ਮਨਪ੍ਰੀਤ ਕੌਰ

ਪੂਰੀ ਕਹਾਣੀ ਪੜ੍ਹੋ

ਪੱਛਮੀ ਸੱਭਿਆਚਾਰ ਦੇ ਇਸ ਦੌਰ ਵਿੱਚ ਆਪਣੇ ਵਿਰਸੇ ਨੂੰ ਬਚਾਉਣ ਲਈ ਯੋਗਦਾਨ ਦੇ ਰਹੀ ਹੈ ਇਹ ਪੰਜਾਬ ਦੀ ਧੀ

ਅੱਜ-ਕੱਲ੍ਹ ਪੱਛਮੀ ਸੱਭਿਅਤਾ ਅਪਨਾਉਣ ਦੇ ਚੱਕਰ ਵਿੱਚ ਅਸੀਂ ਆਪਣੇ ਪੰਜਾਬ ਦੇ ਅਮੀਰ ਵਿਰਸੇ ਨੂੰ ਭੁੱਲਦੇ ਜਾ ਰਹੇ ਹਾਂ। ਸਾਡਾ ਸੱਭਿਆਚਾਰ, ਵਿਰਸਾ ਅਤੇ ਪਿਛੋਕੜ ਪ੍ਰਦਰਸ਼ਨੀਆਂ ਦਾ ਹਿੱਸਾ ਬਣ ਕੇ ਰਹਿ ਗਿਆ ਹੈ। ਪੁਰਾਣੇ ਸਮਿਆਂ ‘ਚ ਦਰੀਆਂ, ਖੇਸੀਆਂ ਅਤੇ ਫੁਲਕਾਰੀਆਂ ਕੱਢਣੀਆਂ ਪੰਜਾਬਣਾਂ ਦਾ ਸ਼ੌਂਕ ਹੁੰਦਾ ਸੀ। ਪਰ ਅੱਜ-ਕੱਲ੍ਹ ਫੁਲਕਾਰੀਆਂ ਕੱਢਣੀਆਂ ਤਾਂ ਕੀ, ਪੰਜਾਬਣਾਂ ਫੁਲਕਾਰੀਆਂ ਲੈਂਦੀਆਂ ਹੀ ਨਹੀਂ। ਸਾਡੀ ਨਵੀਂ ਪੀੜ੍ਹੀ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਫੁਲਕਾਰੀ ਹੁੰਦੀ ਕੀ ਹੈ?

ਪੱਛਮੀ ਸੱਭਿਅਤਾ ਦੇ ਇਸ ਦੌਰ ਵਿੱਚ ਪੰਜਾਬ ਦੀ ਇੱਕ ਅਜਿਹੀ ਧੀ ਹੈ, ਜੋ ਆਪਣਾ ਵਿਰਸਾ ਸਾਂਭਣ ਲਈ ਯਤਨਸ਼ੀਲ ਹੈ। ਤਰਨ ਤਾਰਨ ਜ਼ਿਲ੍ਹੇ ਦੀ ਅਰਥ-ਸ਼ਾਸਤਰ ਵਿੱਚ ਗ੍ਰੈਜੂਏਸ਼ਨ ਕਰਨ ਵਾਲੀ ਮਨਪ੍ਰੀਤ ਕੌਰ ਫੁਲਕਾਰੀਆਂ ਬਣਾਉਣ ਦਾ ਕੰਮ ਕਰਦੀ ਹੈ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਘਰ ਵਿੱਚ ਆਰਥਿਕ ਤੰਗੀ ਹੋਣ ਦੇ ਕਾਰਨ ਮਨਪ੍ਰੀਤ ਆਪਣੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੀ ਸੀ। ਮਨਪ੍ਰੀਤ ਦੇ ਦਾਦੀ ਜੀ ਅਤੇ ਮਾਤਾ ਜੀ ਫੁਲਕਾਰੀਆਂ ਬਣਾਇਆ ਕਰਦੇ ਸਨ। ਇੱਕ ਦਿਨ ਅਚਾਨਕ ਮਨਪ੍ਰੀਤ ਦੀ ਨਜ਼ਰ ਆਪਣੀ ਦਾਦੀ ਜੀ ਦੇ ਟਰੰਕ ਵਿੱਚ ਪਈ ਫੁਲਕਾਰੀ ‘ਤੇ ਪਈ, ਤਾਂ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਫੁਲਕਾਰੀ ਬਣਾਉਣ ਦੇ ਕੰਮ ਨੂੰ ਇੱਕ ਕਾਰੋਬਾਰ ਦੇ ਰੂਪ ਵਿੱਚ ਸ਼ੁਰੂ ਕੀਤਾ ਜਾਵੇ। ਆਪਣੀ ਇਸ ਸੋਚ ਨੂੰ ਹਕੀਕਤ ਵਿੱਚ ਬਦਲਣ ਲਈ ਮਨਪ੍ਰੀਤ ਨੇ ਆਪਣੇ ਦੋਸਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪਰ ਉਹਨਾਂ ਦੇ ਦੋਸਤਾਂ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਇਸ ਕਾਰੋਬਾਰ ਵਿੱਚ ਕੋਈ ਫਾਇਦਾ ਨਹੀਂ, ਅੱਜ-ਕੱਲ੍ਹ ਲੋਕ ਇਹ ਸਭ ਪਸੰਦ ਨਹੀਂ ਕਰਦੇ। ਸਾਰੇ ਕਹਿੰਦੇ ਸੀ ਕਿ ਇਸ ਕੰਮ ਵਿੱਚ ਕੋਈ ਫਾਇਦਾ ਨਹੀਂ।

“ਮੇਰੇ ਦੋਸਤਾਂ ਨੇ ਕਿਹਾ ਕਿ ਇਹ ਬੈਕਵਰਡ ਚੀਜ਼ ਆ, ਇਸਨੂੰ ਕੋਈ ਪਸੰਦ ਨਹੀਂ ਕਰਦਾ। ਇਸ ਗੱਲ ਨੇ ਮੈਨੂੰ ਇਹ ਸੋਚਣ ਲਈ ਮਜਬੂਰ ਕੀਤਾ ਕਿ ਲੋਕ ਇਸਨੂੰ ਬੈਕਵਰਡ ਕਿਉਂ ਸਮਝਦੇ ਹਨ? ਇਸ ਕਿਉਂ ਦਾ ਜਵਾਬ ਲੱਭਣਾ ਬਹੁਤ ਜ਼ਰੂਰੀ ਸੀ।” – ਮਨਪ੍ਰੀਤ ਕੌਰ

ਇਸ ਤੋਂ ਬਾਅਦ ਮਨਪ੍ਰੀਤ ਨੇ ਆਪਣੇ ਇਸ ਵਿਰਸੇ ਨੂੰ ਮੁੜ ਸੁਰਜੀਤ ਕਰਨ ਲਈ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੰਨ 2015 ਵਿੱਚ 5 ਔਰਤਾਂ ਦੇ ਇੱਕ ਗਰੁੱਪ ਦੀ ਮਦਦ ਨਾਲ ਸਭ ਤੋਂ ਪਹਿਲਾਂ ਉਨ੍ਹਾਂ ਨੇ ਪੰਜ ਫੁਲਕਾਰੀਆਂ ਬਣਾਈਆਂ। ਫੁਲਕਾਰੀਆਂ ਬਣਾਉਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਹੁਣ ਇਹਨਾਂ ਨੂੰ ਵੇਚਿਆ ਕਿੱਥੇ ਜਾਵੇ ? ਇਸ ਉਦੇਸ਼ ਲਈ ਉਹਨਾਂ ਨੇ ਇੰਟਰਨੈੱਟ ‘ਤੇ ਖੋਜ ਆਰੰਭ ਕੀਤੀ, ਜਿਸ ਤੋਂ ਉਹਨਾਂ ਨੂੰ ਪਤਾ ਲੱਗਾ ਕਿ ਇੱਕ ਸਰਕਾਰੀ ਸੰਸਥਾ ਹੈ, ਜੋ ਫੁਲਕਾਰੀਆਂ ਖਰੀਦਦੀ ਹੈ। ਮਨਪ੍ਰੀਤ ਨੇ ਉਸ ਸੰਸਥਾ ਨੂੰ ਫੁਲਕਾਰੀਆਂ ਦਿਖਾਈਆਂ ਅਤੇ ਸੰਸਥਾ ਨੇ ਉਹ ਪੰਜ ਫੁਲਕਾਰੀਆਂ ਵੇਚਣ ਲਈ ਲੈ ਲਈਆਂ। ਇਹ ਸੰਸਥਾ ਫੁਲਕਾਰੀਆਂ ਦੇ ਪੈਸੇ ਉਦੋਂ ਦਿੰਦੀ ਸੀ, ਜਦ ਫੁਲਕਾਰੀਆਂ ਵਿੱਕ ਜਾਂਦੀਆਂ ਸੀ। ਇਸ ਕਾਰਨ ਮਨਪ੍ਰੀਤ ਹੁਰਾਂ ਨੂੰ ਪੈਸੇ ਦੋ-ਤਿੰਨ ਮਹੀਨਿਆਂ ਬਾਅਦ ਮਿਲਦੇ ਸੀ, ਜਿਸ ਕਾਰਨ ਘਰ ਦਾ ਖਰਚਾ ਚੱਲਣਾ ਵੀ ਮੁਸ਼ਕਿਲ ਸੀ। ਇੱਕ ਸਾਲ ਤੱਕ ਇਹ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਿਹਾ।

“ਆਪਣੀ ਪਾਈ-ਪਾਈ ਮੇਰੇ ਮਾਤਾ-ਪਿਤਾ ਨੇ ਇਸ ਕੰਮ ਵਿੱਚ ਲਗਾ ਦਿੱਤੀ, ਕਿਉਂਕਿ ਉਹਨਾਂ ਨੂੰ ਮੇਰੇ ‘ਤੇ ਵਿਸ਼ਵਾਸ ਸੀ ਕਿ ਮੈਂ ਇਹ ਕੰਮ ਕਰ ਸਕਦੀ ਹਾਂ।” – ਮਨਪ੍ਰੀਤ ਕੌਰ

ਇੱਕ ਸਾਲ ਤੱਕ ਇਸੇ ਤਰ੍ਹਾਂ ਚੱਲਣ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਤਾਂ ਕੰਮ ਨਹੀਂ ਚੱਲ ਸਕਦਾ, ਕਿਉਂਕਿ ਉਹਨਾਂ ਨੇ ਗਰੁੱਪ ਦੇ ਬਾਕੀ ਮੈਂਬਰਾਂ ਨੂੰ ਵੀ ਪੈਸੇ ਦੇਣੇ ਹੁੰਦੇ ਸਨ। ਇਸ ਲਈ ਉਹਨਾਂ ਨੇ ਇੰਟਰਨੈੱਟ ਦੀ ਮਦਦ ਲਈ। ਸੋਸ਼ਲ ਮੀਡਿਆ ‘ਤੇ ਪੇਜ ਬਣਾਏ। ਪਰ ਇੱਥੇ ਵੀ ਇੱਕ ਫੁਲਕਾਰੀ ਨੂੰ ਖਰੀਦਣ ਲਈ ਲੋਕ ਬਹੁਤੀ ਦਿਲਚਸਪੀ ਨਹੀਂ ਦਿਖਾਉਂਦੇ ਸਨ। ਇਸ ਕਾਰਣ ਮਨਪ੍ਰੀਤ ਨੇ ਸੋਚਿਆ ਕਿ ਜਿਸ ਚੀਜ਼ ਨੂੰ ਲੋਕ ਬੈਕਵਰਡ ਸਮਝਦੇ ਹਨ, ਕਿਉਂ ਨਾ ਇਸਨੂੰ ਇੱਕ ਮਾਡਰਨ ਦਿੱਖ ਦਿੱਤੀ ਜਾਵੇ ?

