ਬਲਵਿੰਦਰ ਸਿੰਘ ਸੰਧੂ

ਪੂਰੀ ਕਹਾਣੀ ਪੜ੍ਹੋ

ਇੱਕ ਕਿਸਾਨ ਦੀ ਕਹਾਣੀ ਜਿਸ ਨੇ ਖੇਤੀਬਾੜੀ ਦੇ ਪੁਰਾਣੇ ਢੰਗਾਂ ਨੂੰ ਛੱਡ ਕੇ ਕੁਦਰਤੀ ਤਰੀਕਿਆਂ ਨੂੰ ਅਪਣਾਇਆ

ਅੱਜ, ਕਿਸਾਨ ਹੀ ਸਿਰਫ਼ ਉਹ ਵਿਅਕਤੀ ਹੈ ਜੋ ਹੋਰਨਾਂ ਕਿਸਾਨਾਂ ਨੂੰ ਖੇਤੀਬਾੜੀ ਦੇ ਜੈਵਿਕ ਤਰੀਕਿਆਂ ਵੱਲ ਪ੍ਰੇਰਿਤ ਕਰ ਸਕਦਾ ਹੈ ਅਤੇ ਬਲਵਿੰਦਰ ਸਿੰਘ ਉਨ੍ਹਾਂ ਕਿਸਾਨਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਇੱਕ ਸਧਾਰਨ ਅਗਾਂਹਵਧੂ ਕਿਸਾਨ ਤੋਂ ਪ੍ਰੇਰਿਤ ਹੋ ਕੇ ਵਾਤਾਵਰਣ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਹਾਲ ਹੀ ਦੇ ਸਾਲਾਂ ਵਿੱਚ ਜੈਵਿਕ ਖੇਤੀ ਨੂੰ ਅਪਣਾਇਆ।

ਖੈਰ, ਜੈਵਿਕ ਖੇਤੀ ਵੱਲ ਮੁੜਨਾ ਉਨ੍ਹਾਂ ਕਿਸਾਨਾਂ ਲਈ ਆਸਾਨ ਨਹੀਂ ਹੁੰਦਾ ਜੋ ਰਵਾਇਤੀ ਢੰਗ ਨਾਲ ਖੇਤੀ ਕਰਦੇ ਅਤੇ ਉੱਚ ਪੈਦਾਵਾਰ ਪ੍ਰਾਪਤ ਕਰਦੇ ਹਨ। ਪਰ ਬਲਵਿੰਦਰ ਸਿੰਘ ਸੰਧੂ ਨੇ ਆਪਣੇ ਪੱਕੇ ਇਰਾਦੇ ਅਤੇ ਸਖ਼ਤ ਮਿਹਨਤ ਨਾਲ ਇਸ ਰੁਕਾਵਟ ਨੂੰ ਪਾਰ ਕੀਤਾ।

ਇਸ ਤੋਂ ਪਹਿਲਾਂ, 1982 ਤੋਂ 1983 ਤੱਕ ਉਹ ਕਪਾਹ, ਸਰ੍ਹੋਂ ਅਤੇ ਗੁਆਰਾ ਆਦਿ ਫ਼ਸਲਾਂ ਦੀ ਖੇਤੀ ਕਰਦੇ ਸਨ ਪਰ 1997 ਤੋਂ ਉਨ੍ਹਾਂ ਦੀ ਕਪਾਹ ਦੀ ਫ਼ਸਲ ‘ਤੇ ਅਮਰੀਕਨ ਸੁੰਡੀ ਨੇ ਹਮਲਾ ਕਰ ਦਿੱਤਾ, ਜਿਸ ਕਰਕੇ ਉਨ੍ਹਾਂ ਨੂੰ ਅੱਗੇ ਜਾ ਕੇ ਵਾਰ-ਵਾਰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ, ਉਨ੍ਹਾਂ ਨੇ ਝੋਨੇ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਪਰ ਫਿਰ ਵੀ ਉਨ੍ਹਾਂ ਨੂੰ ਪਹਿਲਾਂ ਵਾਂਗ ਸੰਤੁਸ਼ਟੀ ਪ੍ਰਾਪਤ ਨਹੀਂ ਹੋਈ। ਉਨ੍ਹਾਂ ਨੇ ਜੈਵਿਕ ਖੇਤੀ ਦੀ ਸ਼ੁਰੂਆਤ 2011 ਵਿੱਚ ਕੀਤੀ। ਜਦੋਂ ਉਨ੍ਹਾਂ ਨੇ ਮਨਮੋਹਨ ਸਿੰਘ ਦੇ ਜੈਵਿਕ ਸਬਜ਼ੀ ਫਾਰਮ ਦੌਰਾ ਕੀਤਾ।

