ਕਰਨਬੀਰ ਸਿੰਘ

ਪੂਰੀ ਕਹਾਣੀ ਪੜ੍ਹੋ

ਅੰਨਦਾਤਾ ਫੂਡਜ਼ ਦੇ ਨਾਮ ਤੋਂ ਕਿਸਾਨ ਹੱਟ ਚਲਾਉਣ ਵਾਲਾ ਇਹ ਅਗਾਂਹਵਧੂ ਕਿਸਾਨ

ਅੱਜ ਦਾ ਸਮਾਂ ਅਜਿਹਾ ਹੈ ਜਿੱਥੇ ਹਰ ਕੋਈ ਦੂਜੇ ਬਾਰੇ ਨਹੀਂ ਆਪਣੇ ਫਾਇਦੇ ਬਾਰੇ ਜ਼ਿਆਦਾ ਚਿੰਤਿਤ ਰਹਿੰਦੇ ਹਨ ਪਰ ਉਹਨਾਂ ਵਿੱਚੋਂ ਕੁਝ ਇਨਸਾਨ ਅਜਿਹੇ ਹੁੰਦੇ ਹਨ ਜਿਨ੍ਹਾਂ ਨੂੰ ਉਸ ਪਰਮਾਤਮਾ ਨੇ ਲੋਕਾਂ ਦੀ ਮਦਦ ਕਰਨ ਲਈ ਭੇਜਿਆ ਹੁੰਦਾ ਹੈ, ਜਿਸ ਨਾਲ ਉਹ ਦੂਜਿਆਂ ਦੇ ਭਲੇ ਬਾਰੇ ਸੋਚਦਾ ਅਤੇ ਕਰਦਾ ਵੀ ਹੈ ਅਤੇ ਅਜਿਹੇ ਇਨਸਾਨ ਬਹੁਤ ਹੀ ਘੱਟ ਦੇਖਣ ਨੂੰ ਮਿਲਦੇ ਹਨ।

ਇਸ ਗੱਲ ਨੂੰ ਸਹੀ ਸਾਬਿਤ ਕਰਨ ਵਾਲੇ ਕਰਨਬੀਰ ਸਿੰਘ ਜੋ ਪਿੰਡ ਸਾਫੂਵਾਲਾ, ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੇ MSC ਫ਼ੂਡ ਤਕਨਾਲੋਜੀ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੇ ਸਨ ਅਤੇ ਨੌਕਰੀ ਛੱਡ ਕੇ ਖੇਤੀ ਅਤੇ ਫ਼ੂਡ ਪ੍ਰੋਸੈਸਿੰਗ ਕਰਨ ਬਾਰੇ ਸੋਚਿਆ ਅਤੇ ਉਸ ਵਿੱਚ ਸਫਲ ਹੋ ਕੇ ਦਿਖਾਇਆ।

ਸਾਲ 2014 ਦੀ ਗੱਲ ਹੈ ਜਦੋਂ ਕਰਨਬੀਰ ਇੱਕ ਕੰਪਨੀ ਵਿੱਚ ਕੰਮ ਕਰਦੇ ਸਨ ਤੇ ਜਿਸ ਕੰਪਨੀ ਵਿੱਚ ਕੰਮ ਕਰਦੇ ਸਨ ਉੱਥੇ ਕੀ ਦੇਖਦੇ ਹਨ ਕਿ ਕਿਸ ਤਰ੍ਹਾਂ ਕਿਸਾਨਾਂ ਤੋਂ ਘੱਟ ਕੀਮਤ ‘ਤੇ ਵਸਤਾਂ ਲੈ ਕੇ ਉਹਨਾਂ ਨੂੰ ਵੱਧ ਕੀਮਤਾਂ ‘ਤੇ ਵੇਚਿਆ ਜਾ ਰਿਹਾ ਹੈ ਅਤੇ ਜਿਸ ਬਾਰੇ ਕਿਸਾਨਾਂ ਨੂੰ ਥੋੜੀ ਬਹੁਤ ਵੀ ਜਾਣਕਾਰੀ ਨਹੀਂ ਸੀ। ਬਹੁਤ ਸਮਾਂ ਉਹ ਇਸ ਤਰ੍ਹਾਂ ਹੀ ਦੇਖੀ ਗਏ ਪਰ ਉਹਨਾਂ ਨੇ ਮਨ ਨੂੰ ਇਹ ਗੱਲ ਬਿਲਕੁੱਲ ਚੰਗੀ ਨਹੀਂ ਲੱਗੀ ਕਿਉਂਕਿ ਜੋ ਉਗਾਉਂਦੇ ਹਨ ਉਹ ਕਮਾ ਨਹੀਂ ਰਹੇ ਸਨ ਅਤੇ ਜੋ ਕਮਾ ਰਹੇ ਸਨ ਉਹ ਪਹਿਲਾ ਹੀ ਵੱਡੇ ਘਰਾਣਿਆਂ ਦੇ ਮਾਲਿਕ ਸਨ।

ਇਹ ਸਭ ਦੇਖ ਕੇ ਕਰਨਬੀਰ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਤੇ ਆਖਿਰ ਕਰਨਬੀਰ ਨੇ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ ਅਤੇ ਖੁਦ ਆ ਕੇ ਘਰ ਖੇਤੀ ਤੇ ਪ੍ਰੋਸੈਸਿੰਗ ਕਰਨ ਲੱਗਾ। ਕਰਨਬੀਰ ਦੇ ਪਰਿਵਾਰ ਵਾਲੇ ਸ਼ੁਰੂ ਤੋਂ ਹੀ ਫਸਲੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਖੇਤੀ ਕਰਦੇ ਸਨ ਅਤੇ ਇਸ ਤੋਂ ਇਲਾਵਾ ਕਰਨਬੀਰ ਦੇ ਲਈ ਫਾਇਦੇਮੰਦ ਗੱਲ ਇਹ ਸੀ ਕਿ ਕਰਨਬੀਰ ਦੇ ਪਿਤਾ ਸਰਦਾਰ ਗੁਰਪ੍ਰੀਤ ਸਿੰਘ ਗਿੱਲ ਜੋ ਕਿ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ ਅਤੇ ਪੀ ਏ ਯੂ, ਲੁਧਿਆਣਾ ਨਾਲ ਪਿਛਲੇ ਬਹੁਤ ਲੰਬੇ ਸਮੇਂ ਤੋਂ ਜੁੜੇ ਹੋਏ ਹਨ ਜੋ ਸਮੇਂ-ਸਮੇਂ ‘ਤੇ ਹੋਰਨਾਂ ਕਿਸਾਨਾਂ ਨੂੰ ਫਸਲਾਂ ਸੰਬੰਧੀ ਸਲਾਹਾਂ ਦਿੰਦੇ ਰਹਿੰਦੇ ਸਨ।

