ਕਰਮਜੀਤ ਸਿੰਘ ਭੰਗੂ

ਪੂਰੀ ਕਹਾਣੀ ਪੜ੍ਹੋ

ਮਿਲੋ ਆਧੁਨਿਕ ਕਿਸਾਨ ਨੂੰ, ਜੋ ਸਮੇਂ ਦੀ ਨਜ਼ਾਕਤ ਨੂੰ ਸਮਝਦੇ ਹੋਏ ਫ਼ਸਲਾਂ ਉਗਾ ਰਿਹਾ ਹੈ

ਕਰਮਜੀਤ ਸਿੰਘ ਲਈ ਕਿਸਾਨ ਬਣਨਾ ਇੱਕ ਬਹੁਤ ਧੁੰਦਲਾ ਸੁਪਨਾ ਸੀ, ਪਰ ਹਾਲਾਤ ਸਭ ਕੁੱਝ ਬਦਲ ਦਿੰਦੇ ਹਨ। ਪਿਛਲੇ ਸੱਤ ਸਾਲਾਂ ਵਿੱਚ, ਕਰਮਜੀਤ ਸਿੰਘ ਦੀ ਸੋਚ ਖੇਤੀ ਪ੍ਰਤੀ ਪੂਰੀ ਤਰ੍ਹਾਂ ਬਦਲ ਗਈ ਹੈ ਅਤੇ ਹੁਣ ਉਹ ਜੈਵਿਕ ਖੇਤੀ ਵੱਲ੍ਹ ਪੂਰੀ ਤਰ੍ਹਾਂ ਮੁੜ ਗਏ ਹਨ।

ਹੋਰਨਾਂ ਨੌਜਵਾਨ ਮੁੰਡਿਆਂ ਵਾਂਗ ਕਰਮਜੀਤ ਸਿੰਘ ਵੀ ਆਜ਼ਾਦ ਆਤਮਾ ਦੀ ਤਰ੍ਹਾਂ ਸਾਰਾ ਦਿਨ ਕ੍ਰਿਕਟ ਖੇਡਣਾ ਪਸੰਦ ਕਰਦੇ ਸੀ, ਉਹ ਲੋਕਲ ਕ੍ਰਿਕਟ ਟੂਰਨਾਮੈਂਟ ਵਿੱਚ ਵੀ ਹਿੱਸਾ ਲੈਂਦੇ ਸੀ। ਉਨ੍ਹਾਂ ਦਾ ਜੀਵਨ ਸਕੂਲ ਅਤੇ ਖੇਡ ਦੇ ਮੈਦਾਨ ਤੱਕ ਸੀਮਿਤ ਸੀ। ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਇੱਕ ਨਵਾਂ ਮੋੜ ਲਵੇਗੀ। 2003 ਵਿੱਚ ਆਪਣੇ ਵਿੱਦਿਅਕ ਸਾਲਾਂ(ਸਕੂਲ) ਦੌਰਾਨ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਕੁੱਝ ਸਮੇਂ ਬਾਅਦ ਹੀ, 2005 ਵਿੱਚ, ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਸਿਰਫ਼ ਉਨ੍ਹਾਂ ਦੇ ਦਾਦਾ-ਦਾਦੀ ਹੀ ਉਨ੍ਹਾਂ ਦੇ ਪਰਿਵਾਰ ਵਿੱਚ ਰਹਿ ਗਏ ਸਨ। ਉਸ ਸਮੇਂ ਹਾਲਾਤ ਉਨ੍ਹਾਂ ਦੇ ਕਾਬੂ ਹੇਠ ਨਹੀਂ ਸਨ, ਇਸ ਲਈ ਉਨ੍ਹਾਂ ਨੇ 12 ਵੀਂ ਤੋਂ ਬਾਅਦ ਆਪਣੀ ਪੜ੍ਹਾਈ ਛੱਡਣ ਦਾ ਫੈਸਲਾ ਕੀਤਾ ਅਤੇ ਆਪਣੇ ਪਰਿਵਾਰ ਦੀ ਸਹਾਇਤਾ ਕਰਨ ਬਾਰੇ ਸੋਚਿਆ।

ਉਨ੍ਹਾਂ ਦਾ ਵਿਆਹ ਬਹੁਤ ਛੋਟੀ ਉਮਰ ਵਿੱਚ ਹੋ ਗਿਆ ਅਤੇ ਉਨ੍ਹਾਂ ਕੋਲ ਵਿਦੇਸ਼ ਜਾਣ ਅਤੇ ਆਪਣੇ ਜੀਵਨ ਦੀ ਇੱਕ ਨਵੀਂ ਸ਼ੁਰੂਆਤ ਸ਼ੁਰੂ ਕਰਨ ਦਾ ਮੌਕਾ ਵੀ ਸੀ, ਪਰ ਉਨ੍ਹਾਂ ਨੇ ਆਪਣੇ ਦਾਦੇ-ਦਾਦੀ ਕੋਲ ਰਹਿਣ ਦਾ ਫ਼ੈਸਲਾ ਕੀਤਾ। ਸਾਲ 2011 ਵਿੱਚ ਉਨ੍ਹਾਂ ਨੇ ਖੇਤੀ ਦੇ ਖੇਤਰ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਉਨ੍ਹਾਂ ਨੇ ਛੋਟੇ ਰਕਬੇ ਵਿੱਚ ਘਰੇਲੂ ਵਰਤੋਂ ਲਈ ਅਨਾਜ, ਦਾਲਾਂ, ਦਾਣੇ ਅਤੇ ਹੋਰ ਜੈਵਿਕ ਫ਼ਸਲਾਂ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ। ਉਨ੍ਹਾਂ ਨੇ ਆਪਣੇ ਖੇਤਰ ਦੇ ਦੂਜੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਅਤੇ ਹੌਲੀ-ਹੌਲੀ ਖੇਤੀ ਦਾ ਵਿਸਥਾਰ ਕੀਤਾ। ਸਮੇਂ ਅਤੇ ਤਜ਼ਰਬੇ ਨਾਲ ਉਨ੍ਹਾਂ ਦਾ ਵਿਸ਼ਵਾਸ ਹੋਰ ਪੱਕਾ ਹੋਇਆ ਅਤੇ ਫਿਰ ਕਰਮਜੀਤ ਸਿੰਘ ਨੇ ਆਪਣੀ ਜ਼ਮੀਨ ਠੇਕੇ ਤੋਂ ਵਾਪਸ ਲੈ ਲਈ।

ਉਨ੍ਹਾਂ ਨੇ ਟੀਂਡੇ, ਗੋਭੀ, ਭਿੰਡੀ, ਮਟਰ, ਮਿਰਚ, ਮੱਕੀ, ਲੌਕੀ ਅਤੇ ਬੈਂਗਣ ਆਦਿ ਵਰਗੀਆਂ ਹੋਰ ਸਬਜ਼ੀਆਂ ਵਿੱਚ ਵਾਧਾ ਕੀਤਾ ਅਤੇ ਉਨ੍ਹਾਂ ਨੇ ਮਿਰਚ, ਟਮਾਟਰ, ਸ਼ਿਮਲਾ ਮਿਰਚ ਅਤੇ ਹੋਰ ਸਬਜ਼ੀਆਂ ਦੀ ਨਰਸਰੀ ਵੀ ਤਿਆਰ ਕੀਤੀ।

