ਕਿਵੇਂ ਫੁੱਲਾਂ ਦੀ ਖਿਲਰ ਰਹੀ ਖੁਸ਼ਬੂ ਨੇ ਪੰਜਾਬ ਵਿੱਚ ਸੰਭਾਵਿਤ ਫੁੱਲਾਂ ਦੀ ਖੇਤੀ ਦੇ ਇੱਕ ਨਵੇਂ ਕੇਂਦਰ ਦੀ ਸਥਾਪਨਾ ਕੀਤੀ
ਫੁੱਲਾਂ ਦੀ ਖੇਤੀ ਵਿੱਚ ਨਿਵੇਸ਼ ਕਰਨਾ ਤਰੱਕੀ ਲਈ ਇੱਕ ਚੰਗਾ ਵਿਕਲਪ ਹੈ, ਜਿਸ ਵਿੱਚ ਕਿਸਾਨ ਵੱਧ ਦਿਲਚਸਪੀ ਲੈ ਰਹੇ ਹਨ। ਫੁੱਲਾਂ ਦੀ ਖੇਤੀ ਦੇ ਕਈ ਸਫ਼ਲ ਕਿਸਾਨ, ਜੋ ਗਲੈਡੀਓਲਸ, ਗੁਲਾਬ, ਗੇਂਦੇ ਅਤੇ ਕਈ ਹੋਰ ਫੁੱਲਾਂ ਦੀ ਖੁਸ਼ਬੂ ਫੈਲਾ ਰਹੇ ਹਨ ਅਤੇ ਪੰਜਾਬ ਵਿੱਚ ਸੰਭਾਵਿਤ ਫੁੱਲਾਂ ਦੀ ਖੇਤੀ ਦੇ ਇੱਕ ਨਵੇਂ ਕੇਂਦਰ ਦਾ ਨਿਰਮਾਣ ਕਰ ਰਹੇ ਹਨ। ਇੱਕ ਕਿਸਾਨ ਜੋ ਫੁੱਲਾਂ ਅਤੇ ਸਬਜ਼ੀਆਂ ਦੇ ਵਪਾਰ ਤੋਂ ਅਧਿਕ ਲਾਭ ਕਮਾ ਰਿਹਾ ਹੈ, ਉਹ ਹਨ – ਮਨੀ ਕਲੇਰ।
ਹੋਰ ਜ਼ਿਮੀਂਦਾਰਾਂ ਦੀ ਤਰ੍ਹਾਂ, ਕਲੇਰ ਪਰਿਵਾਰ ਆਪਣੀ ਜ਼ਮੀਨ ਹੋਰਨਾਂ ਕਿਸਾਨਾਂ ਕੋਲ ਕਿਰਾਏ ‘ਤੇ ਦਿੰਦੇ ਸਨ ਅਤੇ ਜ਼ਮੀਨ ਦੇ ਇੱਕ ਛੋਟੇ ਟੁਕੜੇ ‘ਤੇ ਉਹ ਘਰੇਲੂ ਵਰਤੋਂ ਲਈ ਕਣਕ ਅਤੇ ਝੋਨੇ ਦੀ ਖੇਤੀ ਕਰਦੇ ਹਨ। ਪਰ ਜਦੋਂ ਮਨੀ ਕਲੇਰ ਜੀ ਨੇ ਆਪਣੀ ਸਿੱਖਿਆ ਪੂਰੀ ਕੀਤੀ, ਤਾਂ ਉਨ੍ਹਾਂ ਨੇ ਬਾਗਬਾਨੀ ਦੇ ਧੰਦੇ ਵਿੱਚ ਕਦਮ ਰੱਖਣ ਦਾ ਫੈਸਲਾ ਕੀਤਾ। ਮਨੀ ਨੇ ਕਿਰਾਏ ‘ਤੇ ਦਿੱਤਾ ਜ਼ਮੀਨ ਦਾ ਅੱਧਾ ਹਿੱਸਾ(20 ਏਕੜ) ਵਾਪਸ ਲੈ ਲਿਆ ਅਤੇ ਉਸ ‘ਤੇ ਖੇਤੀ ਕਰਨੀ ਸ਼ੁਰੂ ਕੀਤੀ।
ਕੁੱਝ ਸਮੇਂ ਬਾਅਦ, ਇੱਕ ਰਿਸ਼ਤੇਦਾਰ ਦੀ ਸਹਾਇਤਾ ਨਾਲ ਮਨੀ ਨੂੰ RTS Flower ਦੇ ਵਪਾਰ ਬਾਰੇ ਪਤਾ ਲੱਗਾ, ਜੋ ਕਿ ਗੁਰਵਿੰਦਰ ਸਿੰਘ ਸੋਹੀ ਦੁਆਰਾ ਸਫ਼ਲਤਾਪੂਰਵਕ ਚਲਾਇਆ ਜਾਂਦਾ ਹੈ। ਇਸ ਲਈ RTS Flower ਦੇ ਮਾਲਕ ਤੋਂ ਪ੍ਰੇਰਿਤ ਹੋਣ ਤੋਂ ਬਾਅਦ ਮਨੀ ਨੇ ਵੀ ਆਖਰ ਆਪਣਾ ਫੁੱਲਾਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ ਅਤੇ ਪੇਟੂਨੀਆ, ਬਾਰਬਿਨਾ ਅਤੇ ਮੇਸਟੇਸਿਅਮ ਆਦਿ ਜਿਹੇ ਪੰਜ ਤੋਂ ਛੇ ਪ੍ਰਕਾਰ ਦੇ ਫੁੱਲ ਉਗਾਉਣੇ ਸ਼ੁਰੂ ਕੀਤੇ।
