ਸੰਦੀਪ ਸਿੰਘ ਅਤੇ ਰਾਜਪ੍ਰੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਕਿਸਾਨਾਂ ਲਈ ਬਣ ਕੇ ਆਏ ਨਵੀਂ ਮਿਸਾਲ, ਬੱਕਰੀ ਪਾਲਣ ਦੇ ਕਿੱਤੇ ਨੂੰ ਇੰਟਰਨੈਸ਼ਨਲ ਪੱਧਰ ਤੇ ਲਿਜਾਣ ਵਾਲੇ ਦੋ ਦੋਸਤਾਂ ਦੀ ਸਫਲ ਸਟੋਰੀ

ਬੱਕਰੀ ਪਾਲਣ ਦਾ ਕਿੱਤਾ ਬਹੁਤ ਲਾਭਕਾਰੀ ਕਿੱਤਾ ਹੈ ਕਿਉਂਕਿ ਇਸ ਵਿੱਚ ਬਹੁਤ ਘੱਟ ਨਿਵੇਸ਼ ਦੀ ਲੋੜ ਹੁੰਦੀ ਹੈ, ਜੇਕਰ ਗੱਲ ਕਰੀਏ ਪਸ਼ੂ-ਪਾਲਣ ਦੇ ਕਿੱਤੇ ਦੀ ਤਾਂ ਜ਼ਿਆਦਾਤਰ ਪਸ਼ੂ-ਪਾਲਕ ਡੇਅਰੀ ਫਾਰਮਿੰਗ ਦੇ ਕਿੱਤੇ ਨਾਲ ਸੰਬੰਧਿਤ ਹਨ। ਪਰ ਅੱਜ-ਕੱਲ੍ਹ ਬੱਕਰੀ ਪਾਲਣ ਦਾ ਕਿੱਤਾ, ਪਸ਼ੂ-ਪਾਲਣ ਵਿੱਚ ਸਭ ਤੋਂ ਸਫ਼ਲ ਕਿੱਤਾ ਮੰਨਿਆ ਜਾਂਦਾ ਹੈ ਅਤੇ ਬਹੁਤ ਸਾਰੇ ਨੌਜਵਾਨ ਵੀ ਇਸ ਕਿੱਤੇ ਵਿੱਚ ਸਫ਼ਲਤਾ ਹਾਸਿਲ ਕਰ ਰਹੇ ਹਨ। ਇਹ ਕਹਾਣੀ ਹੈ ਅਜਿਹੇ ਹੀ ਦੋ ਨੌਜਵਾਨਾਂ ਦੀ, ਜਿਹਨਾਂ ਨੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬੱਕਰੀ ਪਾਲਣ ਦਾ ਕਿੱਤਾ ਸ਼ੁਰੂ ਕੀਤਾ ਅਤੇ ਸਫ਼ਲਤਾ ਹਾਸਿਲ ਕਰਨ ਦੇ ਨਾਲ-ਨਾਲ ਹੋਰਨਾਂ ਕਿਸਾਨਾਂ ਨੂੰ ਵੀ ਇਸ ਸੰਬੰਧੀ ਟ੍ਰੇਨਿੰਗ ਦੇ ਰਹੇ ਹਨ।

ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਤਾਰੂਆਣਾ ਦੇ ਰਹਿਣ ਵਾਲੇ ਸੰਦੀਪ ਸਿੰਘ ਅਤੇ ਰਾਜਪ੍ਰੀਤ ਸਿੰਘ ਗ੍ਰੈਜੂਏਸ਼ਨ ਦੀ ਪੜ੍ਹਾਈ ਕਰਨ ਤੋਂ ਬਾਅਦ ਨੌਕਰੀ ਕਰਨ ਦੀ ਬਜਾਏ ਆਪਣਾ ਕੋਈ ਕਾਰੋਬਾਰ ਕਰਨਾ ਚਾਹੁੰਦੇ ਸਨ। ਰਾਜਪ੍ਰੀਤ ਨੇ M.Sc. ਐਗਰੀਕਲਚਰ ਦੀ ਪੜ੍ਹਾਈ ਕੀਤੀ ਹੋਈ ਸੀ, ਇਸ ਲਈ ਰਾਜਪ੍ਰੀਤ ਦੇ ਸੁਝਾਅ ‘ਤੇ ਦੋਨਾਂ ਦੋਸਤਾਂ ਨੇ ਖੇਤੀਬਾੜੀ ਜਾਂ ਪਸ਼ੂ ਪਾਲਣ ਦਾ ਕਿੱਤਾ ਅਪਨਾਉਣ ਦਾ ਫੈਸਲਾ ਕੀਤਾ। ਇਸ ਉਦੇਸ਼ ਲਈ ਉਹਨਾਂ ਨੇ ਪਹਿਲਾਂ ਪੋਲੀਹਾਊਸ ਲਗਾਉਣ ਬਾਰੇ ਸੋਚਿਆ ਪਰ ਕਿਸੇ ਕਾਰਣ ਇਸ ਵਿੱਚ ਉਹ ਸਫ਼ਲ ਨਹੀਂ ਹੋ ਪਾਏ।

ਇਸ ਤੋਂ ਬਾਅਦ ਉਹਨਾਂ ਨੇ ਪਸ਼ੂ-ਪਾਲਣ ਦਾ ਕਿੱਤਾ ਅਪਨਾਉਣ ਦਾ ਫੈਸਲਾ ਕੀਤਾ। ਇਸ ਲਈ ਉਹਨਾਂ ਨੇ ਪਸ਼ੂ-ਪਾਲਣ ਦੇ ਮਾਹਿਰਾਂ ਨਾਲ ਮੁਲਾਕਾਤ ਕੀਤੀ ਤਾਂ ਮਾਹਿਰਾਂ ਨੇ ਉਹਨਾਂ ਨੂੰ ਬੱਕਰੀ ਪਾਲਣ ਦਾ ਕਿੱਤਾ ਅਪਨਾਉਣ ਦੀ ਸਲਾਹ ਦਿੱਤੀ।

