ਨਵੀਆਂ ਅਤੇ ਆਧੁਨਿਕ ਤਕਨੀਕਾਂ ਦੇ ਨਾਲ ਖੇਤੀ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਰਿਹਾ ਨੌਜਵਾਨ ਕਿਸਾਨ
ਸਾਡੇ ਦੇਸ਼ ਵਿੱਚ ਰਵਾਇਤੀ ਖੇਤੀ ਦਾ ਰੁਝਾਨ ਬਹੁਤ ਜ਼ਿਆਦਾ ਹੈ। ਪਰ ਰਵਾਇਤੀ ਖੇਤੀ ਨਾਲ ਕਿਸਾਨਾਂ ਨੂੰ ਆਪਣੀ ਕੀਤੀ ਮਿਹਨਤ ਮੁਤਾਬਿਕ ਮੁਨਾਫ਼ਾ ਨਹੀਂ ਹੁੰਦਾ ਹੈ। ਅਜਿਹੇ ਵਿੱਚ ਕਿਸਾਨ ਆਪਣੀ ਆਮਦਨ ਵਧਾਉਣ ਲਈ ਰਵਾਇਤੀ ਖੇਤੀ ਦੇ ਨਾਲ-ਨਾਲ ਸਬਜ਼ੀਆਂ ਅਤੇ ਫ਼ਲਾਂ ਦੀ ਖੇਤੀ ਨੂੰ ਤਰਜੀਹ ਦੇ ਰਹੇ ਹਨ, ਕਿਉਂਕਿ ਸਮੇਂ ਦੀ ਲੋੜ ਅਨੁਸਾਰ ਕਿਸਾਨ ਵੀ ਆਪਣੇ ਆਪ ਨੂੰ ਬਦਲ ਰਿਹਾ ਹੈ।
ਜੋ ਲੋਕ ਕੁੱਝ ਅਲੱਗ ਸੋਚਣ ਅਤੇ ਕਰਨ ਦੀ ਹਿੰਮਤ ਰੱਖਦੇ ਹਨ, ਓਹੀ ਕੁੱਝ ਵੱਡਾ ਕਰਦੇ ਹਨ। ਅਜਿਹਾ ਹੀ ਇੱਕ ਨੌਜਵਾਨ ਕਿਸਾਨ ਹੈ ਅਮਨਦੀਪ ਸਿੰਘ ਸਰਾਓ, ਜੋ ਇੱਕ ਅਜਿਹੀ ਫ਼ਸਲ ਦੀ ਖੇਤੀ ਕਰ ਰਿਹਾ ਹੈ, ਜਿਸ ਬਾਰੇ ਉਸਨੂੰ ਕੋਈ ਜਾਣਕਾਰੀ ਨਹੀਂ ਸੀ। ਪਰ ਆਪਣੀ ਮਿਹਨਤ ਅਤੇ ਕੁੱਝ ਵੱਖਰਾ ਕਰਨ ਦੇ ਜਨੂੰਨ ਨੇ ਅੱਜ ਉਸਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਹੈ।
ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਅਮਨਦੀਪ ਸਿੰਘ ਜੀ ਦੇ ਦਾਦਾ ਜੀ ਅਤੇ ਪਿਤਾ ਜੀ ਨੇ ਆਪਣੇ ਨਿੱਜੀ ਕਾਰੋਬਾਰ ਦੇ ਕਾਰਨ ਕਾਫ਼ੀ ਜ਼ਮੀਨ ਖਰੀਦੀ ਹੋਈ ਸੀ। ਪਰ ਸਮੇਂ ਦੀ ਕਮੀ ਹੋਣ ਦੇ ਕਾਰਨ ਉਹਨਾਂ ਨੇ ਆਪਣੀ 32 ਕਿੱਲੇ ਜ਼ਮੀਨ ਠੇਕੇ ‘ਤੇ ਦਿੱਤੀ ਹੋਈ ਸੀ। ਇਸ ਜ਼ਮੀਨ ‘ਤੇ ਰਵਾਇਤੀ ਖੇਤੀ ਹੀ ਕੀਤੀ ਜਾਂਦੀ ਸੀ। ਘਰ ਵਿੱਚ ਖੇਤੀ ਦਾ ਬਹੁਤ ਕੰਮ ਨਾ ਹੋਣ ਕਾਰਨ ਅਮਨਦੀਪ ਦੀ ਵੀ ਖੇਤੀਬਾੜੀ ਵੱਲ ਕੋਈ ਖ਼ਾਸ ਰੁਚੀ ਨਹੀਂ ਸੀ।
ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਅਮਨਦੀਪ ਆਪਣੇ ਦੋਸਤਾਂ ਨਾਲ ਗੁਜਰਾਤ ਘੁੰਮਣ ਗਏ ਸੀ। ਇੱਥੇ ਉਹਨਾਂ ਨੇ ਇੱਕ ਅਜੀਬ ਦਿਖਣ ਵਾਲਾ ਫਾਰਮ ਦੇਖਿਆ। ਸਾਰੇ ਦੋਸਤਾਂ ਨੂੰ ਇਹ ਫਾਰਮ ਬਹੁਤ ਅਜੀਬ ਲੱਗਿਆ ਅਤੇ ਉਹਨਾਂ ਨੇ ਇਸ ਫਾਰਮ ਦੇ ਅੰਦਰ ਜਾ ਕੇ ਇਸ ਬਾਰੇ ਜਾਣਕਾਰੀ ਇਕੱਠੀ ਕਰਨ ਦਾ ਫੈਸਲਾ ਕੀਤਾ। ਫਾਰਮ ਦੇ ਅੰਦਰ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਡਰੈਗਨ ਫਰੂਟ ਦਾ ਫਾਰਮ ਹੈ। ਇਸ ਫਾਰਮ ਦਾ ਨਾਮ GDF ਸੀ। ਵਿਦੇਸ਼ੀ ਫਲ ਹੋਣ ਦੇ ਕਾਰਣ ਸਾਡੇ ਦੇਸ਼ ਵਿੱਚ ਬਹੁਤ ਘੱਟ ਕਿਸਾਨਾਂ ਨੂੰ ਡਰੈਗਨ ਫਰੂਟ ਦੀ ਖੇਤੀ ਬਾਰੇ ਜਾਣਕਾਰੀ ਹੈ। ਇਸੇ ਤਰ੍ਹਾਂ ਅਮਨਦੀਪ ਨੂੰ ਵੀ ਇਸ ਵਿਦੇਸ਼ੀ ਫਲ ਬਾਰੇ ਕੋਈ ਜਾਣਕਾਰੀ ਨਹੀਂ ਸੀ। GDF ਦੇ ਮਾਲਕ ਨਿਕੁੰਜ ਪੰਸੁਰੀਆ ਤੋਂ ਉਹਨਾਂ ਨੂੰ ਡਰੈਗਨ ਫਰੂਟ ਅਤੇ ਇਸਦੀ ਖੇਤੀ ਬਾਰੇ ਜਾਣਕਾਰੀ ਮਿਲੀ। ਵਾਪਸ ਪੰਜਾਬ ਆ ਕੇ ਅਮਨਦੀਪ ਨੇ ਇਸ ਦੀ ਖੇਤੀ ਬਾਰੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਸਲਾਹ ਕੀਤੀ ਤਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਇਸ ਕੰਮ ਲਈ ਸ਼ਾਬਾਸ਼ੀ ਦਿੱਤੀ, ਕਿ ਉਹ ਕੁੱਝ ਰਵਾਇਤੀ ਖੇਤੀ ਨਾਲੋਂ ਕੁੱਝ ਵੱਖਰਾ ਕਰਨ ਜਾ ਰਿਹਾ ਹੈ। ਹੋਰ ਜਾਣਕਾਰੀ ਇਕੱਠੀ ਕਰਨ ਲਈ ਅਮਨਦੀਪ ਨੇ ਸੋਸ਼ਲ ਮੀਡਿਆ ਦਾ ਸਹਾਰਾ ਲਿਆ। ਇੱਥੋਂ ਉਹਨਾਂ ਨੂੰ ਡਰੈਗਨ ਫਰੂਟ ਬਾਰੇ ਕਾਫ਼ੀ ਕੁੱਝ ਨਵਾਂ ਪਤਾ ਲੱਗਾ।