ਫਿਰ ਕਰਨਬੀਰ ਨੇ ਆਪਣੇ ਪਿਤਾ ਦੇ ਦੱਸੇ ਰਸਤੇ ਉੱਤੇ ਚੱਲਦੇ ਹੋਏ ਖੇਤੀ ਮਾਹਿਰਾਂ ਵੱਲੋਂ ਦੱਸੇ ਗਏ ਤਰੀਕੇ ਨਾਲ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਈ ਤਰ੍ਹਾਂ ਦੀ ਫਸਲਾਂ ਦੀ ਕਾਸ਼ਤ ਕਰਨ ਸ਼ੁਰੂ ਕਰ ਦਿੱਤੀ। ਫਿਰ ਕਰਨਬੀਰ ਦੇ ਦਿਮਾਗ ਵਿੱਚ ਖਿਆਲ ਆਇਆ ਕਿ ਜਦੋਂ ਫਸਲ ਪੱਕ ਕੇ ਤਿਆਰ ਹੋਵੇਗੀ ਤਾਂ ਇਸਦੀ ਮਾਰਕੀਟਿੰਗ ਕਿਸ ਤਰ੍ਹਾਂ ਕੀਤੀ ਜਾਵੇਗੀ।

ਫਿਰ ਕਰਨਬੀਰ ਨੇ ਮਾਰਕੀਟਿੰਗ ਕਰਨ ਦਾ ਇੱਕ ਤਰੀਕਾ ਸੋਚਿਆ ਕਿ ਕਿਉਂ ਨਾ ਪਹਿਲਾ ਛੋਟੇ ਪੱਧਰ ਤੋਂ ਮਾਰਕੀਟਿੰਗ ਕਰਨ ਸ਼ੁਰੂ ਕੀਤੀ ਜਾਵੇ, ਉਸ ਤੋਂ ਬਾਅਦ ਜਦੋਂ ਕਰਨਬੀਰ ਕੀਤੇ ਪਿੰਡ ਤੋਂ ਬਾਹਰ ਜਾਂਦਾ ਤਾਂ ਆਪਣੇ ਨਾਲ ਪ੍ਰੋਸੈਸਿੰਗ ਕੀਤੀਆਂ ਆਪਣੀਆਂ ਵਸਤਾਂ ਨਾਲ ਲੈ ਜਾਂਦਾ ਜਿੱਥੇ ਛੋਟੇ-ਛੋਟੇ ਸਮੂਹਾਂ ਦੇ ਲੋਕਾਂ ਦਾ ਇਕੱਠ ਦਿਖਦਾ ਸੀ ਉੱਥੇ ਜਾ ਕੇ ਫਿਰ ਕਰਨਬੀਰ ਆਪਣੇ ਉਤਪਾਦਾਂ ਬਾਰੇ ਦੱਸਦਾ ਅਤੇ ਉਤਪਾਦ ਵੇਚ ਕੇ ਆਉਂਦਾ। ਇਸ ਕੰਮ ਵਿੱਚ ਉਨ੍ਹਾਂ ਦਾ ਪੂਰਾ ਸਾਥ ਉਨ੍ਹਾਂ ਦੇ ਦੋਸਤ ਨਵਜੋਤ ਸਿੰਘ ਅਤੇ ਸ਼ਿਵ ਪ੍ਰੀਤ ਬਾਖੂਬੀ ਨਿਭਾ ਰਹੇ ਹਨ।

ਫਿਰ ਉਨ੍ਹਾਂ ਨੇ ਇਸ ਤੋਂ ਬਾਅਦ ਥੋੜੇ ਵੱਡੇ ਪੱਧਰ ‘ਤੇ ਕਰਨ ਬਾਰੇ ਸੋਚਿਆ ਅਤੇ 2016 ਦੇ ਵਿੱਚ “ਫਰੈਂਡਜ਼ ਟ੍ਰੇਡਿੰਗ” ਨਾਮ ਤੋਂ ਇੱਕ ਕੰਪਨੀ ਰਜਿਸਟਰਡ ਕਰਵਾਈ ਅਤੇ ਟ੍ਰੇਡਿੰਗ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਜਿੱਥੇ ਉਹ ਆਪਣੀ ਫਸਲ ਤਾਂ ਮਾਰਕੀਟ ਲੈ ਕੇ ਜਾਂਦੇ ਹੀ ਸਨ ਉੱਥੇ ਨਾਲ ਹੀ ਹੋਰਨਾਂ ਕਿਸਾਨਾਂ ਦੀ ਫਸਲ ਨੂੰ ਨਾਲ ਲੈ ਕੇ ਜਾਣਾ ਸ਼ੁਰੂ ਕਰ ਦਿੱਤਾ, ਜੋ ਕਿ ਖੇਤੀ ਮਾਹਿਰਾਂ ਦੀ ਸਲਾਹ ਨਾਲ ਉਗਾਈਆਂ ਗਈਆਂ ਸਨ। ਇਸ ਤਰੀਕੇ ਨਾਲ ਉਗਾਈ ਗਈ ਫਸਲ ਦੀ ਪੈਦਾਵਾਰ ਉੱਚ ਤੇ ਵਧੀਆ ਹੋਣ ਕਰਕੇ ਫਸਲ ਦੀ ਬਹੁਤ ਮੰਗ ਹੋਈ ਜਿਸ ਨਾਲ ਕਰਨਬੀਰ ਨੂੰ ਅਤੇ ਕਿਸਾਨਾਂ ਨੂੰ ਬਹੁਤ ਹੀ ਜ਼ਿਆਦਾ ਮੁਨਾਫ਼ਾ ਹੋਇਆ। ਜਿਸ ਨਾਲ ਬਹੁਤ ਖੁਸ਼ ਹੋਏ।

ਇਸ ਦੌਰਾਨ ਹੀ ਉਨ੍ਹਾਂ ਦੀ ਮੁਲਾਕਾਤ ਖੇਤੀ ਵਪਾਰ ਵਿਸ਼ੇ ਦੇ ਮਾਹਿਰ ਪ੍ਰੋਫੈਸਰ ਰਮਨਦੀਪ ਸਿੰਘ ਜੀ ਨਾਲ ਹੋਈ ਜੋ ਕਿ ਹਰ ਇੱਕ ਕਿਸਾਨ ਦੀ ਬੜੀ ਸ਼ਿੱਦਤ ਦੇ ਨਾਲ ਮਦਦ ਕਰਦੇ ਹਨ ਅਤੇ ਉਹਨਾਂ ਨੂੰ ਮਾਰਕੀਟਿੰਗ ਕਰਨ ਦੇ ਤਰੀਕਿਆਂ ਬਾਰੇ ਜਾਣੂ ਕਰਵਾਉਦੇ ਰਹਿੰਦੇ ਹਨ ਅਤੇ ਇਸ ਨੂੰ ਦਿਮਾਗ ਵਿੱਚ ਰੱਖਦੇ ਹੋਏ ਫਿਰ ਮਾਰਕੀਟਿੰਗ ਕਰਨ ਦਾ ਤਰੀਕਾ ਬਦਲਣ ਬਾਰੇ ਸੋਚਿਆ।