“ਅਸੀਂ ਆਪਣੇ ਸੱਭਿਆਚਾਰ ਨੂੰ ਥੋੜ੍ਹਾ ਜਿਹਾ ਮਾਡਰਨ ਕਰਕੇ ਨਵੀਂ ਦਿੱਖ ਦੇਣ ਲਈ ਹਲਕੇ ਦੁਪੱਟਿਆਂ ‘ਤੇ ਫੁਲਕਾਰੀ ਦੇ ਬੂਟੇ ਪਾਏ, ਤਾਂ ਜੋ ਕੁੜੀਆਂ ਇਹਨਾਂ ਨੂੰ ਜੀਨ ਦੇ ਨਾਲ ਵੀ ਲੈ ਸਕਣ।” – ਮਨਪ੍ਰੀਤ ਕੌਰ

ਮਨਪ੍ਰੀਤ ਦਾ ਇਹ ਤਰੀਕਾ ਕਾਫੀ ਹੱਦ ਤੱਕ ਕਾਰਗਰ ਸਾਬਿਤ ਹੋਇਆ। ਇਸ ਨਾਲ ਉਹਨਾਂ ਦੀਆਂ ਫੁਲਕਾਰੀਆਂ ਦੀ ਵਿਕਰੀ ਵੱਧ ਗਈ। ਇਸ ਗਰੁੱਪ ਵਿੱਚ ਸ਼ਹਿਰ ਦੀਆਂ 20-30 ਔਰਤਾਂ ਕੰਮ ਕਰਦੀਆਂ ਸਨ, ਪਰ ਮਨਪ੍ਰੀਤ ਇਸ ਕੰਮ ਵਿੱਚ ਪਿੰਡਾਂ ਦੀਆਂ ਔਰਤਾਂ ਨੂੰ ਵੀ ਆਪਣੇ ਨਾਲ ਜੋੜਨਾ ਚਾਹੁੰਦੇ ਸਨ, ਕਿਉਂਕਿ ਪਿੰਡਾਂ ਦੀਆਂ ਔਰਤਾਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਹੈ ਅਤੇ ਉਹ ਇਸ ਕੰਮ ਵਿੱਚ ਕਾਫੀ ਤਜ਼ਰਬਾ ਰੱਖਦੀਆਂ ਹਨ। ਪਰ ਪਿੰਡਾਂ ਦੀਆਂ ਔਰਤਾਂ ਲਈ ਬਾਹਰ ਆ ਕੇ ਕੰਮ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਆਪਣੇ ਨਾਲ ਜੁੜੀਆਂ ਪਿੰਡਾਂ ਦੀਆਂ ਔਰਤਾਂ ਨੂੰ ਮਨਪ੍ਰੀਤ ਆਪ ਘਰ ਜਾ ਕੇ ਫੁਲਕਾਰੀ ਬਣਾਉਣ ਦਾ ਸਮਾਨ ਦੇ ਕੇ ਆਉਂਦੇ ਹਨ, ਤਾਂ ਜੋ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਮਨਪ੍ਰੀਤ ਦੇ ਇਸ ਉੱਦਮ ਨਾਲ ਉਹਨਾਂ ਔਰਤਾਂ ਨੂੰ ਰੁਜ਼ਗਾਰ ਮਿਲਿਆ, ਜੋ ਘਰ ਤੋਂ ਬਾਹਰ ਆ ਕੇ ਕੰਮ ਨਹੀਂ ਕਰ ਸਕਦੀਆਂ ਸਨ।

ਇੰਟਰਨੈੱਟ ‘ਤੇ ਮਨਪ੍ਰੀਤ ਹੁਰਾਂ ਨੂੰ ਸਭ ਤੋਂ ਪਹਿਲਾਂ ਵਿਦੇਸ਼ ਤੋਂ ਆਰਡਰ ਮਿਲਿਆ। ਉਹਨਾਂ ਨੇ ਵਿਆਹ ਵਿੱਚ ਤੋਹਫ਼ੇ ਵਜੋਂ ਦੇਣ ਲਈ 40 ਫੁਲਕਾਰੀਆਂ ਦਾ ਆਰਡਰ ਦਿੱਤਾ। ਇਸ ਆਰਡਰ ਦੇ ਤਹਿਤ ਭੇਜੀਆਂ ਫੁਲਕਾਰੀਆਂ ਨੂੰ ਬਹੁਤ ਪਸੰਦ ਕੀਤਾ ਗਿਆ, ਜਿਸ ਨਾਲ ਵਿਦੇਸ਼ਾਂ ਵਿੱਚ ਵੀ ਉਹਨਾਂ ਦੀਆਂ ਫੁਲਕਾਰੀਆਂ ਦੀ ਮੰਗ ਵੱਧ ਗਈ। ਵਿਦੇਸ਼ੀ ਮੀਡਿਆ ਨੇ ਵੀ ਮਨਪ੍ਰੀਤ ਦੇ ਗਰੁੱਪ ਦੀ ਬਹੁਤ ਮਦਦ ਕੀਤੀ। ਉਹਨਾਂ ਨੇ ਮਨਪ੍ਰੀਤ ਦਾ ਵੀਡੀਓ ਕਾੱਲ ਦੇ ਜ਼ਰੀਏ ਇੰਟਰਵਿਊ ਲੈ ਕੇ ਪ੍ਰਮੋਟ ਕੀਤਾ, ਜਿਸ ਕਾਰਨ ਉਹਨਾਂ ਨੂੰ ਵਿਦੇਸ਼ਾਂ ਜਿਵੇਂ ਕਿ ਕੈਨੇਡਾ, ਅਮਰੀਕਾ ਵਿੱਚੋਂ ਹੋਰ ਬਹੁਤ ਸਾਰੇ ਆਰਡਰ ਮਿਲ ਰਹੇ ਹਨ। ਸੀਨੀਅਰ ਪੱਤਰਕਾਰ ਬਲਤੇਜ ਸਿੰਘ ਪੰਨੂ ਜੀ ਨੇ ਮਨਪ੍ਰੀਤ ਦੀ ਪੋਸਟ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੀ, ਜਿਸ ਨਾਲ ਉਹਨਾਂ ਨੂੰ ਕਾਫੀ ਫਾਇਦਾ ਹੋਇਆ।

“ਪੰਜਾਬ ਤੋਂ ਜ਼ਿਆਦਾ ਵਿਦੇਸ਼ਾਂ ਦੇ ਲੋਕ ਫੁਲਕਾਰੀਆਂ ਜ਼ਿਆਦਾ ਖਰੀਦਦੇ ਹਨ। ਸਾਡੇ ਜ਼ਿਆਦਾਤਰ ਗ੍ਰਾਹਕ ਵਿਦੇਸ਼ਾਂ ਤੋਂ ਹਨ।” – ਮਨਪ੍ਰੀਤ ਕੌਰ

ਇਸਦੇ ਨਾਲ-ਨਾਲ ਮਨਪ੍ਰੀਤ ਜੀ ਦੇ ਕੋਲ ਕਈ ਕਾਲਜਾਂ ਦੇ ਵਿਦਿਆਰਥੀ ਇੰਟਰਨਸ਼ਿਪ ‘ਤੇ ਟ੍ਰੇਨਿੰਗ ਲੈਣ ਲਈ ਵੀ ਆਉਂਦੇ ਹਨ।

ਉਪਲੱਬਧੀਆਂ
ਆਪਣੇ ਵਿਰਸੇ ਨੂੰ ਸਾਂਭਣ ਲਈ ਕੀਤੇ ਉੱਦਮਾਂ ਕੇ ਕਾਰਨ ਮਨਪ੍ਰੀਤ ਨੂੰ ਬਹੁਤ ਸਾਰੇ ਅਵਾਰਡ ਵੀ ਮਿਲੇ ਹਨ, ਜਿਨ੍ਹਾਂ ਵਿੱਚੋਂ ਕੁੱਝ ਹੇਠਾਂ ਦੱਸੇ ਹਨ:
  • ਹਮਦਰਦ ਵਿਰਾਸਤੀ ਮੇਲੇ ਵਿੱਚ ਵਿਸ਼ੇਸ਼ ਸਨਮਾਨ
  • ਪੀ.ਟੀ.ਸੀ. ਪੰਜਾਬੀ ਚੈਨਲ ਵੱਲੋਂ ਸਿਰਜਣਹਾਰੀ ਅਵਾਰਡ

ਵਿਰਸੇ ਨੂੰ ਕਾਇਮ ਰੱਖਣ ਦੀਆਂ ਇਹਨਾਂ ਕੋਸ਼ਿਸ਼ਾਂ ਦੇ ਕਾਰਨ ਮਨਪ੍ਰੀਤ ਨੂੰ ਤਰਨ ਤਾਰਨ ਜ਼ਿਲ੍ਹੇ ਦੀ ਬਰੈਂਡ ਅੰਬੈਸਡਰ ਵੀ ਬਣਾਇਆ ਗਿਆ ਹੈ।

ਭਵਿੱਖ ਦੀਆਂ ਯੋਜਨਾਵਾਂ

ਆਉਣ ਵਾਲੇ ਸਮੇਂ ਵਿੱਚ ਮਨਪ੍ਰੀਤ ਫੁਲਕਾਰੀ ਦੇ ਇਸ ਕਾਰੋਬਾਰ ਨੂੰ ਵਿਦੇਸ਼ਾਂ ਦੇ ਨਾਲ-ਨਾਲ ਆਪਣੇ ਦੇਸ਼ ਵਿੱਚ ਵੀ ਮਸ਼ਹੂਰ ਕਰਨਾ ਚਾਹੁੰਦੇ ਹਨ, ਤਾਂ ਜੋ ਆਉਣ ਵਾਲੀ ਪੀੜ੍ਹੀ ਆਪਣੇ ਅਮੀਰ ਵਿਰਸੇ ਨੂੰ ਸਮਝੇ ਅਤੇ ਜਾਣੇ।