ਮਾਹਿਰਾਂ ਦੀ ਸਲਾਹ ਦੇ ਨਾਲ ਉਹਨਾਂ ਨੇ ਬੱਕਰੀ-ਪਾਲਣ ਦਾ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਲਈ। ਟ੍ਰੇਨਿੰਗ ਲੈਣ ਲਈ ਉਹ CIR ਮਥੁਰਾ ਗਏ ਅਤੇ 15 ਦਿਨਾਂ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਉਹਨਾਂ ਨੇ ਤਾਰੂਆਣਾ ਪਿੰਡ ਵਿੱਚ 2 ਕਨਾਲ ਜਗ੍ਹਾ ਵਿੱਚ SR COMMERCIAL ਬੱਕਰੀ ਫਾਰਮ ਸ਼ੁਰੂ ਕੀਤਾ।

ਅੱਜ-ਕੱਲ੍ਹ ਇਹ ਧਾਰਨਾ ਆਮ ਹੈ ਕਿ ਜੇਕਰ ਕੋਈ ਕਿੱਤਾ ਸ਼ੁਰੂ ਕਰਨਾ ਹੈ ਤਾਂ ਬੈਂਕ ਤੋਂ ਲੋਨ ਲੈ ਕੇ ਆਸਾਨੀ ਨਾਲ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਪਰ ਸੰਦੀਪ ਅਤੇ ਰਾਜਪ੍ਰੀਤ ਨੇ ਬਿਨਾਂ ਕਿਸੇ ਵਿੱਤੀ ਸਹਾਇਤਾ ਦੇ ਆਪਣੇ ਪਰਿਵਾਰਿਕ ਮੈਂਬਰਾਂ ਦੀ ਮਦਦ ਨਾਲ ਸਾਲ 2017 ਵਿੱਚ ਬੱਕਰੀ ਫਾਰਮ ਸ਼ੁਰੂ ਕੀਤਾ।

ਜਿਵੇਂ ਕਿਹਾ ਹੀ ਜਾਂਦਾ ਹੈ ਕਿ ਕਿਸੇ ਦੀ ਸਲਾਹ ਨਾਲ ਰਸਤੇ ਤਾਂ ਮਿਲ ਹੀ ਜਾਂਦੇ ਹਨ ਪਰ ਮੰਜ਼ਿਲ ਪਾਉਣ ਲਈ ਮਿਹਨਤ ਆਪ ਨੂੰ ਹੀ ਕਰਨੀ ਪੈਂਦੀ ਹੈ।

ਇਸ ਲਈ ਇਸ ਕਿੱਤੇ ਵਿੱਚ ਸਫ਼ਲਤਾ ਹਾਸਿਲ ਕਰਨ ਲਈ ਉਹਨਾਂ ਦੋਨਾਂ ਨੇ ਵੀ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਸਮਝਦਾਰੀ ਨਾਲ ਛੋਟੇ ਪੱਧਰ ‘ਤੇ ਸਿਰਫ਼ 10 ਬੱਕਰੀਆਂ ਨਾਲ ਬੱਕਰੀ ਫਾਰਮ ਸ਼ੁਰੂ ਕੀਤਾ ਸੀ, ਇਹ ਸਾਰੀਆਂ ਬੱਕਰੀਆਂ ਬੀਟਲ ਨਸਲ ਦੀਆਂ ਸਨ। ਇਹਨਾਂ ਬੱਕਰੀਆਂ ਨੂੰ ਉਹ ਪੰਜਾਬ ਦੇ ਲੁਧਿਆਣਾ, ਰਾਏਕੋਟ, ਮੋਗਾ ਆਦਿ ਦੀਆਂ ਮੰਡੀਆਂ ਤੋਂ ਲੈ ਕੇ ਆਏ ਸਨ। ਹੌਲੀ-ਹੌਲੀ ਉਹਨਾਂ ਨੂੰ ਬੱਕਰੀ ਪਾਲਣ ਵਿੱਚ ਆਉਣ ਵਾਲਿਆਂ ਮੁਸ਼ਕਿਲਾਂ ਬਾਰੇ ਪਤਾ ਚੱਲਿਆ। ਫਿਰ ਉਹਨਾਂ ਨੇ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਲੱਭਣਾ ਸ਼ੁਰੂ ਕਰ ਦਿੱਤਾ।

ਬੱਕਰੀ ਪਾਲਕਾਂ ਨੂੰ ਜੋ ਸਭ ਤੋਂ ਵੱਧ ਮੁਸ਼ਕਿਲ ਆਉਂਦੀ ਹੈ, ਉਹ ਹੈ ਬੱਕਰੀ ਦੀ ਨਸਲ ਦੀ ਪਹਿਚਾਣ ਕਰਨ ਦੀ। ਇਸ ਲਈ ਹਮੇਸ਼ਾ ਹੀ ਮਾਹਿਰਾਂ ਤੋਂ ਬੱਕਰੀਆਂ ਦੀ ਪਹਿਚਾਣ ਕਰਨ ਲਈ ਜਾਣਕਾਰੀ ਲੈਣੀ ਚਾਹੀਦੀ ਹੈ। – ਸੰਦੀਪ ਸਿੰਘ