ਖੇਤੀਬਾੜੀ ਵਿੱਚ ਦਿਖ ਰਹੇ ਮੁਨਾਫ਼ੇ ਨੇ ਕਰਮਜੀਤ ਸਿੰਘ ਜੀ ਦਾ ਵਿਸ਼ਵਾਸ ਹੌਂਸਲਾ ਵਧਿਆ ਅਤੇ 2016 ਵਿੱਚ ਉਨ੍ਹਾਂ ਨੇ 14 ਏਕੜ ਜ਼ਮੀਨ ਠੇਕੇ ‘ਤੇ ਲੈਣ ਦਾ ਫੈਸਲਾ ਕੀਤਾ ਅਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੇ ਰੁਜ਼ਗਾਰ ਵਿੱਚ ਹੀ ਖੁਸ਼ਹਾਲ ਜ਼ਿੰਦਗੀ ਹਾਸਲ ਕਰ ਲਈ।

ਅੱਜ ਵੀ ਕਰਮਜੀਤ ਜੀ ਖੇਤੀ ਦੇ ਖੇਤਰ ਵਿੱਚ ਇੱਕ ਅਣਜਾਣ ਵਿਅਕਤੀ ਵਾਂਗ ਹੋਰ ਜਾਣਨ ਅਤੇ ਹੋਰ ਕੰਮ ਕਰਨ ਦੀ ਦਿਲਚਸਪੀ ਰੱਖਣ ਵਾਲਾ ਜੀਵਨ ਜਿਊਣਾ ਪਸੰਦ ਕਰਦੇ ਹਨ। ਇਸੇ ਭਾਵਨਾ ਨਾਲ ਹੀ ਉਹ ਸਾਲ 2017 ਵਿੱਚ ਬਾਗਬਾਨੀ ਵੱਲ ਵਧੇ ਅਤੇ ਗੇਂਦੇ ਦੇ ਫੁੱਲਾਂ ਨਾਲ ਗਲੇਡੀਓਲੱਸ ਦੇ ਫੁੱਲਾਂ ਦੀ ਅੰਤਰ-ਫ਼ਸਲੀ ਸ਼ੁਰੂ ਕੀਤੀ।

ਕਰਮਜੀਤ ਸਿੰਘ ਜੀ ਨੂੰ ਜ਼ਿੰਦਗੀ ਵਿੱਚ ਅਸ਼ੋਕ ਕੁਮਾਰ ਜੀ ਵਰਗੇ ਇਨਸਾਨ ਵੀ ਮਿਲੇ। ਅਸ਼ੋਕ ਕੁਮਾਰ ਜੀ ਨੇ ਉਨ੍ਹਾਂ ਨੂੰ ਮਿੱਤਰ ਕੀੜਿਆਂ ਅਤੇ ਦੁਸ਼ਮਣ ਕੀੜਿਆਂ ਤੋਂ ਜਾਣੂ ਕਰਵਾਇਆ ਅਤੇ ਇਸ ਤਰ੍ਹਾਂ ਕਰਮਜੀਤ ਸਿੰਘ ਜੀ ਨੇ ਆਪਣੇ ਖੇਤ ਵਿੱਚ ਕੀਟਨਾਸ਼ਕਾਂ ਦੀ ਵਰਤੋਂ ‘ਤੇ ਰੋਕ ਲਾਈ। ਕਰਮਜੀਤ ਸਿੰਘ ਨੇ ਖੇਤੀਬਾੜੀ ਬਾਰੇ ਕੁੱਝ ਨਵਾਂ ਸਿੱਖਣ ਦੇ ਤੌਰ ‘ਤੇ ਹਰ ਮੌਕੇ ਦਾ ਫਾਇਦਾ ਚੁੱਕਿਆ ਅਤੇ ਇਸ ਤਰ੍ਹਾਂ ਹੀ ਉਨ੍ਹਾਂ ਨੇ ਆਪਣੀ ਸਫ਼ਲਤਾ ਵੱਲ ਕਦਮ ਵਧਾਏ।

ਇਸ ਸਮੇਂ ਕਰਮਜੀਤ ਸਿੰਘ ਦੇ ਫਾਰਮ ‘ਤੇ ਸਬਜ਼ੀਆਂ ਲਈ ਤੁਪਕਾ ਸਿੰਚਾਈ ਪ੍ਰਣਾਲੀ ਅਤੇ ਪੈਕ ਹਾਊਸ ਉਪਲੱਬਧ ਹੈ। ਉਹ ਹਰ ਸੰਭਵ ਅਤੇ ਕੁਦਰਤੀ ਤਰੀਕਿਆਂ ਨਾਲ ਸਬਜ਼ੀਆਂ ਨੂੰ ਹਰੇਕ ਪੌਸ਼ਟਿਕਤਾ ਦਿੰਦੇ ਹਨ। ਮਾਰਕੀਟਿੰਗ ਲਈ, ਉਹ ਖੇਤ ਤੋਂ ਘਰ ਵਾਲੇ ਸਿਧਾਂਤ ਨਾਲ ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਘਰਾਂ ਤੱਕ ਪਹੁੰਚਾਉਂਦੇ ਹਨ ਅਤੇ ਉਹ ਆੱਨ-ਫਾਰਮ ਮਾਰਕਿਟ ਸਥਾਪਿਤ ਕਰਕੇ ਵੀ ਚੰਗੀ ਆਮਦਨੀ ਕਮਾ ਰਹੇ ਹਨ।

ਤਾਜ਼ਾ ਰਸਾਇਣ-ਮੁਕਤ ਸਬਜ਼ੀਆਂ ਲਈ ਉਨ੍ਹਾਂ ਨੂੰ 1 ਫਰਵਰੀ ਨੂੰ ਪੀ.ਏ.ਯੂ, ਕਿਸਾਨ ਕਲੱਬ ਦੁਆਰਾ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਪਟਿਆਲਾ ਬਾਗਬਾਨੀ ਵਿਭਾਗ ਵੱਲੋਂ 2014 ਵਿੱਚ ਬਿਹਤਰੀਨ ਕੁਆਲਿਟੀ ਦੇ ਮਟਰ ਉਤਪਾਦਨ ਲਈ ਦੂਜਾ ਦਰਜੇ ਦਾ ਸਨਮਾਨ ਮਿਲਿਆ।

