ਸਿਕੰਦਰ ਸਿੰਘ ਬਰਾੜ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੇ ਇਨਸਾਨ ਦੀ ਕਹਾਣੀ ਜੋ ਖੇਤੀ ਵਿਭਿੰਨਤਾ ਅਪਣਾਉਂਦਾ ਹੋਇਆ ਸਫਲ ਕਿਸਾਨ ਬਣ ਗਿਆ

ਕੁਝ ਵੱਖਰਾ ਕਰਨ ਦੀ ਚਾਹਤ ਇਨਸਾਨ ਨੂੰ ਧਰਤੀ ਤੋਂ ਅੰਬਰਾਂ ਤੱਕ ਲੈ ਜਾਂਦੀ ਹੈ। ਪਰ ਉਹਦੇ ਮਨ ਵਿੱਚ ਹਮੇਸ਼ਾ ਅੱਗੇ ਵੱਧਣ ਦੀ ਇੱਛਾ ਹੋਣੀ ਚਾਹੀਦੀ ਹੈ। ਤੁਸੀਂ ਚਾਹੇ ਕਿਸੇ ਵੀ ਖੇਤਰ ਵਿੱਚ ਕੰਮ ਕਰ ਰਹੇ ਹੋਵੋ, ਆਪਣੀ ਇੱਛਾ ਤੇ ਸੋਚ ਨੂੰ ਹਮੇਸ਼ਾ ਜਾਗ੍ਰਿਤ ਰੱਖਣਾ ਚਾਹੀਦਾ ਹੈ।

ਇਸ ਸੋਚ ਅਤੇ ਰਹਿਣੀ-ਬਹਿਣੀ ਦੇ ਮਾਲਕ ਸ. ਸਿਕੰਦਰ ਸਿੰਘ ਬਰਾੜ, ਜੋ ਬਲਿਹਾਰ ਮਹਿਮਾ, ਬਠਿੰਡਾ ਵਿਖੇ ਰਹਿੰਦੇ ਹਨ ਅਤੇ ਜਿਨ੍ਹਾਂ ਦਾ ਜਨਮ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਸ. ਬੂਟਾ ਸਿੰਘ ਰਵਾਇਤੀ ਤਰੀਕਿਆਂ ਨਾਲ ਖੇਤੀਬਾੜੀ ਕਰਦੇ ਸਨ। ਉਹਨਾਂ ਦੇ ਮਨ ਵਿੱਚ ਇੱਕ ਗੱਲ ਹਮੇਸ਼ਾ ਉਹਨਾਂ ਨੂੰ ਤੰਗ ਕਰਦੀ ਰਹਿੰਦੀ ਸੀ ਕਿ ਹਰ ਕੋਈ ਰਵਾਇਤੀ ਤਰੀਕੇ ਨਾਲ ਖੇਤੀਬਾੜੀ ਕਰ ਰਿਹਾ ਹੈ, ਜਿਵੇਂ ਕਣਕ-ਝੋਨਾ ਆਦਿ। ਕੀ ਇਵੇਂ ਨਹੀਂ ਹੋ ਸਕਦਾ ਕਿ ਖੇਤੀਬਾੜੀ ਦੇ ਵਿੱਚ ਕੁੱਝ ਨਵੀਨਤਾ ਤੇ ਵਿਭਿੰਨਤਾ ਲਿਆਂਦੀ ਜਾਵੇ।

ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਖੇਤੀ ਕਰਦੇ ਹਾਂ ਪਰ ਹਰ ਵਾਰ ਹਰ ਸਾਲ ਉਹੀ ਫਸਲਾਂ ਉਗਾਉਣ ਦੀ ਵਜਾਏ ਕੁੱਝ ਨਵਾਂ ਕਿਉਂ ਨਹੀਂ ਕਰਦੇ- ਸਿਕੰਦਰ ਸਿੰਘ ਬਰਾੜ

ਉਹ ਹਮੇਸ਼ਾ ਸੋਚਦੇ ਸਨ ਕਿ ਖੇਤੀਬਾੜੀ ਦੇ ਵਿੱਚ ਕੁੱਝ ਵੱਖਰਾ ਕੀਤਾ ਜਾਵੇ, ਜਿਸ ਦੀ ਸੇਧ ਉਹਨਾਂ ਨੂੰ ਆਪਣੇ ਨਾਨਕੇ ਪਿੰਡ ਤੋਂ ਮਿਲੀ। ਉਹਨਾਂ ਦੇ ਨਾਨਕੇ ਪਿੰਡ ਵਾਲੇ ਉਸ ਸਮੇਂ ਆਲੂਆਂ ਦੀ ਕਾਸ਼ਤ ਬੜੇ ਅਨੋਖੇ ਤੇ ਵੱਖਰੇ ਤਰੀਕੇ ਨਾਲ ਕਰਦੇ ਸਨ, ਜਿਸ ਨਾਲ ਉਹਨਾਂ ਦੀ ਫਸਲ ਦੀ ਪੈਦਾਵਾਰ ਕਾਫੀ ਚੰਗੀ ਹੁੰਦੀ ਸੀ।

