ਇੱਕ ਅਜਿਹੀ ਗ੍ਰਹਿਣੀ ਦੀ ਕਹਾਣੀ, ਜੋ ਆਪਣੇ ਹੁਨਰ ਦਾ ਬਾਖ਼ੂਬੀ ਇਸਤੇਮਾਲ ਕਰ ਰਹੀ ਹੈ
ਸਾਡੇ ਸਮਾਜ ਦੀ ਸ਼ੁਰੂ ਤੋਂ ਹੀ ਇਹ ਸੋਚ ਰਹੀ ਹੈ ਵਿਆਹ ਤੋਂ ਬਾਅਦ ਔਰਤ ਨੂੰ ਬੱਸ ਆਪਣੀ ਘਰੇਲੂ ਜ਼ਿੰਦਗੀ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਪਰ ਇੱਕ ਗ੍ਰਹਿਣੀ ਵੀ ਉਸ ਸਮੇਂ ਆਪਣੇ ਹੁਨਰ ਦਾ ਬਾਖੂਬੀ ਇਸਤੇਮਾਲ ਕਰ ਸਕਦੀ ਹੈ ਜਦ ਉਸਦੇ ਪਰਿਵਾਰ ਨੂੰ ਉਸਦੀ ਲੋੜ ਹੋਵੇ।
ਅਜਿਹੀ ਹੀ ਇੱਕ ਗ੍ਰਹਿਣੀ ਹੈ ਬਠਿੰਡਾ ਦੀ ਬਲਵਿੰਦਰ ਕੌਰ। ਐਮ.ਏ. ਪੰਜਾਬੀ ਦੀ ਪੜ੍ਹਾਈ ਕਰਨ ਵਾਲੇ ਬਲਵਿੰਦਰ ਕੌਰ ਇੱਕ ਸਾਧਾਰਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਦਾ ਵਿਆਹ ਸਰਦਾਰ ਗੁਰਵਿੰਦਰ ਸਿੰਘ ਨਾਲ ਹੋ ਗਿਆ, ਜੋ ਕਿ ਇੱਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੇ ਸਨ। ਕੁੱਝ ਕਾਰਨਾਂ ਕਰਕੇ, ਉਹਨਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਆਪਣੇ ਘਰ ਦੀ ਆਰਥਿਕ ਹਾਲਤ ਵਿੱਚ ਸਹਿਯੋਗ ਦੇਣ ਲਈ ਬਲਵਿੰਦਰ ਜੀ ਨੇ ਵੀ ਕੰਮ ਕਰਨ ਦਾ ਫੈਸਲਾ ਕੀਤਾ ਅਤੇ ਉਹਨਾਂ ਦੇ ਪਤੀ ਨੇ ਵੀ ਉਹਨਾਂ ਦੇ ਇਸ ਫੈਸਲੇ ਵਿੱਚ ਉਹਨਾਂ ਦਾ ਪੂਰਾ ਸਾਥ ਦਿੱਤਾ। ਜਿਵੇਂਕਿ ਕਿਹਾ ਹੀ ਜਾਂਦਾ ਹੈ ਕਿ ਜੇਕਰ ਪਤਨੀ ਪਤੀ ਦੇ ਮੋਢੇ ਨਾਲ ਮੋੜਾ ਜੋੜ ਕੇ ਤੁਰੇ ਤਾਂ ਹਰ ਮੁਸ਼ਕਿਲ ਆਸਾਨ ਹੋ ਜਾਂਦੀ ਹੈ। ਆਪਣੇ ਪਤੀ ਦੀ ਸਹਿਮਤੀ ਦੇ ਨਾਲ ਬਲਵਿੰਦਰ ਜੀ ਨੇ ਘਰ ਵਿੱਚ ਪੀ.