ਕਰਮਜੀਤ ਸਿੰਘ ਦੀ ਪਤਨੀ- ਪ੍ਰੇਮਦੀਪ ਕੌਰ ਉਨ੍ਹਾਂ ਦੇ ਸਹਿਯੋਗੀ ਹਨ, ਉਹ ਲੇਬਰ ਅਤੇ ਵਾਢੀ ਦੇ ਕੰਮ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ ਅਤੇ ਉਹ ਮਾਰਕਟਿੰਗ ਦੇ ਪ੍ਰਬੰਧਨ ਵਿੱਚ ਵੀ ਭਾਗ ਲੈਂਦੇ ਹਨ। ਸ਼ੁਰੂ ਵਿੱਚ, ਮਾਰਕਟਿੰਗ ਵਿੱਚ ਕੁੱਝ ਸਮੱਸਿਆਵਾਂ ਵੀ ਆਈਆਂ ਸਨ, ਪਰ ਹੌਲੀ-ਹੌਲੀ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਉਤਸ਼ਾਹ ਨਾਲ ਸਾਰੀਆਂ ਰੁਕਾਵਟਾਂ ਨੂੰ ਪਾਰ ਕਰ ਲਿਆ। ਉਹ ਰਸਾਇਣਾਂ ਅਤੇ ਖਾਦਾਂ ਦੀ ਥਾਂ ਘਰ ਵਿੱਚ ਹੀ ਜੈਵਿਕ ਖਾਦ ਅਤੇ ਸਪਰੇਅ ਤਿਆਰ ਕਰਦੇ ਹਨ। ਹਾਲ ਹੀ ਵਿੱਚ ਕਰਮਜੀਤ ਸਿੰਘ ਜੀ ਨੇ ਆਪਣੇ ਫਾਰਮ ਵਿੱਚ ਕਿੰਨੂ, ਅਨਾਰ, ਅਮਰੂਦ, ਸੇਬ, ਲੁਕਾਠ, ਨਿੰਬੂ, ਜਾਮੁਨ, ਨਾਸ਼ਪਾਤੀ ਅਤੇ ਅੰਬ ਦੇ 200 ਪੌਦੇ ਲਗਾਏ ਹਨ ਅਤੇ ਭਵਿੱਖ ਵਿੱਚ ਉਹ ਅਮਰੂਦ ਦੇ ਬਾਗ ਲਗਾਉਣਾ ਚਾਹੁੰਦੇ ਹਨ।

ਸੰਦੇਸ਼:
“ਆਤਮ-ਹੱਤਿਆ ਕਰਨਾ ਕੋਈ ਹੱਲ ਨਹੀਂ ਹੈ। ਕਿਸਾਨਾਂ ਨੂੰ ਖੇਤੀਬਾੜੀ ਦੇ ਰਵਾਇਤੀ ਚੱਕਰ ਵਿੱਚੋਂ ਬਾਹਰ ਆਉਣਾ ਪਵੇਗਾ, ਕੇਵਲ ਤਾਂ ਹੀ ਉਹ ਲੰਬੇ ਸਮੇਂ ਤੱਕ ਸਫ਼ਲਤਾ ਪ੍ਰਾਪਤ ਕਰ ਸਕਦੇ ਹਨ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਕੁਦਰਤ ਦੇ ਮਹੱਤਵ ਨੂੰ ਸਮਝ ਕੇ ਪਾਣੀ ਅਤੇ ਮਿੱਟੀ ਨੂੰ ਬਚਾਉਣ ਲਈ ਕੰਮ ਕਰਨਾ ਚਾਹੀਦਾ ਹੈ।” 

ਇਸ ਸਮੇਂ 28 ਸਾਲ ਦੀ ਉਮਰ ਵਿੱਚ, ਕਰਮਜੀਤ ਸਿੰਘ ਨੇ ਜ਼ਿਲ੍ਹਾ ਪਟਿਆਲਾ ਦੀ ਤਹਿਸੀਲ ਨਾਭਾ ਵਿਖੇ ਆਪਣੇ ਪਿੰਡ ਕਾਂਸੂਹਾ ਕਲਾਂ ਵਿੱਚ ਜੈਵਿਕ ਕਾਰੋਬਾਰ ਦੀ ਸਥਾਪਨਾ ਕੀਤੀ ਹੈ ਅਤੇ ਜਿਸ ਭਾਵਨਾ ਨਾਲ ਉਹ ਜੈਵਿਕ ਖੇਤੀ ਵਿੱਚ ਸਫ਼ਲਤਾ ਪ੍ਰਾਪਤ ਕਰ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਭਵਿੱਖ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਆਲੇ-ਦੁਆਲੇ ਦਾ ਮਾਹੌਲ ਹੋਰ ਵੀ ਬਿਹਤਰ ਹੋਵੇਗਾ। ਕਰਮਜੀਤ ਸਿੰਘ ਇੱਕ ਅਗਾਂਹਵਧੂ ਕਿਸਾਨ ਅਤੇ ਉਨ੍ਹਾਂ ਨੌਜਵਾਨਾਂ ਲਈ ਇੱਕ ਮਿਸਾਲ ਹਨ, ਜੋ ਆਪਣੇ ਰੁਜ਼ਗਾਰ ਦੇ ਵਿਕਲਪਾਂ ਦੀ ਉਲਝਣ ਵਿੱਚ ਫਸੇ ਹਨ। ਸਾਨੂੰ ਉਨ੍ਹਾਂ ਵਰਗੇ ਹੋਰ ਕਿਸਾਨਾਂ ਦੀ ਲੋੜ ਹੈ।

ਕਰਮਜੀਤ ਕੌਰ ਦਾਨੇਵਾਲੀਆ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਮਹਿਲਾ ਨੇ ਵਿਆਹ ਤੋਂ ਬਾਅਦ ਵੀ ਖੇਤੀ ਪ੍ਰਤੀ ਜਨੂਨ ਨੂੰ ਘੱਟ ਨਾ ਹੋਣ ਦਿੱਤਾ ਅਤੇ ਅੱਜ ਸਫ਼ਲਤਾਪੂਰਵਕ ਇਸ ਕਾਰੋਬਾਰ ਨੂੰ ਚਲਾ ਰਹੀ ਹੈ

ਆਮ ਤੌਰ ‘ਤੇ ਭਾਰਤ ਵਿੱਚ ਜਦੋਂ ਧੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਪਤੀ ਦੇ ਘਰ ਭੇਜ ਦਿੱਤਾ ਜਾਂਦਾ ਹੈ, ਤਾਂ ਉਹ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਉਹ ਆਪਣੀ ਦਿਲਚਸਪੀ ਅਤੇ ਆਪਣੇ ਸ਼ੌਂਕ ਬਾਰੇ ਭੁੱਲ ਜਾਂਦੀਆਂ ਹਨ। ਉਹ ਘਰ ਦੀ ਚਾਰ-ਦੀਵਾਰੀ ਵਿੱਚ ਬੰਦ ਹੋ ਕੇ ਰਹਿ ਜਾਂਦੀਆਂ ਹਨ। ਪਰ ਇੱਕ ਅਜਿਹੀ ਮਹਿਲਾ ਹੈ – ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ, ਜਿਨ੍ਹਾਂ ਨੇ ਵਿਆਹ ਤੋਂ ਬਾਅਦ ਵੀ ਆਪਣੇ ਜਨੂੰਨ ਨੂੰ ਮਰਨ ਨਾ ਦਿੱਤਾ। ਘਰ ਵਿੱਚ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਘਰ ਦੇ ਬਾਹਰ ਪੈਰ ਪੁੱਟਿਆ ਅਤੇ ਆਪਣੇ ਬਾਗਬਾਨੀ ਦੇ ਸ਼ੌਂਕ ਨੂੰ ਪੂਰਾ ਕੀਤਾ।

ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ ਇੱਕ ਅਜਿਹੀ ਮਹਿਲਾ ਹੈ, ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਿੰਡ ਦੇ ਇੱਕ ਠੇਠ ਪੰਜਾਬੀ ਕਿਸਾਨ ਪਰਿਵਾਰ ਵਿੱਚ ਜਨਮ ਲਿਆ। ਖੇਤੀਬਾੜੀ ਵਿਰਾਸਤ ਵਿੱਚ ਮਿਲਣ ਕਾਰਨ ਕਰਮਜੀਤ ਜੀ ਹਮੇਸ਼ਾ ਇਸ ਕੰਮ ਲਈ ਆਕਰਸ਼ਿਤ ਰਹਿੰਦੇ ਸਨ ਅਤੇ ਖੇਤਾਂ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਵਿੱਚ ਵੀ ਦਿਲਚਸਪੀ ਰੱਖਦੇ ਸਨ। ਪਰ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਖੇਤੀਬਾੜੀ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਦਾ ਮੌਕਾ ਨਾ ਮਿਲਿਆ।

