਂ ਦੀ ਲੋੜ ਹੁੰਦੀ ਹੈ, ਇਸ ਲਈ ਉਹ 2000 ਛੋਟੀਆਂ ਮੱਛੀਆਂ ਪਾਣੀ ਵਿੱਚ ਛੱਡਦੇ ਹਨ। ਮੱਛੀਆਂ ਦਾ ਵਿਕਾਸ ਪਾਣੀ ਦੀ ਕੁਆਲਿਟੀ, ਅਹਾਰ ਦੀ ਕੁਆਲਿਟੀ ਅਤੇ ਪਾਣੀ ਵਿੱਚ ਮੌਜੂਦ ਮੱਛੀ ਖਾਣ ਵਾਲੇ ਜੰਤੂਆਂ ‘ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ ਉਹ ਤਲਾਬ ਵਿੱਚ ਮੱਛੀਆਂ ਦੀਆਂ ਦੋ ਕਿਸਮਾਂ ਹੀ ਪਾਉਂਦੇ ਹਨ ਅਤੇ ਉਨ੍ਹਾਂ ਦੀ ਚੰਗੀ ਪੈਦਾਵਾਰ ਲਈ ਉਚਿੱਤ ਹਾਲਾਤ ਬਣਾ ਕੇ ਰੱਖਦੇ ਹਨ। ਉਹ ਮੱਛੀਆਂ ਨੂੰ 80 ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਦੇ ਹਨ, ਜਦਕਿ ਬਜ਼ਾਰ ਵਿੱਚ ਉਹੀ ਮੱਛੀ 120 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਦੀ ਹੈ ਅਤੇ ਘੱਟ ਕੀਮਤਾਂ ‘ਤੇ ਮੱਛੀਆਂ ਵੇਚਣ ਦੇ ਬਾਵਜੂਦ ਵੀ ਉਹ ਲੱਖਾਂ ਰੁਪਏ ਕਮਾ ਰਹੇ ਹਨ ਅਤੇ ਲਾਭ ਪ੍ਰਾਪਤ ਕਰ ਰਹੇ ਹਨ।

ਸ. ਵਿਰਕ ਨੇ ਵਾਤਾਵਰਨ ਦੀ ਸੁਰੱਖਿਆ ਲਈ ਕਾਫੀ ਕਦਮ ਚੁੱਕੇ ਹਨ, ਉਨ੍ਹਾਂ ਵਿੱਚੋਂ ਇੱਕ ਮਹੱਤਵਪੂਰਨ ਕੰਮ ਇਹ ਹੈ ਕਿ ਉਨ੍ਹਾਂ ਆਪਣੇ ਛੋਟੀ ਜਿਹੀ ਸਬਜ਼ੀਆਂ ਵਾਲੀ ਬਗ਼ੀਚੀ ਦੀ ਸਿੰਚਾਈ ਅਤੇ ਤਲਾਬ ਵਿੱਚ ਪਾਣੀ ਭਰਨ ਲਈ ਸੂਰਜੀ ਪੰਪਾਂ ਦੀ ਵਰਤੋਂ ਕਰਕੇ ਕਾਰਬਨ ਨੂੰ ਘੱਟ ਕੀਤਾ ਹੈ। ਸ. ਵਿਰਕ ਦੁਆਰਾ ਕੀਤੇ ਗਏ ਚੰਗੇ ਕੰਮਾਂ ਲਈ ਉਨ੍ਹਾਂ ਨੂੰ ਕਈ ਇਨਾਮ ਅਤੇ ਉਪਲੱਬਧੀਆਂ ਮਿਲੀਆਂ ਹਨ। ਇਨ੍ਹਾਂ ਵਿੱਚ ਕੁੱਝ ਹੇਠ ਲਿਖੇ ਅਨੁਸਾਰ ਹਨ:

ਉਨ੍ਹਾਂ ਨੇ Agriculture Technology Management ਲਈ ਜ਼ਿਲ੍ਹਾ ਪੱਧਰੀ ਇਨਾਮ ਪ੍ਰਾਪਤ ਕੀਤਾ ਅਤੇ ਸਰਵੋਤਮ ਖੇਤੀ ਅਭਿਆਸ ਲਈ ਉਨ੍ਹਾਂ ਨੂੰ Roopnagar Administration ਦੁਆਰਾ ਪ੍ਰਸੰਸਾ ਪੱਤਰ ਮਿਲਿਆ ਹੈ। ਉਨ੍ਹਾਂ ਨੂੰ ਇਸ ਖੇਤਰ ਦਾ ਵਿਕਾਸ ਕਰਨ ਲਈ Zee Networks ਦੁਆਰਾ ਸਨਮਾਨਿਤ ਵੀ ਕੀਤਾ ਗਿਆ। 2011 ਵਿੱਚ ਉਨ੍ਹਾਂ ਨੂੰ Best Citizen India Award ਨਾਲ ਨਿਵਾਜਿਆ ਗਿਆ। ਉਸ ਤੋਂ ਬਾਅਦ ਉਨ੍ਹਾਂ ਨੂੰ Bharat Jyoti Award ਅਤੇ Fish Farmer Award ਵੀ ਮਿਲਿਆ।

ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਚੰਗੇ ਕੰਮਾਂ ਕਰਕੇ ਉਨ੍ਹਾਂ ਨੂੰ ਕਈ ਮੰਨੀਆਂ-ਪ੍ਰਮੰਨੀਆਂ ਕਮੇਟੀਆਂ ਅਤੇ ਸੰਸਥਾਵਾਂ ਦੀ ਮੈਂਬਰਸ਼ਿਪ ਮਿਲੀ ਹੈ। ਅੱਜ ਉਹ Advisory Committee (ATMA) ਅਤੇ Board of Management at GADVASU ਦੇ ਮੈਂਬਰ ਹਨ। ਉਹ ਕਿਸਾਨ ਵਿਕਾਸ ਚੈਂਬਰ ਦੀ 11 ਮੈਂਬਰੀ ਸੂਚੀ ਵਿੱਚ ਸ਼ਾਮਿਲ ਹਨ, ਜਿਨ੍ਹਾਂ ਨੇ ਭਾਰਤੀ ਮੁੱਖ ਉਦਯੋਗ ਸੰਘ ਨੂੰ ਸਥਾਪਿਤ ਕੀਤਾ, ਜਿਵੇਂ ਕਿ CII, FICCI ਅਤੇ ASSOCHAM ਅਤੇ ਇਸ ਸੰਘ ਦਾ ਕੰਮ ਰਾਜ ਦੀ ਵਿਗੜਦੀ ਖੇਤੀ ਅਰਥ-ਵਿਵਸਥਾ ਨੂੰ ਅੱਪਗ੍ਰੇਡ ਕਰਨਾ ਅਤੇ ਖੇਤੀ ਨਾਲ ਸੰਬੰਧਿਤ ਤਕਨੀਕਾਂ ਦੀ ਵਰਤੋਂ ਕਰਨਾ, ਜੋ ਕਿ ਕਿਸਾਨ ਪਹਿਲਾਂ ਤੋਂ ਹੀ ਵਰਤ ਰਹੇ ਸਨ। ਉਹ ਰੂਪਨਗਰ ਅਤੇ ਮੋਹਾਲੀ ਜ਼ਿਲ੍ਹੇ ਲਈ NABARD ਦੇ ਤਹਿਤ ਪਿੰਡ ਦੀ Cooperative Society ਦੇ Ex- grame warden (ਵਣ-ਵਿਭਾਗ) ਹਨ।

ਸ. ਵਿਰਕ ਦੁਆਰਾ ਲਿਆ ਗਿਆ ਇੱਕ ਮਹੱਤਵਪੂਰਨ ਕਦਮ ਸੀ ਕਿ ਪੰਜਾਬ ਦੇ ਪੂਰਵ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਦੇਖੇ ਗਏ ਚੀਨ ਵਿਚਲੇ ਮੱਛੀ-ਪਾਲਣ ਦੇ ਢੰਗਾਂ ਬਾਰੇ ਜਾਣਨਾ ਅਤੇ ਮੱਛੀ-ਪਾਲਣ ਦੇ ਤਰੀਕਿਆਂ ਵਿੱਚ ਸੁਧਾਰ ਲਿਆਉਣਾ।

ਅੱਜ ਉਹ ਜੋ ਕੁੱਝ ਵੀ ਹਨ, ਉਸਦੇ ਪਿੱਛੇ ਉਨ੍ਹਾਂ ਦੀ ਪ੍ਰੇਰਣਾ ਅਤੇ ਸਾਥੀ ਉਨ੍ਹਾਂ ਦੀ ਪਤਨੀ ਰੁਪਿੰਦਰ ਕੌਰ ਵਿਰਕ ਹੈ, ਜਿਨ੍ਹਾਂ ਨੇ ਹਰ ਕਦਮ ‘ਤੇ ਉਨ੍ਹਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੇ ਫਾਰਮ ਦੇ ਸਾਰੇ ਲੇਖੇ-ਜੋਖੇ ਦਾ ਹਿਸਾਬ ਰੱਖਦੇ ਹਨ। ਵਿਹਲੇ ਸਮੇਂ ਵਿੱਚ ਉਹ ਆਪਣੇ ਖੇਤ ਵਿੱਚ ਉਗਾਏ ਫਲਾਂ ਨੂੰ ਵੇਚਣ ਦੇ ਉਦੇਸ਼ ਨਾਲ ਆਚਾਰ ਅਤੇ ਕੈਂਡੀ ਬਣਾਉਣਾ ਪਸੰਦ ਕਰਦੇ ਹਨ। ਗੁਰਜਤਿੰਦਰ ਸਿੰਘ ਵਿਰਕ ਆਪਣੀ ਪਤਨੀ ਅਤੇ ਕੇਵਲ ਦੋ ਮਜ਼ਦੂਰਾਂ ਦੀ ਸਹਾਇਤਾ ਨਾਲ ਹੀ ਫਾਰਮ ਦੇ ਸਾਰੇ ਕੰਮਾਂ ਦਾ ਪ੍ਰਬੰਧਨ ਕਰਦੇ ਹਨ ਅਤੇ ਭਵਿੱਖ ਵਿੱਚ ਉਹ ਆਪਣੇ ਫਾਰਮ ਨੂੰ ਟੂਰਿਸਟ ਜਾਂ ਸੈਲਾਨੀਆਂ ਦੇ ਘੁੰਮਣ ਦੀ ਜਗ੍ਹਾ ਬਣਾਉਣਾ ਚਾਹੁੰਦੇ ਹਨ।

