ਇੱਕ ਇਨਸਾਨ ਦੀ ਕਹਾਣੀ, ਜਿਸਨੇ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਬੁੱਧੀਮਾਨੀ ਨਾਲ ਜੈਵਿਕ ਖੇਤੀ ਦੇ ਰਸਤੇ ਨੂੰ ਚੁਣਿਆ
ਕੁਦਰਤ ਸਾਡੇ ਸਾਰੇ ਮਹਾਨ ਸਿੱਖਿਅਕਾਂ ਵਿੱਚੋਂ ਇੱਕ ਹੈ ਅਤੇ ਇਹ ਸਾਨੂੰ ਹਰੇਕ ਜ਼ਰੂਰਤ-ਮੰਦ ਚੀਜ਼ ਸਿਖਾਉਂਦੀ ਹੈ। ਅੱਜ ਅਸੀਂ ਧਰਤੀ ‘ਤੇ ਇਸ ਤਰੀਕੇ ਨਾਲ ਰਹਿ ਰਹੇ ਹਾਂ, ਜਿਵੇਂ ਸਾਡੇ ਕੋਲ ਇੱਕ ਹੋਰ ਗ੍ਰਹਿ ਵੀ ਹੋਵੇ। ਅਸੀਂ ਇਸ ਗੱਲ ਤੋਂ ਜਾਣੂ ਨਹੀਂ ਹਾਂ ਕਿ ਅਸੀਂ ਕਿਵੇਂ ਕੁਦਰਤ ਦੇ ਸੰਤੁਲਨ ਨੂੰ ਖਰਾਬ ਕਰ ਰਹੇ ਹਾਂ ਅਤੇ ਇਸਦੇ ਸਾਡੇ ‘ਤੇ ਕੀ ਬੁਰੇ ਪ੍ਰਭਾਵ ਪੈ ਸਕਦੇ ਹਨ? ਅੱਜ-ਕੱਲ੍ਹ ਅਸੀਂ ਮਨੁੱਖਾਂ ਅਤੇ ਜਾਨਵਰਾਂ ਵਿੱਚ ਬਿਮਾਰੀਆਂ, ਅਸਮਾਨਤਾਵਾਂ ਅਤੇ ਕਮੀਆਂ ਦੇ ਕਈ ਮਾਮਲੇ ਦੇਖ ਰਹੇ ਹਾਂ। ਪਰ ਫਿਰ ਵੀ ਜ਼ਿਆਦਾਤਰ ਲੋਕ ਗਲਤੀਆਂ ਦੀ ਪਹਿਚਾਣ ਕਰਨ ਵਿੱਚ ਸਮਰੱਥ ਨਹੀਂ ਹਨ। ਉਹ ਅੱਖਾਂ ‘ਤੇ ਪੱਟੀ ਬੰਨ੍ਹ ਕੇ ਬੈਠੇ ਹਨ, ਜਿਵੇਂ ਕਿ ਕੁੱਝ ਗਲਤ ਹੋ ਹੀ ਨਹੀਂ ਰਿਹਾ। ਪਰ ਇਨ੍ਹਾਂ ਵਿੱਚੋਂ ਕੁੱਝ ਲੋਕ ਐਸੇ ਹਨ, ਜੋ ਕਿ ਆਪਣੀਆਂ ਗਲਤੀਆਂ ਤੋਂ ਸਿੱਖਦੇ ਹਨ ਅਤੇ ਸਮਾਜ ਵਿੱਚ ਇੱਕ ਵੱਡਾ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਹ ਕਿਹਾ ਜਾਂਦਾ ਹੈ ਕਿ ਗਲਤੀਆਂ ਵਿੱਚ ਸਾਨੂੰ ਪਹਿਲਾਂ ਨਾਲੋਂ ਚੰਗਾ ਬਣਾਉਣ ਦੀ ਸ਼ਕਤੀ ਹੁੰਦੀ ਹੈ ਅਤੇ ਇੱਕ ਅਜਿਹੇ ਵਿਅਕਤੀ ਹਨ, ਰਜਿੰਦਰ ਪਾਲ ਸਿੰਘ, ਜੋ ਕਿ ਬਿਹਤਰ ਦਿਸ਼ਾ ਵਿੱਚ ਆਪਣਾ ਰਸਤਾ ਬਣਾ ਰਹੇ ਹਨ ਅਤੇ ਅੱਜ ਉਹ ਜੈਵਿਕ ਖੇਤੀ ਦੇ ਖੇਤਰ ਵਿੱਚ ਇੱਕ ਸਫ਼ਲ ਸ਼ਖਸੀਅਤ ਹਨ। ਉਨ੍ਹਾਂ ਦੇ ਉਤਪਾਦਾਂ ਦੀ ਪ੍ਰਸੰਸਾ ਅਤੇ ਮੰਗ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਅਮਰੀਕਾ, ਕਨੇਡਾ ਅਤੇ ਇੱਥੋਂ ਤੱਕ ਕਿ ਲੰਡਨ ਦੇ ਸ਼ਾਹੀ ਪਰਿਵਾਰਾਂ ਵਿੱਚ ਵੀ ਹੈ।
ਇੱਕ ਸਫ਼ਲ ਯਾਤਰਾ ਪਿੱਛੇ ਇੱਕ ਕਹਾਣੀ ਹੁੰਦੀ ਹੈ। ਰਜਿੰਦਰ ਪਾਲ ਸਿੰਘ, ਜ਼ਿਲ੍ਹਾ ਬਠਿੰਡਾ ਦੇ ਪਿੰਡ ਕਲਾਲਵਾਲਾ ਦੇ ਨਿਵਾਸੀ ਹਨ। ਉਹ ਕਿਸੇ ਵੇਲੇ ਇੱਕ ਅਜਿਹੇ ਕਿਸਾਨ ਸਨ, ਜੋ ਰਵਾਇਤੀ ਖੇਤੀ ਕਰਦੇ ਸਨ, ਪਰ ਰਸਾਇਣਾਂ ਅਤੇ ਕੀਟਨਾਸ਼ਕਾਂ ਦੇ ਬੁਰੇ ਪ੍ਰਭਾਵਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਰਸਾਇਣਾਂ ਦੀ ਵਰਤੋਂ ਕਰਕੇ ਵਾਤਾਵਰਨ ਅਤੇ ਸਿਹਤ ਦੋਨਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਉਹ ਫ਼ਸਲਾਂ ‘ਤੇ ਕੀਟਨਾਸ਼ਕਾਂ ਦੀ ਵਰਤੋਂ ਕਰਦੇ ਸੀ, ਪਰ ਇੱਕ ਦਿਨ ਉਸ ਸਪਰੇਅ ਨੇ ਉਨ੍ਹਾਂ ਦੇ ਨਰਵਸ ਸਿਸਟਮ ਨੂੰ ਪ੍ਰਭਾਵਿਤ ਕੀਤਾ ਅਤੇ ਅਜਿਹਾ ਹੀ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨਾਲ ਵੀ ਹੋਇਆ। ਉਸ ਦਿਨ ਤੋਂ ਉਨ੍ਹਾਂ ਨੇ ਰਸਾਇਣਾਂ ਦੀ ਵਰਤੋਂ ਕਰਨੀ ਛੱਡ ਕੇ ਖੇਤੀਬਾੜੀ ਲਈ ਜੈਵਿਕ ਤਰੀਕਾ ਅਪਨਾਇਆ।
