ਅਮਨਪ੍ਰੀਤ ਸਿੰਘ

ਪੂਰੀ ਕਹਾਣੀ ਪੜ੍ਹੋ

ਅਣਉਪਜਾਊ ਮਿੱਟੀ ਵਿੱਚ ਕਿੰਨੂੰ ਦਾ ਸਫਲ ਬਾਗ਼ ਲਗਾ ਕੇ ਕਾਮਯਾਬ ਹੋਇਆ ਇਹ ਅਗਾਂਹਵਧੂ ਕਿਸਾਨ

ਜੇਕਰ ਦੇਖਿਆ ਜਾਵੇ ਤਾਂ ਖੇਤੀ ਵੀ ਇੱਕ ਕਿਤਾਬ ਹੀ ਹੈ ਜਿਸ ਦੇ ਹਰ ਇੱਕ ਪੰਨੇ ‘ਤੇ ਕੁਝ ਨਾ ਕੁਝ ਨਵਾਂ ਪੜ੍ਹਨ ਨੂੰ ਮਿਲਦਾ ਹੈ, ਇਹ ਕਿਤਾਬ ਕੋਈ ਛੋਟੀ-ਮੋਟੀ ਨਹੀਂ ਬਲਕਿ ਬਹੁਤ ਵਿਸ਼ਾਲ ਹੈ ਜਿਸ ਵਿੱਚ ਬਹੁਤ ਸਾਰਾ ਗਿਆਨ ਛਪਿਆ ਹੋਇਆ ਹੈ, ਪਰ ਇਹ ਗਿਆਨ ਸਿਰਫ ਉਸ ਦੇ ਹੀ ਪੱਲੇ ਪੈਂਦਾ ਹੈ ਜੋ ਖੇਤੀ ਦੇ ਹਰ ਇੱਕ ਪਹਿਲੂ ਬਾਰੇ ਚੰਗੀ ਤਰ੍ਹਾਂ ਜਾਣਦਾ ਹੋਵੇ।

ਇਹ ਕਹਾਣੀ ਇੱਕ ਅਜਿਹੇ ਇਨਸਾਨ ਦੀ ਹੈ ਜਿਸ ਨੇ ਰਵਾਇਤੀ ਖੇਤੀ ਦੀ ਕਿਤਾਬ ਨੂੰ ਨਾ ਅਪਣਾਉਂਦੇ ਹੋਏ ਅਜਿਹੀ ਖੇਤੀ ਨੂੰ ਅਪਣਾਇਆ ਜੋ ਕਿ ਲੋਕਾਂ ਵਿੱਚ ਆਮ ਪ੍ਰਚਲਿਤ ਸੀ ਪਰ ਕਿਸੇ ਨੂੰ ਖੇਤੀ ਕਰਨ ਦੇ ਢੰਗਾਂ ਬਾਰੇ ਜਾਣਕਾਰੀ ਨਹੀਂ ਸੀ, ਜਿਨ੍ਹਾਂ ਦਾ ਨਾਮ ਅਮਨਪ੍ਰੀਤ ਸਿੰਘ ਜੋ ਫਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਜਿਨ੍ਹਾਂ ਹਮੇਸ਼ਾਂ ਹੀ ਕੁੱਝ ਨਾ ਕੁਝ ਵੱਖਰਾ ਕਰਨ ਬਾਰੇ ਸੋਚਿਆ ਅਤੇ ਕਾਮਯਾਬ ਵੀ ਹੋਏ।

ਸਾਲ 2001 ਵਿੱਚ ਇੰਜੀਨੀਅਰਇੰਗ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਚੰਡੀਗੜ੍ਹ ਵਿਖੇ ਵਿੱਚ ਇੱਕ ਪ੍ਰਾਈਵੇਟ ਅਦਾਰੇ ਵਿੱਚ ਨੌਕਰੀ ਕਰਨ ਲੱਗ ਗਏ, ਪਰ ਥੋੜਾ ਸਮਾਂ ਹੀ ਕੰਪਨੀ ਵਿੱਚ ਕੰਮ ਕੀਤਾ ਅਤੇ ਉਸ ਤੋਂ ਬਾਅਦ ਕੰਪਨੀ ਛੱਡਣ ਦਾ ਫੈਸਲਾ ਕਰ ਲਿਆ ਕਿਉਂਕਿ ਤਨਖਾਹ ਬਹੁਤ ਘੱਟ ਮਿਲ ਰਹੀ ਸੀ ਜਿਸ ਨਾਲ ਆਪਣਾ ਖਰਚਾ ਹੀ ਬਹੁਤ ਮੁਸ਼ਕਿਲ ਨਾਲ ਪੂਰਾ ਹੋ ਰਿਹਾ ਸੀ। ਇਸ ਤੋਂ ਵਧੀਆ ਘਰ ਖੇਤੀ ਕਰਕੇ ਹੀ ਜ਼ਿਆਦਾ ਪੈਸੇ ਹੀ ਕਮਾ ਲਵਾਂਗਾ। ਇਸ ਸੋਚ ਨੂੰ ਅਪਣਾਉਂਦੇ ਹੋਏ ਅਗਲੀ ਹੀ ਸਵੇਰ ਪਹਿਲੀ ਬੱਸ ਫੜ ਕੇ ਘਰ ਫਰੀਦਕੋਟ ਆ ਗਏ ਅਤੇ ਪਰਿਵਾਰ ਵਾਲਿਆਂ ਨੂੰ ਨੌਕਰੀ ਛੱਡਣ ਦਾ ਕਾਰਨ ਦੱਸਿਆ।

ਵੈਸੇ ਤਾਂ ਅਮਨਪ੍ਰੀਤ ਕੋਲ 55 ਏਕੜ ਜ਼ਮੀਨ ਹੈ ਜਿਸ ਉੱਤੇ ਪੁਰਾਣੇ ਸਮੇਂ ਤੋਂ ਹੀ ਪਰਿਵਾਰ ਵਾਲੇ ਇਕੱਲੀ ਰਵਾਇਤੀ ਖੇਤੀ ਨੂੰ ਮਹੱਤਤਾ ਦੇ ਰਹੇ ਸਨ, ਪਰ ਇਹ ਗੱਲ ਪਸੰਦ ਨਾ ਆਈ ਅਤੇ ਸੋਚਿਆ ਕੀ ਘਰ ਰਵਾਇਤੀ ਖੇਤੀ ਕਰਨ ਆਇਆ ਸੀ? ਕੀ ਰਵਾਇਤੀ ਖੇਤੀ ਕਰਨਾ ਹੀ ਰਿਵਾਜ਼ ਹੈ? ਕੀ ਇਸਨੂੰ ਬਦਲਿਆ ਨਹੀਂ ਜਾ ਸਕਦਾ? ਇਹ ਸਾਰੇ ਸਵਾਲ ਉਸਦੇ ਮਨ ਵੱਲੋਂ ਅਮਨਪ੍ਰੀਤ ਨੂੰ ਪੁੱਛ ਰਹੇ ਸਨ ਜਿਸ ਦਾ ਸਿੱਟਾ ਜਦੋਂ ਇਸ ਬਾਰੇ ਡੂੰਘਾਈ ਵਿੱਚ ਸੋਚਣ ਲੱਗੇ ਤਾਂ ਉਨ੍ਹਾਂ ਦਾ ਅੰਦਰ ਜੋਸ਼ ਨਾਲ ਭਰ ਗਿਆ।

ਇਹ ਸਭ ਦੇਖਦੇ ਹੋਏ, ਅਮਨਪ੍ਰੀਤ ਨੇ ਸੋਚਿਆ ਜੋ ਮਰਜ਼ੀ ਹੋ ਜਾਏ ਪਰ ਰਵਾਇਤੀ ਖੇਤੀ ਤੋਂ ਇੱਕ ਨਾ ਇੱਕ ਦਿਨ ਜ਼ਰੂਰ ਪਿੱਛੇ ਹੱਟ ਕੇ ਰਹਿਣਾ ਹੈ। ਉਸਦੇ ਦਿਮਾਗ ਵਿੱਚ ਹੀ ਇਹੀ ਚੱਲਦਾ ਰਹਿੰਦਾ ਸੀ ਜੋ ਬਚਪਨ ਵਿੱਚ ਦੇਖਿਆ ਸੀ ਕਿ ਨਾਨਕੇ ਪਿੰਡ ਕਿੰਨੂੰ ਦੇ ਬਹੁਤਾਤ ਮਾਤਰਾ ਵਿੱਚ ਬਾਗ ਲਗਾਏ ਜਾਂਦੇ ਸਨ ਤਾਂ ਮਨ ਵਿੱਚ ਇਹ ਗੱਲ ਰੜਕਦੀ ਰਹਿੰਦੀ ਸੀ ਕਿ ਇੰਨੀ ਸਾਰੀ ਜ਼ਮੀਨ ਹੈ ਇਸ ਦਾ ਕੀ ਕਰਨਾ ਹੈ ਕਿਉਂ ਨਾ ਪਹਿਲਾ ਛੋਟੇ ਪੱਧਰ ‘ਤੇ ਕਿੰਨੂੰ ਦਾ ਬਾਗ ਲਗਾਇਆ ਜਾਵੇ, ਜਿਸ ਬਾਰੇ ਪਹਿਲਾ ਹੀ ਬਹੁਤ ਰਿਸਰਚ ਕੀਤੀ ਹੋਈ ਸੀ।

ਬਾਗ ਲਗਾਉਣ ਤੋਂ ਪਹਿਲਾ ਖੇਤ ਦੀ ਮਿੱਟੀ ਦੀ ਮਿੱਟੀ ਵਿਭਾਗ ਵਿਖੇ ਜਾਂਚ ਕਰਵਾਈ ਅਤੇ ਜਾਂਚ ਕਰਨ ਉਪਰੰਤ ਮਿੱਟੀ ਵਿਭਾਗ ਵਾਲਿਆਂ ਨੇ ਕਿਹਾ ਕਿ ਤੂੰ ਖੇਤ ਵਿੱਚ ਬਾਗ ਨਹੀਂ ਲਗਾ ਸਕਦਾ ਜੋ ਕਿ ਬਹੁਤ ਵੱਡੀ ਗੱਲ ਸੀ ਜਿਸ ਨਾਲ ਅਮਨਪ੍ਰੀਤ ਨੂੰ ਇੱਕ ਤਰ੍ਹਾਂ ਖੁੱਲੀਆਂ ਅੱਖਾਂ ਨਾਲ ਦੇਖਿਆ ਸੁਪਨਾ ਹੌਲੀ-ਹੌਲੀ ਟੁੱਟਦਾ ਨਜ਼ਰ ਆ ਰਿਹਾ ਸੀ। ਚਿਹਰੇ ‘ਤੇ ਉਦਾਸੀ ਲੈ ਕੇ ਘਰ ਪਰਤ ਆਏ ਅਤੇ ਇੱਕ ਜਗ੍ਹਾ ਬੈਠ ਕੇ ਸੋਚਣ ਲੱਗੇ ਕਿ ਇਹ ਕੀ ਹੋ ਗਿਆ, ਕੀ ਉਸਦਾ ਕੋਈ ਹੋਰ ਹੱਲ ਨਹੀਂ ਹੋ ਸਕਦਾ?

ਦਿਮਾਗ ਵਿੱਚ ਲਗਾਤਾਰ ਇਹ ਗੱਲ ਇਸ ਤਰ੍ਹਾਂ ਘੁਣ ਵਾਂਗੂ ਖਾਈ ਜਾ ਰਹੀ ਸੀ ਪਰ ਬਹੁਤ ਸੋਚਣ ਉਪਰੰਤ ਕੋਈ ਹੱਲ ਨਹੀਂ ਮਿਲ ਪਾ ਰਿਹਾ ਸੀ। ਪਰ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਤੇ ਸੋਚ ਲਿਆ ਕਿ ਜੇਕਰ ਕਿੰਨੂੰ ਦਾ ਬਾਗ ਲਗਾਉਣਾ ਹੈ ਤਾਂ ਇਹੀ ਮਿੱਟੀ ਅਤੇ ਇਸ ਖੇਤ ਵਿੱਚੋਂ ਹੀ ਸਫਲ ਹੋ ਕੇ ਦਿਖਾਉਣਾ ਹੈ। ਸਮਾਂ ਨਾ ਵਿਅਰਥ ਕਰਦੇ ਹੋਏ ਅਗਲੀ ਹੀ ਸਵੇਰ 4 ਏਕੜ ਦੇ ਵਿੱਚ ਛੋਟੇ ਪੱਧਰ ‘ਤੇ ਬਾਗ ਲਗਾਉਣ ਦਾ ਫੈਸਲਾ ਕਰ ਲਿਆ।

ਬਾਗ ਲਗਾਉਣ ਤੋਂ ਪਹਿਲਾ ਉਹਨਾਂ ਨੇ ਉਸ ਸਮੇਂ ਤੁਪਕਾ ਸਿੰਚਾਈ ਵਿਧੀ ਅਪਣਾਈ ਜੋ ਕਿ ਕਿਸੇ-ਕਿਸੇ ਨੂੰ ਹੀ ਪਤਾ ਸੀ ਅਤੇ ਬਾਗਾਂ ਦੇ ਵਿੱਚ ਕੋਈ ਵਿਰਲਾ ਹੀ ਇਸ ਵਿਧੀ ਨੂੰ ਅਪਣਾਉਂਦਾ ਸੀ, ਵਿਧੀ ਅਪਣਾਉਣ ਇਕੱਲਿਆਂ ਨੇ ਖੇਤਾਂ ਵਿੱਚ 5-5 ਫੁੱਟ ਡੂੰਘੇ ਟੋਏ ਪੁੱਟ ਕੇ ਤੁਪਕਾ ਸਿੰਚਾਈ ਦਾ ਸਿਸਟਮ ਲਗਾਇਆ ਅਤੇ ਮੋਟਰ ਦੇ ਕੁਨੈਕਸ਼ਨ ਲਈ ਸੋਲਰ ਪੰਪ ਅਤੇ ਪਾਣੀ ਇਕੱਠਾ ਕਰਨ ਲਈ ਤਾਲਾਬ ਬਣਾਇਆ ਜੋ ਕਿ ਬਾਗ ਲਈ ਸਭ ਤੋਂ ਮਹੱਤਵਪੂਰਨ ਪਹਿਲੂ ਹਨ। ਜਿਸ ਵਿੱਚ ਖਰਚਾ ਬਹੁਤ ਆਇਆ ਪਰ ਖਰਚੇ ਦੀ ਪਰਵਾਹ ਨਹੀਂ ਕੀਤੀ ਕਿਉਂਕਿ ਲੋਕਾਂ ਨੂੰ ਸਾਬਿਤ ਕਰਕੇ ਦਿਖਾਉਣਾ ਸੀ।

ਫਿਰ ਉਹਨਾਂ ਨੇ ਕਿੰਨੂੰ ਦਾ ਬਾਗ ਲਗਾ ਦਿੱਤਾ ਅਤੇ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀਆਂ ਹਦਾਇਤਾਂ ਮੁਤਾਬਿਕ ਹੀ ਖਾਦਾਂ ਅਤੇ ਸਪਰੇਆਂ ਨੂੰ ਵਰਤੋਂ ਵਿੱਚ ਲੈ ਕੇ ਆਏ ਅਤੇ ਜਦੋਂ ਤੱਕ ਫਲ ਪੱਕ ਕੇ ਤਿਆਰ ਨਹੀਂ ਹੋਇਆ ਉਦੋਂ ਤੱਕ ਉਹ ਖੇਤਾਂ ਵਿੱਚ ਲਗਾਤਾਰ ਮਿਹਨਤ ਉੱਤੇ ਡੱਟੇ ਰਹਿੰਦੇ ਅਤੇ ਹਰ ਇੱਕ ਚੀਜ਼ ਦਾ ਖੁਦ ਆਪਣੇ ਪੱਧਰ ‘ਤੇ ਜਾ ਕੇ ਧਿਆਨ ਰੱਖਦੇ, ਬਸ ਫਿਰ ਕੀ ਸੀ ਮਿਹਨਤ ਨੂੰ ਰੰਗ ਲੱਗਣ ਵਾਲਾ ਸੀ, ਜਦੋਂ ਫਲ ਪੱਕ ਕੇ ਤਿਆਰ ਹੋਇਆ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਕਿਉਂਕਿ ਸਫਲ ਤਾਂ ਉਹ ਹੋ ਗਏ ਜੋ ਕਿਹਾ ਸੀ ਕਰ ਕੇ ਦਿਖਾ ਦਿੱਤਾ, ਪਰ ਸਫਲਤਾ ਪੂਰੀ ਤਰ੍ਹਾਂ ਹਲੇ ਵੀ ਝੋਲੀ ਨਹੀਂ ਪਈ ਸੀ।

2004 ਵਿੱਚ ਜਦੋਂ ਫਲ ਪੱਕਿਆ ਤਾਂ ਸਭ ਤੋਂ ਪਹਿਲਾ ਮੰਡੀ ਲੈ ਕੇ ਗਏ ਤੇ ਆੜ੍ਹਤੀਏ ਨੂੰ ਫਲ ਵੇਚ ਕੇ ਆਏ ਉੱਥੋਂ ਮੁਨਾਫ਼ਾ ਤਾਂ ਹੋਇਆ ਪਰ ਉਸ ਸਮੇਂ ਉਹ ਖੁਸ਼ ਵੀ ਸਨ ਕਿਉਂਕਿ ਕਣਕ ਝੋਨੇ ਨਾਲੋਂ ਵਧੀਆ ਹੀ ਸੀ ਅਤੇ ਜੋ ਕਿ ਪਹਿਲੀ ਆਮਦਨ ਵੀ ਸੀ, ਇਸ ਤਰ੍ਹਾਂ ਹੌਲੀ-ਹੋਲੀ ਕਰਦੇ ਬਾਗ ਨੂੰ ਅੰਮ੍ਰਿਤਸਰ, ਲੁਧਿਆਣਾ, ਜਲੰਧਰ ਵਿਖੇ ਠੇਕੇ ‘ਤੇ ਦੇਣਾ ਸ਼ੁਰੂ ਕਰ ਦਿੱਤਾ ਅਤੇ ਮੁਨਾਫ਼ਾ ਕਮਾਉਣ ਲੱਗੇ। ਇਸ ਤਰ੍ਹਾਂ ਠੇਕੇ ਉੱਤੇ ਕਰਦਿਆਂ ਇਹ 2005 ਤੋਂ ਲੈ ਕੇ 2020 ਤੱਕ ਲਗਾਤਾਰ ਬਿਨਾ ਕਿਸੇ ਰੁਕਾਵਟ ਤੋਂ ਚੱਲਦਾ ਰਿਹਾ ਅਤੇ ਨਾਲ ਹੀ ਬਾਗ ਨੂੰ ਹੌਲੀ-ਹੌਲੀ ਕਰਦੇ ਵਧਾਉਂਦੇ ਗਏ।

ਇੱਕ ਦਿਨ ਉਹ ਬੈਠੇ ਸਨ ਤੇ ਸੋਚਣ ਲੱਗੇ ਕਿ ਕਿੰਨੂੰ ਤਾਂ ਬਹੁਤ ਵੱਡੇ ਪੱਧਰ ‘ਤੇ ਵਿਕ ਰਿਹਾ ਹੈ ਪਰ ਮੁਨਾਫ਼ਾ ਕਿਉਂ ਘੱਟ ਹੋ ਰਿਹਾ ਹੈ, ਇਸ ਉੱਤੇ ਫਿਰ ਰਿਸਰਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਵਾਰ ਜਦੋਂ ਕਿੰਨੂੰ ਮੰਡੀਕਰਨ ਦੇ ਲਈ ਗਿਆ ਤਾਂ ਕੀ ਦੇਖਦੇ ਹਨ ਕਿ ਆੜ੍ਹਤੀਏ 10 ਰੁਪਏ ਵਿੱਚ ਕਿੰਨੂੰ ਲੈ ਕੇ ਅੱਗੇ ਰੇੜੀਆਂ ‘ਤੇ 25 ਅਤੇ 30 ਰੁਪਏ ਦੇ ਹਿਸਾਬ ਨਾਲ ਵਿਕ ਰਿਹਾ ਹੈ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਏ।

ਫਿਰ ਕੀ ਉਹਨਾਂ ਨੇ ਸੋਚਿਆ ਕਿ ਮੰਡੀ ਵਿੱਚ ਕਿੰਨੂੰ ਦੀ ਮਾਰਕੀਟਿੰਗ ਕਰਨ ਦੀ ਬਜਾਏ ਕਿਉਂ ਨਾ ਸਿੱਧੇ ਤੌਰ ‘ਤੇ ਖੁਦ ਹੀ ਟਰਾਲੀ ਵਿੱਚ ਪਾ ਕੇ ਕਿੰਨੂੰ ਨੂੰ ਵੇਚਿਆ ਜਾਵੇ ਅਤੇ ਕਿੰਨੂੰ ਵੇਚਣ ਦੇ ਥਾਂ ਨਿਸ਼ਚਿਤ ਕੀਤੇ। ਸਭ ਤੋਂ ਪਹਿਲਾਂ ਉਹਨਾਂ ਨੇ ਫਰੀਦਕੋਟ ਜ਼ਿਲ੍ਹੇ ਤੋਂ ਸ਼ੁਰੂ ਕੀਤਾ ਅਤੇ ਸਭ ਤੋਂ ਪਹਿਲਾਂ ਇੱਕ ਪੋਸਟਰ ਛਪਵਾਇਆ ਜਿਸ ਵਿੱਚ ਸਲੋਗਨ ਲਿਖਿਆ ਹੋਇਆ ਹੈ ਜੋ ਇਸ ਤਰ੍ਹਾਂ ਹੈ

ਸਿੱਧਾ ਸਾਡੇ ਬਾਗ ਤੋਂ ਤੁਹਾਡੇ ਘਰ ਤੱਕ

ਸਲੋਗਨ ਲਿਖਵਾਉਣ ਇਹ ਮੰਤਵ ਸੀ ਕਿ ਕਿਸੇ ਗ੍ਰਾਹਕ ਨੂੰ ਇਹ ਨਾ ਲੱਗੇ ਕਿ ਇਹ ਮੰਡੀ ਚੁੱਕ ਕੇ ਕਿੰਨੂੰ ਸਾਡੇ ਕੋਲ ਵੇਚੀ ਜਾ ਰਿਹਾ ਹੈ ਜਦੋਂ ਕਿ ਉਹ ਸਿੱਧਾ ਹੀ ਕਿੰਨੂੰ ਖੇਤੋਂ ਲਿਆ ਰਹੇ ਸਨ।

ਇਸ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਸਲੋਗਨ ਜਿਸ ਵਿੱਚ ਦੱਸਿਆ ਹੈ ਕਿ ਉਹ ਯੂਨੀਵਰਸਿਟੀ ਦੇ ਹਦਾਇਤਾਂ ਮੁਤਾਬਿਕ ਹੀ ਸਪਰੇਅ ਅਤੇ ਖਾਦਾਂ ਦੀ ਵਰਤੋਂ ਕਰਦੇ ਹਨ ਅਤੇ ਆਰਗੈਨਿਕ ਦਾ ਝੂਠਾ ਰੌਲਾ ਨਹੀਂ ਪਾਉਂਦੇ ਕਿ ਕਿੰਨੂੰ ਵਿਕ ਜਾਵੇ ਜੋ ਇਸ ਪ੍ਰਕਾਰ ਹੈ-

ਅਪ੍ਰੈਲ ਬਾਅਦ ਕੋਈ ਖਾਦ ਨਹੀਂ

ਸਤੰਬਰ ਬਾਅਦ ਕੋਈ ਸਪਰੇਅ ਨਹੀਂ

ਜਦੋਂ ਉਹਨਾਂ ਨੇ ਇਸ ਤਰ੍ਹਾਂ ਕਿੰਨੂੰ ਵੇਚਣਾ ਸ਼ੁਰੂ ਕੀਤਾ ਤਾਂ ਪਹਿਲਾ ਲੋਕਾਂ ਨੇ ਬਹੁਤ ਮਜ਼ਾਕ ਉਡਾਇਆ ਤੂੰ ਇਹ ਕੀ ਕਰਨ ਲੱਗ ਗਿਆ, ਤਾਂ ਅੱਗੋਂ ਅਮਨਪ੍ਰੀਤ ਦਾ ਕਹਿਣਾ ਸੀ

ਜੇਕਰ ਬੰਦਾ ਕੰਮ ਕਰਨ ਵਿੱਚ ਸ਼ਰਮ ਕਰਨ ਲੱਗ ਜਾਵੇਗਾ ਤਾਂ ਉਹ ਕੀ ਕਮਾਵੇਗਾ ਤੇ ਖਾਵੇਗਾ

ਜਿਨ੍ਹਾਂ ਦੀ ਇਸ ਗੱਲ ਨੇ ਬਹੁਤ ਸਾਰੇ ਲੋਕਾਂ ਨੂੰ ਕੰਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਹ ਇਸ ਤਰ੍ਹਾਂ ਟਰਾਲੀ ਵਿੱਚ ਕਿੰਨੂੰ ਰੱਖ ਕੇ ਮਾਰਕੀਟਿੰਗ ਕਰਨ ਲੱਗੇ ਜਿਸ ਨਾਲ ਪਹਿਲੇ ਹੀ ਦਿਨ ਜਿਸ ਗੱਲ ਦੀ ਆਸ ਵੀ ਨਹੀਂ ਸੀ ਉਹ ਗੱਲ ਹੋ ਗਈ, ਉਹਨਾਂ ਦਾ ਕਿੰਨੂੰ ਲੋਕਾਂ ਨੂੰ ਇੰਨਾ ਜ਼ਿਆਦਾ ਪਸੰਦ ਆਇਆ ਕਿ ਭਰੀ ਹੋਈ ਟਰਾਲੀ ਸ਼ਾਮ ਹੋਣ ਤੋਂ ਪਹਿਲਾਂ ਹੀ ਖਤਮ ਹੋ ਗਈ ਅਤੇ ਉਹ ਬਹੁਤ ਖੁਸ਼ ਹੋਏ।

ਫਿਰ ਉਹਨਾਂ ਨੇ ਅਗਲੇ ਦਿਨ ਕਿੰਨੂੰ ਟਰਾਲੀ ਦੇ ਵਿੱਚ ਰੱਖ ਕੇ ਲੈ ਗਏ ਤੇ ਕੀ ਦੇਖਦੇ ਹਨ ਕਿ ਉਹਨਾਂ ਦੇ ਗ੍ਰਾਹਕ ਉਹਨਾਂ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਉਸ ਦਿਨ ਵੀ ਉਸ ਤਰ੍ਹਾਂ ਹੀ ਹੋਇਆ ਅਤੇ ਹੌਲੀ-ਹੌਲੀ ਸਿੱਧੇ ਤੌਰ ‘ਤੇ ਮਾਰਕੀਟਿੰਗ ਕਰਨ ਦੇ ਕੁਝ ਸਥਾਨ ਨਿਸ਼ਚਿਤ ਕਰ ਲਏ ਅਤੇ ਉੱਥੇ ਜਾ ਕੇ ਕਿੰਨੂੰ ਦਾ ਮੰਡੀਕਰਨ ਕਰਦੇ ਹਨ।

ਅੱਜ ਮੰਡੀਕਰਨ ਦਾ ਪ੍ਰਸਾਰ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਜਦੋਂ ਆਪਣੇ ਸਮੇਂ ਉੱਤੇ ਘਰ ਕਿੰਨੂੰ ਵੇਚ ਕੇ ਵਾਪਿਸ ਆਉਂਦੇ ਹਨ ਤਾਂ ਲੋਕ ਰਾਸਤੇ ਵਿੱਚ ਰੋਕ ਕੇ ਕਿੰਨੂੰ ਦੀ ਮੰਗ ਕਰਦੇ ਹਨ। ਜਿਸ ਨਾਲ ਅੱਜ ਉਹ ਚੰਗਾ ਮੁਨਾਫ਼ਾ ਕਮਾ ਰਹੇ ਹਨ। ਜਿਸ ਦੀ ਮੰਗ ਵੱਡੇ-ਵੱਡੇ ਸ਼ਹਿਰ ਚੰਡੀਗੜ੍ਹ, ਅੰਮ੍ਰਿਤਸਰ, ਲੁਧਿਆਣਾ ਵਿਖੇ ਬਹੁਤ ਹੀ ਵੱਡੇ ਪੱਧਰ ਉੱਤੇ ਹੈ ਅਤੇ ਅੱਜ ਉਹ ਖੁਸ਼ ਵੀ ਹਨ ਜਿਨ੍ਹਾਂ ਨੇ ਕਿਹਾ ਸੀ ਕਿ ਤੂੰ ਉਸ ਜ਼ਮੀਨ ਉੱਤੇ ਬਾਗ ਨਹੀਂ ਲਗਾ ਸਕਦਾ ਉਸ ਵਿੱਚ ਵੱਡੇ ਪੱਧਰ ‘ਤੇ ਬਾਗ ਲਗਾ ਕੇ ਸਫਲਤਾ ਹਾਸਿਲ ਕੀਤੀ।

ਇਸ ਤਰ੍ਹਾਂ 2020 ਦੇ ਵਿੱਚ ਉਹ ਕਾਮਯਾਬ ਹੋਏ ਜਿੱਥੇ ਮੁਨਾਫ਼ਾ ਕਮਾ ਰਹੇ ਹਨ।

ਇਸ ਦੇ ਨਾਲ ਉਨ੍ਹਾਂ ਨੂੰ 2018 ਦੇ ਵਿੱਚ ਸਰਦਾਰ ਸਵਰਨ ਸਿੰਘ ਯਾਦਗਾਰੀ ਪੁਰਸਕਾਰ ਨਾਲ ਜੋ ਕਿ ਸਰਦਾਰ ਬਲਦੇਵ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ (VC) ਵੱਲੋਂ ਜ਼ਿਲ੍ਹੇ ਦੇ ਵਿੱਚ ਘੱਟ ਏਕੜ ਵਿੱਚ ਜਿਆਦਾ ਮੁਨਾਫ਼ਾ ਕਮਾਉਣ ਵਜੋਂ ਨਿਵਾਜਿਆ ਗਿਆ ਸੀ।

