ਬਬਲੂ ਸ਼ਰਮਾ

ਪੂਰੀ ਕਹਾਣੀ ਪੜ੍ਹੋ

2 ਕਨਾਲਾਂ ਤੋਂ ਕੀਤਾ ਸੀ ਸ਼ੁਰੂ ਅਤੇ ਅੱਜ 2 ਕਿੱਲਿਆਂ ਵਿੱਚ ਫੈਲ ਚੁੱਕਿਆ ਹੈ ਇਸ ਨੌਜਵਾਨ ਅਗਾਂਹਵਧੂ ਕਿਸਾਨ ਦਾ ਪਨੀਰੀ ਵੇਚਣ ਦਾ ਕੰਮ

ਕਠਿਨਾਈਆਂ ਕਿਸ ਕਿੱਤੇ ਵਿੱਚ ਨਹੀਂ ਆਉਂਦੀਆਂ, ਕੋਈ ਵੀ ਅਜਿਹਾ ਕੰਮ ਨਹੀਂ ਹੋਵੇਗਾ ਜੋ ਬਿਨਾਂ ਕਠਿਨਾਈਆਂ ਤੋਂ ਪੂਰਾ ਹੋਵੇ। ਇਸ ਲਈ ਹਰ ਇੱਕ ਇਨਸਾਨ ਨੂੰ ਚਾਹੀਦਾ ਹੈ ਉਹ ਔਕੜਾਂ ਭਰੀ ਬੇੜੀ ਵਿੱਚ ਸਵਾਰ ਹੋ ਜਾਏ ਤੇ ਬਸ ਕਿਨਾਰੇ ਲੱਗਣ ਤੱਕ ਮਿਹਨਤ ਕਰੀ ਜਾਵੇ, ਜਿਸ ਦਿਨ ਬੇੜੀ ਕਿਨਾਰੇ ਲੱਗ ਗਈ ਸਮਝੋ ਇਨਸਾਨ ਨੇ ਕਾਮਯਾਬੀ ਹਾਸਿਲ ਕਰ ਲਈ ਹੈ।

ਅਜਿਹਾ ਹੀ ਜਜ਼ਬਾ ਲੈ ਕੇ ਇੱਕ ਨੌਜਵਾਨ ਕਿਸਾਨ ਬਬਲੂ ਸ਼ਰਮਾ, ਜੋ ਪਿੰਡ ਖੂੰਨਣ ਕਲਾਂ ਜ਼ਿਲ੍ਹਾ ਮੁਕਤਸਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਨੇ ਅਜਿਹਾ ਕਿੱਤਾ ਹੱਥ ਵਿੱਚ ਲੈ ਲਿਆ ਜਿਸ ਬਾਰੇ ਥੋੜੀ ਬਹੁਤ ਹੀ ਜਾਣਕਾਰੀ ਸੀ ਤੇ ਉਹ ਥੋੜੀ-ਥੋੜੀ ਜਾਣਕਾਰੀ ਉਹਨਾਂ ਲਈ ਤਜ਼ੁਰਬੇਕਾਰ ਬਣਦੀ ਗਈ ਤੇ ਅਖੀਰ ਵਿਚ ਕਾਮਯਾਬ ਹੋ ਕੇ ਦਿਖਾਇਆ, ਉਹਨਾਂ ਨੇ ਖੁਦ ਨੂੰ ਹਿੰਮਤ ਨਹੀਂ ਹਾਰਨ ਦਿੱਤੀ, ਬਸ ਨਿਰੰਤਰ ਆਪਣੇ ਕੰਮ ਵਿੱਚ ਰੁੱਝੇ ਰਹੇ ਤੇ ਅੱਜ ਕੱਲ੍ਹ ਉਹਨਾਂ ਨੂੰ ਹਰ ਕੋਈ ਭਲੀ-ਭਾਂਤੀ ਜਾਣਦਾ ਹੈ।