ਮੈਂ ਜਦੋਂ ਨਾਨਕੇ ਪਿੰਡ ਵਾਲਿਆਂ ਦੇ ਖੇਤੀਬਾੜੀ ਕਰਨ ਦੇ ਢੰਗ ਨੂੰ ਵੇਖਦਾ ਸੀ ਤਾਂ ਮੈਂ ਉਹਨਾਂ ਦੇ ਤਰੀਕਿਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਸੀ- ਸਿਕੰਦਰ ਸਿੰਘ ਬਰਾੜ

ਜਦੋਂ ਸਿਕੰਦਰ ਸਿੰਘ ਨੇ ਸਾਲ 1983 ਵਿੱਚ ਸਿਰਸਾ ਵਿਖੇ ਡੀ ਫਾਰਮੇਸੀ ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਉਦੋਂ ਸ. ਸਮਸ਼ੇਰ ਸਿੰਘ ਜੋ ਉਹਨਾਂ ਦੇ ਵੱਡੇ ਭਰਾ ਹਨ, ਵੈਟਨਰੀ ਇੰਸਪੈਕਟਰ ਹੋਣ ਦੇ ਨਾਲ-ਨਾਲ, ਆਪਣੇ ਪਿਤਾ ਤੋਂ ਬਾਅਦ ਖੇਤੀਬਾੜੀ ਦਾ ਕੰਮ ਸੰਭਾਲਦੇ ਸਨ। ਉਸ ਸਮੇਂ ਦੋਨਾਂ ਭਰਾਵਾਂ ਨੇ ਪਹਿਲੀ ਵਾਰ ਜਦੋਂ ਖੇਤੀਬਾੜੀ ਦੇ ਵਿੱਚ ਵੱਖਰੇ ਢੰਗ ਨੂੰ ਅਪਣਾਇਆ ਅਤੇ ਉਹਨਾਂ ਦੁਆਰਾ ਅਪਣਾਏ ਗਏ ਤਕਨੀਕੀ ਹੁਨਰ ਦੇ ਕਾਰਨ, ਪਰਿਵਾਰ ਨੂੰ ਕਾਫੀ ਚੰਗਾ ਮੁਨਾਫ਼ਾ ਹੋਇਆ।

ਜਦੋਂ ਵੱਖਰੇ ਢੰਗ ਨਾਲ ਖੇਤੀ ਕਰਨ ਵਿੱਚ ਮੁਨਾਫ਼ਾ ਹੋਇਆ ਤਾਂ ਮੈਂ 1984 ਵਿੱਚ ਡੀ ਫਾਰਮੇਸੀ ਛੱਡਣ ਦਾ ਫ਼ੈਸਲਾ ਕਰ ਲਿਆ ਅਤੇ ਖੇਤੀਬਾੜੀ ਵੱਲ ਹੋ ਤੁਰਿਆ– ਸਿਕੰਦਰ ਸਿੰਘ ਬਰਾੜ

1984 ਵਿੱਚ ਡੀ ਫਾਰਮੇਸੀ ਛੱਡਣ ਤੋਂ ਬਾਅਦ ਉਹਨਾਂ ਨੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਸਭ ਤੋਂ ਪਹਿਲਾਂ ਨਰਮੇ ਦੀਆਂ ਵਧੇਰੇ ਝਾੜ ਵਾਲੀਆਂ ਕਿਸਮਾਂ ਦੀ ਕਾਸ਼ਤ ਸ਼ੁਰੂ ਕੀਤੀ।

ਇਸ ਤਰ੍ਹਾਂ ਦੇ ਛੋਟੇ ਛੋਟੇ ਕਦਮਾਂ ਨਾਲ ਅੱਗੇ ਵੱਧਦੇ ਹੋਏ ਉਹ ਸਬਜ਼ੀਆਂ ਦੀ ਕਾਸ਼ਤ ਵੱਲ ਹੋ ਤੁਰੇ, ਜਿੱਥੇ ਉਹਨਾਂ ਨੇ 1987 ਵਿੱਚ ਟਮਾਟਰ ਦੀ ਕਾਸ਼ਤ ਅੱਧੇ ਏਕੜ ਵਿੱਚ ਕੀਤੀ ਅਤੇ ਫਿਰ ਬਹੁਤ ਸਾਰੀਆਂ ਕੰਪਨੀਆਂ ਨਾਲ ਕੰਟ੍ਰੈਕਟ ਕੀਤੇ ਅਤੇ ਆਪਣੇ ਇਸ ਕਿੱਤੇ ਨੂੰ ਅੱਗੇ ਤੋਂ ਅੱਗੇ ਵਧਾਉਂਦੇ ਰਹੇ।

