ਇੱਕ ਅਜਿਹੇ ਇਨਸਾਨ ਦੀ ਕਹਾਣੀ ਜੋ ਖੇਤੀ ਵਿਭਿੰਨਤਾ ਅਪਣਾਉਂਦਾ ਹੋਇਆ ਸਫਲ ਕਿਸਾਨ ਬਣ ਗਿਆ
ਕੁਝ ਵੱਖਰਾ ਕਰਨ ਦੀ ਚਾਹਤ ਇਨਸਾਨ ਨੂੰ ਧਰਤੀ ਤੋਂ ਅੰਬਰਾਂ ਤੱਕ ਲੈ ਜਾਂਦੀ ਹੈ। ਪਰ ਉਹਦੇ ਮਨ ਵਿੱਚ ਹਮੇਸ਼ਾ ਅੱਗੇ ਵੱਧਣ ਦੀ ਇੱਛਾ ਹੋਣੀ ਚਾਹੀਦੀ ਹੈ। ਤੁਸੀਂ ਚਾਹੇ ਕਿਸੇ ਵੀ ਖੇਤਰ ਵਿੱਚ ਕੰਮ ਕਰ ਰਹੇ ਹੋਵੋ, ਆਪਣੀ ਇੱਛਾ ਤੇ ਸੋਚ ਨੂੰ ਹਮੇਸ਼ਾ ਜਾਗ੍ਰਿਤ ਰੱਖਣਾ ਚਾਹੀਦਾ ਹੈ।
ਇਸ ਸੋਚ ਅਤੇ ਰਹਿਣੀ-ਬਹਿਣੀ ਦੇ ਮਾਲਕ ਸ. ਸਿਕੰਦਰ ਸਿੰਘ ਬਰਾੜ, ਜੋ ਬਲਿਹਾਰ ਮਹਿਮਾ, ਬਠਿੰਡਾ ਵਿਖੇ ਰਹਿੰਦੇ ਹਨ ਅਤੇ ਜਿਨ੍ਹਾਂ ਦਾ ਜਨਮ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਸ. ਬੂਟਾ ਸਿੰਘ ਰਵਾਇਤੀ ਤਰੀਕਿਆਂ ਨਾਲ ਖੇਤੀਬਾੜੀ ਕਰਦੇ ਸਨ। ਉਹਨਾਂ ਦੇ ਮਨ ਵਿੱਚ ਇੱਕ ਗੱਲ ਹਮੇਸ਼ਾ ਉਹਨਾਂ ਨੂੰ ਤੰਗ ਕਰਦੀ ਰਹਿੰਦੀ ਸੀ ਕਿ ਹਰ ਕੋਈ ਰਵਾਇਤੀ ਤਰੀਕੇ ਨਾਲ ਖੇਤੀਬਾੜੀ ਕਰ ਰਿਹਾ ਹੈ, ਜਿਵੇਂ ਕਣਕ-ਝੋਨਾ ਆਦਿ। ਕੀ ਇਵੇਂ ਨਹੀਂ ਹੋ ਸਕਦਾ ਕਿ ਖੇਤੀਬਾੜੀ ਦੇ ਵਿੱਚ ਕੁੱਝ ਨਵੀਨਤਾ ਤੇ ਵਿਭਿੰਨਤਾ ਲਿਆਂਦੀ ਜਾਵੇ।
ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਖੇਤੀ ਕਰਦੇ ਹਾਂ ਪਰ ਹਰ ਵਾਰ ਹਰ ਸਾਲ ਉਹੀ ਫਸਲਾਂ ਉਗਾਉਣ ਦੀ ਵਜਾਏ ਕੁੱਝ ਨਵਾਂ ਕਿਉਂ ਨਹੀਂ ਕਰਦੇ- ਸਿਕੰਦਰ ਸਿੰਘ ਬਰਾੜ
ਉਹ ਹਮੇਸ਼ਾ ਸੋਚਦੇ ਸਨ ਕਿ ਖੇਤੀਬਾੜੀ ਦੇ ਵਿੱਚ ਕੁੱਝ ਵੱਖਰਾ ਕੀਤਾ ਜਾਵੇ, ਜਿਸ ਦੀ ਸੇਧ ਉਹਨਾਂ ਨੂੰ ਆਪਣੇ ਨਾਨਕੇ ਪਿੰਡ ਤੋਂ ਮਿਲੀ। ਉਹਨਾਂ ਦੇ ਨਾਨਕੇ ਪਿੰਡ ਵਾਲੇ ਉਸ ਸਮੇਂ ਆਲੂਆਂ ਦੀ ਕਾਸ਼ਤ ਬੜੇ ਅਨੋਖੇ ਤੇ ਵੱਖਰੇ ਤਰੀਕੇ ਨਾਲ ਕਰਦੇ ਸਨ, ਜਿਸ ਨਾਲ ਉਹਨਾਂ ਦੀ ਫਸਲ ਦੀ ਪੈਦਾਵਾਰ ਕਾਫੀ ਚੰਗੀ ਹੁੰਦੀ ਸੀ।