ਸਾਲ 2012 ਦੀ ਗੱਲ ਹੈ ਜਦੋਂ ਬਬਲੂ ਸ਼ਰਮਾ ਕੋਲ ਕੋਈ ਨੌਕਰੀ ਬਗੈਰਾ ਨਹੀਂ ਸੀ ਤੇ ਉਹ ਇਸ ਤਰ੍ਹਾਂ ਹੀ ਕਦੇ ਕਿਸੇ ਕੋਲ ਜਾ ਕੇ ਕੋਈ ਨਾ ਕੋਈ ਨਾ ਕੰਮ ਸਿੱਖਦੇ ਰਹਿੰਦੇ ਸਨ, ਪਰ ਇਹ ਵੀ ਕਦੋਂ ਤੱਕ ਚੱਲਣਾ ਸੀ, ਇੱਕ ਨਾ ਇੱਕ ਦਿਨ ਆਪਣੇ ਪੈਰਾਂ ‘ਤੇ ਖੜੇ ਤਾਂ ਹੋਣਾ ਹੀ ਸੀ। ਸੋ ਮੁਸ਼ਕਿਲਾਂ ਨਾਲ ਲੜਦੇ ਗਏ ਤੇ ਇੱਕ ਦਿਨ ਅਚਾਨਕ ਬੈਠੇ ਹੋਏ ਸਨ ਤਾਂ ਆਪਣੇ ਪਿਤਾ ਜੀ ਨਾਲ ਗੱਲ ਛੇੜੀ ਕਿ ਪਿਤਾ ਜੀ ਅਜਿਹਾ ਕਿਹੜਾ ਕੰਮ ਹੋ ਸਕਦਾ ਹੈ, ਜੋ ਕਿ ਖੇਤੀ ਦਾ ਹੋਵੇ ਤੇ ਦੂਸਰਾ ਉੱਥੋਂ ਆਮਦਨ ਵੀ ਹੋਵੇ।ਪਿਤਾ ਜੀ ਨੂੰ ਤਾਂ ਖੇਤੀ ਵਿੱਚ ਪਹਿਲਾਂ ਹੀ ਤਜ਼ੁਰਬਾ ਸੀ ਕਿਉਂਕਿ ਉਹ ਖੇਤੀ ਕਰਦੇ ਆਏ ਹਨ ਤੇ ਹੁਣ ਵੀ ਖੇਤੀ ਕਰ ਰਹੇ ਹਨ। ਆਪਣੇ ਆਲੇ-ਦੁਆਲੇ ਦੇ ਕਿਸਾਨਾਂ ਨੂੰ ਦੇਖਦਿਆਂ ਬਬਲੂ ਨੇ ਆਪਣੇ ਪਿਤਾ ਜੀ ਨੇ ਦੀ ਸਲਾਹ ਨਾਲ ਸਬਜ਼ੀਆਂ ਦੀ ਪਨੀਰੀ ਦਾ ਕੰਮ ਸ਼ੁਰੂ ਕਰਨ ਬਾਰੇ ਸੋਚਿਆ।

ਕੰਮ ਸ਼ੁਰੂ ਤਾਂ ਕਰ ਲਿਆ ਪਰ ਪੈਸੇ ਲਗਾ ਕੇ ਵੀ ਫੇਲ ਹੋਣ ਦਾ ਚਿੰਤਾ ਵੀ ਖਾਈ ਜਾ ਰਹੀ ਸੀ- ਬਬਲੂ ਸ਼ਰਮਾ

ਪਿਤਾ ਪਵਨ ਕੁਮਾਰ ਜੀ ਨੇ ਕਿਹਾ, ਕੋਈ ਨਾ ਅੱਗੇ ਦੇਖਦੇ ਹਾਂ, ਤੂੰ ਕੰਮ ਸ਼ੁਰੂ ਕਰ, ਜਦੋਂ ਬਬਲੂ ਸ਼ਰਮਾ ਨੇ ਸਬਜ਼ੀਆਂ ਦੀ ਪਨੀਰੀ ਦਾ ਕੰਮ ਪਹਿਲੀ ਵਾਰ ਸ਼ੁਰੂ ਕੀਤਾ ਤਾਂ ਉਹਨਾਂ ਦਾ ਘੱਟੋਂ-ਘੱਟ 35000 ਦੇ ਕਰੀਬ ਖਰਚਾ ਆਇਆ ਸੀ ਜਿਸ ਵਿੱਚ ਉਹਨਾਂ ਨੇ ਪਿਆਜ਼, ਮਿਰਚ, ਟਮਾਟਰ, ਸ਼ਿਮਲਾ ਮਿਰਚ, ਬੈਂਗਣ, ਬੈਂਗਣੀ ਚੂਚ ਆਦਿ ਦੀਆਂ ਪਨੀਰੀਆਂ ਤੋਂ, ਜੋ ਕਿ 2 ਕਨਾਲ ਵਿੱਚ ਸ਼ੁਰੂ ਕੀਤਾ ਸੀ, ਪਰ ਸਾਂਭ-ਸੰਭਾਲ ਬਾਰੇ ਘੱਟ ਜਾਣਕਾਰੀ ਬਬਲੂ ਲਈ ਪਹਿਲੀ ਸਮੱਸਿਆ ਬਣ ਕੇ ਸਾਹਮਣੇ ਆਈ, ਪਰ ਉਹ ਜਿਵੇਂ-ਜਿਵੇਂ ਥੋੜਾ ਬਹੁਤ ਪਤਾ ਚੱਲਦਾ ਰਿਹਾ, ਉਹ ਉਸ ਤਰ੍ਹਾਂ ਹੀ ਖੇਤੀ ਦੇ ਵਿੱਚ ਤਰੀਕੇ ਅਪਣਾਉਂਦੇ ਰਹੇ ਤੇ ਇਸ ਵਿੱਚ ਉਹਨਾਂ ਦੇ ਪਿਤਾ ਪਵਨ ਕੁਮਾਰ ਜੀ ਨੇ ਵੀ ਬਬਲੂ ਦਾ ਪੂਰਾ ਸਾਥ ਦਿੱਤਾ।

ਜਦੋਂ ਸਮੇਂ ਅਨੁਸਾਰ ਪਨੀਰੀ ਤਿਆਰ ਹੋਈ ਤਾਂ ਉਸ ਤੋਂ ਬਾਅਦ ਜੋ ਮੁਸ਼ਕਿਲ ਉਨ੍ਹਾਂ ਸਾਹਮਣੇ ਇਹ ਆ ਕੇ ਖੜੀ ਹੋਈ ਕਿ ਇਸ ਨੂੰ ਵੇਚਾਂਗੇ ਕਿੱਥੇ ਤੇ ਕੌਣ ਇਸਨੂੰ ਖਰੀਦੇਗਾ। ਬੇਸ਼ੱਕ ਪਨੀਰੀ ਨੂੰ ਸਾਂਭ ਕੇ ਰੱਖ ਸਕਦੇ ਹਨ, ਹਾਂ ਪਰ ਥੋੜੇ ਸਮੇਂ ਲਈ ਹੀ, ਇਸ ਗੱਲ ਦੀ ਚਿੰਤਾ ਸਤਾਉਣ ਲੱਗ ਗਈ।