1990 ਵਿੱਚ ਵਿਆਹ ਤੋਂ ਬਾਅਦ ਉਹਨਾਂ ਨੇ ਆਲੂ ਦੀ ਕਾਸ਼ਤ ਹੋਰ ਵੱਡੇ ਪੱਧਰ ਤੇ ਸ਼ੁਰੂ ਕੀਤੀ ਅਤੇ ਵਿਭਿੰਨਤਾ ਅਪਨਾਉਣ ਲਈ 1997 ਵਿੱਚ 5000 ਲੇਅਰ ਮੁਰਗੀਆਂ ਨਾਲ ਪੋਲਟਰੀ ਫਾਰਮਿੰਗ ਦੀ ਸ਼ੁਰੂਆਤ ਕੀਤੀ, ਜਿਸ ‘ਚ ਕਾਫੀ ਸਫ਼ਲਤਾ ਹਾਸਲ ਹੋਈ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਦੇ 5 ਹੋਰ ਕਿਸਾਨਾਂ ਨੂੰ ਪੋਲਟਰੀ ਫਾਰਮ ਦੇ ਕਿੱਤੇ ਨੂੰ ਸਹਾਇਕ ਕਿੱਤੇ ਵਜੋਂ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ, ਜਿਸ ਨਾਲ ਉਹਨਾਂ ਕਿਸਾਨਾਂ ਨੂੰ ਸਵੈ-ਨਿਰਭਰ ਬਣਨ ਵਿੱਚ ਸਹਾਇਤਾ ਮਿਲੀ। 2005 ਵਿੱਚ ਉਹਨਾਂ ਨੇ 5 ਏਕੜ ਰਕਬੇ ਵਿੱਚ ਕਿੰਨੂ ਦਾ ਬਾਗ਼ ਲਾਇਆ। ਇਸ ਤੋਂ ਇਲਾਵਾ ਉਹਨਾਂ ਨੇ ਨੈਸ਼ਨਲ ਸੀਡ ਕਾਰਪੋਰੇਸ਼ਨ ਲਿਮਿਟਡ ਲਈ 15 ਏਕੜ ਜ਼ਮੀਨ ਵਿੱਚੋਂ 50 ਏਕੜ ਰਕਬੇ ਦੇ ਲਈ ਕਣਕ ਦਾ ਬੀਜ ਤਿਆਰ ਕੀਤਾ।

ਮੈਨੂੰ ਹਮੇਸ਼ਾ ਕੀਟਨਾਸ਼ਕਾਂ ਅਤੇ ਨੁਕਸਾਨਦੇਹ ਰਸਾਇਣਾਂ ਦੀ ਵਰਤੋਂ ਕਰਨ ਤੋਂ ਨਫਰਤ ਸੀ, ਕਿਉਂਕਿ ਇਹਨਾਂ ਦੀ ਵਰਤੋਂ ਕਰਨ ਦੇ ਨਾਲ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ – ਸਿਕੰਦਰ ਸਿੰਘ ਬਰਾੜ

ਸਿਕੰਦਰ ਸਿੰਘ ਬਰਾੜ ਆਪਣੀਆਂ ਫਸਲਾਂ ਲਈ ਜ਼ਿਆਦਾਤਰ ਜੈਵਿਕ ਖਾਦ ਦੀ ਵਰਤੋਂ ਕਰਦੇ ਹਨ। ਹੁਣ ਉਹ 20 ਏਕੜ ਵਿੱਚ ਆਲੂ, 5 ਏਕੜ ਵਿੱਚ ਕਿੰਨੂ ਅਤੇ 30 ਏਕੜ ਵਿੱਚ ਕਣਕ ਦੇ ਬੀਜਾਂ ਦਾ ਉਤਪਾਦਨ ਕਰਦੇ ਹਨ। ਇਸ ਦੇ ਨਾਲ ਹੀ 2 ਏਕੜ ਵਿੱਚ 35000 ਪੰਛੀਆਂ ਵਾਲਾ ਪੋਲਟਰੀ ਫਾਰਮ ਚਲਾਉਂਦੇ ਹਨ।