“GDF, ਲਕਸ਼ਮੀ ਪੁੱਤਰਾਂ ਡਰੈਗਨ ਫਰੂਟ ਫਾਰਮ, RK ਡਰੈਗਨ ਫਰੂਟ ਫਾਰਮ, ਵਾਸੁਪੂਜਯਾ ਡਰੈਗਨ ਫਰੂਟ ਫਾਰਮ, ਸ਼੍ਰੀ ਹਰੀ ਹੌਰਟੀਕਲਚਰ ਨਰਸਰੀ, ਸਾਂਗਰ ਨਰਸਰੀ ਦੇਖਣ ਤੋਂ ਬਾਅਦ, ਮੈਨੂੰ ਇਹ ਮਹਿਸੂਸ ਹੋਇਆ ਕਿ ਸਾਡੇ ਕਿਸਾਨ ਮੁੱਢ ਤੋਂ ਹੀ ਰਵਾਇਤੀ ਖੇਤੀ ਦੇ ਚੱਕਰ ਵਿੱਚ ਫਸੇ ਹੋਏ ਹਨ। ਸੋ ਸਾਨੂੰ ਨਵੀਂ ਪੀੜ੍ਹੀ ਨੂੰ ਹੀ ਖੇਤੀ ਵਿੱਚ ਕੁੱਝ ਵੱਖਰਾ ਕਰਨਾ ਪਵੇਗਾ।” – ਅਮਨਦੀਪ ਸਿੰਘ ਸਰਾਓ
ਇੰਟਰਨੈੱਟ ਦੇ ਜ਼ਰੀਏ ਅਮਨਦੀਪ ਨੂੰ ਪਤਾ ਲੱਗਾ ਕਿ ਪੰਜਾਬ ਦੇ ਬਰਨਾਲਾ ਵਿੱਚ ਹਰਬੰਤ ਸਿੰਘ ਔਲਖ ਜੀ ਡਰੈਗਨ ਫਰੂਟ ਦੀ ਖੇਤੀ ਕਰਦੇ ਹਨ, ਤਾਂ ਡਰੈਗਨ ਫਰੂਟ ਦੀ ਖੇਤੀ ਬਾਰੇ ਹੋਰ ਜਾਣਕਾਰੀ ਲੈਣ ਦੇ ਉਦੇਸ਼ ਨਾਲ ਅਮਨਦੀਪ ਬਰਨਾਲੇ ਉਹਨਾਂ ਦੇ ਫਾਰਮ ‘ਤੇ ਗਏ ਅਤੇ ਇੱਥੇ ਉਹਨਾਂ ਨੂੰ ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਨ ਲਈ ਕਾਫ਼ੀ ਹੌਂਸਲਾ ਮਿਲਿਆ। ਇਸਦੇ ਨਾਲ ਹੀ ਅਮਨਦੀਪ ਨੇ ਵੀ ਇਸ ਵਿਦੇਸ਼ੀ ਫਲ ਦੀ ਖੇਤੀ ਕਰਨ ਦਾ ਪੱਕਾ ਮਨ ਬਣਾ ਲਿਆ।
ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਨ ਲਈ ਅਮਨਦੀਪ ਆਪਣੀ ਠੇਕੇ ‘ਤੇ ਦਿੱਤੀ 32 ਕਿੱਲੇ ਜ਼ਮੀਨ ਵਿੱਚੋਂ 2 ਕਿੱਲਿਆਂ ‘ਤੇ ਡਰੈਗਨ ਫਰੂਟ ਦੀ ਖੇਤੀ ਲਈ, GDF ਦੇ ਮਾਲਕ ਦੀ ਸਲਾਹ ਨਾਲ ਪੋਲ (ਖੰਭੇ) ਤਿਆਰ ਕਰਵਾਏ ਅਤੇ 4 ਵੱਖ-ਵੱਖ ਥਾਵਾਂ ਤੋਂ ਪੌਦੇ ਮੰਗਵਾਏ। ਆਪਣੇ ਇਸ ਫਾਰਮ ਦਾ ਨਾਮ ਉਹਨਾਂ ਨੇ “ਸਰਾਓ ਡਰੈਗਨ ਫਰੂਟਸ ਫਾਰਮ” ਰੱਖਿਆ। ਅਮਨ ਨੂੰ ਜਿੱਥੇ ਵੀ ਕੋਈ ਮੁਸ਼ਕਿਲ ਆਈ ਉਹਨਾਂ ਨੇ ਹਮੇਸ਼ਾ ਮਾਹਿਰਾਂ ਅਤੇ ਇੰਟਰਨੈੱਟ ਦੀ ਮਦਦ ਲਈ। ਉਹਨਾਂ ਨੇ ਸ਼ੁਰੂਆਤ ਵਿੱਚ ਡਰੈਗਨ ਫਰੂਟ ਦੀ ਲਾਲ ਅਤੇ ਚਿੱਟੀ ਕਿਸਮ ਦੇ ਪੌਦੇ ਲਾਏ।
