ਸੱਤਿਆ ਰਾਣੀ: ਆਪਣੀ ਮਿਹਨਤ ਨਾਲ ਸਫ਼ਲ ਹੋਣ ਵਾਲੀ ਮਹਿਲਾ, ਜੋ ਫੂਡ ਪ੍ਰੋਸੈਸਿੰਗ ਉਦਯੋਗ ਵਿੱਚ ਸੂਰਜ ਦੀ ਤਰ੍ਹਾਂ ਉੱਭਰ ਰਹੀ ਹੈ
ਜਦੋਂ ਗੱਲ ਵਿਕਾਸ ਦੀ ਆਉਂਦੀ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਹਿਲਾਵਾਂ ਭਾਰਤ ਦੇ ਨੌਜਵਾਨ ਦਿਮਾਗਾਂ ਨੂੰ ਆਕਾਰ ਦੇਣ ਅਤੇ ਮਾਰਗ-ਦਰਸ਼ਨ ਕਰਨ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਹਨ। ਇੱਥੋਂ ਤੱਕ ਕਿ ਖੇਤੀਬਾੜੀ ਦੇ ਖੇਤਰ ਵਿੱਚ ਵੀ ਮਹਿਲਾਵਾਂ ਪਿੱਛੇ ਨਹੀਂ ਹਨ, ਉਹ ਟਿਕਾਊ ਅਤੇ ਜੈਵਿਕ ਖੇਤੀ ਦੇ ਮਾਰਗ ਦੀ ਅਗਵਾਈ ਕਰ ਰਹੀਆਂ ਹਨ। ਅੱਜ, ਕਈ ਗ੍ਰਾਮੀਣ ਅਤੇ ਸ਼ਹਿਰੀ ਮਹਿਲਾਵਾਂ ਖੇਤੀਬਾੜੀ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੇ ਪ੍ਰਤੀ ਜਾਗਰੂਕ ਹਨ ਅਤੇ ਇਸੇ ਕਾਰਨ ਉਹ ਇਸ ਖੇਤਰ ਵਿੱਚ ਕੰਮ ਵੀ ਕਰ ਰਹੀਆਂ ਹਨ। ਸੱਤਿਆ ਰਾਣੀ ਉਨ੍ਹਾਂ ਮਹਿਲਾਵਾਂ ਵਿੱਚੋਂ ਇੱਕ ਹੈ ਜੋ ਜੈਵਿਕ ਖੇਤੀ ਕਰ ਰਹੀਆਂ ਹਨ ਅਤੇ ਫੂਡ ਪ੍ਰੋਸੈਸਿੰਗ ਦੇ ਵਪਾਰ ਵਿੱਚ ਵੀ ਕਿਰਿਆਸ਼ੀਲ ਹਨ।
ਵੱਧਦੀਆਂ ਸਿਹਤ ਸਮੱਸਿਆਵਾਂ ਅਤੇ ਜਲਵਾਯੂ ਤਬਦੀਲੀਆਂ ਕਾਰਨ, ਭੋਜਨ ਸੁਰੱਖਿਆ ਨਾਲ ਨਿਪਟਣਾ ਇੱਕ ਵੱਡੀ ਚੁਣੌਤੀ ਬਣ ਗਈ ਹੈ ਅਤੇ ਸੱਤਿਆ ਰਾਣੀ ਇੱਕ ਉੱਭਰਦੀ ਹੋਈ ਐਗਰੀਪ੍ਰੇਨਿਓਰ ਹੈ ਜੋ ਇਸ ਮੁੱਦੇ ‘ਤੇ ਕੰਮ ਕਰ ਰਹੀ ਹੈ। ਖੇਤੀ ਦੇ ਖੇਤਰ ਵਿੱਚ ਯੋਗਦਾਨ ਪਾਉਣਾ ਅਤੇ ਪ੍ਰਕਿਰਤੀ ਨੂੰ ਉਸ ਦਾ ਦਿੱਤਾ ਵਾਪਸ ਦੇਣਾ ਸੱਤਿਆ ਦਾ ਬਚਪਨ ਦਾ ਸੁਪਨਾ ਹੈ। ਸ਼ੁਰੂ ਤੋਂ ਹੀ ਉਸ ਦੇ ਮਾਤਾ ਪਿਤਾ ਨੇ ਉਸ ਨੂੰ ਹਮੇਸ਼ਾ ਇਸ ਵੱਲ ਨਿਰਦੇਸ਼ਿਤ ਅਤੇ ਪ੍ਰੇਰਿਤ ਕੀਤਾ ਅਤੇ ਅੰਤ ਵਿੱਚ ਇੱਕ ਛੋਟੀ ਕੁੜੀ ਦਾ ਸੁਪਨਾ ਇੱਕ ਮਹਿਲਾ ਦੀ ਦ੍ਰਿਸ਼ਟੀ ਵਿੱਚ ਬਦਲ ਗਿਆ।