ਵੱਡੀਆਂ-ਵੱਡੀਆਂ ਕੰਪਨੀਆਂ ਜਿਨ੍ਹਾਂ ਵਿੱਚ ਪੈਪਸਿਕੋ, ਨੈਸ਼ਨਲ ਸੀਡ ਕਾਰਪੋਰੇਸ਼ਨ ਆਦਿ ਸ਼ਾਮਿਲ ਹਨ, ਦੇ ਨਾਲ ਨਾਲ ਕੰਮ ਕਰਨ ਸਕਦਾ ਹੀ ਉਹਨਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪ੍ਰਮੁੱਖ ਪੋਲਟਰੀ ਫਾਰਮਰ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਬਹੁਤ ਸਾਰੇ ਭਾਰਤੀ ਟੈਲੀਵਿਜ਼ਨ ਅਤੇ ਰੇਡੀਓ ਚੈੱਨਲਾਂ ਵੱਲੋਂ ਸ਼ੋਅ ‘ਤੇ ਆਉਣ ਲਈ ਸੱਦਾ ਦਿੱਤਾ, ਤਾਂ ਜੋ ਖੇਤੀ ਸਮਾਜ ਵਿੱਚ ਤਬਦੀਲੀਆਂ, ਖੋਜਾਂ, ਮੰਡੀਕਰਨ ਅਤੇ ਪ੍ਰਬੰਧਨ ਸੰਬੰਧੀ ਜਾਣਕਾਰੀ ਹੋਰਨਾਂ ਕਿਸਾਨਾਂ ਤੱਕ ਵੀ ਪਹੁੰਚ ਸਕੇ।

ਉਹ ਸੂਬਾ, ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਕਈ ਖੇਤੀ ਮੇਲਿਆਂ ਅਤੇ ਸੰਸਥਾਵਾਂ ਦਾ ਦੌਰਾ ਕਰ ਚੁੱਕੇ ਹਨ।

ਭਵਿੱਖ ਦੀ ਯੋਜਨਾ

ਸਿਕੰਦਰ ਸਿੰਘ ਬਰਾੜ ਭਵਿੱਖ ਵਿੱਚ ਵੀ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਕਾਰੋਬਾਰ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ, ਜਿਸ ਵਿੱਚ ਨਵੇਂ ਨਵੇਂ ਬਦਲਾਅ ਆਉਂਦੇ ਰਹਿਣਗੇ।”

ਸੰਦੇਸ਼

ਜਿਹੜੇ ਵੀ ਨਵੇਂ ਕਿਸਾਨ ਖੇਤੀਬਾੜੀ ਵਿੱਚ ਕੁੱਝ ਨਵਾਂ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਕੁੱਝ ਵੀ ਸ਼ੁਰੂ ਕਰਨ ਤੋਂ ਪਹਿਲਾਂ ਸੰਬੰਧਿਤ ਮਾਹਿਰਾਂ ਜਾਂ ਸੰਸਥਾਵਾਂ ਕੋਲੋਂ ਟ੍ਰੇਨਿੰਗ ਅਤੇ ਸਲਾਹ ਹਾਸਲ ਕੀਤੀ ਜਾਵੇ। ਉਸ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਜਾਵੇ। ਇਸ ਤੋਂ ਇਲਾਵਾ ਜਿੰਨਾ ਹੋ ਸਕੇ ਕੀਟਨਾਸ਼ਕਾਂ ਅਤੇ ਰਸਾਇਣਾਂ ਤੋਂ ਬਚਣਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਨੂੰ ਅਪਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਪ੍ਰਿਅੰਕਾ ਗੁਪਤਾ

ਪੂਰੀ ਕਹਾਣੀ ਪੜ੍ਹੋ

ਇੱਕ ਹੋਣਹਾਰ ਧੀ… ਜੋ ਆਪਣੇ ਪਿਤਾ ਦਾ ਸੁਪਨਾ ਪੂਰਾ ਕਰਨ ਲਈ ਮਿਹਨਤ ਕਰ ਰਹੀ ਹੈ

ਅੱਜ-ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿੱਥੇ ਬੱਚੇ ਮਾਂ-ਬਾਪ ਨੂੰ ਬੋਝ ਸਮਝਦੇ ਹਨ, ਉੱਥੇ ਦੂਜੇ ਪਾਸੇ ਪ੍ਰਿਅੰਕਾ ਗੁਪਤਾ ਆਪਣੇ ਪਿਤਾ ਦੇ ਦੇਖੇ ਹੋਏ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰ ਰਹੀ ਹੈ।