ਕਿਹਾ ਜਾਂਦਾ ਹੈ ਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ, ਉਸੇ ਤਰ੍ਹਾਂ “ਸਰਾਓ ਡਰੈਗਨ ਫਰੂਟਸ ਫਾਰਮ” ਵਿੱਚ ਪਹਿਲੇ ਸਾਲ ਹੋਏ ਫਲਾਂ ਦਾ ਸਵਾਦ ਬਹੁਤ ਵਧੀਆ ਸੀ ਅਤੇ ਬਾਕੀ ਲੋਕਾਂ ਨੇ ਵੀ ਇਸਦੀ ਕਾਫੀ ਸ਼ਲਾਘਾ ਕੀਤੀ।
“ਡਰੈਗਨ ਫਰੂਟ ਦੀ ਖੇਤੀ ਸ਼ੁਰੂ ਕਰਨ ਤੋਂ ਬਾਅਦ ਸਾਰੇ ਪਰਿਵਾਰਿਕ ਮੈਂਬਰਾਂ ਨੇ ਮੇਰੀ ਹੌਂਸਲਾ ਅਫ਼ਜ਼ਾਈ ਕੀਤੀ ਅਤੇ ਮਨ ਲਗਾ ਕੇ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਮੈਂ ਫਿਰ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।” – ਅਮਨਦੀਪ ਸਿੰਘ ਸਰਾਓ
ਇਸ ਸਫ਼ਲਤਾ ਤੋਂ ਬਾਅਦ ਅਮਨਦੀਪ ਦਾ ਹੌਂਸਲਾ ਕਾਫੀ ਵੱਧ ਗਿਆ। ਅਮਨਦੀਪ ਦੇ ਭਾਬੀ ਜੀ(ਹਰਮਨਦੀਪ ਕੌਰ) ਜੰਗਲਾਤ ਵਿਭਾਗ ਵਿੱਚ ਨੌਕਰੀ ਕਰਦੇ ਹਨ ਅਤੇ ਉਹਨਾਂ ਨੇ ਅਮਨਦੀਪ ਨੂੰ ਡਰੈਗਨ ਫਰੂਟ ਦੇ ਨਾਲ-ਨਾਲ ਚੰਦਨ ਦੀ ਖੇਤੀ ਕਰਨ ਲਈ ਵੀ ਕਿਹਾ। ਸਾਡੇ ਦੇਸ਼ ਵਿੱਚ ਚੰਦਨ ਨੂੰ ਧਾਰਮਿਕ ਕਿਰਿਆਵਾਂ ਲਈ ਵਰਤਿਆ ਜਾਂਦਾ ਹੈ ਅਤੇ ਇਸਦੀ ਕੀਮਤ ਵੀ ਕਾਫੀ ਜ਼ਿਆਦਾ ਹੈ। ਸੋ ਅਮਨਦੀਪ ਨੇ ਚੰਦਨ ਦੀ ਖੇਤੀ ਬਾਰੇ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ।