ਤਾਂ ਦਿਮਾਗ ਵਿੱਚ ਆਇਆ ਕਿ ਜੇਕਰ ਪੈਦਾ ਕੀਤੀ ਜਿਣਸ ਦੀ ਮੁੱਢਲੇ ਪੱਧਰ ਤੇ ਪ੍ਰੋਸੈਸਿੰਗ ਕਰਕੇ ਮਾਰਕੀਟਿੰਗ ਕੀਤੀ ਜਾਵੇ ਤਾਂ ਕੀ ਪਤਾ ਇਸ ਤੋਂ ਵਧੀਆ ਹੁੰਗਾਰਾ ਮਿਲ ਸਕਦਾ ਹੈ। ਬਸ ਫਿਰ ਕੀ ਸੀ ਉਨ੍ਹਾਂ ਨੇ ਮੁੱਢਲੇ ਪੱਧਰ ‘ਤੇ ਜਿਨ੍ਹਾਂ ਫਸਲਾਂ ਦੀ ਪ੍ਰੋਸੈਸਿੰਗ ਹੋ ਸਕਦੀ ਸੀ ਕਰਕੇ ਵੇਚਣ ਸ਼ੁਰੂ ਕਰ ਦਿੱਤਾ ਜਿਸ ਦੀ ਸ਼ੁਰੂਆਤ ਉਹਨਾਂ ਨੇ ਕਿਸਾਨ ਮੇਲਿਆਂ ਤੋਂ ਕੀਤੀ ਸੀ ਜਿਸ ਨਾਲ ਉਹਨਾਂ ਨੂੰ ਲੋਕਾਂ ਵੱਲੋਂ ਬਹੁਤ ਜ਼ਿਆਦਾ ਭਰਵਾਂ ਹੁੰਗਾਰਾ ਮਿਲਿਆ।

ਫਿਰ ਉਹਨਾਂ ਨੇ ਇਸ ਚੀਜ਼ ਨੂੰ ਅੱਗੇ ਜਾਰੀ ਰੱਖਣ ਲਈ ਇੱਕ ਕਿਸਾਨ ਹੱਟ ਖੋਲਣ ਬਾਰੇ ਸੋਚਿਆ ਜਿੱਥੇ ਕਿ ਇੱਕ ਹੀ ਜਗ੍ਹਾਂ ਹੀ ਉਹਨਾਂ ਦੇ ਫਸਲਾਂ ਦੀ ਪ੍ਰੋਸੈਸਿੰਗ ਅਤੇ ਕਿਸਾਨਾਂ ਦੇ ਫਸਲਾਂ ਦੀ ਪ੍ਰੋਸੈਸਿੰਗ ਦਾ ਸਮਾਨ ਰੱਖ ਕੇ ਵੇਚਿਆ ਜਾ ਸਕੇ, ਜਿਸ ਦਾ ਸਿੱਧਾ ਮੁਨਾਫ਼ਾ ਕਿਸਾਨ ਦੇ ਖਾਤੇ ਵਿੱਚ ਹੀ ਪਵੇ ਨਾ ਕਿ ਵਿਚੋਲਿਆਂ ਦੇ ਹੱਥ ਅਤੇ ਜਿਸ ਨਾਲ ਇੱਕ ਤਾਂ ਉਸਦੀ ਮਾਰਕੀਟ ਬਣੀ ਰਹੇਗੀ ਅਤੇ ਦੂਜਾ ਲੋਕਾਂ ਨੂੰ ਵਧੀਆ ਤੇ ਸਾਫ-ਸਫਾਈ ਵਾਲੀ ਵਸਤਾਂ ਮਿਲਦੀਆਂ ਰਹਿਣਗੀਆਂ।

ਫਿਰ 2019 ਦੇ ਵਿੱਚ ਕਰਨਬੀਰ ਨੇ ਅੰਨਦਾਤਾ ਫੂਡਸ ਨਾਮ ਤੋਂ ਬਰੈਂਡ ਰਜਿਸਟਰਡ ਕਰਵਾ ਕੇ ਮੋਗਾ ਸ਼ਹਿਰ ਵਿਚ ਆਪਣੀ ਕਿਸਾਨ ਹੱਟ ਖੋਲ ਲਈ ਤੇ ਪ੍ਰੋਸੈਸਿੰਗ ਕੀਤਾ ਸਮਾਨ ਰੱਖ ਦਿੱਤਾ। ਜਿਵੇਂ-ਜਿਵੇਂ ਲੋਕਾਂ ਨੂੰ ਪਤਾ ਚੱਲਦਾ ਗਿਆ, ਉਸ ਤਰ੍ਹਾਂ ਹੀ ਲੋਕ ਹੌਲੀ-ਹੌਲੀ ਉਨ੍ਹਾਂ ਦੀ ਹੱਟ ਤੋਂ ਸਮਾਨ ਲੈਣ ਆਉਂਦੇ ਰਹੇ ਅਤੇ ਲੋਕਾਂ ਲਈ ਉਹ ਵਸਤਾਂ ਮਨਪਸੰਦ ਬਣ ਗਈਆਂ।

ਜਿਸ ਵਿੱਚ ਬਾਕੀ ਕਿਸਾਨਾਂ ਦੁਆਰਾ ਪ੍ਰੋਸੈਸਿੰਗ ਕੀਤਾ ਸਮਾਨ ਜਿਵੇਂ ਸ਼ਹਿਦ, ਦਾਲਾਂ, GSC 7 ਕਨੌਲ਼ਾ ਸਰਸੋਂ ਦਾ ਤੇਲ, ਛੋਲੇ ਆਦਿ ਬਹੁਤ ਵਸਤਾਂ ਰੱਖ ਕੇ ਵੇਚਦੇ ਹਨ।

ਬਹੁਤ ਘੱਟ ਸਮੇਂ ਵਿੱਚ ਉਨ੍ਹਾਂ ਦੀ ਮਾਰਕੀਟਿੰਗ ਵਿੱਚ ਪ੍ਰਸਾਰ ਹੋਇਆ ਅਤੇ ਲੋਕ ਉਨ੍ਹਾਂ ਨੂੰ ਅੰਨਦਾਤਾ ਫੂਡਜ਼ ਨਾਮ ਤੋਂ ਜਾਨਣ ਲੱਗ ਗਏ। ਇਸ ਤਰ੍ਹਾਂ 2019 ਵਿੱਚ ਉਹ ਸਫਲ ਹੋਏ ਜਿਸ ਵਿੱਚ ਜ਼ਿਆਦਾ ਸਫਲਤਾ ਦਾ ਸਿਹਰਾ GSC 7 ਕਨੌਲ਼ਾ ਸਰਸੋਂ ਤੇਲ ਨੂੰ ਜਾਂਦਾ ਹੈ ਕਿਉਂਕਿ ਤੇਲ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਬਹੁਤ ਵਾਰ ਮੰਗ ਨੂੰ ਪੂਰਾ ਕਰਨਾ ਔਖਾ ਹੋ ਜਾਂਦਾ ਹੈ, ਕਿਉਂਕਿ ਇਹ ਤੇਲ ਬਾਕੀਆਂ ਤੇਲ ਨਾਲੋਂ ਇਸ ਲਈ ਵੱਖਰਾ ਹੈ ਕਿਉਂਕਿ ਇਸ ਤੇਲ ਵਿੱਚ ਬਹੁਤ ਮਾਤਰਾ ਵਿੱਚ ਪੋਸ਼ਕ ਤੱਤ ਪਾਏ ਜਾਂਦੇ ਹਨ ਅਤੇ ਜਿਸ ਨਾਲ ਉਹਨਾਂ ਨੂੰ ਮੁਨਾਫ਼ਾ ਤਾਂ ਹੁੰਦਾ ਹੀ ਹੈ ਪਰ ਉਹਨਾਂ ਨਾਲ ਹੋਰਾਂ ਕਿਸਾਨਾਂ ਨੂੰ ਵੀ ਮੁਨਾਫ਼ਾ ਹੋ ਰਿਹਾ ਹੈ।