ਜਦੋਂ ਸ਼ਾਮ ਨੂੰ ਬਬਲੂ ਘਰ ਆਇਆ ਤਾਂ ਇਹੀ ਚਿੰਤਾ ਵਾਰ-ਵਾਰ ਦਿਮਾਗ ਖਾਈ ਜਾ ਰਹੀ ਸੀ ਕਿ ਕਿਵੇਂ ਕੀ ਕੀਤਾ ਜਾ ਸਕਦਾ ਹੈ। ਇਸ ਮੁਸ਼ਕਿਲ ਦਾ ਹੱਲ ਲੱਭਣ ਲਈ ਉਹਨਾਂ ਨੇ ਬਹੁਤ ਰਿਸਰਚ ਕੀਤੀ ਅਤੇ ਉਸ ਵਕਤ ਇੰਟਰਨੈੱਟ ਵੀ ਇੰਨਾ ਨਹੀਂ ਹੁੰਦਾ ਸੀ, ਫਿਰ ਬਹੁਤ ਸੋਚਣ ਤੋਂ ਬਾਅਦ ਦਿਮਾਗ ਵਿੱਚ ਆਇਆ ਕਿ ਕਿਉਂ ਨਾ ਖੁਦ ਹੀ ਪਿੰਡਾਂ ਵਿੱਚ ਜਾ ਕੇ ਵੇਚ ਕੇ ਆਇਆ ਕਰੀਏ।

ਇਸ ਗੱਲ ਉੱਤੇ ਪਿਤਾ ਜੀ ਨੇ ਹਾਮੀ ਭਰਦੇ ਹੋਏ ਕਿਹਾ, ਬੇਟਾ ਜਿਵੇਂ ਤੈਨੂੰ ਸਹੀ ਲੱਗਦਾ ਹੈ, ਤੂੰ ਉਸ ਤਰ੍ਹਾਂ ਹੀ ਕਰ। ਫਿਰ ਉਸ ਤੋਂ ਬਾਅਦ ਬਬਲੂ ਨੇ ਕਦੇ ਛੋਟੀਆਂ ਗੱਡੀਆਂ ਜਿਵੇਂ ਆਟੋ, ਛੋਟਾ ਹਾਥੀ ਵਿੱਚ ਪਨੀਰੀ ਰੱਖ ਕੇ ਆਪਣੇ ਪਿੰਡ ਦੇ ਨੇੜਲੇ ਲੱਗਦੇ ਪਿੰਡਾਂ ਵਿੱਚ ਹੋਕੇ ਮਾਰ-ਮਾਰ ਕੇ ਵੇਚਣ ਜਾਣ ਲੱਗ ਗਏ, ਕਦੇ ਤਾਂ ਗੁਰਦੁਆਰੇ ਦੇ ਰਾਹੀਂ ਸੰਦੇਸ਼ ਪਹੁੰਚਾਉਣਾ, ਕਦੇ ਕਿਸੇ ਹੋਰ ਤਰੀਕੇ ਨਾਲ ਪਨੀਰੀ ਵੇਚਣੀ, ਇਸ ਤਰ੍ਹਾਂ ਘੱਟੋਂ-ਘੱਟ 3 ਤੋਂ 4 ਸਾਲ ਕਰਦੇ ਰਹੇ ਤੇ ਪਨੀਰੀ ਦੀ ਮਾਰਕੀਟਿੰਗ ਹੋਣ ਲੱਗੀ, ਜਿਸ ਨਾਲ ਉਹਨਾਂ ਬਾਰੇ ਲੋਕਾਂ ਨੂੰ ਪਤਾ ਤਾਂ ਬੇਸ਼ੱਕ ਲੱਗਣ ਲੱਗ ਗਿਆ ਸੀ ਅਤੇ ਉਨ੍ਹਾਂ ਨੂੰ ਮੁਨਾਫ਼ਾ ਵੀ ਹੋਣ ਲੱਗ ਗਿਆ ਸੀ, ਪਰ ਬਬਲੂ ਖੁਸ਼ ਨਹੀਂ ਸੀ ਕਿ ਇਸ ਤਰ੍ਹਾਂ ਹੀ ਮਾਰਕੀਟਿੰਗ ਕਰਦੇ ਰਹਾਂਗੇ ਜਾਂ ਫਿਰ ਕੋਈ ਹੋਰ ਤਰੀਕਾ ਨਹੀਂ ਹੋ ਸਕਦਾ, ਜਿਸ ਨਾਲ ਲੋਕ ਉਨ੍ਹਾਂ ਕੋਲ ਪਨੀਰੀ ਖਰੀਦਣ ਲਈ ਆਵੇ ਅਤੇ ਨਰਸਰੀ ਬੈਠੇ ਹੀ ਪਨੀਰੀ ਵੇਚੀਏ।