ਮੈਂ ਜਦੋਂ ਨਾਨਕੇ ਪਿੰਡ ਵਾਲਿਆਂ ਦੇ ਖੇਤੀਬਾੜੀ ਕਰਨ ਦੇ ਢੰਗ ਨੂੰ ਵੇਖਦਾ ਸੀ ਤਾਂ ਮੈਂ ਉਹਨਾਂ ਦੇ ਤਰੀਕਿਆਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦਾ ਸੀ- ਸਿਕੰਦਰ ਸਿੰਘ ਬਰਾੜ
ਜਦੋਂ ਸਿਕੰਦਰ ਸਿੰਘ ਨੇ ਸਾਲ 1983 ਵਿੱਚ ਸਿਰਸਾ ਵਿਖੇ ਡੀ ਫਾਰਮੇਸੀ ਦੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ ਸੀ। ਉਦੋਂ ਸ. ਸਮਸ਼ੇਰ ਸਿੰਘ ਜੋ ਉਹਨਾਂ ਦੇ ਵੱਡੇ ਭਰਾ ਹਨ, ਵੈਟਨਰੀ ਇੰਸਪੈਕਟਰ ਹੋਣ ਦੇ ਨਾਲ-ਨਾਲ, ਆਪਣੇ ਪਿਤਾ ਤੋਂ ਬਾਅਦ ਖੇਤੀਬਾੜੀ ਦਾ ਕੰਮ ਸੰਭਾਲਦੇ ਸਨ। ਉਸ ਸਮੇਂ ਦੋਨਾਂ ਭਰਾਵਾਂ ਨੇ ਪਹਿਲੀ ਵਾਰ ਜਦੋਂ ਖੇਤੀਬਾੜੀ ਦੇ ਵਿੱਚ ਵੱਖਰੇ ਢੰਗ ਨੂੰ ਅਪਣਾਇਆ ਅਤੇ ਉਹਨਾਂ ਦੁਆਰਾ ਅਪਣਾਏ ਗਏ ਤਕਨੀਕੀ ਹੁਨਰ ਦੇ ਕਾਰਨ, ਪਰਿਵਾਰ ਨੂੰ ਕਾਫੀ ਚੰਗਾ ਮੁਨਾਫ਼ਾ ਹੋਇਆ।
ਜਦੋਂ ਵੱਖਰੇ ਢੰਗ ਨਾਲ ਖੇਤੀ ਕਰਨ ਵਿੱਚ ਮੁਨਾਫ਼ਾ ਹੋਇਆ ਤਾਂ ਮੈਂ 1984 ਵਿੱਚ ਡੀ ਫਾਰਮੇਸੀ ਛੱਡਣ ਦਾ ਫ਼ੈਸਲਾ ਕਰ ਲਿਆ ਅਤੇ ਖੇਤੀਬਾੜੀ ਵੱਲ ਹੋ ਤੁਰਿਆ– ਸਿਕੰਦਰ ਸਿੰਘ ਬਰਾੜ
1984 ਵਿੱਚ ਡੀ ਫਾਰਮੇਸੀ ਛੱਡਣ ਤੋਂ ਬਾਅਦ ਉਹਨਾਂ ਨੇ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ। ਉਹਨਾਂ ਨੇ ਸਭ ਤੋਂ ਪਹਿਲਾਂ ਨਰਮੇ ਦੀਆਂ ਵਧੇਰੇ ਝਾੜ ਵਾਲੀਆਂ ਕਿਸਮਾਂ ਦੀ ਕਾਸ਼ਤ ਸ਼ੁਰੂ ਕੀਤੀ।
ਇਸ ਤਰ੍ਹਾਂ ਦੇ ਛੋਟੇ ਛੋਟੇ ਕਦਮਾਂ ਨਾਲ ਅੱਗੇ ਵੱਧਦੇ ਹੋਏ ਉਹ ਸਬਜ਼ੀਆਂ ਦੀ ਕਾਸ਼ਤ ਵੱਲ ਹੋ ਤੁਰੇ, ਜਿੱਥੇ ਉਹਨਾਂ ਨੇ 1987 ਵਿੱਚ ਟਮਾਟਰ ਦੀ ਕਾਸ਼ਤ ਅੱਧੇ ਏਕੜ ਵਿੱਚ ਕੀਤੀ ਅਤੇ ਫਿਰ ਬਹੁਤ ਸਾਰੀਆਂ ਕੰਪਨੀਆਂ ਨਾਲ ਕੰਟ੍ਰੈਕਟ ਕੀਤੇ ਅਤੇ ਆਪਣੇ ਇਸ ਕਿੱਤੇ ਨੂੰ ਅੱਗੇ ਤੋਂ ਅੱਗੇ ਵਧਾਉਂਦੇ ਰਹੇ।