ਮੇਰਾ ਮੰਨਣਾ ਇਹ ਹੈ ਜੇਕਰ ਅਸੀਂ ਕਿਸਾਨ ਅਤੇ ਗ੍ਰਾਹਕ ਵਿੱਚੋਂ ਵਿਚੋਲੇ ਨੂੰ ਕੱਢ ਦੇਈਏ ਤਾਂ ਹਰ ਇਨਸਾਨ ਵਧੀਆ ਤੇ ਸਾਫ-ਸਫਾਈ ਦੀ ਵਸਤੂ ਖਾ ਸਕਦਾ ਹੈ ਦੂਸਰਾ ਕਿਸਾਨ ਨੂੰ ਆਪਣੀ ਫਸਲ ਦਾ ਸਹੀ ਮੁੱਲ ਵੀ ਮਿਲ ਜਾਵੇਗਾ- ਕਰਨਬੀਰ ਸਿੰਘ

ਭਵਿੱਖ ਦੀ ਯੋਜਨਾ

ਉਹ ਚਾਹੁੰਦੇ ਹਨ ਕਿ ਕਿਸਾਨਾਂ ਦਾ ਸਮੂਹ ਬਣਾ ਕੇ ਓਹੀ ਫਸਲਾਂ ਉਗਾਈਏ ਜਿਨ੍ਹਾਂ ਦੀ ਖਪਤ ਰਾਸ਼ਟਰੀ ਪੱਧਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਮੰਗ ਹੈ।

ਸੰਦੇਸ਼

ਜੇਕਰ ਕੋਈ ਕਿਸਾਨ ਖੇਤੀ ਕਰਦਾ ਹੈ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਖੇਤੀ ਮਾਹਿਰਾਂ ਦੁਆਰਾ ਦਿੱਤੇ ਗਏ ਦਿਸ਼ਾ-ਨਿਰਦੇਸ਼ ‘ਤੇ ਚੱਲ ਕੇ ਹੀ ਰੇਆਂ-ਸਪਰੇਆਂ ਦੀ ਵਰਤੋਂ ਕਰਨ ਜਿੰਨੀ ਫਸਲ ਨੂੰ ਵੱਧਣ-ਫੁੱਲਣ ਲਈ ਲੋੜੀਂਦੀ ਚਾਹੀਦੀ ਹੁੰਦੀ ਹੈ।

ਸ਼ਰੂਤੀ ਗੋਇਲ

ਪੂਰੀ ਕਹਾਣੀ ਪੜ੍ਹੋ

ਖੁਦ ਨੂੰ ਚੁਣੌਤੀ ਦੇ ਕੇ ਫਿਰ ਉਸ ਨਾਲ ਲੜਨਾ ਤੇ ਕਾਮਯਾਬ ਹੋਣਾ ਸਿੱਖੋ ਇਸ ਉੱਦਮੀ ਮਹਿਲਾ ਤੋਂ- ਸ਼ਰੂਤੀ ਗੋਇਲ

ਹਰ ਇਨਸਾਨ ਦੀ ਹਮੇਸ਼ਾਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹ ਜ਼ਿੰਦਗੀ ਵਿਚ ਕੁਝ ਅਜਿਹਾ ਵੱਖਰਾ ਕਰੇ ਜਿਸ ਨਾਲ ਉਸਦੀ ਪਹਿਚਾਣ ਉਸ ਦੇ ਨਾਮ ਨਾਲ ਨਹੀਂ ਸਗੋਂ ਉਸ ਦੇ ਕੰਮ ਕਰਕੇ ਹੋਵੇ ਅਤੇ ਬਹੁਤ ਇਨਸਾਨ ਅਜਿਹੇ ਹੁੰਦੇ ਹਨ, ਜਿਨ੍ਹਾਂ ਕੋਲ ਪਹਿਚਾਣ ਤੇ ਹੁੰਦੀ ਹੈ ਪਰ ਉਹ ਇਹ ਸੋਚਦੇ ਹਨ ਕਿ ਇਹ ਪਹਿਚਾਣ ਮੈਂ ਕਿਸੇ ਦੇ ਨਾਮ ਨਾਲ ਨਹੀਂ ਸਗੋਂ ਆਪਣੇ ਨਾਮ ਤੇ ਆਪਣੇ ਕੰਮ ਦੀ ਬਣਾਉਣੀ ਹੈ।

ਭਾਰਤ ਦੀ ਅਜਿਹੀ ਪਹਿਲੀ ਮਹਿਲਾ ਸ਼ਰੂਤੀ ਗੋਇਲ ਜਿਨ੍ਹਾਂ ਨੂੰ ਫ਼ੂਡ ਪ੍ਰੋਸੈਸਿੰਗ ਦੇ ਵਿੱਚ 2 ਲਾਈਸੈਂਸ ਸਰਕਾਰ ਵੱਲੋਂ ਪ੍ਰਾਪਤ ਹੋ ਚੁੱਕੇ ਹਨ, ਜੋ ਪਿੰਡ ਜਗਰਾਓਂ, ਜ਼ਿਲ੍ਹਾਂ ਲੁਧਿਆਣਾ ਦੇ ਰਹਿਣ ਵਾਲੇ ਹਨ। ਜਿਨ੍ਹਾਂ ਦੀ ਸੋਚ ਅਤੇ ਰਹਿਣੀ-ਬਹਿਣੀ ਇੰਨੀ ਵਿਸ਼ਾਲ ਹੈ ਕਿ ਮਾਪਿਆਂ ਦਾ ਨਾਮ ਹੁੰਦਿਆਂ ਹੋਇਆ ਵੀ ਆਪਣੀ ਵੱਖਰੀ ਪਹਿਚਾਣ ਬਣਾਉਣ ਵਿੱਚ ਜੁੱਟ ਗਏ ਅਤੇ ਕਾਮਯਾਬ ਵੀ ਹੋ ਕੇ ਦਿਖਾਇਆ।

