ਜਾਣੋ ਕਿਵੇਂ ਆਲੂ ਅਤੇ ਪੁਦੀਨੇ ਦੀ ਖੇਤੀ ਨਾਲ ਇਸ ਕਿਸਾਨ ਨੂੰ ਖੇਤੀ ਦੇ ਖੇਤਰ ਵਿੱਚ ਸਫ਼ਲਤਾ ਨਾਲ ਅੱਗੇ ਵੱਧਣ ਵਿੱਚ ਮਦਦ ਮਿਲ ਰਹੀ ਹੈ
ਪੰਜਾਬ ਦੇ ਜਲੰਧਰ ਸ਼ਹਿਰ ਦੇ 67 ਸਾਲਾ ਇੰਦਰ ਸਿੰਘ ਇੱਕ ਅਜਿਹੇ ਕਿਸਾਨ ਹਨ, ਜਿਨ੍ਹਾਂ ਨੇ ਆਲੂ ਅਤੇ ਪੁਦੀਨੇ ਦੀ ਖੇਤੀ ਨੂੰ ਅਪਣਾ ਕੇ ਆਪਣਾ ਖੇਤੀ ਦਾ ਕਾਰੋਬਾਰ ਸ਼ੁਰੂ ਕੀਤਾ।
19 ਸਾਲ ਦੀ ਉਮਰ ਵਿੱਚ ਇੰਦਰ ਸਿੰਘ ਨੇ ਖੇਤੀ ਵਿੱਚ ਆਪਣਾ ਕਦਮ ਰੱਖਿਆ ਅਤੇ ਉਦੋਂ ਤੋਂ ਖੇਤੀ ਕਰ ਰਹੇ ਹਨ। 8ਵੀਂ ਜਮਾਤ ਤੋਂ ਬਾਅਦ ਆਪਣੀ ਪੜ੍ਹਾਈ ਛੱਡ ਕੇ ਉਨ੍ਹਾਂ ਨੇ ਆਲੂ, ਕਣਕ ਅਤੇ ਝੋਨਾ ਉਗਾਉਣ ਦਾ ਫੈਸਲਾ ਕੀਤਾ। ਪਰ ਕਣਕ ਅਤੇ ਝੋਨੇ ਦੀ ਖੇਤੀ ਸਾਲਾਂ ਤੱਕ ਕਰਨ ਦੇ ਬਾਅਦ ਵੀ ਜ਼ਿਆਦਾ ਲਾਭ ਨਾ ਹੋਇਆ।
ਇਸ ਲਈ ਸਮੇਂ ਦੇ ਨਾਲ ਲਾਭ ਵਿੱਚ ਵਾਧੇ ਲਈ ਉਹ ਰਵਾਇਤੀ ਫ਼ਸਲਾਂ ਨਾਲ ਜੁੜੇ ਰਹਿਣ ਦੀ ਬਜਾਏ ਮੁਨਾਫ਼ੇ ਵਾਲੀਆਂ ਫ਼ਸਲਾਂ ਦੀ ਖੇਤੀ ਕਰਨ ਲੱਗੇ। ਇੱਕ ਅਮਰੀਕਨ ਕੰਪਨੀ ਇੰਡੋੋਮਿਟ ਦੀ ਸਿਫ਼ਾਰਿਸ਼ ‘ਤੇ ਉਨ੍ਹਾਂ ਨੇ ਆਲੂ ਦੀ ਖੇਤੀ ਕਰਨ ਦੇ ਨਾਲ ਤੇਲ ਕੱਢਣ ਲਈ ਪੁਦੀਨਾ ਉਗਾਉਣਾ ਸ਼ੁਰੂ ਕੀਤਾ।
“1980 ਵਿੱਚ, ਇੰਡੋਮਿਟ ਕੰਪਨੀ(ਅਮਰੀਕਨ) ਦੇ ਕੁੱਝ ਕਰਮਚਾਰੀਆਂ ਨੇ ਸਾਡੇ ਪਿੰਡ ਦਾ ਦੌਰਾ ਕੀਤਾ ਅਤੇ ਮੈਨੂੰ ਤੇਲ ਕੱਢਣ ਲਈ ਪੁਦੀਨਾ ਉਗਾਉਣ ਦੀ ਸਲਾਹ ਦਿੱਤੀ।”