ਸ਼ੁਰੂਆਤ ਵਿੱਚ ਉਨ੍ਹਾਂ ਅਤੇ ਉਨ੍ਹਾਂ ਦੇ ਚਾਚਾ ਜੀ ਨੇ 4 ਏਕੜ ਜ਼ਮੀਨ ਵਿੱਚ ਜੈਵਿਕ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਫਿਰ ਹੌਲੀ-ਹੌਲੀ ਇਸ ਖੇਤਰ ਨੂੰ ਵਧਾਇਆ। 2001 ਵਿੱਚ ਉਹ ਉਤਰ ਪ੍ਰਦੇਸ਼ ਤੋਂ ਗੁਲਾਬ ਦੇ ਪੌਦੇ ਖਰੀਦ ਕੇ ਲਿਆਏ ਅਤੇ ਉਦੋਂ ਤੋਂ ਉਹ ਬਾਕੀ ਫ਼ਸਲਾਂ ਦੇ ਨਾਲ-ਨਾਲ ਗੁਲਾਬ ਦੀ ਖੇਤੀ ਵੀ ਕਰ ਰਹੇ ਹਨ। ਉਨ੍ਹਾਂ ਨੇ ਜੈਵਿਕ ਖੇਤੀ ਲਈ ਕੋਈ ਟ੍ਰੇਨਿੰਗ ਨਹੀਂ ਲਈ। ਉਨ੍ਹਾਂ ਦੇ ਚਾਚਾ ਜੀ ਨੇ ਕਿਤਾਬਾਂ ਤੋਂ ਸਾਰੀ ਜਾਣਕਾਰੀ ਇਕੱਠੀ ਕਰਕੇ ਜੈਵਿਕ ਖੇਤੀ ਕਰਨ ਵਿੱਚ ਉਨ੍ਹਾਂ ਦੀ ਮਦਦ ਕੀਤੀ। ਇਸ ਸਮੇਂ ਉਹ ਆਪਣੇ ਸੰਪੂਰਨ ਪਰਿਵਾਰ, ਆਪਣੀ ਪਤਨੀ, ਬੱਚੇ, ਚਾਚਾ, ਚਾਚੀ ਅਤੇ ਭਰਾਵਾਂ ਨਾਲ ਰਹਿ ਰਹੇ ਹਨ ਅਤੇ ਆਪਣੀ ਸਫ਼ਲਤਾ ਦਾ ਪੂਰਾ ਸਿਹਰਾ ਆਪਣੇ ਪਰਿਵਾਰ ਸਿਰ ਸਜਾਉਂਦੇ ਹਨ।
ਉਹ ਬਠਿੰਡਾ ਦੇ ਮਾਲਵਾ ਖੇਤਰ ਦੇ ਪਹਿਲੇ ਕਿਸਾਨ ਹਨ, ਜਿਨ੍ਹਾਂ ਨੇ ਰਵਾਇਤੀ ਖੇਤੀ ਨੂੰ ਛੱਡ ਕੇ ਜੈਵਿਕ ਖੇਤੀ ਨੂੰ ਚੁਣਿਆ। ਜਦੋਂ ਉਨ੍ਹਾਂ ਨੇ ਜੈਵਿਕ ਖੇਤੀ ਸ਼ੁਰੂ ਕੀਤੀ, ਉਸ ਵੇਲੇ ਉਨ੍ਹਾਂ ਨੇ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਕਈ ਲੋਕਾਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਨਿਰਾਸ਼ ਵੀ ਕੀਤਾ ਕਿ ਉਹ ਸਿਰਫ਼ ਪੈਸਾ ਬਰਬਾਦ ਕਰ ਰਹੇ ਹਨ, ਪਰ ਅੱਜ ਉਨ੍ਹਾਂ ਦੇ ਉਤਪਾਦ ਅਡਵਾਂਸ ਬੁਕਿੰਗ ਵਿੱਚ ਵਿਕ ਰਹੇ ਹਨ ਅਤੇ ਉਹ ਪੰਜਾਬ ਦੇ ਪਹਿਲੇ ਕਿਸਾਨ ਵੀ ਹਨ, ਜਿਨ੍ਹਾਂ ਨੇ ਆਪਣੇ ਫਾਰਮ ‘ਤੇ ਗੁਲਾਬ ਦਾ ਤੇਲ ਬਣਾਇਆ ਅਤੇ 2010 ਵਿੱਚ ਫਤਿਹਗੜ੍ਹ ਸਾਹਿਬ ਦੇ ਸਮਾਰੋਹ ਵਿੱਚ ਪ੍ਰਿੰਸ ਚਾਰਲਸ ਅਤੇ ਉਨ੍ਹਾਂ ਦੀ ਪਤਨੀ ਨੂੰ ਦਿੱਤਾ।