ਐਮ ਬੀ ਏ ਫਾਇਨਾਂਸ ਦੀ ਪੜ੍ਹਾਈ ਕਰ ਚੁੱਕੀ ਪ੍ਰਿਅੰਕਾ ਦਾ ਬਚਪਨ ਪੰਜਾਬ ਦੇ ਨੰਗਲ ਇਲਾਕੇ ਵਿੱਚ ਬੀਤਿਆ। ਪ੍ਰਿਅੰਕਾ ਦੇ ਪਿਤਾ ਬਦਰੀਦਾਸ ਬੰਸਲ ਬਿਜਲੀ ਵਿਭਾਗ, ਭਾਖੜਾ ਡੈਮ ਵਿੱਚ ਨਿਯੁਕਤ ਸਨ, ਜੋ ਕਿ ਨੌਕਰੀ ਦੇ ਨਾਲ-ਨਾਲ ਆਪਣੇ ਖੇਤੀ ਦੇ ਸ਼ੌਂਕ ਨੂੰ ਵੀ ਪੂਰਾ ਕਰ ਰਹੇ ਸਨ। ਉਹਨਾਂ ਦੇ ਕੋਲ ਘਰ ਦੇ ਪਿੱਛੇ ਥੋੜ੍ਹੀ ਜਿਹੀ ਜ਼ਮੀਨ ਸੀ, ਜਿਸ ਵਿੱਚ ਉਹ ਸਬਜ਼ੀਆਂ ਦੀ ਖੇਤੀ ਕਰਦੇ ਸਨ। ਬਾਰ੍ਹਾਂ ਸਾਲ ਨੰਗਲ ਵਿੱਚ ਰਹਿਣ ਤੋਂ ਬਾਅਦ ਪ੍ਰਿਅੰਕਾ ਦੇ ਪਿਤਾ ਦਾ ਤਬਾਦਲਾ ਪਟਿਆਲੇ ਹੋ ਗਿਆ ਤੇ ਉਹਨਾਂ ਦਾ ਸਾਰਾ ਪਰਿਵਾਰ ਪਟਿਆਲੇ ਆ ਕੇ ਰਹਿਣ ਲੱਗ ਗਿਆ। ਇੱਥੇ ਉਹਨਾਂ ਕੋਲ ਕਾਫੀ ਜ਼ਮੀਨ ਖਾਲੀ ਸੀ ਜਿਸ ‘ਤੇ ਉਹ ਖੇਤੀ ਕਰਨ ਲੱਗ ਗਏ। ਇਸਦੇ ਨਾਲ ਹੀ ਉਹਨਾਂ ਨੇ ਆਪਣਾ ਘਰ ਬਣਾਉਣ ਲਈ ਸੰਗਰੂਰ ਵਿੱਚ ਇੱਕ ਪਲਾਟ ਖਰੀਦ ਲਿਆ।

ਬਦਰੀਦਾਸ ਜੀ ਬਿਜਲੀ ਵਿਭਾਗ ਵਿੱਚੋਂ ਬਤੌਰ ਚੀਫ਼ ਇੰਜੀਨਿਅਰ ਰਿਟਾਇਰ ਹੋਏ। ਇਸ ਦੌਰਾਨ ਉਹਨਾਂ ਦੇ ਪਰਿਵਾਰ ਨੂੰ ਪਤਾ ਲੱਗਾ ਕਿ ਪ੍ਰਿਅੰਕਾ ਦੇ ਮਾਤਾ ਜੀ (ਵੀਨਾ ਬੰਸਲ) ਕੈਂਸਰ ਦੀ ਬਿਮਾਰੀ ਤੋਂ ਪੀੜਤ ਹਨ ਅਤੇ ਇਸ ਬਿਮਾਰੀ ਨਾਲ ਲੜਦੇ-ਲੜਦੇ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ।