ਆਪਣੇ ਦ੍ਰਿੜ ਸੰਕਲਪ ਅਤੇ ਪਰਿਵਾਰਿਕ ਮੈਂਬਰ ਤੋਂ ਮਿਲੇ ਸਹਿਯੋਗ ਦੇ ਕਾਰਣ ਉਹਨਾਂ ਨੇ ਬੱਕਰੀ ਪਾਲਣ ਦੇ ਕਿੱਤੇ ਨੂੰ ਲਾਹੇਵੰਦ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਸੰਦੀਪ ਅਤੇ ਰਾਜਪ੍ਰੀਤ ਨੇ ਆਪਣੇ ਫਾਰਮ ਵਿੱਚ ਬੱਕਰੀਆਂ ਦੀ ਨਸਲ ਸੁਧਾਰ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਆਪਣੀ ਮਿਹਨਤ ਦੇ ਸਦਕਾ, ਅੱਜ 2 ਸਾਲਾਂ ਦੇ ਅੰਦਰ-ਅੰਦਰ ਹੀ ਉਹਨਾਂ ਦੇ ਫਾਰਮ ਵਿੱਚ ਬੱਕਰੀਆਂ ਦੀ ਗਿਣਤੀ 10 ਤੋਂ 150 ਤੱਕ ਪੁਹੰਚ ਗਈ ਹੈ।

ਬੱਕਰੀ ਪਾਲਣ ਦੇ ਕਿੱਤੇ ਵਿੱਚ ਕਦੇ ਵੀ ਲੇਬਰ ‘ਤੇ ਨਿਰਭਰ ਨਹੀਂ ਰਹਿਣਾ ਚਾਹੀਦਾ। ਜੇਕਰ ਇਸ ਕਿੱਤੇ ਵਿੱਚ ਸਫ਼ਲਤਾ ਹਾਸਿਲ ਕਰਨੀ ਹੈ ਤਾਂ ਸਾਨੂੰ ਖੁਦ ਮਿਹਨਤ ਕਰਨੀ ਪੈਂਦੀ ਹੈ। – ਰਾਜਪ੍ਰੀਤ ਸਿੰਘ

ਬੱਕਰੀ ਪਾਲਣ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਜਾਣਨ ਤੋਂ ਬਾਅਦ ਉਹਨਾਂ ਨੇ ਹੋਰ ਬੱਕਰੀ ਪਾਲਕਾਂ ਦੀ ਮਦਦ ਕਰਨ ਲਈ ਬੱਕਰੀ ਪਾਲਣ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਤਾਂ ਜੋ ਬੱਕਰੀ ਪਾਲਕਾਂ ਨੂੰ ਇਸ ਕਿੱਤੇ ਤੋਂ ਵੱਧ ਮੁਨਾਫ਼ਾ ਹੋ ਸਕੇ। ਸੰਦੀਪ ਅਤੇ ਰਾਜਪ੍ਰੀਤ ਆਪਣੇ ਫਾਰਮ ਵਿੱਚ ਪ੍ਰੈਕਟੀਕਲ ਟ੍ਰੇਨਿੰਗ ਦਿੰਦੇ ਹਨ, ਜਿਸ ਨਾਲ ਸਿਖਿਆਰਥੀਆਂ ਨੂੰ ਵਧੇਰੇ ਜਾਣਕਾਰੀ ਮਿਲਦੀ ਹੈ ਅਤੇ ਉਹ ਇਹਨਾਂ ਤਕਨੀਕਾਂ ਨੂੰ ਵਰਤ ਕੇ ਬੱਕਰੀ ਪਾਲਣ ਦੇ ਕਿੱਤੇ ਤੋਂ ਲਾਭ ਕਮਾ ਰਹੇ ਹਨ।

ਬੱਕਰੀ ਪਾਲਣ ਦੀ ਟ੍ਰੇਨਿੰਗ ਦੇਣ ਦੇ ਨਾਲ-ਨਾਲ SR Commercial ਬੱਕਰੀ ਫਾਰਮ ਤੋਂ ਪੰਜਾਬ ਅਤੇ ਹਰਿਆਣਾ ਹੀ ਨਹੀਂ, ਬਲਕਿ ਵੱਖ-ਵੱਖ ਰਾਜਾਂ ਦੇ ਬੱਕਰੀ ਪਾਲਕ ਬੱਕਰੀਆਂ ਲੈਣ ਲਈ ਆਉਂਦੇ ਹਨ।

ਭਵਿੱਖ ਦੀ ਯੋਜਨਾ

ਆਉਣ ਵਾਲੇ ਸਮੇਂ ਵਿੱਚ ਸੰਦੀਪ ਅਤੇ ਰਾਜਪ੍ਰੀਤ ਆਪਣਾ ਬੱਕਰੀ ਪਾਲਣ ਟ੍ਰੇਨਿੰਗ ਸਕੂਲ ਸ਼ੁਰੂ ਕਰਨਾ ਚਾਹੁੰਦੇ ਹਨ ਅਤੇ ਬੱਕਰੀ ਪਾਲਣ ਦੇ ਕਿੱਤੇ ਦੇ ਨਾਲ-ਨਾਲ ਖੇਤੀਬਾੜੀ ਦੇ ਖੇਤਰ ਵਿੱਚ ਵੀ ਅੱਗੇ ਆਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਉਹ ਬੱਕਰੀ ਦੀ ਫੀਡ ਦੇ ਉਤਪਾਦ ਬਣਾ ਕੇ ਇਹਨਾਂ ਦੀ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਸੰਦੇਸ਼
“ਬੱਕਰੀ ਪਾਲਕਾਂ ਨੂੰ ਛੋਟੇ ਪੱਧਰ ਤੋਂ ਬੱਕਰੀ ਪਾਲਣ ਦਾ ਕਿੱਤਾ ਸ਼ੁਰੂ ਕਰਨਾ ਚਾਹੀਦਾ ਹੈ। ਜੇਕਰ ਕਿਸੇ ਨੂੰ ਵੀ ਬੱਕਰੀ ਪਾਲਣ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਕਦੇ ਵੀ ਸਾਡੇ ਫਾਰਮ ‘ਤੇ ਆ ਕੇ ਜਾਣਕਾਰੀ ਅਤੇ ਸਲਾਹ ਲੈ ਸਕਦੇ ਹਨ।”