ਇਸ ਦੇ ਨਾਲ ਉਹਨਾਂ ਨੇ ਇਕ ਹੋਰ ਕੰਮ ਵਿਚ ਸਫਲਤਾ ਹਾਸਿਲ ਕੀਤੀ ਹੈ, 2020 ਵਿੱਚ ਉਹਨਾਂ ਨੇ ਜਦੋਂ ਕਿੰਨੂੰ ਨੂੰ ਟਰਾਲੀ ਦੇ ਵਿੱਚ ਰੱਖ ਕੇ ਲੈ ਕੇ ਜਾਣਾ ਸ਼ੁਰੂ ਕੀਤਾ ਸੀ ਤਾਂ ਘਰ ਉਸ ਸਾਲ ਮੱਕੀ ਹੋਈ ਸੀ ਤਾਂ ਉਸ ਦਾ ਆਟਾ ਪੀਸਾ ਕੇ ਟਰਾਲੀ ਦੇ ਵਿੱਚ ਰੱਖ ਲਿਆ ਅਤੇ ਉਹ ਵੀ ਨਾਲ ਨਾਲ ਵੇਚਣ ਲੱਗੇ।

ਭਵਿੱਖ ਦੀ ਯੋਜਨਾ

ਉਹ ਰਵਾਇਤੀ ਖੇਤੀ ਤੋਂ ਪੂਰੀ ਤਰ੍ਹਾਂ ਪਿੱਛਾ ਛੁਡਾ ਕੇ ਪੂਰੀ ਜ਼ਮੀਨ ਦੇ ਵਿੱਚ ਜੋ ਕਿ ਉਨ੍ਹਾਂ ਕੋਲ ਪੰਜਾਬ ਅਤੇ ਰਾਜਸਥਾਨ ਵਿਖੇ ਹੈ, ਹੋਰ ਵੱਡੇ ਪੱਧਰ ਉੱਤੇ ਬਾਗ ਲਗਾਉਣਾ ਚਾਹੁੰਦੇ ਹਨ।

ਸੰਦੇਸ਼

ਹਰ ਇੱਕ ਕਿਸਾਨ ਨੂੰ ਚਾਹੀਦਾ ਹੈ ਜੇਕਰ ਉਹ ਖੇਤੀ ਕਰ ਕਰਦਾ ਹੈ ਤਾਂ ਉਸਨੂੰ ਖੁਦ ਹੀ ਆਪਣੇ ਪੱਧਰ ‘ਤੇ ਸਿੱਧੇ ਤੌਰ ਉੱਤੇ ਜਾ ਕੇ ਮਾਰਕੀਟਿੰਗ ਕਰਨੀ ਚਾਹੀਦੀ ਹੈ, ਤਾਂ ਹੀ ਇੱਕ ਕਿਸਾਨ ਆਪਣੀ ਫਸਲ ਦਾ ਸਹੀ ਮੁੱਲ ਪ੍ਰਾਪਤ ਕਰ ਸਕਦਾ ਹੈ।

ਤਰਨਜੀਤ ਸੰਧੂ

ਪੂਰੀ ਕਹਾਣੀ ਪੜ੍ਹੋ

ਅਜਿਹੇ ਇੱਕ ਕਿਸਾਨ ਜਿਨ੍ਹਾਂ ਦੀ ਜ਼ਿੰਦਗੀ ਦੇ 25 ਸਾਲ ਸੰਘਰਸ਼ ਕਰਦਿਆਂ ਗੁਜ਼ਰੇ ਅਤੇ ਬਾਗਬਾਨੀ ਦੇ ਨਾਲ-ਨਾਲ ਹੋਰ ਸਹਾਇਕ ਕਿੱਤਿਆਂ ਵਿੱਚ ਵੀ ਕਾਮਯਾਬ ਹੋ ਕੇ ਦਿਖਾਇਆ- ਤਰਨਜੀਤ ਸੰਧੂ

ਜ਼ਿੰਦਗੀ ਦਾ ਸੰਘਰਸ਼ ਬਹੁਤ ਹੀ ਵਿਸ਼ਾਲ ਹੈ, ਹਰ ਇੱਕ ਮੌੜ ‘ਤੇ ਅਜਿਹੀਆਂ ਮੁਸ਼ਕਿਲਾਂ ਪੈਦਾ ਹੋ ਜਾਂਦੀਆਂ ਹਨ ਕਿ ਉਹਨਾਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਕਿੰਨੇ ਹੀ ਸਾਲ ਬੀਤ ਜਾਂਦੇ ਹਨ, ਪਰ ਪਤਾ ਨਹੀਂ ਚੱਲਦਾ। ਉਹਨਾਂ ਵਿੱਚੋਂ ਕੁੱਝ ਇਨਸਾਨ ਅਜਿਹੇ ਹੁੰਦੇ ਹਨ ਜੋ ਮੁਸ਼ਕਿਲਾਂ ਨਾਲ ਡੱਟ ਕੇ ਸਾਹਮਣਾ ਤਾਂ ਕਰਦੇ ਰਹਿੰਦੇ ਹਨ ਪਰ ਕਿਤੇ ਨਾ ਕਿਤੇ ਦਿਮਾਗ ਵਿੱਚ ਹਾਰਨ ਦਾ ਡਰ ਬੈਠਾ ਹੁੰਦਾ ਹੈ, ਪਰ ਫਿਰ ਵੀ ਹਿੰਮਤ ਕਰਕੇ ਜ਼ਿੰਦਗੀ ਦੀ ਚਾਲ ਨਾਲ ਪਾਣੀ ਦੀ ਤਰ੍ਹਾਂ ਨਿਰੰਤਰ ਚੱਲਦੇ ਜਾਂਦੇ ਹਨ, ਕਿ ਕਦੇ ਨਾ ਕਦੇ ਮਿਹਨਤ ਦੇ ਸਮੁੰਦਰ ਵਿੱਚੋਂ ਉਭਰ ਕੇ ਬੁਲਬੁਲੇ ਬਣ ਕਿਸੇ ਲਈ ਮਿਸਾਲ ਬਣ ਕੇ ਖੜੇ ਤਾਂ ਹੋਵਾਂਗੇ।

ਜ਼ਿੰਦਗੀ ਦੇ ਮੁਕਾਮ ਤੱਕ ਪਹੁੰਚਣ ਲਈ ਅਜਿਹੇ ਹੀ ਇੱਕ ਕਿਸਾਨ ਤਰਨਜੀਤ ਸੰਧੂ, ਪਿੰਡ ਗੰਧੜ, ਜ਼ਿਲ੍ਹਾ ਸ਼੍ਰੀ ਮੁਕਤਸਰ ਦੇ ਰਹਿਣ ਵਾਲੇ ਹਨ, ਜੋ ਲਗਾਤਾਰ ਵੱਗ ਰਹੇ ਪਾਣੀ ਦੀ ਤਰ੍ਹਾਂ ਔਕੜਾਂ ਨਾਲ ਲੜਦੇ ਰਹੇ, ਪਰ ਹਿੰਮਤ ਨਹੀਂ ਹਾਰੀ ਅਤੇ ਪੂਰੇ 25 ਸਾਲਾਂ ਬਾਅਦ ਕਾਮਯਾਬ ਹੋਏ ਤੇ ਅੱਜ ਤਰਨਜੀਤ ਸੰਧੂ ਹੋਰ ਕਿਸਾਨਾਂ ਅਤੇ ਲੋਕਾਂ ਨੂੰ ਹਰ ਇੱਕ ਮੁਸ਼ਕਿਲ ਨਾਲ ਲੜਨ ਲਈ ਪ੍ਰੇਰਿਤ ਕਰ ਰਹੇ ਹਨ।

ਸਾਲ 1992 ਦੀ ਗੱਲ ਹੈ ਤਰਨਜੀਤ ਦੀ ਉਮਰ ਜਦੋਂ ਨਿੱਕੀ ਅਤੇ ਦਸਵੀਂ ਜਮਾਤ ਵਿੱਚ ਪੜ੍ਹਦੇ ਸਨ ਉਸ ਦੌਰਾਨ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਅਜਿਹੀ ਘਟਨਾ ਵਾਪਰੀ ਜਿਸ ਨਾਲ ਤਰਨਜੀਤ ਨੂੰ ਛੋਟੀ ਉਮਰ ਵਿੱਚ ਹੀ ਘਰ ਦੀ ਸਾਰੀ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਮਜ਼ਬੂਰ ਕਰ ਦਿੱਤਾ, ਜੋ ਕਿ ਇੱਕ 17-18 ਸਾਲਾਂ ਦੇ ਬੱਚੇ ਲਈ ਬਹੁਤ ਔਖੀ ਹੈ ਕਿਉਂਕਿ ਉਸ ਸਮੇਂ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਸਨ ਤੇ ਉਹਨਾਂ ਤੋਂ ਬਾਅਦ ਘਰ ਸੰਭਾਲਣ ਵਾਲਾ ਕੋਈ ਨਹੀਂ ਸੀ। ਜਿਸ ਨਾਲ ਤਰਨਜੀਤ ਦੇ ਸਿਰ ਉੱਤੇ ਮੁਸ਼ਕਿਲਾਂ ਦਾ ਹੜ੍ਹ ਆ ਰੁੜ੍ਹਿਆ।

ਵੈਸੇ ਤਾਂ ਤਰਨਜੀਤ ਦੇ ਪਿਤਾ ਸ਼ੁਰੂ ਤੋਂ ਹੀ ਰਵਾਇਤੀ ਖੇਤੀ ਕਰਦੇ ਸਨ ਪਰ ਜਦੋਂ ਤਰਨਜੀਤ ਨੂੰ ਥੋੜੀ ਸੋਝੀ ਆਈ ਤਾਂ ਕੁਝ ਅਲਗ ਕਰਨ ਬਾਰੇ ਸੋਚਿਆ ਕਿ ਰਵਾਇਤੀ ਖੇਤੀ ਤੋਂ ਕੁਝ ਹਟ ਕੇ ਕੀਤਾ ਜਾਵੇ ਅਤੇ ਕੁਝ ਵੱਖਰੀ ਪਹਿਚਾਣ ਬਣਾਈ ਜਾਵੇ। ਉਹ ਛੋਟੇ ਹੁੰਦੇ ਸੋਚਦੇ ਸਨ ਕਿ ਅਜਿਹਾ ਕੁੱਝ ਕਰਨਾ ਹੈ ਬੇਸ਼ੱਕ ਜ਼ਿੰਦਗੀ ਪੂਰੀ ਲੱਗ ਜਾਵੇ ਪਰ ਕਰਨਾ ਵੱਖਰਾ ਹੀ ਹੈ।

ਤਰਨਜੀਤ ਕੋਲ ਕੁੱਲ 50 ਏਕੜ ਜ਼ਮੀਨ ਹੈ ਤਾਂ ਸੋਚਿਆ ਕਿ ਅਜਿਹਾ ਜ਼ਮੀਨ ਉੱਤੇ ਕੀ ਉਗਾਵਾਂਗੇ ਕੀ ਜੋ ਵੱਖਰਾ ਹੋਵੇ। ਫਿਰ ਦਿਨ ਰਾਤ ਉਹ ਸੋਚਣ ਲੱਗੇ, ਕਾਫ਼ੀ ਦਿਨ ਸੋਚਣ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਖਿਆਲ ਆਇਆ ਕਿਉਂ ਨਾ ਬਾਗ਼ਬਾਨੀ ਵਿੱਚ ਹੀ ਕਾਮਯਾਬੀ ਹਾਸਿਲ ਕੀਤੀ ਜਾਵੇ। ਫਿਰ ਦੇਰੀ ਨਾ ਕਰਦੇ ਤਰਨਜੀਤ ਨੇ ਬੇਰੀ ਦੇ ਪੌਦੇ ਮੰਗਵਾ ਕੇ 16 ਏਕੜ ਦੇ ਵਿੱਚ ਉਸ ਦੀ ਕਾਸ਼ਤ ਕਰ ਦਿੱਤੀ, ਪਰ ਉਸਦੇ ਨਫ਼ੇ ਜਾਂ ਨੁਕਸਾਨ ਬਾਰੇ ਨਹੀਂ ਜਾਣਦੇ ਸਨ, ਬੇਸ਼ਕ ਸੋਝੀ ਤਾਂ ਆ ਗਈ ਸੀ ਪਰ ਜਲਦਬਾਜ਼ੀ ਨੇ ਆਪਣਾ ਅਸਰ ਥੋੜ੍ਹੇ ਸਮੇਂ ਬਾਅਦ ਦਿਖਾ ਦਿੱਤਾ।

ਉਹਨਾਂ ਨੇ ਨਾ ਹੀ ਕੋਈ ਟ੍ਰੇਨਿੰਗ ਲਈ ਸੀ ਨਾ ਹੀ ਕੋਈ ਪੌਦਿਆਂ ਬਾਰੇ ਇੰਨੀ ਜਾਣਕਾਰੀ ਸੀ ਜਿਸ ਤਰ੍ਹਾਂ ਆਏ ਉਸ ਤਰ੍ਹਾਂ ਹੀ ਲਗਾ ਦਿੱਤੇ, ਨਾ ਪਾਣੀ ਦਾ, ਨਾ ਖਾਦ ਦਾ, ਕਿਸੇ ਚੀਜ਼ ਦਾ ਕੁੱਝ ਵੀ ਪਤਾ ਨਹੀਂ ਸੀ। ਜਿਸ ਦਾ ਨੁਕਸਾਨ ਬਾਅਦ ਵਿੱਚ ਉਠਾਉਣਾ ਪਿਆ ਕਿਉਂਕਿ ਵੱਡਾ ਕੋਈ ਸਮਝਾਉਣ ਵਾਲਾ ਨਹੀਂ ਸੀ। ਪਰ ਹਿੰਮਤੀ ਬਹੁਤ ਸੀ ਬੇਸ਼ੱਕ ਨੁਕਸਾਨ ਵੀ ਬਹੁਤ ਹੋਇਆ, ਦੁੱਖ ਵੀ ਬਹੁਤ ਝੱਲੇ ਪਰ ਹਿੰਮਤ ਨਹੀਂ ਹਾਰੀ।

ਬੇਰੀ ਵਿੱਚ ਅਸਫਲਤਾ ਹਾਸਿਲ ਕਰਨ ਤੋਂ ਬਾਅਦ ਫਿਰ ਕਿੰਨੂੰ ਦੇ ਪੌਦੇ ਲਿਆ ਕੇ ਬਾਗ਼ ਵਿੱਚ ਲਗਾ ਦਿੱਤੇ, ਪਰ ਇਸ ਵਾਰ ਉਹਨਾਂ ਨੇ ਹਰ ਇੱਕ ਗੱਲ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਕਿਉਂਕਿ ਜਦੋਂ ਇਨਸਾਨ ਇੱਕ ਵਾਰ ਹਾਰਦਾ ਹੈ ਤਾਂ ਉਸ ਤੋਂ ਬਾਅਦ ਬਹੁਤ ਕੁਝ ਸਿੱਖਦਾ ਹੈ, ਜਦੋਂ ਬੂਟਿਆਂ ਨੂੰ ਫਲ ਲੱਗਣੇ ਸ਼ੁਰੂ ਹੋਏ ਤਾਂ ਉਨ੍ਹਾਂ ਦਾ ਚਿਹਰਾ ਖਿੜ ਗਿਆ ਕਿ ਹਾਂ ਅੱਜ ਸਫਲ ਹੋ ਗਿਆ।