ਜੀ. ਦਾ ਕੰਮ ਸ਼ੁਰੂ ਕੀਤਾ। ਪਹਿਲਾ-ਪਹਿਲ ਤਾਂ ਇਹ ਪੀ.ਜੀ. ਦਾ ਕੰਮ ਸਹੀ ਚੱਲਦਾ ਰਿਹਾ ਪਰ ਕੁਝ ਸਮੇਂ ਬਾਅਦ ਇਹ ਕੰਮ ਉਹਨਾਂ ਨੂੰ ਬੰਦ ਕਰਨਾ ਪਿਆ। ਫਿਰ ਉਹਨਾਂ ਨੇ ਆਪਣਾ ਬੁਟੀਕ ਖੋਲ੍ਹਣ ਬਾਰੇ ਸੋਚਿਆ ਪਰ ਇਹ ਸੋਚ ਵੀ ਸਹੀ ਸਾਬਿਤ ਨਹੀਂ ਹੋਈ। 2008 – 09 ਵਿੱਚ ਉਹਨਾਂ ਨੇ ਬਿਊਟੀਸ਼ਨ ਦਾ ਕੋਰਸ ਕੀਤਾ ਪਰ ਇਸ ਵਿੱਚ ਉਹਨਾਂ ਦੀ ਕੋਈ ਦਿਲਚਸਪੀ ਨਹੀਂ ਸੀ।
ਸ਼ੁਰੂ ਤੋਂ ਹੀ ਮੇਰੀ ਦਿਲਚਸਪੀ ਖਾਣਾ ਬਣਾਉਣ ਵਿੱਚ ਸੀ। ਸਾਰੇ ਰਿਸ਼ਤੇਦਾਰ ਵੀ ਜਾਣਦੇ ਸਨ ਕਿ ਮੈਂ ਇੱਕ ਵਧੀਆ ਕੁੱਕ ਹਾਂ, ਇਸ ਲਈ ਉਹ ਹਮੇਸ਼ਾ ਮੇਰੇ ਬਣਾਏ ਖਾਣੇ ਨੂੰ ਪਸੰਦ ਕਰਦੇ ਸਨ। ਅਖੀਰ ਮੈਂ ਆਪਣੇ ਇਸ ਸ਼ੌਂਕ ਨੂੰ ਕਿੱਤੇ ਅਪਨਾਉਣ ਦਾ ਸੋਚਿਆ – ਬਲਵਿੰਦਰ ਕੌਰ
ਬਲਵਿੰਦਰ ਜੀ ਦੇ ਰਿਸ਼ਤੇਦਾਰ ਉਹਨਾਂ ਦੇ ਹੱਥ ਦੇ ਬਣੇ ਆਚਾਰ ਦੀ ਬਹੁਤ ਤਾਰੀਫ਼ ਕਰਦੇ ਸਨ ਅਤੇ ਹਮੇਸ਼ਾ ਉਹਨਾਂ ਦੁਆਰਾ ਤਿਆਰ ਕੀਤੇ ਆਚਾਰ ਦੀ ਮੰਗ ਕਰਦੇ ਸਨ।