ਮੈਂ ਖੁਦ ਕੁਝ ਵੱਖਰਾ ਕਰਨਾ ਚਾਹੁੰਦੀ ਸੀ- ਸ਼ਰੂਤੀ ਗੋਇਲ

ਵੈਸੇ ਤਾਂ ਸ਼ਰੂਤੀ ਦੀ ਪਹਿਚਾਣ ਉਨ੍ਹਾਂ ਦੇ ਮਾਤਾ ਅਨੀਤਾ ਗੋਇਲ ਕਰਕੇ ਜੀ ਬਣੀ ਹੋਈ ਸੀ, ਜੋ ਕਿ ਜ਼ਾਇਕਾ ਫ਼ੂਡ ਨਾਮ ਦੇ ਬ੍ਰੈਂਡ ਨੂੰ ਮਾਰਕੀਟ ਵਿੱਚ ਲੈ ਕੇ ਆਏ ਅਤੇ ਅੱਜ ਬਹੁਤ ਵੱਡੇ ਪੱਧਰ ਤੇ ਕੰਮ ਕਰ ਰਹੇ ਹਨ। ਜਿੱਥੇ ਹਰ ਕੋਈ ਭਲੀ-ਭਾਂਤੀ ਚੰਗੀ ਤਰ੍ਹਾਂ ਜਾਣਦਾ ਹੈ ਤੇ ਪਹਿਲਾ ਸ਼ਰੂਤੀ ਜੀ ਆਂਵਲਾ ਕੈਂਡੀ ‘ਤੇ ਕੰਮ ਕਰ ਰਹੇ ਸਨ ਜੋ ਕਿ ਜ਼ਾਇਕਾ ਫ਼ੂਡ ਨੂੰ ਪੇਸ਼ ਕਰ ਰਿਹਾ ਸੀ।

ਸ਼ੁਰੂਆਤੀ ਸਮੇਂ ਵਿੱਚ ਸ਼ਰੂਤੀ ਆਪਣੇ ਮਾਤਾ ਅਨੀਤਾ ਗੋਇਲ ਨਾਲ ਕੰਮ ਕਰਦੇ ਸਨ ਅਤੇ ਖੁਸ਼ ਵੀ ਸਨ, ਜਿੱਥੋਂ ਕਿ ਸ਼ਰੂਤੀ ਨੂੰ ਫ਼ੂਡ ਪ੍ਰੋਸੈਸਿੰਗ, ਮਾਰਕੀਟਿੰਗ ਬਾਰੇ ਬਹੁਤ ਕੁਝ ਪਤਾ ਚਲ ਗਿਆ ਸੀ ਅਤੇ ਅਕਸਰ ਜਦੋਂ ਕਦੇ ਵੀ ਮਾਰਕੀਟਿੰਗ ਕਰਨ ਜਾਂਦੇ ਸੀ ਤਾਂ ਜ਼ਿਆਦਾਤਰ ਉਹ ਹੀ ਜਾਂਦੇ ਸਨ। ਜਿਸ ਨਾਲ ਦਿਨ ਪ੍ਰਤੀ ਦਿਨ ਇਹਨਾਂ ਉਤਪਾਦਾਂ ਬਾਰੇ ਜਾਣਕਾਰੀ ਹਾਸਿਲ ਹੁੰਦੀ ਗਈ। ਪਰ ਮਨ ਵਿੱਚ ਹਮੇਸ਼ਾਂ ਇੱਕ ਗੱਲ ਘੁੰਮਦੀ ਰਹਿੰਦੀ ਸੀ ਜੇਕਰ ਕੋਈ ਕੰਮ ਕਰਨਾ ਹੈ ਤਾਂ ਆਪਣਾ ਖੁਦ ਦਾ ਕਰਨਾ ਹੈ ਅਤੇ ਵੱਖਰੀ ਪਹਿਚਾਣ ਬਣਾਉਣੀ ਹੈ।

ਸਾਲ 2020 ਦੇ ਫਰਵਰੀ ਮਹੀਨੇ ਵਿੱਚ ਸ਼ਰੂਤੀ ਜੀ ਜ਼ਾਇਕਾ ਫ਼ੂਡ ਨੂੰ ਪੇਸ਼ ਕਰਦੇ ਹੋਏ ਇੱਕ SIDBI ਦੇ ਮੇਲੇ ਵਿੱਚ ਗਏ ਸਨ, ਤਾਂ ਉੱਥੇ ਉਨ੍ਹਾਂ ਦੀ SIDBI ਬੈਂਕ ਦੇ GM ਰਾਹੁਲ ਜੀ ਨਾਲ ਨਾਲ ਮੁਲਾਕਾਤ ਹੋਈ। ਮੁਲਾਕਾਤ ਦੌਰਾਨ ਰਾਹੁਲ ਜੀ ਨੇ ਆਖਿਆ, ਬੇਟਾ, ਤੂੰ ਖੁਦ ਦੀ ਪਹਿਚਾਣ ਉੱਤੇ ਕੰਮ ਕਰ, ਕਿਉਂਕਿ ਤੇਰਾ ਕੰਮ ਕਰਨ ਦਾ ਤਰੀਕਾ ਵੱਖਰਾ ਤੇ ਬਹੁਤ ਹੀ ਵਧੀਆ ਹੈ, ਤੂੰ ਇੰਝ ਆਪਣਾ ਅਲਗ ਕੰਮ ਸ਼ੁਰੂ ਕਰਨ ਬਾਰੇ ਜ਼ਰੂਰ ਸੋਚੀ।

ਮੇਰੇ ਮਨ ਵਿੱਚ ਬਹੁਤ ਸਾਰੇ ਸਵਾਲ ਉੱਠਣ ਲੱਗੇ, ਅਜਿਹਾ ਮੈਂ ਕੀ ਕਰਾਂ ਜਿਸ ਨਾਲ ਮੈਂ ਪਹਿਚਾਣ ਬਣਾ ਸਕਦੀ ਹਾਂ- ਸ਼ਰੂਤੀ ਗੋਇਲ

ਉਹਨਾਂ ਨੂੰ ਚੁਣੌਤੀ ਲੈਣਾ ਬਹੁਤ ਪਸੰਦ ਹਨ ਅਤੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਗੇ ਵੱਧਦੇ ਗਏ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਕਰਨਾ ਕੀ ਹੈ। ਇੱਕ ਦਿਨ ਉਹ ਕਿਤੇ ਫੰਕਸ਼ਨ ਤੇ ਗਏ ਸਨ, ਤਾਂ ਉੱਥੇ ਉਹ ਸਜਾਵਟ ਵੱਲ ਦੇਖ ਰਹੇ ਸਨ। ਦੇਖਣ ਉਪਰੰਤ ਅਚਾਨਕ ਨਜ਼ਰ ਗੁਲਾਬ ਦੇ ਫੁੱਲਾਂ ਦੀ ਤਰਫ ਗਈ ਤੇ ਜਦੋਂ ਫੰਕਸ਼ਨ ਖਤਮ ਹੋਇਆ ਤਾਂ ਕੀ ਦੇਖਦੇ ਹਨ, ਕਰਮਚਾਰੀ ਤਾਜ਼ੇ ਫੁੱਲਾਂ ਨੂੰ ਕੂੜੇ-ਕਚਰੇ ਵਿੱਚ ਸੁੱਟ ਰਹੇ ਸਨ। ਜਿਸ ਨਾਲ ਉਹਨਾਂ ਦੇ ਮਨ ਵਿੱਚ ਉਦਾਸੀ ਜਿਹੀ ਪੈਦਾ ਹੋ ਗਈ ਕਿ ਇੰਨੀ ਕੰਮ ਦੀ ਚੀਜ ਨੂੰ ਕਿਵੇਂ ਬੇਕਾਰ ਸੁੱਟ ਰਹੇ ਹਨ ਕਿਉਂਕਿ ਗੁਲਾਬ ਇੱਕ ਅਜਿਹਾ ਫੁੱਲ ਹੈ ਜੋ ਸੁੰਦਰਤਾ ਦੇ ਲਈ ਪਹਿਲੇ ਨੰਬਰ ‘ਤੇ ਆਉਂਦਾ ਹੈ।