ਪਰ ਇਹ ਖੁਸ਼ੀ ਥੋੜੇ ਸਮੇਂ ਲਈ ਸੀ ਕਿਉਂਕਿ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਾ ਕਿ ਹੁਣ ਸਾਰਾ ਸਹੀ ਚਲ ਰਿਹਾ ਹੈ ਕਿਉਂ ਨਾ ਇੱਕ ਵਾਰ ਵਿੱਚ ਹੀ ਸਾਰੀ ਜਮੀਨ ਨੂੰ ਬਾਗ਼ ਵਿਚ ਤਬਦੀਲ ਕਰ ਦਿੱਤਾ ਜਾਵੇ ਜਿਸ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਅਜਿਹੇ ਮੋੜ ਲੈ ਕੇ ਆਉਂਦੇ ਜਿਸ ਕਰਕੇ ਉਹਨਾਂ ਨੂੰ ਬਹੁਤ ਹੀ ਮੁਸ਼ਕਿਲ ਭਰੇ ਸਮੇਂ ਵਿੱਚੋਂ ਲੰਘਣਾ ਪਿਆ।

ਗੱਲ ਇਹ ਸੀ ਕਿ ਉਨ੍ਹਾਂ ਨੇ ਸੋਚਿਆ ਇਸ ਤਰ੍ਹਾਂ ਜੇਕਰ ਇਕੱਲੇ-ਇਕੱਲੇ ਫਲ ਦੇ ਪੌਦੇ ਲਗਾਉਣ ਲੱਗ ਗਿਆ ਤਾਂ ਬਹੁਤ ਸਮਾਂ ਲੱਗ ਜਾਵੇਗਾ। ਫਿਰ ਉਹਨਾਂ ਨੇ ਕੀ ਕੀਤਾ ਇਸ ਤੋਂ ਫਾਇਦਾ ਲੈਣ ਲਈ ਹਰ ਤਰ੍ਹਾਂ ਦੇ ਫਲ ਦੇ ਬੂਟੇ ਜਿਸ ਵਿੱਚ ਅਮਰੂਦ, ਮੌਸਮੀ ਫਲ, ਅਰਲੀ ਗੋਲਡ ਮਾਲਟਾ, ਬੇਰੀ, ਕਾਗਜ਼ੀ ਨਿੰਬੂ, ਜਾਮਣ ਦੇ ਬੂਟੇ ਲਗਾ ਦਿੱਤੇ ਜੋ ਕਿ ਭਰਪੂਰ ਮਾਤਰਾ ਵਿੱਚ ਲਗਾ ਦਿੱਤੇ। ਜਿਸ ਨਾਲ ਇਹ ਹੋਇਆ ਕਿ ਉਹਨਾਂ ਦਾ ਹੱਦ ਤੋਂ ਵੱਧ ਖ਼ਰਚਾ ਹੋਇਆ ਕਿਉਂਕਿ ਬੂਟੇ ਲਗਾ ਤੇ ਲਏ ਸਨ ਪਰ ਉਨ੍ਹਾਂ ਦੀ ਸਾਂਭ-ਸੰਭਾਲ ਵੀ ਉਸ ਤਰੀਕੇ ਨਾਲ ਕਰਨ ਲਈ ਕਾਫੀ ਬੈਂਕ ਤੋਂ ਕਰਜ਼ਾ ਲੈਣਾ ਪਿਆ। ਇੱਕ ਸਮਾਂ ਅਜਿਹਾ ਆਇਆ ਕਿ ਉਹਨਾਂ ਕੋਲ ਖਰਚੇ ਨੂੰ ਵੀ ਪੈਸੇ ਨਹੀਂ ਸਨ। ਉਪਰੋਂ ਬੱਚੇ ਦੀਆਂ ਸਕੂਲ ਦੀਆਂ ਫੀਸਾਂ, ਘਰ ਸੰਭਾਲਣਾ ਉਹਨਾਂ ‘ਤੇ ਹੀ ਸੀ।

ਕੁੱਝ ਸਮਾਂ ਬੀਤਿਆ ਤੇ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਜਦੋਂ ਸਮਾਂ ਆਉਣ ‘ਤੇ ਫ਼ਲ ਲੱਗਣੇ ਸ਼ੁਰੂ ਹੋਏ ਤਾਂ ਉਹਨਾਂ ਦੇ ਮਨ ਨੂੰ ਜ਼ਰੂਰ ਤਸੱਲੀ ਮਿਲੀ ਸੀ ਪਰ ਜਦੋਂ ਉਹਨਾਂ ਨੇ ਆਪਣੇ ਕਿੰਨੂੰ ਦੇ ਬਾਗ ਨੂੰ ਠੇਕੇ ‘ਤੇ ਦੇ ਦਿੱਤਾ ਹੋਇਆ ਸੀ ਤੇ ਬਸ ਇੱਕ ਫਲ ਮਗਰ 2 ਜਾਂ 3 ਰੁਪਏ ਉੱਪਰ ਮਿਲ ਰਹੇ ਸੀ।

16 ਸਾਲ ਤੱਕ ਇੰਝ ਹੀ ਚੱਲਦਾ ਰਿਹਾ ਤੇ ਤਰਨਜੀਤ ਜੀ ਨੂੰ ਆਰਥਿਕ ਪੱਧਰ ‘ਤੇ ਜ਼ਿਆਦਾ ਮੁਨਾਫ਼ਾ ਨਹੀਂ ਹੋ ਰਿਹਾ ਸੀ। ਸਾਲ 2011 ਵਿੱਚ ਜਦੋਂ ਸਮੇਂ ਅਨੁਸਾਰ ਫਲ ਪੱਕ ਰਹੇ ਸਨ ਤਾਂ ਉਨ੍ਹਾਂ ਦੇ ਦਿਮਾਗ ਵਿੱਚ ਆਇਆ ਇਸ ਵਾਰ ਬਾਗ ਨੂੰ ਠੇਕੇ ‘ਤੇ ਨਾ ਦੇ ਕੇ ਸਗੋਂ ਖੁਦ ਮਾਰਕੀਟ ਵਿੱਚ ਜਾ ਕੇ ਵੇਚ ਕੇ ਆਉਣਾ ਹੈ। ਜਦੋਂ ਉਹ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਮਾਰਕੀਟ ਵਿੱਚ ਵੇਚਣ ਗਏ ਤਾਂ ਉਹਨਾਂ ਨੂੰ ਉਹਨਾਂ ਦੇ ਮੁੱਲ ਤੋਂ ਕਈ ਗੁਣਾ ਮੁਨਾਫ਼ਾ ਹਾਸਿਲ ਹੋਇਆ ਤੇ ਉਹ ਖੁਸ਼ ਹੋ ਗਏ ਕਿ ਚੱਲੋ ਘੱਟੋਂ-ਘੱਟ ਮਿਹਨਤ ਦਾ ਮੁੱਲ ਤਾਂ ਪਇਆ, ਨਹੀਂ ਤਾਂ ਠੇਕੇਦਾਰਾਂ ਤੋਂ ਹੀ ਲੁੱਟ ਹੋ ਰਿਹਾ ਸੀ।

ਤਰਨਜੀਤ ਨੇ ਜਦੋਂ ਇਸ ਤਰੀਕੇ ਨਾਲ ਪਹਿਲੀ ਵਾਰ ਮਾਰਕੀਟਿੰਗ ਕੀਤੀ ਤਾਂ ਉਨ੍ਹਾਂ ਨੂੰ ਇਹ ਤਰੀਕਾ ਬਹੁਤ ਹੀ ਵਧੀਆ ਲੱਗਾ, ਇਸ ਤੋਂ ਬਾਅਦ ਉਨ੍ਹਾਂ ਨੇ ਠੇਕੇ ਉੱਤੇ ਦਿੱਤੇ ਬਾਗਾਂ ਨੂੰ ਵਾਪਸ ਲੈ ਲਿਆ ਅਤੇ ਖੁਦ ਪੱਕੇ ਤੌਰ ‘ਤੇ ਮਾਰਕੀਟਿੰਗ ਕਰਨ ਦਾ ਫੈਸਲਾ ਕੀਤਾ। ਫਿਰ ਸੋਚਣ ਲੱਗੇ ਕਿ ਮਾਰਕੀਟਿੰਗ ਸੌਖੇ ਤਰੀਕੇ ਨਾਲ ਕਿਵੇਂ ਹੋ ਸਕਦੀ ਹੈ, ਉਨ੍ਹਾਂ ਦੇ ਮਨ ਵਿੱਚ ਇੱਕ ਖਿਆਲ ਆਇਆ ਕਿਉਂ ਨਾ ਪੱਕੀ ਗੱਡੀ ਇਸ ਕੰਮ ਲਈ ਹੀ ਰੱਖੀ ਜਾਵੇ ਤੇ ਜਿਸ ਵਿੱਚ ਫ਼ਲ ਰੱਖ ਕੇ ਮਾਰਕੀਟ ਪਹੁੰਚਾਇਆ ਜਾਵੇ। ਇਸ ਤਰ੍ਹਾਂ ਉਹ 2011 ਤੋਂ ਗੱਡੀਆਂ ਵਿੱਚ ਫ਼ਲ ਰੱਖ ਕੇ ਮਾਰਕੀਟ ਵਿੱਚ ਲੈ ਕੇ ਜਾਣ ਲੱਗੇ, ਜਿਸ ਨਾਲ ਉਨ੍ਹਾਂ ਨੂੰ ਦਿਨ ਪ੍ਰਤੀ ਦਿਨ ਮੁਨਾਫ਼ਾ ਹੋਣ ਲੱਗਾ, ਜਦੋਂ ਉਨ੍ਹਾਂ ਨੂੰ ਲੱਗਾ ਕਿ ਇਸ ਤਰ੍ਹਾਂ ਸਹੀ ਚੱਲ ਰਿਹਾ ਹੈ, ਫਿਰ ਇਸ ਕੰਮ ਨੂੰ ਹੋਰ ਵੱਡੇ ਪੱਧਰ ‘ਤੇ ਕਰਨ ਲਈ ਪੱਕੇ ਬੰਦੇ ਰੱਖ ਲਏ, ਜੋ ਫਲਾਂ ਦੀ ਤੁੜਾਈ ਅਤੇ ਮਾਰਕੀਟਿੰਗ ਵਿੱਚ ਪਹੁੰਚਾਉਂਦੇ ਵੀ ਹਨ।

ਜੋ ਫਲਾਂ ਦੀ ਮਾਰਕੀਟਿੰਗ ਸ਼੍ਰੀ ਮੁਕਤਸਰ ਸਾਹਿਬ ਤੋਂ ਸ਼ੁਰੂ ਹੋਈ ਸੀ ਅੱਜ ਉਹ ਚੰਡੀਗੜ੍ਹ, ਲੁਧਿਆਣਾ, ਬੀਕਾਨੇਰ, ਦਿੱਲੀ ਆਦਿ ਵੱਡੇ-ਵੱਡੇ ਸ਼ਹਿਰਾਂ ਵਿੱਚ ਆਪਣਾ ਪ੍ਰਸਾਰ ਕਰ ਚੁੱਕੀ ਹੈ ਜਿਸ ਨਾਲ ਫ਼ਲ ਵਿਕਦੇ ਹੀ ਸਿੱਧੀ ਪੇਮੈਂਟ ਅਕਾਊਂਟ ਦੇ ਵਿੱਚ ਆ ਜਾਂਦੀ ਹੈ ਅਤੇ ਅੱਜ ਉਹ ਸਿਰਫ ਬਾਗ਼ ਦੀ ਦੇਖ-ਰੇਖ ਹੀ ਕਰਦੇ ਹਨ ਅਤੇ ਬਸ ਘਰ ਬੈਠੇ ਹੀ ਮੁਨਾਫ਼ਾ ਕਮਾ ਰਹੇ ਹਨ ਜੋ ਕਿ ਉਨ੍ਹਾਂ ਦੇ ਰੋਜ਼ਾਨਾ ਦੀ ਆਮਦਨ ਦਾ ਸਾਧਨ ਬਣ ਚੁੱਕੀ ਹੈ।

ਤਰਨਜੀਤ ਨੇ ਇਕੱਲੀ ਬਾਗਬਾਨੀ ਦੇ ਖੇਤਰ ਵਿੱਚ ਹੀ ਕਾਮਯਾਬੀ ਹਾਸਿਲ ਨਹੀਂ ਕੀਤੀ, ਸਗੋਂ ਨਾਲ-ਨਾਲ ਹੋਰ ਸਹਾਇਕ ਕਿੱਤੇ ਜਿਵੇਂ ਬੱਕਰੀ ਪਾਲਣ, ਮੁਰਗੀ ਪਾਲਣ ਵਿੱਚ ਵੀ ਕਾਮਯਾਬ ਹੋਏ ਹਨ ਅਤੇ ਜਿਸ ਦਾ ਹੁਣ ਉਹ ਮੀਟ ਦਾ ਆਚਾਰ ਬਣਾ ਕੇ ਵੀ ਵੇਚ ਰਹੇ ਹਨ। ਇਸ ਤੋਂ ਇਲਾਵਾ ਸਬਜ਼ੀਆਂ ਦੀ ਵੀ ਕਾਸ਼ਤ ਕਰ ਰਹੇ ਹਨ ਜੋ ਕਿ ਆਰਗੈਨਿਕ ਤਰੀਕੇ ਨਾਲ ਕਰ ਰਹੇ ਹਨ। ਉਹਨਾਂ ਦੇ ਫਾਰਮ ‘ਤੇ 30 ਤੋਂ 35 ਬੰਦੇ ਕੰਮ ਕਰਦੇ ਹਨ, ਜੋ ਉਨ੍ਹਾਂ ਦੇ ਪਰਿਵਾਰ ਲਈ ਰੁਜ਼ਗਾਰ ਦਾ ਜ਼ਰੀਆ ਵੀ ਬਣੇ ਹਨ। ਉਸ ਦੇ ਨਾਲ ਉਹ ਟੂਰਿਸਟ ਪੁਆਇੰਟ ਪਲੈਸ ਵੀ ਚਲਾ ਰਹੇ ਹਨ।

ਇਸ ਕੰਮ ਦੇ ਸਦਕਾ ਉਨ੍ਹਾਂ ਨੂੰ PAU, ਕੇ.ਵੀ.ਕੇ. ਅਤੇ ਹੋਰ ਕਈ ਸੰਸਥਾਵਾਂ ਵੱਲੋਂ ਬਹੁਤ ਸਾਰੇ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।

ਜੇਕਰ ਅੱਜ ਤਰਨਜੀਤ ਅੱਜ ਕਾਮਯਾਬ ਹੋਏ ਹਨ, ਤਾਂ ਉਸ ਪਿੱਛੇ ਉਹਨਾਂ ਦੇ ਜ਼ਿੰਦਗੀ ਦੇ 25 ਸਾਲ ਜ਼ਿੰਦਗੀ ਨਾਲ ਸੰਘਰਸ਼ ਕਰਦਿਆਂ ਗੁਜ਼ਰੇ ਹਨ, ਪਰ ਕੋਈ ਵੀ ਪਲ ਅਜਿਹਾ ਨਹੀਂ ਸੀ ਜਿੱਥੇ ਉਨ੍ਹਾਂ ਨੇ ਇੱਕ ਕਦਮ ਵੀ ਪਿਛਾਂਹ ਪੁੱਟਿਆ ਹੋਵੇ, ਬਸ ਇਸ ਉਮੀਦ ਨਾਲ ਲੜਦੇ ਰਹੇ ਕਿ ਕਦੇ ਨਾ ਕਦੇ ਕਾਮਯਾਬ ਹੋਵਾਂਗੇ।