ਜਲਦੀ ਹੀ ਉਨ੍ਹਾਂ ਦਾ ਵਿਆਹ ਇੱਕ ਬਿਜ਼ਨਸ-ਕਲਾਸ ਪਰਿਵਾਰ ਨਾਲ ਸੰਬੰਧਿਤ ਸ. ਜਸਬੀਰ ਸਿੰਘ ਜੀ ਨਾਲ ਹੋ ਗਿਆ। ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਅਤੇ ਇਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਰੂਪ ਵਿੱਚ ਕਰਨ ਦਾ ਮੌਕਾ ਮਿਲੇਗਾ। ਵਿਆਹ ਤੋਂ ਕੁੱਝ ਸਾਲ ਬਾਅਦ 1975 ਵਿੱਚ ਆਪਣੇ ਪਤੀ ਦੇ ਸਾਥ ਨਾਲ ਉਨ੍ਹਾਂ ਨੇ ਫਲਾਂ ਦਾ ਬਾਗ ਲਗਾਉਣ ਦਾ ਫੈਸਲਾ ਕੀਤਾ ਅਤੇ ਆਪਣੀ ਦਿਲਚਸਪੀ ਲਈ ਇੱਕ ਮੌਕਾ ਦਿੱਤਾ। ਲੈਵਲਰ ਮਸ਼ੀਨ ਅਤੇ ਮਜ਼ਦੂਰਾਂ ਦੀ ਸਹਾਇਤਾ ਨਾਲ, ਉਨ੍ਹਾਂ ਨੇ 45 ਏਕੜ ਜ਼ਮੀਨ ਨੂੰ ਸਮਤਲ ਕੀਤਾ ਅਤੇ ਇਸਨੂੰ ਬਾਗਬਾਨੀ ਕਰਨ ਲਈ ਤਿਆਰ ਕੀਤਾ। ਉਨ੍ਹਾਂ ਨੇ 20 ਏਕੜ ਜ਼ਮੀਨ ‘ਤੇ ਕਿੰਨੂ ਉਗਾਏ ਅਤੇ 10 ਏਕੜ ਜ਼ਮੀਨ ‘ਤੇ ਆਲੂਬੁਖਾਰਾ, ਨਾਸ਼ਪਾਤੀ, ਆੜੂ, ਅਮਰੂਦ, ਕੇਲਾ ਆਦਿ ਉਗਾਇਆ ਅਤੇ ਬਾਕੀ 5 ਏਕੜ ਜ਼ਮੀਨ ‘ਤੇ ਉਹ ਸਰਦੀਆਂ ਵਿੱਚ ਕਣਕ ਅਤੇ ਗਰਮੀਆਂ ਵਿੱਚ ਕਪਾਹ ਉਗਾਉਂਦੇ ਹਨ।

ਉਨ੍ਹਾਂ ਦਾ ਸ਼ੌਂਕ ਜਨੂਨ ਵਿੱਚ ਬਦਲ ਗਿਆ ਅਤੇ ਉਨ੍ਹਾਂ ਨੇ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ। 1990 ਵਿੱਚ ਉਨ੍ਹਾਂ ਨੇ ਇੱਕ ਤਲਾਬ ਬਣਾਇਆ ਅਤੇ ਇਸ ਵਿੱਚ ਵਰਖਾ ਦੇ ਪਾਣੀ ਨੂੰ ਸਟੋਰ ਕੀਤਾ। ਉਹ ਇਸ ਤੋਂ ਬਾਗ ਦੀ ਸਿੰਚਾਈ ਕਰਦੇ ਸਨ। ਪਰ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਵਿੱਚ ਮੱਛੀ ਪਾਲਣ ਸ਼ੁਰੂ ਕੀਤਾ ਅਤੇ ਇਸਨੂੰ ਦੋਨਾਂ ਮੰਤਵਾਂ – ਮੱਛੀ ਪਾਲਣ ਅਤੇ ਸਿੰਚਾਈ ਲਈ ਪ੍ਰਯੋਗ ਕੀਤਾ। ਆਪਣੇ ਵਪਾਰ ਨੂੰ ਇੱਕ ਕਦਮ ਹੋਰ ਵਧਾਉਣ ਲਈ ਉਨ੍ਹਾਂ ਨੇ ਨਵੇਂ ਪੌਦੇ ਖੁਦ ਤਿਆਰ ਕਰਨ ਦਾ ਫੈਸਲਾ ਕੀਤਾ।

2001 ਵਿੱਚ ਉਨ੍ਹਾਂ ਨੇ ਭਾਰਤ ਵਿੱਚ ਕਿੰਨੂ ਉਤਪਾਦਨ ਦਾ ਇੱਕ ਰਿਕਾਰਡ ਬਣਾਇਆ ਅਤੇ ਕਿੰਨੂ ਬਾਗ ਦੇ ਵਪਾਰ ਨੂੰ ਹੋਰ ਸਫ਼ਲ ਬਣਾਉਣ ਲਈ, ਕਿੰਨੂ ਦੀ ਪੈਕਿੰਗ ਅਤੇ ਪ੍ਰੋਸੈੱਸਿੰਗ ਦੀ ਟ੍ਰੇਨਿੰਗ ਲਈ ਖਾਸ ਤੌਰ ‘ਤੇ 2003 ਵਿੱਚ ਕੈਲੀਫੋਰਨੀਆ ਗਈ। ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਉਸ ਟ੍ਰੇਨਿੰਗ ਨੂੰ ਲਾਗੂ ਕੀਤਾ ਅਤੇ ਇਸ ਨਾਲ ਕਾਫੀ ਲਾਭ ਵੀ ਕਮਾਇਆ। ਜਿਸ ਸਾਲ ਤੋਂ ਉਨ੍ਹਾਂ ਨੇ ਕਿੰਨੂ ਦੀ ਖੇਤੀ ਸ਼ੁਰੂ ਕੀਤੀ, ਉਦੋਂ ਤੋਂ ਉਨ੍ਹਾਂ ਦੇ ਕਿੰਨੂਆਂ ਦੀ ਕੁਆਲਿਟੀ ਹਰ ਸਾਲ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਨੰਬਰ 1 ‘ਤੇ ਰਹੀ ਅਤੇ ਕਿੰਨੂ ਉਤਪਾਦਨ ਵਿੱਚ ਪ੍ਰਸਿੱਧੀ ਕਾਰਨ 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ‘ਕਿੰਨੂਆਂ ਦੀ ਰਾਣੀ’ ਦੇ ਨਾਮ ਨਾਲ ਨਿਵਾਜਿਆ।