ਜਦੋਂ ਉਹ ਘਰ ਆਏ ਤਾਂ ਮਨ ਵਿੱਚ ਫੰਕਸ਼ਨ ਵਿੱਚ ਦੇਖੇ ਹੋਏ ਦ੍ਰਿਸ਼ ਬਾਰੇ ਭੁੱਲ ਨਹੀਂ ਰਹੇ ਸੀ। ਦਿਮਾਗ ਵਿੱਚ ਓਹੀ ਦ੍ਰਿਸ਼ ਵਾਰ-ਵਾਰ ਅੱਖਾਂ ਸਾਹਮਣੇ ਘੁੰਮਦਾ ਰਿਹਾ। ਕੁਝ ਸਮਝ ਨਹੀਂ ਲੱਗ ਰਿਹਾ ਕੀ ਕੀਤਾ ਜਾ ਸਕਦਾ ਹੈ। ਜਿਸ ਨਾਲ ਇਕ ਤਾਂ ਉਹ ਬੇਕਾਰ ਨਾ ਹੋਵੇ ਦੂਸਰਾ ਇਸ ਦੀ ਸਹੀ ਵਰਤੋਂ ਹੋਵੇ।

ਬਹੁਤ ਸਮਾਂ ਰਿਸਰਚ ਕਰਨ ਮਗਰੋਂ ਉਨ੍ਹਾਂ ਦੇ ਮਨ ਵਿੱਚ ਖਿਆਲ ਆਇਆ ਕਿਉਂ ਨਾ ਗੁਲਾਬ ਦੀਆਂ ਪੱਤੀਆਂ ਇਕੱਠੇ ਕਰਕੇ ਜੈਮ ਬਣਾਇਆ ਜਾਵੇ ਜੋ ਗਲੂਕੰਦ ਮੁਕਤ ਹੋਵੇ ਅਤੇ ਜਿਸ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਰੰਗ ਤੇ ਮਿਲਾਵਟ ਨਾ ਹੋਵੇ। ਵੈਸੇ ਉਨ੍ਹਾਂ ਨੇ ਪਹਿਲਾ ਹੀ ਫ਼ੂਡ ਨੂਟ੍ਰਿਸ਼ਨ ਦੀ ਇੱਕ ਸਾਲ ਦੀ ਟ੍ਰੇਨਿੰਗ ਕੀਤੀ ਹੋਈ ਸੀ, ਸ਼ਰੂਤੀ ਲਈ ਇੱਕ ਗੱਲ ਬਹੁਤ ਹੀ ਫਾਇਦੇਮੰਦ ਸਾਬਿਤ ਹੋਈ,ਕਿਉਂਕਿ ਉਨ੍ਹਾਂ ਨੂੰ ਜਾਣਕਾਰੀ ਤੇ ਬਹੁਤ ਸੀ ਦੂਸਰਾ ਉਹ ਆਪਣੇ ਮਾਤਾ ਜੀ ਨਾਲ ਪ੍ਰੋਸੈਸਿੰਗ ਤੇ ਮਾਰਕੀਟਿੰਗ ਦਾ ਕੰਮ ਕਰਦੇ ਸਨ।

ਪਰ ਇੰਨਾ ਸਭ ਕੁਝ ਰਿਸਰਚ ਕਰਨ ਮਗਰੋਂ ਇੱਕ ਚਿੰਤਾ ਸਤਾ ਰਹੀ ਸੀ ਕਿ ਪਰਿਵਾਰ ਵਾਲੇ ਇਸ ਤਰ੍ਹਾਂ ਆਪਣਾ ਅਲਗ ਕੰਮ ਕਰਨ ਲਈ ਮੰਨਣਗੇ ਕਿ ਨਹੀਂ, ਤੇ ਉਹੀ ਗੱਲ ਹੋਈ ਪਰਿਵਾਰ ਵਾਲਿਆਂ ਨੇ ਸਾਫ ਇੰਨਕਾਰ ਕਰ ਦਿੱਤਾ। ਉਸ ਸਮੇਂ ਮਾਤਾ ਜੀ ਨੇ ਕਿਹਾ ਕਿ ਬੇਟਾ, ਜ਼ਾਇਕਾ ਫ਼ੂਡ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ, ਉਸ ਵਿੱਚ ਹੀ ਮਿਲ ਕੇ ਮਿਹਨਤ ਕਰਦੇ ਹਨ। ਪਰ ਸ਼ਰੂਤੀ ਦਾ ਹੋਂਸਲਾ ਅਟੁੱਟ ਸੀ ਉਨ੍ਹਾਂ ਨੇ ਆਪਣੀ ਗੱਲ ਮਨਵਾ ਕੇ ਛੱਡੀ।

ਇਸ ਮਗਰੋਂ ਸ਼ਰੂਤੀ ਨੇ ਗੁਲਾਬ ਦੀਆਂ ਪੱਤੀਆਂ ਨੂੰ ਇਕੱਠੇ ਕਰਕੇ ਉਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਇਸ ਵਿੱਚ ਉਨ੍ਹਾਂ ਦੀ ਮਦਦ ਡਾਕਟਰ ਮਰੀਦੁਲਾ ਮੈਮ ਨੇ ਕੀਤੀ। ਸ਼ਰੂਤੀ ਨੇ CIPHET, ਲੁਧਿਆਣਾ ਤੋਂ ਟ੍ਰੇਨਿੰਗ ਤਾਂ ਲਈ ਹੋਈ ਸੀ ਤਾਂ ਉਹਨਾਂ ਨੇ ਇਕੱਠੇ ਕੀਤੇ ਗੁਲਾਬ ਦੀਆਂ ਪੱਤੀਆਂ ਨੂੰ ਤੋੜ ਕੇ ਆਪਣੀ ਮਾਤਾ ਜੀ ਦੇ ਨਾਲ ਆਪਣੇ ਘਰ ਵਿਖੇ ਹੀ ਪ੍ਰੋਸੈਸਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਪਹਿਲੀ ਬਾਰ ਜੈਮ ਬਣਾਇਆ, ਜਿਸ ਨੂੰ ਉਨ੍ਹਾਂ ਨੇ ਬਾਅਦ ਵਿੱਚ Rose Petal Jam ਦਾ ਨਾਮ ਦਿੱਤਾ। ਜਿਸ ਦਾ ਫਾਇਦਾ ਇਹ ਸੀ ਕਿ ਤੁਸੀਂ ਇਸ ਨੂੰ ਕਿਸੇ ਵੀ ਤਰੀਕੇ ਨਾਲ ਚਾਹੇ ਦੁੱਧ ਵਿੱਚ ਪਾ ਕੇ, ਚਮਚਾ ਭਰ ਕੇ ਖਾ ਜਾਂ ਫਿਰ ਆਇਸ ਕਰੀਮ ਦੇ ਉੱਪਰ ਇਸਦੀ ਸਜਾਵਟ ਕਰ ਸਕਦੇ ਹਨ। ਜੋ ਖਾਣ ਵਿੱਚ ਵੀ ਬਹੁਤ ਸਵਾਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਗੁਲਾਬ ਦੇ ਫੁੱਲਾਂ ਦਾ ਸ਼ਰਬਤ ਬਣਾਇਆ, ਜਿਸ ਵਿੱਚ ਸਾਰੀਆਂ ਪੋਸ਼ਕ ਤੱਤ ਵਾਲਿਆਂ ਵਸਤਾਂ ਮੌਜੂਦ ਹਨ ਜੋ ਸਰੀਰ ਨੂੰ ਇਮੂਨਿਟੀ ਨੂੰ ਵਧਾਉਣ ਅਤੇ ਤਾਕਤਵਰ ਬਣਾਉਣ ਲਈ ਜਰੂਰੀ ਹੁੰਦੀਆਂ ਹਨ।