ਇਸ ਵਾਰ ਜਦੋਂ ਪਹਿਲਾ ਦੀ ਤਰ੍ਹਾਂ ਬਬਲੂ ਪਨੀਰੀ ਵੇਚਣ ਗਿਆ ਤਾਂ ਇੱਕ ਥਾਂ ਤੋਂ ਉਨ੍ਹਾਂ ਨੂੰ ਕਿਸੇ ਨੇ ਸ਼ਰਮਾ ਨਰਸਰੀ ਦੇ ਨਾਮ ਤੋਂ ਬੁਲਾਇਆ, ਜਿਸ ਨੂੰ ਸੁਣ ਕੇ ਬਬਲੂ ਬਹੁਤ ਖੁਸ਼ ਹੋਇਆ ਅਤੇ ਜਦੋਂ ਉਹ ਪਨੀਰੀ ਵੇਚ ਕੇ ਵਾਪਿਸ ਆਇਆ ਤਾਂ ਉਸ ਦੇ ਮਨ ਵਿੱਚ ਓਹੀ ਗੱਲ ਵਾਰ-ਵਾਰ ਘੁੰਮਦੀ ਜਾ ਰਹੀ ਸੀ ਅਤੇ ਇਸ ਉੱਤੇ ਉਸਨੇ ਚੰਗੀ ਤਰ੍ਹਾਂ ਸੋਚ ਵਿਚਾਰ ਕੀਤੀ, ਫਿਰ ਬਬਲੂ ਨੇ ਪਿਤਾ ਜੀ ਨਾਲ ਸਲਾਹ ਕਰਕੇ ਸ਼ਰਮਾ ਨਰਸਰੀ ਦੇ ਨਾਮ ਤੋਂ ਕਾਰਡ ਬਣਾਉਣ ਬਾਰੇ ਸੋਚਿਆ। ਸ਼ਰਮਾ ਨਰਸਰੀ ਦੇ ਨਾਮ ਤੋਂ ਕਾਰਡ ਛਪਵਾਉਣ ਲਈ ਦੇ ਦਿੱਤੇ, ਉਸ ਉੱਤੇ ਹਰ ਇੱਕ ਉਹ ਜਾਣਕਾਰੀ ਦੇ ਦਿੱਤੀ ਜਿਸ ਵਿੱਚ ਉਨ੍ਹਾਂ ਦੇ ਪਿੰਡ ਦਾ ਨਾਮ, ਫੋਨ ਨੰਬਰ, ਪਨੀਰੀ ਜਿਸ ਸਬਜ਼ੀਆਂ ਦੀਆਂ ਪਨੀਰੀ ਉਹ ਲਾਉਂਦੇ ਹਨ।

ਜਦੋਂ ਫਿਰ ਉਹ ਪਨੀਰੀ ਵੇਚਣ ਲਈ ਗਏ ਤਾਂ ਉਹ ਛਪਵਾਏ ਹੋਏ ਕਾਰਡ ਆਪਣੇ ਨਾਲ ਲੈ ਗਏ। ਜਦੋਂ ਉਹ ਪਨੀਰੀ ਜਿਸ ਕਿਸਾਨ ਜਾਂ ਇਨਸਾਨ ਨੂੰ ਵੇਚ ਰਹੇ ਸਨ, ਨਾਲ-ਨਾਲ ਉਨ੍ਹਾਂ ਨੇ ਆਪਣੇ ਕਾਰਡ ਦੇਣੇ ਸ਼ੁਰੂ ਕਰ ਦਿੱਤੇ ਅਤੇ ਇਸ ਤਰ੍ਹਾਂ ਛਪਵਾਏ ਹੋਏ ਕਾਰਡ ਕਈ ਥਾਵਾਂ ‘ਤੇ ਵੰਡ ਆਏ।