1990 ਵਿੱਚ ਵਿਆਹ ਤੋਂ ਬਾਅਦ ਉਹਨਾਂ ਨੇ ਆਲੂ ਦੀ ਕਾਸ਼ਤ ਹੋਰ ਵੱਡੇ ਪੱਧਰ ਤੇ ਸ਼ੁਰੂ ਕੀਤੀ ਅਤੇ ਵਿਭਿੰਨਤਾ ਅਪਨਾਉਣ ਲਈ 1997 ਵਿੱਚ 5000 ਲੇਅਰ ਮੁਰਗੀਆਂ ਨਾਲ ਪੋਲਟਰੀ ਫਾਰਮਿੰਗ ਦੀ ਸ਼ੁਰੂਆਤ ਕੀਤੀ, ਜਿਸ ‘ਚ ਕਾਫੀ ਸਫ਼ਲਤਾ ਹਾਸਲ ਹੋਈ। ਇਸ ਤੋਂ ਬਾਅਦ ਉਹਨਾਂ ਨੇ ਆਪਣੇ ਪਿੰਡ ਦੇ 5 ਹੋਰ ਕਿਸਾਨਾਂ ਨੂੰ ਪੋਲਟਰੀ ਫਾਰਮ ਦੇ ਕਿੱਤੇ ਨੂੰ ਸਹਾਇਕ ਕਿੱਤੇ ਵਜੋਂ ਸਥਾਪਿਤ ਕਰਨ ਲਈ ਉਤਸ਼ਾਹਿਤ ਕੀਤਾ, ਜਿਸ ਨਾਲ ਉਹਨਾਂ ਕਿਸਾਨਾਂ ਨੂੰ ਸਵੈ-ਨਿਰਭਰ ਬਣਨ ਵਿੱਚ ਸਹਾਇਤਾ ਮਿਲੀ। 2005 ਵਿੱਚ ਉਹਨਾਂ ਨੇ 5 ਏਕੜ ਰਕਬੇ ਵਿੱਚ ਕਿੰਨੂ ਦਾ ਬਾਗ਼ ਲਾਇਆ। ਇਸ ਤੋਂ ਇਲਾਵਾ ਉਹਨਾਂ ਨੇ ਨੈਸ਼ਨਲ ਸੀਡ ਕਾਰਪੋਰੇਸ਼ਨ ਲਿਮਿਟਡ ਲਈ 15 ਏਕੜ ਜ਼ਮੀਨ ਵਿੱਚੋਂ 50 ਏਕੜ ਰਕਬੇ ਦੇ ਲਈ ਕਣਕ ਦਾ ਬੀਜ ਤਿਆਰ ਕੀਤਾ।
ਮੈਨੂੰ ਹਮੇਸ਼ਾ ਕੀਟਨਾਸ਼ਕਾਂ ਅਤੇ ਨੁਕਸਾਨਦੇਹ ਰਸਾਇਣਾਂ ਦੀ ਵਰਤੋਂ ਕਰਨ ਤੋਂ ਨਫਰਤ ਸੀ, ਕਿਉਂਕਿ ਇਹਨਾਂ ਦੀ ਵਰਤੋਂ ਕਰਨ ਦੇ ਨਾਲ ਸਰੀਰ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ – ਸਿਕੰਦਰ ਸਿੰਘ ਬਰਾੜ
ਸਿਕੰਦਰ ਸਿੰਘ ਬਰਾੜ ਆਪਣੀਆਂ ਫਸਲਾਂ ਲਈ ਜ਼ਿਆਦਾਤਰ ਜੈਵਿਕ ਖਾਦ ਦੀ ਵਰਤੋਂ ਕਰਦੇ ਹਨ। ਹੁਣ ਉਹ 20 ਏਕੜ ਵਿੱਚ ਆਲੂ, 5 ਏਕੜ ਵਿੱਚ ਕਿੰਨੂ ਅਤੇ 30 ਏਕੜ ਵਿੱਚ ਕਣਕ ਦੇ ਬੀਜਾਂ ਦਾ ਉਤਪਾਦਨ ਕਰਦੇ ਹਨ। ਇਸ ਦੇ ਨਾਲ ਹੀ 2 ਏਕੜ ਵਿੱਚ 35000 ਪੰਛੀਆਂ ਵਾਲਾ ਪੋਲਟਰੀ ਫਾਰਮ ਚਲਾਉਂਦੇ ਹਨ।