ਵੀਨਾ ਬੰਸਲ ਜੀ ਦੇ ਦੇਹਾਂਤ ਤੋਂ ਬਾਅਦ ਇਸ ਸਦਮੇ ਤੋਂ ਉੱਭਰਨ ਲਈ ਪ੍ਰਿਅੰਕਾ ਦੇ ਪਿਤਾ ਜੀ ਨੇ ਆਪਣਾ ਜ਼ਿਆਦਾਤਰ ਧਿਆਨ ਖੇਤੀਬਾੜੀ ‘ਤੇ ਕੇਂਦਰਿਤ ਕਰ ਦਿੱਤਾ। ਉਹਨਾਂ ਨੇ ਸੰਗਰੂਰ ਵਿੱਚ ਘਰ ਬਣਾਉਣ ਲਈ ਜੋ ਪਲਾਟ ਖਰੀਦਿਆ ਸੀ, ਉਸਦੇ ਆਸ-ਪਾਸ ਕੋਈ ਘਰ ਨਹੀਂ ਅਤੇ ਬਾਜ਼ਾਰ ਵੀ ਕਾਫੀ ਦੂਰ ਸੀ, ਤਾਂ ਉਹਨਾਂ ਦੇ ਪਿਤਾ ਨੇ ਉਸ ਜਗ੍ਹਾ ਦੀ ਸਫ਼ਾਈ ਕਰਵਾ ਕੇ ਉੱਥੇ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। 10 ਸਾਲ ਤੱਕ ਉਹਨਾਂ ਦੇ ਪਿਤਾ ਨੇ ਇਸ ਵਿੱਚ ਕਾਫੀ ਤਜ਼ਰਬਾ ਹਾਸਿਲ ਕੀਤਾ। ਰਿਸ਼ਤੇਦਾਰ ਵੀ ਉਹਨਾਂ ਤੋਂ ਹੀ ਸਬਜ਼ੀਆਂ ਲੈ ਕੇ ਜਾਂਦੇ ਸਨ। ਪਰ ਹੁਣ ਬਦਰੀਦਾਸ ਜੀ ਖੇਤੀ ਨੂੰ ਆਪਣੇ ਕਿੱਤੇ ਦੇ ਤੌਰ ‘ਤੇ ਅਪਨਾਉਣ ਦਾ ਮਨ ਬਣਾ ਲਿਆ।

ਪਰ ਉਹਨਾਂ ਦੀ ਸਿਹਤ ਜ਼ਿਆਦਾ ਠੀਕ ਨਹੀਂ ਰਹਿੰਦੀ ਸੀ ਤਾਂ ਪ੍ਰਿਅੰਕਾ ਨੇ ਆਪਣੇ ਪਿਤਾ ਦੀ ਮਦਦ ਕਰਨ ਦਾ ਮਨ ਬਣਾ ਲਿਆ ਅਤੇ ਇਸ ਤਰ੍ਹਾਂ ਪ੍ਰਿਅੰਕਾ ਦਾ ਖੇਤੀ ਵਿੱਚ ਰੁਝਾਨ ਹੋਰ ਵੱਧ ਗਿਆ।

ਪਹਿਲਾਂ ਉਹ ਪੰਜਾਬ ਐਗਰੋ ਨਾਲ ਕੰਮ ਕਰਦੇ ਸਨ, ਪਰ ਪਿਤਾ ਦੀ ਸਿਹਤ ਖਰਾਬ ਹੋਣ ਕਾਰਨ ਉਹਨਾਂ ਦਾ ਕੰਮ ਥੋੜ੍ਹਾ ਘੱਟ ਗਿਆ। ਇਸ ਗੱਲ ਦਾ ਪ੍ਰਿਅੰਕਾ ਨੂੰ ਮਲਾਲ ਹੈ, ਕਿਉਂਕਿ ਪੰਜਾਬ ਐਗਰੋ ਨਾਲ ਮਿਲ ਕੇ ਉਹਨਾਂ ਦਾ ਕੰਮ ਚੰਗਾ ਚੱਲ ਰਿਹਾ ਸੀ ਅਤੇ ਸਾਮਾਨ ਵੀ ਵਿੱਕ ਜਾਂਦਾ ਸੀ। ਇਸ ਤੋਂ ਬਾਅਦ 4-5 ਕਿਸਾਨਾਂ ਨਾਲ ਮਿਲ ਕੇ ਸੰਗਰੂਰ ਵਿੱਚ ਇੱਕ ਦੁਕਾਨ ਖੋਲ੍ਹੀ ਗਈ, ਪਰ ਕੁੱਝ ਕਮੀਆਂ ਕਰਕੇ ਉਹਨਾਂ ਨੂੰ ਦੁਕਾਨ ਬੰਦ ਕਰਨੀ ਪਈ।

ਹੁਣ ਉਹਨਾਂ ਦਾ 4 ਏਕੜ ਦਾ ਫਾਰਮ ਸੰਗਰੂਰ ਵਿੱਚ ਹੈ, ਪਰ ਫਾਰਮ ਦੀ ਜ਼ਮੀਨ ਠੇਕੇ ‘ਤੇ ਲਈ ਹੋਣ ਕਰਕੇ ਉਹ ਹਾਲੇ ਤੱਕ ਫਾਰਮ ਦਾ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ, ਕਿਉਂਕਿ ਜਿਹਨਾਂ ਦੀ ਉਹ ਜ਼ਮੀਨ ਹੈ ਉਹ ਇਸ ਸਭ ਲਈ ਤਿਆਰ ਨਹੀਂ ਹਨ।