ਵਾਪਿਸ ਜਦੋਂ ਘਰ ਆਏ ਤਾਂ ਉਹ ਜੋ ਕਾਰਡ ਵੰਡ ਕੇ ਆਏ ਸਨ ਉਸ ਦੇ ਇੰਤਜ਼ਾਰ ਵਿੱਚ ਸਨ ਕਿ ਕੋਈ ਨਾ ਕੋਈ ਜ਼ਰੂਰ ਕਾਰਡ ਦੇਖ ਕੇ ਫੋਨ ਕਰੂਗਾ, ਕਈ ਦਿਨ ਇੰਝ ਹੀ ਲੰਘ ਗਏ ਪਰ ਉਹ ਦਿਨ ਆ ਹੀ ਗਿਆ ਜਦੋਂ ਸਫਲਤਾ ਨੇ ਫੋਨ ‘ਤੇ ਆ ਕੇ ਦਸਤਕ ਦਿੱਤੀ। ਜਦੋਂ ਉਨ੍ਹਾਂ ਨੇ ਫੋਨ ਚੁੱਕਿਆ ਤਾਂ ਅੱਗੋਂ ਇੱਕ ਕਿਸਾਨ ਉਨ੍ਹਾਂ ਤੋਂ ਪਨੀਰੀ ਮੰਗ ਰਿਹਾ ਸੀ, ਜਿਸ ‘ਤੇ ਬਹੁਤ ਖੁਸ਼ ਹੋਏ ਅਤੇ ਹੌਲੀ-ਹੌਲੀ ਉਨ੍ਹਾਂ ਦੀ ਇੰਝ ਹੀ ਮਾਰਕੀਟਿੰਗ ਹੁੰਦੀ ਚਲੀ ਗਈ। ਉਨ੍ਹਾਂ ਨੇ ਫਿਰ ਪਿੰਡ-ਪਿੰਡ ਜਾ ਕੇ ਪਨੀਰੀ ਵੇਚਣੀ ਬੰਦ ਕਰ ਦਿੱਤੀ, ਇਸ ਦੇ ਨਾਲ ਉਨ੍ਹਾਂ ਦੇ ਛਪਵਾਏ ਹੋਏ ਕਾਰਡ ਜਦੋਂ ਪਿੰਡ ਤੋਂ ਬਾਹਰ ਸ਼ਹਿਰ ਸ਼੍ਰੀ ਮੁਕਤਸਰ ਵਿਖੇ ਕਿਸੇ ਨੂੰ ਮਿਲੇ ਤਾਂ ਓਥੋਂ ਵੀ ਲੋਕਾਂ ਨੇ ਪਨੀਰੀ ਮੰਗਵਾਉਣੀ ਸ਼ੁਰੂ ਕਰ ਦਿੱਤੀ ਜਿਸ ਨੂੰ ਉਹ ਬੱਸ ਜਾਂ ਕਿਸੇ ਗੱਡੀ ਰਾਹੀਂ ਸ਼ਹਿਰ ਵਿਖੇ ਪਹੁੰਚਾ ਦਿੰਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਫੋਨ ‘ਤੇ ਹੀ ਪਨੀਰੀ ਦੇ ਲਈ ਆਰਡਰ ਆਉਣ ਲੱਗ ਗਏ ਤੇ ਫਿਰ ਉਨ੍ਹਾਂ ਨੂੰ ਇੱਕ ਮਿੰਟ ਦੀ ਵੀ ਵਿਹਲ ਵੀ ਨਹੀਂ ਮਿਲਦੀ ਅਤੇ ਅਖੀਰ ਉਨ੍ਹਾਂ ਨੂੰ 2018 ਵਿੱਚ ਸਫਲਤਾ ਹਾਸਿਲ ਹੋਈ।

ਜਦੋਂ ਉਹ ਪੂਰੀ ਤਰ੍ਹਾਂ ਸਫਲ ਹੋ ਗਏ ਅਤੇ ਕੰਮ ਕਰਦੇ-ਕਰਦੇ ਤਜ਼ੁਰਬਾ ਹੋ ਗਿਆ ਤਾਂ ਉਨ੍ਹਾਂ ਨੇ ਹੌਲੀ-ਹੌਲੀ ਕਰਦੇ 2 ਕਨਾਲਾਂ ਤੋਂ ਸ਼ੁਰੂ ਕੀਤੇ ਕੰਮ ਨੂੰ 2020 ਤੱਕ 2 ਕਿੱਲਿਆਂ ਦੇ ਵਿੱਚ ਅਤੇ ਨਰਸਰੀ ਨੂੰ ਵੱਡੇ ਪੱਧਰ ‘ਤੇ ਤਿਆਰ ਕਰ ਲਿਆ, ਜਿਸ ਵਿੱਚ ਉਹਨਾਂ ਨੇ ਬਾਅਦ ਵਿੱਚ ਕੱਦੂ, ਤੋਰੀ, ਕਰੇਲਾ, ਖੀਰਾ,ਪੇਠਾ, ਜੁਗਨੀ ਪੇਠਾ ਆਦਿ ਦੀ ਵੀ ਪਨੀਰੀ ਲਗਾ ਦਿੱਤੀ ਅਤੇ ਪਨੀਰੀ ਵਿੱਚ ਕੁਆਲਿਟੀ ਵਜੋਂ ਵੀ ਸੁਧਾਰ ਲੈ ਕੇ ਆਏ ਅਤੇ ਦੇਸੀ ਤਰੀਕੇ ਨਾਲ ਪਨੀਰੀਆਂ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ।

ਜਿਸ ਨਾਲ ਉਹਨਾਂ ਦੀ ਮਾਰਕੀਟਿੰਗ ਵਿੱਚ ਬਹੁਤ ਜ਼ਿਆਦਾ ਪ੍ਰਸਾਰ ਹੋ ਗਿਆ ਅਤੇ ਅੱਜ ਉਨ੍ਹਾਂ ਨੂੰ ਮਾਰਕੀਟਿੰਗ ਕਰਨ ਲਈ ਕੀਤੇ ਨਹੀਂ ਜਾਣਾ ਪੈਂਦਾ, ਸਗੋਂ ਫੋਨ ‘ਤੇ ਆਰਡਰ ਆ ਜਾਂਦਾ ਹੈ ਅਤੇ ਨਾਲ ਦੇ ਪਿੰਡਾਂ ਵਾਲੇ ਖੁਦ ਆ ਕੇ ਲੈ ਜਾਂਦੇ ਹਨ। ਜਿਸ ਨਾਲ ਉਨ੍ਹਾਂ ਨੂੰ ਬੈਠੇ- ਬੈਠੇ ਬਹੁਤ ਮੁਨਾਫ਼ਾ ਹਾਸਿਲ ਹੋ ਰਿਹਾ ਹੈ। ਇਸ ਕਾਮਯਾਬੀ ਦਾ ਸਾਰਾ ਧੰਨਵਾਦ ਉਹ ਆਪਣੇ ਪਿਤਾ ਪਵਨ ਕੁਮਾਰ ਜੀ ਦਾ ਕਰਦੇ ਹਨ।