ਭਵਿੱਖ ਦੀ ਯੋਜਨਾ

ਉਹ ਬਾਗਬਾਨੀ ਦਾ ਦਾਇਰਾ ਪੂਰੀ ਜ਼ਮੀਨ ਵਿੱਚ ਫੈਲਾਉਣਾ ਚਾਹੁੰਦੇ ਹਨ ਅਤੇ ਮਾਰਕੀਟਿੰਗ ਨੂੰ ਹੋਰ ਵੱਡੇ ਪੱਧਰ ‘ਤੇ ਕਰਨਾ ਚਾਹੁੰਦੇ ਹਨ, ਜਿੱਥੇ ਹੁਣ ਭਾਰਤ ਦੇ ਕੁਝ ਹਿੱਸਿਆਂ ਵਿੱਚ ਫ਼ਲ ਵਿਕ ਰਿਹਾ ਹੈ, ਉਹ ਭਾਰਤ ਦੇ ਕੋਨੇ-ਕੋਨੇ ਤੱਕ ਉਨ੍ਹਾਂ ਦੇ ਫ਼ਲ ਦੀ ਪਹੁੰਚ ਹੋਵੇ।

ਸੰਦੇਸ਼

ਜੇਕਰ ਮੁਸ਼ਕਿਲਾਂ ਆਉਂਦੀਆਂ ਹਨ ਤਾਂ ਉਹ ਚੰਗਾ ਕਰਨ ਲਈ ਆਉਂਦੀਆਂ ਹਨ, ਖੇਤੀ ਵਿੱਚ ਇਕੱਲੀ ਰਵਾਇਤੀ ਖੇਤੀ ਨਹੀਂ ਹੈ, ਇਸ ਤੋਂ ਵੀ ਇਲਾਵਾ ਹੋਰ ਵੀ ਕਈ ਪ੍ਰਕਾਰ ਦੇ ਸਹਾਇਕ ਕਿੱਤੇ ਹਨ ਤੁਸੀਂ ਉਹ ਕਰਕੇ ਕਾਮਯਾਬ ਹੋ ਸਕਦੇ ਹੋ।

ਕੈਪਟਨ ਲਲਿਤ

ਪੂਰੀ ਕਹਾਣੀ ਪੜ੍ਹੋ

ਕਿਵੇਂ ਇੱਕ ਵਿਅਕਤੀ ਨੇ ਆਪਣੇ ਜ਼ਮੀਰ ਦੀ ਆਵਾਜ਼ ਨੂੰ ਸੁਣਿਆ ਅਤੇ ਬਾਗਬਾਨੀ ਨੂੰ ਆਪਣੀ ਰਿਟਾਇਰਮੈਂਟ ਯੋਜਨਾ ਦੇ ਰੂਪ ਵਿੱਚ ਚੁਣਿਆ

ਰਾਜਸਥਾਨ ਦੀ ਸੁੱਕੀ ਜ਼ਮੀਨ ‘ਤੇ ਅਨਾਰ ਉਗਾਉਣਾ, ਇੱਕ ਅਜੀਬ ਅਤੇ ਅਸਫ਼ਲ ਵਿਚਾਰ ਲੱਗਦਾ ਹੈ, ਪਰ ਮਜ਼ਬੂਤ ਇਰਾਦੇ, ਜ਼ਿੱਦ ਅਤੇ ਉੱਚ ਘਣਤਾ ਦੀਆਂ ਖੇਤੀ ਤਕਨੀਕਾਂ ਨਾਲ ਕੈਪਟਨ ਲਲਿਤ ਨੇ ਇਸ ਨੂੰ ਸੰਭਵ ਕਰ ਦਿਖਾਇਆ।

ਕਈ ਖੇਤਰਾਂ ਵਿੱਚ ਮਾਹਿਰ ਹੋਣ ਅਤੇ ਆਪਣੇ ਜੀਵਨ ਵਿੱਚ ਕਈ ਕਾਰੋਬਾਰਾਂ ਦਾ ਅਨੁਭਵ ਕਰਨ ਤੋਂ ਬਾਅਦ, ਅਖੀਰ ਵਿੱਚ ਕੈਪਟਨ ਲਲਿਤ ਨੇ ਬਾਗਬਾਨੀ ਨੂੰ ਆਪਣੀ ਰਿਟਾਇਰਮੈਂਟ ਯੋਜਨਾ ਦੇ ਰੂਪ ਵਿੱਚ ਚੁਣਿਆ ਅਤੇ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਵਿੱਚ ਆਪਣੇ ਮੂਲ ਸਥਾਨ-11 Eea ਵਿੱਚ ਵਾਪਿਸ ਆ ਗਏ। ਪਰ ਕਈ ਸ਼ਹਿਰਾਂ ਵਿੱਚ ਰਹਿ ਰਹੇ ਲੋਕਾਂ ਲਈ, ਖੇਤੀਬਾੜੀ ਇੱਕ ਚੰਗੀ ਰਿਟਾਇਰਮੈਂਟ ਯੋਜਨਾ ਨਹੀਂ ਹੁੰਦੀ, ਪਰ ਲਲਿਤ ਜੀ ਨੇ ਆਪਣੀ ਆਤਮਾ ਦੀ ਆਵਾਜ਼ ਨੂੰ ਸਹੀ ਵਿੱਚ ਸੁਣਿਆ ਅਤੇ ਖੇਤੀਬਾੜੀ ਵਰਗੇ ਮਹਾਨ ਅਤੇ ਮੂਲ ਕਾਰੋਬਾਰ ਨੂੰ ਇੱਕ ਮੌਕਾ ਦੇਣ ਬਾਰੇ ਸੋਚਿਆ।

ਸ਼ੁਰੂਆਤੀ ਜੀਵਨ-

ਲਲਿਤ ਜੀ ਸ਼ੁਰੂ ਤੋਂ ਹੀ ਸਰਗਰਮ ਅਤੇ ਉਤਸ਼ਾਹੀ ਵਿਅਕਤੀ ਸਨ, ਉਹਨਾਂ ਨੇ ਕਾਲਜ ਵਿੱਚ ਪੜ੍ਹਦੇ ਸਮੇਂ ਹੀ ਖੁਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਆਪਣੀ ਗ੍ਰੈਜ਼ੂਏਸ਼ਨ ਪੂਰੀ ਕਰਨ ਤੋਂ ਬਾਅਦ, ਉਹਨਾਂ ਨੇ ਕੋਮਰਸ਼ਿਅਲ ਪਾਇਲੇਟ ਦਾ ਲਾਇਸੰਸ ਪ੍ਰਾਪਤ ਕੀਤਾ ਅਤੇ ਪਾਇਲੇਟ ਦਾ ਪੇਸ਼ਾ ਅਪਣਾਇਆ। ਪਰ ਉਹਨਾਂ ਨੇ ਜੋ ਕੀਤਾ, ਇਹ ਸਭ ਕੁੱਝ ਨਹੀਂ ਸੀ। ਇੱਕ ਸਮਾਂ ਸੀ ਜਦੋਂ ਕੰਪਿਊਟਰ ਦੀ ਸਿੱਖਿਆ ਭਾਰਤ ਵਿੱਚ ਹਰ ਜਗ੍ਹਾ ਸ਼ੁਰੂ ਕੀਤੀ ਗਈ ਸੀ, ਇਸ ਲਈ ਇਸ ਮੌਕੇ ਨੂੰ ਨਾ ਗਵਾਉਂਦੇ ਹੋਏ ਉਹਨਾਂ ਨੇ ਇੱਕ ਨਵਾਂ ਉੱਦਮ ਸ਼ੁਰੂ ਕੀਤਾ ਅਤੇ ਜੈਪੁਰ ਸ਼ਹਿਰ ਵਿੱਚ ਇੱਕ ਕੰਪਿਊਟਰ ਸਿੱਖਿਆ ਕੇਂਦਰ ਖੋਲ੍ਹਿਆ। ਜਲਦੀ ਹੀ ਕੁੱਝ ਸਮੇਂ ਬਾਅਦ ਉਹਨਾਂ ਨੇ ਅੋਰੇਕਲ ਟੈਸਟ ਪਾਸ ਕੀਤਾ ਅਤੇ ਇੱਕ ਅੋਰੇਕਲ ਪ੍ਰਮਾਣਿਤ ਕੰਪਿਊਟਰ ਟ੍ਰੇਨਰ ਬਣ ਗਏ। ਉਹਨਾਂ ਦਾ ਕੰਪਿਊਟਰ ਸਿੱਖਿਆ ਕੇਂਦਰ ਕੁੱਝ ਸਾਲ ਤੱਕ ਵਧੀਆ ਚੱਲਿਆ ਪਰ ਲੋਕਾਂ ਦੀ ਕੰਪਿਊਟਰ ਵਿੱਚ ਘੱਟ ਦਿਲਚਸਪੀ ਕਾਰਨ ਇਸ ਕਾਰੋਬਾਰ ਤੋਂ ਮਿਲਣ ਵਾਲਾ ਮੁਨਾਫਾ ਘੱਟ ਹੋ ਗਿਆ ਅਤੇ ਉਹਨਾਂ ਨੇ ਆਪਣੇ ਇਸ ਉੱਦਮ ਨੂੰ ਬੰਦ ਕਰ ਦਿੱਤਾ।

ਉਹਨਾਂ ਦੇ ਰੁਜ਼ਗਾਰ ਵਿੱਚ ਵਿਕਲਪਾਂ ਨੂੰ ਦੇਖਦੇ ਹੋਏ ਇਹ ਤਾਂ ਸਪੱਸ਼ਟ ਹੈ ਕਿ ਸ਼ੁਰੂਆਤ ਤੋਂ ਹੀ ਉਹ ਇੱਕ ਅਨੌਖਾ ਪੇਸ਼ਾ ਚੁਣਨ ਵਿੱਚ ਦਿਲਚਸਪੀ ਰੱਖਦੇ ਸੀ, ਜਿਸ ਵਿੱਚ ਕੁੱਝ ਨਵੀਆਂ ਚੀਜ਼ਾਂ ਸ਼ਾਮਿਲ ਹੋਣ, ਫਿਰ ਭਾਵੇਂ ਉਹ ਰੁਝਾਨ, ਤਕਨੀਕੀ ਜਾਂ ਹੋਰ ਚੀਜ਼ਾਂ ਦੇ ਬਾਰੇ ਵਿੱਚ ਹੋਵੇ। ਫਿਰ ਉਨ੍ਹਾਂ ਨੇ ਅਗਲਾ ਕੰਮ ਸ਼ੁਰੂ ਕੀਤਾ। ਉਹਨਾਂ ਨੇ ਜੈਪੁਰ ਸ਼ਹਿਰ ਵਿੱਚ ਕਿਰਾਏ ‘ਤੇ ਥੋੜ੍ਹੀ ਜ਼ਮੀਨ ਲੈ ਕੇ ਵਿਦੇਸ਼ੀ ਸਬਜ਼ੀਆਂ ਅਤੇ ਫੁੱਲਾਂ ਦੀ ਖੇਤੀ ਵਪਾਰਕ ਉਦੇਸ਼ ਲਈ ਕੀਤੀ ਅਤੇ ਕਈ ਪੰਜ ਤਾਰਾ ਹੋਟਲਾਂ ਨੇ ਉਹਨਾਂ ਦੇ ਉਤਪਾਦਨ ਨੂੰ ਖਰੀਦਿਆ।

“ਜਦੋਂ ਮੈਂ ਵਿਦੇਸ਼ੀ ਸਬਜੀਆਂ ਜਿਵੇਂ ਥਾਈਮ, ਬੇਬੀ ਮੱਕੀ, ਬਰੌਕਲੀ, ਲੈਟੱਸ ਆਦਿ ਨੂੰ ਉਗਾਇਆ, ਉਸ ਸਮੇਂ ਇਲਾਕੇ ਦੇ ਲੋਕ ਮੇਰਾ ਮਖੌਲ ਉਡਾਉਂਦੇ ਸਨ ਕਿਉਂਕਿ ਉਹਨਾਂ ਦੇ ਲਈ ਵਿਦੇਸ਼ੀ ਸਬਜ਼ੀਆਂ ਨਵੀਆਂ ਸਨ ਅਤੇ ਉਹ ਮੱਕੀ ਦੇ ਛੋਟੇ ਰੂਪ ਅਤੇ ਫੁੱਲ ਗੋਭੀ ਦੇ ਹਰੇ ਰੂਪ ਨੂੰ ਦੇਖ ਕੇ ਹੈਰਾਨ ਹੁੰਦੇ ਸਨ। ਪਰ ਅੱਜ ਉਹ ਪਿੱਜ਼ਾ, ਬਰਗਰ ਅਤੇ ਸਲਾਦ ਵਿੱਚ ਇਨ੍ਹਾਂ ਸਬਜ਼ੀਆਂ ਨੂੰ ਖਾ ਰਹੇ ਹਨ।”

ਜਦੋਂ ਇਹ ਵਿਚਾਰ ਹੋਂਦ ਵਿੱਚ ਆਇਆ-

ਜਦੋਂ ਉਹ ਵਿਦੇਸ਼ੀ ਸਬਜ਼ੀਆਂ ਦੀ ਖੇਤੀ ਕਰ ਰਹੇ ਸਨ, ਇਸ ਦੌਰਾਨ ਉਹਨਾਂ ਨੇ ਮਹਿਸੂਸ ਕੀਤਾ ਕਿ ਖੇਤੀਬਾੜੀ ਵਿੱਚ ਨਿਵੇਸ਼ ਕਰਨਾ ਸਭ ਤੋਂ ਚੰਗਾ ਵਿਚਾਰ ਹੈ ਅਤੇ ਇਸ ਕਾਰੋਬਾਰ ਨੂੰ ਵਧਾਉਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੇ ਕੋਲ ਪਹਿਲਾਂ ਹੀ ਆਪਣੇ ਮੂਲ ਸਥਾਨ ਵਿੱਚ ਇੱਕ ਜੱਦੀ ਜਾਇਦਾਦ (12 ਬਿੱਘਾ ਜ਼ਮੀਨ) ਸੀ। ਇਸ ਲਈ ਉਹਨਾਂ ਨੇ ਇਸ ‘ਤੇ ਕਿੰਨੂ ਦੀ ਖੇਤੀ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਹ ਕਿੰਨੂ ਦੀ ਖੇਤੀ ਸ਼ੁਰੂ ਕਰਨ ਦੇ ਵਿਚਾਰ ਨੂੰ ਲੈ ਕੇ ਆਪਣੇ ਪਿੰਡ ਵਾਪਸ ਆ ਗਏ, ਪਰ ਕਈ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਬਾਅਦ ਉਹਨਾਂ ਨੂੰ ਲੱਗਿਆ ਕਿ ਹਰੇਕ ਵਿਅਕਤੀ ਇੱਕ ਹੀ ਕੰਮ ਕਰ ਰਿਹਾ ਹੈ ਅਤੇ ਉਹਨਾਂ ਨੂੰ ਕੁੱਝ ਅਲੱਗ ਕਰਨਾ ਚਾਹੀਦਾ ਹੈ।