ਜੈਵਿਕ ਫਾਰਮ ‘ਤੇ ਜਾਣ ਬਾਅਦ, ਬਲਵਿੰਦਰ ਸਿੰਘ ਦੇ ਗਿਆਨ ਵਿੱਚ ਕਾਫੀ ਵਾਧਾ ਹੋਇਆ ਅਤੇ ਫਿਰ ਉਨ੍ਹਾਂ ਨੇ ਸਬਜ਼ੀਆਂ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਆਪਣੀਆਂ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਲਈ ਉਹ ਕਪਾਹ ਦੀਆਂ ਵਧੀਆ ਕਿਸਮਾਂ ਦੀ ਖਰੀਦ ਕਰਨ ਲਈ ਗੁਜਰਾਤ ਤੱਕ ਗਏ ਅਤੇ ਉੱਥੇ ਉਨ੍ਹਾਂ ਨੂੰ ਬਿਨਾਂ ਬੀਜ ਵਾਲੇ ਖੀਰੇ, ਸਟ੍ਰਾੱਬੈਰੀ ਅਤੇ ਤਰਬੂਜ਼ ਦੀ ਖੇਤੀ ਬਾਰੇ ਜਾਣਕਾਰੀ ਪ੍ਰਾਪਤ ਹੋਈ। ਉਹ ਲਗਾਤਾਰ 3 ਸਾਲ ਕੀਟਨਾਸ਼ਕਾਂ ਦੀ ਮਾਤਰਾ ਘਟਾਉਂਦੇ ਰਹੇ।

ਉਸ ਸਾਲ, ਮਿਰਚ ਦੀ ਫ਼ਸਲ ਦੀ ਪੈਦਾਵਾਰ ਬਹੁਤ ਚੰਗੀ ਹੋਈ ਅਤੇ ਉਨ੍ਹਾਂ ਨੇ ਕੇਵਲ 2 ਏਕੜ ਤੋਂ 500000 ਰੁਪਏ ਦਾ ਲਾਭ ਕਮਾਇਆ। ਬਲਵਿੰਦਰ ਸਿੰਘ ਨੇ ਆਪਣੇ ਫਾਰਮ ਦੀ ਲੋਕੇਸ਼ਨ ਦਾ ਵੀ ਫਾਇਦਾ ਚੁੱਕਿਆ। ਉਨ੍ਹਾਂ ਦਾ ਫਾਰਮ ਸੜਕ ਦੇ ਕਿਨਾਰੇ ਸੀ, ਇਸ ਲਈ ਉਨ੍ਹਾਂ ਨੇ ਸੜਕ ਦੇ ਕਿਨਾਰੇ ਇੱਕ ਛੋਟੀ ਜਿਹੀ ਦੁਕਾਨ ਖੋਲ੍ਹ ਲਈ, ਜਿੱਥੇ ਉਨ੍ਹਾਂ ਨੇ ਸਬਜ਼ੀ ਵੇਚਣੀ ਸ਼ੁਰੂ ਕੀਤੀ। ਉਨ੍ਹਾਂ ਨੇ ਮਿਰਚ ਦੀ ਪ੍ਰੋਸੈੱਸਿੰਗ ਕਰਕੇ ਮਿਰਚ ਪਾਊਡਰ ਬਣਾਉਣਾ ਵੀ ਸ਼ੁਰੂ ਕੀਤਾ।