ਸੰਦੇਸ਼
“ਨੌਜਵਾਨ ਪੀੜ੍ਹੀ ਨੂੰ ਆਪਣਾ ਵਿਰਸਾ ਸੰਭਾਲਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਕੰਮ ਵਿੱਚ ਵੀ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਦੇ ਹਨ। ਜੋ ਔਰਤਾਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੀਆਂ, ਉਹ ਘਰ ਵਿੱਚ ਰਹਿ ਕੇ ਹੀ ਇਹ ਕੰਮ ਕਰ ਸਕਦੀਆਂ ਹਨ ਅਤੇ ਇਹ ਉਹਨਾਂ ਲਈ ਕਮਾਈ ਦਾ ਸਾਧਨ ਬਣ ਸਕਦਾ ਹੈ।”

ਕਰਮਜੀਤ ਕੌਰ ਦਾਨੇਵਾਲੀਆ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਮਹਿਲਾ ਨੇ ਵਿਆਹ ਤੋਂ ਬਾਅਦ ਵੀ ਖੇਤੀ ਪ੍ਰਤੀ ਜਨੂਨ ਨੂੰ ਘੱਟ ਨਾ ਹੋਣ ਦਿੱਤਾ ਅਤੇ ਅੱਜ ਸਫ਼ਲਤਾਪੂਰਵਕ ਇਸ ਕਾਰੋਬਾਰ ਨੂੰ ਚਲਾ ਰਹੀ ਹੈ

ਆਮ ਤੌਰ ‘ਤੇ ਭਾਰਤ ਵਿੱਚ ਜਦੋਂ ਧੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਆਪਣੇ ਪਤੀ ਦੇ ਘਰ ਭੇਜ ਦਿੱਤਾ ਜਾਂਦਾ ਹੈ, ਤਾਂ ਉਹ ਵਿਆਹ ਤੋਂ ਬਾਅਦ ਆਪਣੀ ਜ਼ਿੰਦਗੀ ਵਿੱਚ ਇੰਨੀਆਂ ਰੁੱਝ ਜਾਂਦੀਆਂ ਹਨ ਕਿ ਉਹ ਆਪਣੀ ਦਿਲਚਸਪੀ ਅਤੇ ਆਪਣੇ ਸ਼ੌਂਕ ਬਾਰੇ ਭੁੱਲ ਜਾਂਦੀਆਂ ਹਨ। ਉਹ ਘਰ ਦੀ ਚਾਰ-ਦੀਵਾਰੀ ਵਿੱਚ ਬੰਦ ਹੋ ਕੇ ਰਹਿ ਜਾਂਦੀਆਂ ਹਨ। ਪਰ ਇੱਕ ਅਜਿਹੀ ਮਹਿਲਾ ਹੈ – ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ, ਜਿਨ੍ਹਾਂ ਨੇ ਵਿਆਹ ਤੋਂ ਬਾਅਦ ਵੀ ਆਪਣੇ ਜਨੂੰਨ ਨੂੰ ਮਰਨ ਨਾ ਦਿੱਤਾ। ਘਰ ਵਿੱਚ ਰਹਿਣ ਦੇ ਬਾਵਜੂਦ ਵੀ ਉਨ੍ਹਾਂ ਨੇ ਘਰ ਦੇ ਬਾਹਰ ਪੈਰ ਪੁੱਟਿਆ ਅਤੇ ਆਪਣੇ ਬਾਗਬਾਨੀ ਦੇ ਸ਼ੌਂਕ ਨੂੰ ਪੂਰਾ ਕੀਤਾ।

ਸ਼੍ਰੀਮਤੀ ਕਰਮਜੀਤ ਕੌਰ ਦਾਨੇਵਾਲੀਆ ਇੱਕ ਅਜਿਹੀ ਮਹਿਲਾ ਹੈ, ਜਿਨ੍ਹਾਂ ਨੇ ਇੱਕ ਛੋਟੇ ਜਿਹੇ ਪਿੰਡ ਦੇ ਇੱਕ ਠੇਠ ਪੰਜਾਬੀ ਕਿਸਾਨ ਪਰਿਵਾਰ ਵਿੱਚ ਜਨਮ ਲਿਆ। ਖੇਤੀਬਾੜੀ ਵਿਰਾਸਤ ਵਿੱਚ ਮਿਲਣ ਕਾਰਨ ਕਰਮਜੀਤ ਜੀ ਹਮੇਸ਼ਾ ਇਸ ਕੰਮ ਲਈ ਆਕਰਸ਼ਿਤ ਰਹਿੰਦੇ ਸਨ ਅਤੇ ਖੇਤਾਂ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਵਿੱਚ ਵੀ ਦਿਲਚਸਪੀ ਰੱਖਦੇ ਸਨ। ਪਰ ਵਿਆਹ ਤੋਂ ਪਹਿਲਾਂ ਉਨ੍ਹਾਂ ਨੂੰ ਖੇਤੀਬਾੜੀ ਵਿੱਚ ਆਪਣੇ ਪਿਤਾ ਦੀ ਮਦਦ ਕਰਨ ਦਾ ਮੌਕਾ ਨਾ ਮਿਲਿਆ।

ਜਲਦੀ ਹੀ ਉਨ੍ਹਾਂ ਦਾ ਵਿਆਹ ਇੱਕ ਬਿਜ਼ਨਸ-ਕਲਾਸ ਪਰਿਵਾਰ ਨਾਲ ਸੰਬੰਧਿਤ ਸ. ਜਸਬੀਰ ਸਿੰਘ ਜੀ ਨਾਲ ਹੋ ਗਿਆ। ਉਨ੍ਹਾਂ ਨੇ ਕਦੇ ਨਹੀਂ ਸੋਚਿਆ ਸੀ ਕਿ ਵਿਆਹ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਅਤੇ ਇਨ੍ਹਾਂ ਨੂੰ ਆਪਣੇ ਕਾਰੋਬਾਰ ਦੇ ਰੂਪ ਵਿੱਚ ਕਰਨ ਦਾ ਮੌਕਾ ਮਿਲੇਗਾ। ਵਿਆਹ ਤੋਂ ਕੁੱਝ ਸਾਲ ਬਾਅਦ 1975 ਵਿੱਚ ਆਪਣੇ ਪਤੀ ਦੇ ਸਾਥ ਨਾਲ ਉਨ੍ਹਾਂ ਨੇ ਫਲਾਂ ਦਾ ਬਾਗ ਲਗਾਉਣ ਦਾ ਫੈਸਲਾ ਕੀਤਾ ਅਤੇ ਆਪਣੀ ਦਿਲਚਸਪੀ ਲਈ ਇੱਕ ਮੌਕਾ ਦਿੱਤਾ। ਲੈਵਲਰ ਮਸ਼ੀਨ ਅਤੇ ਮਜ਼ਦੂਰਾਂ ਦੀ ਸਹਾਇਤਾ ਨਾਲ, ਉਨ੍ਹਾਂ ਨੇ 45 ਏਕੜ ਜ਼ਮੀਨ ਨੂੰ ਸਮਤਲ ਕੀਤਾ ਅਤੇ ਇਸਨੂੰ ਬਾਗਬਾਨੀ ਕਰਨ ਲਈ ਤਿਆਰ ਕੀਤਾ। ਉਨ੍ਹਾਂ ਨੇ 20 ਏਕੜ ਜ਼ਮੀਨ ‘ਤੇ ਕਿੰਨੂ ਉਗਾਏ ਅਤੇ 10 ਏਕੜ ਜ਼ਮੀਨ ‘ਤੇ ਆਲੂਬੁਖਾਰਾ, ਨਾਸ਼ਪਾਤੀ, ਆੜੂ, ਅਮਰੂਦ, ਕੇਲਾ ਆਦਿ ਉਗਾਇਆ ਅਤੇ ਬਾਕੀ 5 ਏਕੜ ਜ਼ਮੀਨ ‘ਤੇ ਉਹ ਸਰਦੀਆਂ ਵਿੱਚ ਕਣਕ ਅਤੇ ਗਰਮੀਆਂ ਵਿੱਚ ਕਪਾਹ ਉਗਾਉਂਦੇ ਹਨ।

ਉਨ੍ਹਾਂ ਦਾ ਸ਼ੌਂਕ ਜਨੂਨ ਵਿੱਚ ਬਦਲ ਗਿਆ ਅਤੇ ਉਨ੍ਹਾਂ ਨੇ ਇਸ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ। 1990 ਵਿੱਚ ਉਨ੍ਹਾਂ ਨੇ ਇੱਕ ਤਲਾਬ ਬਣਾਇਆ ਅਤੇ ਇਸ ਵਿੱਚ ਵਰਖਾ ਦੇ ਪਾਣੀ ਨੂੰ ਸਟੋਰ ਕੀਤਾ। ਉਹ ਇਸ ਤੋਂ ਬਾਗ ਦੀ ਸਿੰਚਾਈ ਕਰਦੇ ਸਨ। ਪਰ ਉਸ ਤੋਂ ਬਾਅਦ ਉਨ੍ਹਾਂ ਨੇ ਇਸ ਵਿੱਚ ਮੱਛੀ ਪਾਲਣ ਸ਼ੁਰੂ ਕੀਤਾ ਅਤੇ ਇਸਨੂੰ ਦੋਨਾਂ ਮੰਤਵਾਂ – ਮੱਛੀ ਪਾਲਣ ਅਤੇ ਸਿੰਚਾਈ ਲਈ ਪ੍ਰਯੋਗ ਕੀਤਾ। ਆਪਣੇ ਵਪਾਰ ਨੂੰ ਇੱਕ ਕਦਮ ਹੋਰ ਵਧਾਉਣ ਲਈ ਉਨ੍ਹਾਂ ਨੇ ਨਵੇਂ ਪੌਦੇ ਖੁਦ ਤਿਆਰ ਕਰਨ ਦਾ ਫੈਸਲਾ ਕੀਤਾ।