ਉਨ੍ਹਾਂ ਦੀਆਂ ਇਨ੍ਹਾਂ ਉਪਲੱਬਧੀਆਂ ਤੋਂ ਇਲਾਵਾ ਉਨ੍ਹਾਂ ਨੇ ਹਰਿਆਲੀ ਨਾਲ ਭਰੀ ਇੱਕ ਸੁੰਦਰ ਜਗ੍ਹਾ ਬਣਾਉਣ ਲਈ ਮਿਹਨਤ ਕੀਤੀ ਹੈ। ਉਨ੍ਹਾਂ ਨੇ ਤਲਾਬ ਦੇ ਵਿਚਕਾਰ ਆਪਣਾ ਘਰ ਬਣਾਇਆ ਹੈ ਅਤੇ ਘਰ ਦੇ ਕੋਲ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਫਲ ਉਗਾਏ ਹਨ। ਉਹ ਆੜੂ, ਬਦਾਮ, ਕਿੰਨੂ, ਮੈਂਡਰਿਨ, ਅੰਬ, ਅਨਾਰ, ਸੇਬ, ਅਨਾਨਾਸ ਅਤੇ 17 ਤੋਂ ਵੱਧ ਸਬਜ਼ੀਆਂ ਅਤੇ ਦਾਲਾਂ ਉਗਾ ਰਹੇ ਹਨ। ਉਨ੍ਹਾਂ ਨੇ ਆਪਣੇ ਘਰ ਦੇ ਆਲੇ-ਦੁਆਲੇ ਦੀ ਜ਼ਮੀਨ ਨੂੰ ਇਸ ਤਰ੍ਹਾਂ ਤਿਆਰ ਕੀਤਾ ਹੈ ਕਿ ਬਾਜ, ਕਿੰਗਫਿਸ਼ਰ, ਫੋਰਕ ਟੇਲ, ਹੰਸ, ਤੋਤੇ ਅਤੇ ਮੋਰ ਦੀਆਂ ਕਈ ਦੁਰਲਭ ਅਤੇ ਆਮ ਪ੍ਰਜਾਤੀਆਂ ਨੂੰ ਉਨ੍ਹਾਂ ਦੇ ਫਾਰਮ ‘ਤੇ ਚਹਿਚਹਾਉਂਦੇ ਹੋਏ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਸੰਖੇਪ ਵਿੱਚ ਉਨ੍ਹਾਂ ਨੇ ਆਪਣੀ ਮਾਤ-ਭੂਮੀ ‘ਤੇ ਕੀਤੇ ਵਿਕਾਸ ਕਾਰਜਾਂ ਦੁਆਰਾ ਵੱਖ-ਵੱਖ ਪ੍ਰਜਾਤੀਆਂ ਦੇ ਪੰਛੀਆਂ ਦੀ ਵਿਭਿੰਨਤਾ ਲਿਆਂਦੀ ਹੈ।

ਗੁਰਦਿਆਲ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਕਿਸਾਨ ਦੀ ਮਿਹਨਤ ਅਤੇ ਜਨੂੰਨ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੀਲੀ ਕ੍ਰਾਂਤੀ ਲਿਆਂਦੀ

ਪੰਜਾਬ ਰਾਜ ਇੱਕ ਅਜਿਹਾ ਖੇਤਰ ਹੈ, ਜਿੱਥੇ ਕਣਕ ਅਤੇ ਝੋਨੇ ਦੀ ਖੇਤੀ ਜ਼ਿਆਦਾ ਕੀਤੀ ਜਾਂਦੀ ਹੈ, ਕਿਉਂਕਿ ਇਸ ਨਾਲ ਕਿਸਾਨਾਂ ਨੂੰ ਵਧੇਰੇ ਮੁਨਾਫਾ ਹੁੰਦਾ ਹੈ। ਕਿਸਾਨ ਕਣਕ ਅਤੇ ਝੋਨੇ ਵੱਲ ਖਾਸ ਧਿਆਨ ਇਸ ਲਈ ਵੀ ਦਿੰਦੇ ਹਨ, ਕਿਉਂਕਿ ਇਸਦੀ ਪੈਦਾਵਾਰ ਤੋਂ ਸਹੀ ਨਤੀਜੇ ਪ੍ਰਾਪਤ ਹੁੰਦੇ ਹਨ। ਪਰ ਇੱਕ ਕਿਸਾਨ ਅਜਿਹਾ ਵੀ ਹੈ, ਜੋ ਬਾਕੀ ਕਿਸਾਨਾਂ ਤੋਂ ਅਲੱਗ ਹੈ। ਉਸਨੇ ਖੇਤੀਬਾੜੀ ਵਿੱਚ ਬਦਲਾਵ ਲਿਆਉਣ ਬਾਰੇ ਸੋਚਿਆ ਅਤੇ ‘ਪੀਲੀ ਕਰਾਂਤੀ’ ਸ਼ੁਰੂ ਕੀਤੀ।

ਸ. ਗੁਰਦਿਆਲ ਸਿੰਘ ਪਿੰਡ ਸੱਲੋਪੁਰ, ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਕਿਸਾਨ ਹਨ, ਜੋ ਹਲਦੀ ਦੀ ਖੇਤੀ ਕਰਦੇ ਹਨ। ਉਹ ਇੱਕ ਕਿਸਾਨ, ਇੱਕ ਉਦਯੋਗਪਤੀ ਅਤੇ ਇੱਕ ਹਲਦੀ ਦੀ ਖੇਤੀ ਦੇ ਟ੍ਰੇਨਰ ਵਜੋਂ ਕੰਮ ਕਰ ਰਹੇ ਹਨ। ਉਹ ਹਲਦੀ ਖੇਤੀ ਤੋਂ ਲੈ ਕੇ ਉਤਪਾਦ ਤਿਆਰ ਕਰਨ ਅਤੇ ਉਨ੍ਹਾਂ ਦਾ ਮੰਡੀਕਰਨ ਕਰਨ ਤੱਕ ਦਾ ਕੰਮ ਖੁਦ ਕਰਦੇ ਹਨ। ਉਹ ਆਪਣੇ ਉਤਪਾਦ ਵੇਚਣ ਲਈ ਕਿਸੇ ਤੀਜੇ ਬੰਦੇ ‘ਤੇ ਨਿਰਭਰ ਨਹੀਂ ਹਨ। ਉਨ੍ਹਾਂ ਨੇ ਸਮਾਜ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਲਈ ਹੋਰਨਾਂ ਕਿਸਾਨਾਂ ਤੋਂ ਅਲੱਗ ਰਾਸਤਾ ਚੁਣਿਆ। ਇਸ ਸਮੇਂ ਉਨ੍ਹਾਂ ਦੀ ਹਲਦੀ ਦੀ ਸਾਲਾਨਾ ਪੈਦਾਵਾਰ 1500-2000 ਕੁਇੰਟਲ ਹੈ ਅਤੇ ਉਹ ਗ੍ਰੀਨ ਗੋਲਡ ਸਪਾਈਸ ਗਰੁੱਪ ਦੇ ਰਾਜਾ ਹਨ।

ਸਫ਼ਲਤਾ ਕਦੇ ਵੀ ਆਸਾਨੀ ਨਾਲ ਨਹੀਂ ਮਿਲਦੀ, ਇਸਦੇ ਲਈ ਇਨਸਾਨ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ, ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਘਾਟਾ ਵੀ ਸਹਿਣਾ ਪੈਂਦਾ ਹੈ। ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ, ਹਾਰ ਨਾ ਮੰਨਣ ਅਤੇ ਅੱਗੇ ਵੱਧਦੇ ਰਹਿਣ ਦੀ ਸੋਚ ਹੀ ਇਨਸਾਨ ਨੂੰ ਸਫ਼ਲ ਬਣਾਉਂਦੀ ਹੈ। ਗੁਰਦਿਆਲ ਸਿੰਘ ਜੀ ਦੀ ਕਹਾਣੀ ਵੀ ਕੁੱਝ ਇਸ ਤਰ੍ਹਾਂ ਹੀ ਹੈ। ਦਸਵੀਂ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਸਰਕਾਰੀ ਨੌਕਰੀ ਹਾਸਿਲ ਕਰਨ ਲਈ ਬਹੁਤ ਕੋਸ਼ਿਸ਼ ਕੀਤੀ, ਪਰ ਕਾਮਯਾਬੀ ਨਾ ਮਿਲਣ ‘ਤੇ ਉਨ੍ਹਾਂ ਨੇ ਆਪਣੇ ਪਿਤਾ ਨਾਲ ਖੇਤੀਬਾੜੀ ਵਿੱਚ ਮਦਦ ਕਰਨ ਦਾ ਫੈਸਲਾ ਕੀਤਾ। ਸ਼ੁਰੂ ਤੋਂ ਹੀ ਉਹ ਰਵਾਇਤੀ ਖੇਤੀ ਤੋਂ ਸੰਤੁਸ਼ਟ ਨਹੀਂ ਸਨ, ਕਿਉਂਕਿ ਇਸ ਵਿੱਚ ਕਿਸਾਨਾਂ ਨੂੰ ਆਪਣੀ ਮਿਹਨਤ ਦਾ ਮੁੱਲ ਨਹੀਂ ਮਿਲਦਾ ਸੀ। ਇਸ ਲਈ 2004 ਵਿੱਚ ਉਨ੍ਹਾਂ ਨੇ ਬਾਗਬਾਨੀ ਵਿਭਾਗ ਦੀ ਮਦਦ ਨਾਲ ਥੋੜ੍ਹੀ ਜਿਹੀ ਜ਼ਮੀਨ ‘ਤੇ ਹਲਦੀ ਦੀ ਖੇਤੀ ਦਾ ਇੱਕ ਪ੍ਰਯੋਗ ਕਰਕੇ ਦੇਖਿਆ। ਇਸਦੇ ਨਾਲ ਹੀ ਉਨ੍ਹਾਂ ਨੇ ਹਲਦੀ ਪਾਊਡਰ ਬਣਾਉਣ ਦਾ ਕੰਮ ਵੀ ਸ਼ੁਰੂ ਕੀਤਾ, ਉਹ ਵੀ ਬਿਨਾਂ ਕਿਸੇ ਮਸ਼ੀਨਰੀ ਦੀ ਵਰਤੋਂ ਕੀਤੇ।