ਬਿਨਸਰ ਫਾਰਮ

ਪੂਰੀ ਕਹਾਣੀ ਪੜ੍ਹੋ

ਬਿਨਸਰ ਫਾਰਮ: ਕਿਵੇਂ ਦੋਸਤਾਂ ਦੀ ਤਿੱਕੜੀ ਨੇ ਫ਼ਾਰਮ ਤੋਂ ਟੇਬਲ ਤੱਕ ਦੁੱਧ ਪਹੁੰਚਾਉਣ ਦੇ ਕਾਰੋਬਾਰ ਨੂੰ ਸਥਾਪਿਤ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ

ਤੁਹਾਡੇ ਵਿੱਚੋਂ ਕਿੰਨੇ ਲੋਕਾਂ ਨੇ ਆਪਣੇ ਰੁਜ਼ਗਾਰ ਦੇ ਨਾਲ-ਨਾਲ ਖੇਤੀ ਸਮਾਜ ਵਿੱਚ ਯੋਗਦਾਨ ਪਾਉਣ ਬਾਰੇ ਸੋਚਿਆ ਹੈ? ਜਵਾਬ ਬਹੁਤ ਘੱਟ ਹਨ …

ਜੋ ਵਿਅਕਤੀ ਪੇਸ਼ੇਵਰ ਤੌਰ ‘ਤੇ ਖੇਤੀਬਾੜੀ ਖੇਤਰ ਲਈ ਸਮਰਪਿਤ ਹੈ, ਉਸ ਲਈ ਖੇਤੀ ਸਮਾਜ ਵੱਲ ਸਮਾਂ ਕੱਢਣਾ ਕੋਈ ਵੱਡੀ ਗੱਲ ਨਹੀਂ, ਪਰ ਸਰਵਿਸ ਕਰਨ ਵਾਲੇ ਵਿਅਕਤੀ ਲਈ ਇਹ ਇੱਕ ਔਖਾ ਕੰਮ ਹੈ।

ਖੈਰ, ਇਹ ਉਨ੍ਹਾਂ ਤਿੰਨ ਦੋਸਤਾਂ ਦੀ ਕਹਾਣੀ ਹੈ ਜਿਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਆਪਣੀ ਨੌਕਰੀ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਪੂਰਾ ਕੀਤਾ ਅਤੇ ਬਿਨਸਰ ਫਾਰਮ ਨੂੰ ਸਹੀ ਤੌਰ ‘ਤੇ ਸਥਾਪਿਤ ਕਰਨ ਲਈ ਮਿਲ ਕੇ ਕੰਮ ਕੀਤਾ।

ਬਿਨਸਰ ਫਾਰਮ ਦੇ ਪਿੱਛੇ 40 ਸਾਲਾਂ ਦੇ ਪੰਕਜ ਨਵਾਨੀ ਜੀ ਦੀ ਮਿਹਨਤ ਸੀ, ਜੋ ਆਦਰਸ਼ਵਾਦੀ ਪਿਛੋਕੜ ਨਾਲ ਸੰਬੰਧਿਤ ਸਨ, ਜਿੱਥੇ ਉਨ੍ਹਾਂ ਦੇ ਦਾਦਾ ਪੋਖਰਾ ਬਲਾੱਕ, ਉਤਰਾਂਚਲ ਵਿੱਚ ਆਪਣੇ ਪਿੰਡ ਗਵਾਨੀ ਦੀ ਬਿਹਤਰੀ ਲਈ ਕੰਮ ਕਰਦੇ ਸਨ। ਉਨ੍ਹਾਂ ਦੇ ਦਾਦਾ ਜੀ ਨੇ ਪਿੰਡ ਦੇ ਬੱਚਿਆਂ ਲਈ ਤਿੰਨ ਪ੍ਰਾਇਮਰੀ ਸਕੂਲ, ਇੱਕ ਕੰਨਿਆ ਵਿੱਦਿਆਲਿਆ, ਇੱਕ ਇੰਟਰਮੀਡੀਏਟ ਅਤੇ ਇੱਕ ਡਿਗਰੀ ਕਾਲਜ ਸਥਾਪਿਤ ਕੀਤਾ। ਪੰਕਜ ਨਵਾਨੀ ਜੀ ਦੀ ਪਰਵਰਿਸ਼ ਅਜਿਹੇ ਵਾਤਾਵਰਣ ਵਿੱਚ ਹੋਈ, ਜਿੱਥੇ ਉਨ੍ਹਾਂ ਦੇ ਦਾਦਾ ਜੀ ਨੇ ਸਮਾਜ ਲਈ ਬਿਨਾਂ ਸ਼ਰਤ ਸਵੈ-ਇੱਛੁਕ ਭਾਈਚਾਰੇ ਦੀ ਜ਼ਿੰਮੇਵਾਰੀ ਦਾ ਸਕਾਰਾਤਮਕ ਦ੍ਰਿਸ਼ਟੀਕੋਣ ਬਣਾਇਆ ਅਤੇ ਹੁਣ ਤੱਕ ਪੰਕਜ ਦੇ ਨਾਲ ਹੀ ਰਹੇ ਹਨ।