ਵੱਡੀਆਂ-ਵੱਡੀਆਂ ਕੰਪਨੀਆਂ ਜਿਨ੍ਹਾਂ ਵਿੱਚ ਪੈਪਸਿਕੋ, ਨੈਸ਼ਨਲ ਸੀਡ ਕਾਰਪੋਰੇਸ਼ਨ ਆਦਿ ਸ਼ਾਮਿਲ ਹਨ, ਦੇ ਨਾਲ ਨਾਲ ਕੰਮ ਕਰਨ ਸਕਦਾ ਹੀ ਉਹਨਾਂ ਨੂੰ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪ੍ਰਮੁੱਖ ਪੋਲਟਰੀ ਫਾਰਮਰ ਦੇ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਬਹੁਤ ਸਾਰੇ ਭਾਰਤੀ ਟੈਲੀਵਿਜ਼ਨ ਅਤੇ ਰੇਡੀਓ ਚੈੱਨਲਾਂ ਵੱਲੋਂ ਸ਼ੋਅ ‘ਤੇ ਆਉਣ ਲਈ ਸੱਦਾ ਦਿੱਤਾ, ਤਾਂ ਜੋ ਖੇਤੀ ਸਮਾਜ ਵਿੱਚ ਤਬਦੀਲੀਆਂ, ਖੋਜਾਂ, ਮੰਡੀਕਰਨ ਅਤੇ ਪ੍ਰਬੰਧਨ ਸੰਬੰਧੀ ਜਾਣਕਾਰੀ ਹੋਰਨਾਂ ਕਿਸਾਨਾਂ ਤੱਕ ਵੀ ਪਹੁੰਚ ਸਕੇ।
ਉਹ ਸੂਬਾ, ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ‘ਤੇ ਕਈ ਖੇਤੀ ਮੇਲਿਆਂ ਅਤੇ ਸੰਸਥਾਵਾਂ ਦਾ ਦੌਰਾ ਕਰ ਚੁੱਕੇ ਹਨ।
ਭਵਿੱਖ ਦੀ ਯੋਜਨਾ
ਸਿਕੰਦਰ ਸਿੰਘ ਬਰਾੜ ਭਵਿੱਖ ਵਿੱਚ ਵੀ ਆਪਣੇ ਪਰਿਵਾਰ ਦੇ ਨਾਲ-ਨਾਲ ਆਪਣੇ ਕਾਰੋਬਾਰ ਨੂੰ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਹਨ, ਜਿਸ ਵਿੱਚ ਨਵੇਂ ਨਵੇਂ ਬਦਲਾਅ ਆਉਂਦੇ ਰਹਿਣਗੇ।”
ਸੰਦੇਸ਼
ਜਿਹੜੇ ਵੀ ਨਵੇਂ ਕਿਸਾਨ ਖੇਤੀਬਾੜੀ ਵਿੱਚ ਕੁੱਝ ਨਵਾਂ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਚਾਹੀਦਾ ਹੈ ਕਿ ਕੁੱਝ ਵੀ ਸ਼ੁਰੂ ਕਰਨ ਤੋਂ ਪਹਿਲਾਂ ਸੰਬੰਧਿਤ ਮਾਹਿਰਾਂ ਜਾਂ ਸੰਸਥਾਵਾਂ ਕੋਲੋਂ ਟ੍ਰੇਨਿੰਗ ਅਤੇ ਸਲਾਹ ਹਾਸਲ ਕੀਤੀ ਜਾਵੇ। ਉਸ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਜਾਵੇ। ਇਸ ਤੋਂ ਇਲਾਵਾ ਜਿੰਨਾ ਹੋ ਸਕੇ ਕੀਟਨਾਸ਼ਕਾਂ ਅਤੇ ਰਸਾਇਣਾਂ ਤੋਂ ਬਚਣਾ ਚਾਹੀਦਾ ਹੈ ਅਤੇ ਜੈਵਿਕ ਖੇਤੀ ਨੂੰ ਅਪਨਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।