2001 ਵਿੱਚ ਉਨ੍ਹਾਂ ਨੇ ਭਾਰਤ ਵਿੱਚ ਕਿੰਨੂ ਉਤਪਾਦਨ ਦਾ ਇੱਕ ਰਿਕਾਰਡ ਬਣਾਇਆ ਅਤੇ ਕਿੰਨੂ ਬਾਗ ਦੇ ਵਪਾਰ ਨੂੰ ਹੋਰ ਸਫ਼ਲ ਬਣਾਉਣ ਲਈ, ਕਿੰਨੂ ਦੀ ਪੈਕਿੰਗ ਅਤੇ ਪ੍ਰੋਸੈੱਸਿੰਗ ਦੀ ਟ੍ਰੇਨਿੰਗ ਲਈ ਖਾਸ ਤੌਰ ‘ਤੇ 2003 ਵਿੱਚ ਕੈਲੀਫੋਰਨੀਆ ਗਈ। ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਉਸ ਟ੍ਰੇਨਿੰਗ ਨੂੰ ਲਾਗੂ ਕੀਤਾ ਅਤੇ ਇਸ ਨਾਲ ਕਾਫੀ ਲਾਭ ਵੀ ਕਮਾਇਆ। ਜਿਸ ਸਾਲ ਤੋਂ ਉਨ੍ਹਾਂ ਨੇ ਕਿੰਨੂ ਦੀ ਖੇਤੀ ਸ਼ੁਰੂ ਕੀਤੀ, ਉਦੋਂ ਤੋਂ ਉਨ੍ਹਾਂ ਦੇ ਕਿੰਨੂਆਂ ਦੀ ਕੁਆਲਿਟੀ ਹਰ ਸਾਲ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਨੰਬਰ 1 ‘ਤੇ ਰਹੀ ਅਤੇ ਕਿੰਨੂ ਉਤਪਾਦਨ ਵਿੱਚ ਪ੍ਰਸਿੱਧੀ ਕਾਰਨ 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਉਨ੍ਹਾਂ ਨੂੰ ‘ਕਿੰਨੂਆਂ ਦੀ ਰਾਣੀ’ ਦੇ ਨਾਮ ਨਾਲ ਨਿਵਾਜਿਆ।

ਖੇਤੀ ਦੇ ਉਦੇਸ਼ ਲਈ, ਖੇਤੀਬਾੜੀ ਨਾਲ ਸੰਬੰਧਿਤ ਆਧੁਨਿਕ ਤਕਨੀਕ ਦੇ ਸਾਰੇ ਯੰਤਰ ਅਤੇ ਮਸ਼ੀਨਰੀ ਉਨ੍ਹਾਂ ਦੇ ਫਾਰਮ ‘ਤੇ ਮੌਜੂਦ ਹੈ। ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਨੇ ਉਨ੍ਹਾਂ ਨੂੰ ਕਈ ਮਸ਼ਹੂਰ ਗਰੁੱਪਾਂ ਦਾ ਮੈਂਬਰ ਬਣਾਇਆ ਅਤੇ ਕਈ ਪੁਰਸਕਾਰ ਵੀ ਦਿਵਾਏ। ਉਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਅਨੁਸਾਰ ਹਨ:
• 2001-02 ਵਿੱਚ ਕ੍ਰਿਸ਼ੀ ਮੰਤਰੀ ਗੁਲਜ਼ਾਰ ਰਾਣੀਕਾ ਦੁਆਰਾ ਰਾਜ ਪੱਧਰੀ ਸਿਟਰਸ ਸ਼ੋਅ ਵਿੱਚ ਪਹਿਲਾ ਪੁਰਸਕਾਰ ਮਿਲਿਆ।
• 2004 ਵਿੱਚ ਸ਼ਾਹੀ ਮੈਮੋਰੀਅਲ ਇੰਟਰਨੈਸ਼ਨਲ ਸੇਵਾ ਸੁਸਾਇਟੀ, ਲੁਧਿਆਣਾ ਵਿੱਚ ਰਵੀ ਚੋਪੜਾ ਦੁਆਰਾ ਦੇਸ਼ ਸੇਵਾ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ।
• 2004 ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ‘ਕਿੰਨੂਆਂ ਦੀ ਰਾਣੀ’ ਦਾ ਖਿਤਾਬ ਮਿਲਿਆ।
• 2005 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਜਗਜੀਤ ਸਿੰਘ ਰੰਧਾਵਾ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਪੁਰਸਕਾਰ ਮਿਲਿਆ।
• 2012 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2012 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਪਹਿਲਾ ਇਨਾਮ ਮਿਲਿਆ।
• 2010-11 ਵਿੱਚ ਜ਼ਿਲ੍ਹਾ ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਇਨਾਮ ਮਿਲਿਆ।
• 2010-11 ਵਿੱਚ ਰਾਜ-ਪੱਧਰੀ ਸਿਟਰਸ ਸ਼ੋਅ ‘ਚ ਦੂਜਾ ਪੁਰਸਕਾਰ ਮਿਲਿਆ।
• 2010 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸੁੱਚਾ ਸਿੰਘ ਲੰਗਾਹ ਦੁਆਰਾ ਸਰਵੋਤਮ ਕਿੰਨੂ ਉਤਪਾਦਕ ਮਹਿਲਾ ਦਾ ਇਨਾਮ ਮਿਲਿਆ।
• 2012 ਵਿੱਚ ਪੀ. ਡਬਲਿਯੂ. ਡੀ. ਮਿਨਿਸਟਰ ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਵਾਈਸ ਚਾਂਸਲਰ, ਪੀ ਏ ਯੂ(ਲੁਧਿਆਣਾ) ਦੁਆਰਾ ਕਿਸਾਨ ਮੇਲੇ ਵਿੱਚ ਰਾਜ ਪੱਧਰੀ ਆਵਿਸ਼ਕਾਰੀ ਮਹਿਲਾ ਕਿਸਾਨ ਦਾ ਇਨਾਮ ਮਿਲਿਆ।
• 2012 ਵਿੱਚ ਕ੍ਰਿਸ਼ੀ ਮੰਤਰੀ ਸ਼੍ਰੀ ਸ਼ਰਦ ਪਵਾਰ(ਭਾਰਤ ਸਰਕਾਰ) ਦੁਆਰਾ 7th National conference on KVK at PAU (ਲੁਧਿਆਣਾ) ਵਿਖੇ ਖੇਤੀਬਾੜੀ ਵਿੱਚ ਉੱਤਮਤਾ ਲਈ ਚੈਂਪੀਅਨ ਮਹਿਲਾ ਕਿਸਾਨ ਦਾ ਪੁਰਸਕਾਰ ਦਿੱਤਾ ਗਿਆ।
• 2013 ਵਿੱਚ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਅੰਮ੍ਰਿਤਸਰ ਵਿੱਚ 64ਵੇਂ ਗਣਤੰਤਰ ਦਿਵਸ ‘ਤੇ ਅਗਾਂਹਵਧੂ ਮਹਿਲਾ ਕਿਸਾਨ ਦਾ ਪੁਰਸਕਾਰ ਮਿਲਿਆ।
• 2013 ਵਿੱਚ ਕ੍ਰਿਸ਼ੀ ਮੰਤਰੀ Dr. R.R Hanchinal, Chairperson PPUFRA (ਭਾਰਤ ਸਰਕਾਰ) ਦੁਆਰਾ Indian Agriculture at Global Agri Connect (NSFI) IARI, ਨਵੀਂ ਦਿੱਲੀ ਵਿੱਚ ਭਾਰਤੀ ਕ੍ਰਿਸ਼ੀ ਵਿੱਚ ਆਵਿਸ਼ਕਾਰੀ ਸਹਿਯੋਗ ਲਈ ਪ੍ਰਸੰਸਾ ਪੱਤਰ ਮਿਲਿਆ।
• 2012 ਵਿੱਚ ਪੰਜਾਬ ਦੇ ਸਰਵੋਤਮ ਕਿੰਨੂ ਉਤਪਾਦਕ ਹੋਣ ਲਈ ਰਾਸ਼ਟਰੀ ਪੁਰਸਕਾਰ ਮਿਲਿਆ।
• 2013 ਵਿੱਚ ਤਾਮਿਲਨਾਡੂ ਅਤੇ ਅਸਾਮ ਦੇ ਗਵਰਨਰ ਡਾ. ਭੀਸ਼ਮ ਨਰਾਇਣ ਸਿੰਘ ਦੁਆਰਾ ਖੇਤੀਬਾੜੀ ਵਿੱਚ ਸਲਾਹੁਣਯੋਗ ਸੇਵਾ, ਸ਼ਾਨਦਾਰ ਪ੍ਰਦਰਸ਼ਨ ਅਤੇ ਜ਼ਿਕਰਯੋਗ ਭੂਮਿਕਾ ਲਈ ਭਾਰਤ ਜਯੋਤੀ ਪੁਰਸਕਾਰ ਮਿਲਿਆ।
• 2015 ਵਿੱਚ ਨਵੀਂ ਦਿੱਲੀ ਵਿਖੇ ਪੰਜਾਬ ਦੇ ਸਾਬਕਾ ਗਵਰਨਰ ਜਸਟਿਸ ਓ ਪੀ ਵਰਮਾ ਦੁਆਰਾ ਭਾਰਤ ਦਾ ਮਾਣ ਵਧਾਉਣ ਲਈ ਉਨ੍ਹਾਂ ਦੁਆਰਾ ਪ੍ਰਾਪਤ ਕੀਤੀਆਂ ਉਪਲੱਬਧੀਆਂ ਨੂੰ ਦੇਖਦੇ ਹੋਏ ਭਾਰਤ ਗੌਰਵ ਪੁਰਸਕਾਰ ਮਿਲਿਆ।
• ਖੇਤੀਬਾੜੀ ਮੰਤਰੀ ਸ਼੍ਰੀ ਤੋਤਾ ਸਿੰਘ ਅਤੇ ਕੈਬਨਿਟ ਮੰਤਰੀ ਸ਼੍ਰੀ ਗੁਲਜ਼ਾਰ ਸਿੰਘ ਰਾਣੀਕਾ ਅਤੇ ‘ਜ਼ੀ ਪੰਜਾਬ ਹਰਿਆਣਾ ਹਿਮਾਚਲ’ ਦੇ ਸੰਪਾਦਕ ਸ਼੍ਰੀ ਦਿਨੇਸ਼ ਸ਼ਰਮਾ ਦੁਆਰਾ ਬਾਗਬਾਨੀ ਦੇ ਖੇਤਰ ਵਿੱਚ ਉਨ੍ਹਾਂ ਦੇ ਮਹਾਨ ਸਹਿਯੋਗ ਅਤੇ ਕਿੰਨੂ ਦੀ ਖੇਤੀ ਨੂੰ ਬੜਾਵਾ ਦੇਣ ਲਈ Zee Punjab/Haryana/Himachal Agri ਪੁਰਸਕਾਰ ਮਿਲਿਆ।
• ਸ਼੍ਰੀਮਤੀ ਕਰਮਜੀਤ ਜੀ ਪੀ ਏ ਯੂ ਕਿਸਾਨ ਕਲੱਬ ਦੇ ਮੈਂਬਰ ਹਨ।
• ਉਹ ਪੰਜਾਬ ਐਗਰੋ ਦੇ ਮੈਂਬਰ ਹਨ।
• ਉਹ ਪੰਜਾਬ ਬਾਗਬਾਨੀ ਵਿਭਾਗ ਦੇ ਮੈਂਬਰ ਹਨ।
• ਉਹ ਮੰਡੀ ਬੋਰਡ ਦੇ ਮੈਂਬਰ ਹਨ।
• ਉਹ ਚੰਗੀ ਖੇਤੀ ਦੇ ਮੈਂਬਰ ਹਨ।
• ਉਹ ਕਿੰਨੂ ਉਤਪਾਦਕ ਸੰਸਥਾ ਦੇ ਮੈਂਬਰ ਹਨ।
• ਉਹ Co-operative ਸੁਸਾਇਟੀ ਦੇ ਮੈਂਬਰ ਹਨ।
• ਉਹ ਕਿਸਾਨ ਸਲਾਹਕਾਰ ਕਮੇਟੀ ਦੇ ਮੈਂਬਰ ਹਨ।
• ਉਹ ਪੀ ਏ ਯੂ Ludhiana Board of Management ਦੇ ਮੈਂਬਰ ਹਨ।