ਸ਼ੁਰੂਆਤ ਵਿੱਚ ਉਨ੍ਹਾਂ ਨੇ ਕਾਂਟ੍ਰੈਕਟ ਫਾਰਮਿੰਗ ਵਿੱਚ ਵੀ ਕੋਸ਼ਿਸ਼ ਕੀਤੀ, ਪਰ ਕਾਂਟ੍ਰੈਕਟਡ ਕੰਪਨੀ ਦੇ ਨਾਲ ਇੱਕ ਬੁਰੇ ਤਜ਼ਰਬੇ ਤੋਂ ਬਾਅਦ ਉਨ੍ਹਾਂ ਨੇ ਅਲੱਗ ਹੋਣ ਦਾ ਫੈਸਲਾ ਕੀਤਾ।
ਫੁੱਲਾਂ ਦੀ ਖੇਤੀ ਦੇ ਦੂਸਰੇ ਸਾਲ ਵਿੱਚ ਉਨ੍ਹਾਂ ਨੇ ਗੁਰਵਿੰਦਰ ਸਿੰਘ ਸੋਹੀ ਤੋਂ 1 ਲੱਖ ਦੇ ਬੀਜ ਖਰੀਦੇ। ਉਨ੍ਹਾਂ ਨੇ 2 ਕਨਾਲ ਵਿੱਚ ਗਲੈਡੀਓਲਸ ਦੀ ਖੇਤੀ ਸ਼ੁਰੂ ਕੀਤੀ ਅਤੇ ਅੱਜ 2 ਸਾਲ ਬਾਅਦ ਉਨ੍ਹਾਂ ਨੇ 5 ਏਕੜ ਵਿੱਚ ਫਾਰਮ ਵਧਾ ਲਿਆ ਹੈ।
ਇਸ ਸਮੇਂ ਉਹ 20 ਏਕੜ ਜ਼ਮੀਨ ‘ਤੇ ਖੇਤੀ ਕਰ ਰਹੇ ਹਨ, ਜਿਸ ਵਿੱਚੋਂ ਉਹ 4 ਏਕੜ ਸਬਜ਼ੀਆਂ ਦੀ ਲੋਅ-ਟੱਨਲ ਫਾਰਮਿੰਗ ਲਈ ਵਰਤਦੇ ਹਨ। ਇਸ ਵਿੱਚ ਉਹ ਕਰੇਲਾ, ਕੱਦੂ, ਬੈਂਗਣ, ਖੀਰਾ, ਖਰਬੂਜ਼ਾ, ਲਸਣ(1/2 ਏਕੜ) ਅਤੇ ਪਿਆਜ਼(1/2 ਏਕੜ) ਉਗਾਉਂਦੇ ਹਨ। ਘਰੇਲੂ ਲੋੜ ਲਈ ਉਹ ਕਣਕ ਅਤੇ ਝੋਨਾ ਉਗਾਉਂਦੇ ਹਨ। ਕੁੱਝ ਸਮੇਂ ਤੋਂ ਉਨ੍ਹਾਂ ਨੇ ਪਿਆਜ਼ ਦੇ ਬੀਜ ਤਿਆਰ ਕਰਨੇ ਵੀ ਸ਼ੁਰੂ ਕੀਤੇ ਹਨ।
ਸਖ਼ਤ-ਮਿਹਨਤ ਅਤੇ ਖੇਤੀ ਵਿਭਿੰਨਤਾ ਤਕਨੀਕ ਕਾਰਨ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਹੁਣ ਤੱਕ ਉਨ੍ਹਾਂ ਨੇ ਸਰਕਾਰ ਤੋਂ ਕੋਈ ਸਬਸਿਡੀ ਨਹੀਂ ਲਈ। ਉਹ ਮਾਰਕਿਟਿੰਗ ਦਾ ਪੂਰਾ ਪ੍ਰਬੰਧਨ ਖੁਦ ਕਰਦੇ ਹਨ ਅਤੇ ਫੁੱਲਾਂ ਨੂੰ ਦਿੱਲੀ ਅਤੇ ਕੁਰੂਕਸ਼ੇਤਰ ਦੀ ਮੰਡੀ ਵਿੱਚ ਵੇਚਦੇ ਹਨ। ਹਾਲਾਂਕਿ ਉਹ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਦੇ ਧੰਦੇ ਤੋਂ ਚੰਗਾ ਮੁਨਾਫ਼ਾ ਲੈ ਰਹੇ ਹਨ, ਪਰ ਫਿਰ ਵੀ ਉਨ੍ਹਾਂ ਨੂੰ ਫੁੱਲਾਂ ਦੀ ਖੇਤੀ ਵਿੱਚ ਕੁੱਝ ਸਮੱਸਿਆਵਾਂ ਆਉਂਦੀਆਂ ਹਨ, ਪਰ ਉਹ ਆਪਣਾ ਹੌਂਸਲਾ ਨਹੀਂ ਟੁੱਟਣ ਦਿੰਦੇ ਅਤੇ ਹਮੇਸ਼ਾ ਮਜ਼ਬੂਤ ਇਰਾਦੇ ਨਾਲ ਆਪਣਾ ਕੰਮ ਜਾਰੀ ਰੱਖਦੇ ਹਨ।
ਮਨੀ ਦੇ ਪਰਿਵਾਰ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਅਤੇ ਖੇਤੀਬਾੜੀ ਦੇ ਖੇਤਰ ਵਿੱਚ ਜੋ ਉਹ ਕਰਨਾ ਚਾਹੁੰਦੇ ਹਨ, ਉਸ ਤੋਂ ਕਦੇ ਨਹੀਂ ਰੋਕਿਆ। ਇਸ ਸਮੇਂ ਉਹ ਆਪਣੇ ਪਿਤਾ ਮਦਨ ਸਿੰਘ ਅਤੇ ਵੱਡੇ ਭਰਾ ਰਾਜੂ ਕਲੇਰ ਨਾਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਰਾਏ ਧਰਿਆਣਾ ਵਿੱਚ ਰਹਿ ਰਹੇ ਹਨ। ਦੁੱਧ ਉਤਪਾਦਨ ਲਈ ਉਨ੍ਹਾਂ ਨੇ 7 ਗਾਵਾਂ ਅਤੇ 2 ਮੁੱਰ੍ਹਾ ਮੱਝਾਂ ਰੱਖੀਆਂ ਹਨ। ਉਹ ਪਸ਼ੂਆਂ ਦੀ ਦੇਖਭਾਲ ਅਤੇ ਫੀਡ ਦੇ ਨਾਲ ਕਦੇ ਕੋਈ ਸਮਝੌਤਾ ਨਹੀਂ ਕਰਦੇ। ਉਹ ਜੈਵਿਕ ਢੰਗ ਨਾਲ ਉਗਾਏ ਝੋਨੇ, ਕਣਕ ਅਤੇ ਚਾਰੇ ਦੀਆਂ ਫਸਲਾਂ ਤੋਂ ਖੁਦ ਫੀਡ ਤਿਆਰ ਕਰਦੇ ਹਨ। ਵਿਹਲੇ ਸਮੇਂ ਵਿੱਚ ਉਹ ਗੰਨੇ ਦੇ ਰਸ ਤੋਂ ਗੁੜ ਤਿਆਰ ਕਰਦੇ ਹਨ ਅਤੇ ਪਿੰਡ ਵਾਲਿਆਂ ਨੂੰ ਵੇਚਦੇ ਹਨ।
ਭਵਿੱਖ ਦੀ ਯੋਜਨਾ:
ਆਉਣ ਵਾਲੇ ਸਮੇਂ ਵਿੱਚ ਉਹ ਫੁੱਲਾਂ ਦੀ ਖੇਤੀ ਦੇ ਕਾਰੋਬਾਰ ਨੂੰ ਹੋਰ ਵਧਾਉਣ ਦੀ ਯੋਜਨਾ ਬਣਾ ਰਹੇ ਹਨ।
ਸੰਦੇਸ਼
“
ਅੱਜ-ਕੱਲ੍ਹ ਦੇ ਕਿਸਾਨ ਕਣਕ ਅਤੇ ਝੋਨੇ ਦੇ ਰਵਾਇਤੀ ਚੱਕਰ ਵਿੱਚ ਫਸੇ ਹੋਏ ਹਨ। ਜੇਕਰ ਉਹ ਚੰਗੀ ਆਮਦਨ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਸੋਚਣਾ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਇਸ ਚੱਕਰ ਤੋਂ ਬਾਹਰ ਨਿਕਲ ਕੇ ਕੰਮ ਕਰਨਾ ਚਾਹੀਦਾ ਹੈ।
”