“ਜਦੋਂ ਮੈਂ ਮਿਰਚ ਪਾਊਡਰ ਦੀ ਪ੍ਰੋਸੈੱਸਿੰਗ ਸ਼ੁਰੂ ਕੀਤੀ ਸੀ ਤਾਂ ਇਸ ਬਾਰੇ ਬਹੁਤ ਸਾਰੇ ਲੋਕ ਸ਼ਿਕਾਇਤ ਕਰਦੇ ਸਨ ਕਿ ਤੁਹਾਡੇ ਮਿਰਚ ਪਾਊਡਰ ਦਾ ਰੰਗ ਲਾਲ ਨਹੀਂ ਹੁੰਦਾ। ਫਿਰ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਮਿਰਚ ਪਾਊਡਰ ਕਦੇ ਰੰਗ ਵਿੱਚ ਲਾਲ ਨਹੀਂ ਹੁੰਦਾ, ਆਮ ਤੌਰ ‘ਤੇ ਬਾਜ਼ਾਰ ਤੋਂ ਖਰੀਦੇ ਜਾਣ ਵਾਲੇ ਪਾਊਡਰ ਵਿੱਚ ਰੰਗਾਂ ਦੀ ਮਿਲਾਵਟ ਹੁੰਦੀ ਹੈ।”

2013 ਵਿੱਚ, ਬਲਵਿੰਦਰ ਸਿੰਘ ਨੇ ਖੀਰੇ, ਟਮਾਟਰ, ਕੱਦੂ ਅਤੇ ਸ਼ਿਮਲਾ ਮਿਰਚ ਵਰਗੀਆਂ ਹੋਰ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕੀਤੀ।

“ਜ਼ਿਆਦਾ ਫ਼ਸਲਾਂ ਨੂੰ ਜ਼ਿਆਦਾ ਖੇਤਰ ਦੀ ਲੋੜ ਹੁੰਦੀ ਹੈ, ਇਸ ਲਈ ਖੇਤੀਬਾੜੀ ਖੇਤਰ ਨੂੰ ਵਧਾਉਣ ਲਈ ਮੈਂ ਆਪਣੇ ਚਚੇਰੇ ਭਰਾਵਾਂ ਅਤੇ ਸਕੇ ਭਰਾਵਾਂ ਤੋਂ ਠੇਕੇ ‘ਤੇ 40 ਏਕੜ ਜ਼ਮੀਨ ਲਈ। ਸ਼ੁਰੂਆਤ ਵਿੱਚ, ਸਬਜ਼ੀਆਂ ਦਾ ਮੰਡੀਕਰਨ ਕਰਨਾ ਇੱਕ ਵੱਡੀ ਸਮੱਸਿਆ ਸੀ, ਪਰ ਸਮੇਂ ਨਾਲ ਇਸ ਸਮੱਸਿਆ ਦਾ ਵੀ ਹੱਲ ਹੋ ਗਿਆ।”

ਵਰਤਮਾਨ ਵਿੱਚ, ਬਲਵਿੰਦਰ ਸਿੰਘ 8-9 ਏਕੜ ਵਿੱਚ ਸਬਜ਼ੀਆਂ, 1 ਏਕੜ ਵਿੱਚ ਸਟ੍ਰਾੱਬੈਰੀ ਅਤੇ ਬਾਕੀ ਦੀ ਜ਼ਮੀਨ ‘ਤੇ ਝੋਨੇ ਅਤੇ ਕਣਕ ਦੀ ਖੇਤੀ ਕਰਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਉਤਪਾਦਕਤਾ ਨੂੰ ਵਧਾਉਣ ਲਈ ਸਾਰੇ ਆਧੁਨਿਕ ਖੇਤੀਬਾੜੀ ਔਜ਼ਾਰ, ਤਕਨਾਲੋਜੀ ਅਤੇ ਵਾਤਾਵਰਨ-ਪੱਖੀ ਪ੍ਰਣਾਲੀ ਜਿਵੇਂ ਕਿ ਟ੍ਰੈਕਟਰ, ਬੈੱਡ ਪਲਾਂਟਰ, ਰੋਟਾਵੇਟਰ, ਕਲਟੀਵੇਟਰ, ਸੁਹਾਗਾ, ਸੀਡਰ, ਤੁਪਕਾ ਸਿੰਚਾਈ, ਮਲਚਿੰਗ, ਕੀਟਨਾਸ਼ਕਾਂ ਦੇ ਸਥਾਨ ‘ਤੇ ਘਰ ਵਿੱਚ ਤਿਆਰ ਖਾਦ ਅਤੇ ਖੱਟੀ ਲੱਸੀ ਦੀ ਸਪਰੇਅ ਨੂੰ ਵੀ ਅਪਣਾਇਆ।