ਫਿਰ ਅਮਨਦੀਪ ਨੇ ਗੁਜਰਾਤ ਦੇ ਚੰਦਨ ਵਿਕਾਸ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਨਿਤਿਨ ਪਟੇਲ ਨਾਲ ਸੰਪਰਕ ਅਤੇ ਮੁਲਾਕਾਤ ਕੀਤੀ। ਨਿਤਿਨ ਪਟੇਲ ਦੇ ਫਾਰਮ ਵਿੱਚ ਚੰਦਨ ਦੇ ਲਗਭਗ 2000 ਬੂਟੇ ਲੱਗੇ ਹਨ। ਇੱਥੋਂ ਅਮਨਦੀਪ ਨੇ ਚੰਦਨ ਦੇ ਥੋੜ੍ਹੇ ਜਿਹੇ ਬੂਟੇ ਲੈ ਕੇ ਆਪਣੇ ਫਾਰਮ ‘ਤੇ ਟਰਾਇਲ ਦੇ ਤੌਰ ‘ਤੇ ਲਗਾਏ ਅਤੇ ਹੁਣ ਸਰਾਓ ਫਾਰਮ ਵਿੱਚ ਚੰਦਨ ਦੇ ਲਗਭਗ 225 ਬੂਟੇ ਹਨ।
“ਹਾਲਤ ਨੂੰ ਐਸਾ ਨਾ ਹੋਣ ਦਿਓ ਕਿ ਆਪ ਹਿੰਮਤ ਹਾਰ ਜਾਈਏ, ਬਲਕਿ ਹਿੰਮਤ ਐਸੀ ਰੱਖੋ ਕਿ ਹਾਲਾਤ ਹਾਰ ਜਾਣ।” – ਅਮਨਦੀਪ ਸਿੰਘ ਸਰਾਓ
ਨੌਜਵਾਨ ਕਿਸਾਨ ਹੋਣ ਦੇ ਨਾਤੇ ਅਮਨਦੀਪ ਹਮੇਸ਼ਾ ਕੁੱਝ ਨਾ ਕੁੱਝ ਨਵਾਂ ਕਰਨ ਬਾਰੇ ਸੋਚਦੇ ਰਹਿੰਦੇ ਹਨ। ਇਸ ਲਈ ਉਹਨਾਂ ਨੇ ਡਰੈਗਨ ਫਰੂਟ ਦੇ ਬੂਟਿਆਂ ਦੀ ਗ੍ਰਾਫਟਿੰਗ ਕਰਨੀ ਵੀ ਸ਼ੁਰੂ ਕਰ ਦਿੱਤੀ। ਇਸਦੇ ਲਈ ਉਹਨਾਂ ਨੇ ਮੈਰੀ ਐਨ ਪਸਾਉਲ ਤੋਂ ਟ੍ਰੇਨਿੰਗ ਲਈ ਜੋ ਕਿ Tangum Philipine Island ਤੋਂ ਹਨ।
• ਵਾਲਦੀਵਾ ਰੋਜਾ
• ਸਿੰਪਲ ਰੈੱਡ
ਹੁਣ ਵੀ ਅਮਨਦੀਪ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਇਕੱਠੀ ਕਰਦੇ ਰਹਿੰਦੇ ਹਨ ਅਤੇ ਉਹਨਾਂ ਨੇ ਆਪਣੇ ਫਾਰਮ ਵਿੱਚ ਤੁਪਕਾ ਸਿੰਚਾਈ ਸਿਸਟਮ ਵੀ ਲਗਵਾ ਲਿਆ ਹੈ। ਆਪਣੀ ਇਸੇ ਮਿਹਨਤ ਅਤੇ ਦ੍ਰਿੜ ਸੰਕਲਪ ਦੇ ਕਾਰਣ ਅਮਨਦੀਪ ਦੀ ਆਸ-ਪਾਸ ਦੇ ਪਿੰਡਾਂ ਵਿੱਚ ਵੀ ਵਾਹੋ-ਵਾਹੀ ਹੋ ਰਹੀ ਹੈ ਅਤੇ ਬਹੁਤ ਸਾਰੇ ਲੋਕ ਉਹਨਾਂ ਦਾ ਫਾਰਮ ਦੇਖਣ ਲਈ ਆਉਂਦੇ ਰਹਿੰਦੇ ਹਨ।
ਅਮਨਦੀਪ ਆਉਣ ਵਾਲੇ ਸਮੇਂ ਵਿੱਚ ਆਪਣੇ ਫਾਰਮ ਦੇ ਫਲਾਂ ਦੀ ਮਾਰਕਿਟਿੰਗ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ ਅਤੇ ਨਾਲ ਹੀ ਚੰਦਨ ਤੋਂ ਉਤਪਾਦ ਤਿਆਰ ਕਰਕੇ ਵੇਚਣਾ ਚਾਹੁੰਦੇ ਹਨ।