ਉਹ ਜੋ ਕੰਮ ਕਰ ਰਹੇ ਹਨ, ਇਸ ਲਈ ਉਨ੍ਹਾਂ ਨੂੰ ਫੁੱਲਾਂ ਦਾ ਰਾਜਾ ਹੋਣ ਦਾ ਟਾਈਟਲ ਵੀ ਮਿਲਿਆ ਹੈ। ਉਨ੍ਹਾਂ ਕੋਲ ਗੁਲਾਬ ਦੀ ਸਭ ਤੋਂ ਚੰਗੀ ਕਿਸਮ ਹੈ, ਜਿਸਨੂੰ Damascus ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੇ 6 ਏਕੜ ਵਿੱਚ ਫੈਲੇ ਗੁਲਾਬਾਂ ਦੀ ਖੁਸ਼ਬੋ ਕੁੱਝ ਦੂਰੀ ਤੋਂ ਹੀ ਆਉਣੀ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਨੇ ਆਪਣੇ ਫਾਰਮ ‘ਤੇ ਤੇਲ ਕੱਢਣ ਦਾ ਪ੍ਰੋਜੈੱਕਟ ਵੀ ਸਥਾਪਿਤ ਕੀਤਾ ਹੈ, ਜਿੱਥੇ ਉਹ ਆਪਣੇ ਖੇਤ ਦੇ ਗੁਲਾਬਾਂ ਤੋਂ ਤੇਲ ਤਿਆਰ ਕਰਦੇ ਹਨ। ਗੁਲਾਬ ਦੀ ਖੇਤੀ ਤੋਂ ਇਲਾਵਾ ਉਹ ਮੂੰਗ ਦਾਲ, ਮਸਰ, ਮੱਕੀ, ਸੋਇਆਬੀਨ, ਮੂੰਗਫਲੀ, ਚਨੇ, ਕਣਕ, ਬਾਸਮਤੀ, ਗੁਆਰੇ ਅਤੇ ਹੋਰ ਮੌਸਮੀ ਸਬਜ਼ੀਆਂ ਦੀ ਖੇਤੀ ਕਰਦੇ ਹਨ। ਉਹ 12 ਏਕੜ ਵਿੱਚ ਬਾਸਮਤੀ ਅਤੇ ਬਾਕੀ ਦੀ ਜ਼ਮੀਨ ‘ਤੇ ਉਪਰੋਕਤ ਫ਼ਸਲਾਂ ਉਗਾਉਂਦੇ ਹਨ।
ਰਜਿੰਦਰ ਪਾਲ ਸਿੰਘ ਜਿਹੜੇ ਗੁਲਾਬਾਂ ਦੀ ਖੇਤੀ ਕਰਦੇ ਹਨ, ਉਹ ਸਾਲ ਵਿੱਚ ਇੱਕ ਵਾਰ ਹੀ ਦਸੰਬਰ ਮਹੀਨੇ ਵਿੱਚ ਖਿਲਦੇ ਹਨ ਅਤੇ ਇਨ੍ਹਾਂ ਦੀ ਕਟਾਈ ਮਾਰਚ ਅਤੇ ਅਪ੍ਰੈਲ ਤੱਕ ਪੂਰੀ ਕਰ ਲਈ ਜਾਂਦੀ ਹੈ। ਇੱਕ ਏਕੜ ਖੇਤ ਵਿੱਚ ਗੁਲਾਬਾਂ ਦੀ ਪੈਦਾਵਾਰ 12 ਤੋਂ 18 ਕੁਇੰਟਲ ਹੁੰਦੀ ਹੈ ਅਤੇ ਅੱਜ ਇੱਕ ਏਕੜ ਗੁਲਾਬ ਦੇ ਖੇਤਰ ‘ਚੋਂ ਉਹ 1.25 ਲੱਖ ਰੁਪਏ ਦਾ ਮੁਨਾਫ਼ਾ ਲੈ ਰਹੇ ਹਨ। ਉਨ੍ਹਾਂ ਦੇ ਉਤਪਾਦਾਂ ਦੀ ਮੰਗ ਅਮਰੀਕਾ, ਕਨੇਡਾ ਅਤੇ ਹੋਰ ਦੇਸ਼ਾਂ ਵਿੱਚ ਵੀ ਹੈ। ਇੱਥੋਂ ਤੱਕ ਕਿ ਉਨ੍ਹਾਂ ਦੁਆਰਾ ਬਣਾਏ ਗਏ ਗੁਲਾਬ ਦੇ ਤੇਲ ਨੂੰ ਨਿਰਯਾਤਕਾਂ ਦੁਆਰਾ ਵਧੀਆ ਕੀਮਤ ‘ਤੇ ਖਰੀਦਿਆ ਜਾਂਦਾ ਹੈ,ਕੇਵਲ ਇਸ ਲਈ ਕਿਉਂਕਿ ਇਹ ਤੇਲ ਸ਼ੁੱਧ ਅਤੇ ਜੈਵਿਕ ਗੁਲਾਬਾਂ ਤੋਂ ਬਣਿਆ ਹੁੰਦਾ ਹੈ। ਬਾਕੀ ਮੌਸਮ ਵਿੱਚ ਉਹ ਗੁਲਾਬ ਦੀਆਂ ਹੋਰ ਕਿਸਮਾਂ ਉਗਾਉਂਦੇ ਹਨ ਅਤੇ ਉਨ੍ਹਾਂ ਤੋਂ ਗੁਲਕੰਦ ਤਿਆਰ ਕਰਕੇ ਨਜ਼ਦੀਕੀ ਗਰੌਸਰੀ ਸਟੋਰਾਂ ‘ਤੇ ਵੇਚਦੇ ਹਨ। ਗੁਲਾਬ ਦਾ ਤੇਲ, ਗੁਲਾਬ-ਜਲ ਅਤੇ ਗੁਲਕੰਦ ਤੋਂ ਇਲਾਵਾ ਉਹ ਹੋਰ ਫ਼ਸਲਾਂ ਜਿਵੇਂ ਕਿ ਜੈਵਿਕ ਮਸਰ, ਕਣਕ, ਮੱਕੀ, ਝੋਨਾ ਆਦਿ ਵੀ ਵੇਚਦੇ ਹਨ। ਸਾਰੇ ਉਤਪਾਦ ਉਨ੍ਹਾਂ ਦੁਆਰਾ ਖੁਦ ਤਿਆਰ ਕੀਤੇ ਜਾਂਦੇ ਹਨ ਅਤੇ ਭਾਕਰ ਜੈਵਿਕ ਫਾਰਮ ਬ੍ਰੈਂਡ ਦੇ ਨਾਮ ਹੇਠਾਂ ਵੇਚੇ ਜਾਂਦੇ ਹਨ।
ਅੱਜ ਦੇ ਸਮੇਂ ਵਿੱਚ ਰਜਿੰਦਰ ਪਾਲ ਸਿੰਘ ਜੀ ਜੈਵਿਕ ਖੇਤੀ ਨਾਲ ਬਹੁਤ ਸੰਤੁਸ਼ਟ ਹਨ। ਬੇਸ਼ੱਕ ਉਨ੍ਹਾਂ ਦੀਆਂ ਫ਼ਸਲਾਂ ਦੀ ਉਪਜ ਘੱਟ ਹੁੰਦੀ ਹੈ, ਪਰ ਉਨ੍ਹਾਂ ਦੇ ਉਤਪਾਦਾਂ ਦੀ ਕੀਮਤ, ਰਵਾਇਤੀ ਢੰਗ ਨਾਲ ਉਗਾਈਆਂ ਬਾਕੀ ਫ਼ਸਲਾਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਉਹ ਆਪਣੇ ਖੇਤਾਂ ਵਿੱਚ ਸਿਰਫ਼ ਗਾਂ ਦੇ ਗੋਬਰ ਅਤੇ ਨਦੀ ਦੇ ਪਾਣੀ ਦੀ ਵਰਤੋਂ ਕਰਦੇ ਹਨ ਅਤੇ ਬਜ਼ਾਰ ਤੋਂ ਕਿਸੇ ਵੀ ਤਰ੍ਹਾਂ ਦੀ ਖਾਦ ਜਾਂ ਕੰਪੋਸਟ ਨਹੀਂ ਖਰੀਦਦੇ। ਜੇਵਿਕ ਖੇਤੀ ਕਰਕੇ ਉਹ ਮਿੱਟੀ ਦੇ ਪੋਸ਼ਕ ਤੱਤ ਅਤੇ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਵਿੱਚ ਸਮਰੱਥ ਹਨ। ਸ਼ੁਰੂਆਤ ਵਿੱਚ ਉਨ੍ਹਾਂ ਨੇ ਆਪਣੇ ਉਤਪਾਦਾਂ ਦੇ ਮੰਡੀਕਰਨ ਵਿੱਚ ਛੋਟੀ ਜਿਹੀ ਸਮੱਸਿਆ ਦਾ ਸਾਹਮਣਾ ਕੀਤਾ, ਪਰ ਜਲਦੀ ਹੀ ਲੋਕਾਂ ਨੇ ਉਨ੍ਹਾਂ ਦੇ ਉਤਪਾਦਾਂ ਦੀ ਕੁਆਲਿਟੀ ਨੂੰ ਮਾਨਤਾ ਦਿੱਤੀ। ਫਿਰ ਉਨ੍ਹਾਂ ਨੇ ਆਪਣੇ ਕੰਮ ਵਿੱਚ ਤੇਜ਼ੀ ਲਿਆਉਣੀ ਸ਼ੁਰੂ ਕੀਤੀ ਅਤੇ ਉਹ ਜੈਵਿਕ ਖੇਤੀ ਕਾਰਨ ਆਪਣੀਆਂ ਫ਼ਸਲਾਂ ਵਿੱਚ ਬਹੁਤ ਹੀ ਘੱਟ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ।
ਪੁਰਸਕਾਰਾਂ ਅਤੇ ਪ੍ਰਾਪਤੀਆਂ
ATMA ਸਕੀਮ ਦੇ ਤਹਿਤ ਕੇਂਦਰ ਸਰਕਾਰ ਦੁਆਰਾ ਉਨ੍ਹਾਂ ਦੀ ਪ੍ਰਸੰਸਾ ਕੀਤੀ ਗਈ ਅਤੇ ਦੇਸ਼ ਦੇ ਹੋਰਾਂ ਕਿਸਾਨਾਂ ਨੂੰ ਪ੍ਰੋਤਸਾਹਿਤ ਕਰਨ ਲਈ ਇੱਕ ਪ੍ਰੇਰਣਾਸ੍ਰੋਤ ਦੇ ਤੌਰ ‘ਤੇ ਪੇਸ਼ ਕੀਤਾ। ਉਹ ਭੂਮੀ ਵਰਦਾਨ ਫਾਊਂਡੇਸ਼ਨ ਦੇ ਵੀ ਮੈਂਬਰ ਹਨ, ਜੋ ਕਿ ਰੋਇਲ ਪ੍ਰਿੰਸ ਆੱਫ ਵੇਲਸ ਦੀ ਨੁਮਾਇੰਦਗੀ ਹੇਠ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਸਾਰੇ ਉਤਪਾਦ ਇਸ ਫਾਊਂਡੇਸ਼ਨ ਦੁਆਰਾ ਪ੍ਰਮਾਣਿਤ ਹਨ। ਉਨ੍ਹਾਂ ਨੇ ਪਟਿਆਲਾ ਦੇ ਪੰਜਾਬ ਖੇਤੀਬਾੜੀ ਵਿਭਾਗ ਤੋਂ ਪ੍ਰਸੰਸਾ ਪੱਤਰ ਵੀ ਹਾਸਿਲ ਕੀਤਾ ਅਤੇ ਇੱਥੋਂ ਤੱਕ ਕਿ ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਸ. ਤੋਤਾ ਸਿੰਘ ਜੀ ਨੇ ਉਨ੍ਹਾਂ ਨੂੰ ਅਗਾਂਹਵਧੂ ਕਿਸਾਨ ਦੇ ਤੌਰ ‘ਤੇ ਪੁਰਸਕਾਰ ਦਿੱਤਾ।