ਆਪਣੇ ਇਸ ਹੁਨਰ ਨੂੰ ਹੋਰ ਨਿਖਾਰਨ ਲਈ ਬਲਵਿੰਦਰ ਜੀ ਨੇ ਇੰਡਿਅਨ ਇੰਸਟੀਟਿਊਟ ਆਫ ਫੂਡ ਪ੍ਰੋਸੈਸਿੰਗ ਟੈਕਨੋਲੋਜੀ, ਲੀਆਸਨ ਆਫ਼ਿਸ ਬਠਿੰਡਾ ਤੋਂ ਅਚਾਰ ਅਤੇ ਚਟਨੀ ਬਣਾਉਣ ਦੀ ਟ੍ਰੇਨਿੰਗ ਲਈ। ਇੱਥੇ ਹੀ ਉਹਨਾਂ ਦੀ ਮੁਲਾਕਾਤ ਡਾ. ਗੁਰਪ੍ਰੀਤ ਕੌਰ ਢਿੱਲੋਂ ਨਾਲ ਹੋਈ, ਜਿਹਨਾਂ ਨੇ ਬਲਵਿੰਦਰ ਜੀ ਨੂੰ ਗਾਈਡ ਕੀਤਾ ਤੇ ਆਪਣੇ ਇਸ ਕੰਮ ਨੂੰ ਵਧਾਉਣ ਲਈ ਹੋਰ ਉਤਸ਼ਾਹਿਤ ਕੀਤਾ।
ਅੱਜ-ਕੱਲ੍ਹ ਬਾਹਰ ਦੀਆਂ ਮਿਲਾਵਟੀ ਚੀਜ਼ਾਂ ਖਾ ਕੇ ਲੋਕਾਂ ਦੀ ਸਿਹਤ ਵਿਗੜ ਰਹੀ ਹੈ। ਮੈਂ ਸੋਚਿਆ ਕਿਉਂ ਨਾ ਮੈਂ ਘਰ ਵਿੱਚ ਸਮਾਨ ਤਿਆਰ ਕਰਾ ਤੇ ਲੋਕ ਨੂੰ ਸ਼ੁੱਧ ਖਾਧ-ਉਤਪਾਦ ਮੁਹੱਈਆ ਕਰਵਾਏ ਜਾਣ – ਬਲਵਿੰਦਰ ਕੌਰ
ਮਾਰਕੀਟਿੰਗ ਦੀ ਮਹੱਤਤਾ ਨੂੰ ਸਮਝਦੇ ਹੋਏ ਇਸ ਤੋਂ ਬਾਅਦ ਉਹਨਾਂ ਨੇ ਮੈਡਮ ਸਤਵਿੰਦਰ ਕੌਰ ਅਤੇ ਮੈਡਮ ਹਰਿੰਦਰ ਕੌਰ ਤੋਂ ਪੈਕਿੰਗ ਅਤੇ ਲੇਬਲਿੰਗ ਦੀ ਟ੍ਰੇਨਿੰਗ ਲਈ।
ਕੇ.ਵੀ.ਕੇ ਬਠਿੰਡਾ ਤੋਂ ਸਕੈਸ਼ ਬਣਾਉਣ ਦੀ ਟ੍ਰੇਨਿੰਗ ਲੈਣ ਤੋਂ ਬਾਅਦ ਉਹਨਾਂ ਨੇ ਆਪਣਾ ਕੰਮ ਘਰ ਤੋਂ ਹੀ ਸ਼ੁਰੂ ਕੀਤਾ। ਉਹਨਾਂ ਨੇ ਇੱਕ ਸੈੱਲਫ ਹੈੱਲਪ ਗਰੁੱਪ ਬਣਾਇਆ ਜਿਸ ਵਿੱਚ 12 ਮਹਿਲਾਵਾਂ ਸ਼ਾਮਿਲ ਹਨ। ਇਹ ਮਹਿਲਾਵਾਂ ਉਹਨਾਂ ਦੀ ਸਮਾਨ ਕੱਟਣ ਅਤੇ ਤਿਆਰ ਸਮਾਨ ਦੀ ਪੈਕਿੰਗ ਵਿੱਚ ਮਦਦ ਕਰਦੀਆਂ ਹਨ।
ਇਸ ਸੈੱਲਫ ਹੈੱਲਪ ਗਰੁੱਪ ਨਾਲ ਜਿੱਥੇ ਮੇਰੀ ਕੰਮ ਵਿੱਚ ਬਹੁਤ ਮੱਦਦ ਹੁੰਦੀ ਹੈ ਉੱਥੇ ਹੀ ਹਨ ਮਹਿਲਾਵਾਂ ਨੂੰ ਵੀ ਰੁਜ਼ਗਾਰ ਹਾਸਿਲ ਹੋਇਆ ਹੈ, ਜੋ ਕਿ ਮੇਰੇ ਦਿਲ ਨੂੰ ਇੱਕ ਸਕੂਨ ਦਿੰਦਾ ਹੈ – ਬਲਵਿੰਦਰ ਕੌਰ