ਕਾਫੀ ਲੰਬੇ ਸਮੇਂ ਤੋਂ ਸ਼ਰੂਤੀ ਬਿਨਾਂ ਬ੍ਰੈਂਡ ਅਤੇ ਪੈਕਿੰਗ ਤੋਂ ਆਪਣੀ ਹੀ ਦੁਕਾਨ ‘ਤੇ ਮਾਰਕੀਟਿੰਗ ਕਰਦੇ ਗਏ ਪਰ ਉੱਥੋਂ ਕੁੱਝ ਨਹੀਂ ਹਾਸਿਲ ਹੋਇਆ। ਜਿਸ ਨਾਲ ਨਿਰਾਸ਼ ਹੋ ਕੇ ਬੈਠ ਗਏ, ਕਹਿੰਦੇ ਹਨ ਜਦੋਂ ਮੁਸ਼ਕਿਲ ਆਉਂਦੀ ਹੈ ਤਾਂ ਉਹ ਸਾਡੇ ਭਲੇ ਲਈ ਹੀ ਆਉਂਦੀ ਹੈ। ਇਸ ਤਰ੍ਹਾਂ ਹੀ ਸ਼ਰੂਤੀ ਗੋਇਲ ਜੀ ਨਾਲ ਹੋਇਆ।

ਇੱਕ ਦਿਨ ਉਹ ਬੈਠੇ ਹੀ ਸੀ ਤੇ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਇਸਦੀ ਚੰਗੇ ਤਰੀਕੇ ਨਾਲ ਪੈਕਿੰਗ ਕਰ ਕੇ ਅਤੇ ਬ੍ਰੈਂਡ ਨਾਲ ਮਾਰਕੀਟ ਵਿੱਚ ਉਤਾਰਿਆ ਜਾਵੇ, ਜਿਸ ਨਾਲ ਇੱਕ ਤਾਂ ਲੋਕਾਂ ਨੂੰ ਇਸ ਉਪਰ ਲਿਖੀ ਜਾਣਕਾਰੀ ਪੜ੍ਹ ਕੇ ਪਤਾ ਲੱਗੇਗਾ ਦੂਸਰਾ ਇਕ ਵੱਖਰਾ ਬ੍ਰੈਂਡ ਨਾਮ ਲੋਕਾਂ ਦੀ ਖਿੱਚ ਦਾ ਕਾਰਨ ਬਣੇਗਾ।

ਮੈਂ ਬ੍ਰੈਂਡ ਬਾਰੇ ਰਿਸਰਚ ਕਰਨ ਲੱਗੀ ਜੋ ਕਿ ਵੱਖਰਾ ਤੇ ਜਿਸ ਵਿੱਚੋਂ ਪੁਰਾਣੇ ਸੰਸਕ੍ਰਿਤੀ ਦੀ ਮਹਿਕ ਆਉਂਦੀ ਹੋਵੇ- ਸ਼ਰੂਤੀ ਗੋਇਲ

ਬਹੁਤ ਜ਼ਿਆਦਾ ਇੰਟਰਨੇਟ ‘ਤੇ ਲੱਭਣ ਮਗਰੋਂ ਉਨ੍ਹਾਂ ਨੂੰ ਇੱਕ ਸੰਸਕ੍ਰਿਤ ਦਾ ਨਾਮ ਦਿਮਾਗ ਵਿਚ ਆਇਆ ਜਿਸ ਨੂੰ ਲੈ ਕੇ ਉਹ ਬਹੁਤ ਖੁਸ਼ ਹੋਏ, ਫਿਰ “ਸਵਾਦਮ ਲਾਭ” ਬ੍ਰੈਂਡ ਰੱਖਣ ਦਾ ਫੈਸਲਾ ਕੀਤਾ, ਜਿਸ ਪਿੱਛੇ ਵੀ ਇਕ ਮਹੱਤਤਾ ਹੈ, ਜਿਵੇਂ ਸਵਾ ਮਤਲਬ ਸਵਾਦ ਹੋਵੇ, ਦਮ ਉਹ ਤਾਕਤਵਰ ਹੋਵੇ, ਲਾਭ ਦਾ ਮਤਲਬ ਖਾ ਕੇ ਸਰੀਰ ਨੂੰ ਕੋਈ ਲਾਭ ਪਹੁੰਚੇ। ਇਸ ਤਰ੍ਹਾਂ ਬ੍ਰੈਂਡ ਦਾ ਨਾਮ ਰੱਖਿਆ।

ਫਿਰ ਕੀ ਉਨ੍ਹਾਂ ਨੇ ਦੇਰ ਨਾ ਕਰਦੇ ਹੋਏ ਜੈਮ ਅਤੇ ਸ਼ਰਬਤ ਨੂੰ ਮਾਰਕੀਟ ਵਿੱਚ ਲੈ ਕੇ ਆਏ ਅਤੇ ਉਸਦੀ ਮਾਰਕੀਟਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਵਿੱਚ ਉਨ੍ਹਾਂ ਦੀ ਬਹੁਤ ਮਦਦ ਡਾਕਟਰ ਰਮਨਦੀਪ ਸਿੰਘ ਜੀ ਨੇ ਕੀਤੀ ਜੋ ਕਿ ਪੀ ਏ ਯੂ ਵਿੱਚ ਐਗਰੀ ਬਿਜ਼ਨਿਸ ਵਿਸ਼ੇ ਦੇ ਪ੍ਰੋਫੈਸਰ ਹਨ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਤੇ ਉਦਮੀਆਂ ਨੂੰ ਉੱਚੀ ਪਦਵੀ ‘ਤੇ ਪਹੁੰਚਾਉਣ ਵਿੱਚ ਹਮੇਸ਼ਾਂ ਤਿਆਰ ਰਹਿੰਦੇ ਹਨ। ਇਸ ਤਰ੍ਹਾਂ ਹੀ ਡਾਕਟਰ ਰਮਨਦੀਪ ਜੀ ਨੇ ਸ਼ਰੂਤੀ ਦੀ ਬਹੁਤ ਸਾਰੇ ਚੈਨਲ ਦੇ ਨਾਲ ਇੰਟਰਵਿਊ ਕਰਵਾਈ ਜਿੱਥੇ ਸ਼ਰੂਤੀ ਬਾਰੇ ਲੋਕਾਂ ਨੂੰ ਪਤਾ ਲੱਗਣ ਲੱਗਾ ਅਤੇ ਉਹਨਾਂ ਦਾ ਜੈਮ ਤੇ ਸ਼ਰਬਤ ਦੀ ਮੰਗ ਵੱਧਣ ਲੱਗੀ ਤੇ ਮਾਰਕੀਟਿੰਗ ਵਿੱਚ ਪ੍ਰਸਾਰ ਹੋਣ ਲੱਗਾ।