ਇੰਨੇ ਸਾਰੇ ਪੁਰਸਕਾਰ ਅਤੇ ਪ੍ਰਸੰਸਾ ਮਿਲਣ ਦੇ ਬਾਵਜੂਦ ਵੀ ਉਹ ਹਮੇਸ਼ਾ ਕੁੱਝ ਨਵਾਂ ਸਿੱਖਣ ਲਈ ਉਤਸੁਕ ਰਹਿੰਦੇ ਹਨ ਅਤੇ ਇਹੋ ਵਜ੍ਹਾ ਹੈ ਕਿ ਉਹ ਕਦੇ ਵੀ ਕਿਸੇ ਵੀ ਜ਼ਿਲ੍ਹਾ ਪੱਧਰੀ ਕ੍ਰਿਸ਼ੀ ਮੇਲਿਆਂ ਅਤੇ ਮੀਟਿੰਗਾਂ ਵਿੱਚ ਭਾਗ ਲੈਣਾ ਨਹੀਂ ਛੱਡਦੇ। ਉਹ ਕੁੱਝ ਨਵਾਂ ਸਿੱਖਣ ਲਈ ਅਤੇ ਜਾਣਕਾਰੀ ਹਾਸਲ ਕਰਨ ਲਈ ਨਿਯਮਿਤ ਤੌਰ ‘ਤੇ ਉਨ੍ਹਾਂ ਕਿਸਾਨਾਂ ਦੇ ਖੇਤਾਂ ਦਾ ਦੌਰਾ ਕਰਦੇ ਹਨ, ਜੋ ਪੀ ਏ ਯੂ ਅਤੇ ਹਿਸਾਰ ਖੇਤੀਬਾੜੀ ਯੂਨੀਵਰਸਿਟੀ ਨਾਲ ਜੁੜੇ ਹਨ।

ਅੱਜ ਉਹ ਪ੍ਰਤੀ ਹੈਕਟੇਅਰ ਵਿੱਚ 130 ਟਨ ਕਿੰਨੂਆਂ ਦੀ ਤੁੜਾਈ ਕਰ ਰਹੇ ਹਨ ਅਤੇ ਇਸ ਤੋਂ 1 ਲੱਖ 65 ਹਜ਼ਾਰ ਦੀ ਆਮਦਨ ਕਮਾ ਰਹੇ ਹਨ। ਬਾਕੀ ਫਲਾਂ ਦੇ ਬਾਗਾਂ ਅਤੇ ਕਣਕ ਅਤੇ ਕਪਾਹ ਦੀਆਂ ਫ਼ਸਲਾਂ ਤੋਂ ਹਰੇਕ ਮੌਸਮ ਵਿੱਚ 1 ਲੱਖ ਦੀ ਆਮਦਨ ਲੈ ਰਹੇ ਹਨ।

ਆਪਣੀਆਂ ਸਾਰੀਆਂ ਸਫ਼ਲਤਾਵਾਂ ਦਾ ਸਿਹਰਾ ਉਹ ਆਪਣੇ ਪਤੀ ਨੂੰ ਦਿੰਦੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਵਿੱਚ ਉਨ੍ਹਾਂ ਦਾ ਸਾਥ ਦਿੱਤਾ ਅਤੇ ਇਨ੍ਹਾਂ ਸਾਰੇ ਸਾਲਾਂ ਵਿੱਚ ਉਨ੍ਹਾਂ ਦੀ ਖੇਤੀ ਕਰਨ ਵਿੱਚ ਮਦਦ ਕੀਤੀ। ਖੇਤੀ ਤੋਂ ਇਲਾਵਾ ਉਹ ਸਮਾਜ ਲਈ ਇੱਕ ਬਹੁਤ ਚੰਗੇ ਕੰਮ ਵਿੱਚ ਸਹਿਯੋਗ ਦੇ ਰਹੇ ਹਨ। ਉਹ ਲੋੜਵੰਦ ਕੁੜੀਆਂ ਨੂੰ ਵਿੱਤੀ ਸਹਾਇਤਾ ਅਤੇ ਵਿਆਹ ਦੀ ਹੋਰ ਸਮੱਗਰੀ ਦੇ ਕੇ ਉਨ੍ਹਾਂ ਦੇ ਵਿਆਹ ਵਿੱਚ ਮਦਦ ਕਰਦੇ ਹਨ। ਭਵਿੱਖ ਵਿੱਚ ਉਨ੍ਹਾਂ ਦੀ ਯੋਜਨਾ ਖੇਤੀਬਾੜੀ ਨੂੰ ਹੋਰ ਲਾਭਦਾਇਕ ਅਤੇ ਵਪਾਰਕ ਉੱਦਮ ਬਣਾਉਣਾ ਹੈ।

ਕਿਸਾਨਾਂ ਲਈ ਸੰਦੇਸ਼-

ਕਿਸਾਨਾਂ ਨੂੰ ਆਪਣੇ ਖ਼ਰਚਿਆਂ ਦਾ ਚੰਗੀ ਤਰ੍ਹਾਂ ਪ੍ਰਬੰਧਨ ਕਰਨਾ ਚਾਹੀਦਾ ਹੈ ਅਤੇ ਦਿਖਾਵਾ ਕਰਨਾ ਬੰਦ ਕਰਨਾ ਚਾਹੀਦਾ ਹੈ। ਅੱਜ ਖੇਤੀਬਾੜੀ ਦੇ ਖੇਤਰ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ। ਕਿਸਾਨਾਂ ਨੂੰ ਆਪਣੇ ਨੌਜਵਾਨ ਮੁੰਡੇ-ਕੁੜੀਆਂ ਨੂੰ ਵੀ ਇਸ ਕੰਮ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਇਸ ਖੇਤਰ ਦੀ ਪੜਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਹਰ ਕਿਸੇ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਖੇਤੀਬਾੜੀ ਦੇ ਖੇਤਰ ਵਿੱਚ ਹਰ ਇਨਸਾਨ ਪਹਿਲਾਂ ਇੱਕ ਕਿਸਾਨ ਹੈ ਅਤੇ ਫਿਰ ਇੱਕ ਵਪਾਰੀ।

ਸੁਨੀਤਾ ਦੇਵੀ

ਪੂਰੀ ਕਹਾਣੀ ਪੜ੍ਹੋ

ਜਾਣੋ, ਕਿਵੇਂ ਇੱਕ ਮਾਂ-ਧੀ ਦਾ ਜੋੜੀ ਆਪਣੇ ਹੱਥਕੱਢ ਵਾਲੇ ਫੁਲਕਾਰੀ ਉਤਪਾਦਾਂ ਵੱਲ ਲੋਕਾਂ ਨੂੰ ਆਕਰਸ਼ਿਤ ਕਰ ਰਹੀ ਹੈ

ਸਾਡੇ ਭਾਰਤੀ ਸਮਾਜ ਵਿੱਚ ਸ਼ੁਰੂ ਤੋਂ ਹੀ ਪੁਰਸ਼ਾਂ ਨੂੰ ਹੀ ਘਰ ਦੇ ਖ਼ਾਸ ਅਤੇ ਹੈੱਡ ਮੈਂਬਰ ਮੰਨਿਆ ਜਾਂਦਾ ਹੈ, ਜੋ ਪਰਿਵਾਰ ਲਈ ਕਮਾਈ ਕਰਦੇ ਹਨ। ਦੂਜੇ ਪਾਸੇ ਔਰਤਾਂ ਨੂੰ, ਜੋ ਘਰ ਦੇ ਸਾਰੇ ਕੰਮ (ਕੱਪੜੇ ਧੋਣਾ, ਖਾਣਾ ਬਣਾਉਣਾ, ਘਰ ਦੀ ਸਫ਼ਾਈ ਆਦਿ) ਸਹੀ ਸਮੇਂ ‘ਤੇ ਕਰਕੇ ਪਰਿਵਾਰ ਨੂੰ ਉਪਲੱਬਧ ਕਰਵਾਉਂਦੀਆਂ ਹਨ, ਉਹਨਾਂ ਨੂੰ ਘਰੇਲੂ ਮਹਿਲਾ ਤੋਂ ਵੱਧ ਨਹੀਂ ਸਮਝਿਆ ਜਾਂਦਾ। ਇਹ ਸਭ ਪੁਰਾਣੇ ਸਮਿਆਂ ਵਿੱਚ ਹੁੰਦਾ ਸੀ, ਪਰ ਹੁਣ ਸਭ ਬਦਲ ਗਿਆ ਹੈ। ਹੁਣ ਕਈ ਮਹਿਲਾਵਾਂ ਅੱਗੇ ਆ ਕੇ ਸਮਾਜ ਲਈ ਪ੍ਰੇਰਣਾ ਬਣ ਰਹੀਆਂ ਹਨ ਅਤੇ ਪਰਿਵਾਰ ਵਿੱਚ ਮਰਦ ਅਤੇ ਔਰਤ ਵਾਲੀਆਂ ਦੋਨੋਂ ਭੂਮਿਕਾਵਾਂ ਨਿਭਾ ਰਹੀਆਂ ਹਨ ਅਤੇ ਨਾਲ ਹੀ ਦੁਨੀਆ ਦੀ ਸੋਚ ਨੂੰ ਬਦਲ ਰਹੀਆਂ ਹਨ।

