ਅਮਰਨਾਥ ਸਿੰਘ ਜੀ ਦੇ ਜੀਵਨ ‘ਤੇ ਜੈਵਿਕ ਖੇਤੀ ਨੇ ਕਿਵੇਂ ਚੰਗਾ ਪ੍ਰਭਾਵ ਪਾਇਆ ਅਤੇ ਉਨ੍ਹਾਂ ਨੂੰ ਇਸ ਕੰਮ ਵੱਲ ਵੱਧਦੇ ਜਾਣ ਲਈ ਪ੍ਰੇਰਿਤ ਕਰ ਰਹੀ ਹੈ
ਸਿਹਤਮੰਦ ਭੋਜਨ ਖਾਣ ਅਤੇ ਰਸਾਇਣ-ਮੁਕਤ ਜੀਵਨ ਜਿਉਣ ਦੀ ਇੱਛਾ ਬਹੁਤ ਸਾਰੇ ਕਿਸਾਨਾਂ ਨੂੰ ਜੈਵਿਕ ਖੇਤੀ ਵੱਲ ਲੈ ਗਈ। ਬਠਿੰਡੇ ਤੋਂ ਇੱਕ ਅਜਿਹੇ ਕਿਸਾਨ ਅਮਰਨਾਥ ਸਿੰਘ, ਜੋ ਜੈਵਿਕ ਖੇਤੀ ਅਪਣਾ ਕੇ ਸਫ਼ਲਤਾਪੂਰਵਕ ਆਪਣੇ ਖੇਤਾਂ ‘ਚੋਂ ਚੰਗਾ ਮੁਨਾਫਾ ਲੈ ਰਹੇ ਹਨ।
ਖੇਤੀਬਾੜੀ ਵਿੱਚ ਆਉਣ ਤੋਂ ਪਹਿਲਾਂ ਅਮਰਨਾਥ ਜੀ ਨੇ 5 ਸਾਲ(2005-2010) ICICI ਜੀਵਨ ਬੀਮਾ ਸਲਾਹਕਾਰ ਦੇ ਤੌਰ ‘ਤੇ ਕੰਮ ਕੀਤਾ ਅਤੇ ਵਿਰਾਸਤ ਵਿੱਚ ਮਿਲੀ ਜ਼ਮੀਨ ਹੋਰਨਾਂ ਕਿਸਾਨਾਂ ਨੂੰ ਕਿਰਾਏ ‘ਤੇ ਦਿੱਤੀ ਹੋਈ ਸੀ। ਇਸ ਜ਼ਮੀਨ ਦੀ ਪਿਛੋਕੜ ਕਹਾਣੀ ਇੰਨੀ ਕੁ ਹੀ ਨਹੀਂ ਹੈ। ਸਭ ਕੁੱਝ ਵਧੀਆ ਚੱਲ ਰਿਹਾ ਸੀ, ਅਮਰਨਾਥ ਜੀ ਦੇ ਪਿਤਾ – ਨਿਰਭੈ ਸਿੰਘ ਜੀ ਨੇ 1984 ਤੱਕ ਇਸ ਜ਼ਮੀਨ ‘ਤੇ ਖੇਤੀ ਕੀਤੀ। 1984 ਵਿੱਚ ਹਾਲਾਤ ਬਹੁਤ ਵਿਗੜ ਚੁੱਕੇ ਸਨ ਅਤੇ ਪੰਜਾਬ ਦੇ ਕਈ ਖੇਤਰਾਂ ਵਿੱਚ ਇਹ ਮਾਮਲਾ ਬਹੁਤ ਵੱਧ ਚੁੱਕਾ ਸੀ। ਉਸ ਸਮੇਂ ਅਮਰਨਾਥ ਜੀ ਦੇ ਪਿਤਾ ਨੇ ਰਾਮਪੁਰਾ ਫੂਲ, ਜੋ ਬਠਿੰਡਾ ਜ਼ਿਲ੍ਹੇ ਦਾ ਕਸਬਾ ਹੈ, ਨੂੰ ਛੱਡਣ ਦਾ ਫੈਸਲਾ ਕੀਤਾ ਅਤੇ ਉਹ ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਕਸਬੇ ਵਿੱਚ ਜਾ ਕੇ ਵੱਸ ਗਏ, ਜੋ ਅਮਰਨਾਥ ਜੀ ਦੇ ਪਿਤਾ ਦਾ ਨਾਨਕਾ ਪਿੰਡ ਸੀ।
ਨਿਰਭੈ ਸਿੰਘ ਜੀ ਦਾ ਆਪਣੀ ਜ਼ਮੀਨ ਨਾਲ ਬਹੁਤ ਲਗਾਅ ਸੀ, ਇਸ ਲਈ ਰਾਮਪੁਰਾ ਫੂਲ ਛੱਡਣ ਤੋਂ ਬਾਅਦ ਵੀ ਉਹ ਤਪਾ ਮੰਡੀ ਤੋਂ ਰੋਜ਼ ਆਪਣੇ ਖੇਤਾਂ ਵੱਲ ਗੇੜਾ ਮਾਰਨ ਜਾਂਦੇ ਸਨ। ਪਰ ਇੱਕ ਦਿਨ(ਸਾਲ 2000) ਜਦ ਨਿਰਭੈ ਸਿੰਘ ਜੀ ਆਪਣੇ ਖੇਤਾਂ ਤੋਂ ਵਾਪਸ ਆ ਰਹੇ ਸਨ ਤਾਂ ਇੱਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਤਦ ਤੋਂ ਹੀ ਅਮਰਨਾਥ ਜੀ ਆਪਣੇ ਪਰਿਵਾਰ ਅਤੇ ਜ਼ਮੀਨ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।
2010 ਵਿੱਚ ਜ਼ਮੀਨ ਦੇ ਠੇਕੇ ਦਾ ਮੁੱਲ ਘੱਟ ਜਾਣ ਕਾਰਨ ਜ਼ਮੀਨ ਦਾ ਸਹੀ ਮੁੱਲ ਨਾ ਮਿਲਣ ਲੱਗਾ। ਇਸ ਲਈ ਉਨ੍ਹਾਂ ਨੇ ਖੁਦ ਖੇਤੀ ਕਰਨ ਦਾ ਫੈਸਲਾ ਕੀਤਾ। ਇਸ ਤੋਂ ਇਲਾਵਾ 2007 ਵਿੱਚ ਜਦ ਉਹ ਖੇਤੀ ਕਰਨ ਦਾ ਸੋਚ ਰਹੇ ਸਨ, ਤਦ ਉਨ੍ਹਾਂ ਦੇ ਮਿੱਤਰ ਨਿਰਮਲ ਸਿੰਘ Ghootna ਨੇ ਉਨ੍ਹਾਂ ਨੂੰ ਜੈਵਿਕ ਖੇਤੀ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਬਾਰੇ ਦੱਸਿਆ।
ਰਾਜੀਵ ਦਿਕਸ਼ਿਤ ਉਹ ਵਿਅਕਤੀ ਸਨ, ਜਿਨ੍ਹਾਂ ਨੇ ਅਮਰਨਾਥ ਜੀ ਨੂੰ ਖੇਤੀ ਕਰਨ ਲਈ ਬਹੁਤ ਪ੍ਰੇਰਿਤ ਕੀਤਾ। ਹੋਰ ਮਦਦ ਲੈਣ ਲਈ 2012 ਵਿੱਚ ਅਮਰਨਾਥ ਜੀ ਖੇਤੀ ਵਿਰਾਸਤ ਮਿਸ਼ਨ ਵਿੱਚ ਸ਼ਾਮਲ ਹੋਏ ਅਤੇ ਸਾਰੇ ਕੈਂਪਾਂ ‘ਚ ਹਾਜ਼ਰੀ ਭਰਨੀ ਸ਼ੁਰੂ ਕੀਤੀ, ਜਿੱਥੋਂ ਖੇਤੀ ਸੰਬੰਧੀ ਜਾਣਕਾਰੀ ਭਰਪੂਰ ਸੂਚਨਾ ਹਾਸਲ ਕੀਤੀ।
ਸ਼ੁਰੂ ਵਿੱਚ ਅਮਰਨਾਥ ਜੀ ਨੇ ਵਪਾਰਕ ਤੌਰ ‘ਤੇ ਨਰਮੇ ਅਤੇ ਝੋਨੇ ਦੀ ਖੇਤੀ ਕੀਤੀ ਅਤੇ ਘਰੇਲੂ ਮੰਤਵ ਲਈ ਕੁੱਝ ਸਬਜ਼ੀਆਂ ਵੀ ਉਗਾਈਆਂ। 2012 ਵਿੱਚ ਉਨ੍ਹਾਂ ਨੇ 11 ਏਕੜ ਵਿੱਚ ਸਾਉਣੀ ਦੀ ਫ਼ਸਲ ਗੁਆਰਾ ਉਗਾਈ, ਜਿਸ ‘ਚੋਂ ਉਨ੍ਹਾਂ ਨੂੰ ਜ਼ਿਆਦਾ ਮੁਨਾਫਾ ਹੋਇਆ, ਪਰ ਇਸ ਤੋਂ ਪ੍ਰਾਪਤ ਆਮਦਨੀ ਉਨ੍ਹਾਂ ਦੇ ਘਰੇਲੂ ਅਤੇ ਖੇਤੀ ਖਰਚਿਆਂ ਨੂੰ ਪੂਰਾ ਕਰਨ ਲਈ ਕਾਫੀ ਸੀ। ਹੌਲੀ-ਹੌਲੀ ਸਮੇਂ ਦੇ ਨਾਲ ਅਮਰਨਾਥ ਜੀ ਨੇ ਕੀਟਨਾਸ਼ਕਾਂ ਦੀ ਵਰਤੋਂ ਘਟਾ ਦਿੱਤੀ ਅਤੇ 2013 ਵਿੱਚ ਉਨ੍ਹਾਂ ਨੇ ਪੂਰੀ ਤਰ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਬੰਦ ਕਰ ਦਿੱਤੀ। 