ਇਹ ਉਹ ਸਮਾਂ ਸੀ ਜਦੋਂ ਉਹਨਾਂ ਨੇ ਵਿਭਿੰਨ ਫਲਾਂ ‘ਤੇ ਰਿਸਰਚ ਕਰਨੀ ਸ਼ੁਰੂ ਕੀਤੀ ਅਤੇ ਵਿਭਿੰਨ ਸ਼ਹਿਰਾਂ ਵਿੱਚ ਅਲੱਗ-ਅਲੱਗ ਖੇਤਾਂ ਦਾ ਦੌਰਾ ਕੀਤਾ। ਆਪਣੀ ਰਿਸਰਚ ਤੋਂ ਉਹਨਾਂ ਨੇ ਇੱਕ ਖਾਸ ਫਲ ਅਤੇ ਇੱਕ ਆਮ ਫਲ ਉਗਾਉਣ ਸਿੱਟਾ ਕੱਢਿਆ। ਉਹਨਾਂ CISH(ਕੇਂਦਰੀ ਉਪੋਸ਼ਣ ਬਾਗਬਾਨੀ ਲਖਨਊ) ਤੋਂ ਸਲਾਹ ਲਈ ਅਤੇ 2015 ਵਿੱਚ, ਅਨਾਰ ਅਤੇ ਅਮਰੂਦ ਦੀ ਖੇਤੀ ਸ਼ੁਰੂ ਕੀਤੀ। ਉਹਨਾਂ ਨੇ 6 ਬਿੱਘਾ ਖੇਤਰ ਵਿੱਚ ਅਨਾਰ (ਸਿੰਦੂਰੀ ਕਿਸਮ) ਅਤੇ ਹੋਰ 6 ਬਿੱਘਾ ਖੇਤਰਾਂ ਵਿੱਚ ਅਮਰੂਦ ਦੀ ਖੇਤੀ ਸ਼ੁਰੂ ਕੀਤੀ। ਰਿਸਰਚ ਅਤੇ ਸਹਾਇਤਾ ਦੇ ਲਈ ਉਹਨਾਂ ਮੋਬਾਇਲ ਅਤੇ ਇੰਟਰਨੈੱਟ ਨੂੰ ਆਪਣੀ ਕਿਤਾਬ ਅਤੇ ਟੀਚਰ ਬਣਾਇਆ।

“ਸ਼ੁਰੂ ਵਿੱਚ, ਮੈਂ ਰਾਜਸਥਾਨ ਐਗਰੀਕਲਚਰ ਯੂਨੀਵਰਸਿਟੀ ਤੋਂ ਵੀ ਸਲਾਹ ਲਈ, ਪਰ ਉਹਨਾਂ ਕਿਹਾ ਕਿ ਰਾਜਸਥਾਨ ਵਿੱਚ ਅਨਾਰ ਦੀ ਖੇਤੀ ਸੰਭਵ ਨਹੀਂ ਹੈ ਅਤੇ ਮੇਰਾ ਮਖੌਲ ਉਡਾਇਆ।”

ਖੇਤੀ ਕਰਨ ਦੇ ਢੰਗ ਅਤੇ ਤਕਨੀਕ-

ਉਹਨਾਂ ਨੇ ਉੱਚ-ਗੁਣਵੱਤਾ ਅਤੇ ਉੱਚ ਮਾਤਰਾ ਵਿੱਚ ਅਨਾਰ ਦਾ ਉਤਪਾਦਨ ਕਰਨ ਲਈ ਉੱਚ ਘਣਤਾ ਵਾਲੀ ਤਕਨੀਕ ਨੂੰ ਅਪਣਾਇਆ। ਖੇਤੀਬਾੜੀ ਤਕਨੀਕ ਵਿੱਚ ਉਨ੍ਹਾਂ ਨੇ ਕੇਨੋਪੀ ਪ੍ਰਬੰਧਨ ਅਪਣਾਇਆ ਅਤੇ 20 x 20 ਮੀਟਰ ਦੇ ਖੇਤਰ ਵਿੱਚ ਅਨਾਰ ਦੇ ਪੌਦੇ ਉਗਾਏ। ਇਸ ਤਰ੍ਹਾਂ ਕਰਨ ਨਾਲ ਇੱਕ ਪੌਦਾ ਇੱਕ ਮੌਸਮ ਵਿੱਚ 20 ਕਿੱਲੋ ਫਲ ਦਿੰਦਾ ਹੈ ਅਤੇ 7 ਪੌਦੇ 140 ਕਿੱਲੋ ਫਲ ਦਿੰਦੇ ਹਨ। ਇਸ ਤਰੀਕੇ ਨਾਲ ਉਹਨਾਂ ਨੇ ਘੱਟ ਖੇਤਰ ਵਿੱਚ ਜ਼ਿਆਦਾ ਰੁੱਖ ਲਗਾਏ ਅਤੇ ਇਸ ਨਾਲ ਭਵਿੱਖ ਵਿੱਚ ਵੀ ਚੰਗਾ ਮੁਨਾਫ਼ਾ ਕਮਾਉਣਗੇ। ਇਸ ਤੋਂ ਇਲਾਵਾ, ਉੱਚ ਘਣਤਾ ਵਾਲੀ ਖੇਤੀ ਦੇ ਕਾਰਨ, ਰੁੱਖਾਂ ਦਾ ਕੱਦ ਅਤੇ ਚੌੜ੍ਹਾਈ ਘੱਟ ਹੁੰਦੀ ਹੈ, ਇਸ ਨਾਲ ਫਾਰਮ ਦੇ ਪ੍ਰਬੰਧਨ ਲਈ ਜ਼ਿਆਦਾ ਲੇਬਰ ਦੀ ਲੋੜ ਨਹੀਂ ਪੈਂਦੀ।

ਕੈਪਟਨ ਲਲਿਤ ਨੇ ਆਪਣੀ ਖੇਤੀ ਦੇ ਤਰੀਕਿਆਂ ਵਿੱਚ ਬਹੁਤ ਮਸ਼ੀਨੀਕਰਨ ਲਿਆਂਦਾ। ਵਧੀਆ ਉਪਜ ਅਤੇ ਪ੍ਰਭਾਵੀ ਨਤੀਜਿਆਂ ਲਈ, ਉਨ੍ਹਾਂ ਨੇ ਆਪ ਇੱਕ ਟੈਂਕ-ਕਮ-ਮਸ਼ੀਨ ਬਣਾਈ ਹੈ ਅਤੇ ਇਸ ਦੇ ਨਾਲ ਇੱਕ ਚਿੱਕੜ ਪੰਪ ਨੂੰ ਜੋੜਿਆ ਹੈ। ਇਸ ਦੇ ਅੰਦਰ ਘੁੰਮਣ ਦੇ ਲਈ ਇੱਕ ਸ਼ਾਫਟ ਲਗਾਈ ਹੈ, ਜਿਸ ਨਾਲ ਫਾਰਮ ਵਿੱਚ ਸਲੱਰੀ ਅਤੇ ਜੀਵ ਅੰਮ੍ਰਿਤ ਆਸਾਨੀ ਨਾਲ ਫੈਲਾ ਦਿੱਤਾ ਜਾਂਦਾ ਹੈ। ਫਾਰਮ ਦੇ ਅੰਦਰ ਇਸ ਨੂੰ ਚਲਾਉਣ ਦੇ ਲਈ ਉਹ ਇੱਕ ਛੋਟੇ ਟ੍ਰੈਕਟਰ ਦੀ ਵਰਤੋਂ ਕਰਦੇ ਹਨ। ਜਦੋਂ ਇਸ ਨੂੰ ਕਿਫਾਇਤੀ ਬਣਾਉਣ ਦੀ ਗੱਲ ਆਉਂਦੀ ਹੈ ਤਾਂ ਉਹ ਬਾਜ਼ਾਰ ਤੋਂ NPK ਬਾਇਓ-ਖਾਦ ਦੀ ਸਿਰਫ਼ ਇੱਕ ਬੋਤਲ ਖਰੀਦ ਕੇ ਸਾਰੀਆਂ ਖਾਦਾਂ, ਫਿਸ਼ ਅਮੀਨੋ ਐਸਿਡ ਖਾਦ, ਜੀਵਾਣੂ ਅਤੇ ਫੰਗਸ ਇਹਨਾਂ ਸਾਰਿਆਂ ਨੂੰ ਆਪਣੇ ਫਾਰਮ ‘ਤੇ ਆਪ ਤਿਆਰ ਕਰਦੇ ਹਨ। ਉਹ ਸਪਰੇਅ ਦੁਆਰਾ ਬਾਇਓ-ਕਲਚਰ ਨੂੰ ਮਿਕਸ ਕਰ ਲੈਂਦੇ ਹਨ।

ਉਹਨਾਂ ਨੇ ਰਾਠੀ ਨਸਲ ਦੀਆਂ ਦੋ ਗਾਵਾਂ ਲਿਆਂਦੀਆਂ, ਜਿਹਨਾਂ ਦੀ ਦੇਖ-ਭਾਲ ਕਰਨ ਵਾਲਾ ਕੋਈ ਨਹੀਂ ਸੀ ਅਤੇ ਉਹ ਉਹਨਾਂ ਗਾਵਾਂ ਦੀ ਵਰਤੋਂ ਜੀਵ ਅੰਮ੍ਰਿਤ ਅਤੇ ਖਾਦ ਬਣਾਉਣ ਦੇ ਲਈ ਕਰਦੇ ਹਨ। ਇਹ ਇੱਕ ਅਹਿਮ ਚੀਜ਼ ਜਿਸ ਦੀ ਵਰਤੋਂ ਉਹ ਖਾਦ ਵਿੱਚ ਕਰਦੇ ਹਨ – “ਅਗਨੀਹੋਤਰੀ ਭਭੂਤੀ”, ਜੋ ਕਿ ਹਵਨ ‘ਚੋਂ ਪ੍ਰਾਪਤ ਕੀਤੀ ਰਾਖ ਹੁੰਦੀ ਹੈ।

“ਅਗਨੀਹੋਤਰੀ ਭਭੂਤੀ ਦੀ ਵਰਤੋਂ ਕਰਨ ਦਾ ਕਾਰਨ ਇਹ ਹੈ ਕਿ ਇਹ ਵਾਤਾਵਰਨ ਨੂੰ ਸ਼ੁੱਧ ਕਰਨ ਵਿੱਚ ਮਦਦ ਕਰਦੀ ਹੈ ਅਤੇ ਇਸ ਅਧਿਆਤਮਿਕ ਖੇਤੀ ਦਾ ਇੱਕ ਤਰੀਕਾ ਹੈ। ਅਧਿਆਤਮਿਕ ਦਾ ਅਰਥ ਹੈ ਕਿ ਖੇਤੀ ਦਾ ਉਹ ਤਰੀਕਾ ਜੋ ਪ੍ਰਮਾਤਮਾ ਨਾਲ ਸੰਬੰਧਿਤ ਹੈ।”

ਉਹਨਾਂ ਨੇ 50 x 50 ਮੀਟਰ ਦੇ ਖੇਤਰ ਵਿੱਚ ਮੀਂਹ ਦਾ ਪਾਣੀ ਬਚਾ ਕੇ ਖੇਤ ਦੀ ਸਿੰਚਾਈ ਦੇ ਤੌਰ ‘ਤੇ ਵਰਤਣ ਲਈ ਇੱਕ ਸਰੋਵਰ ਵੀ ਬਣਾਇਆ ਹੈ। ਸ਼ੁਰੂਆਤ ਵਿੱਚ ਉਹਨਾਂ ਦਾ ਫਾਰਮ ਪੂਰੀ ਤਰ੍ਹਾਂ ਵਾਤਾਵਰਨ ਲਈ ਅਨੁਕੂਲ ਸੀ, ਕਿਉਂਕਿ ਉਹ ਸਭ ਕੁੱਝ ਪ੍ਰਬੰਧਿਤ ਕਰਨ ਲਈ ਸੋਲਰ ਊਰਜਾ ਦਾ ਪ੍ਰਯੋਗ ਕਰਦੇ ਸਨ, ਪਰ ਹੁਣ ਉਹਨਾਂ ਨੂੰ ਸਰਕਾਰ ਤੋਂ ਬਿਜਲੀ ਮਿਲ ਰਹੀ ਹੈ।

ਸਰਕਾਰ ਦੀ ਭੂਮਿਕਾ-
ਉਹਨਾਂ ਦਾ ਅਨਾਰ ਅਤੇ ਅਮਰੂਦ ਦੀ ਖੇਤੀ ਦਾ ਪੂਰਾ ਪ੍ਰੋਜੈੱਕਟ ਰਾਸ਼ਟਰੀ ਬਾਗਬਾਨੀ ਬੋਰਡ ਦੁਆਰਾ ਪ੍ਰਮਾਣਿਤ ਕੀਤਾ ਗਿਆ ਹੈ ਅਤੇ ਸਬਸਿਡੀ ਮਿਲਦੀ ਹੈ।
ਪ੍ਰਾਪਤੀਆਂ-
ਬਹੁਤ ਸਾਰੇ ਲੋਕਾਂ ਦੁਆਰਾ ਉਨ੍ਹਾਂ ਦੇ ਖੇਤੀ ਦੇ ਯਤਨਾਂ ਦੀ ਸ਼ਲਾਘਾ ਕੀਤੀ ਜਾਂਦੀ ਹੈ। ਜਿਸ ਯੂਨੀਵਰਸਿਟੀ ਨੇ ਉਹਨਾਂ ਦਾ ਮਖੌਲ ਬਣਾਇਆ ਸੀ, ਉਹ ਹੁਣ ਉਹਨਾਂ ਨੂੰ ਸਮਾਰੋਹ ਵਿੱਚ ਮਹਿਮਾਨ ਦੇ ਤੌਰ ‘ਤੇ ਸੱਦਾ ਦਿੰਦੇ ਹਨ ਅਤੇ ਉਹਨਾਂ ਤੋਂ ਉੱਚ ਘਣਤਾ ਵਾਲੀ ਖੇਤੀ ਅਤੇ ਕਾਂਟ-ਛਾਂਟ ਦੀਆਂ ਤਕਨੀਕਾਂ ਦੇ ਨਾਲ-ਨਾਲ ਸਲਾਹ ਮਸ਼ਵਰਾ ਵੀ ਲੈਂਦੇ ਹਨ।
ਵਰਤਮਾਨ ਸਥਿਤੀ-
ਹੁਣ ਉਹਨਾਂ ਨੇ 12 ਬਿੱਘਾ ਖੇਤਰ ਵਿੱਚ 5000 ਪੌਦੇ ਲਾਏ ਹਨ ਅਤੇ ਪੌਦਿਆਂ ਦੀ ਉਮਰ 2 ਸਾਲ 4 ਮਹੀਨੇ ਹੈ। ਉੱਚ ਘਣਤਾ ਵਾਲੀ ਖੇਤੀ ਦੁਆਰਾ ਅਨਾਰ ਦੇ ਪੌਦਿਆਂ ਨੇ ਫਲ ਦੇਣਾ ਸ਼ੁਰੂ ਵੀ ਕਰ ਦਿੱਤਾ ਹੈ, ਪਰ ਉਹ ਅਗਲੇ ਸਾਲ ਅਸਲ ਵਪਾਰਕ ਉਪਜ ਦੀ ਉਮੀਦ ਕਰ ਰਹੇ ਹਨ।