ਉਸ ਦੇ ਸੁਪਨਿਆਂ ਨੂੰ ਆਪਣੇ ਨਾਲ ਲੈ ਕੇ, ਪੰਕਜ ਜੀ ਅਜੇ ਵੀ ਇੱਕ ਮੌਕੇ ਦੀ ਭਾਲ ਵਿੱਚ ਸਨ ਅਤੇ ਜੀਨੋਮਿਕਸ ਅਤੇ ਇੰਟੀਗ੍ਰੇਟਿਵ ਬਾਇਓਲੋਜੀ ਦੇ ਇੰਸਟੀਚਿਊਟ ਵਿੱਚ ਕੰਮ ਕਰਦੇ ਹੋਏ ਅਖ਼ੀਰ ਵਿੱਚ ਉਨ੍ਹਾਂ ਨੇ ਆਪਣੇ ਭਵਿੱਖ ਦੇ ਸਾਥੀ ਦੀਪਕ ਅਤੇ ਸੁਖਵਿੰਦਰ (ਜੋ ਉਨ੍ਹਾਂ ਦੇ ਅਧੀਨ ਕੰਮ ਸਿੱਖ ਰਹੇ ਸਨ) ਦੇ ਨਾਲ ਮੁਲਾਕਾਤ ਕੀਤੀ। ਬਿਨਸਰ ਫਾਰਮ ਦਾ ਵਿਚਾਰ ਹਕੀਕਤ ਵਿੱਚ ਆਇਆ ਜਦੋਂ ਉਨ੍ਹਾਂ ਵਿੱਚੋਂ ਤਿੰਨੇ ਜਾਣੇ ਬਿਨਸਰ ਦੀਆਂ ਪਹਾੜੀਆਂ ਵਿੱਚ ਇੱਕ ਸਫ਼ਰ ‘ਤੇ ਗਏ ਅਤੇ ਵਾਪਸ ਆਉਂਦੇ ਸਮੇਂ ਰਸਤਾ ਭੁੱਲ ਗਏ। ਪਰ ਸੁਭਾਗ ਨਾਲ ਉਹ ਇੱਕ ਆਜੜੀ ਨੂੰ ਮਿਲੇ ਅਤੇ ਉਸ ਨੇ ਉਨ੍ਹਾਂ ਨੂੰ ਆਪਣੇ ਸ਼ੈੱਡ ਵਿੱਚ ਬੁਲਾਇਆ ਅਤੇ ਉਨ੍ਹਾਂ ਨੇ ਉਹ ਰਾਤ ਉਸ ਝੋਪੜੀ ਵਿੱਚ ਬੜੇ ਆਰਾਮ ਨਾਲ ਬਿਤਾਈ। ਅਗਲੀ ਸਵੇਰ ਆਜੜੀ ਨੇ ਉਨ੍ਹਾਂ ਨੂੰ ਸ਼ਹਿਰ ਵੱਲ ਸਹੀ ਮਾਰਗ ਦਿਖਾਇਆ ਅਤੇ ਇਸ ਤਰ੍ਹਾਂ ਹੀ ਬਿਨਸਰ ਦਾ ਉਨ੍ਹਾਂ ਦਾ ਸਫ਼ਰ ਇੱਕ ਪਰੀ-ਕਹਾਣੀ ਦੀ ਤਰ੍ਹਾਂ ਜਾਪਦਾ ਹੈ। ਆਜੜੀ ਦੀ ਦਿਆਲਤਾ ਅਤੇ ਨਿਮਰਤਾ ਬਾਰੇ ਸੋਚਦਿਆਂ ਉਨ੍ਹਾਂ ਨੇ ਉਤਰਾਂਚਲ ਦੇ ਲੋਕਾਂ ਲਈ ਕੁੱਝ ਕਰਨ ਦਾ ਫੈਸਲਾ ਕੀਤਾ। ਅਸਲ ਵਿੱਚ, ਸਭ ਤੋਂ ਪਹਿਲਾਂ ਉਹ ਸੋਚਦੇ ਸਨ ਕਿ ਉਹ ਫਲ, ਸਬਜ਼ੀਆਂ ਅਤੇ ਦਾਲਾਂ ਨੂੰ ਪਹਾੜਾਂ ਵਿੱਚ ਉਗਾਉਣ ਅਤੇ ਮੈਦਾਨੀ ਇਲਾਕਿਆਂ ਵਿੱਚ ਹੋਰ ਪਿੰਡਾਂ ਦੇ ਕਿਸਾਨਾਂ ਨੂੰ ਇਕੱਠਾ ਕਰਕੇ ਵੇਚਣ। ਉਨ੍ਹਾਂ ਤਿੰਨਾਂ ਨੇ ਨੌਕਰੀ ਦੇ ਨਾਲ-ਨਾਲ ਇਸ ਪ੍ਰੋਜੈੱਕਟ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੇ ਸਮਰਥਨ ਲੈਣਾ ਸ਼ੁਰੂ ਕਰ ਦਿੱਤਾ।

ਇਹ 2011 ਦੀ ਗੱਲ ਹੈ, ਜਦੋਂ ਤਿੰਨਾਂ ਨੇ ਆਪਣੇ ਸੁਪਨਿਆਂ ਦੇ ਪ੍ਰੋਜੈਕਟ ਨਾਲ ਅੱਗੇ ਵਧਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ। ਚੋਣਾਂ ਦਾ ਸਮਾਂ ਹੋਣ ਕਾਰਨ, ਜਿੱਥੇ ਕਿਤੇ ਵੀ ਉਹ ਗਏ, ਸਭ ਨੇ ਉਨ੍ਹਾਂ ਦੀ ਯੋਜਨਾ ਦਾ ਸਮਰਥਨ ਕੀਤਾ ਅਤੇ ਉਸੇ ਸਾਲ ਪੰਕਜ ਇੱਕ ਦਫ਼ਤਰੀ ਕੰਮ ਦੇ ਸਿਲਸਿਲੇ ‘ਚ ਨਿਊਜ਼ੀਲੈਂਡ ਗਏ। ਪਰ ਇਸ ਨਾਲ ਉਨ੍ਹਾਂ ਦੇ ਸੁਪਨਿਆਂ ਦੇ ਪ੍ਰੋਜੈਕਟ ‘ਤੇ ਯਤਨਾਂ ਵਿੱਚ ਜ਼ਿਆਦਾ ਅੰਤਰ ਨਹੀਂ ਆਇਆ। ਨਿਊਜ਼ੀਲੈਂਡ ਵਿੱਚ ਪੰਕਜ ਜੀ ਫੋਂਟੇਰਾ ਡੇਅਰੀ ਗਰੁੱਪ ਦੇ ਸੰਸਥਾਪਕ ਡਾਇਰੈੱਕਟਰ ਅਰਲ ਰੈਟਰੇ ਨੂੰ ਮਿਲੇ। ਅਰਲ ਰੈਟਰੇ ਨਾਲ ਕੁੱਝ ਆਮ ਗੱਲਾਂ ਕਰਨ ਤੋਂ ਬਾਅਦ, ਪੰਕਜ ਜੀ ਨੇ ਉਨ੍ਹਾਂ ਨਾਲ ਆਪਣੇ ਸੁਪਨੇ ਦੀ ਯੋਜਨਾ ਦਾ ਵਿਚਾਰ ਸਾਂਝਾ ਕੀਤਾ ਅਤੇ ਉਤਰਾਂਚਲ ਦੀ ਕਹਾਣੀ ਸੁਣਨ ਤੋਂ ਬਾਅਦ, ਅਰਲ ਨੇ ਤਿੱਕੜੀ ਵਿੱਚ ਸ਼ਾਮਲ ਹੋਣ ਅਤੇ ਚੌਥਾ ਸਾਥੀ ਬਣਨ ਵਿੱਚ ਦਿਲਚਸਪੀ ਦਿਖਾਈ। ਬਿਨਸਰ ਫਾਰਮ ਪ੍ਰੋਜੈੱਕਟ ਨੂੰ ਹਕੀਕਤ ਵਿੱਚ ਬਦਲਣ ਲਈ ਅਰਲ ਰੈਟਰੇ ਹਿੱਸੇਦਾਰ-ਕਮ-ਨਿਵੇਸ਼ਕ ਦੇ ਰੂਪ ਵਜੋਂ ਅੱਗੇ ਆਏ।