ਜਦੋਂ ਅਹਿਸਾਸ ਹੋਇਆ ਕਿ ਮਾਰਕੀਟਿੰਗ ਸਹੀ ਤਰੀਕੇ ਨਾਲ ਚੱਲ ਰਹੀ ਹੈ ਤਾਂ ਜੈਮ ਦੇ ਨਾਲ ਆਂਵਲਾ ਕੈਂਡੀ, ਕੱਦੂ ਦੇ ਬੀਜਾਂ ਉੱਪਰ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਿਸ ਵਿੱਚ ਉਨ੍ਹਾਂ ਦੇ ਕੱਦੂ ਦੇ ਬੀਜਾਂ ਤੋਂ 3 ਤੋਂ 4 ਪ੍ਰੋਡਕਟ ਤਿਆਰ ਕੀਤੇ ਜੋ ਕਿ ਗਲੂਟਨ ਮੁਕਤ ਹੈ। ਇਸ ਤਰ੍ਹਾਂ ਹੌਲੀ-ਹੌਲੀ ਮਾਰਕੀਟਿੰਗ ਵਿੱਚ ਪੈਰ ਜੰਮਦੇ ਗਏ। ਸਤੰਬਰ 2020 ਵਿੱਚ ਸਫਲ ਹੋਏ।

ਉਨ੍ਹਾਂ ਦੁਆਰਾ ਤਿਆਰ ਕੀਤੇ ਜਾਂਦੇ ਉਤਪਾਦ

  • ਜੈਮ
  • ਸ਼ਰਬਤ
  • ਕੇਕ
  • ਪੰਜੀਰੀ
  • ਬਿਸਕੁਟ
  • ਲੱਡੂ
  • ਬ੍ਰੈਡ ਆਦਿ।

ਅੱਜ ਮਾਰਕੀਟਿੰਗ ਲਈ ਕਿਤੇ ਬਾਹਰ ਜਾਂ ਦੁਕਾਨ ਵਿਖੇ ਉਤਪਾਦ ਬਾਰੇ ਜ਼ਿਆਦਾ ਦੱਸਣਾ ਨਹੀਂ ਪੈਂਦਾ ਸਗੋਂ ਲੋਕਾਂ ਦੀ ਮੰਗ ਦੀ ਆਧਾਰ ‘ਤੇ ਵਿਕ ਜਾਂਦੇ ਹਨ। ਸ਼ਰੂਤੀ ਜੀ ਮਾਰਕੀਟਿੰਗ ਆਪਣੇ ਲੁਧਿਆਣਾ ਸ਼ਹਿਰ ਤੇ ਚੰਡੀਗੜ੍ਹ ਵਿਖੇ ਕਰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਬਹੁਤ ਸਾਰੇ ਲੋਕ ਜਾਣਦੇ ਹਨ ਅਤੇ ਮਾਰਕੀਟਿੰਗ ਹੋ ਜਾਂਦੀ ਹੈ। ਉਹ ਖੁਸ਼ ਹਨ ਅਤੇ ਇਸ ਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾਣਾ ਚਾਹੁੰਦੇ ਹਨ।

ਸ਼ਰੂਤੀ ਨੂੰ ਬਹੁਤ ਥਾਵਾਂ ‘ਤੇ ਉਨ੍ਹਾਂ ਦੇ ਕੰਮ ਦੇ ਲਈ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਸ਼ਰੂਤੀ ਜੀ ਅਜਿਹੇ ਇੱਕ ਮਹਿਲਾ ਉਦਮੀ ਹਨ ਜਿਨ੍ਹਾਂ ਨੇ ਖੁਦ ਨੂੰ ਚੁਣੌਤੀ ਦਿੱਤੀ ਸੀ ਕਿ ਖੁਦ ਨਾਲ ਲੜ੍ਹ ਕੇ ਕਾਮਯਾਬੀ ਹਾਸਿਲ ਕਰਨੀ ਹੈ, ਜਿਸ ਤੇ ਉਹ ਸਫਲ ਸਾਬਿਤ ਹੋਏ ਤੇ ਅੱਜ ਉਹਨਾਂ ਨੂੰ ਆਪਣੇ ਆਪ ‘ਤੇ ਮਾਣ ਹੈ ਅਤੇ ਆਪਣੇ ਖਾਨਦਾਨ ਦਾ ਨਾਮ ਰੋਸ਼ਨ ਕੀਤਾ।

ਭਵਿੱਖ ਦੀ ਯੋਜਨਾ

ਉਹ ਅੱਗੇ ਵੀ ਇਸ ਨੂੰ ਹੋਰ ਵੱਡੇ ਪੱਧਰ ‘ਤੇ ਲੈ ਕੇ ਜਾਣਾ ਚਾਹੁੰਦੇ ਹਨ। ਬਾਕੀ ਮਕਸਦ ਇਹ ਕਿ ਉਨ੍ਹਾਂ ਦੇ ਉਤਪਾਦਾਂ ਬਾਰੇ ਲੋਕ ਇੰਨੇ ਜਾਗਰੂਕ ਹੋਣ ਜੋ ਥੋੜਾ ਬਹੁਤ ਦੱਸਣਾ ਪੈਂਦਾ ਹੈ, ਉਹ ਵੀ ਨਾ ਦੱਸਣਾ ਪਵੇ। ਸਗੋਂ ਆਪਣੇ ਆਪ ਹੀ ਵਿਕ ਜਾਵੇ। ਇਸ ਦੇ ਨਾਲ-ਨਾਲ ਹਰੀ ਮਿਰਚ ਦਾ ਪਾਊਡਰ ਬਣਾ ਕੇ ਮਾਰਕੀਟਿੰਗ ਕਰਨਾ ਚਾਹੁੰਦੇ ਹਨ।

ਸੰਦੇਸ਼

ਹਰ ਇੱਕ ਮਹਿਲਾ ਨੂੰ ਚਾਹੀਦਾ ਹੈ, ਕਿ ਉਹ ਕਿਸੇ ਤੇ ਨਿਰਭਰ ਨਾ ਰਹਿ ਕੇ ਸਗੋਂ ਖੁਦ ਦਾ ਕੋਈ ਕਿੱਤਾ ਸ਼ੁਰੂ ਕਰੇ ਜਿਸ ਦਾ ਉਸਨੂੰ ਸ਼ੋਂਕ ਵੀ ਹੋਵੇ ਅਤੇ ਉਸਨੂੰ ਵੱਡੇ ਪੱਧਰ ‘ਤੇ ਲੈ ਕੇ ਜਾਣ ਦੀ ਹਿੰਮਤ ਵੀ ਹੋਵੇ।