1986 ਵਿੱਚ ਜਦੋਂ ਇੰਡੋਮਿਟ ਕੰਪਨੀ ਦੇ ਪ੍ਰਮੁੱਖ ਨੇ ਭਾਰਤ ਦਾ ਦੌਰਾ ਕੀਤਾ, ਉਹ ਇੰਦਰ ਸਿੰਘ ਦੁਆਰਾ ਪੁਦੀਨੇ ਦਾ ਉਤਪਾਦਨ ਦੇਖ ਕੇ ਬਹੁਤ ਖੁਸ਼ ਹੋਏ। ਇੰਦਰ ਸਿੰਘ ਨੇ ਇੱਕ ਏਕੜ ਦੀ ਫ਼ਸਲ ਤੋਂ ਲਗਭਗ 71 ਲੱਖ ਟਨ ਪੁਦੀਨੇ ਦਾ ਤੇਲ ਕੱਢਣ ਵਿੱਚ ਦੂਜਾ ਸਥਾਨ ਹਾਸਲ ਕੀਤਾ ਅਤੇ ਉਨ੍ਹਾਂ ਨੂੰ ਪ੍ਰਮਾਣ-ਪੱਤਰ ਅਤੇ ਨਕਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸ ਨਾਲ ਸ. ਇੰਦਰ ਸਿੰਘ ਦੇ ਯਤਨਾਂ ਨੂੰ ਬੜਾਵਾ ਮਿਲਿਆ ਅਤੇ ਉਨ੍ਹਾਂ ਨੇ 13 ਏਕੜ ਵਿੱਚ ਪੁਦੀਨੇ ਦੀ ਖੇਤੀ ਦਾ ਵਿਸਤਾਰ ਕੀਤਾ।
ਪੁਦੀਨੇ ਦੇ ਨਾਲ ਉਹ ਅਜੇ ਵੀ ਆਲੂ ਦੀ ਖੇਤੀ ਕਰਦੇ ਹਨ। ਦੋ ਬੁੱਧੀਮਾਨ ਵਿਅਕਤੀਆਂ ਡਾ. ਪਰਮਜੀਤ ਸਿੰਘ ਅਤੇ ਡਾ. ਮਿਨਹਾਸ ਦੀ ਸਿਫ਼ਾਰਿਸ਼ ‘ਤੇ ਉਨ੍ਹਾਂ ਨੇ ਵਿਭਿੰਨ ਤਰੀਕਿਆਂ ਨਾਲ ਆਲੂ ਦੇ ਬੀਜ ਤਿਆਰ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਦੁਆਰਾ ਤਿਆਰ ਕੀਤੇ ਬੀਜ ਕੁਆਲਿਟੀ ਵਿੱਚ ਇੰਨੇ ਚੰਗੇ ਹਨ ਕਿ ਗੁਜਰਾਤ, ਬੰਗਾਲ, ਇੰਦੌਰ ਅਤੇ ਭਾਰਤ ਦੇ ਕਈ ਸ਼ਹਿਰਾਂ ਵਿੱਚ ਇਹ ਬੀਜ ਵੇਚੇ ਜਾਂਦੇ ਹਨ।
“ਡਾ. ਪਰਮਜੀਤ ਨੇ ਮੈਨੂੰ ਆਲੂ ਪੂਰੀ ਤਰ੍ਹਾਂ ਪੱਕ ਜਾਣ ‘ਤੇ ਬੀਜ ਤਿਆਰ ਕਰਨ ਦਾ ਸੁਝਾਅ ਦਿੱਤਾ ਅਤੇ ਇਸ ਤਕਨੀਕ ਨਾਲ ਮੈਨੂੰ ਬਹੁਤ ਮਦਦ ਮਿਲੀ।”
2016 ਵਿੱਚ ਇੰਦਰ ਸਿੰਘ ਨੂੰ ਆਲੂ ਦੇ ਬੀਜ ਤਿਆਰ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਲਾਇਸੰਸ ਹਾਸਲ ਹੋਇਆ।
ਇਸ ਸਮੇਂ ਇੰਦਰ ਸਿੰਘ ਜੀ ਪੁਦੀਨੇ (ਪਿਪਰਮਿੰਟ ਅਤੇ ਕੋਸੀ ਕਿਸਮ), ਆਲੂ (ਸਰਕਾਰੀ ਕਿਸਮਾਂ: ਜਯੋਤੀ, ਪੁਖਰਾਜ। ਪ੍ਰਾਈਵੇਟ ਕਿਸਮਾਂ: 1533), ਮੱਕੀ, ਤਰਬੂਜ਼ ਅਤੇ ਝੋਨੇ ਦੀ ਖੇਤੀ ਕਰਦੇ ਹਨ। ਆਪਣੇ ਲਗਾਤਾਰ ਸਾਲਾਂ ਤੋਂ ਕਮਾਏ ਪੈਸੇ ਉਨ੍ਹਾਂ ਨੇ ਮਸ਼ੀਨਰੀ ਅਤੇ ਸਰਵ-ਉੱਚ ਖੇਤੀ ਤਕਨੀਕਾਂ ਲਈ ਖਰਚ ਕੀਤੇ। ਅੱਜ ਇੰਦਰ ਸਿੰਘ ਜੀ ਕੋਲ ਉਨ੍ਹਾਂ ਦੇ ਫਾਰਮ ‘ਤੇ ਸਾਰੇ ਆਧੁਨਿਕ ਖੇਤੀ ਉਪਕਰਣ ਹਨ ਅਤੇ ਇਸ ਲਈ ਉਹ ਸਾਰਾ ਸ਼੍ਰੇਅ ਪੁਦੀਨੇ ਅਤੇ ਆਲੂ ਦੀ ਖੇਤੀ ਅਪਨਾਉਣ ਨੂੰ ਦਿੰਦੇ ਹਨ।
ਇੰਦਰ ਸਿੰਘ ਨੂੰ ਆਪਣੇ ਸਾਰੇ ਉਤਪਾਦਾਂ ਲਈ ਚੰਗੀ ਕੀਮਤ ਮਿਲ ਰਹੀ ਹੈ, ਕਿਉਂਕਿ ਮੰਡੀਕਰਣ ਵਿੱਚ ਕੋਈ ਸਮੱਸਿਆ ਨਹੀਂ ਹੈ। ਉਹ ਤਰਬੂਜ਼ ਫਾਰਮ ‘ਤੇ ਹੀ ਵੇਚਦੇ ਹਨ ਅਤੇ ਪੁਦੀਨੇ ਦੀ ਵਰਤੋਂ ਤੇਲ ਕੱਢਣ ਲਈ ਕਰਦੇ ਹਨ, ਜਿਸ ਤੋਂ ਉਨ੍ਹਾਂ ਨੂੰ ਔਸਤਨ 500 ਰੁਪਏ ਪ੍ਰਤੀ ਲੀਟਰ ਰਿਟਰਨ ਆਉਂਦੀ ਹੈ। ਉਨ੍ਹਾਂ ਦੁਆਰਾ ਤਿਆਰ ਕੀਤੇ ਆਲੂ ਦੇ ਬੀਜ ਵਿਭਿੰਨ ਸ਼ਹਿਰਾਂ ਵਿੱਚ ਵੇਚੇ ਜਾਂਦੇ ਹਨ।
ਖੇਤੀ ਦੇ ਖੇਤਰ ਵਿੱਚ ਉਨ੍ਹਾਂ ਦੇ ਜ਼ਬਰਦਸਤ ਯਤਨਾਂ ਲਈ ਉਨ੍ਹਾਂ ਨੂੰ 1 ਫਰਵਰੀ 2018 ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਨਮਾਨਿਤ ਕੀਤਾ ਗਿਆ।
ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਇੰਦਰ ਸਿੰਘ ਜੀ ਆਲੂ ਚਿਪਸ ਤਿਆਰ ਕਰਨ ਲਈ ਆਪਣਾ ਪ੍ਰੋਸੈੱਸਿੰਗ ਪਲਾਂਟ ਲਗਾਉਣ ਦੀ ਯੋਜਨਾ ਬਣਾ ਰਹੇ ਹਨ।
“ਖਾਦਾਂ, ਕੀਟਨਾਸ਼ਕਾਂ ਅਤੇ ਹੋਰ ਖੇਤੀ ਇਨਪੁੱਟ ਦੇ ਵਧਦੇ ਮੁੱਲ ਕਾਰਨ ਖੇਤੀ ਦਿਨੋ-ਦਿਨ ਮਹਿੰਗੀ ਹੋ ਰਹੀ ਹੈ। ਇਸ ਲਈ ਕਿਸਾਨ ਨੂੰ ਸਭ ਤੋਂ ਉੱਤਮ ਉਪਜ ਲੈਣ ਲਈ ਸਥਾਈ ਖੇਤੀ ਤਕਨੀਕਾਂ ਅਤੇ ਤਰੀਕਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ।”