ਖੇਤੀ ਦੇ ਉਦੇਸ਼ ਲਈ, ਖੇਤੀਬਾੜੀ ਨਾਲ ਸੰਬੰਧਿਤ ਆਧੁਨਿਕ ਤਕਨੀਕ ਦੇ ਸਾਰੇ ਯੰਤਰ ਅਤੇ ਮਸ਼ੀਨਰੀ ਉਨ੍ਹਾਂ ਦੇ ਫਾਰਮ ‘ਤੇ ਮੌਜੂਦ ਹੈ। ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਨੇ ਉਨ੍ਹਾਂ ਨੂੰ ਕਈ ਮਸ਼ਹੂਰ ਗਰੁੱਪਾਂ ਦਾ ਮੈਂਬਰ ਬਣਾਇਆ ਅਤੇ ਕਈ ਪੁਰਸਕਾਰ ਵੀ ਦਿਵਾਏ। ਉਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਅਨੁਸਾਰ ਹਨ:
• 2001-02 ਵਿੱਚ ਕ੍ਰਿਸ਼ੀ ਮੰਤਰੀ ਗੁਲਜ਼ਾਰ ਰਾਣੀਕਾ ਦੁਆਰਾ ਰਾਜ ਪੱਧਰੀ ਸਿਟਰਸ ਸ਼ੋਅ ਵਿੱਚ ਪਹਿਲਾ ਪੁਰਸਕਾਰ ਮਿਲਿਆ।
• 2004 ਵਿੱਚ ਸ਼ਾਹੀ ਮੈਮੋਰੀਅਲ ਇੰਟਰਨੈਸ਼ਨਲ ਸੇਵਾ ਸੁਸਾਇਟੀ, ਲੁਧਿਆਣਾ ਵਿੱਚ ਰਵੀ ਚੋਪੜਾ ਦੁਆਰਾ ਦੇਸ਼ ਸੇਵਾ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ।
• 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ‘ਕਿੰਨੂਆਂ ਦੀ ਰਾਣੀ’ ਦਾ ਖਿਤਾਬ ਮਿਲਿਆ।
• 2005 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਜਗਜੀਤ ਸਿੰਘ ਰੰਧਾਵਾ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਪੁਰਸਕਾਰ ਮਿਲਿਆ।
• 2012 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2012 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਪਹਿਲਾ ਇਨਾਮ ਮਿਲਿਆ।
• 2010-11 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਇਨਾਮ ਮਿਲਿਆ।
• 2010-11 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2010 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸੁੱਚਾ ਸਿੰਘ ਲੰਗਾਹ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਮਹਿਲਾ ਦਾ ਇਨਾਮ ਮਿਲਿਆ।
• 2012 ਵਿੱਚ ਪੀ. ਡਬਲਿਯੂ. ਡੀ. ਮਿਨਿਸਟਰ ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਵਾਈਸ ਚਾਂਸਲਰ, ਪੀ ਏ ਯੂ(ਲੁਧਿਆਣਾ) ਦੁਆਰਾ ਕਿਸਾਨ ਮੇਲੇ ਵਿੱਚ ਰਾਜ ਪੱਧਰੀ ਆਵਿਸ਼ਕਾਰੀ ਮਹਿਲਾ ਕਿਸਾਨ ਦਾ ਇਨਾਮ ਮਿਲਿਆ।
• 2012 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸ਼ਰਦ ਪਵਾਰ(ਭਾਰਤ ਸਰਕਾਰ) ਦੁਆਰਾ 7th National conference on KVK at PAU (ਲੁਧਿਆਣਾ) ਵਿਖੇ ਖੇਤੀਬਾੜੀ ਵਿੱਚ ਉੱਤਮਤਾ ਲਈ ਚੈਂਪੀਅਨ ਮਹਿਲਾ ਕਿਸਾਨ ਦਾ ਪੁਰਸਕਾਰ ਦਿੱਤਾ ਗਿਆ।
• 2013 ਵਿੱਚ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਅੰਮ੍ਰਿਤਸਰ ਵਿੱਚ 64ਵੇਂ ਗਣਤੰਤਰ ਦਿਵਸ ‘ਤੇ ਅਗਾਂਹਵਧੂ ਮਹਿਲਾ ਕਿਸਾਨ ਦਾ ਪੁਰਸਕਾਰ ਮਿਲਿਆ।
• 2013 ਵਿੱਚ ਕ੍ਰਿਸ਼ੀ ਮੰਤਰੀ Dr. R.R Hanchinal, Chairperson PPUFRA (ਭਾਰਤ ਸਰਕਾਰ) ਦੁਆਰਾ Indian Agriculture at Global Agri Connect (NSFI) IARI, ਨਵੀਂ ਦਿੱਲੀ ਵਿੱਚ ਭਾਰਤੀ ਕ੍ਰਿਸ਼ੀ ਵਿੱਚ ਆਵਿਸ਼ਕਾਰੀ ਸਹਿਯੋਗ ਲਈ ਪ੍ਰਸੰਸਾ ਪੱਤਰ ਮਿਲਿਆ।
• 2012 ਵਿੱਚ ਪੰਜਾਬ ਦੇ ਸਰਵੋਤਮ ਕਿੰਨੂ ਉਤਪਾਦਕ ਹੋਣ ਲਈ ਰਾਸ਼ਟਰੀ ਪੁਰਸਕਾਰ ਮਿਲਿਆ।
• 2013 ਵਿੱਚ ਤਾਮਿਲਨਾਡੂ ਅਤੇ ਅਸਾਮ ਦੇ ਗਵਰਨਰ ਡਾ. ਭੀਸ਼ਮ ਨਰਾਇਣ ਸਿੰਘ ਦੁਆਰਾ ਖੇਤੀਬਾੜੀ ਵਿੱਚ ਸਲਾਹੁਣਯੋਗ ਸੇਵਾ, ਸ਼ਾਨਦਾਰ ਪ੍ਰਦਰਸ਼ਨ ਅਤੇ ਜ਼ਿਕਰਯੋਗ ਭੂਮਿਕਾ ਲਈ ਭਾਰਤ ਜਯੋਤੀ ਪੁਰਸਕਾਰ ਮਿਲਿਆ।
• 2015 ਵਿੱਚ ਨਵੀਂ ਦਿੱਲੀ ਵਿਖੇ ਪੰਜਾਬ ਦੇ ਸਾਬਕਾ ਗਵਰਨਰ ਜਸਟਿਸ ਓ ਪੀ ਵਰਮਾ ਦੁਆਰਾ ਭਾਰਤ ਦਾ ਮਾਣ ਵਧਾਉਣ ਲਈ ਉਨ੍ਹਾਂ ਦੁਆਰਾ ਪ੍ਰਾਪਤ ਕੀਤੀਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਭਾਰਤ ਗੌਰਵ ਪੁਰਸਕਾਰ ਮਿਲਿਆ।
• ਖੇਤੀਬਾੜੀ ਮੰਤਰੀ ਸ਼੍ਰੀ ਤੋਤਾ ਸਿੰਘ ਅਤੇ ਕੈਬਨਿਟ ਮੰਤਰੀ ਸ਼੍ਰੀ ਗੁਲਜ਼ਾਰ ਸਿੰਘ ਰਾਣੀਕਾ ਅਤੇ ‘ਜ਼ੀ ਪੰਜਾਬ ਹਰਿਆਣਾ ਹਿਮਾਚਲ’ ਦੇ ਸੰਪਾਦਕ ਸ਼੍ਰੀ ਦਿਨੇਸ਼ ਸ਼ਰਮਾ ਦੁਆਰਾ ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੇ ਮਹਾਨ ਸਹਿਯੋਗ ਅਤੇ ਕਿੰਨੂ ਦੀ ਖੇਤੀ ਨੂੰ ਬੜਾਵਾ ਦੇਣ ਲਈ Zee Punjab/Haryana/Himachal Agri ਪੁਰਸਕਾਰ ਮਿਲਿਆ।
• ਸ਼੍ਰੀਮਤੀ ਕਰਮਜੀਤ ਜੀ ਪੀ ਏ ਯੂ ਕਿਸਾਨ ਕਲੱਬ ਦੇ ਮੈਂਬਰ ਹਨ।
• ਉਹ ਪੰਜਾਬ ਐਗਰੋ ਦੇ ਮੈਂਬਰ ਹਨ।
• ਉਹ ਪੰਜਾਬ ਬਾਗਬਾਨੀ ਵਿਭਾਗ ਦੇ ਮੈਂਬਰ ਹਨ।
• ਉਹ ਮੰਡੀ ਬੋਰਡ ਦੇ ਮੈਂਬਰ ਹਨ।
• ਉਹ ਚੰਗੀ ਖੇਤੀ ਦੇ ਮੈਂਬਰ ਹਨ।
• ਉਹ ਕਿੰਨੂ ਉਤਪਾਦਕ ਸੰਸਥਾ ਦੇ ਮੈਂਬਰ ਹਨ।
• ਉਹ Co-operative ਸੁਸਾਇਟੀ ਦੇ ਮੈਂਬਰ ਹਨ।
• ਉਹ ਕਿਸਾਨ ਸਲਾਹਕਾਰ ਕਮੇਟੀ ਦੇ ਮੈਂਬਰ ਹਨ।
• ਉਹ ਪੀ ਏ ਯੂ Ludhiana Board of Management ਦੇ ਮੈਂਬਰ ਹਨ।