ਹਲਦੀ ਦੀਆਂ ਗੰਢੀਆਂ ਤੋਂ ਹਲਦੀ ਪਾਊਡਰ ਤਿਆਰ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਸੀ। ਇਸ ਲਈ ਉਨ੍ਹਾਂ ਨੇ ਬਾਗਬਾਨੀ ਵਿਭਾਗ ਦੇ ਸੁਝਾਅ ਅਨੁਸਾਰ ਹਲਦੀ ਪਾਊਡਰ ਤਿਆਰ ਕਰਨ ਵਾਲੀ ਮਸ਼ੀਨ ਲਿਆਂਦੀ। ਫਿਰ ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੇ ਹੋਰ ਆਧੁਨਿਕ ਮਸ਼ੀਨਾਂ, ਜਿਵੇਂ ਕਿ ਟ੍ਰੈਕਟਰ, ਟਰਾਲੀ, ਲੈਵਲਰ, ਹਲ ਆਦਿ ਵੀ ਲਿਆਂਦੇ। ਇਹ ਸਭ ਕਰਨ ਨਾਲ ਇਸ ਸਮੇਂ ਉਨ੍ਹਾਂ ਦੀ ਕੱਚੀ ਹਲਦੀ ਪੈਦਾਵਾਰ 60 ਕੁਇੰਟਲ ਤੋਂ ਵੱਧ ਕੇ 110 ਕੁਇੰਟਲ ਤੱਕ ਪਹੁੰਚ ਗਈ ਹੈ। ਇਹ ਸਭ ਕਰਦਿਆਂ ਨਾਲ ਹੀ ਉਨ੍ਹਾਂ ਨੇ 2007 ਵਿੱਚ ਗ੍ਰੀਨ ਗੋਲਡ ਮਸਾਲਿਆਂ ਦੇ ਨਾਮ ਦਾ ਹਲਦੀ ਪ੍ਰੋਸੈਸਿੰਗ ਪਲਾਂਟ ਲਾਇਆ, ਜਿਸ ਦੇ ਉਤਪਾਦਾਂ ਵਿੱਚੋਂ ਗ੍ਰੀਨ ਗੋਲਡ ਹਲਦੀ ਵੀ ਇੱਕ ਹੈ। ਉਨ੍ਹਾਂ ਦੇ ਪਰਿਵਾਰ ਚੋਂ ਪਤਨੀ, ਦੋ ਪੁੱਤਰ, ਇੱਕ ਧੀ ਸਭ ਹਲਦੀ ਦੀ ਪ੍ਰੋਸੈੱਸਿੰਗ ਜਿਵੇਂ ਕਿ ਧੁਵਾਈ, ਉਬਾਲਣ, ਪੋਲਿਸ਼ਿੰਗ ਅਤੇ ਪੀਹਣ ਆਦਿ ਕਿਰਿਆਵਾਂ ਵਿੱਚ ਮੁੱਖ ਰੋਲ ਅਦਾ ਕਰਦੇ ਹਨ। ਉਨ੍ਹਾਂ ਦੇ ਪ੍ਰੋਸੈੱਸਿੰਗ ਪਲਾਂਟ ਵਿੱਚ 4-5 ਮਜ਼ਦੂਰ ਕੰਮ ਕਰਦੇ ਹਨ ਅਤੇ ਹਲਦੀ ਦੀ ਪੈਕਿੰਗ, ਸੀਲਿੰਗ ਅਤੇ ਸਟੈਂਪਿੰਗ ਕਿਰਿਆਵਾਂ ਵਿੱਚ ਪੂਰਾ ਪਰਿਵਾਰ ਬਰਾਬਰ ਯੋਗਦਾਨ ਦਿੰਦਾ ਹੈ। ਸਾਰਾ ਮਸ਼ੀਨਰੀ ਸਿਸਟਮ ਲਗਾਉਣ ਤੋਂ ਬਾਅਦ ਉਨ੍ਹਾਂ ਨੂੰ ਕੁੱਝ ਛੋਟੀਆਂ-ਮੋਟੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸਮੱਸਿਆਵਾਂ ਵਿੱਚੋਂ ਇੱਕ ਉਬਾਲੀ ਹਲਦੀ ਨੂੰ ਸੁਕਾਉਣ ਲਈ ਘੱਟ ਜਗ੍ਹਾ ਦਾ ਹੋਣਾ ਹੈ।

ਗੁਰਦਿਆਲ ਸਿੰਘ ਜੀ ਨੇ ਹਲਦੀ ਦੀ ਖੇਤ ਬਾਰੇ ਹੀ ਕਿਉਂ ਸੋਚਿਆ:

• ਇਸਨੂੰ ਸਿੰਚਾਈ ਦੀ ਘੱਟ ਲੋੜ ਹੁੰਦੀ ਹੈ, ਬਿਜਾਈ ਤੋਂ ਪੁਟਾਈ ਤੱਕ (8-10 ਮਹੀਨੇ), ਕੁੱਲ 10-12 ਸਿੰਚਾਈਆਂ ਦੀ ਲੋੜ ਹੁੰਦੀ ਹੈ।

• ਹਲਦੀ ਕੁਦਰਤੀ ਤੌਰ ‘ਤੇ ਇੱਕ ਐਂਟੀ-ਬਾਇਓਟਿਕ ਹੈ, ਇਸ ਲਈ ਇਸ ਫ਼ਸਲ ‘ਤੇ ਕਿਸੇ ਵੀ ਬਿਮਾਰੀ ਆਦਿ ਦਾ ਹਮਲਾ ਨਹੀਂ ਹੁੰਦਾ। ਇਸੇ ਕਰਕੇ ਇਸ ‘ਤੇ ਜ਼ਿਆਦਾ ਰਸਾਇਣਾਂ ਅਤੇ ਸਪਰੇਆਂ ਦੀ ਲੋੜ ਨਹੀਂ ਪੈਂਦੀ।