ਜਿਵੇਂ ਹੀ ਚੋਣਾਂ ਖਤਮ ਹੋਈਆਂ ਤਾਂ ਪਤਾ ਲੱਗਾ ਕਿ ਸੱਤਾਧਾਰੀ ਪਾਰਟੀ ਨੂੰ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਣਾ ਪਿਆ। ਇਸ ਨਾਲ ਹੀ ਸਾਰੇ ਵਾਅਦੇ ‘ਤੇ ਵਿਚਾਰ ਰਾਤੋ-ਰਾਤ ਖਤਮ ਹੋ ਗਏ ਅਤੇ ਬਿਨਸਰ ਫਾਰਮ ਦੇ ਸੁਪਨਿਆਂ ਦਾ ਪ੍ਰੋਜੈਕਟ ਸ਼ੁਰੂਆਤੀ ਪੱਧਰ ‘ਤੇ ਆ ਗਿਆ। ਪਰ ਪੰਕਜ, ਦੀਪਕ, ਅਤੇ ਸੁਖਵਿੰਦਰ ਜੀ ਨੇ ਉਮੀਦ ਨਾ ਛੱਡੀ ਅਤੇ ਖੇਤੀਬਾੜੀ ਸਮਾਜ ਦੀ ਮਦਦ ਲਈ ਹੋਰ ਸੰਭਵ ਵਿਕਲਪ ਅਪਨਾਉਣ ਦਾ ਫੈਸਲਾ ਕੀਤਾ, ਅਤੇ ਇਹ ਉਹ ਸਮਾਂ ਸੀ ਜਦੋਂ ਅਰਲ ਰੈਟਰੇ ਨੇ ਬਿਨਸਰ ਫਾਰਮ ਪ੍ਰੋਜੈੱਕਟ ਦੀ ਪੂਰਤੀ ਲਈ ਡੇਅਰੀ ਫਾਰਮਿੰਗ ਦੇ ਵਿਸ਼ਾਲ ਅਨੁਭਵ ਨਾਲ ਅੱਗੇ ਆਏ।

rwr_pb
ਸੁਖਵਿੰਦਰ ਸਰਾਫ, ਪੰਕਜ ਨਵਾਨੀ, ਅਰਲ ਰੈਟਰੇ, ਇੱਕ ਮਿੱਤਰ, ਦੀਪਕ ਰਾਜ (ਖੱਬੇ ਤੋਂ ਸੱਜੇ ਪਾਸੇ)

ਦੀਪਕ ਅਤੇ ਸੁਖਵਿੰਦਰ ਜੀ ਦੋਨੋਂ ਅਜਿਹੇ ਪਰਿਵਾਰਾਂ ਤੋਂ ਸਨ, ਜਿੱਥੇ ਸੱਭਿਆਚਾਰ ਅਤੇ ਰੀਤੀ-ਰਿਵਾਜ ਪੁਰਾਣੇ ਸਮਿਆਂ ਵਾਂਗ ਹੀ ਸਨ ਅਤੇ ਉਨ੍ਹਾਂ ਦਾ ਰਹਿਣ-ਸਹਿਣ ਬਹੁਤ ਹੀ ਰਵਾਇਤੀ ਅਤੇ ਬੁਨਿਆਦੀ ਹੈ। ਪ੍ਰੋਜੈੱਕਟ ਬਾਰੇ ਜਾਣਨ ਤੋਂ ਬਾਅਦ ਦੀਪਕ ਜੀ ਦੇ ਪਿਤਾ ਨੇ ਉਨ੍ਹਾਂ ਨੂੰ ਸੋਨੀਪਤ, ਹਰਿਆਣਾ ਨੇੜੇ 10 ਏਕੜ ਜ਼ਮੀਨ ਠੇਕੇ ‘ਤੇ ਲੈਣ ਦਾ ਪ੍ਰਸਤਾਵ ਦਿੱਤਾ। 2012 ਤੱਕ ਉਨ੍ਹਾਂ ਨੇ ਡੇਅਰੀ ਪ੍ਰਬੰਧਨ ਅਤੇ ਅਰਲ ਦੁਆਰਾ ਦੱਸੀਆਂ ਆਧੁਨਿਕ ਤਕਨੀਕਾਂ ਨਾਲ ਡੇਅਰੀ ਫਾਰਮਿੰਗ ਦਾ ਕਾਰੋਬਾਰ ਸ਼ੁਰੂ ਕੀਤਾ।