ਪੰਜਾਬ ਵਿੱਚ ਪੈਂਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਛੋਟੇ ਜਿਹੇ ਪਿੰਡ (ਚਨਾਰਥਲ ਖੁਰਦ) ਤੋਂ ਦੋ ਅਜਿਹੀਆਂ ਮਹਿਲਾਵਾਂ ਆਪਣੇ ਪਿੰਡ ਤੋਂ 10 ਮਹਿਲਾਵਾਂ ਨੂੰ ਆਪਣੇ ਨਾਲ ਜੋੜ ਕੇ ਫੁਲਕਾਰੀ ਦਾ ਸਫ਼ਲ ਕਾਰੋਬਾਰ ਚਲਾ ਰਹੀਆਂ ਹਨ। ਮਹਿਲਾਵਾਂ ਦੀ ਇਹ ਜੋੜੀ ਮਾਂ-ਧੀ ਦੀ ਹੈ। ਉਹ ਕਾਰੋਬਾਰ ਦੇ ਹਰੇਕ ਕੰਮ ਦਾ ਬੜੀ ਅਸਾਨੀ ਨਾਲ ਪ੍ਰਬੰਧ ਕਰਦੀਆਂ ਹਨ। ਇਸ ਗਰੁੱਪ ਦੀ ਪ੍ਰਧਾਨ ਸੁਨੀਤਾ ਦੇਵੀ (ਮਾਂ) ਅਤੇ ਬੇਅੰਤ ਸ਼ਰਮਾ (ਬੇਟੀ) ਹਨ। ਬੇਅੰਤ ਇੱਕ ਉੱਦਮੀ, ਜਵਾਨ ਅਤੇ ਵਿਚਾਰ-ਵਟਾਂਦਰੇ ਵਾਲੀ ਮੈਂਬਰ ਹੈ, ਜੋ ਹਰ ਮੰਚ ‘ਤੇ ਗਰੁੱਪ ਦੀ ਨੁਮਾਇੰਦਗੀ ਕਰਦੀ ਹੈ।

1996 ਵਿੱਚ ਸੁਨੀਤਾ ਜੀ ਦੇ ਪਤੀ ਜੀ ਦੀ ਮੌਤ ਹੋ ਗਈ ਅਤੇ ਇਹ ਸਮਾਂ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਦੁੱਖ ਅਤੇ ਤੰਗੀ ਵਾਲਾ ਸੀ। ਇੱਥੋਂ ਤੱਕ ਕਿ ਪਰਿਵਾਰ ਦੇ ਮੈਂਬਰਾਂ ਦਾ ਜਿਊਣਾ ਵੀ ਮੁਸ਼ਕਿਲ ਹੋ ਗਿਆ ਸੀ। ਪਰ ਹੌਲੀ-ਹੌਲੀ ਸਮੇਂ ਦੇ ਨਾਲ ਸੁਨੀਤਾ ਜੀ ਅਤੇ ਉਨ੍ਹਾਂ ਦੇ ਬੱਚੇ ਉਸ ਸਦਮੇ ‘ਚੋਂ ਬਾਹਰ ਆਏ ਅਤੇ ਹੌਲੀ-ਹੌਲੀ ਜ਼ਿੰਦਗੀ ਨੂੰ ਸਹੀ ਰਸਤੇ ‘ਤੇ ਲਿਆਉਣ ਦੀ ਕੋਸ਼ਿਸ਼ ਕਰਨ ਲੱਗੇ। ਉਹ ਅੱਜ ਜਿਸ ਮੁਕਾਮ ‘ਤੇ ਹਨ, ਉਸ ‘ਤੇ ਪਹੁੰਚਣ ਲਈ ਉਨ੍ਹਾਂ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ।

ਆਂਗਣਵਾੜੀ ਨੇ ਸਥਾਨਕ ਪੱਧਰ ‘ਤੇ ਉਸ ਪਿੰਡ ਦੀਆਂ ਮਹਿਲਾਵਾਂ ਦੀ ਮਦਦ ਲਈ 2012 ਵਿੱਚ ਸੈੱਲਫ ਹੈੱਲਪ ਗਰੁੱਪ ਬਣਾਇਆ ਅਤੇ ਸੁਨੀਤਾ ਜੀ ਦੀਆਂ ਬੇਟੀਆਂ ਇਸ ਸੈੱਲਫ ਹੈੱਲਪ ਗਰੁੱਪ ਦੀਆਂ ਮੈਂਬਰ ਸਨ। ਉਹ ਫੁਲਕਾਰੀ, ਸੂਟ, ਦੁਪੱਟਾ, ਸ਼ਾਲ ਅਤੇ ਜੈਕੇਟ ਦੇ ਹਰ ਟੁਕੜੇ ‘ਤੇ ਮਿਹਨਤ ਨਾਲ ਕੰਮ ਕਰਦੇ ਸਨ, ਪਰ ਉਹ ਆਪਣੇ ਦੁਆਰਾ ਬਣਾਏ ਗਏ ਉਤਪਾਦਾਂ ਦੀ ਸਹੀ ਕੀਮਤ ਨਹੀਂ ਪ੍ਰਾਪਤ ਕਰ ਰਹੇ ਸਨ। ਕੁੱਝ ਵੀ ਠੀਕ ਤਰ੍ਹਾਂ ਨਾਲ ਨਹੀਂ ਚੱਲ ਰਿਹਾ ਸੀ। ਇਸ ਲਈ ਇੱਕ ਮੀਟਿੰਗ ਵਿੱਚ ਬੇਅੰਤ ਸ਼ਰਮਾ ਨੇ ਆਪਣੀ ਅਤੇ ਹੋਰ ਮਹਿਲਾਵਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਸ ਤੋਂ ਬਾਅਦ 2017 ਵਿੱਚ ਦੋ ਗਰੁੱਪ ਬਣਾਏ ਗਏ- ਸ਼੍ਰੀ ਗੁਰੂ ਅਰਜਨ ਦੇਵ ਸੈੱਲਫ ਹੈੱਲਪ ਗਰੁੱਪ ਅਤੇ ਦੇਵੀ ਅੰਨਪੂਰਣਾ ਗਰੁੱਪ। ਸੁਨੀਤਾ ਜੀ ਸ਼੍ਰੀ ਗੁਰੂ ਅਰਜਨ ਦੇਵ ਸੈੱਲਫ ਹੈੱਲਪ ਗਰੁੱਪ ਦੇ ਪ੍ਰਧਾਨ ਚੁਣੇ ਗਏ ਅਤੇ ਬੇਅੰਤ ਨੂੰ ਗਰੁੱਪ ਦੀ ਨੁਮਾਇੰਦਗੀ ਲਈ ਚੁਣਿਆ ਗਿਆ। ਹਾਲਾਂਕਿ ਪੂਰੇ ਗੁਰੱਪ ਨੇ ਵਧੀਆ ਕੋਸ਼ਿਸ਼ ਕੀਤੀ, ਪਰ ਗਰੁੱਪ ਬਣਾਉਣ ਵਿੱਚ ਬੇਅੰਤ ਦੀ ਇੱਛਾ-ਸ਼ਕਤੀ ਅਤੇ ਸੁਨੀਤਾ ਜੀ ਦੇ ਆਪਣੀ ਧੀ ਨੂੰ ਦਿੱਤੇ ਗਏ ਸਮਰਥਨ ਦਾ ਮੁੱਖ ਹਿੱਸਾ ਹੈ। ਜਦੋਂ ਪਿਆਰ ਅਤੇ ਕੌਸ਼ਲ ਮਿਲ ਕੇ ਕੰਮ ਕਰਦੇ ਹਨ. ਤਾਂ ਉੱਤਮ-ਰਚਨਾ ਹੋਣ ਦੀ ਉਮੀਦ ਹੁੰਦੀ ਹੈ।

ਇਸ ਤੋਂ ਪਹਿਲਾਂ ਆਰਥਿਕ-ਸੰਕਟ ਦੇ ਕਾਰਨ ਬੇਅੰਤ ਅਤੇ ਹੋਰ ਬੱਚਿਆਂ ਨੂੰ ਆਪਣੀ ਪੜ੍ਹਾਈ ਵਿੱਚ ਹੀ ਛੱਡਣੀ ਪਈ, ਪਰ ਹੁਣ ਸਭ ਵਧੀਆ ਹੋ ਰਿਹਾ ਹੈ। ਬੇਅੰਤ ਅਤੇ ਹੋਰ ਕੁੜੀਆਂ ਆਪਣੀ ਪੜ੍ਹਾਈ ਜਾਰੀ ਰੱਖਣ ਦੀ ਯੋਜਨਾ ਬਣਾ ਰਹੀਆਂ ਹਨ। ਬੇਅੰਤ ਨੇ ਪੰਜਾਬੀ ਯੂਨੀਵਰਸਿਟੀ ਤੋਂ B.A. ਪ੍ਰਾਈਵੇਟ ਕਰਨ ਦੀ ਯੋਜਨਾ ਬਣਾਈ ਗਈ ਹੈ।

ਸੁਨੀਤਾ ਦੇ ਪਰਿਵਾਰ ਵਿੱਚ ਕੁੱਲ 6 ਮੈਂਬਰ ਹਨ, ਚਾਰ ਧੀਆਂ, ਇੱਕ ਪੁੱਤਰ ਅਤੇ ਖੁਦ। ਪੁੱਤਰ ਕੌਂਟਰੈਕਟ ਆਧਾਰ ‘ਤੇ ਗੁਜਰਾਤ ਵਿੱਚ ਹੌਂਡਾ ਸਿਟੀ ਵਿੱਚ ਕੰਮ ਕਰ ਰਿਹਾ ਹੈ ਅਤੇ ਧੀਆਂ ਗਰੁੱਪ ਚਲਾਉਣ ਵਿੱਚ ਆਪਣੀ ਮਾਂ ਦਾ ਸਾਥ ਦੇ ਰਹੀਆਂ ਹਨ। ਬੇਅੰਤ ਇਨ੍ਹਾਂ ਵਿੱਚੋਂ ਸਭ ਤੋਂ ਅੱਗੇ ਹੈ ਅਤੇ ਵੱਖ-ਵੱਖ ਸੰਮੇਲਨਾਂ ਅਤੇ ਪ੍ਰਦਰਸ਼ਨੀਆਂ ਵਿੱਚ ਆਪਣੇ ਗਰੁੱਪ ਦੀ ਪ੍ਰਤੀਨਿਧਤਾ ਕਰਦੀ ਹੈ। ਅੱਜ, ਸੁਨੀਤਾ ਜੀ ਅਤੇ ਬੇਅੰਤ ਬਹੁਤ ਸਾਰੇ ਗ੍ਰਾਹਕਾਂ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੂੰ ਉਹ ਆਪਣੇ ਉਤਪਾਦ ਵੇਚ ਕੇ ਉਤਪਾਦਨ ਵਸਤੂਆਂ ਦਾ ਸਹੀ ਮੁੱਲ ਪ੍ਰਾਪਤ ਕਰਦੇ ਹਨ। ਬੇਅੰਤ ਇੱਕ ਜਵਾਨ ਕੁੜੀ ਹੈ, ਜੋ ਵਰਤਮਾਨ ਸਮੇਂ ਦੇ ਮੰਡੀਕਰਨ ਦੀਆਂ ਪ੍ਰਕਿਰਿਆਵਾਂ ਦੇ ਬਾਰੇ ਚੰਗੀ ਤਰ੍ਹਾਂ ਜਾਣਦੀ ਹੈ ਅਤੇ ਉਨ੍ਹਾਂ ਦਾ ਪਾਲਣ ਵੀ ਕਰਦੀ ਹੈ। ਉਸਨੇ ਗਰੁੱਪ ਦੇ ਨਾਮ ‘ਤੇ ਵਿਜ਼ੀਟਿੰਗ ਕਾਰਡ ਬਣਾਏ ਹਨ ਅਤੇ ਵੱਟਸ-ਐਪ ਦੇ ਮਾਧਿਅਮ ਨਾਲ ਸਾਰੇ ਗ੍ਰਾਹਕਾਂ ਨਾਲ ਜੁੜੀ ਹੋਈ ਹੈ। ਇਸ ਗਰੁੱਪ ਦੁਆਰਾ ਬਣਾਏ ਗਏ ਹੈਂਡਕਰਾਫਟਿੰਗ ਦੇ ਉਤਪਾਦ ਅਸਲ ਵਿੱਚ ਬਹੁਤ ਹੀ ਸੁੰਦਰ, ਅਲੱਗ ਅਤੇ ਕੁਆਲਿਟੀ ਵਿੱਚ ਉੱਤਮ ਹੁੰਦੇ ਹਨ। ਉਹ ਸਾਰਾ ਕੱਚਾ ਮਾਲ ਸਰਹਿੰਦ ਤੋਂ ਖਰੀਦਦੇ ਹਨ ਅਤੇ ਫੁਲਕਾਰੀ ਸੂਟ, ਦੁਪੱਟਾ, ਕੀ-ਰਿੰਗ, ਬੂਕ-ਮਾਰਕਰ, ਸ਼ਾੱਲ, ਜੈਕੇਟ ਅਤੇ ਹੋਰ ਘਰੇਲੂ ਸਜਾਵਟ ਦੀਆਂ ਚੀਜ਼ਾਂ ਤਿਆਰ ਕਰਦੇ ਹਨ। ਭਵਿੱਖ ਵਿੱਚ ਉਹ ਫੁਲਕਾਰੀ ਉਤਪਾਦ ਨੂੰ ਹੋਰ ਰਚਨਾਤਮਕ ਡਿਜ਼ਾਈਨਾਂ ਨਾਲ ਤਿਆਰ ਕਰਨ ਦੀ ਯੋਜਨਾ ਬਣਾ ਰਹੇ ਹਨ।