ਭਵਿੱਖ ਦੀ ਯੋਜਨਾ

ਉਹ ਚਾਹੁੰਦੇ ਹਨ ਕਿ ਨਰਸਰੀ ਵਿੱਚ ਤੁਪਕਾ ਸਿੰਚਾਈ ਪ੍ਰਣਾਲੀ ਤੇ ਸੋਲਰ ਸਿਸਟਮ ਨਾਲ ਕੰਮ ਕਰਨਾ ਚਾਹੁੰਦੇ ਹਨ।

ਸੰਦੇਸ਼

ਕੰਮ ਹਮੇਸ਼ਾਂ ਮਿਹਨਤ ਅਤੇ ਲਗਨ ਨਾਲ ਕਰਨਾ ਚਾਹੀਦਾ ਹੈ, ਜੇਕਰ ਤੁਹਾਡੇ ਅੰਦਰ ਜ਼ਜਬਾ ਹੈ ਤਾਂ ਤੁਸੀ ਕੁੱਝ ਵੀ ਹਾਸਿਲ ਕਰ ਸਕਦੇ ਹੋ, ਜੋ ਤੁਸੀਂ ਸੋਚ ਲਿਆ ਹੈ।

ਮਨਦੀਪ ਵਰਮਾ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਇਹ ਕਿਸਾਨ ਬੰਜਰ ਜ਼ਮੀਨ ਉੱਤੇ ਖੇਤੀ ਕਰ ਕੇ ਕਮਾ ਰਿਹਾ ਹੈ ਲੱਖਾਂ ਰੁਪਏ

ਇੱਕ ਕਿਸਾਨ ਲਈ ਉਸਦੀ ਜ਼ਮੀਨ ਹੀ ਸਭ ਕੁੱਝ ਹੁੰਦੀ ਹੈ। ਫ਼ਸਲ ਦੀ ਪੈਦਾਵਾਰ ਜ਼ਮੀਨ ਦੇ ਉਪਜਾਊਪਣ ‘ਤੇ ਹੀ ਨਿਰਭਰ ਕਰਦੀ ਹੈ, ਪਰ ਜੇਕਰ ਜ਼ਮੀਨ ਹੀ ਬੰਜਰ ਹੋਵੇ ਤਾਂ ਕਿਸਾਨ ਦੀਆਂ ਉਮੀਦਾਂ ਹੀ ਟੁੱਟ ਜਾਂਦੀਆਂ ਹਨ। ਪਰ ਹਿਮਾਚਲ ਦਾ ਇੱਕ ਅਜਿਹਾ ਕਿਸਾਨ ਹੈ ਜੋ ਬੰਜਰ ਜ਼ਮੀਨ ‘ਤੇ ਖੇਤੀ ਕਰਕੇ ਅੱਜ ਲੱਖਾਂ ਰੁਪਏ ਕਮਾ ਰਿਹਾ ਹੈ।

ਐਮ.ਬੀ.ਏ. ਦੀ ਪੜ੍ਹਾਈ ਕਰਨ ਵਾਲੇ ਮਨਦੀਪ ਵਰਮਾ ਨੇ ਬਤੌਰ ਮੈਨੇਜਰ ਵਿਪਰੋ ਕੰਪਨੀ ਵਿੱਚ 4 -5 ਸਾਲ ਨੌਕਰੀ ਕੀਤੀ। ਪਰ ਇਸ ਨੌਕਰੀ ਤੋਂ ਉਹਨਾਂ ਨੂੰ ਸੰਤੁਸ਼ਟੀ ਨਾ ਮਿਲੀ ਅਤੇ ਉਹਨਾਂ ਨੇ ਆਪਣੀ ਪਤਨੀ ਸਮੇਤ ਵਾਪਸ ਆਪਣੇ ਸ਼ਹਿਰ ਸੋਲਨ ਆਉਣ ਦਾ ਫੈਸਲਾ ਕੀਤਾ। ਸੋਲਨ ਵਾਪਸ ਆ ਕੇ ਉਹਨਾਂ ਨੇ ਆਪਣੀ ਬੰਜਰ ਜ਼ਮੀਨ ‘ਤੇ ਖੇਤੀ ਕਰਨ ਬਾਰੇ ਸੋਚਿਆ। ਪਰ ਉਹ ਸਾਰੇ ਕਿਸਾਨਾਂ ਵਾਂਗ ਰਿਵਾਇਤੀ ਖੇਤੀ ਨਹੀਂ ਕਰਨਾ ਚਾਹੁੰਦੇ ਸਨ। ਉਹਨਾਂ ਨੇ ਸਭ ਨਾਲੋਂ ਕੁੱਝ ਅਲੱਗ ਕਰਨ ਦਾ ਫੈਸਲਾ ਕੀਤਾ ਅਤੇ ਉਹਨਾਂ ਨੇ ਬਾਗਬਾਨੀ ਕਰਨ ਦਾ ਵਿਚਾਰ ਬਣਾਇਆ।

ਆਪਣੇ ਇਸ ਵਿਚਾਰ ਨੂੰ ਹਕੀਕਤ ਦਾ ਰੂਪ ਦੇਣ ਲਈ ਉਹਨਾਂ ਨੇ ਪਹਿਲਾ ਆਪਣੇ ਇਲਾਕੇ ਦੇ ਮੌਸਮ ਬਾਰੇ ਪੂਰੀ ਜਾਣਕਾਰੀ ਹਾਸਿਲ ਕੀਤੀ ਅਤੇ ਯੂਨੀਵਰਸਿਟੀ ਦੇ ਡਾਕਟਰਾਂ ਨਾਲ ਮਿਲ ਕੇ ਸਾਰੀ ਜਾਣਕਾਰੀ ਹਾਸਿਲ ਕੀਤੀ ਅਤੇ ਅੰਤ ਉਹਨਾਂ ਨੇ ਕੀਵੀ ਦੀ ਖੇਤੀ ਕਰਨ ਦਾ ਫੈਸਲਾ ਕੀਤਾ।

ਕੀਵੀ ਬਾਰੇ ਪੂਰੀ ਜਾਣਕਾਰੀ ਹਾਸਿਲ ਕਰਨ ਲਈ ਮੈਂ ਲਾਇਬ੍ਰੇਰੀ ਵਿੱਚ ਗਿਆ, ਬਹੁਤ ਕਿਤਾਬਾਂ ਪੜ੍ਹੀਆਂ ਅਤੇ ਯੂਨੀਵਰਸਿਟੀ ਦੇ ਡਾਕਟਰਾਂ ਨੂੰ ਵੀ ਮਿਲਿਆ ਅਤੇ ਸਾਰੀ ਜਾਣਕਾਰੀ ਹਾਸਿਲ ਕਰਨ ਤੋਂ ਬਾਅਦ ਕੀਵੀ ਦੀ ਖੇਤੀ ਸ਼ੁਰੂ ਕੀਤੀ – ਮਨਦੀਪ ਵਰਮਾ

ਸੋਲਨ ਦੇ ਬਾਗਬਾਨੀ ਵਿਭਾਗ ਅਤੇ ਡਾ. ਯਸ਼ਵੰਤ ਸਿੰਘ ਪਰਮਾਰ ਯੂਨੀਵਰਸਿਟੀ ਦੇ ਵਿਗਿਆਨਿਕਾਂ ਦੇ ਨਾਲ ਗੱਲ ਕਰਨ ਤੋਂ ਬਾਅਦ 2014 ਵਿੱਚ ਕੀਵੀ ਦਾ ਬਾਗ ਤਿਆਰ ਕਰਨ ਦਾ ਮਨ ਬਣਾਇਆ। ਉਹਨਾਂ ਨੇ 14 ਬਿੱਘੇ ਜ਼ਮੀਨ ‘ਤੇ ਕੀਵੀ ਦ ਬਗ਼ੀਚਾ ਬਣਾਇਆ।

ਇਸ ਬਗ਼ੀਚੇ ਵਿੱਚ ਉਹਨਾਂ ਨੇ ਕੀਵੀ ਦੀਆਂ ਉੱਨਤ ਕਿਸਮਾਂ ਐਲੀਸਨ ਅਤੇ ਹੈਬਰਡ ਦੇ ਪੌਦੇ ਲਗਾਏ। ਕਰੀਬ 14 ਲੱਖ ਰੁਪਏ ਵਿੱਚ ਬਗ਼ੀਚਾ ਤਿਆਰ ਕਰਨ ਦੇ ਬਾਅਦ 2017 ਵਿੱਚ ਮਨਦੀਪ ਨੇ ਕੀਵੀ ਵੇਚਣ ਲਈ ਇੱਕ ਵੈੱਬਸਾਈਟ ਬਣਾਈ।

ਬਾਗ ਤੋਂ ਫਲ ਸਿੱਧਾ ਗ੍ਰਾਹਕ ਤੱਕ ਪਹੁੰਚਾਉਣ ਦੀ ਮੇਰੀ ਇਹ ਕੋਸ਼ਿਸ਼ ਸਫ਼ਲ ਰਹੀ – ਮਨਦੀਪ ਵਰਮਾ

ਕੀਵੀ ਦੀ ਸਪਲਾਈ ਵੈੱਬਸਾਈਟ ‘ਤੇ ਆਨਲਾਈਨ ਬੁਕਿੰਗ ਤੋਂ ਬਾਅਦ ਕੀਤੀ ਜਾਂਦੀ ਹੈ। ਹੈਦਰਾਬਾਦ, ਬੰਗਲੌਰ, ਦਿੱਲੀ, ਉੱਤਰਾਖੰਡ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਨਲਾਈਨ ਕੀਵੀ ਫਲ ਵੇਚਿਆ ਜਾਂਦਾ ਹੈ।

ਕੀਵੀ ਦੇ ਡੱਬੇ ਉੱਪਰ ਕਦ ਫਲ ਤੋੜਿਆ, ਕਦ ਡੱਬੇ ਵਿੱਚ ਪੈਕ ਕੀਤਾ ਸਾਰੀ ਜਾਣਕਾਰੀ ਡੱਬੇ ਉੱਪਰ ਦਿੱਤੀ ਜਾਂਦੀ ਹੈ। ਇੱਕ ਡੱਬੇ ਵਿੱਚ ਇੱਕ ਕਿੱਲੋ ਕੀਵੀ ਫਲ ਪੈਕ ਕੀਤਾ ਜਾਂਦਾ ਹੈ ਅਤੇ ਇਸਦੀ ਕੀਮਤ 350 ਰੁਪਏ ਪ੍ਰਤੀ/ਬਾਕਸ ਹੈ। ਜਦਕਿ ਸੋਲਨ ਵਿੱਚ ਕੀਵੀ 150 ਰੁਪਏ ਪ੍ਰਤੀ ਕਿਲੋਗ੍ਰਾਮ ਵਿੱਕਦਾ ਹੈ।