ਇੰਨੇ ਸਾਰੇ ਪੁਰਸਕਾਰ ਅਤੇ ਪ੍ਰਸੰਸਾ ਮਿਲਣ ਦੇ ਬਾਵਜੂਦ ਵੀ ਉਹ ਹਮੇਸ਼ਾ ਕੁੱਝ ਨਵਾਂ ਸਿੱਖਣ ਲਈ ਉਤਸੁਕ ਰਹਿੰਦੇ ਹਨ ਅਤੇ ਇਹੋ ਵਜ੍ਹਾ ਹੈ ਕਿ ਉਹ ਕਦੇ ਵੀ ਕਿਸੇ ਵੀ ਜ਼ਿਲ੍ਹਾ ਪੱਧਰੀ ਕ੍ਰਿਸ਼ੀ ਮੇਲਿਆਂ ਅਤੇ ਮੀਟਿੰਗਾਂ ਵਿੱਚ ਭਾਗ ਲੈਣਾ ਨਹੀਂ ਛੱਡਦੇ। ਉਹ ਕੁੱਝ ਨਵਾਂ ਸਿੱਖਣ ਲਈ ਅਤੇ ਜਾਣਕਾਰੀ ਹਾਸਲ ਕਰਨ ਲਈ ਨਿਯਮਿਤ ਤੌਰ ‘ਤੇ ਉਨ੍ਹਾਂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਦੇ ਹਨ, ਜੋ ਪੀ ਏ ਯੂ ਅਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਹਨ।

ਅੱਜ ਉਹ ਪ੍ਰਤੀ ਹੈਕਟੇਅਰ ਵਿੱਚ 130 ਟਨ ਕਿੰਨੂਆਂ ਦੀ ਤੁੜਾਈ ਕਰ ਰਹੇ ਹਨ ਅਤੇ ਇਸ ਤੋਂ 1 ਲੱਖ 65 ਹਜ਼ਾਰ ਦੀ ਆਮਦਨ ਕਮਾ ਰਹੇ ਹਨ। ਬਾਕੀ ਫਲਾਂ ਦੇ ਬਾਗਾਂ ਅਤੇ ਕਣਕ ਅਤੇ ਕਪਾਹ ਦੀਆਂ ਫ਼ਸਲਾਂ ਤੋਂ ਹਰੇਕ ਮੌਸਮ ਵਿੱਚ 1 ਲੱਖ ਦੀ ਆਮਦਨ ਲੈ ਰਹੇ ਹਨ।

ਆਪਣੀਆਂ ਸਾਰੀਆਂ ਸਫ਼ਲਤਾਵਾਂ ਦਾ ਸਿਹਰਾ ਉਹ ਆਪਣੇ ਪਤੀ ਨੂੰ ਦਿੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਇਨ੍ਹਾਂ ਸਾਰੇ ਸਾਲਾਂ ਵਿੱਚ ਉਨ੍ਹਾਂ ਦੀ ਖੇਤੀ ਕਰਨ ਵਿੱਚ ਮਦਦ ਕੀਤੀ। ਖੇਤੀ ਤੋਂ ਇਲਾਵਾ ਉਹ ਸਮਾਜ ਲਈ ਇੱਕ ਬਹੁਤ ਚੰਗੇ ਕੰਮ ਵਿੱਚ ਸਹਿਯੋਗ ਦੇ ਰਹੇ ਹਨ। ਉਹ ਲੋੜਵੰਦ ਕੁੜੀਆਂ ਨੂੰ ਵਿੱਤੀ ਸਹਾਇਤਾ ਅਤੇ ਵਿਆਹ ਦੀ ਹੋਰ ਸਮੱਗਰੀ ਦੇ ਕੇ ਉਨ੍ਹਾਂ ਦੇ ਵਿਆਹ ਵਿੱਚ ਮਦਦ ਕਰਦੇ ਹਨ। ਭਵਿੱਖ ਵਿੱਚ ਉਨ੍ਹਾਂ ਦੀ ਯੋਜਨਾ ਖੇਤੀਬਾੜੀ ਨੂੰ ਹੋਰ ਲਾਭਦਾਇਕ ਅਤੇ ਵਪਾਰਕ ਉੱਦਮ ਬਣਾਉਣਾ ਹੈ।

ਕਿਸਾਨਾਂ ਲਈ ਸੰਦੇਸ਼-

ਕਿਸਾਨਾਂ ਨੂੰ ਆਪਣੇ ਖ਼ਰਚਿਆਂ ਦਾ ਚੰਗੀ ਤਰ੍ਹਾਂ ਪ੍ਰਬੰਧਨ ਕਰਨਾ ਚਾਹੀਦਾ ਹੈ ਅਤੇ ਦਿਖਾਵਾ ਕਰਨਾ ਬੰਦ ਕਰਨਾ ਚਾਹੀਦਾ ਹੈ। ਅੱਜ ਖੇਤੀਬਾੜੀ ਦੇ ਖੇਤਰ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ। ਕਿਸਾਨਾਂ ਨੂੰ ਆਪਣੇ ਨੌਜਵਾਨ ਮੁੰਡੇ-ਕੁੜੀਆਂ ਨੂੰ ਵੀ ਇਸ ਕੰਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਖੇਤਰ ਦੀ ਪੜਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖੇਤੀਬਾੜੀ ਦੇ ਖੇਤਰ ਵਿੱਚ ਹਰ ਇਨਸਾਨ ਪਹਿਲਾਂ ਇੱਕ ਕਿਸਾਨ ਹੈ ਅਤੇ ਫਿਰ ਇੱਕ ਵਪਾਰੀ।