ਮਾਂ-ਧੀ ਦੁਆਰਾ ਦਿੱਤਾ ਗਿਆ ਸੰਦੇਸ਼
“ਮਹਿਲਾ ਵਿੱਚ ਸਭ ਕੁੱਝ ਕਰਨ ਦੀ ਸ਼ਕਤੀ ਹੁੰਦੀ ਹੈ, ਪਰ ਇਹ ਸਭ ਅੰਦਰੂਨੀ ਸ਼ਕਤੀ ਅਤੇ ਦ੍ਰਿੜ ਇਰਾਦੇ ‘ਤੇ ਨਿਰਭਰ ਹੈ। ਇਸ ਲਈ ਕਦੇ ਵੀ ਖੁਦ ਨੂੰ ਘੱਟ ਨਾ ਸਮਝੋ ਅਤੇ ਹਮੇਸ਼ਾ ਆਪਣੇ ਗੁਣ ਨੂੰ ਖੁਦ ਲਈ ਉਪਯੋਗੀ ਬਣਾਉਣ ਦੀ ਕੋਸ਼ਿਸ਼ ਕਰੋ। ਇੱਕ ਚੀਜ਼ ਜੋ ਮਹਿਲਾ ਨੂੰ ਹੋਰ ਮਜ਼ਬੂਤ ਕਰਦੀ ਹੈ, ਉਹ ਹੈ ਸਿੱਖਿਆ। ਦੁਨੀਆ ਦੀ ਵਰਤਮਾਨ ਸਥਿਤੀ ਨਾਲ ਅੱਪਡੇਟ ਅਤੇ ਜਾਗਰੂਕ ਹੋਣ ਲਈ ਮਹਿਲਾ ਨੂੰ ਪੂਰੀ ਸਿੱਖਿਆ ਹਾਸਲ ਕਰਨੀ ਚਾਹੀਦੀ ਹੈ।”

 

 

ਰਕਸ਼ਾ ਢਾਂਡ

ਪੂਰੀ ਕਹਾਣੀ ਪੜ੍ਹੋ

ਇੱਕ ਅਜਿਹੀ ਮਹਿਲਾ ਦੀ ਕਹਾਣੀ ਜੋ ਫੁਲਕਾਰੀ ‘ਤੇ ਕੰਮ ਕਰਨ ਵਾਲੇ ਲੋਕਾਂ ਦੀ ਕਲਾ ਨੂੰ ਉਜਾਗਰ ਕਰਕੇ ਆਪਣਾ ਸੱਭਿਆਚਾਰ ਦਿਖਾਉਣ ਵਿੱਚ ਮਦਦ ਕਰ ਰਹੀ ਹੈ

ਉਹ ਦਿਨ ਚਲੇ ਗਏ ਜਦੋਂ ਮਹਿਲਾਵਾਂ ਕੇਵਲ ਰਸੋਈ ਵਿੱਚ ਕੰਮ ਕਰਨ ਲਈ ਬਣੀਆਂ ਸੀ ਅਤੇ ਆਰਥਿਕ ਰੂਪ ਨਾਲ ਬੇਵੱਸ ਸੀ। ਪੁਰਾਣੇ ਸਮਿਆਂ ਵਿੱਚ ਬਹੁਤ ਘੱਟ ਲੋਕ ਸੀ, ਇਸ ਗੱਲ ਨੂੰ ਸਵੀਕਾਰ ਕਰਦੇ ਸਨ ਕਿ ਮਿਹਨਤ, ਦਿਮਾਗ ਅਤੇ ਨੇਤਾ ਵਾਲੇ ਗੁਣਾਂ ਵਿੱਚ ਮਹਿਲਾਵਾਂ ਪੁਰਸ਼ਾਂ ਦੇ ਸਮਾਨ ਹਨ।

ਅੱਜ ਵੀ ਕਈ ਮਹਿਲਾਵਾ ਇਸ ਤਰ੍ਹਾਂ ਦੀਆਂ ਹਨ, ਜੋ ਖੁਦ ‘ਤੇ ਵਿਸ਼ਵਾਸ ਕਰਦੀਆਂ ਹਨ। ਉਹ ਆਪਣੇ ਕੰਮ ਨਾਲ ਸੰਬੰਧਿਤ ਜਨੂੰਨ ਅਤੇ ਦਿਮਾਗੀ ਸ਼ਕਤੀ ਦੀ ਵਰਤੋਂ ਕਰਕੇ ਆਪਣੀ ਰੋਜ਼ਾਨਾ ਜ਼ਿੰਦਗੀ ਅਤੇ ਕਾਰੋਬਾਰ ਨੂੰ ਚੰਗੀ ਤਰ੍ਹਾਂ ਸੰਭਾਲ ਸਕਦੀਆਂ ਹਨ। ਅਜਿਹੀ ਹੀ ਰਕਸ਼ਾ ਢੰਡ ਨਾਮ ਦੀ ਮਹਿਲਾ ਹੈ ਜੋ ਕਿ ਕਰਮਚਾਰੀਆਂ ਦੇ ਨਾਲ ਰਚਨਾਤਮਕ ਫੁਲਕਾਰੀ ਦੇ ਗੁਣ ਨੂੰ ਪ੍ਰਯੋਗ ਕਰਕੇ ਇੱਕ ਸੈੱਲਫ ਹੈਲਪ ਗਰੁੱਪ ਗਰੁੱਪ-ਕਮ-ਬਿਜ਼ਨਸ ਚਲਾ ਰਹੇ ਹਨ। ਉਹ ਨਵੇਂ ਡਿਜ਼ਾਈਨਾਂ ਅਤੇ ਆਵਿਸ਼ਕਾਰੀ ਢੰਗ ਨਾਲ ਫੁਲਕਾਰੀ ਦੀ ਕਲਾ ਨੂੰ ਜ਼ਿੰਦਾ ਰੱਖਣ ਲਈ ਕੋਸ਼ਿਸ਼ ਕਰ ਰਹੇ ਹਨ।

ਰਕਸ਼ਾ ਢਾਂਡ ਚਮਕੌਰ ਸਾਹਿਬ ਦੇ ਰਹਿਣ ਵਾਲੇ ਹਨ ਅਤੇ ਗੇਂਦਾ ਸੈੱਲਫ ਹੈਲਪ ਗਰੁੱਪ ਗਰੁੱਪ ਦੇ ਪ੍ਰਧਾਨ ਹਨ। ਉਨ੍ਹਾਂ ਨੇ ਇਹ ਗਰੁੱਪ 2010 ਵਿੱਚ 16 ਫੁਲਕਾਰੀ ਕਰਮਚਾਰੀਆਂ ਦੇ ਨਾਲ ਮਿਲ ਕੇ ਬਣਾਇਆ ਸੀ ਅਤੇ ਜਦੋਂ ਉਨ੍ਹਾਂ ਦੁਆਰਾ ਬਣਾਇਆ ਗਿਆ ਫੁਲਕਾਰੀ ਹੈਂਡੀਕਰਾਫਟ ਕਲੱਸਟਰ, ਵਿਕਾਸ ਕਮਿਸ਼ਨਰ ਹੈਂਡੀਕਰਾਫਟ, ਨਵੀਂ ਦਿੱਲੀ ਦੁਆਰਾ ਮਨਜ਼ੂਰ ਹੋ ਗਿਆ, ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਨੇ ਪੰਜਾਬ ਦੀ ਹਸਤ-ਕਲਾ ਨੂੰ ਉੱਪਰ ਚੁੱਕਣ ਵਿੱਚ ਤੇਜ਼ੀ ਨਾਲ ਸ਼ੁਰੂਆਤ ਕੀਤੀ। ਮਨਜ਼ੂਰੀ ਮਿਲਣ ਤੋਂ ਬਾਅਦ NIFD ਦੇ ਫੈਸ਼ਨ ਡਿਜ਼ਾਈਨਰਾਂ ਨੂੰ ਖਾਸ ਤੌਰ ‘ਤੇ ਇਸ ਗਰੁੱਪ ਦੇ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ਲਈ ਭੇਜਿਆ ਗਿਆ। ਇਨ੍ਹਾਂ ਕਰਮਚਾਰੀਆਂ ਨੂੰ ਕੁੱਲ 25 ਦਿਨ ਦੀ ਟ੍ਰੇਨਿੰਗ ਦਿੱਤੀ ਗਈ ਅਤੇ ਹੌਲੀ-ਹੌਲੀ ਉਨ੍ਹਾਂ ਦੇ ਨਾਮ ਨੂੰ ਪ੍ਰਸੰਸਾ ਮਿਲਣ ਲੱਗੀ। ਹੌਲੀ-ਹੌਲੀ ਗਰੁੱਪ ਦੇ ਗ੍ਰਾਹਕ ਵਧੇ ਅਤੇ ਵਧੀਆ ਲਾਭ ਹੋਇਆ। ਅੱਜ ਰਕਸ਼ਾ ਢੰਡ ਜੀ ਦੀ ਚਮਕੌਰ ਸਾਹਿਬ ਫੁਲਕਾਰੀ ਹਾਊਸ ਨਾਮ ਦੀ ਦੁਕਾਨ ਉਸੇ ਸ਼ਹਿਰ ਵਿੱਚ ਹੈ, ਜਿੱਥੇ ਉਹ ਰਹਿੰਦੇ ਹਨ ਅਤੇ ਦੁਕਾਨ ਵਿੱਚ ਗੇਂਦਾ ਸੈੱਲਫ ਹੈਲਪ ਗਰੁੱਪ ਦੁਆਰਾ ਤਿਆਰ ਕੀਤੇ ਗਏ ਉਤਪਾਦ ਵੇਚਦੇ ਹਨ। ਉਨ੍ਹਾਂ ਦਾ ਪੁੱਤਰ ਉਨ੍ਹਾਂ ਦੇ ਕੰਮ, ਪ੍ਰਦਰਸ਼ਨੀਆਂ ਅਤੇ ਸਾਰੇ ਸੰਮੇਲਨਾਂ ਵਿੱਚ ਉਨ੍ਹਾਂ ਦਾ ਸਾਥ ਦਿੰਦਾ ਹੈ।