ਮਨਦੀਪ ਮੁਤਾਬਿਕ ਦੇਸ਼ ਵਿੱਚ ਕੀਵੀ ਦੀ ਖੇਤੀ ਦੀ ਸ਼ੁਰੂਆਤ ਹਿਮਾਚਲ ਪ੍ਰਦੇਸ਼ ਤੋਂ ਹੀ ਹੋਈ। ਅੱਜ ਦੇਸ਼ ਦੇ ਕੁੱਲ ਕੀਵੀ ਉਤਪਾਦਨ ਦਾ 60 ਫੀਸਦੀ ਅਰੁਣਾਚਲ ਪ੍ਰਦੇਸ਼ ਵਿੱਚ ਤਿਆਰ ਹੁੰਦਾ ਹੈ।

ਮਨਦੀਪ ਕੀਵੀ ਫਲ ਪੂਰੀ ਤਰ੍ਹਾਂ ਜੈਵਿਕ ਤਰੀਕੇ ਨਾਲ ਤਿਆਰ ਕਰਦੇ ਹਨ। ਜੈਵਿਕ ਖੇਤੀ ਦੀ ਮੰਤਵ ਨੂੰ ਅਪਣਾਉਂਦੇ ਹੋਏ ਉਹ ਕੰਪੋਸਟ ਅਤੇ ਜੀਵ ਅੰਮ੍ਰਿਤ ਵੀ ਖੁਦ ਤਿਆਰ ਕਰਦੇ ਹਨ।

ਸਾਡੇ ਫਾਰਮ ਵਿੱਚ ਤਿਆਰ ਹੋਏ ਕੀਵੀ ਡੇਢ-ਦੋ ਮਹੀਨੇ ਤੱਕ ਖ਼ਰਾਬ ਨਹੀਂ ਹੁੰਦਾ – ਮਨਦੀਪ ਵਰਮਾ

ਕੀਵੀ ਦੀ ਖੇਤੀ ਵਿੱਚ ਸਫ਼ਲਤਾ ਹਾਸਿਲ ਕਰਨ ਤੋਂ ਬਾਅਦ ਉਹਨਾਂ ਨੇ 2018 ਵਿੱਚ ਸੇਬ ਦੀ ਖੇਤੀ ਸ਼ੁਰੂ ਕੀਤੀ। ਮਨਦੀਪ ਜ਼ੀਰੋ ਬਜਟ ਖੇਤੀ ਵਿੱਚ ਵਿਸ਼ਵਾਸ ਰੱਖਦੇ ਹਨ।

ਉਪਲੱਬਧੀਆਂ

ਕੀਵੀ ਦੀ ਖੇਤੀ ਵਿੱਚ ਸਫ਼ਲਤਾ ਹਾਸਿਲ ਕਰਨ ਦੇ ਕਾਰਨ ਮਨਦੀਪ ਵਰਮਾ ਨੂੰ 2019 ਵਿੱਚ ਕ੍ਰਿਸ਼ੀ ਮੇਲਾ ਹਿਮਾਚਲ ਪ੍ਰਦੇਸ਼ ਵਿੱਚ ਪ੍ਰੋਗਰੈਸਿਵ ਫਾਰਮਰ ਦਾ ਐਵਾਰਡ ਦਿੱਤਾ ਗਿਆ।

ਭਵਿੱਖ ਦੀ ਯੋਜਨਾ

ਇਸ ਸਮੇਂ ਮਨਦੀਪ ਵਰਮਾ ਦੀਆਂ ਦੋ ਨਰਸਰੀਆਂ ਹਨ ਅਤੇ ਉਹ ਇਹੋ ਜਿਹੀਆਂ ਹੋਰ ਨਰਸਰੀਆਂ ਤਿਆਰ ਕਰਨਾ ਚਾਹੁੰਦੇ ਹਨ।

ਸੰਦੇਸ਼
“ਕਿਸੇ ਵੀ ਤਰ੍ਹਾਂ ਦੀ ਖੇਤੀ ਕਰਨ ਤੋਂ ਪਹਿਲਾਂ ਉਸ ਜਗ੍ਹਾ ਦੀ ਮੌਸਮ ਸੰਬੰਧੀ ਸਾਰੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ। ਅੱਜ-ਕੱਲ੍ਹ ਸੋਸ਼ਲ ਮੀਡਿਆ ‘ਤੇ ਸਾਰੀ ਜਾਣਕਾਰੀ ਉਪਲੱਬਧ ਹੈ, ਸਾਨੂੰ ਸੋਸ਼ਲ ਮੀਡਿਆ ਨੂੰ ਸੁਚਾਰੂ ਢੰਗ ਨਾਲ ਇਸਤੇਮਾਲ ਕਰਨਾ ਚਾਹੀਦਾ ਹੈ। ਸਾਨੂੰ ਜੈਵਿਕ ਖੇਤੀ ਅਤੇ ਜ਼ੀਰੋ ਬਜਟ ਖੇਤੀ ਕਰਨੀ ਚਾਹੀਦੀ ਹੈ, ਕਿਉਂਕਿ ਇਸ ਵਿੱਚ ਜ਼ਿਆਦਾ ਮੁਨਾਫ਼ਾ ਹੈ।”