ਪਹਿਲਾਂ-ਪਹਿਲ ਉਹਨਾਂ ਨੂੰ ਮਾਰਕੀਟਿੰਗ ਵਿੱਚ ਦਿੱਕਤ ਆਈ, ਪਰ ਉਨ੍ਹਾਂ ਦੀ ਪੜ੍ਹਾਈ ਸਦਕਾ ਇਸਦਾ ਹੱਲ ਵੀ ਹੋ ਗਿਆ। ਹੁਣ ਉਹ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਖੇਤੀ ਨੂੰ ਦੇਣ ਲੱਗੇ ਹਨ। ਉਹ ਪੂਰੀ ਤਰ੍ਹਾਂ ਜੈਵਿਕ ਖੇਤੀ ਕਰਦੇ ਹਨ।

ਟ੍ਰੇਨਿੰਗ:

ਪ੍ਰਿਅੰਕਾ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਤੋਂ ਬਿਸਕੁਟ ਅਤੇ ਸਕੁਐਸ਼ ਬਣਾਉਣ ਦੀ ਟ੍ਰੇਨਿੰਗ ਦੇ ਨਾਲ-ਨਾਲ ਮਧੂ-ਮੱਖੀ ਪਾਲਣ ਦੀ ਟ੍ਰੇਨਿੰਗ ਵੀ ਲਈ, ਜਿਸ ਨਾਲ ਉਹਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ।

ਪ੍ਰਿਅੰਕਾ ਦੇ ਪਤੀ ਕੁਲਦੀਪ ਗੁਪਤਾ, ਜੋ ਇੱਕ ਆਰਕੀਟੈਕਟ ਹਨ, ਦੇ ਕਾਫੀ ਸਾਰੇ ਦੋਸਤ ਅਤੇ ਜਾਣ-ਪਹਿਚਾਣ ਵਾਲੇ ਪ੍ਰਿਅੰਕਾ ਦੁਆਰਾ ਤਿਆਰ ਕੀਤੇ ਉਤਪਾਦ ਹੀ ਖਰੀਦਦੇ ਹਨ।

“ਲੋਕਾਂ ਦਾ ਸੋਚਣਾ ਹੈ ਕਿ ਆੱਰਗੈਨਿਕ ਉਤਪਾਦਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ ਪਰ ਕੀਮਤ ਦਾ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ। ਕੀਟਨਾਸ਼ਕਾਂ ਨਾਲ ਤਿਆਰ ਕੀਤੇ ਗਏ ਉਤਪਾਦ ਖਾ ਕੇ ਸਿਹਤ ਖ਼ਰਾਬ ਕਰਨ ਤੋਂ ਚੰਗਾ ਹੈ ਕਿ ਆੱਰਗੈਨਿਕ ਉਤਪਾਦਾਂ ਦੀ ਵਰਤੋਂ ਕੀਤੀ ਜਾਵੇ, ਕਿਉਂਕਿ ਸਿਹਤ ਤੋਂ ਵੱਧ ਕੇ ਕੁੱਝ ਨਹੀਂ ਹੈ” – ਪ੍ਰਿਅੰਕਾ ਗੁਪਤਾ
ਪ੍ਰਿਅੰਕਾ ਦੁਆਰਾ ਤਿਆਰ ਕੀਤੇ ਗਏ ਕੁੱਝ ਉਤਪਾਦ:
  • ਬਿਸਕੁਟ (ਬਿਨਾਂ ਅਮੋਨੀਆ)
  • ਅਚਾਰ
  • ਵੜੀਆਂ
  • ਕਾਲੇ ਛੋਲੇ
  • ਚਿੱਟੇ ਛੋਲੇ
  • ਸਾਬੁਤ ਮਸਰ
  • ਹਲਦੀ
  • ਅਲਸੀ ਦੇ ਬੀਜ
  • ਸੌਂਫ਼
  • ਕਲੌਂਜੀ
  • ਸਰ੍ਹੋਂ
  • ਲਸਣ
  • ਪਿਆਜ਼
  • ਆਲੂ
  • ਮੂੰਗੀ
  • ਜਵਾਰ
  • ਬਾਜਰਾ
  • ਤਿਲ
  • ਮੱਕੀ ਦੇਸੀ
  • ਸਾਰੀਆਂ ਸਬਜ਼ੀਆਂ
ਦਰੱਖ਼ਤ
  • ਬ੍ਰਹਮੀ
  • ਸਟੀਵੀਆ
  • ਹਰੜ
  • ਅੰਬ
  • ਅਮਰੂਦ
  • ਕਰੈਨਬੇਰੀ
  • ਪੁਦੀਨਾ
  • ਤੁਲਸੀ
  • ਨਿੰਬੂ
  • ਬੇਲ
  • ਨਿੰਮ
  • ਖਸ
  • ਸ਼ਹਿਤੂਤ
  • ਆਂਵਲਾ
  • ਅਸ਼ੋਕਾ
  • ਮੋਰਿੰਗਾ