ਭਵਿੱਖ ਦੀ ਯੋਜਨਾ
ਭਵਿੱਖ ਵਿੱਚ ਉਹ ਜੈਵਿਕ ਖੇਤੀ ਦੇ ਖੇਤਰ ਵਿੱਚ ਆਪਣੇ ਕੰਮ ਨੂੰ ਜਾਰੀ ਰੱਖਣਾ ਚਾਹੁੰਦੇ ਹਨ ਅਤੇ ਜੈਵਿਕ ਖੇਤੀ ਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਨ, ਤਾਂ ਜੋ ਉਨ੍ਹਾਂ ਨੂੰ ਜੈਵਿਕ ਖੇਤੀ ਲਈ ਪ੍ਰੇਰਿਤ ਕੀਤਾ ਜਾ ਸਕੇ।
ਰਜਿੰਦਰ ਪਾਲ ਸਿੰਘ ਜੀ ਦੁਆਰਾ ਦਿੱਤਾ ਗਿਆ ਸੰਦੇਸ਼-
“ਅੱਜ ਸਾਡੀ ਧਰਤੀ ਨੂੰ ਸਾਡੀ ਜ਼ਰੂਰਤ ਹੈ ਅਤੇ ਕਿਸਾਨ ਹੋਣ ਦੇ ਤੌਰ ‘ਤੇ ਧਰਤੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਅਸੀਂ ਸਭ ਤੋਂ ਵੱਧ ਜ਼ਿੰਮੇਵਾਰ ਹਾਂ। ਬੇਸ਼ੱਕ ਜੈਵਿਕ ਖੇਤੀ ਕਰਨ ਨਾਲ ਉਪਜ ਘੱਟ ਹੁੰਦੀ ਹੈ, ਪਰ ਆਉਣ ਵਾਲੇ ਸਮੇਂ ਵਿੱਚ ਜੈਵਿਕ ਉਤਪਾਦਾਂ ਦੀ ਮੰਗ ਬਹੁਤ ਜ਼ਿਆਦਾ ਹੋਵੇਗੀ। ਸਿਰਫ਼ ਇਸ ਲਈ ਨਹੀਂ ਕਿ ਇਹ ਸਿਹਤ ਲਈ ਫਾਇਦੇਮੰਦ ਹੈ, ਬਲਕਿ ਇਸ ਲਈ ਕਿਉਂਕਿ ਇਹ ਸਮੇਂ ਦੀ ਲੋੜ ਬਣ ਜਾਵੇਗੀ। ਇਸ ਤੋਂ ਇਲਾਵਾ ਜੇਵਿਕ ਖੇਤੀ ਸਥਾਈ ਹੈ ਅਤੇ ਇਸ ‘ਤੇ ਖਰਚਾ ਵੀ ਘੱਟ ਆਉਂਦਾ ਹੈ। ਇਸ ਵਿੱਚ ਕੇਵਲ ਮਜ਼ਦੂਰਾਂ ਦੀ ਲੋੜ ਹੁੰਦੀ ਹੈ ਅਤੇ ਜੇਕਰ ਇੱਕ ਕਿਸਾਨ ਜੈਵਿਕ ਖੇਤੀ ਕਰਨ ਵਿੱਚ ਦਿਲਚਸਪੀ ਰੱਖਦਾ ਹੈ, ਤਾਂ ਉਹ ਇਸਨੂੰ ਬੜੀ ਅਸਾਨੀ ਨਾਲ ਕਰ ਸਕਦਾ।”