ਪਿਛਲੇ ਚਾਰ ਵਰ੍ਹਿਆਂ ਤੋਂ ਉਹ 2 ਏਕੜ ਜ਼ਮੀਨ ‘ਤੇ ਪੂਰੀ ਤਰ੍ਹਾਂ ਨਾਲ ਜੈਵਿਕ ਖੇਤੀ ਕਰ ਰਹੇ ਹਨ ਅਤੇ ਬਾਕੀ ਦੀ ਜ਼ਮੀਨ ‘ਤੇ ਕੀਟਨਾਸ਼ਕ ਦਵਾਈਆਂ ਅਤੇ ਫੰਗਸਨਾਸ਼ੀ ਦੀ ਵਰਤੋਂ ਘੱਟ ਕਰ ਰਹੇ ਹਨ। ਬਲਵਿੰਦਰ ਸਿੰਘ ਦੀ ਸਖ਼ਤ ਮਿਹਨਤ ਨੇ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ, ਇੱਥੋਂ ਤੱਕ ਕਿ ਉਨ੍ਹਾਂ ਦੇ ਖੇਤਰ ਦੇ ਡੀ.ਸੀ. ਨੇ ਵੀ ਉਨ੍ਹਾਂ ਦੇ ਫਾਰਮ ਦਾ ਦੌਰਾ ਕੀਤਾ। ਵੱਖ-ਵੱਖ ਪ੍ਰਿੰਟ ਮੀਡੀਆ ਵਿੱਚ ਉਨ੍ਹਾਂ ਦੇ ਕੰਮ ਦੇ ਬਾਰੇ ਬਹੁਤ ਸਾਰੇ ਲੇਖ ਪ੍ਰਕਾਸ਼ਿਤ ਕੀਤੇ ਹਨ ਅਤੇ ਜਿਸ ਗਤੀ ਨਾਲ ਉਹ ਪ੍ਰਗਤੀ ਕਰ ਰਹੇ ਹਨ, ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਭਵਿੱਖ ਵਿੱਚ ਵੀ ਉਨ੍ਹਾਂ ਦੀ ਅਲੱਗ ਹੀ ਪਛਾਣ ਹੋਵੇਗੀ।

ਸੰਦੇਸ਼
“ਹੁਣ ਕਿਸਾਨਾਂ ਨੂੰ ਲਾਭ ਕਮਾਉਣ ਲਈ ਆਪਣੇ ਉਤਪਾਦਨ ਵੇਚਣ ਲਈ ਤੱਕੜੀ ਆਪਣੇ ਹੱਥਾਂ ਵਿੱਚ ਲੈਣੀ ਪਵੇਗੀ, ਕਿਉਂਕਿ ਜੇਕਰ ਉਹ ਆਪਣੀ ਫ਼ਸਲ ਵੇਚਣ ਲਈ ਵਿਚੋਲੇ ਜਾਂ ਡੀਲਰਾਂ ‘ਤੇ ਨਿਰਭਰ ਰਹਿਣਗੇ ਤਾਂ ਉਹ ਤਰੱਕੀ ਨਹੀਂ ਕਰ ਸਕਣਗੇ ਅਤੇ ਠੱਗਾਂ ਦੁਆਰਾ ਵਾਰ-ਵਾਰ ਧੋਖਾ ਖਾਣਗੇ। ਵਿਚੋਲੇ ਉਨ੍ਹਾਂ ਸਾਰੇ ਮੁਨਾਫ਼ਿਆਂ ਨੂੰ ਦੂਰ ਕਰ ਦਿੰਦੇ ਹਨ ਜਿਸ ਉੱਤੇ ਕਿਸਾਨਾਂ ਦਾ ਅਧਿਕਾਰ ਹੁੰਦਾ ਹੈ।”