ਇਹ ਸਭ ਉਤਪਾਦ ਬਣਾਉਣ ਤੋਂ ਇਲਾਵਾ ਪ੍ਰਿਅੰਕਾ ਮਧੂ-ਮੱਖੀ ਪਾਲਣ ਅਤੇ ਪੋਲਟਰੀ ਦਾ ਕੰਮ ਵੀ ਕਰਦੇ ਹਨ, ਜਿਸ ਵਿੱਚ ਪ੍ਰਿਅੰਕਾ ਦੇ ਪਤੀ ਵੀ ਉਹਨਾਂ ਦਾ ਸਾਥ ਦਿੰਦੇ ਹਨ।

“ਅਸੀਂ ਮੋਨੋ-ਕਰਾਪਿੰਗ ਨਹੀਂ ਕਰਦੇ, ਇਕੱਲੇ ਚੌਲ ਅਤੇ ਕਣਕ ਨਹੀਂ ਬੀਜਦੇ, ਅਸੀਂ ਨਾਲ-ਨਾਲ ਜਵਾਰ, ਬਾਜਰਾ, ਮੱਕੀ ਅਲੱਗ-ਅਲੱਗ ਫ਼ਸਲਾਂ ਬੀਜਦੇ ਹਾਂ। – ਪ੍ਰਿਅੰਕਾ ਗੁਪਤਾ
ਉਪਲੱਬਧੀਆਂ:
  • ਪ੍ਰਿਅੰਕਾ 2 ਵਾਰ ਵੂਮੈਨ ਆਫ਼ ਇੰਡੀਆ ਆਰਗੈਨਿਕ ਫੈਸਟੀਵਲ ਵਿੱਚ ਹਿੱਸਾ ਲੈ ਚੁੱਕੇ ਹਨ।
  • ਛੋਟੇ ਬੱਚਿਆਂ ਨੂੰ ਬਿਸਕੁਟ ਬਣਾਉਣ ਦੀ ਟ੍ਰੇਨਿੰਗ ਦਿੱਤੀ।
  • ਜਲੰਧਰ ਰੇਡੀਓ ਸਟੇਸ਼ਨ AIR ਵਿੱਚ ਵੀ ਹਿੱਸਾ ਲੈ ਚੁੱਕੇ ਹਨ।
ਭਵਿੱਖ ਦੀ ਯੋਜਨਾ:

ਭਵਿੱਖ ਵਿੱਚ ਜੇਕਰ ਕੋਈ ਉਹਨਾਂ ਤੋਂ ਸਾਮਾਨ ਲੈ ਕੇ ਵੇਚਣਾ ਚਾਹੁੰਦਾ ਹੈ ਤਾਂ ਉਹ ਸਾਮਾਨ ਲੈ ਸਕਦੇ ਹਨ ਤਾਂ ਜੋ ਪ੍ਰਿਅੰਕਾ ਆਪਣਾ ਸਾਰਾ ਧਿਆਨ ਕੁਆਲਿਟੀ ਵਧਾਉਣ ਵੱਲ ਕੇਂਦਰਿਤ ਕਰ ਸਕਣ ਅਤੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰ ਸਕਣ।

ਕਿਸਾਨਾਂ ਨੂੰ ਸੰਦੇਸ਼ :
“ਮਿਹਨਤ ਤਾਂ ਹਰ ਕੰਮ ਵਿੱਚ ਕਰਨੀ ਹੀ ਪੈਂਦੀ ਹੈ। ਮਿਹਨਤ ਤੋਂ ਬਾਅਦ ਤਿਆਰ ਖੜ੍ਹੀ ਹੋਈ ਫ਼ਸਲ ਨੂੰ ਦੇਖ ਕੇ ਅਤੇ ਗ੍ਰਾਹਕਾਂ ਦੁਆਰਾ ਕੀਤੀ ਤਾਰੀਫ਼ ਨੂੰ ਸੁਣ ਕੇ ਜੋ ਸੰਤੁਸ਼ਟੀ ਮਿਲਦੀ ਹੈ, ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ।”