“ਆਪਣੀ ਰਿਸਰਚ ਦੌਰਾਨ ਮੈਂ ਕੁੱਝ ਦੱਖਣੀ ਭਾਰਤੀ ਰਾਜਾਂ ਦਾ ਵੀ ਦੌਰਾ ਕੀਤਾ ਅਤੇ ਉੱਥੇ ਪਹਿਲਾਂ ਹੀ ਉੱਚ ਘਣਤਾ ਵਾਲੀ ਖੇਤੀ ਕੀਤੀ ਜਾ ਰਹੀ ਹੈ। ਉੱਤਰ ਭਾਰਤ ਦੇ ਕਿਸਾਨਾਂ ਨੂੰ ਵੀ ਇਸ ਤਕਨੀਕ ਨੂੰ ਅਪਨਾਉਣਾ ਚਾਹੀਦਾ ਹੈ, ਕਿਉਂਕਿ ਇਹ ਹਰ ਤਰ੍ਹਾਂ ਨਾਲ ਫਾਇਦੇਮੰਦ ਹੈ।”

ਇਹ ਸਭ ਸ਼ੁਰੂ ਕਰਨ ਤੋਂ ਪਹਿਲਾਂ, ਉਹਨਾਂ ਨੂੰ ਉੱਚ ਘਣਤਾ ਵਾਲੀ ਖੇਤੀ ਬਾਰੇ ਸਿਧਾਂਤਿਕ ਗਿਆਨ ਸੀ, ਪਰ ਉਹਨਾਂ ਦੇ ਕੋਲ ਵਿਵਹਾਰਿਕ ਅਨੁਭਵ ਨਹੀਂ ਸੀ। ਪਰ ਹੌਲੀ-ਹੌਲੀ ਸਮੇਂ ਦੇ ਨਾਲ ਉਹ ਇਸ ਨੂੰ ਵੀ ਪ੍ਰਾਪਤ ਕਰ ਰਹੇ ਹਨ। ਉਹਨਾਂ ਦੇ ਕੋਲ 2 ਕਰਮਚਾਰੀ ਹਨ ਜਿਹਨਾਂ ਦੀ ਸਹਾਇਤਾ ਨਾਲ ਉਹ ਆਪਣੇ ਫਾਰਮ ਦਾ ਪ੍ਰਬੰਧਨ ਕਰਦੇ ਹਨ।

ਉਹਨਾਂ ਦੇ ਵਿਚਾਰ-
ਜਦੋਂ ਇੱਕ ਕਿਸਾਨ ਖੇਤੀਬਾੜੀ ਕਰਨੀ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਉਦਯੋਗ ਦੀ ਤਰ੍ਹਾਂ ਨਿਵੇਸ਼ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ, ਤਦ ਹੀ ਲਾਭ ਪ੍ਰਾਪਤ ਕਰ ਸਕਦੇ ਹਨ। ਇਸ ਦੇ ਇਲਾਵਾ ਜੇਕਰ ਕਿਸਾਨ ਖੇਤੀ ਵਿੱਚ ਕੁਸ਼ਲਤਾ ਹਾਸਲ ਕਰਨਾ ਚਾਹੁੰਦੇ ਹਨ ਤਾਂ ਅੱਜ ਹਰ ਕਿਸਾਨ ਨੂੰ ਮਸ਼ੀਨੀਕਰਨ ਵੱਲ ਆਉਣ ਦੀ ਜ਼ਰੂਰਤ ਹੈ।
ਕਿਸਾਨਾਂ ਲਈ ਸੰਦੇਸ਼-
ਜਦੋਂ ਤੱਕ ਕਿਸਾਨ ਰਵਾਇਤੀ ਖੇਤੀ ਕਰਨਾ ਨਹੀਂ ਛੱਡਦੇ ਤੱਦ ਤੱਕ ਉਹ ਮਜ਼ਬੂਤ ਅਤੇ ਸੁਤੰਤਰ ਨਹੀਂ ਹੋ ਸਕਦੇ। ਖਾਸ ਤੌਰ ‘ਤੇ ਉਹ ਕਿਸਾਨ ਜਿਹਨਾਂ ਕੋਲ ਘੱਟ ਜ਼ਮੀਨ ਹੈ, ਉਹਨਾਂ ਨੂੰ ਖੁਦ ਪਹਿਲ ਕਰਨੀ ਪਵੇਗੀ ਅਤੇ ਉਹਨਾਂ ਨੂੰ ਬਾਗਬਾਨੀ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਉਹਨਾਂ ਨੂੰ ਸਿਰਫ਼ ਸਹੀ ਦਿਸ਼ਾ ਦੀ ਪਾਲਣਾ ਕਰਨੀ ਚਾਹੀਦੀ ਹੈ।

ਹਰਜੀਤ ਸਿੰਘ ਬਰਾੜ

ਪੂਰੀ ਕਹਾਣੀ ਪੜ੍ਹੋ

ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਇਸ ਸਿਟਰੱਸ ਏਸਟੇਟ ਦੇ ਮਾਲਕ ਨੇ ਸਭ ਤੋਂ ਵਧੀਆ ਕਿੰਨੂਆਂ ਦੇ ਉਤਪਾਦਨ ਵਿੱਚ ਸਫ਼ਲ ਬਣੇ ਰਹਿਣ ਲਈ ਆਪਣਾ ਇੱਕ ਨਵਾਂ ਤਰੀਕਾ ਲੱਭਿਆ

ਫਸਲ ਖਰਾਬ ਹੋਣਾ, ਕੀੜੇ/ਮਕੌੜਿਆਂ ਦਾ ਹਮਲਾ, ਬਾਰਾਨੀ ਜ਼ਮੀਨ, ਆਰਥਿਕ ਹਾਲਾਤ ਕੁੱਝ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹਨ ਜੋ ਕਿਸਾਨਾਂ ਨੂੰ ਕਦੀ-ਕਦੀ ਬੇਵੱਸ ਅਤੇ ਅਪਾਹਿਜ ਬਣਾ ਦਿੰਦੀਆਂ ਹਨ ਅਤੇ ਇਹ ਹਾਲਾਤ ਕਿਸਾਨਾਂ ਨੂੰ ਆਤਮ-ਹੱਤਿਆ, ਭੁੱਖ-ਮਰੀ ਅਤੇ ਅਨਪੜ੍ਹਤਾ ਵੱਲ ਲੈ ਜਾਂਦੇ ਹਨ। ਪਰ ਕੁੱਝ ਕਿਸਾਨ ਇੰਨੀ ਅਸਾਨੀ ਨਾਲ ਆਪਣੀ ਅਸਫ਼ਲਤਾ ਨੂੰ ਸਵੀਕਾਰ ਨਹੀਂ ਕਰਦੇ ਅਤੇ ਆਪਣੀ ਇੱਛਾ ਸ਼ਕਤੀ ਅਤੇ ਯਤਨਾਂ ਨਾਲ ਆਪਣੇ ਹਾਲਾਤਾਂ ‘ਤੇ ਕਾਬੂ ਪਾਉਂਦੇ ਹਨ। ਡੇਲਿਆਂਵਾਲੀ ਪਿੰਡ ਫਰੀਦਕੋਟ ਤੋਂ ਅਜਿਹੇ ਹੀ ਇੱਕ ਕਿਸਾਨ ਹਨ, ਜਿਨ੍ਹਾਂ ਦੀ ਪ੍ਰਸਿੱਧੀ ਕਿੰਨੂ ਦੀ ਖੇਤੀ ਦੇ ਖੇਤਰ ਵਿੱਚ ਪ੍ਰਸਿੱਧ ਹੈ।

ਸ. ਬਰਾੜ ਜੀ ਨੂੰ ਕਿੰਨੂ ਦੀ ਖੇਤੀ ਕਰਨ ਦੀ ਪ੍ਰੇਰਨਾ ਅਬੁਲ ਖੁਰਾਨਾ ਪਿੰਡ ਵਿੱਚ ਰਹਿੰਦੇ ਸ. ਬਲਵਿੰਦਰ ਸਿੰਘ ਟੀਕਾ ਦੇ ਬਾਗ ਦਾ ਦੌਰਾ ਕਰਨ ਨਾਲ ਮਿਲੀ। ਸ਼ੁਰੂਆਤ ਵਿੱਚ ਉਨ੍ਹਾਂ ਨੇ ਕਈ ਸਮੱਸਿਆਵਾਂ ਜਿਵੇਂ ਕਿ ਸਿਟਰਸ ਸਿੱਲਾ, ਪੱਤੇ ਦੇ ਸੁਰੰਗੀ ਕੀਟ ਅਤੇ ਬਿਮਾਰੀਆਂ ਜਿਵੇਂ ਕਿ ਫਾਇਟੋਪਥੇਰਾ, ਜੜ੍ਹ ਗਲਣ ਆਦਿ ਦਾ ਸਾਹਮਣਾ ਕੀਤਾ, ਪਰ ਉਨ੍ਹਾਂ ਨੇ ਆਪਣੇ ਕਦਮ ਕਦੇ ਪਿੱਛੇ ਲਏ ਅਤੇ ਨਾ ਹੀ ਆਪਣੇ ਕਿੰਨੂ ਦੀ ਖੇਤੀ ਦੇ ਫ਼ੈਸਲੇ ਤੋਂ ਨਿਰਾਸ਼ ਹੋਏ। ਬਲਕਿ ਹੌਲੀ-ਹੌਲੀ ਸਮੇਂ ਦੇ ਨਾਲ ਉਨ੍ਹਾਂ ਨੇ ਸਾਰੀਆਂ ਸਮੱਸਿਆਵਾਂ ‘ਤੇ ਜਿੱਤ ਪ੍ਰਾਪਤ ਕੀਤੀ ਅਤੇ ਆਪਣੇ ਬਾਗ ਦਾ ਵਿਸਤਾਰ 6 ਏਕੜ ਤੋਂ 70 ਏਕੜ ਤੱਕ ਕਰ ਦਿਖਾਇਆ।

ਬਾਗ ਦੀ ਉਤਪਾਦਕਤਾ ਵਧਾਉਣ ਲਈ, ਉਨ੍ਹਾਂ ਨੇ ਉੱਚ ਘਣਤਾ ਵਾਲੀ ਖੇਤੀ ਦੀ ਤਕਨੀਕ ਨੂੰ ਲਾਗੂ ਕੀਤਾ। ਕਿੰਨੂ ਦੀ ਖੇਤੀ ਦੇ ਬਾਰੇ ਵਿੱਚ ਜ਼ਿਆਦਾ ਜਾਣਨ ਲਈ ਪੂਰੀ ਨਿਰਪੱਖਤਾ ਅਤੇ ਉਤਸੁਕਤਾ ਦੇ ਨਾਲ ਉਨ੍ਹਾਂ ਨੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਅਤੇ ਆਪਣੇ ਉੱਦਮ ਨਾਲ ਜ਼ਿਆਦਾ ਲਾਭ ਕਮਾਉਣਾ ਸ਼ੁਰੂ ਕੀਤਾ।

ਆਪਣੀ ਖੇਤੀਬਾੜੀ ਦੇ ਕੌਸ਼ਲ ਵਿੱਚ ਚਮਕ ਲਿਆਉਣ ਲਈ ਅਤੇ ਇਸ ਨੂੰ ਬਿਹਤਰ ਪੇਸ਼ੇਵਰ ਸਪਰਸ਼ ਦੇਣ ਲਈ ਉਨ੍ਹਾਂ ਨੇ ਪੀ.ਏ.ਯੂ., ਕੇ.ਵੀ.ਕੇ ਫਰੀਦਕੋਟ ਅਤੇ ਬਾਗਬਾਨੀ ਦੇ ਵਿਭਾਗ ਤੋਂ ਟ੍ਰੇਨਿੰਗ ਲਈ।

ਕੁਦਰਤੀ ਸਰੋਤਾਂ ਦੀ ਸੰਭਾਲ ਲਈ ਜਨੂੰਨ:

ਉਹ ਕੁਦਰਤੀ ਸਰੋਤਾਂ ਦੀ ਸੰਭਾਲ ਲਈ ਬਹੁਤ ਹੀ ਉਤਸ਼ਾਹੀ ਹਨ, ਉਹ ਹਮੇਸ਼ਾ ਉਨ੍ਹਾਂ ਖੇਤੀ ਤਕਨੀਕਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਸ ਰਾਹੀਂ ਉਹ ਸਾਧਨਾਂ ਨੂੰ ਬਚਾ ਸਕਦੇ ਹਨ। ਪੀ.ਏ.ਯੂ. ਦੇ ਮਾਹਿਰਾਂ ਦੇ ਮਾਰਗਦਰਸ਼ਨ ਨਾਲ ਉਨ੍ਹਾਂ ਨੇ ਤੁਪਕਾ ਸਿੰਚਾਈ ਪ੍ਰਣਾਲੀ ਸਥਾਪਿਤ ਕੀਤੀ ਅਤੇ 42 ਲੱਖ ਲੀਟਰ ਪਾਣੀ ਦਾ ਸਟੋਰੇਜ ਟੈਂਕ ਬਣਾਇਆ, ਜਿੱਥੇ ਉਹ ਨਹਿਰ ਦਾ ਪਾਣੀ ਸਟੋਰ ਕਰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੂਰਜੀ ਊਰਜਾ ਦੀ ਸੁਰੱਖਿਆ ਲਈ ਸੂਰਜੀ ਪੈਨਲ ਵਿੱਚ ਵੀ ਨਿਵੇਸ਼ ਕੀਤਾ। ਤਾਂ ਕਿ ਇਸ ਦੀ ਵਰਤੋਂ ਨਾਲ ਉਹ ਸਟੋਰ ਕੀਤੇ ਹੋਏ ਪਾਣੀ ਨੂੰ ਆਪਣੇ ਬਗ਼ੀਚਿਆਂ ਤੱਕ ਪਹੁੰਚਾ ਸਕਣ। ਉਨ੍ਹਾਂ ਨੇ ਜ਼ਿਆਦਾ ਗਰਮੀ ਦੇ ਮਹੀਨਿਆਂ ਦੇ ਦੌਰਾਨ ਮਿੱਟੀ ਵਿੱਚ ਨਮੀਂ ਦੀ ਸੁਰੱਖਿਆ ਦੇ ਲਈ ਮਲਚਿੰਗ ਵੀ ਕੀਤੀ।

ਉਹ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਹਰੀ ਖਾਦ ਦੀ ਵਰਤੋਂ ਕਰਦੇ ਹਨ ਅਤੇ ਹੋਰ ਕਿਸਾਨਾਂ ਨੂੰ ਵੀ ਇਸ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕਰਦੇ ਹਨ। ਉਨ੍ਹਾਂ ਨੇ ਕਿੰਨੂ ਦੀ ਖੇਤੀ ਲਈ ਲਗਭਗ 20×10 ਮੀਟਰ ਅਤੇ 20×15 ਮੀਟਰ ਮਿੱਟੀ ਦੇ ਬੈੱਡ ਤਿਆਰ ਕੀਤੇ ਹਨ।