ਕ੍ਰਿਸ਼ਨ ਦੱਤ ਸ਼ਰਮਾ

ਪੂਰੀ ਕਹਾਣੀ ਪੜ੍ਹੋ

ਜਾਣੋ ਕਿਵੇਂ ਜੈਵਿਕ ਖੇਤੀ ਨੇ ਕ੍ਰਿਸ਼ਨ ਦੱਤ ਸ਼ਰਮਾ ਨੂੰ ਕ੍ਰਿਸ਼ੀ ਖੇਤਰ ਵਿੱਚ ਸਫ਼ਲ ਬਣਾਉਣ ਵਿੱਚ ਮਦਦ ਕੀਤੀ

ਜੀਵਨ ਵਿੱਚ ਇਸ ਤਰ੍ਹਾਂ ਦੀਆਂ ਮੁਸ਼ਕਿਲਾਂ ਆਉਂਦੀਆਂ ਹਨ, ਜੋ ਲੋਕਾਂ ਨੂੰ ਆਪਣੇ ਜੀਵਨ ਦੇ ਗੁਆਚੇ ਹੋਏ ਉਦੇਸ਼ਾਂ ਦਾ ਅਹਿਸਾਸ ਕਰਵਾਉਂਦੀਆਂ ਹਨ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਇਹ ਹੀ ਸਭ ਚਿਖੜ ਪਿੰਡ (ਸ਼ਿਮਲਾ) ਦੇ ਇੱਕ ਸਾਧਾਰਣ ਕਿਸਾਨ ਕ੍ਰਿਸ਼ਨ ਦੱਤ ਸ਼ਰਮਾ ਦੇ ਨਾਲ ਹੋਈ ਅਤੇ ਉਨ੍ਹਾਂ ਨੂੰ ਜੈਵਿਕ ਖੇਤੀ ਅਪਣਾਉਣ ਲਈ ਪ੍ਰੇਰਿਤ ਕੀਤਾ।

ਜੈਵਿਕ ਖੇਤੀ ਵਿੱਚ ਕ੍ਰਿਸ਼ਨ ਦੱਤ ਸ਼ਰਮਾ ਜੀ ਦੀਆਂ ਪ੍ਰਾਪਤੀਆਂ ਨੇ ਉਨ੍ਹਾਂ ਨੂੰ ਇੰਨਾ ਪ੍ਰਸਿੱਧ ਬਣਾ ਦਿੱਤਾ ਕਿ ਅੱਜ ਉਨ੍ਹਾਂ ਦਾ ਨਾਮ ਖੇਤੀ ਦੇ ਖੇਤਰ ਵਿੱਚ ਮਹੱਤਵਪੂਰਣ ਲੋਕਾਂ ਦੀ ਸੂਚੀ ਵਿੱਚ ਗਿਣਿਆ ਜਾਂਦਾ ਹੈ।

ਇਹ ਸਭ ਉਸ ਸਮੇਂ ਸ਼ੁਰੂ ਹੋਇਆ, ਜਦੋਂ ਕ੍ਰਿਸ਼ਨ ਦੱਤ ਸ਼ਰਮਾ ਨੇ ਖੇਤੀ ਵਿਭਾਗ ਵੱਲੋਂ ਹੈਦਰਾਬਾਦ (11 ਨਵੰਬਰ 2002) ਦੌਰਾ ਕਰਨ ਦਾ ਮੌਕਾ ਮਿਲਿਆ। ਇਸ ਦੌਰੇ ਦੇ ਦੌਰਾਨ ਉਨ੍ਹਾਂ ਨੇ ਜੈਵਿਕ ਖੇਤੀ ਬਾਰੇ ਬਹੁਤ ਕੁੱਝ ਸਿੱਖਿਆ। ਉਹ ਜੈਵਿਕ ਖੇਤੀ ਬਾਰੇ ਹੋਰ ਜ਼ਿਆਦਾ ਜਾਣਨ ਲਈ ਚਾਹਵਾਨ ਸਨ ਅਤੇ ਇਸ ਨੂੰ ਅਪਨਾਉਣਾ ਵੀ ਚਾਹੁੰਦੇ ਸਨ।

ਮੋਰਾਰਕਾ ਫਾਊਂਡੇਸ਼ਨ (2004 ਵਿੱਚ) ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਉਨ੍ਹਾਂ ਦਾ ਜਨੂੰਨ ਅਤੇ ਵਿਚਾਰ ਅਮਲ ਵਿੱਚ ਆਏ। ਉਸ ਸਮੇਂ ਤੱਕ ਉਹ ਖੇਤੀ ਦੇ ਖੇਤਰ ਵਿੱਚ ਰਸਾਇਣਾਂ ਦੀ ਵੱਧ ਰਹੀ ਵਰਤੋਂ ਦੇ ਬੁਰੇ ਪ੍ਰਭਾਵਾਂ ਦੇ ਬਾਰੇ ਚੰਗੀ ਤਰ੍ਹਾਂ ਜਾਣ ਚੁੱਕੇ ਸਨ ਅਤੇ ਇਸ ਨਾਲ ਬਹੁਤ ਦੁਖੀ ਅਤੇ ਪਰੇਸ਼ਾਨ ਸਨ। ਜਿਵੇਂ ਕਿ ਉਹ ਜਾਣਦੇ ਸਨ ਕਿ ਆਉਣ ਵਾਲੇ ਭਵਿੱਖ ਵਿੱਚ ਉਨ੍ਹਾਂ ਨੂੰ ਖਾਦ ਅਤੇ ਕੀਟਨਾਸ਼ਕਾਂ ਦੇ ਪਰਿਣਾਮ ਦਾ ਸਾਹਮਣਾ ਕਰਨਾ ਪਵੇਗਾ, ਇਸ ਲਈ ਉਨ੍ਹਾਂ ਨੇ ਪੂਰੀ ਤਰ੍ਹਾਂ ਜੈਵਿਕ ਖੇਤੀ ਅਪਨਾਉਣ ਦਾ ਫੈਸਲਾ ਕੀਤਾ।

ਉਨ੍ਹਾਂ ਦੇ ਕੋਲ ਕੁੱਲ 20 ਬਿੱਘਾ ਜ਼ਮੀਨ ਹੈ, ਜਿਸ ਵਿੱਚ 5 ਬਿੱਘਾ ਸਿੰਚਾਈ ਖੇਤਰ ਅਤੇ 15 ਬਿੱਘਾ ਬਾਰਾਨੀ ਖੇਤਰ ਹਨ। ਸ਼ੁਰੂਆਤ ਵਿੱਚ ਉਨ੍ਹਾਂ ਨੇ ਬਾਗਬਾਨੀ ਵਿਭਾਗ ਤੋਂ ਸੇਬ ਦਾ ਇੱਕ ਮੁੱਖ ਪੌਦਾ ਖਰੀਦਿਆ ਅਤੇ ਉਸ ਪੌਦੇ ਤੋਂ, ਉਨ੍ਹਾਂ ਨੇ ਆਪਣੇ ਪੂਰੇ ਬਾਗ਼ ਵਿੱਚ ਸੇਬ ਦੇ 400 ਪੌਦੇ ਉਗਾਏ। ਉਨ੍ਹਾਂ ਨੇ ਨਾਸ਼ਪਾਤੀ ਦੇ 20 ਰੁੱਖ, ਚੈਰੀ ਦੇ 20 ਰੁੱਖ, ਆੜੂ ਦੇ 10 ਰੁੱਖ, ਅਨਾਰ ਦੇ 15 ਰੁੱਖ ਉਗਾਏ। ਫਲਾਂ ਦੇ ਨਾਲ-ਨਾਲ ਉਨ੍ਹਾਂ ਨੇ ਸਬਜ਼ੀਆਂ ਜਿਵੇਂ ਫੁੱਲ-ਗੋਭੀ, ਮਟਰ, ਫਲੀਆਂ, ਸ਼ਿਮਲਾ ਮਿਰਚ ਅਤੇ ਬਰੌਕਲੀ ਵੀ ਉਗਾਈ।