• ਉਹ ਇੱਕ ਏਕੜ ਵਿੱਚ 35000 ਰੁਪਏ ਨਿਵੇਸ਼ ਕਰਦੇ ਹਨ ਅਤੇ 5 ਕੁਇੰਟਲ ਬੀਜ ਬੀਜਦੇ ਹਨ ਅਤੇ ਪੁਟਾਈ ਲਈ ਆਲੂ ਪੁੱਟਣ ਵਾਲੀ ਮਸ਼ੀਨ ਦੀ ਵੀ ਵਰਤੋਂ ਕਰਦੇ ਹਨ।

• ਉਹ ਕੁੱਲ 6-7 ਏਕੜ ਵਿੱਚ ਹਲਦੀ ਦੀ ਖੇਤੀ ਕਰਦੇ ਹਨ ਅਤੇ ਫਿਰ ਕੁੱਝ ਸਮੇਂ ਬਾਅਦ ਫ਼ਸਲ ਬਦਲ ਕੇ ਬੀਜ ਦਿੱਤੀ ਜਾਂਦੀ ਹੈ, ਕਿਉਂਕਿ ਹਲਦੀ ਦੀ ਖੇਤੀ ਤੋਂ ਬਾਅਦ ਮਿੱਟੀ ਦਾ ਉਪਜਾਊ-ਪਨ ਵੱਧ ਜਾਂਦਾ ਹੈ।

ਇਸ ਲਈ ਜੇਕਰ ਕੋਈ ਵੀ ਕਿਸਾਨ ਹਲਦੀ ਦੀ ਖੇਤੀ ਸ਼ੁਰੂ ਕਰਨਾ ਚਾਹੁੰਦਾ ਹੈ, ਤਾਂ ਬੜੀ ਆਸਾਨੀ ਨਾਲ ਕਰ ਸਕਦਾ ਹੈ। ਹਲਦੀ ਦੇ ਪ੍ਰੋਸੈੱਸਿੰਗ ਪਲਾਂਟ ਵਿੱਚ ਸਾਰੀ ਮਸ਼ੀਨਰੀ ਲਈ ਗੁਰਦਿਆਲ ਸਿੰਘ ਜੀ ਨੇ 4.5 ਲੱਖ ਰੁਪਏ ਨਿਵੇਸ਼ ਕੀਤੇ। ਉਨ੍ਹਾਂ ਨੇ ਪੀ.ਏ.ਯੂ. ਤੋਂ ਟ੍ਰੇਨਿੰਗ ਅਤੇ ਹਲਦੀ ਦੇ ਬੀਜਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਪੰਜਾਬ ਬਾਗਬਾਨੀ ਵਿਭਾਗ ਤੋਂ NHM ਦੀਆਂ ਹਿਦਾਇਤਾਂ ਅਨੁਸਾਰ ‘ਗ੍ਰੀਨ ਗੋਲਡ ਪ੍ਰੋਸੈੱਸਿੰਗ ਯੂਨਿਟ’ ‘ਤੇ 25% ਸਬਸਿਡੀ ਪ੍ਰਾਪਤ ਕੀਤੀ। ਇਸ ਕ੍ਰਾਂਤੀਕਾਰੀ ਕੰਮ ਅਤੇ ਅਲੱਗ ਰਾਸਤਾ ਚੁਣਨ ਲਈ ਉਨ੍ਹਾਂ ਨੂੰ ਬਹੁਤ ਸਾਰੇ ਪੁਰਸਕਾਰ ਅਤੇ ਇਨਾਮ ਮਿਲੇ। ਉਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਹਨ:

• ਪੰਜਾਬ ਦੇ ਮੁੱਖ ਮੰਤਰੀ ਵੱਲੋਂ ਉਦਮੀ ਕਿਸਾਨ ਪੁਰਸਕਾਰ 2014

• Datawid ਕਿਸਾਨ ਪੁਰਸਕਾਰ 2015

•ਪੀ.ਏ.ਯੂ. ਲੁਧਿਆਣਾ ਅਤੇ ਪੰਜਾਬ ਬਾਗਬਾਨੀ ਵਿਭਾਗ ਵੱਲੋਂ ਚੱਪੜ-ਚਿੜੀ ਵਿਖੇ ਸਨਮਾਨ

ਜਿਸ ਤਰੀਕੇ ਨਾਲ ਉਹ ਆਪਣੀ ਖੇਤੀ ਤਕਨੀਕਾਂ ਨੂੰ ਵਧਾ ਰਹੇ ਹਨ, ਉਸ ਹਿਸਾਬ ਨਾਲ ਇਹ ਸਨਮਾਨ ਬਹੁਤ ਘੱਟ ਹਨ। ਭਵਿੱਖ ਵਿੱਚ ਉਹ ਹੋਰ ਵੀ ਬਹੁਤ ਸਾਰੇ ਸਨਮਾਨ ਹਾਸਿਲ ਕਰਨਗੇ।