ਉਹ ਕਿਵੇਂ ਕਰਦੇ ਹਨ ਕੀੜਿਆਂ ਦਾ ਪ੍ਰਬੰਧਨ..
ਸਿਟਰਸ ਸਿੱਲਾ, ਚਿੱਟੀ ਮੱਖੀ ਅਤੇ ਪੱਤਿਆਂ ਦੇ ਸੁਰੰਗੀ ਹਮਲੇ ਨੂੰ ਰੋਕਣ ਲਈ, ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਦੇਸੀ ਐਰੋਬਲਾਸਟ ਸਪਰੇਅ ਪੰਪ ਲਾਗੂ ਕੀਤਾ ਹੈ, ਜਿਸ ਦੀ ਮਦਦ ਨਾਲ ਉਹ ਕੀਟਨਾਸ਼ਕ ਅਤੇ ਨਦੀਨ ਨਾਸ਼ਕ ਦੀ ਬਰਾਬਰ ਸਪਰੇਅ ਕਰ ਸਕਦੇ ਹਨ।

ਆਵਿਸ਼ਕਾਰੀ ਰੁਝਾਨ ਨੂੰ ਅਪਣਾਉਣਾ …
ਜਦੋਂ ਵੀ ਉਨ੍ਹਾਂ ਨੂੰ ਕੋਈ ਨਵੀਂ ਵਿਚਾਰਧਾਰਾ ਜਾਂ ਤਕਨੀਕ ਅਪਣਾਉਣ ਦਾ ਮੌਕਾ ਮਿਲਦਾ ਹੈ, ਤਾਂ ਉਹ ਕਦੀ ਵੀ ਉਸ ਨੂੰ ਨਹੀਂ ਗਵਾਉਂਦੇ। ਇੱਕ ਵਾਰ ਉਨ੍ਹਾਂ ਨੇ ਗੁਰਰਾਜ ਸਿੰਘ ਵਿਰਕ- ਜੋ ਇੱਕ ਪ੍ਰਸਿੱਧ ਬਾਗਬਾਨੀ ਕਿਸਾਨ ਹਨ, ਤੋਂ ਇੱਕ ਨਵਾਂ ਵਿਚਾਰ ਲਿਆ ਅਤੇ ਘੱਟ ਲਾਗਤ ਵਾਲੀ ਕਿੰਨੂ ਕਲੀਨਿੰਗ ਕਮ ਗ੍ਰੇਡਿੰਗ (ਕਿੰਨੂ ਸਾਫ਼ ਕਰਨ ਵਾਲੀ ਅਤੇ ਛਾਂਟਨ ਵਾਲੀ) ਮਸ਼ੀਨ (ਜਿਸਦੀ ਸਮਰੱਥਾ 2 ਟਨ ਪ੍ਰਤੀ ਘੰਟਾ ਹੈ) ਡਿਜ਼ਾਈਨ ਕੀਤੀ ਅਤੇ ਹੁਣ 2 ਟਨ ਫਲਾਂ ਦੀ ਸਫ਼ਾਈ ਅਤੇ ਛਾਂਟੀ ਦੇ ਲਈ ਉਨ੍ਹਾਂ ਨੂੰ 125 ਰੁਪਏ ਖ਼ਰਚ ਆਉਂਦਾ ਹੈ, ਜਿਸ ਦਾ ਇੱਕ ਬਹੁਤ ਵੱਡਾ ਲਾਭ ਇਹ ਹੈ ਕਿ ਉਹ ਇਸ ਨਾਲ 1000 ਰੁਪਏ ਬਚਾਉਂਦੇ ਹਨ। ਅੱਜ ਉਹ ਆਪਣੇ ਬਾਗਬਾਨੀ ਉੱਦਮ ਤੋਂ ਬਹੁਤ ਲਾਭ ਕਮਾ ਰਹੇ ਹਨ। ਇਹ ਹੋਰ ਕਿਸਾਨਾਂ ਲਈ ਵੀ ਪ੍ਰੇਰਨਾ ਹੈ।

ਸੰਦੇਸ਼
“ਚਾਹੇ ਕੋਈ ਜੈਵਿਕ ਖੇਤੀ ਕਰਦਾ ਹੈ, ਚਾਹੇ ਰਵਾਇਤੀ ਖੇਤੀ, ਹਰ ਕਿਸਾਨ ਨੂੰ ਚਾਹੀਦਾ ਹੈ ਕਿ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਤੁਰੰਤ ਅਤੇ ਉਚਿੱਤ ਉਪਾਅ ਕੀਤੇ ਜਾਣ। ਕਿੰਨੂ ਦੀ ਖੇਤੀ ਲਈ, ਕਿਸਾਨਾਂ ਨੂੰ ਮਿੱਟੀ ਦੀ ਸਿਹਤ ਨੂੰ ਸੁਧਾਰਨ ਲਈ ਹਰੀ ਖਾਦ ਦੀ ਵਰਤੋਂ ਕਰਨੀ ਚਾਹੀਦੀ ਹੈ।”

 

ਬਲਦੇਵ ਸਿੰਘ ਬਰਾੜ

ਪੂਰੀ ਕਹਾਣੀ ਪੜ੍ਹੋ

ਬਲਦੇਵ ਸਿੰਘ ਬਰਾੜ ਜੋ 80 ਸਾਲ ਦੇ ਹਨ, ਪਰ ਉਹਨਾਂ ਦਾ ਦਿਲ ਅਤੇ ਦਿਮਾਗ 25 ਸਾਲ ਦੇ ਨੌਜਵਾਨ ਵਾਂਗ ਹੈ

ਸਾਲ 1960 ਦਾ ਸਮਾਂ ਸੀ ਜਦੋਂ ਅਰਜਨ ਸਿੰਘ ਦੇ ਪੁੱਤਰ ਬਲਦੇਵ ਸਿੰਘ ਬਰਾੜ ਨੇ ਖੇਤੀਬਾੜੀ ਸ਼ੂਰੂ ਕੀਤੀ ਸੀ ਅਤੇ ਇਹ ਉਹੀ ਸਮਾਂ ਸੀ ਜਦੋਂ ਹਰੀ ਕ੍ਰਾਂਤੀ ਆਪਣੇ ਸਿਖਰਾਂ ‘ਤੇ ਸੀ। ਉਦੋਂ ਤੋਂ ਹੀ ਖੇਤੀ ਪ੍ਰਤੀ ਨਾ ਤਾਂ ਉਨ੍ਹਾਂ ਦਾ ਉਤਸ਼ਾਹ ਘਟਿਆ ਅਤੇ ਨਾ ਹੀ ਜਨੂੰਨ।

ਪਿੰਡ ਸਿੰਘਾਵਾਲਾ, ਤਹਿਸੀਲ ਮੋਗਾ (ਪੰਜਾਬ) ਦੀ ਧਰਤੀ ‘ਤੇ ਜੰਮੇ ਅਤੇ ਪਲੇ ਬਲਦੇਵ ਸਿੰਘ ਬਰਾੜ ਨੇ ਖੇਤੀ ਦੇ ਖੇਤਰ ਵਿੱਚ ਬਹੁਤ ਉਪਲੱਬਧੀਆਂ ਹਾਸਲ ਕੀਤੀਆਂ ਅਤੇ ਖੇਤੀਬਾੜੀ ਵਿਭਾਗ ਫਿਰੋਜ਼ਪੁਰ ਤੋਂ ਕਈ ਪੁਰਸਕਾਰ ਜਿੱਤੇ।

ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ (ਪੰਜਾਬ) ਦੇ ਖੇਤੀ ਵਿਗਿਆਨਕਾਂ ਤੋਂ ਸਲਾਹ ਲੈਂਦੇ ਹੋਏ ਪਹਿਲ ਦੇ ਆਧਾਰ ‘ਤੇ ਖੇਤੀ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਦਾ ਧਿਆਨ ਮੁੱਖ ਤੌਰ ‘ਤੇ ਕਣਕ ਅਤੇ ਗੁਆਰ ਦੀ ਖੇਤੀ ਵੱਲ ਸੀ। ਕੁੱਝ ਸਮੇਂ ਬਾਅਦ ਝੋਨੇ ਵੱਲੋਂ ਧਿਆਨ ਹਟਾਇਆ ਅਤੇ ਉਨ੍ਹਾਂ ਨੇ ਪੋਪਲਰ ਅਤੇ ਪਪੀਤੇ ਦੀ ਖੇਤੀ ਵੱਲ ਧਿਆਨ ਦਿੱਤਾ। 1985 ਵਿੱਚ ਵਧੇਰੇ ਲਾਭ ਪ੍ਰਾਪਤੀ ਲਈ ਉਨ੍ਹਾਂ ਨੇ 9 ਏਕੜ ਵਿੱਚ ਕਿੰਨੂਆਂ ਦੀ ਖੇਤੀ ਅਤੇ 3 ਏਕੜ ਵਿੱਚ ਅੰਗੂਰਾਂ ਦੀ ਖੇਤੀ ਕਰਨ ਤੋਂ ਬਾਅਦ ਉਨ੍ਹਾਂ ਦਾ ਧਿਆਨ ਬਾਗਬਾਨੀ ਵੱਲ ਵੀ ਵਧਿਆ। ਉਹਨਾਂ ਨੇ ਘਰੇਲੂ ਮਹੱਤਵ ਲਈ ਅਲੱਗ ਫਲ ਅਤੇ ਸਬਜ਼ੀਆਂ ਵੀ ਉਗਾਈਆਂ। ਉਨ੍ਹਾਂ ਕੋਲ ਕੁੱਲ ਮਿਲਾ ਕੇ 37 ਏਕੜ ਜ਼ਮੀਨ ਹੈ, ਜਿਸ ਵਿੱਚੋਂ 27 ਏਕੜ ਉਨ੍ਹਾਂ ਦੀ ਖੁਦ ਦੀ ਹੈ ਅਤੇ 10 ਏਕੜ ਜ਼ਮੀਨ ਉਨ੍ਹਾਂ ਨੇ ਠੇਕੇ ‘ਤੇ ਲਈ ਹੈ।

ਉਨ੍ਹਾਂ ਦੀਆਂ ਪ੍ਰਾਪਤੀਆਂ

ਬਲਦੇਵ ਸਿੰਘ ਬਰਾੜ ਦੀ ਰੁਚੀ ਕੇਵਲ ਖੇਤੀ ਵੱਲ ਹੀ ਨਹੀਂ ਸੀ, ਸਗੋਂ ਖੇਤੀਬਾੜੀ ਦੇ ਕੰਮ ਨੂੰ ਆਸਾਨ ਬਣਾਉਣ ਲਈ ਖੇਤੀ ਮਸ਼ੀਨੀਕਰਨ ਵੱਲ ਵੀ ਉਨ੍ਹਾਂ ਦੀ ਪੂਰੀ ਦਿਲਚਸਪੀ ਸੀ। ਇੱਕ ਵਾਰ ਉਨ੍ਹਾਂ ਨੇ ਮੋਗੇ ਦੀ ਇੰਡਸਟ੍ਰੀਅਲ ਯੂਨਿਟ ਨੂੰ ਘੱਟ ਲਾਗਤ ‘ਤੇ ਝੋਨੇ ਵਿੱਚ ਕੱਦੂ ਕਰਨ ਵਾਲੀ ਮਸ਼ੀਨ ਵਿਕਸਿਤ ਕਰਨ ਦੇ ਲਈ ਤਕਨੀਕੀ ਸਲਾਹ ਵੀ ਦਿੱਤੀ ਅਤੇ ਉਹ ਮਸ਼ੀਨ ਹੁਣ ਬਹੁਤ ਪ੍ਰਸਿੱਧ ਹੋ ਗਈ ਹੈ।

ਉਨ੍ਹਾਂ ਨੇ ਇੱਕ ਸ਼ਕਤੀਸ਼ਾਲੀ ਸਪਰਿੰਗ ਕਲਟੀਵੇਟਰ ਵੀ ਵਿਕਸਿਤ ਕੀਤਾ, ਜਿਸ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ‘ਚੋਂ ਮਿੱਟੀ ਦੀ ਸਖ਼ਤ ਪਰਤ ਨੂੰ ਤੋੜਨ ਦੀ ਸਮਰੱਥਾ ਹੁੰਦੀ ਹੈ।

ਵਿਗਿਆਨਕਾਂ ਦੀ ਸਲਾਹ ਮੰਨ ਕੇ ਉਸ ਨੂੰ ਲਾਗੂ ਕਰਨਾ ਉਹਨਾਂ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਕੰਮ ਰਿਹਾ ਹੈ, ਜਿਸ ਦੇ ਦੁਆਰਾ ਉਹ ਹੁਣ ਚੰਗਾ ਮੁਨਾਫ਼ਾ ਕਮਾ ਰਹੇ ਹਨ। ਉਹ ਹਮੇਸ਼ਾ ਆਪਣੇ ਕੰਮ ਅਤੇ ਖ਼ਰਚੇ ਦਾ ਪੂਰਾ ਦਸਤਾਵੇਜ਼ ਰੱਖਦੇ ਹਨ ਅਤੇ ਉਨ੍ਹਾਂ ਨੇ ਕਦੀ ਵੀ ਆਪਣੀ ਦਿਲਚਸਪੀ ਨੂੰ ਖਤਮ ਨਹੀਂ ਹੋਣ ਦਿੱਤਾ। ਖੇਤੀਬਾੜੀ ਖੇਤਰ ਵਿੱਚ ਹੋਣ ਵਾਲੇ ਨਵੇਂ ਆਵਿਸ਼ਕਾਰ ਅਤੇ ਤਕਨੀਕਾਂ ਨੂੰ ਜਾਣਨ ਦੇ ਲਈ ਉਹ ਹਮੇਸ਼ਾ ਕਿਸਾਨ ਮੇਲਿਆਂ ਵਿੱਚ ਜਾਂਦੇ ਹਨ। ਚੰਗੇ ਪਰਿਣਾਮ ਦੇ ਲਈ ਵਿਗਿਆਨਿਕ ਖੇਤੀ ਦੇ ਵੱਲ ਦੂਜੇ ਕਿਸਾਨਾਂ ਨੂੰ ਵੀ ਪ੍ਰੇਰਿਤ ਕਰਦੇ ਹਨ।

ਸੰਦੇਸ਼
“ਇੱਕ ਕਿਸਾਨ ਰਾਸ਼ਟਰ ਦਾ ਨਿਰਮਾਣ ਕਰਦਾ ਹੈ। ਇਸ ਲਈ ਉਸ ਨੂੰ ਮੁਸ਼ਕਿਲਾਂ ਵਿੱਚ ਹਿੰਮਤ ਨਹੀਂ ਛੱਡਣੀ ਚਾਹੀਦੀ ਅਤੇ ਨਾ ਹੀ ਨਿਰਾਸ਼ ਹੋਣਾ ਚਾਹੀਦਾ ਹੈ। ਕਿਸਾਨ ਨੂੰ ਵਾਤਾਵਰਣ ਅਨੁਕੂਲ ਤਕਨੀਕਾਂ ਨੂੰ ਅਪਨਾਉਣਾ ਚਾਹੀਦਾ ਹੈ, ਤਦ ਹੀ ਉਹ ਤਰੱਕੀ ਕਰ ਸਕਦਾ ਹੈ ਅਤੇ ਆਪਣੀ ਜ਼ਮੀਨ ਤੋਂ ਚੰਗੀ ਪੈਦਾਵਾਰ ਪ੍ਰਾਪਤ ਕਰ ਸਕਦਾ ਹੈ।”