2015 ਵਿੱਚ ਉਨ੍ਹਾਂ ਨੇ ਰਸਾਇਣਿਕ ਖਾਦਾਂ ਦੀ ਵਰਤੋਂ ਵੀ ਘੱਟ ਕਰਨੀ ਸ਼ੁਰੂ ਕੀਤੀ। ਪੂਰੀ ਜ਼ਮੀਨ(36 ਏਕੜ) ‘ਚੋਂ ਉਹ 26 ਏਕੜ ਵਿੱਚ ਖੁਦ ਖੇਤੀ ਕਰਦੇ ਹਨ ਅਤੇ ਬਾਕੀ ਜ਼ਮੀਨ ਠੇਕੇ ‘ਤੇ ਦਿੱਤੀ ਹੈ।
“ਅਮਰਨਾਥ – ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਬੰਦ ਕਰਨ ਤੋਂ ਬਾਅਦ ਮੈਂ ਆਪਣੇ ਅਤੇ ਆਪਣੇ ਪਰਿਵਾਰ ਦੇ ਜੀਵਨ ਵਿੱਚ ਆਇਆ ਸਕਾਰਾਤਮਕ ਬਦਲਾਅ ਦੇਖ ਸਕਦਾ ਹਾਂ।”
ਇਸਦੇ ਫਲਸਰੂਪ 2017 ਵਿੱਚ ਅਮਰਨਾਥ ਜੀ ਨੇ ਆਪਣੇ ਅਸਲ ਪਿੰਡ ਮੁੜਨ ਦਾ ਫੈਸਲਾ ਕੀਤਾ ਅਤੇ ਅੱਜ ਉਹ ਆਪਣੇ ਪਰਿਵਾਰ ਨਾਲ ਖੁਸ਼ੀ ਭਰਿਆ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਫਾਰਮ ਦਾ ਨਾਮ ਆਪਣੇ ਪਿਤਾ ਜੀ ਦੇ ਨਾਮ ‘ਤੇ ਨਿਰਭੈ ਫਾਰਮ ਰੱਖਿਆ, ਤਾਂ ਜੋ ਉਨ੍ਹਾਂ ਨੂੰ ਇਸ ਫਾਰਮ ਦੁਆਰਾ ਹਮੇਸ਼ਾ ਯਾਦ ਰੱਖਿਆ ਜਾ ਸਕੇ।
ਜੈਵਿਕ ਖੇਤੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਮਰਨਾਥ ਜੀ ਘਰ ਵਿੱਚ ਖੁਦ ਹੀ ਡੀਕੰਪੋਜ਼ਰ ਅਤੇ ਕੁਦਰਤੀ ਕੀਟਨਾਸ਼ਕ ਤਿਆਰ ਕਰਕੇ ਮੁਫ਼ਤ ਵਿੱਚ ਹੋਰਨਾਂ ਕਿਸਾਨਾਂ ਨੂੰ ਵੰਡਦੇ ਹਨ। ਅੱਜ ਅਮਰਨਾਥ ਜੀ ਨੇ ਜੋ ਕੁੱਝ ਵੀ ਹਾਸਲ ਕੀਤਾ ਹੈ, ਇਹ ਸਭ ਉਨ੍ਹਾਂ ਦੀ ਆਪਣੀ ਮਿਹਨਤ ਅਤੇ ਪੱਕੇ ਇਰਾਦੇ ਦਾ ਨਤੀਜਾ ਹੈ।
ਭਵਿੱਖ ਦੀ ਯੋਜਨਾ: ਆਉਣ ਵਾਲੇ ਸਮੇਂ ਵਿੱਚ ਮੈਂ ਆਪਣੇ ਬੱਚਿਆਂ ਨੂੰ ਖੇਤੀ ਅਪਨਾਉਣ ਲਈ ਪ੍ਰੇਰਿਤ ਕਰਨ ਦੀ ਯੋਜਨਾ ਬਣਾ ਰਿਹਾ ਹਾਂ। ਮੈਂ ਚਾਹੁੰਦਾ ਹਾਂ ਕਿ ਉਹ ਮੇਰੇ ਨਾਲ ਖੜ੍ਹੇ ਹੋਣ ਅਤੇ ਖੇਤਾਂ ਵਿੱਚ ਮੇਰੀ ਮਦਦ ਕਰਨ।