ਆਮ ਤੌਰ ‘ਤੇ ਕੀਟਨਾਸ਼ਕਾਂ ਅਤੇ ਰਸਾਇਣਾਂ ਨਾਲ ਉਗਾਈ ਜਾਣ ਵਾਲੀ ਬਰੌਕਲੀ ਦੀ ਫ਼ਸਲ ਆਸਾਨੀ ਨਾਲ ਖਰਾਬ ਹੋ ਜਾਂਦੀ ਹੈ, ਪਰ ਕ੍ਰਿਸ਼ਨ ਦੱਤ ਸ਼ਰਮਾ ਦੁਆਰਾ ਜੈਵਿਕ ਤਰੀਕੇ ਨਾਲ ਉਗਾਈ ਗਈ ਬਰੌਕਲੀ ਦਾ ਜੀਵਨ ਕਾਫ਼ੀ ਜ਼ਿਆਦਾ ਹੁੰਦਾ ਹੈ। ਇਸ ਕਾਰਨ ਕਿਸਾਨ ਹੁਣ ਬਰੌਕਲੀ ਨੂੰ ਜੈਵਿਕ ਤਰੀਕੇ ਨਾਲ ਉਗਾਉਂਦੇ ਹਨ ਅਤੇ ਵੇਚਣ ਦੇ ਲਈ ਦਿੱਲੀ ਦੀ ਮੰਡੀ ਵਿੱਚ ਲੈ ਜਾਂਦੇ ਹਨ। ਇਸ ਤੋਂ ਇਲਾਵਾ ਜੈਵਿਕ ਤਰੀਕੇ ਨਾਲ ਉਗਾਈ ਗਈ ਬਰੌਕਲੀ ਦੀ ਵਿਕਰੀ 100-150 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਹੁੰਦੀ ਹੈ ਅਤੇ ਜੇਕਰ ਇਸ ਨੂੰ ਕਿਸਾਨਾਂ ਦੀ ਆਮਦਨ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਆਮਦਨ 500000 ਰੁਪਏ ਤੱਕ ਪਹੁੰਚ ਜਾਂਦੀ ਹੈ ਅਤੇ ਇਸ ਛੇ ਅੰਕਾਂ ਦੀ ਆਮਦਨ ਵਿੱਚ ਅੱਧਾ ਹਿੱਸਾ ਬ੍ਰੋਕਲੀ ਦੀ ਵਿਕਰੀ ਵਿੱਚੋਂ ਆਉਂਦਾ ਹੈ।

ਜੈਵਿਕ ਖੇਤੀ ਵੱਲ ਹੋਰ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕ੍ਰਿਸ਼ਨ ਦੱਤ ਸ਼ਰਮਾ ਨੇ ਆਪਣੇ ਪਿੰਡ ਵਿੱਚ ਇੱਕ ਗਰੁੱਪ ਬਣਾਇਆ ਹੈ। ਉਨ੍ਹਾਂ ਦੀ ਇਸ ਪਹਿਲ ਨੇ ਕਈ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਪ੍ਰੇਰਿਤ ਕੀਤਾ ਹੈ।

ਜੈਵਿਕ ਖੇਤੀ ਦੇ ਖੇਤਰ ਵਿੱਚ ਕ੍ਰਿਸ਼ਨ ਦੱਤ ਸ਼ਰਮਾ ਦੀਆਂ ਪ੍ਰਾਪਤੀਆਂ ਬਹੁਤ ਵੱਡੀਆਂ ਹਨ ਅਤੇ ਇੱਥੋਂ ਤੱਕ ਕਿ ਹਿਮਾਚਲ ਸਰਕਾਰ ਨੇ ਉਨ੍ਹਾਂ ਨੂੰ ਜੂਨ 2013 ਵਿੱਚ “Organic Fair and Food Festival” ਵਿੱਚ ਸਭ ਤੋਂ ਵਧੀਆ ਕਿਸਾਨ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਹੈ। ਪਰ ਆਪਣੀ ਨਿਮਰਤਾ ਦੇ ਕਾਰਨ ਉਹ ਆਪਣੀ ਸਫ਼ਲਤਾ ਦਾ ਪੂਰਾ ਸਿਹਰਾ ਮੋਰਾਰਕਾ ਫਾਊਂਡੇਸ਼ਨ ਅਤੇ ਖੇਤੀ ਵਿਭਾਗ ਨੂੰ ਦਿੰਦੇ ਹਨ।

ਉਹ ਆਪਣੇ ਖੇਤ ਅਤੇ ਬਗ਼ੀਚੇ ਵਿੱਚ ਗਾਵਾਂ (3), ਬਲਦ (1) ਅਤੇ ਵੱਛੜਿਆਂ (2) ਦੇ ਗੋਬਰ ਦੀ ਵਰਤੋਂ ਕਰਦੇ ਹਨ ਅਤੇ ਉਹ ਚੰਗੀ ਪੈਦਾਵਾਰ ਲਈ ਵਰਮੀ-ਕੰਪੋਸਟ ਵੀ ਖੁਦ ਤਿਆਰ ਕਰਦੇ ਹਨ। ਉਨ੍ਹਾਂ ਨੇ ਆਪਣੇ ਖੇਤ ਵਿੱਚ 30 x 8 x 10 ਦੇ ਬੈੱਡ ਤਿਆਰ ਕੀਤੇ ਹਨ, ਜਿੱਥੇ ਉਹ ਪ੍ਰਤੀ ਸਾਲ 250 ਗੰਡੋਇਆਂ ਨਾਲ ਵਰਮੀ-ਕੰਪੋਸਟ ਤਿਆਰ ਕਰਦੇ ਹਨ। ਉਹ ਕੀਟਨਾਸ਼ਕਾਂ ਦੀ ਬਜਾਏ ਹਰਬਲ ਸਪਰੇਅ, ਐਪਰਚਰ ਵਾੱਸ਼, ਜੀਵ ਅੰਮ੍ਰਿਤ ਅਤੇ NSDL ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਰਸਾਇਣਿਕ ਕੀਟਨਾਸ਼ਕਾਂ ਦੀ ਥਾਂ ਕੁਦਰਤੀ ਕੀਟਨਾਸ਼ਕਾਂ ਦੀ ਵਰਤੋਂ ਨਾਲ ਉਨ੍ਹਾਂ ਦੀ ਜ਼ਮੀਨ ਦੇ ਹਾਲਾਤਾਂ ਵਿੱਚ ਸੁਧਾਰ ਹੋਇਆ ਅਤੇ ਉਨ੍ਹਾਂ ਦੇ ਖਰਚੇ ਵੀ ਘੱਟ ਹੋਏ।

ਸੰਦੇਸ਼
“ਬਿਹਤਰ ਭਵਿੱਖ ਅਤੇ ਵਧੀਆ ਆਮਦਨ ਦੇ ਲਈ ਉਹ ਹੋਰਨਾਂ ਕਿਸਾਨਾਂ ਨੂੰ ਜੈਵਿਕ ਖੇਤੀ ਅਪਨਾਉਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ।”