ਮੈਨੂੰ ਅੱਜ ਵੀ ਜਿੱਥੇ ਕੀਤੇ ਕੋਈ ਮੁਸ਼ਕਿਲ ਜਾਂ ਦਿੱਕਤ ਆਉਂਦੀ ਹੈ, ਉਸੇ ਸਮੇਂ ਮੈਂ ਫੂਡ ਪ੍ਰੋਸੈਸਿੰਗ ਆਫ਼ਿਸ ਚਲੀ ਜਾਂਦੀ ਹਾਂ, ਜਿੱਥੇ ਕਿ ਡਾ. ਗੁਰਪ੍ਰੀਤ ਕੌਰ ਢਿੱਲੋਂ ਜੀ ਮੇਰੀ ਪੂਰੀ ਮੱਦਦ ਕਰਦੇ ਹਾਂ – ਬਲਵਿੰਦਰ ਕੌਰ
ਬਲਵਿੰਦਰ ਕੌਰ ਦੁਆਰਾ ਤਿਆਰ ਕੀਤੇ ਜਾਣਦੇ ਉਤਪਾਦ:
- ਅਚਾਰ: ਮਿਕਸ, ਮਿੱਠਾ, ਨਮਕੀਨ, ਆਮਲਾ (ਸਾਰੇ ਤਰ੍ਹਾਂ ਦਾ ਅਚਾਰ)
- ਚਟਨੀ: ਆਮਲਾ, ਟਮਾਟਰ, ਸੇਬ, ਨਿੰਬੂ, ਘੀਆ, ਅੰਬ
- ਸਕੈਸ਼: ਅੰਬ, ਅਮਰੂਦ
- ਸ਼ਰਬਤ: ਸੇਬ, ਲੀਚੀ, ਗੁਲਾਬ, ਮਿਕਸ
ਅਸੀਂ ਇਹਨਾਂ ਉਤਪਾਦਾਂ ਨੂੰ ਪਿੰਡ ਵਿੱਚ ਹੀ ਵੇਚਦੇ ਹਨ ਅਤੇ ਪਿੰਡ ਤੋਂ ਬਾਹਰ ਫ੍ਰੀ ਹੋਮ ਡਿਲੀਵਰੀ ਕੀਤੀ ਜਾਂਦੀ ਹੈ – ਬਲਵਿੰਦਰ ਕੌਰ
ਬਲਵਿੰਦਰ ਜੀ Zebra Smart Food ਨਾਮ ਦੇ ਬ੍ਰਾਂਡ ਤਹਿਤ ਆਪਣੇ ਉਤਪਾਦ ਤਿਆਰ ਕਰਦੇ ਹਨ ਅਤੇ ਵੇਚਦੇ ਹਨ।
ਇਹਨਾਂ ਉਤਪਾਦਾਂ ਨੂੰ ਵੇਚਣ ਲਈ ਉਹਨਾਂ ਨੇ ਇੱਕ ਵਟਸ ਐੱਪ (7589827287) ਗਰੁੱਪ ਵੀ ਬਣਾਇਆ ਹੈ ਜਿਸ ਵਿੱਚ ਗ੍ਰਾਹਕ ਆਰਡਰ ਤੇ ਸਮਾਨ ਪ੍ਰਾਪਤ ਕਰ ਸਕਦੇ ਹਨ।
ਬਲਵਿੰਦਰ ਜੀ ਭਵਿੱਖ ਵਿੱਚ ਆਪਣੇ ਉਤਪਾਦਾਂ ਨੂੰ ਦੁਨੀਆਂ ਭਰ ਵਿੱਚ ਮਸ਼ਹੂਰ ਕਰਵਾਉਣਾ ਚਾਹੁੰਦੇ ਹਨ।