ਇੰਨਾ ਹੀ ਨਹੀਂ, ਸਮਾਜਿਕ ਵਿਕਾਸ ਲਈ ਜ਼ਿੰਮੇਵਾਰੀ ਨਾਲ ਕੰਮ ਕਰਦੇ ਹੋਏ ਉਨ੍ਹਾਂ (ਪੰਕਜ, ਦੀਪਕ, ਸੁਖਵਿੰਦਰ ਅਤੇ ਅਰਲ) ਨੇ ਪੰਜ ਸਥਾਨਕ ਕਿਸਾਨਾਂ ਨੂੰ ਚਾਰਾ ਉਗਾਉਣ ਲਈ 40 ਏਕੜ ਜ਼ਮੀਨ ਠੇਕੇ ‘ਤੇ ਦਿੱਤੀ, ਜਿਨ੍ਹਾਂ ਨੂੰ ਉਹ ਬੀਜ, ਖਾਦਾਂ ਅਤੇ ਹੋਰ ਸੰਸਾਧਨ ਸਪਲਾਈ ਕਰਦੇ ਹਨ। ਪੰਜ ਕਿਸਾਨਾਂ ਦਾ ਇਹ ਸਮੂਹ ਆਪਣੀ ਨਿਯਮਿਤ ਆਮਦਨ ਲਈ ਨਿਸ਼ਚਿਤ ਰਹਿੰਦਾ ਹੈ ਅਤੇ ਇਨ੍ਹਾਂ ਨੂੰ ਫ਼ਸਲਾਂ ਲਈ ਮੰਡੀ ਰੇਟ ਬਾਰੇ ਨਹੀਂ ਸੋਚਣਾ ਪੈਂਦਾ, ਜਿਸ ਨਾਲ ਉਹ ਭਵਿੱਖ ਵਾਦੀ ਸੋਚ ਦੁਆਰਾ ਆਪਣੇ ਪਰਿਵਾਰ ਬਾਰੇ ਸੋਚ ਸਕਦੇ ਹਨ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਹੋਰ ਚੀਜ਼ਾਂ ਵੱਲ ਧਿਆਨ ਦੇ ਸਕਦੇ ਹਨ।

ਜਦੋਂ ਗੱਲ ਆਉਂਦੀ ਹੈ ਪਸ਼ੂਆਂ ਦੀ ਸਿਹਤ ਦੀ ਤਾਂ ਚਾਰਾ ਸਭ ਤੋਂ ਵੱਧ ਧਿਆਨ ਦੇਣ ਯੋਗ ਚੀਜ਼ ਹੈ। ਕਿਸਾਨਾਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਉਹ ਕਟਾਈ ਤੋਂ 21 ਦਿਨ ਪਹਿਲਾਂ ਤੱਕ ਹੀ ਕੀਟਨਾਸ਼ਕਾਂ ਦੀ ਵਰਤੋਂ ਕਰਨ। ਪੰਕਜ ਅਤੇ ਉਨ੍ਹਾਂ ਦੇ ਸਾਥੀ ਬਹੁਤ ਸਾਰਾ ਸਮਾਂ ਅਤੇ ਤਾਕਤ ਬਿਹਤਰ ਡੇਅਰੀ ਪ੍ਰਬੰਧਨ ਦੇ ਅਭਿਆਸ ਵਿੱਚ ਲਾਉਂਦੇ ਹਨ, ਇਸੇ ਕਰਕੇ ਪਸ਼ੂਆਂ ਦੇ ਆਵਾਸ ਸਥਾਨ ‘ਤੇ ਪਾਣੀ ਦੀ ਖੜੋਤ ਅਤੇ ਚਿੱਕੜ ਵਰਗੀ ਸਮੱਸਿਆ ਨਹੀਂ ਆਉਂਦੀ। ਇਸ ਤੋਂ ਇਲਾਵਾ ਸ਼ੈੱਡ ਵੱਲ ਧਿਆਨ ਦਿੰਦੇ ਹੋਏ ਉਨ੍ਹਾਂ ਨੇ ਫਰਸ਼ ਕੰਕਰੀਟ ਦੀ ਬਜਾਏ ਮਿੱਟੀ ਦਾ ਬਣਾਇਆ ਹੈ, ਕਿਉਂਕਿ ਪੱਕਾ ਫਰਸ਼ ਪਸ਼ੂਆਂ ਦੀ ਉਤਪਾਦਨ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਬਹੁਤ ਸਾਰੇ ਡੇਅਰੀ ਕਿਸਾਨ ਇਸ ਗੱਲ ਤੋਂ ਅਣਜਾਣ ਹਨ।

ਪੰਕਜ ਜੀ ਨੇ ਡੇਅਰੀ ਸੰਬੰਧੀ ਹੋਰ ਦਿਲਚਸਪ ਜਾਣਕਾਰੀ ਜਾਣਕਾਰੀ ਸਾਂਝੀ ਕੀਤੀ: ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਫਾਰਮ ‘ਤੇ ਪਸ਼ੂਆਂ ਵਿੱਚ ਲੰਗੜਾਪਨ 1% ਹੈ, ਜਦਕਿ ਬਾਕੀ ਫਾਰਮਾਂ ‘ਤੇ ਇਹ 12-13% ਹੁੰਦਾ ਹੈ।

ਇਹ ਬਹੁਤ ਹੀ ਅਨੋਖੀ ਜਾਣਕਾਰੀ ਸੀ ਕਿਉਂਕਿ ਇਹ ਜਾਣ ਕੇ ਦੁੱਖ ਹੁੰਦਾ ਹੈ ਕਿ ਜਦੋਂ ਪਸ਼ੂ ਵਿੱਚ ਲੰਗੜਾਪਨ ਆਉਂਦਾ ਹੈ ਤਾਂ ਉਹ ਨਿਯਮਿਤ ਫੀਡ ਨਹੀ ਲੈਂਦਾ, ਜਿਸ ਨਾਲ ਦੁੱਧ ਉਤਪਾਦਨ ‘ਤੇ ਪ੍ਰਭਾਵ ਪੈਂਦਾ ਹੈ।