ਹਲਦੀ ਦੀ ਖੇਤੀ ਅਤੇ ਪਾਊਡਰ ਬਣਾਉਣ ਤੋਂ ਇਲਾਵਾ ਉਹ ਆਪਣੇ ਪਿੰਡ ਦੇ ਹੋਰਨਾਂ ਕਿਸਾਨਾਂ ਨੂੰ ਹਲਦੀ ਖੇਤੀ ਬਾਰੇ ਸੁਝਾਅ ਦਿੰਦੇ ਹਨ। ਅੱਜ ਉਨ੍ਹਾਂ ਨਾਲ ਲਗਭਗ 60 ਕਿਸਾਨ ਜੁੜੇ ਹਨ, ਜਿਨ੍ਹਾਂ ਨੂੰ ਉਹ ਮੁਫ਼ਤ ਟ੍ਰੇਨਿੰਗ ਦਿੰਦੇ ਹਨ। ਉਹ ਹੋਰਨਾਂ ਕਿਸਾਨਾਂ ਤੋਂ ਸਹੀ ਮੁੱਲ ‘ਤੇ ਕੱਚੀ ਹਲਦੀ ਖਰੀਦ ਕੇ ਵੀ ਉਨ੍ਹਾਂ ਦੀ ਮਦਦ ਕਰਦੇ ਹਨ। ਉਹ ਆਪਣੇ ਖੇਤ ਵਿੱਚ ਹਲਦੀ ਦੀ ਖੇਤੀ ਤੋਂ ਇਲਾਵਾ ਆਪਣੇ ਮਿੱਤਰ ਦੀ ਵੀ ਹਲਦੀ ਖੇਤੀ ਵਿੱਚ ਮਦਦ ਕਰਦੇ ਹਨ। ਉਨ੍ਹਾਂ ਦੇ ਸਾਰੇ ਉਤਪਾਦਾਂ ਦੀ ਮਾਰਕਿਟਿੰਗ ਅਤੇ ਪ੍ਰਮੋਸ਼ਨ ਲਈ NABARD ਉਨ੍ਹਾਂ ਨੂੰ ਵੱਖ-ਵੱਖ ਪ੍ਰਦਰਸ਼ਨੀਆਂ ਅਤੇ ਮੇਲਿਆਂ ਵਿੱਚ ਜਗ੍ਹਾ ਲੈ ਕੇ ਦਿੰਦਾ ਹੈ ਅਤੇ ਕਿਸਾਨ ਉਤਪਾਦਕ ਸੰਸਥਾਵਾਂ ਹੇਠਾਂ ਕਿਸਾਨ ਮੇਲਿਆਂ ‘ਤੇ ਵੀ ਭੇਜਦੇ ਹਨ।

ਇਨ੍ਹਾਂ ਕੰਮਾਂ ਤੋਂ ਇਲਾਵਾ ਗੁਰਦਿਆਲ ਸਿੰਘ ਜੀ ਨੇ ਮੱਖੀ-ਪਾਲਣ ਦੇ ਕਾਰੋਬਾਰ ਵਿੱਚ ਵੀ ਨਿਵੇਸ਼ ਕੀਤਾ ਹੈ। ਉਨ੍ਹਾਂ ਨੇ ਇਹ ਕੰਮ ਸੰਨ 2000 ਵਿੱਚ 5 ਬਕਸਿਆਂ ਤੋਂ ਸ਼ੁਰੂ ਕੀਤਾ ਸੀ ਅਤੇ ਇਸ ਸਮੇਂ ਉਨ੍ਹਾਂ ਕੋਲ 100 ਬਕਸੇ ਹਨ। ਮੱਖੀ-ਪਾਲਣ ਦਾ ਚੰਗੀ ਤਰ੍ਹਾਂ ਪ੍ਰਬੰਧ ਕਰਨ ਲਈ ਉਨ੍ਹਾਂ ਨੇ ਮਜ਼ਦੂਰ ਰੱਖੇ ਹਨ। ਬਾਕੀ ਦੀ ਜ਼ਮੀਨ ‘ਤੇ ਉਹ ਮਸਰ(ਹਰੀ ਮੂੰਗੀ), ਸਫੇ਼ਦ ਬੈਂਗਣ, ਭਿੰਡੀ, ਕਣਕ ਅਤੇ ਝੋਨੇ ਆਦਿ ਦੀ ਖੇਤੀ ਘਰੇਲੂ ਵਰਤੋਂ ਲਈ ਕਰਦੇ ਹਨ। ਭਵਿੱਖ ਵਿੱਚ ਉਹ ਗ੍ਰੀਨ ਗੋਲਡ ਹਲਦੀ ਪ੍ਰੋਸੈਸਿੰਗ ਪਲਾਂਟ ਨੂੰ ਹੋਰ ਆਧੁਨਿਕ ਬਣਾਉਣ ਲਈ ਪੈਕਿੰਗ ਲਈ ਹਾਈ-ਟੈੱਕ ਮਸ਼ੀਨਾਂ ਲਗਾਉਣ ਲਈ ਯੋਜਨਾ ਬਣਾ ਰਹੇ ਹਨ।