ਰਕਸ਼ਾ ਢਾਂਡ ਜੀ ਦੀ ਕੋਈ ਮਜ਼ਬੂਰੀ, ਪਰਿਵਾਰਿਕ ਦਬਾਅ ਜਾਂ ਆਰਥਿਕ ਸਮੱਸਿਆ ਨਹੀਂ ਸੀ, ਜਿਸਦੇ ਕਾਰਨ ਉਨ੍ਹਾਂ ਨੂੰ ਇਹ ਗਰੁੱਪ ਬਣਾਉਣਾ ਪਿਆ ਅਤੇ ਉਤਪਾਦ ਵੇਚਣੇ ਸ਼ੁਰੂ ਕਰਨੇ ਪਏ। ਇਹ ਰਕਸ਼ਾ ਢੰਡ ਜੀ ਦਾ ਜਨੂੰਨ ਸੀ ਕਿ ਉਹ ਫੁਲਕਾਰੀ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਲੋਕਾਂ ਦੇ ਸਾਹਮਣੇ ਪੇਸ਼ ਕਰਨ ਅਤੇ ਆਤਮ-ਨਿਰਭਰ ਹੋ ਸਕਣ। ਉਨ੍ਹਾਂ ਨੇ ਹਮੇਸ਼ਾ ਆਪਣੇ ਗਰੁੱਪ ਮੈਂਬਰਾਂ ਨੂੰ ਪ੍ਰੇਰਿਤ ਕੀਤਾ ਅਤੇ ਕਰਮਚਾਰੀਆਂ ਦੀ ਮਦਦ ਨਾਲ ਫੁਲਕਾਰੀ ਦੀਆਂ ਤਕਨੀਕਾਂ ਨਾਲ ਸੁੰਦਰ ਅਤੇ ਆਕਰਸ਼ਕ ਡਿਜ਼ਾਈਨਾਂ ਦੀ ਵਰਤੋਂ ਕਰਦੇ ਹੋਏ ਫੁਲਕਾਰੀ ਸੂਟ, ਦੁਪੱਟਾ, ਸ਼ਾੱਲ, ਜੈਕੇਟ ਅਤੇ ਹੋਰ ਉਤਪਾਦ ਬਣਾਏ।ਇਸ ਵੇਲੇ, ਰਕਸ਼ਾ ਢੰਡ ਜੀ ਆਪਣੇ ਪੂਰੇ ਪਰਿਵਰ(ਪਤੀ, ਦੋ ਪੁੱਤਰ ਅਤੇ ਨੂੰਹ) ਸਮੇਤ ਖੁਸ਼ ਰਹਿ ਰਹੇ ਹਨ।

ਦੋਨਾਂ ‘ਚੋਂ ਇੱਕ ਪੁੱਤਰ ਆਸਟ੍ਰੇਲੀਆ ਰਹਿੰਦਾ ਹੈ ਅਤੇ ਵੱਡਾ ਪੁੱਤਰ ਹਰਸ਼ ਢੰਡ ਕਾਰੋਬਾਰ ਵਿੱਚ ਆਪਣੀ ਮਾਂ ਦੀ ਮਦਦ ਕਰਦਾ ਹੈ। ਗੇਂਦਾ ਸੈੱਲਫ ਹੈੱਲਪ ਦੇ ਤਹਿਤ ਉਹ ਹੋਰਨਾਂ ਮਹਿਲਾਵਾਂ ਨੂੰ ਵੀ ਫੁਲਕਾਰੀ ਦੀ ਕਲਾ ਸਿਖਾਉਂਦੇ ਹਨ, ਤਾਂ ਕਿ ਉਹ ਫੁਲਕਾਰੀਆਂ ਬਣਾ ਕੇ ਆਤਮ-ਨਿਰਭਰ ਹੋ ਸਕਣ। ਉਹ ਲੁਧਿਆਣੇ ਤੋਂ ਕੱਚਾ ਮਾਲ ਖਰੀਦਦੇ ਹਨ ਅਤੇ ਕਰਮਚਾਰੀਆਂ ਨੂੰ ਦਿੰਦੇ ਹਨ, ਜੋ ਦਿਨ ਰਾਤ ਫੁਲਕਾਰੀ ਉਤਪਾਦ ਬਣਾਉਂਦੇ ਹਨ। ਜਿੰਨੀ ਜਲਦੀ ਉਹ ਫੁਲਕਾਰੀਆਂ ਤਿਆਰ ਕਰਦੇ ਹਨ, ਰਕਸ਼ਾ ਢੰਡ ਮੌਕੇ ‘ਤੇ ਉਨ੍ਹਾਂ ਦਾ ਭੁਗਤਾਨ ਕਰਦੇ ਹਨ। ਉਹ ਗ੍ਰਾਹਕਾਂ ਨੂੰ ਉਤਪਾਦਾਂ ਲਈ ਉਡੀਕ ਨਹੀਂ ਕਰਵਾਉਂਦੇ, ਕਿਉਂਕਿ ਉਨ੍ਹਾਂ ਕੋਲ ਕੰਮ ਕਰ ਰਹੀਆਂ ਸਾਰੀਆਂ ਮਹਿਲਾਵਾਂ ਚੰਗੇ ਪਰਿਵਾਰਾਂ ਤੋਂ ਹਨ ਆਪਣੇ ਖਰਚਾ ਚਲਾਉਂਦੀਆਂ ਹਨ। ਉਹ ਆਪਣੇ ਅਧੀਨ ਕੰਮ ਕਰ ਰਹੀਆਂ ਮਹਿਲਾਵਾਂ ਦੀ ਸਥਿਤੀ ਨੂੰ ਸਮਝਦੇ ਹਨ ਅਤੇ ਹਮੇਸ਼ਾ ਉਨ੍ਹਾਂ ਦੇ ਕੰਮ ਦੀ ਸਹੀ ਕੀਮਤ ਦਿੰਦੀਆਂ ਹਨ।

ਭਵਿੱਖ ਦੀ ਯੋਜਨਾ:
ਭਵਿੱਖ ਵਿੱਚ ਉਹ ਆਪਣੇ ਕਾਰੋਬਾਰ ਨੂੰ ਹੋਰ ਵੱਡਾ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਆਪਣੇ ਹੈਂਡ-ਕਰਾਫਟਿੰਗ ਦੇ ਕੰਮ ਨੂੰ ਲੋਕਾਂ ਲਈ ਵੱਡੇ ਪੱਧਰ ‘ਤੇ ਉਪਲੱਬਧ ਕਰਵਾ ਸਕਣ। ਹਾਲ ਹੀ ਵਿੱਚ ਉਨ੍ਹਾਂ ਨੇ ਇੰਡੀਆ ਮਾਰਟ ਨਾਲ ਸੰਪਰਕ ਕੀਤਾ ਹੈ, ਤਾਂ ਕਿ ਉਹ ਉਨ੍ਹਾਂ ਨਾਲ ਕਾਰੋਬਾਰ ਕਰ ਸਕਣ ਅਤੇ ਆਪਣੇ ਉਤਪਾਦ ਵੈੱਬਸਾਈਟ ਦੇ ਜ਼ਰੀਏ ਵੇਚ ਸਕਣ।

ਰਕਸ਼ਾ ਢਾਂਡ ਦਾ ਸੰਦੇਸ਼
ਹਰ ਮਹਿਲਾ ਨੂੰ ਆਤਮ-ਨਿਰਭਰ ਹੋਣਾ ਚਾਹੀਦਾ ਹੈ ਅਤੇ ਓਹੀ ਕਰਨਾ ਚਾਹੀਦਾ ਹੈ, ਜੋ ਉਨ੍ਹਾਂ ਨੂੰ ਪਸੰਦ ਹੈ। ਕਿਉਂਕਿ ਜੇਕਰ ਤੁਸੀਂ ਆਪਣਾ ਭਵਿੱਖ ਖੁਦ ਬਣਾਉਣ ਦਾ ਫੈਸਲਾ ਕਰ ਲਿਆ, ਤਾਂ ਤੁਹਾਨੂੰ ਕੋਈ ਵੀ ਰੋਕ ਨਹੀਂ ਸਕਦਾ। ਮੈਂ ਆਪਣੇ ਸਮਾਜ ਵਿੱਚ ਮਹਿਲਾਵਾਂ ਦਾ ਭਵਿੱਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਜੇਕਰ ਤੁਸੀਂ ਵੀ ਇਸ ਤਰ੍ਹਾਂ ਕਰਨ ਲਈ ਸਮਰੱਥ ਹੋ ਤਾਂ ਉਨ੍ਹਾਂ ਗਰੀਬ ਮਹਿਲਾਵਾਂ ਦੀ ਮਦਦ ਕਰਨ ਲਈ ਇੱਕ ਕਦਮ ਅੱਗੇ ਵਧਾਓ, ਜੋ ਗਰੀਬ ਵਰਗ ਨਾਲ ਸੰਬੰਧਿਤ ਹਨ। ਉਨ੍ਹਾਂ ਨੂੰ ਸਿਖਾਓ ਕਿ ਉਹ ਕਿਵੇਂ ਆਪਣੇ ਗੁਣਾਂ ਨੂੰ ਵਰਤ ਕੇ ਆਤਮ-ਨਿਰਭਰ ਬਣ ਸਕਦੀਆਂ ਹਨ।”