ਇਸ ਸਮੇਂ ਬਿਨਸਰ ਫਾਰਮ ‘ਤੇ 1000 ਤੋਂ ਵੱਧ ਗਾਵਾਂ ਹਨ, ਜਿਸ ਦੁਆਰਾ ਉਹ ਫਾਰਮ ਤੋਂ ਟੇਬਲ ਤੱਕ ਦਿੱਲੀ ਅਤੇ ਐੱਨ ਸੀ ਆਰ ਦੇ 600 ਪਰਿਵਾਰਾਂ ਨੂੰ ਦੁੱਧ ਸਪਲਾਈ ਕਰਦੇ ਹਨ।

ਥੋੜ੍ਹੇ ਸਮੇਂ ਬਾਅਦ ਉਨ੍ਹਾਂ ਨੇ ਸਥਾਨਕ ਕਿਸਾਨ ਪਰਿਵਾਰਾਂ ਨੂੰ ਗਾਵਾਂ ਦਾਨ ਕਰਨ ਦੀ ਯੋਜਨਾ ਬਣਾਈ, ਜਿਨ੍ਹਾਂ ਨਾਲ ਉਹ ਡੇਅਰੀ ਪ੍ਰਬੰਧਨ ਸੰਬੰਧੀ ਮਾਹਿਰ ਸਲਾਹ ਅਤੇ ਜਾਣਕਾਰੀ ਸਾਂਝੀ ਕਰਦੇ ਹਨ ਅਤੇ ਅੰਤ ‘ਚ ਉਨ੍ਹਾਂ ਕੋਲੋਂ ਖੁਦ ਹੀ ਦੁੱਧ ਖਰੀਦ ਲੈਂਦੇ ਹਨ। ਇਸ ਨਾਲ ਕਿਸਾਨ ਨੂੰ ਸਥਿਰ ਆਮਦਨ ਅਤੇ ਜੀਵਨ ਵਿੱਚ ਸਮੇਂ ਦੇ ਨਾਲ ਸਾਰਥਕ ਬਦਲਾਅ ਲਿਆਉਣ ਵਿੱਚ ਮਦਦ ਮਿਲਦੀ ਹੈ।

ਇਸ ਸਮੇਂ ਬਿਨਸਰ ਫਾਰਮ ਹਰਿਆਣਾ ਅਤੇ ਪੰਜਾਬ ਦੇ 12 ਹੋਰ ਡੇਅਰੀ ਫਾਰਮ ਦੇ ਮਾਲਕਾਂ ਨਾਲ ਕੰਮ ਕਰ ਰਿਹਾ ਹੈ ਅਤੇ ਸਮੂਹਿਕ ਤੌਰ ‘ਤੇ ਦਹੀਂ, ਪਨੀਰ, ਘਿਓ ਆਦਿ ਦਾ ਉਤਪਾਦਨ ਕਰਦੇ ਹਨ।

ਇਹ ਤਿੱਕੜੀ ਆਪਣੇ ਯਤਨਾਂ ਦੇ ਸੁਮੇਲ ਨਾਲ ਇੱਕ ਅਜਿਹਾ ਢਾਂਚਾ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਉਹ ਨਾ-ਕੇਵਲ ਸਮਾਜਿਕ ਵਿਕਾਸ ਵਿੱਚ ਮਦਦ ਕਰ ਰਹੇ ਹਨ, ਬਲਕਿ ਖੇਤੀ ਸਮਾਜ ਨਾਲ ਆਪਣੇ ਆਧੁਨਿਕ ਖੇਤੀ ਅਭਿਆਸ ਵੀ ਸਾਂਝੇ ਕਰ ਸਕਦੇ ਹਨ। ਬਿਨਸਰ ਫਾਰਮ ਪ੍ਰੋਜੈੱਕਟ ਦਾ ਵਿਚਾਰ ਪਹਾੜੀ ਸਫ਼ਰ ਦੌਰਾਨ ਪੰਕਜ, ਦੀਪਕ ਅਤੇ ਸੁਖਵਿੰਦਰ ਜੀ ਦੇ ਦਿਮਾਗ ‘ਚ ਆਇਆ, ਪਰ ਉਸ ਤੋਂ ਬਾਅਦ ਇਸ ਨਾਲ ਕਈ ਕਿਸਾਨ ਪਰਿਵਾਰਾਂ ਦੀ ਜ਼ਿੰਦਗੀ ਬਦਲ ਗਈ।

ਪੰਕਜ ਅਤੇ ਟੀਮ ਦਾ ਇਹ ਯਕੀਨ ਹੈ ਕਿ ਆਉਣ ਵਾਲੇ ਸਮੇਂ ਵਿੱਚ ਨਵੀਂ ਪੀੜ੍ਹੀ ਨੂੰ ਚਲਾਉਣ ਲਈ ਪੈਸੇ ਦੀ ਜ਼ਰੂਰਤ ਨਹੀਂ ਰਹੇਗੀ, ਬਲਕਿ ਉਨ੍ਹਾਂ ਨੁੰ ਉਤਸ਼ਾਹਿਤ ਕਰਨ ਅਤੇ ਨੈਤਿਕਤਾ ਦੇ ਅਹਿਸਾਸ ਲਈ ਜਨੂੰਨ ਦੀ ਲੋੜ ਹੋਵੇਗੀ, ਤਾਂ ਹੀ ਉਹ ਆਪਣੇ ਸੁਪਨੇ ਪੂਰੇ ਕਰ ਸਕਣਗੇ।