ਸੱਤਿਆ ਦੇ ਜੀਵਨ ਵਿੱਚ ਬੁਰਾ ਸਮਾਂ ਵੀ ਆਇਆ ਜਿਸ ਵਿੱਚ ਕੋਈ ਹੋਰ ਲੜਕੀ ਹੁੰਦੀ ਤਾਂ ਉਹ ਆਪਣਾ ਆਤਮ-ਵਿਸ਼ਵਾਸ ਅਤੇ ਉਮੀਦ ਆਸਾਨੀ ਨਾਲ ਛੱਡ ਦਿੰਦੀ। ਸੱਤਿਆ ਦੇ ਮਾਤਾ ਪਿਤਾ ਨੇ ਉਸ ਨੂੰ ਵਿੱਤੀ ਸਮੱਸਿਆਵਾਂ ਦੇ ਕਾਰਨ 12ਵੀਂ ਦੇ ਬਾਅਦ ਆਪਣੀ ਪੜ੍ਹਾਈ ਰੋਕਣ ਦੇ ਲਈ ਕਿਹਾ। ਪਰ ਉਸ ਦਾ ਆਪਣੇ ਭਵਿੱਖ ਦੇ ਪ੍ਰਤੀ ਇੰਨਾ ਦ੍ਰਿੜ ਸੰਕਲਪ ਸੀ ਕਿ ਉਸ ਨੇ ਆਪਣੇ ਮਾਤਾ-ਪਿਤਾ ਨੂੰ ਕਿਹਾ ਕਿ ਉਹ ਆਪਣੀ ਉੱਚ ਸਿੱਖਿਆ ਦਾ ਪ੍ਰਬੰਧਨ ਆਪ ਕਰੇਗੀ। ਉਸ ਨੇ ਭੋਜਨ ਉਤਪਾਦ ਜਿਵੇਂ ਕਿ ਆਚਾਰ ਅਤੇ ਚਟਨੀ ਬਣਾਉਣ ਅਤੇ ਇਸ ਨੂੰ ਵੇਚਣ ਦਾ ਕੰਮ ਸ਼ੁਰੂ ਕੀਤਾ।
ਇਸ ਸਮੇਂ ਦੇ ਦੌਰਾਨ, ਉਸ ਨੇ ਕਈ ਨਵੀਆਂ ਚੀਜ਼ਾਂ ਸਿੱਖੀਆਂ ਅਤੇ ਉਸ ਦੀ ਦਿਲਚਸਪੀ ਫੂਡ ਪ੍ਰੋਸੈਸਿੰਗ ਵਪਾਰ ਵਿੱਚ ਵੱਧ ਗਈ। ਹਿੰਦੂ ਗਰਲਜ਼ ਕਾਲਜ ਜਗਾਧਰੀ ਤੋਂ ਬੀ.ਏ.ਪਾਸ ਕਰਨ ਤੋਂ ਬਾਅਦ ਉਸ ਨੂੰ ਉਸੇ ਕਾਲਜ ਵਿੱਚ ਹੋਮ ਸਾਇੰਸ ਟ੍ਰੇਨਰ ਦੀ ਨੌਕਰੀ ਮਿਲ ਗਈ। ਇਸ ਤੋਂ ਥੋੜ੍ਹੀ ਦੇਰ ਬਾਅਦ, ਉਸ ਨੇ 2004 ਵਿੱਚ ਰਾਜਿੰਦਰ ਕੁਮਾਰ ਕੰਬੋਜ਼ ਨਾਲ ਵਿਆਹ ਕੀਤਾ, ਪਰ ਉਸ ਨੇ ਵਿਆਹ ਤੋਂ ਬਾਅਦ ਵੀ ਆਪਣਾ ਕੰਮ ਨਹੀਂ ਛੱਡਿਆ। ਉਨ੍ਹਾਂ ਨੇ ਆਪਣੇ ਫੂਡ ਪ੍ਰੋਸੈਸਿੰਗ ਦੇ ਕੰਮ ਨੂੰ ਜਾਰੀ ਰੱਖਿਆ ਅਤੇ ਕਈ ਨਵੇਂ ਕਿਸਮ ਦੇ ਉਤਪਾਦ ਜਿਵੇਂ ਕਿ ਅੰਬ ਦੇ ਲੱਡੂ, ਨਾਰੀਅਲ ਦੇ ਲੱਡੂ, ਆਚਾਰ, ਫਰੂਟ ਜੈਮ, ਮੁਰੱਬਾ ਅਤੇ ਹੋਰ ਲੱਡੂਆਂ ਦੀਆਂ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ। ਉਸ ਦੀ ਨਿਪੁੰਨਤਾ ਸਮੇਂ ਦੇ ਨਾਲ ਵੱਧ ਗਈ ਜਿਸ ਦੇ ਸਿੱਟੇ ਵਜੋਂ ਉਸ ਦੇ ਉਤਪਾਦਾਂ ਦੀ ਗੁਣਵੱਤਾ ਚੰਗੀ ਹੋਈ ਅਤੇ ਵੱਡੀ ਸੰਖਿਆ ਵਿੱਚ ਗ੍ਰਾਹਕ ਜੁੜੇ।
ਖੈਰ, ਫੂਡ ਪ੍ਰੋਸੈਸਿੰਗ ਹੀ ਇਸ ਤਰ੍ਹਾਂ ਦਾ ਇਕੱਲਾ ਖੇਤਰ ਨਹੀਂ ਹੈ ਜਿਸ ਵਿੱਚ ਉਸਨੇ ਉੱਤਮਤਾ ਪ੍ਰਾਪਤ ਕੀਤੀ। ਆਪਣੇ ਸਕੂਲ ਦੇ ਸਮੇਂ ਤੋਂ ਉਹ ਖੇਡਾਂ ਵਿੱਚ ਬਹੁਤ ਕਿਰਿਆਸ਼ੀਲ ਸੀ ਅਤੇ ਕਬੱਡੀ ਟੀਮ ਦੀ ਕਪਤਾਨ ਸੀ। ਉਹ ਆਪਣੇ ਪੇਸ਼ੇ ਅਤੇ ਕੰਮ ਦੇ ਪ੍ਰਤੀ ਬਹੁਤ ਉਤਸ਼ਾਹੀ ਸੀ। ਇੱਥੋਂ ਤੱਕ ਕਿ ਉਸ ਨੇ ਹਿੰਦੂ ਗਰਲਜ਼ ਕਾਲਜ ਤੋਂ ਵੀ ਸਿਖਲਾਈ ਪੁਰਸਕਾਰ ਪ੍ਰਾਪਤ ਕੀਤਾ। ਵਰਤਮਾਨ ਵਿੱਚ ਉਹ ਇੱਕ ਏਕੜ ਜ਼ਮੀਨ ‘ਤੇ ਜੈਵਿਕ ਖੇਤੀ ਕਰ ਰਹੀ ਹੈ ਅਤੇ ਡੇਅਰੀ ਫਾਰਮਿੰਗ ਵਿੱਚ ਵੀ ਕਿਰਿਆਸ਼ੀਲ ਰੂਪ ਨਾਲ ਸ਼ਾਮਲ ਹੈ। ਉਹ ਆਪਣੇ ਪਤੀ ਦੀ ਸਹਾਇਤਾ ਨਾਲ ਹਰ ਤਰ੍ਹਾਂ ਦੀਆਂ ਮੌਸਮੀ ਸਬਜ਼ੀਆਂ ਉਗਾਉਂਦੀ ਹੈ। ਸੱਤਿਆ ਆੱਰਗੈਨਿਕ ਬ੍ਰੈਂਡ ਦਾ ਨਾਮ ਹੈ ਜਿਸ ਦੇ ਤਹਿਤ ਉਹ ਆਪਣੇ ਪ੍ਰੋਸੈੱਸ ਕੀਤੇ ਉਤਪਾਦਾਂ (ਵੱਖ-ਵੱਖ ਤਰ੍ਹਾਂ ਦੇ ਲੱਡੂ, ਆਚਾਰ, ਜੈਮ ਅਤੇ ਮੁਰੱਬੇ) ਨੂੰ ਵੇਚ ਰਹੀ ਹੈ।
ਆਉਣ ਵਾਲੇ ਸਮੇਂ ਵਿੱਚ ਉਹ ਆਪਣੇ ਕੰਮ ਨੂੰ ਵਧਾਉਣ ਅਤੇ ਇਸ ਤੋਂ ਜ਼ਿਆਦਾ ਆਮਦਨ ਕਮਾਉਣ ਦੀ ਯੋਜਨਾ ਬਣਾ ਰਹੀ ਹੈ। ਉਹ ਸਮਾਜ ਵਿੱਚ ਹੋਰ ਕੁੜੀਆਂ ਅਤੇ ਮਹਿਲਾਵਾਂ ਨੂੰ ਫੂਡ ਪ੍ਰੋਸੈੱਸਿੰਗ ਅਤੇ ਜੈਵਿਕ ਖੇਤੀ ਦੇ ਪ੍ਰਤੀ ਪ੍ਰੇਰਿਤ ਕਰਨਾ ਚਾਹੁੰਦੀ ਹੈ, ਤਾਂ ਕਿ ਉਹ ਆਤਮ ਨਿਰਭਰ ਹੋ ਸਕਣ।