ਉਨ੍ਹਾਂ ਦੀ ਸੋਚ ਅਨੁਸਾਰ,
ਜੇਕਰ ਕਿਸਾਨ ਖੇਤੀਬਾੜੀ ਤੋਂ ਵਧੀਆ ਮੁਨਾਫ਼ਾ ਲੈਣਾ ਚਾਹੁੰਦਾ ਹੈ ਅਤੇ ਕਟਾਈ ਤੋਂ ਬਾਅਦ ਫ਼ਸਲ ‘ਚੋਂ ਵੀ ਲਾਭ ਉਠਾਉਣਾ ਚਾਹੁੰਦਾ ਹੈ, ਤਾਂ ਉਸਨੂੰ ਵਿਚੋਲਿਆਂ(ਦਲਾਲਾਂ) ਨੂੰ ਬਾਹਰ ਕੱਢਣਾ ਪਵੇਗਾ। ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਖੁਦ ਪ੍ਰੋਸੈਸਿੰਗ ਕਰਨੀ ਪਵੇਗੀ ਅਤੇ ਖੁਦ ਹੀ ਮੰਡੀ ਤੱਕ ਲਿਜਾਣਾ ਪਵੇਗਾ। ਇਹ ਸਭ ਕਰਨ ਲਈ ਬਹੁਤ ਮਿਹਨਤ, ਤਾਕਤ ਅਤੇ ਜੋਸ਼ ਦੀ ਲੋੜ ਹੈ। ਜੇਕਰ ਕਿਸਾਨ ਖੁਦ ਦੇ ਤਿਆਰ ਕੀਤੇ ਉਤਪਾਦ ਮੰਡੀ ਵਿੱਚ ਲਿਜਾਣ ਵਿੱਚ ਸ਼ਰਮ ਮਹਿਸੂਸ ਕਰਦਾ ਹੈ, ਤਾਂ ਉਹ ਕਦੇ ਮੁਨਾਫ਼ਾ ਨਹੀਂ ਲੈ ਸਕਦਾ ਅਤੇ ਨਾ ਹੀ ਤਰੱਕੀ ਕਰ ਸਕਦਾ ਹੈ। ਜੇਕਰ ਕੋਈ ਕਿਸਾਨ ਹਲਦੀ ਦੀ ਖੇਤੀ ਵਿੱਚ ਦਿਲਚਸਪੀ ਲੈ ਰਿਹਾ ਹੈ, ਤਾਂ ਉਹ ਪੀ.ਏ.ਯੂ. ਦੇ ਮਾਹਿਰਾਂ ਅਤੇ ਹੋਰ ਹਲਦੀ ਵਾਲੇ ਕਿਸਾਨਾਂ ਤੋਂ ਜਾਣਕਾਰੀ ਲੈ ਸਕਦਾ ਹੈ, ਕਿਉਂਕਿ ਮਾਹਿਰ ਕਿਸਮਾਂ, ਬੀਜਾਂ, ਜਮੀਨ ਦੀਆਂ ਕਿਸਮਾਂ ਅਤੇ ਹੋਰ ਜ਼ਰੂਰੀ ਗੱਲਾਂ ਬਾਰੇ ਜ਼ਿਆਦਾ ਜਾਣਕਾਰੀ ਦੇ ਸਕਦੇ ਹਨ।
ਗੁਰਦਿਆਲ ਸਿੰਘ ਜੀ ਦਾ ਸੰਦੇਸ਼-
“ਵਰਤਮਾਨ ਸਮੇਂ ਦੀਆਂ ਲੋੜਾਂ ਅਨੁਸਾਰ ਰਵਾਇਤੀ ਖੇਤੀ ਕਿਸਾਨਾਂ ਲਈ ਸਹਾਇਕ ਨਹੀਂ ਹੈ। ਜੇਕਰ ਕਿਸਾਨ ਫ਼ਸਲ ਕਟਾਈ ਤੋਂ ਬਾਅਦ ਵਧੀਆ ਮੁਨਾਫ਼ਾ ਲੈਣਾ ਚਾਹੁੰਦਾ ਹੈ, ਤਾਂ ਵਿਭਿੰਨਤਾ ਲਿਆਉਣੀ ਬਹੁਤ ਜ਼ਰੂਰੀ ਹੈ। ਅਧੁਨਿਕ ਖੇਤੀ ਦੇ ਤਰੀਕਿਆਂ ਨਾਲ ਇੱਕ ਛੋਟਾ ਕਿਸਾਨ ਵੀ ਸਫ਼ਲਤਾ ਹਾਸਿਲ ਕਰ ਸਕਦਾ ਹੈ। ਅੱਜ-ਕੱਲ੍ਹ ਸਮੇਂ ਦੀ ਲੋੜ ਫੂਡ ਪ੍ਰੋਸੈੱਸਿੰਗ ਹੈ, ਸੋ ਕਿਸਾਨਾਂ ਨੂੰ ਅਲੱਗ ਤਰੀਕੇ ਨਾਲ ਸੋਚਣਾ ਚਾਹੀਦਾ ਹੈ। ਕਿਸਾਨਾਂ ਨੂੰ ਸਮਝਣਾ ਪਵੇਗਾ ਕਿ ਮੰਡੀ ਵਿੱਚ ਖੁਦ ਉਤਪਾਦ ਵੇਚਣ ਲਈ ਦਲਾਲਾਂ ਦੀ ਕੋਈ ਲੋੜ ਨਹੀਂ ਹੈ। ਇਹ ਕੰਮ ਖੁਦ ਕੀਤਾ ਜਾ ਸਕਦਾ ਹੈ।